ਨਵੀਆਂ ਖੋਜਾਂ ਮਜ਼ੇਦਾਰ ਸੱਚ-2016 (ਭਾਗ-2)

0
236

ਨਵੀਆਂ ਖੋਜਾਂ ਮਜ਼ੇਦਾਰ ਸੱਚ-2016 (ਭਾਗ-2)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

  1. ਮੈਰੀਯੂਆਨਾ (ਭੰਗ) ਨਸ਼ਾ ਕਰਨ ਵਾਲਿਆਂ ਦੇ ਦੰਦ ਖ਼ਰਾਬ ਹੋਣ ਦੇ ਆਸਾਰ ਕਾਫ਼ੀ ਵੱਧ ਜਾਂਦੇ ਹਨ।
  2. ਡੱਬਾ ਬੰਦ ਖਾਣਿਆਂ ਵਿਚਲਾ ਬੀ. ਪੀ. ਏ ਤੇ ਵਿਨਕਲੋਜ਼ੋਲਿਨ ਬੱਚਿਆਂ ਦੇ ਦੰਦ ਹਮੇਸ਼ਾ ਲਈ ਖ਼ਰਾਬ ਕਰ ਦਿੰਦੇ ਹਨ ਅਤੇ ਦੰਦਾਂ ਉੱਪਰਲੀ ਇਨੈਮਲ ਪਰਤ ਨੂੰ ਵੀ ਖੋਰ ਦਿੰਦੇ ਹਨ। ਸਰੀਰ ਅੰਦਰਲੇ ਸੈਕਸ ਹਾਰਮੋਨਾਂ ਦੀ ਮਾਤਰਾ ਵੀ ਘਟਾ ਦਿੰਦੇ ਹਨ।
  3. ਜਦੋਂ ਲੋੜੋਂ ਵੱਧ ਐਂਟੀਬਾਇਓਟਿਕ ਵਰਤੇ ਜਾਣ ਤਾਂ ਕੀਟਾਣੂ ਵੱਧ ਜ਼ਹਿਰੀਲੇ ਹੋ ਜਾਂਦੇ ਹਨ ਤੇ ਕੁਦਰਤੀ ਤੌਰ ਉੱਤੇ ਉਨ੍ਹਾਂ ਦੇ ਜੀਨ ਵਿਚ ਤਬਦੀਲੀ ਹੋ ਜਾਂਦੀ ਹੈ। ਇਹ ਕੁਦਰਤ ਵੱਲੋਂ ਹੀ ਈਜਾਦ ਹੋਇਆ ਤਰੀਕਾ ਹੈ ਕਿ ਜੇ ਹਾਲਾਤ ਨਾਗਵਾਰ ਹੋ ਜਾਣ ਤਾਂ ਸਰੀਰ ਕੁਦਰਤੀ ਤੌਰ ਉੱਤੇ ਓਨਾ ਹੀ ਸਖ਼ਤ ਬਣ ਜਾਂਦਾ ਹੈ ਤਾਂ ਜੋ ਜਿਨਸ ਸੁਰੱਖਿਅਤ ਰਹਿ ਸਕੇ। ਏਸੇ ਲਈ ਸਿਰਫ਼ ਅਸਲ ਲੋੜ ਵੇਲੇ ਹੀ ਐਂਟੀਬਾਇਓਟਿਕ ਵਰਤਣੇ ਚਾਹੀਦੇ ਹਨ ਤਾਂ ਜੋ ਜ਼ਹਿਰੀ ਕੀਟਾਣੂਆਂ ਦੇ ਵਾਰ ਤੋਂ ਬਚਿਆ ਜਾ ਸਕੇ।
  4. ਨਵੀਂ ਖੋਜ ਅਨੁਸਾਰ ਪੈਨਕਰੀਆਜ਼ ਦਾ ਕੈਂਸਰ ਮੂੰਹ ਅੰਦਰਲੇ ਨਾਰਮਲ ਕੀਟਾਣੂਆਂ ਦੇ ਬਦਲ ਜਾਣ ਨਾਲ ਹੋ ਜਾਂਦਾ ਹੈ। ਏਸੇ ਲਈ ਮੂੰਹ ਤੇ ਦੰਦਾਂ ਦੀ ਸਫ਼ਾਈ ਰੈਗੂਲਰ ਤੌਰ ਉੱਤੇ ਕਰਦੇ ਰਹਿਣਾ ਚਾਹੀਦਾ ਹੈ।
  5. ਕੁਈਨ ਮੈਰੀ ਯੂਨੀਵਰਸਿਟੀ ਲੰਡਨ ਵਿਖੇ ਕਮਾਲ ਦੀ ਖੋਜ ਕੀਤੀ ਗਈ ਹੈ ਜਿਸ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਜੇ ਦੰਦਾਂ ਦੀ ਸੁਰੱਖਿਆ ਵਾਸਤੇ ਟੁੱਥ ਪੇਸਟ ਵਿਚ ‘‘ਬਾਇਓ ਮਿਨ ਐੱਫ’’ ਪਾਇਆ ਜਾਏ ਅਤੇ ਅਜਿਹੀ ਟੁੱਥ ਪੇਸਟ ਨਾਲ ਰਾਤੀਂ ਬੁਰਸ਼ ਕੀਤਾ ਜਾਵੇ ਤਾਂ ਟੁੱਟ ਫੁੱਟ ਰਹੇ ਤੇ ਕੀੜੇ ਲੱਗ ਚੁੱਕੇ ਦੰਦਾਂ ਦੀ ਰਿਪੇਅਰ ਰਾਤ ਸੁੱਤੇ ਪਏ ਹੀ ਹੋ ਜਾਂਦੀ ਹੈ।
  6. ਸਿਲੀਕੋਨ ਨਾਈਟਰਾਈਡ ਜੋ ਸਪਾਈਨਲ ਇੰਪਲਾਂਟ ਵਿਚ ਵਰਤਿਆ ਜਾ ਰਿਹਾ ਹੈ, ਮਸੂੜਿਆਂ ਦੀਆਂ ਬੀਮਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋ ਗਿਆ ਹੈ।
  7. ਫੂਡ ਪਾਇਜ਼ਨਿੰਗ ਤੋਂ ਬਚਣ ਲਈ ਨਵਾਂ‘‘ਪੇਪਰ ਬੇਸਡ ਟੈਸਟ’’ਈਜਾਦ ਹੋ ਗਿਆ ਹੈ ਜਿਸ ਵਿਚ ਖਾਣਾ ਖਾਣ ਤੋਂ ਪਹਿਲਾਂ ਜੇ ਖਾਣੇ ਦੀਆਂ ਕੁੱਝ ਬੂੰਦਾਂ ‘ਟੈਸਟ ਪੇਪਰ’ ਉੱਤੇ ਪਾ ਦਿੱਤੀਆਂ ਜਾਣਾ, ਤਾਂ ਖਾਣੇ ਵਿਚਲੇ ਕੀਟਾਣੂਆਂ ਦਾ ਝਟ ਪਤਾ ਲਾਇਆ ਜਾ ਸਕਦਾ ਹੈ।
  8. ਸਿਗਰਟ ਪੀਣ ਨਾਲ ਮੂੰਹ ਅੰਦਰਲੇ ਨਾਰਮਲ ਕੀਟਾਣੂ ਖ਼ਤਮ ਹੋ ਜਾਂਦੇ ਹਨ ਤੇ ਮਾੜੇ ਕੀਟਾਣੂ ਆ ਜਾਂਦੇ ਹਨ ਜੋ ਖੋੜਾਂ ਕਰ ਸਕਦੇ ਹਨ ਤੇ ਦੰਦਾਂ ਦਾ ਰੰਗ ਵੀ ਕਾਲਾ ਪੀਲਾ ਕਰ ਦਿੰਦੇ ਹਨ।
  9. ਹਾਲੇ ਤੱਕ ਸਿਰਫ਼ ਇਕ ਖੋਜ ਦਾ ਸਿੱਟਾ ਹੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਬਜ਼ੁਰਗਾਂ ਦੇ ਦੰਦ ਕਾਫੀ ਖ਼ਰਾਬ ਹੋ ਚੁੱਕੇ ਹੋਣ, ਉਨ੍ਹਾਂ ਦੀ ਮਾਨਸਿਕ ਹਾਲਤ ਵੀ ਕੁੱਝ ਨਿਘਾਰ ਵਲ ਚਲੀ ਜਾਂਦੀ ਹੈ। ਇਸ ਬਾਰੇ ਹਾਲੇ ਹੋਰ ਖੋਜਾਂ ਜਾਰੀ ਹਨ ਕਿ ਕੀ ਕਾਰਨ ਹੈ ਅਤੇ ਕੀ ਸਚਮੁੱਚ ਦੰਦਾਂ ਵਿਚਲੇ ਕੀਟਾਣੂ ਅਜਿਹਾ ਕਰ ਸਕਦੇ ਹਨ ਜਾਂ ਨਹੀਂ!
  10. ਬਜ਼ਾਰ ਵਿਚ ਨਵੇਂ ਆਏ ਡੱਬਾ ਬੰਦ ਫਲਾਂ ਦੇ ਰਸ ਤੇ ਸਮੂਦੀਜ਼ ਵਿਚ ਏਨੀ ਜ਼ਿਆਦਾ ਖੰਡ ਦੀ ਮਾਤਰਾ ਹੁੰਦੀ ਹੈ ਕਿ ਇਕ ਬੱਚੇ ਲਈ ਪੂਰੇ ਡੇਢ ਦਿਨ ਦੀ ਲੋੜੀਂਦੀ ਖੰਡ ਸਿਰਫ਼ ਇਕ ਛੋਟੇ ਗਿਲਾਸ ਨਾਲ ਹੀ ਪੂਰੀ ਹੋ ਜਾਂਦੀ ਹੈ। ਇਸੇ ਲਈ ਇਸ ਨੂੰ ਪੀਣ ਵਾਲੇ ਬੱਚੇ ਮੋਟਾਪੇ ਦੇ ਸ਼ਿਕਾਰ ਹੁੰਦੇ ਜਾ ਰਹੇ ਹਨ।
  11. ਬੋਸਟਨ ਤੇ ਬਰਮਿੰਘਮ ਦੇ ਹਸਪਤਾਲਾਂ ਵਿਚ ਕੀਤੀ ਖੋਜ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਦੰਦ ਕਢਾਉਣ ਤੋਂ ਬਾਅਦ ਡਾਕਟਰਾਂ ਵੱਲੋਂ ਓਪੀਅਮ (ਅਫ਼ੀਮ) ਤੋਂ ਬਣੀਆਂ ਦਵਾਈਆਂ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਪੀੜ ਮਹਿਸੂਸ ਨਾ ਹੋਵੇ। ਇਹ ਮਰੀਜ਼ ਏਨੀ ਵੱਡੀ ਗਿਣਤੀ ਵਿਚ ਹਨ ਕਿ ਨਸ਼ੇਹੜੀਆਂ ਵੱਲੋਂ ਵਰਤੀ ਜਾ ਰਹੀ ਅਫ਼ੀਮ ਨਾਲੋਂ ਵੀ ਵੱਧ ਮਾਤਰਾ ਵਿਚ ਵਰਤੋਂ, ਦੰਦਾਂ ਦੇ ਡਾਕਟਰਾਂ ਵੱਲੋਂ ਦਿੱਤੀ ਦਵਾਈ ਕਾਰਨ ਹੋ ਚੁੱਕੀ ਹੈ।
  12. ‘ਪਰੋਬਾਇਓਟਿਕ’, ਭਾਵੇਂ ਦਵਾਈ ਰਾਹੀਂ ਜਾਂ ਕੁਦਰਤੀ ਤਰੀਕੇ (ਦਹੀਂ) ਖਾਧੇ ਜਾ ਰਹੇ ਹੋਣ, ਇਨ੍ਹਾਂ ਵਿਚਲੇ ਚੰਗੇ ਕੀਟਾਣੂ ਦੰਦਾਂ ਵਿਚ ਖੋੜਾਂ ਹੋਣ ਤੋਂ ਰੋਕਦੇ ਹਨ।
  13. ਜਿਨ੍ਹਾਂ ਨੂੰ ਐਲਜ਼ੀਮਰ ਬੀਮਾਰੀ ਹੋਵੇ, ਉਨ੍ਹਾਂ ਦੇ ਮਸੂੜੇ ਜੇ ਸੁੱਜੇ ਜਾਂ ਫੁੱਲੇ ਹੋਣ, ਤਾਂ ਉਨ੍ਹਾਂ ਵਿਚਲੇ ਕੀਟਾਣੂ ਅਜਿਹੇ ਮਰੀਜ਼ਾਂ ਦੀ ਸੋਚਣ ਸਮਝਣ ਦੀ ਸ਼ਕਤੀ 6 ਗੁਣਾ ਘਟਾ ਦਿੰਦੇ ਹਨ।
  14. ਤਣਾਓ ਘਟਾਉਣ ਵਾਲੀਆਂ ਦਵਾਈਆਂ ਖਾਣ ਨਾਲ ਹੱਡੀਆਂ ਤੇ ਦੰਦ ਕਮਜ਼ੋਰ ਹੋ ਜਾਂਦੇ ਹਨ। ਜੇ ਨਵਾਂ ਦੰਦ (ਇੰਪਲਾਂਟ) ਲਵਾਉਣਾ ਹੋਵੇ ਤਾਂ ਇਹ ਦਵਾਈਆਂ ਖਾਣੀਆਂ ਛੱਡ ਦੇਣੀਆਂ ਚਾਹੀਦੀਆਂ ਹਨ।
  15. ਨਵੀਂ ਖੋਜ ਰਾਹੀਂ ਸਾਬਤ ਹੋ ਗਿਆ ਹੈ ਕਿ ਜੇ ਮਸੂੜਿਆਂ ਵਿਚ ਲਗਾਤਾਰ ਪੀਕ ਰਹਿੰਦੀ ਹੋਵੇ ਜਾਂ ਸੁੱਜੇ ਹੋਣ, ਤਾਂ ਇਨ੍ਹਾਂ ਵਿਚਲੇ ਕੀਟਾਣੂ ਖਾਣੇ ਦੀ ਪਾਈਪ ਦਾ ਖ਼ਤਰਨਾਕ ਕੈਂਸਰ (ਈਸੋਫੇਜੀਅਲ ਸਕੂਐਮਸ ਸੈੱਲ ਕੈਂਸਰ) ਕਰ ਦਿੰਦੇ ਹਨ।
  16. ਜਿਨ੍ਹਾਂ ਨੂੰ ਗੁਰਦੇ ਦੀ ਬੀਮਾਰੀ ਹੋਵੇ, ਉਨ੍ਹਾਂ ਦੇ ਮਸੂੜੇ ਜੇ ਖ਼ਰਾਬ ਹੋਣ, ਤਾਂ ਉਨ੍ਹਾਂ ਦੀ ਮੌਤ ਛੇਤੀ ਹੋ ਜਾਂਦੀ ਹੈ। ਇਸੇ ਲਈ ਦੰਦਾਂ ਦੀ ਸਫ਼ਾਈ ਰੱਖਣੀ ਬਹੁਤ ਜ਼ਰੂਰੀ ਹੈ।
  17. ਇਕ ਕਿਸਮ ਦੇ ਖ਼ਰਾਬ ਕੀਟਾਣੂ ਜਿਨ੍ਹਾਂ ਦੇ ਦੰਦਾਂ ਅਤੇ ਮਸੂੜਿਆਂ ਵਿਚ ਹੋਣ, ਤਾਂ ਉਨ੍ਹਾਂ ਨੂੰ ਸਟਰੋਕ (ਪਾਸਾ ਮਾਰਿਆ ਜਾਣਾ) ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਹ ਤੱਥ ਹਾਲੇ ਤਕ ਸਿਰਫ਼ ਸਟਰੋਕ ਦੇ ਮਰੀਜ਼ਾਂ ਉੱਤੇ ਕੀਤੀ ਇੱਕੋ ਖੋਜ ਵਿਚ ਸਾਹਮਣੇ ਆਇਆ ਹੈ।
  18. ਰੋਜ਼ ਇਕ ਵਾਰ ਦਾਤਣ ਕਰਨ ਨਾਲ ਜਾਂ ਸ਼ੂਗਰ ਫਰੀ ਚਿੰਗਮ ਚੱਬਣ ਨਾਲ ਮਸੂੜੇ ਸਿਹਤਮੰਦ ਰੱਖੇ ਜਾ ਸਕਦੇ ਹਨ।
  19. ਸ਼ਾਰਕ ਮੱਛੀਆਂ ਦੇ ਜੀਨ ਅਜਿਹੇ ਹਨ ਕਿ ਉਨ੍ਹਾਂ ਦੇ ਟੁੱਟੇ ਦੰਦ ਦੁਬਾਰਾ ਉੱਗ ਪੈਂਦੇ ਹਨ। ਹੁਣੇ ਜਿਹੇ ਕੀਤੀ ਗਈ ਖੋਜ ਵਿਚ ਇਹ ਲੱਭਿਆ ਗਿਆ ਹੈ ਕਿ ਅਜਿਹੇ ਜੀਨ ਥੋੜੀ ਮਾਤਰਾ ਵਿਚ ਇਨਸਾਨਾਂ ਵਿਚ ਵੀ ਹਨ। ਇਸੇ ਲਈ ਕਈ 100 ਸਾਲਾਂ ਦੇ ਬੰਦਿਆਂ ਦੇ ਦੰਦ ਦੁਬਾਰਾ ਉੱਗਦੇ ਵੇਖੇ ਜਾ ਸਕਦੇ ਹਨ।
  20. ਕੈਂਸਰ ਲੱਭਣ ਲਈ ਇਕ 10 ਮਿੰਟ ਦਾ ਟੈਸਟ ਈਜਾਦ ਕੀਤਾ ਜਾ ਰਿਹਾ ਹੈ ਜੋ ਇਕ ਬੂੰਦ ਥੁੱਕ ਨਾਲ ਹੀ ਦਸ ਦੇਵੇਗਾ ਕਿ ਕੈਂਸਰ ਹੈ ਜਾਂ ਨਹੀਂ।
  21. ਸੁੱਤੇ ਹੋਏ ਮੂੰਹ ਰਾਹੀਂ ਸਾਹ ਲੈਣ ਨਾਲ ਥੁੱਕ ਵਿਚ ਏਸਿਡ ਦੀ ਮਾਤਰਾ ਵੱਧ ਜਾਂਦੀ ਹੈ, ਜੋ ਦੰਦਾਂ ਦੀ ਈਨੈਮਲ ਖ਼ਰਾਬ ਕਰ ਦਿੰਦੀ ਹੈ।