ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

0
384

ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਮੇਜਰ ਸਿੰਘ ‘ਬੁਢਲਾਡਾ‘– 94176 42327

 ਜੂਝੇ ਬਿਨਾਂ ਜਿੱਤ ਦਾ ਖਿਆਲ ਦਿਲੋਂ ਕੱਢ ਦੋ।  ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਰੱਬ ਨੇ ਸਰੀਰ ਤੇ ਦਿਮਾਗ ਦਿੱਤੇ ਹੋਏ ਆ। ਅੱਖਾਂ ਕੰਨ ਹੱਥ ਪੈਰ ਸਾਰੇ ਹੀ ਨਰੋਏ ਆ।

ਦਿਲਾਂ ਦੀਆਂ ਰੀਝਾਂ ਮਾਪੇ ਕਰਦੇ ਨੇ ਪੂਰੀਆਂ। ਭੁੱਖੇ ਰਹਿ ਕੇ ਖੁਦ ਓਹ ਖਵਾਉਂਦੇ ਥੋਨੂੰ ਚੂਰੀਆਂ।

ਸੋਹਣੇ ਸੋਹਣੇ ਕੱਪੜੇ ਤੁਹਾਡੇ ਗਲ਼ ਪਾਉਂਦੇ ਆ। ਜ਼ਿੰਦਗੀ ਬਣਾਉਣ ਲਈ ਸਕੂਲੇ ਵੀ ਘਲਾਉਂਦੇ ਆ।

ਤਾਰਦੇ ਨੇ ਫ਼ੀਸਾਂ, ਕਹਿੰਦੇ ਪੜ੍ਹ ਜਾਉ ਬੱਚਿਓ। ਆਪਣਿਆਂ ਪੈਰਾਂ ਉੱਤੇ ਖੜ੍ਹ ਜਾਉ ਬੱਚਿਓ।

ਤੁਸਾਂ ਨੂੰ ਸਕੂਲੇ ਅਧਿਆਪਕ ਪੜ੍ਹਾਉਂਦੇ ਨੇ। ਜ਼ਿੰਦਗੀ ਦੇ ਸਫਰ ਵਿੱਚ ਰਾਹ ਰੁਸ਼ਨਾਉਂਦੇ ਨੇ।

ਮੌਕਾ ਹੈ ਸੁਨਿਹਰੀ ਇਹਨੂੰ ਐਂਵੇਂ ਨਾ ਗਵਾ ਲਿਓ। ਸਿੱਖਿਆ ਸਿਆਣਿਆਂ ਦੀ ਦਿਲ਼ੋਂ ਨਾ ਭੁਲਾ ਲਿਓ।

ਮਿਹਨਤਾਂ ਦੇ ਨਾਲ ਝੰਡੇ ਸਫਲਤਾ ਦੇ ਗੱਡ ਦੋ। ਤੇ ਨਕਲਾਂ ਦਾ ਸਾਥੀਓ ਸਹਾਰਾ ਲੈਣਾ ਛੱਡ ਦੋ।

ਸਤਿਗੁਰੂ ਨਾਨਕ ਵੀ ਕਹਿੰਦੇ ਖਾਓ ਹੱਕ ਦੀ। ਗੁਰੂਆਂ ਦੀ ਬਾਣੀ ਸਾਨੂੰ ਪਾਪਾਂ ਵਲੋਂ ਡੱਕ ਦੀ।

ਨਕਲ ਵੀ ਪਾਪ ਹੁੰਦੀ ,ਨਕਲ ਨਾ ਮਾਰਿਓ। ਭਾਈ ਲਾਲੋ ਵਾਲੀ ਜਰਾ ਸਾਖੀ ਵੀ ਵਿਚਾਰਿਓ।

ਗੁਰੂਆਂ ਦੀ ਸਿੱਖਿਆ ਨੂੰ ਦਿਲ ਵਿੱਚ ਵਿਚਾਰ ਕੇ। ਡਟ ਜਾਉ ਦਿਲ ਵਿਚ ਹੌਂਸਲੇ ਨੂੰ ਧਾਰ ਕੇ।

ਹੀਨ ਭਾਵਨਾਂ ਦੀ ਤੁਸੀ ਤੋੜ ਦਿਓ ਜੰਜੀਰ ਨੂੰ। ਮਿਹਨਤਾਂ ਦਾ ਮੁੱਲ ਸਦਾ ਪੈਂਦਾ ਏ ਅਖ਼ੀਰ ਨੂੰ।

ਜਿਹੜਾ ਬੀਜ ਮਿੱਟੀ ਵਿਚ ਖੁਦ ਨੂੰ ਮਿਟਾਉਂਦਾ ਏ। ਓਹੀ ਇਕ ਦਿਨ ਰੁੱਖ ਬਣ ਕੇ ਵਿਖਾਉਂਦਾ ਏ।

ਗਰਮੀ ਸਿਆਲ ਬਰਸਾਤਾਂ ਨੂੰ ਸਹਾਰਦਾ। ਵੰਡਦਾ ਏ ਛਾਂਵਾਂ ਹਰ ਇਕ ਨੂੰ ਪਿਆਰਦਾ।

ਫਿਰ ਕਿਤੇ ਜਾ ਕੇ ਓਹਨੂੰ ਫਲ ਕੋਈ ਲੱਗਦਾ। ਸ਼ੌਟ ਕੱਟ ਰਸਤਾ ਤਾਂ ਹੁੰਦਾ ਚੋਰ ਠੱਗ ਦਾ।