ਨਵੀਆਂ ਖੋਜਾਂ ਮਜ਼ੇਦਾਰ ਸੱਚ-2016 (ਭਾਗ-3)

0
188

ਨਵੀਆਂ ਖੋਜਾਂ ਮਜ਼ੇਦਾਰ ਸੱਚ-2016  (ਭਾਗ-3)

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783 

  1. ਕਰਨਾਟਕ ਵਿਖੇ ਮੈਡੀਕਲ ਕਾਲਜ ਵਿਚ ਹੋਈਖੋਜ ਰਾਹੀਂ ਇਹ ਪਤਾ ਲੱਗਿਆ ਹੈ ਕਿ ਜਿਹੜੇ ਬੱਚਿਆਂ ਨੂੰ ਏਡਜ਼ ਦੀ ਬੀਮਾਰੀ ਹੋਵੇ, ਉਨ੍ਹਾਂ ਵਿੱਚੋਂ ਛੇਤੀ ਮਰਨ ਦਾ ਸਭ ਤੋਂ ਵੱਧ ਖ਼ਤਰਾ ਪੰਜ ਸਾਲ ਤੋਂ ਛੋਟੇ ਬੱਚਿਆਂ ਵਿਚ ਹੁੰਦਾ ਹੈ। ਇਨ੍ਹਾਂ ਵਿੱਚੋਂ 28 ਪ੍ਰਤੀਸ਼ਤ ਦੀ ਮੌਤ ਟੀ. ਬੀ. ਨਾਲ ਹੁੰਦੀ ਹੈ।
  2. ਔਰਤਾਂ ਦੇ ਛਾਤੀ ਦੇ ਕੈਂਸਰ ਲਈ ‘ਟੈਮੋਕਸੀਫੈਨ’ ਦਵਾਈ ਸਭ ਤੋਂ ਬਿਹਤਰ ਸਾਬਤ ਹੋ ਚੁੱਕੀ ਹੈ।
  3. ਸੰਨ 2005 ਤੋਂ 2014 ਤਕ ਦੇ ਇਕੱਠੇ ਕੀਤੇ ਤੱਥਾਂ ਰਾਹੀਂ ਇਹ ਪਤਾ ਲੱਗਿਆ ਹੈ ਕਿ ਅਮਰੀਕਨ ਔਰਤਾਂ, ਮਰਦਾਂ ਨਾਲੋਂ ਕਿਤੇ ਵੱਧ ਮੋਟਾਪੇ ਦਾ ਸ਼ਿਕਾਰ ਹੋ ਰਹੀਆਂ ਹਨ।
  4. ਸ਼ੱਕਰ ਰੋਗ ਲਈ ਵਰਤੀ ਜਾਂਦੀ ਦਵਾਈ ਮੈੱਟਫੌਰਮਿਨ ਜਿੱਥੇ ਸ਼ਕਰ ਰੋਗ ਨੂੰ ਕਾਬੂ ਵਿਚ ਰੱਖਦੀ ਹੈ, ਉੱਥੇ ਔਰਤਾਂ ਨੂੰ ਛਾਤੀ ਦੇ ਕੈਂਸਰ ਤੋਂ ਵੀ ਬਚਾਓ ਕਰਦੀ ਹੈ।
  5. ਘਬਰਾਹਟ ਤੇ ਪ੍ਰੇਸ਼ਾਨੀ ਨਾਲ ਢਹਿੰਦੀ ਕਲਾ ਵਿਚ ਜਾਣ ਵਾਲੇ ਕੇਸਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਔਰਤਾਂ ਤੇ ਜਵਾਨ ਬੱਚੇ ਇਸ ਦਾ ਵੱਧ ਸ਼ਿਕਾਰ ਹੋ ਰਹੇ ਹਨ।
  6. ਜਿਹੜੀਆਂ ਔਰਤਾਂ ਸਿਗਰਟਨੋਸ਼ੀ ਛੱਡਣਾ ਚਾਹੁਣ ਉਹ ਮਾਹਵਾਰੀ ਦੇ ਪਹਿਲੇ ਦਿਨ ਤੋਂ ਜੇ ਛੱਡਣ ਦੀ ਕੋਸ਼ਿਸ਼ ਕਰਨ ਤਾਂ ਸਰੀਰ ਅੰਦਰਲੇ ਹਾਰਮੋਨ ਇਸ ਵਿਚ ਸਹਾਈ ਹੋ ਜਾਂਦੇ ਹਨ ਤੇ ਔਰਤਾਂ ਸੌਖਿਆਂ ਇਹ ਆਦਤ ਛੱਡ ਸਕਦੀਆਂ ਹਨ।
  7. ਔਰਤਾਂ ਵਿਚ ਮਾਹਵਾਰੀ ਦੌਰਾਨ ਈਸਟਰੋਜਨ ਹਾਰਮੋਨ ਦੀ ਮਾਤਰਾ ਵਿਚ ਫ਼ਰਕ ਪੈ ਜਾਣ ਕਾਰਨ ਮਿਗਰੇਨ ਬੀਮਾਰੀ ਹੋਣ ਦਾ ਖ਼ਤਰਾ ਮਰਦਾਂ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ।
  8. ਅਧਿਆਪਿਕਾਵਾਂ ਵਿਚ ਮਰਦ ਟੀਚਰਾਂ ਨਾਲੋਂ ਗਲੇ ਵਿਚਲੇ ਵੋਕਲ ਕੌਰਡਾਂ ਦੀ ਥਕਾਵਟ ਕਈ ਗੁਣਾਂ ਵੱਧ ਹੁੰਦੀ ਹੈ। ਇਹ ਦਰਅਸਲ ਫੇਫੜੇ ਦੇ ਕੰਮ ਕਾਰ ਉੱਤੇ ਵੀ ਆਧਾਰਿਤ ਹੁੰਦੀ ਹੈ।
  9. ਮੀਨੋਪੋਜ਼ ਦੌਰਾਨ ਐਕੂਪੰਕਚਰ ਨਾਲ ਪਸੀਨਾ ਤੇ ਤ੍ਰੇਲੀਆਂ ਦੇ ਨਾਲ ਘਬਰਾਹਟ ਤੇ ਮੂੰਹ ਉੱਤੇ ਆਉਂਦੀ ਲਾਲੀ ਵੀ ਘੱਟ ਹੋ ਜਾਂਦੀ ਹੈ।
  10. ਅੰਡਕੋਸ਼ ਦੇ ਕੈਂਸਰ ਨਾਲ ਏਨੀਆਂ ਔਰਤਾਂ ਦੀ ਮੌਤ ਹੋ ਚੁੱਕੀ ਹੈ ਕਿ ਇਹ ਔਰਤਾਂ ਵਿਚ ਮੌਤ ਦਾ ਪੰਜਵਾਂ ਸਭ ਤੋਂ ਆਮ ਕਾਰਨ ਬਣ ਚੁੱਕਿਆ ਹੈ।
  11. ਅਮਰੀਕਾ ਵਿਚ 10,000 ਤੋਂ ਵੱਧ ਬੰਦਿਆਂ, ਜਿਨ੍ਹਾਂ ਨੂੰ ਦਿਲ ਦਾ ਰੋਗ, ‘ਏਟਰੀਅਲ ਫਿਬਰੀਲੇਸ਼ਨ’ ਸੀ, ਉੱਤੇ ਖੋਜ ਕੀਤੀ ਗਈ ਹੈ। ਨਤੀਜਾ ਇਹ ਸੀ-ਔਰਤਾਂ ਵਿਚ ਮਾੜੇ ਅਸਰ ਵੱਧ ਦਿਸਦੇ ਹਨ ਪਰ ਮਰਦਾਂ ਨਾਲੋਂ ਇਸ ਬੀਮਾਰੀ ਨੂੰ ਸਹੇੜ ਰਹੀਆਂ ਔਰਤਾਂ ਜ਼ਿਆਦਾ ਲੰਮੀ ਉਮਰ ਭੋਗਦੀਆਂ ਹਨ।
  12. ਹਾਰਟ ਅਟੈਕ ਤੋਂ ਬਾਅਦ 18 ਤੋਂ 35 ਸਾਲ ਦੀਆਂ ਔਰਤਾਂ ਵਿਚ ਸਰੀਰਕ ਸੰਬੰਧ ਬਣਾਉਣ ਵਿਚ ਮਰਦਾਂ ਨਾਲੋਂ ਵੱਧ ਦਿੱਕਤਾਂ ਆਉਂਦੀਆਂ ਹਨ।
  13. ਬੱਚਾ ਜੰਮਣ ਤੋਂ ਬਾਅਦ ਜਿਹੜੀਆਂ ਮਾਵਾਂ ਨੂੰ ਇਕ ਮਹੀਨੇ ਤੋਂ ਵੱਧ ਪੀੜ ਹੁੰਦੀ ਰਹੇ, ਉਨ੍ਹਾਂ ਵਿਚ ਢਹਿੰਦੀ ਕਲਾ ਵੱਧ ਹੁੰਦੀ ਹੈ।
  14. ਜਿਹੜੇ ਸਤਮਾਹੇ ਜੰਮੇਂ ਬੱਚਿਆਂ ਦਾ ਭਾਰ ਘੱਟ ਹੋਵੇ, ਉਨ੍ਹਾਂ ਦੀਆਂ ਹੱਡੀਆਂ ਕਾਫ਼ੀ ਕਮਜ਼ੋਰ ਹੁੰਦੀਆਂ ਹਨ। ਅਜਿਹੇ ਬੱਚਿਆਂ ਦੇ ਵੱਡੇ ਹੋ ਜਾਣ ਉੱਤੇ ਵੀ ਉਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੀ ਰਹਿੰਦੀਆਂ ਹਨ, ਛੇਤੀ ਖੁਰ ਜਾਂਦੀਆਂ ਹਨ ਤੇ ਛੇਤੀ ਟੁੱਟ ਵੀ ਜਾਂਦੀਆਂ ਹਨ।
  15. ਸਿਸਪਲਾਟਿਨ ਦਵਾਈ ਛਾਤੀ, ਗਦੂਦ, ਮੈਲਾਨੋਮਾ ਤੇ ਹੋਰ ਵੀ ਕਈ ਤਰ੍ਹਾਂ ਦੇ ਕੈਂਸਰਾਂ ਵਿਚ ਵਰਤੀ ਜਾ ਰਹੀ ਹੈ। ਖੋਜ ਰਾਹੀਂ ਪਤਾ ਲੱਗਿਆ ਹੈ ਕਿ ਇਸ ਨੂੰ ਖਾਣ ਨਾਲ ਕਈਆਂ ਵਿਚ ਸੁਣਨ ਦੀ ਸ਼ਕਤੀ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ।
  16. ਲਗਾਤਾਰ ਕੰਨਾਂ ਵਿਚ ਟੂਟੀਆਂ ਫਸਾ ਕੇ ਗਾਣੇ ਸੁਣਨ ਜਾਂ ਉੱਚੀ ਮਿਊਜ਼ਿਕ ਸੁਣਨ ਨਾਲ ਲਗਭਗ ਇਕ ਬਿਲੀਅਨ ਨੌਜਵਾਨ ਬੱਚਿਆਂ ਦੀ ਸੁਣਨ ਸ਼ਕਤੀ ਘਟਣ ਵਾਲੀ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ 12 ਤੋਂ 35 ਸਾਲਾਂ ਦੇ 1.1 ਬਿਲੀਅਨ ਨੌਜਵਾਨਾਂ ਨੂੰ ਇਸ ਬਾਰੇ ਖਬਰਦਾਰ ਕੀਤਾ ਹੈ ਕਿ ਉਹ ਜੇ ਵੱਡੇ ਹੋ ਕੇ ਸੁਣਨ ਦੀ ਸ਼ਕਤੀ ਬਚਾ ਕੇ ਰੱਖਣਾ ਚਾਹੁੰਦੇ ਹਨ ਤਾਂ ਹੁਣੇ ਹੀ ਇਸ ਆਦਤ ਨੂੰ ਤਿਆਗ਼ ਦੇਣ।
  17. ਨੌਜਵਾਨਾਂ ਵਿਚ ਸਿਰ ਅਤੇ ਗਲੇ ਦੇ ਕੈਂਸਰ ਜ਼ਿਆਦਾਤਰ ਪੁਸ਼ਤ-ਦਰ-ਪੁਸ਼ਤ ਚੱਲਣ ਵਾਲੇ ਜੀਨ ਉੱਤੇ ਆਧਾਰਿਤ ਲੱਭੇ ਗਏ ਹਨ।
  18. ਨਿੰਬੂ, ਚਕੋਤਰਾ, ਮੁਸੰਮੀ ਜਿਗਰ ਦੇ ਕੈਂਸਰ ਤੋਂ ਬਚਾਉਂਦੇ ਹਨ। ਇਕ ਖੋਜ ਰਾਹੀਂ ਇਹ ਤੱਥ ਸਾਹਮਣੇ ਆਇਆ ਹੈ ਕਿ ਟਰਪੈਂਟੀਨ ਦਾ ਤੇਲ ਵੀ ਸੁੰਘਦੇ ਰਹਿਣ ਨਾਲ ਕਈ ਕਿਸਮਾਂ ਦੇ ਕੈਂਸਰ ਦੇ ਸੈੱਲ ਵਧਣੋਂ ਰੁਕ ਜਾਂਦੇ ਹਨ।