ਤਣਾਓ ਬਾਰੇ ਤੱਥਾਂ ਉੱਤੇ ਆਧਾਰਿਤ ਨਵੀਂ ਖੋਜ

0
318

ਤਣਾਓ ਬਾਰੇ ਤੱਥਾਂ ਉੱਤੇ ਆਧਾਰਿਤ ਨਵੀਂ ਖੋਜ

ਡਾ. ਹਰਸ਼ਿੰਦਰ ਕੌਰ, ਐਮ. ਡੀ. (ਪਟਿਆਲਾ)-0175-2216783

ਕੋਈ ਵਿਰਲਾ ਹੀ ਦਿਨ ਹੁੰਦਾ ਹੈ ਜਦੋਂ ‘ਚਿੰਤਾ ਚਿਤਾ ਸਮਾਨ ਹੈ’, ਬਾਰੇ ਜ਼ਿਕਰ ਨਾ ਕੀਤਾ ਮਿਲੇ। ਇਸ ਬਾਰੇ ਹਾਲੇ ਤਕ ਅਨੇਕ ਖੋਜਾਂ ਹੋ ਚੁੱਕੀਆਂ ਹਨ ਤੇ ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਚਿੰਤਾ ਨਾਲ ਸਰੀਰ ਅੰਦਰਲੇ ਹਾਰਮੋਨਾਂ ਦੀ ਗੜਬੜੀ ਸਦਕਾ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਦਮਾ, ਐਲਰਜੀ, ਜੋੜਾਂ ਦੇ ਦਰਦ ਤੇ ਹੋਰ ਅਨੇਕ ਰੋਗ ਸਰੀਰ ਨੂੰ ਜਕੜ ਲੈਂਦੇ ਹਨ।

ਪਹਿਲੀ ਵਾਰ ਮੌਰੀਸ਼ੀਅਸ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿਚ ਵੱਖੋ-ਵੱਖ ਮੈਡੀਕਲ ਕਾਲਜਾਂ ਵਿਚਲੀਆਂ ਖੋਜਾਂ ਵਿਚ ਤੱਥਾਂ ਰਾਹੀਂ ਅਜਿਹੇ ਸ਼ੱਕਰ ਰੋਗੀਆਂ ਦੇ ਕੇਸ ਉਜਾਗਰ ਕੀਤੇ ਗਏ, ਜਿਨ੍ਹਾਂ ਦੇ ਤਣਾਓ ਵਾਲੇ ਲੱਛਣ ਘਟਾਉਣ ਉੱਤੇ ਉਨ੍ਹਾਂ ਨੂੰ ਇਲਾਜ ਵਜੋਂ ਲੱਗਦੇ ਇਨਸੂਲਿਨ ਦੇ ਟੀਕੇ ਬੰਦ ਹੋ ਗਏ।

ਲਗਭਗ 7000 ਮਰੀਜ਼, ਜਿਨ੍ਹਾਂ ਵਿਚ ਭਾਰਤੀ ਤੇ ਚੀਨੀ ਮਰੀਜ਼ ਵੀ ਸ਼ਾਮਲ ਸਨ, ਇਸ ਖੋਜ ਵਿਚ ਸ਼ਾਮਲ ਕੀਤੇ ਗਏ। ਇਨ੍ਹਾਂ ਵਿਚ ਬਹੁਤੇ ਸ਼ਕਰ ਰੋਗੀ ਤੇ ਬਾਕੀ ਸ਼ੱਕਰ ਰੋਗ ਦੇ ਨਾਲ ਬਲੱਡ ਪ੍ਰੈਸ਼ਰ ਦੇ ਰੋਗੀ ਵੀ ਸਨ। ਇਨ੍ਹਾਂ ਸਾਰਿਆਂ ਕੋਲੋਂ ਇਕ ਸਵਾਲ ਪੁੱਛਿਆ ਗਿਆ-ਤੁਹਾਨੂੰ ਕਿੰਨਾ ਕੁ ਤਣਾਓ ਮਹਿਸੂਸ ਹੋ ਰਿਹਾ ਹੈ ? ਸਿਰਫ਼ 2.8 ਪ੍ਰਤੀਸ਼ਤ ਮੰਨੇ ਕਿ ਉਨ੍ਹਾਂ ਨੂੰ ਤਣਾਓ ਮਹਿਸੂਸ ਹੋ ਰਿਹਾ ਹੈ। ਬਾਕੀ ਮਰੀਜ਼ਾਂ ਨੇ ਉੱਕਾ ਹੀ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਕਿਸਮ ਦਾ ਤਣਾਓ ਹੀ ਨਹੀਂ ਹੈ!

ਫੇਰ ਉਨ੍ਹਾਂ ਸਾਰਿਆਂ ਤੋਂ ਤਿੰਨ ਪੰਨਿਆਂ ਦਾ ਇਕ ਪ੍ਰਫਾਰਮਾ ਭਰਵਾਇਆ ਗਿਆ ਜਿਸ ਵਿਚ ਉਨ੍ਹਾਂ ਦੇ ਕੰਮ ਕਾਰ ਵਾਲੀ ਥਾਂ ਬਾਰੇ, ਘਰੇਲੂ ਸਮੱਸਿਆਵਾਂ, ਰਿਸ਼ਤੇਦਾਰੀ ਨਾਲ ਵਿਹਾਰ, ਦੋਸਤਾਂ-ਮਿੱਤਰਾਂ ਬਾਰੇ, ਗੁੱਸਾ, ਝਗੜਾ, ਨੀਂਦਰ ਠੀਕ ਨਾ ਆਉਣੀ, ਭੁੱਖ ਮਰਨੀ, ਕਸਰਤ, ਖਾਣਾ-ਪੀਣਾ, ਬੱਚਿਆਂ ਦੇ ਵਿਹਾਰ, ਰਿਸ਼ਤਿਆਂ ਵਿਚਲੇ ਨਿੱਘ, ਨੌਕਰੀ ਦੀਆਂ ਮੁਸ਼ਕਲਾਂ, ਗੁਆਂਢੀ ਨਾਲ ਲੜਾਈ, ਆਦਿ ਹਰ ਪਹਿਲੂ ਬਾਰੇ ਨਿੱਕੇ-ਨਿੱਕੇ ਸਵਾਲ ਪੁੱਛੇ ਗਏ।

ਉਨ੍ਹਾਂ ਸਵਾਲਾਂ ਦੇ ਜਵਾਬਾਂ ਦੇ ਨਾਲੋ ਨਾਲ ਸਾਰੇ ਮਰੀਜ਼ਾਂ ਦੇ ਸਰੀਰ ਵਿਚਲੀ ਕੌਰਟੀਸੋਲ ਦੀ ਮਾਤਰਾ ਵੀ ਚੈੱਕ ਕੀਤੀ ਗਈ। ਇਨ੍ਹਾਂ ਵਿੱਚੋਂ 68 ਪ੍ਰਤੀਸ਼ਤ ਮਰੀਜ਼ ਅਜਿਹੇ ਲੱਭੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਕਿ ਉਹ ਬਹੁਤ ਜ਼ਿਆਦਾ ਤਣਾਓ ਦੇ ਅਸਰ ਅਧੀਨ ਸਨ। ਸਿਰਫ਼ ਸਵਾਲਾਂ ਦੇ ਜਵਾਬਾਂ ਅਤੇ ਲਹੂ ਵਿਚਲੀ ਕੌਰਟੀਸੌਲ ਦੀ ਮਾਤਰਾ ਰਾਹੀਂ ਸਾਬਤ ਹੋ ਸਕਿਆ ਕਿ ਉਹ ਬੇਧਿਆਨੇ ਹੀ ਤਣਾਓ ਦੇ ਅਸਰ ਅਧੀਨ ਆ ਚੁੱਕੇ ਹੋਏ ਸਨ ਤੇ ਉਸ ਤੋਂ ਉਤਪੰਨ ਹੋ ਰਹੀਆਂ ਬੀਮਾਰੀਆਂ ਦੇ ਸ਼ਿਕਾਰ ਵੀ ਹੋ ਚੁੱਕੇ ਸਨ।

ਸਭ ਤੋਂ ਮਜ਼ੇਦਾਰ ਗੱਲ ਜੋ ਸਾਹਮਣੇ ਆਈ, ਉਹ ਸੀ ਕਿ 82 ਪ੍ਰਤੀਸ਼ਤ ਮਰੀਜ਼ ਜੋ ਭਾਰਤੀ ਤੇ ਚੀਨੀ ਮੂਲ ਦੇ ਸਨ, ਆਪਣੇ ਹੀ ਆਂਢੀ-ਗੁਆਂਢੀਆਂ, ਰਿਸ਼ਤੇਦਾਰਾਂ, ਕੰਮ ਕਾਰ ਵਾਲੀ ਥਾਂ ਦੇ ਸਾਥੀਆਂ, ਦੋਸਤਾਂ, ਬੱਚਿਆਂ ਦੇ ਵਿਹਾਰ ਤੋਂ ਦੁਖੀ ਜਾਂ ਉਨ੍ਹਾਂ ਦੇ ਅਗਾਂਹ ਵਧਣ ਤੋਂ ਔਖੇ ਸਨ। ਇਹ ਸਾਰੇ ਹੀ ਆਪਣੇ ਪਿਛਾਂਹ ਰਹਿ ਜਾਣ ਕਾਰਨ ਝੂਰ ਰਹੇ ਸਨ। ਇਨ੍ਹਾਂ ਸਾਰਿਆਂ ਦੇ ਲਹੂ ਵਿਚ ਕੌਰਟੀਸੌਲ ਦੀ ਮਾਤਰਾ ਖ਼ਤਰੇ ਦੇ ਨਿਸ਼ਾਨ ਤੋਂ ਬਹੁਤ ਵੱਧ ਮਿਲੀ।

ਇਨ੍ਹਾਂ ਵਿੱਚੋਂ ਅੱਗੋਂ 70 ਪ੍ਰਤੀਸ਼ਤ ਦੇ ਕਰੀਬ ਦੀਆਂ ਪਤਨੀਆਂ ਬਹੁਤ ਜ਼ਿਆਦਾ ਤਣਾਓ ਦੇ ਅਸਰ ਅਧੀਨ ਲੱਭੀਆਂ। ਘਰ ਵਿਚ ਬੈਠੀਆਂ ਪਤਨੀਆਂ ਆਪਣੇ ਪਤੀ ਦੇ ਦਫ਼ਤਰੀ ਕੰਮ ਕਾਰ ਦਾ ਤਣਾਓ ਆਪਣੇ ਅੰਦਰ ਸਮੋ ਰਹੀਆਂ ਸਨ। ਕੰਮ ਕਾਜੀ ਪਤਨੀਆਂ ਜਿੱਥੇ ਆਪਣੇ ਦਫ਼ਤਰੀ ਕੰਮ ਕਾਰ ਦਾ ਤਣਾਓ ਸਹੇੜ ਰਹੀਆਂ ਸਨ, ਉੱਥੇ ਪਤੀ ਦੇ ਕੰਮ ਕਾਜ ਦਾ ਤਣਾਓ ਵੀ ਨਾਲ ਜਮਾਂ ਕਰ ਰਹੀਆਂ ਸਨ। ਪਤਨੀਆਂ ਉੱਤੇ ਆਪਣਾ ਤਣਾਓ ਲੱਦ ਕੇ ਕਈ ਪਤੀ ਤਾਂ ਸੁਰਖ਼ਰੂ ਹੋ ਗਏ ਸਨ ਪਰ ਪਤਨੀਆਂ ਅੱਗੋਂ ਬੱਚੇ, ਘਰ-ਬਾਰ, ਕੰਮ-ਕਾਜ, ਸਹੁਰਿਆਂ ਤੇ ਪੇਕਿਆਂ ਦੀਆਂ ਰਿਸ਼ਤੇਦਾਰੀਆਂ ਵਿਚ ਉਲਝ ਕੇ, ਇਹ ਸਾਰਾ ਤਣਾਓ ਆਪਣੇ ਸਰੀਰ ਉੱਤੇ ਝੱਲ ਰਹੀਆਂ ਸਨ। ਨਤੀਜਾ-ਘਰੇਲੂ ਝਗੜੇ, ਆਪਸੀ ਰਿਸ਼ਤਿਆਂ ਵਿਚ ਫਿੱਕ, ਵੱਧਦਾ ਗੁੱਸਾ, ਮਾਰ ਕੁਟਾਈ, ਗਾਲੀ ਗਲੋਚ, ਤਿੜਕਦੇ ਰਿਸ਼ਤੇ, ਨਾਜਾਇਜ਼ ਸੰਬੰਧਾਂ ਵਿਚ ਵਾਧਾ, ਬੱਚਿਆਂ ਦਾ ਆਖੇ ਲੱਗਣ ਤੋਂ ਇਨਕਾਰੀ ਹੋ ਕੇ ਆਪ ਹੁਦਰੇ ਬਣਨਾ ਤੇ ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ!

ਇਨ੍ਹਾਂ ਨਤੀਜਿਆਂ ਵਿਚ ਹੋਰ ਪਕਿਆਈ ਭਰਨ ਲਈ ਇਕ ਅਜਿਹਾ ਸ਼ੱਕਰ ਰੋਗੀ ਮਰੀਜ਼ ਲੱਭਿਆ ਗਿਆ ਜੋ ਆਪਣੇ ਗੁਆਂਢੀਆਂ ਦੀ ਵੱਡੀ ਕਾਰ ਤੇ ਚੰਗੇ ਬਿਜ਼ਨੈੱਸ ਤੋਂ ਦੁਖੀ ਹੋ ਕੇ ਹਮੇਸ਼ਾ ਝੂਰਦਾ ਰਹਿੰਦਾ ਸੀ। ਉਸ ਨੂੰ ਘਰ ਬਦਲਣ ਦੀ ਸਲਾਹ ਦਿੱਤੀ ਗਈ, ਜਿੱਥੇ ਚੁਫ਼ੇਰੇ ਉਸ ਤੋਂ ਘੱਟ ਆਮਦਨ ਵਾਲੇ ਲੋਕਾਂ ਦੀ ਵਸੋਂ ਸੀ। ਛੇ ਮਹੀਨੇ ਉੱਥੇ ਰਹਿਣ ਤੋਂ ਬਾਅਦ ਚੈੱਕਅੱਪ ਕਰਨ ਉੱਤੇ ਉਸ ਦੀ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਨਾਰਮਲ ਤੋਂ ਘਟ ਲੱਭੀ। ਕੌਰਟੀਸੋਲ ਦੀ ਮਾਤਰਾ ਨਾਰਮਲ ਹੋ ਚੁੱਕੀ ਸੀ। ਹੌਲੀ-ਹੌਲੀ ਉਸ ਨੂੰ ਲੱਗ ਰਹੇ ਇਨਸੂਲਿਨ ਦੇ ਟੀਕੇ ਬੰਦ ਕਰ ਦਿੱਤੇ ਗਏ। ਟੀਕੇ ਬੰਦ ਕਰਨ ਦੇ ਨਾਲ ਉਸ ਨੂੰ ਸੰਤੁਲਿਤ ਖ਼ੁਰਾਕ ਖਾਣ ਤੇ ਰੈਗੂਲਰ ਕਸਰਤ ਕਰਨ ਲਈ ਕਿਹਾ ਗਿਆ। ਕਮਾਲ ਦੀ ਗੱਲ ਇਹ ਸੀ ਕਿ ਇਨਸੂਲਿਨ ਦੇ ਟੀਕੇ ਬੰਦ ਕਰਨ ਦੇ ਅੱਠ ਮਹੀਨੇ ਬਾਅਦ ਤਕ ਉਸ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਕਾਬੂ ਵਿਚ ਰਹੀ।

ਇਕ ਹੋਰ ਕੇਸ ਬਾਰੇ ਦੱਸਿਆ ਗਿਆ ਜਿੱਥੇ ਇਕ ਬੱਚੇ ਨੇ ਖ਼ੁਦਕੁਸ਼ੀ ਇਸ ਲਈ ਕੀਤੀ ਕਿਉਂਕਿ ਉਸ ਦੀ ਮਾਂ ਰੋਜ਼ ਗੁਆਂਢੀਆਂ ਦੇ ਬੱਚੇ ਦੇ ਕਮਰੇ ਦੀ ਬੱਤੀ ਰਾਤ ਦੇਰ ਤੱਕ ਜਗਣ ਪਿੱਛੇ ਆਪਣੇ ਬੱਚੇ ਨੂੰ ਕੋਸਦੀ ਰਹੀ ਸੀ ਕਿ ਦੂਜਾ ਬੱਚਾ ਜ਼ਿਆਦਾ ਦੇਰ ਤਕ ਪੜ੍ਹ ਕੇ ਉਸ ਦੇ ਆਪਣੇ ਬੱਚੇ ਤੋਂ ਵੱਧ ਨੰਬਰ ਨਾ ਲੈ ਜਾਏ। ਬੱਚੇ ਉੱਤੇ ਤਣਾਓ ਏਨਾ ਜ਼ਿਆਦਾ ਹਾਵੀ ਹੋ ਗਿਆ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ।

ਇਸ ਸਾਰੀ ਖੋਜ ਦਾ ਨਤੀਜਾ ਇਹੋ ਕੱਢਿਆ ਗਿਆ ਕਿ ਮੌਜੂਦਾ ਦੌਰ ਵਿਚ ਤਣਾਓ ਦੇ ਕਾਰਨ ਅਨੇਕ ਹਨ ਅਤੇ ਅਗਾਂਹ ਵੱਧਣ ਦਾ ਰੁਝਾਣ ਲੋੜੋਂ ਵੱਧ ਹੋ ਚੁੱਕਿਆ ਹੈ। ਆਪਣਿਆਂ ਨਾਲ ਗੱਲ ਕਰ ਕੇ, ਦੋਸਤਾਂ ਨਾਲ ਸਮਾਂ ਬਿਤਾ ਕੇ, ਤਣਾਓ ਛੰਡਣ ਬਾਰੇ ਕੋਈ ਸੋਚਦਾ ਹੀ ਨਹੀਂ। ਇਹੋ ਕਾਰਨ ਹੈ ਕਿ ਸ਼ੱਕਰ ਰੋਗ, ਦਮਾ, ਬਲੱਡ ਪ੍ਰੈੱਸ਼ਰ, ਪਾਸਾ ਮਰਨਾ, ਐਕਸੀਡੈਂਟਾਂ ਦਾ ਵਾਧਾ, ਵਧਦਾ ਗੁੱਸਾ, ਕਤਲ, ਲੜਾਈ, ਮਾਰ ਕੁਟਾਈ ਦਿਨੋ-ਦਿਨ ਵਧਦੇ ਜਾ ਰਹੇ ਹਨ ਤੇ ਲੋਕ ਬੀਮਾਰੀਆਂ ਦੀ ਮਾਰ ਹੇਠ ਆਪਣੀ ਉਮਰ ਛੋਟੀ ਕਰਦੇ ਜਾ ਰਹੇ ਹਨ।

ਅੰਦਾਜ਼ਾ ਲਾਇਆ ਗਿਆ ਹੈ ਕਿ ਤਣਾਓ ਦੇ ਅਸਰ ਹੇਠ ਹੁੰਦੇ ਰੋਗਾਂ ਸਦਕਾ ਆਪਣੀ ਅਸਲ ਲੰਮੀ ਉਮਰ ਨੂੰ ਛੋਟੀ ਕਰ ਕੇ ਲਗਭਗ 20 ਸਾਲ ਪਹਿਲਾਂ ਹੀ ਕੂਚ ਕਰਨ ਵਾਲਿਆਂ ਦੀ ਗਿਣਤੀ ਕਈ ਗੁਣਾਂ ਵੱਧ ਚੁੱਕੀ ਹੈ।

ਤਣਾਓ ਘਟਾਉਣ ਦੇ ਨੁਕਤੇ :-

ਇਕ ਖੋਜ ਵਿਚ ਤਣਾਓ ਘਟਾਉਣ ਲਈ ਕਾਰਗਰ ਸਾਬਤ ਹੋਏ ਨੁਕਤੇ ਸਾਂਝੇ ਕੀਤੇ ਗਏ। ਉਸ ਵਿਚ ਬਹੁਤ ਵੱਡਾ ਰੋਲ ਕਸਰਤ ਤੇ ਖਾਣ-ਪੀਣ ਦੇ ਤੌਰ ਤਰੀਕਿਆਂ ਨੂੰ ਵੀ ਮੰਨਿਆ ਗਿਆ।

ਜੇ ਬੀਮਾਰੀ ਘਟਾਉਣ ਵਿਚ 60 ਪ੍ਰਤੀਸ਼ਤ ਰੋਲ ਤਣਾਓ ਨੂੰ ਕੰਟਰੋਲ ਕਰਨ ਦਾ ਹੈ, ਤਾਂ 30 ਫੀਸਦੀ ਮਰੀਜ਼ਾਂ ਵਿਚ ਕਸਰਤ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਤੇ 10 ਫੀਸਦੀ ਰੋਲ ਠੀਕ ਪੀਣ ਖਾਣ ਦਾ ਵੀ ਹੈ।

ਖਾਣਾ ਪੀਣਾ :- ਸੰਤੁਲਿਤ ਖਾਣਾ ਜਿਸ ਵਿਚ ਛਾਣਬੂਰਾ, ਦੁੱਧ, ਦਹੀਂ, ਪਨੀਰ, ਮੱਖਣ, ਸਬਜ਼ੀਆਂ, ਫਲ, ਸੁੱਕੇ ਮੇਵੇ, ਆਦਿ ਸ਼ਾਮਲ ਹੋਣ, ਖਾਣਾ ਚਾਹੀਦਾ ਹੈ।

ਕੌਫੀ, ਚਾਹ, ਮਿੱਠਾ, ਵਾਧੂ ਲੂਣ, ਘਿਓ ਆਦਿ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ। ਨਾਸ਼ਤਾ ਰੱਜਵਾਂ ਹੋਣਾ ਚਾਹੀਦਾ ਹੈ, ਪਰ ਦੁਪਹਿਰੇ ਹਲਕਾ ਤੇ ਰਾਤ ਨੂੰ ਨਾ ਬਰਾਬਰ ਹੀ ਖਾਣਾ ਠੀਕ ਰਹਿੰਦਾ ਹੈ।

ਕਸਰਤ :– ਹਫ਼ਤੇ ’ਚ ਪੰਜ ਦਿਨ ਘੱਟੋ ਘੱਟ 40 ਮਿੰਟ ਦੀ ਕਸਰਤ ਕਰਨੀ ਚਾਹੀਦੀ ਹੈ, ਜਿਸ ਵਿਚ ਤੇਜ਼ ਤੁਰਨਾ, ਭੱਜਣਾ, ਸਾਈਕਲ ਚਲਾਉਣਾ, ਰੱਸੀ ਟੱਪਣਾ, ਤੈਰਨਾ, ਆਦਿ ਸ਼ਾਮਲ ਹੋਣੇ ਚਾਹੀਦੇ ਹਨ। ਇਸ ਵਿਚ ‘ਯੋਗਾ’ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਕਸਰਤ ਕਰਨ ਲੱਗਿਆਂ ਦੋ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :-

(1). ਤੇਜ਼ ਭੱਜਣ, ਰੱਸੀ ਟੱਪਣ, ਆਦਿ ਵਿਚ ਟੀਚਾ ਮਿਥਣਾ ਜ਼ਰੂਰੀ ਹੈ। ਯਾਨੀ ਏਨੇ ਚੱਕਰ, ਏਨੇ ਮਿੰਟ, ਏਨੇ ਕਿਲੋਮੀਟਰ, ਵਗੈਰਾ। ਇਸ ਦਾ ਮਕਸਦ ਹੁੰਦਾ ਹੈ ਕਿ ਥੱਕ ਟੁੱਟ ਕੇ ਬੰਦਾ ਸਿਰਫ਼ ਕਸਰਤ ਪੂਰੀ ਕਰਨ ਵੱਲ ਧਿਆਨ ਦੇਵੇ। ਜੇ ਕਸਰਤ ਕਰਦੇ ਸਮੇਂ ਧਿਆਨ ਕਿਤੇ ਹੋਰ ਰਹੇ, ਯਾਨੀ ਡਿਊਟੀ ਦਾ ਸਮਾਂ ਹੋ ਚੱਲਿਆ, ਅੱਜ ਅਫਸਰ ਨੂੰ ਕਿਵੇਂ ਢਾਹੁਣੈ, ਨਾਲ ਕੰਮ ਕਰਦੇ ਸਾਥੀ ਨੂੰ ਨੀਵਾਂ ਕਿਵੇਂ ਵਿਖਾਉਣੈ, ਫੇਸ ਬੁੱਕ ਉੱਤੇ ਮੇਰੇ ਬਾਰੇ ਕੁੱਝ ਨਵਾਂ ਤਾਂ ਨਹੀਂ ਪਾ ਦਿੱਤਾ ਗਿਆ, ਈ-ਮੇਲਾਂ ਦਾ ਜਵਾਬ ਦੇਣਾ ਰਹਿੰਦੈ, ਘਰ ਦੇ ਕਈ ਕੰਮ ਅਧੂਰੇ ਪਏ ਨੇ, ਫਲਾਣੇ ਨੂੰ ਜ਼ਰੂਰੀ ਫੋਨ ਕਰਨੈ, ਆਦਿ ਵਰਗੇ ਮਸਲੇ ਦਿਮਾਗ਼ ਵਿੱਚੋਂ ਛੰਡਣੇ ਜ਼ਰੂਰੀ ਹਨ ਤਾਂ ਜੋ ਤਣਾਓ ਮੀਟਰ ਠੀਕ ਠਾਕ ਰਹੇ।

(2). ਯੋਗ ਕਰਦੇ ਸਮੇਂ ਸਾਹ ਉੱਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦਾ ਮਕਸਦ ਵੀ ਇਹੋ ਹੈ ਕਿ ਮਨ ਵਿਚ ਭਰਿਆ ਵਾਧੂ ਗੰਦ, ਤਣਾਓ ਦੇ ਹਾਰਮੋਨਾਂ ਨੂੰ ਹੋਰ ਨਾ ਵਧਾ ਦੇਵੇ ਤੇ ਕਸਰਤ ਕਰਦੇ ਸਮੇਂ ਇਨ੍ਹਾਂ ਗੱਲਾਂ ਨੂੰ ਮਨ ਛੱਡ ਦੇਵੇ।

ਤਣਾਓ ਘਟਾਉਣ ਲਈ :-

(1). ਰੋਜ਼ 10 ਮਿੰਟ ਜ਼ਰੂਰ ਆਪਣੇ ਕਿਸੇ ਪਿਆਰੇ ਨਾਲ ਗੱਲ ਕਰਨ ਜਾਂ ਮਿਲਣ ਦੀ ਲੋੜ ਹੁੰਦੀ ਹੈ। ਇਸ ਨਾਲ ਮਨ ਅੰਦਰ ਖੁਸ਼ੀ ਉਤਪੰਨ ਹੁੰਦੀ ਹੈ ਅਤੇ ਮਾੜੇ ਹਾਰਮੋਨ ਆਪਣੇ ਆਪ ਹੀ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਮੇਲ ਜੋਲ ਤੋਂ ਪਹਿਲਾਂ ਨਾਪਿਆ ਗਿਆ ਤਣਾਓ ਅਤੇ ਬਾਅਦ ਦੇ ਕੀਤੇ ਟੈਸਟਾਂ ਰਾਹੀਂ ਇਹ ਤੱਥ ਸਾਹਮਣੇ ਆਏ।

(2). ਘਰ ਵਿਚਲੇ ਰਿਸ਼ਤਿਆਂ ਵਿਚ ਨਿੱਘ ਭਰਨ ਲਈ ਦਫ਼ਤਰੀ, ਬਿਜ਼ਨੈੱਸ ਜਾਂ ਬਾਹਰੀ ਕੰਮ ਕਾਰ ਦਾ ਤਣਾਓ ਘਰੋਂ ਬਾਹਰ ਛੱਡ ਕੇ ਹੀ ਘਰ ਅੰਦਰ ਵੜਨਾ ਚਾਹੀਦਾ ਹੈ। ਇੰਜ ਰਿਸ਼ਤਿਆਂ ਵਿਚ ਨਿੱਘ ਬਰਕਰਾਰ ਰਹਿੰਦਾ ਹੈ। ਘਰ ਅੰਦਰ ਵੀ ਕੋਲੋਂ ਲੰਘਦੇ ਟੱਪਦੇ ਆਪਣੇ ਬੱਚੇ ਦੇ ਮੱਥੇ ਉੱਤੇ ਚੁੰਮਣ ਜਾਂ ਗਲਵਕੜੀ ਪਾਉਣ ਨਾਲ ਮਨ ਅੰਦਰ ਕੁਤਕੁਤਾਰੀਆਂ ਪੈਦਾ ਹੋ ਜਾਂਦੀਆਂ ਹਨ। ਜਿਵੇਂ ਚੁਫ਼ੇਰੇ ਖੁਸ਼ਬੋ ਛਿੜਕਨ ਨਾਲ ਆਪਣਾ ਆਪ ਵੀ ਮਹਿਕ ਜਾਂਦਾ ਹੈ, ਉਸੇ ਤਰ੍ਹਾਂ ਖੁਸ਼ੀ ਵੰਡਣ ਨਾਲ ਆਪਣਾ ਮਨ ਵੀ ਖਿੜ ਜਾਂਦਾ ਹੈ।

ਸਾਬਤ ਹੋ ਚੁੱਕੇ ਤੱਥ ਹਨ :- ਜੇ ਰੋਜ਼ ਦਾ ਅੱਧਾ ਘੰਟਾ ਮਨ ਵਿੱਚੋਂ ਕੌੜ ਕੱਢ ਕੇ ਪਿਆਰ ਲਈ ਥਾਂ ਦੇ ਦਿੱਤੀ ਜਾਵੇ, ਰੋਜ਼ 40 ਮਿੰਟ ਵਧੀਆ ਕਸਰਤ ਕੀਤੀ ਜਾਵੇ ਅਤੇ ਆਪਣੇ ਸਰੀਰ ਉੱਤੇ ਵਾਧੂ ਖੰਡ, ਲੂਣ ਤੇ ਘਿਓ ਦਾ ਬੋਝ ਨਾ ਪਾਇਆ ਜਾਵੇ ਤਾਂ ਹਫ਼ਤੇ ਵਿਚ ਹੀ ਤਣਾਓ ਦੀ ਮਾਤਰਾ 7 ਪ੍ਰਤੀਸ਼ਤ ਤਕ ਘੱਟ ਹੋ ਜਾਂਦੀ ਹੈ। ਇਸ ਨੂੰ ਲਗਾਤਾਰ ਹੋਰ ਘਟਾਉਣ ਅਤੇ ਨਾਰਮਲ ਕਰਨ ਲਈ ਜ਼ਿੰਦਗੀ ਜੀਊਣ ਦੇ ਢੰਗ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ।

ਖੋਜ ਵਿਚ ਸ਼ਾਮਲ ਕੀਤੇ 13 ਮਰੀਜ਼, ਜੋ ਤਣਾਓ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਪਾ ਸਕੇ ਅਤੇ ਫ਼ਾਲਤੂ ਚਿੰਤਾ ਛੱਡ ਸਕੇ, ਉਨ੍ਹਾਂ ਦੇ ਇਨਸੂਲਿਨ ਦੇ ਟੀਕੇ ਹਮੇਸ਼ਾ ਲਈ ਬੰਦ ਹੋ ਗਏ।

(3). ਫੇਸਬੁੱਕ ਉੱਤੇ ਗੰਦਗੀ ਖਿਲਾਰਨ, ਭੱਦੀ ਸ਼ਬਦਾਵਲੀ ਵਰਤਣ ਅਤੇ ਬੋਲ ਚਾਲ ਰਾਹੀਂ ਕੂੜਾ ਖਿਲਾਰਨ ਵਾਲਿਆਂ ਨੂੰ ਇਸ ਮੈਡੀਕਲ ਖੋਜ ਵਿਚ ‘ਕੂੜੇ ਭਰੇ ਟਰੱਕ’ ਦਾ ਨਾਮਕਰਨ ਦਿੱਤਾ ਗਿਆ। ਸਪਸ਼ਟ ਕੀਤਾ ਗਿਆ ਕਿ ਅਜਿਹੇ ਲੋਕ ਆਪਣਾ ਤਣਾਓ ਦੂਜਿਆਂ ਵਿਚ ਵੰਡ ਕੇ ਆਪ ਸੁਰਖ਼ਰੂ ਹੋ ਜਾਂਦੇ ਹਨ। ਇਸੇ ਲਈ ਅਜਿਹੇ ਕੂੜੇ ਦੇ ਭਰੇ ਟਰੱਕਾਂ ਨੂੰ ਉਂਝ ਹੀ ਪਰ੍ਹਾਂ ਧੱਕ ਦੇਣਾ ਚਾਹੀਦਾ ਹੈ ਜਿਵੇਂ ਬਦਬੂ ਨੇੜੇ ਜਾ ਕੇ ਆਪਣੇ ਨੱਕ ਉੱਤੇ ਰੁਮਾਲ ਰੱਖ ਲਈਦਾ ਹੈ। ਜੇ ਅਜਿਹੀ ਬਦਬੂ ਅੰਦਰ ਲੰਘ ਜਾਵੇ ਤਾਂ ਦਿਮਾਗ਼ ਉੱਤੇ ਅਸਰ ਕਰਦੀ ਹੈ। ਇਸੇ ਕਰਕੇ ਫੇਸਬੁੱਕਾਂ ਉੱਤੇ ਖਿਲਾਰੀ ਗੰਦਗੀ ਨੂੰ ਖਿਲਾਰਣ ਵਾਲੇ ਤੱਕ ਹੀ ਸੀਮਤ ਕਰ ਦੇਣਾ ਚਾਹੀਦਾ ਹੈ ਤੇ ਉਸ ਦਾ ਜਵਾਬ ਹੀ ਨਹੀਂ ਦੇਣਾ ਚਾਹੀਦਾ। ਇੰਜ ਉਹ ਬੰਦਾ ਆਪਣਾ ਤਣਾਓ ਛੱਡ ਨਹੀਂ ਸਕੇਗਾ ਤੇ ਬੀਮਾਰੀ ਸਹੇੜ ਲਵੇਗਾ।

(4). ਫੋਨ ਕਰਨ ਲੱਗਿਆਂ ਦੂਜੇ ਦਾ ਨੰਬਰ ਬਿਜ਼ੀ ਆ ਰਿਹਾ ਹੋਵੇ ਤਾਂ ਉਸੇ ਸਮੇਂ ਦੁਬਾਰਾ ਤੇ ਫਿਰ ਤੀਜੀ ਵਾਰ ਫੋਨ ਕੀਤੇ ਜਾਣ ਦਾ ਮਤਲਬ ਹੈ ਕਿ ਅਸੀਂ ਤਣਾਓ ਦੇ ਅਸਰ ਅਧੀਨ ਆ ਚੁੱਕੇ ਹਾਂ। ਜਿਹੜਾ ਜਣਾ ਰਤਾ ਠਰੰਮੇ ਨਾਲ ਰੁਕ ਕੇ 10 ਮਿੰਟ ਠਹਿਰ ਕੇ ਦੁਬਾਰਾ ਫੋਨ ਕਰਦਾ ਹੈ, ਉਹ ਆਪਣੇ ਤਣਾਓ ਨੂੰ ਕਾਬੂ ਕਰਨ ਦਾ ਵੱਲ ਸਿਖ ਚੁੱਕਿਆ ਹੁੰਦਾ ਹੈ।

(5). ਸੜਕ ਉੱਤੇ ਲੰਘਣ ਲੱਗਿਆਂ ਵਾਰ-ਵਾਰ ਹੌਰਨ ਵਜਾਉਣ ਦਾ ਮਤਲਬ ਹੈ ਕਿ ਚਾਹੇ ਅਣਚਾਹੇ ਅਸੀਂ ਵਾਧੂ ਤਣਾਓ ਸਹੇੜ ਚੁੱਕੇ ਹਾਂ।

(6). ਜਦੋਂ ਬਹੁਤ ਜ਼ਿਆਦਾ ਗੁੱਸਾ ਆ ਜਾਵੇ ਤਾਂ ਕਾਗਜ਼ ਉੱਤੇ ਦੂਜੇ ਬਾਰੇ ਰੱਜ ਕੇ ਗੰਦ ਲਿਖ ਕੇ, ਕਈ ਸਫ਼ੇ ਭਰ ਦੇਣੇ ਚਾਹੀਦੇ ਹਨ। ਫੇਰ ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਪੜ੍ਹੇ ਬਗ਼ੈਰ ਫਾੜ ਦੇਣਾ ਚਾਹੀਦਾ ਹੈ। ਇਹ ਸਭ ਲਿਖਣ ਜਾਂ ਬੰਦ ਕਮਰੇ ਅੰਦਰ ਸ਼ੀਸ਼ੇ ਅੱਗੇ ਖਲੋ ਕੇ ਦੂਜੇ ਬਾਰੇ ਰੱਜ ਕੇ ਮਾੜਾ ਬੋਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਮਨ ਵਿਚ ਜਮਾਂ ਹੋਇਆ ਵਾਧੂ ਤਣਾਓ ਬਾਹਰ ਨਿਕਲ ਸਕੇ।

(7). ਖੋਜ ਵਿਚ ਸਿਰਫ਼ 0.8 ਫੀਸਦੀ ਅਜਿਹੇ ਕੇਸ ਲੱਭੇ ਜੋ ਵੱਡ ਛਕਣ ਨੂੰ ਆਧਾਰ ਬਣਾ ਕੇ, ਅਣਲੋੜੀਂਦਾ ਸਮਾਨ ਐਵੇਂ ਇਕੱਠਾ ਨਾ ਕਰ ਕੇ, ਨਾ ਕਿਸੇ ਨਾਲ ਬੇਲੋੜਾ ਬੋਲ ਕੇ ਸਮਾਂ ਖ਼ਰਾਬ ਕਰ ਕੇ, ਆਪਣੇ ਕੰਮ ਕਾਰ ਵਿਚ ਰੁੱਝੇ ਲੱਭੇ। ਯਾਨੀ ਜਿੰਨਾ ਹੈ, ਉਸੇ ਵਿਚ ਸਬਰ ਸੰਤੋਖ ਨਾਲ ਦਿਨ ਕੱਟਣ ਤੇ ਸ਼ੁਕਰਾਨਾ ਕਰਦਿਆਂ ਹੱਸ ਖੇਡ ਕੇ ਦਿਨ ਗੁਜ਼ਾਰ ਰਹੇ ਸਨ। ਇਨ੍ਹਾਂ ਮਰੀਜ਼ਾਂ ਵਿਚ ਸਿਰਫ਼ ਰੋਜ਼ਾਨਾ ਕਸਰਤ ਤੇ ਸਹੀ ਸੰਤੁਲਿਤ ਖ਼ੁਰਾਕ ਕਰਨ ਨਾਲ ਹੀ ਬਲੱਡ ਪ੍ਰੈੱਸ਼ਰ ਕਾਬੂ ਵਿਚ ਹੋ ਸਕਿਆ ਹੈ।

(8). ਕਈ ਲੋਕ ਪਾਠ ਕਰਨ, ਭਜਨ ਬੰਦਗੀ ਕਰਨ ਨੂੰ ਤਣਾਓ ਘਟਾਉਣ ਦਾ ਜ਼ਰੀਆ ਮੰਨਦੇ ਹਨ। ਇਹ ਵੇਖਣ ਵਿਚ ਆਇਆ ਹੈ ਕਿ ਅਜਿਹੇ ਮੌਕੇ ਵੀ ਬਹੁਗਿਣਤੀ ਆਪਣਾ ਫੋਨ ਸੁਣਨ, ਹੋਰਨਾਂ ਨੂੰ ਹਦਾਇਤਾਂ ਦਿੰਦੇ ਰਹਿਣ ਜਾਂ ਕਿਸੇ ਨੂੰ ਆਵਾਜ਼ ਮਾਰ ਕੇ ਸੱਦਦੇ ਰਹਿਣ ਵਿਚ ਯਕੀਨ ਰੱਖਦੇ ਹਨ। ਇਸ ਦਾ ਮਤਲਬ ਹੈ ਕਿ ਤਣਾਓ ਛੱਡਿਆ ਨਹੀਂ ਗਿਆ, ਬਸ ਖਾਨਾ ਪੂਰਤੀ ਕੀਤੀ ਗਈ ਹੈ। ਅਜਿਹੇ ਕੇਸਾਂ ਵਿਚ ਕੌਰਟੀਸੋਲ ਦੀ ਮਾਤਰਾ ਘਟਣ ਦੀ ਬਜਾਏ ਵਧੀ ਹੋਈ ਲੱਭੀ।

(9). ਲਾਲ ਬੱਤੀ ਉੱਤੇ ਲੱਗੀ ਲੰਬੀ ਲਾਇਨ ਵਿਚ ਖੜ੍ਹੇ ਹੋਣ ਤੋਂ ਪਹਿਲਾਂ ਘਰੋਂ ਚੱਲਣ ਲੱਗਿਆਂ ਅਤੇ ਫੇਰ ਲਾਲ ਬੱਤੀ ਟੱਪਣ ਬਾਅਦ ਦੀ ਦਿਲ ਦੀ ਧੜਕਨ ਦਾ ਵੱਧਣਾ ਤੇ ਲੋੜੋਂ ਵੱਧ ਖਿਝਣਾ ਵੀ ਸਰੀਰ ਅੰਦਰ ਤਣਾਓ ਦੇ ਹਾਰਮੋਨ ਵਧਾ ਦਿੰਦਾ ਹੈ।

(10). ਦੋਸਤਾਂ ਸਹੇਲੀਆਂ ਨਾਲ ਹੱਸਦੇ ਖੇਡਦੇ ਲੰਮੀ ਸੈਰ ਕਰਦਿਆਂ ਮੋਬਾਈਲ ਨੂੰ ਸਵਿੱਚ ਆਫ ਕਰਕੇ ਬਿਤਾਇਆ ਸਮਾਂ ਜਿੱਥੇ ਵਕਤੀ ਤੌਰ ਉੱਤੇ ਤਣਾਓ ਨੂੰ ਘਟਾਉਣ ਵਿਚ ਸਹਾਈ ਸਾਬਤ ਹੁੰਦਾ ਹੈ, ਉੱਥੇ ਰੋਜ਼ਾਨਾ ਜਾਂ ਹਫ਼ਤੇ ਵਿਚ ਤਿੰਨ ਵਾਰ ਅਜਿਹਾ ਕਰਦੇ ਰਹਿਣ ਉੱਤੇ ਤਣਾਓ ਮੀਟਰ ਵਿਚ ਕਾਫੀ ਗਿਰਾਵਟ ਆ ਜਾਂਦੀ ਹੈ।

(11). ਆਪਣੇ ਸ਼ੌਕ ਨੂੰ ਬਰਕਰਾਰ ਰੱਖਣ ਅਤੇ ਉਸ ਨੂੰ ਪੂਰਾ ਕਰਦਿਆਂ ਉਸੇ ਵਿਚ ਗੁਆਚ ਜਾਣ ਨਾਲ ਤਣਾਓ ਕਾਫੀ ਹੱਦ ਤਕ ਘਟਾਇਆ ਜਾ ਸਕਦਾ ਹੈ।

(12). ਕੰਮ ਕਾਰ ਵਾਲੀ ਥਾਂ ਉੱਤੇ ਜੇ ਤਣਾਓ ਬਹੁਤ ਜ਼ਿਆਦਾ ਮਹਿਸੂਸ ਹੋ ਰਿਹਾ ਹੋਵੇ ਤਾਂ ਅਜਿਹਾ ਕੰਮ ਉਮਰ ਛੋਟੀ ਕਰਨ, ਘਰੇਲੂ ਝਗੜੇ ਵਧਾਉਣ ਤੇ ਚਿੰਤਾ ਤੋਂ ਉਪਜੇ ਰੋਗਾਂ ਨੂੰ ਸਰੀਰ ਅੰਦਰ ਪੱਕਾ ਕਰਨ ਵਿਚ ਮਦਦ ਕਰਦਾ ਹੈ। ਇਸੇ ਲਈ ਕੰਮ ਕਾਰ ਵਾਲੀ ਥਾਂ ਬਦਲ ਲੈਣ ਵਿਚ ਹੀ ਫ਼ਾਇਦਾ ਹੈ। ਜੇ ਥਾਂ ਬਦਲਣ ਤੋਂ ਬਾਅਦ ਵੀ ਉਂਝ ਹੀ ਤਣਾਓ ਮਹਿਸੂਸ ਹੋ ਰਿਹਾ ਹੈ ਤਾਂ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

ਸਾਰ :-

(1). ਬਹੁਗਿਣਤੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹ ਤਣਾਓ ਦੇ ਅਸਰ ਹੇਠ ਆ ਚੁੱਕੇ ਹੋਏ ਹਨ। ਇਸੇ ਲਈ ਉਸ ਨੂੰ ਰੋਕਣ ਜਾਂ ਕਾਬੂ ਕਰਨ ਦੇ ਨੁਕਤੇ ਅਜ਼ਮਾਉਂਦੇ ਹੀ ਨਹੀਂ। ਉਸ ਤੋਂ ਉਤਪੰਨ ਹੋ ਰਹੇ ਰੋਗਾਂ ਦੇ ਇਲਾਜ ਵਿਚ ਹੀ ਲੱਗੇ ਰਹਿੰਦੇ ਹਨ।

(2). ਵਧਦੇ ਐਕਸੀਡੈਂਟ, ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਘਰੇਲੂ ਝਗੜੇ, ਟੁੱਟਦੇ ਰਿਸ਼ਤੇ, ਐਲਰਜੀ, ਜੋੜਾਂ ਦੇ ਦਰਦ, ਦਮਾ, ਆਦਿ ਤਣਾਓ ਦੀ ਹੀ ਦੇਣ ਹਨ।

(3). ਹਰ ਤੀਜਾ ਬੰਦਾ ਜੋ ਤੁਹਾਡੀ ਤਾਰੀਫ਼ ਕਰ ਰਿਹਾ ਹੈ, ਅੰਦਰ ਹੀ ਅੰਦਰ ਅਚੇਤ ਮਨ ਵਿਚ ਤੁਹਾਡੇ ਪ੍ਰਤੀ ਸਾੜਾ ਭਰੀ ਬੈਠਾ ਹੈ ਜਿਸ ਸਦਕਾ ਉਸ ਦੇ ਅੰਦਰ ਤਣਾਓ ਦਾ ਬੀਜ ਬੀਜਿਆ ਗਿਆ ਹੈ।

(4). ਸਾਨੂੰ ਬਹੁਤਾ ਤਣਾਓ ਆਪਣੇ ਹੀ ਆਲੇ-ਦੁਆਲੇ ਦੇ ਜਾਣਕਾਰਾਂ ਦੇ ਅਗਾਂਹ ਵਧਣ ਸਦਕਾ ਹੋ ਰਿਹਾ ਹੈ।

(5). ‘ਜੇ’ ਸ਼ਬਦ ਤਬਾਹੀ ਮਚਾ ਰਿਹਾ ਹੈ। ਜੇ ਇਹ ਹੋ ਗਿਆ, ਜੇ ਚੰਗੇ ਨੰਬਰ ਨਾ ਆਏ, ਜੇ ਕੰਮ ਸਿਰੇ ਨਾ ਚੜ੍ਹਿਆ, ਜੇ ਬਿਜ਼ਨੈੱਸ ’ਚ ਘਾਟਾ ਪੈ ਗਿਆ, ਆਦਿ ਤਣਾਓ ਵਧਾਉਣ ਦੇ ਮੁੱਖ ਕਾਰਨ ਹਨ।

(6). ਘਰ ਅੰਦਰਲੇ ਰਿਸ਼ਤਿਆਂ ਵਿਚਲਾ ਨਿੱਘ ਵਧਾਉਣ ਨਾਲ ਤਣਾਓ ਘਟਣ ਦੇ ਆਸਾਰ ਵੱਧ ਜਾਂਦੇ ਹਨ।

(7). ਕਿਸੇ ਦੂਜੇ ਨੂੰ ਢਾਹੁਣ ਲਈ ਤਾਕਤ ਦੀ ਲੋੜ ਪੈਂਦੀ ਹੈ। ਇਸ ਨਾਲ ਯਕੀਨਨ ਸਰੀਰ ਅੰਦਰ ਰੋਗਾਂ ਦਾ ਬੋਹੜ ਤਿਆਰ ਹੋ ਜਾਂਦਾ ਹੈ।

(8). ਜ਼ਿੰਦਗੀ ਸਿਰਫ਼ ਲੰਘਾਉਣ ਲਈ ਨਹੀਂ ਬਣੀ, ਇਸ ਨੂੰ ਜੀਅ ਲੈਣਾ ਚਾਹੀਦਾ ਹੈ।

(9). ਹਫ਼ਤੇ ਵਿਚ ਇਕ ਵਾਰ ਘਰੋਂ ਬਾਹਰ ਜ਼ਰੂਰ ਘੁੰਮ ਫਿਰ ਆਉਣਾ ਚਾਹੀਦਾ ਹੈ, ਭਾਵੇਂ ਬਜ਼ਾਰ ਵਿਚ ਗੇੜਾ ਹੀ ਸਹੀ।

(10). ਕਸਰਤ ਰੋਜ਼ ਕਰਨੀ ਜ਼ਰੂਰੀ ਹੈ।

(11). ਸੰਤੁਲਿਤ ਖ਼ੁਰਾਕ ਖਾਣੀ ਜ਼ਰੂਰੀ ਹੈ ਜਿਸ ਵਿਚ ਰੱਜਵਾਂ ਨਾਸ਼ਤਾ ਪਰ ਰਾਤ ਨੂੰ ਬਹੁਤ ਹਲਕਾ ਖਾਣਾ ਚਾਹੀਦਾ ਹੈ।

(12). ਕੂੜੇ ਦੇ ਭਰੇ ਟਰੱਕਾਂ ਤੋਂ ਬਚ ਕੇ ਲੰਘ ਜਾਣਾ ਹੀ ਬਿਹਤਰ ਹੁੰਦਾ ਹੈ।

ਅੰਤ ਵਿਚ ਇਕ ਗੱਲ ਵੱਲ ਧਿਆਨ ਦਵਾਉਣਾ ਚਾਹਾਂਗੀ ਕਿ ਜੋ ਖੋਜਾਂ ਅੱਜ ਸਾਡੇ ਸਾਹਮਣੇ ਆ ਰਹੀਆਂ ਹਨ, ਇਨ੍ਹਾਂ ਬਾਰੇ ਪੰਜ ਸੌ ਸਾਲ ਪਹਿਲਾਂ ਬਿਨਾਂ ਕਿਸੇ ਖੋਜ ਮੀਟਰ, ਲੈਬਾਰਟਰੀਆਂ ਅਤੇ ਮਸ਼ੀਨਾਂ ਦੇ, ਗੁਰਬਾਣੀ ਵਿਚ ਚਿੰਤਾ ਬਾਰੇ ਅਨੇਕ ਵਾਰ ਜ਼ਿਕਰ ਕੀਤਾ ਜਾਣਾ ਤੇ ਹਰ ਕਿਸੇ ਵਿਚ ਰੱਬ ਦੇ ਨਿਵਾਸ ਬਾਰੇ ਸਮਝਾਉਣ ਪਿੱਛੇ ਲੁਕੀ ਦੂਰਅੰਦੇਸ਼ੀ ਸੰਕੇਤ ਦਿੰਦੀ ਹੈ ਕਿ ਸਿੱਖ ਧਰਮ ਵਿਗਿਆਨਿਕ ਸੋਚ ਉੱਤੇ ਆਧਾਰਿਤ ਹੈ। ਗੁਰੂ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕੀਤਾ ਹੋਇਆ ਹੈ ਕਿ ਚਿੰਤਾ ਛੱਡ ਕੇ, ਵੰਡ ਕੇ ਛਕੋ ਤੇ ਦੂਜੇ ਬਾਰੇ ਮਾੜੀ ਵਿਚਾਰਧਾਰਾ ਨਾ ਰੱਖੋ। ਇਹੀ ਉਮਰ ਲੰਮੀ ਕਰਨ ਤੇ ਸੁਖੀ ਜੀਵਨ ਬਤੀਤ ਕਰਨ ਦੇ ਰਾਜ਼ ਹਨ : ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ; ਨਾਨਕ ! ਥਿਰੁ ਨਹੀ ਕੋਇ ॥’’ (ਮ: ੯/੧੪੨੯)