ਜੀਊਣ ਜੋਗਿਆ ! ਮੈਂ ਤੇਰੀ ਮਾਂ ਬੋਲਦੀ ਹਾਂ।

0
215

ਜੀਊਣ ਜੋਗਿਆ ! ਮੈਂ ਤੇਰੀ ਮਾਂ ਬੋਲਦੀ ਹਾਂ।

ਡਾ: ਹਰਸ਼ਿੰਦਰ ਕੌਰ-0175-2216783

‘‘ਮੈਂ ਧਰਤੀ ਮਾਂ ਬੋਲਦੀ ਹਾਂ। ਤੈਨੂੰ ਜਨਮ ਦੇਣ ਵਾਲੀ ਮਾਂ ਤੋਂ ਵੀ ਉੱਚਾ ਰੁਤਬਾ ਹੈ ਮੇਰਾ! ਅੱਜ ਮੈਂ ਮਜਬੂਰ ਹੋ ਗਈ ਹਾਂ ਕਿ ਆਪਣੇ ਪੁੱਤਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂ ! ਪੁੱਛੋਗੇ ਨਹੀਂ ? ਕੀ ਮਜਬੂਰੀ ਆਣ ਪਈ ਹੈ। ਇਹ ਤਾਂ ਜਗ ਜਾਣਦੈ ਕਿ ਜਦੋਂ ਪੁੱਤਰ ਉੱਤੇ ਕੋਈ ਬਿਪਤਾ ਪਵੇ ਤਾਂ ਮਾਂ ਉਸ ਦੀ ਸਾਰੀ ਤਕਲੀਫ਼ ਆਪ ਸਹਿ ਕੇ ਵੀ ਪੁੱਤਰ ਨੂੰ ਲੰਮੀ ਉਮਰ ਦੀ ਅਸੀਸ ਦਿੰਦੀ ਰਹਿੰਦੀ ਹੈ। ਆਪਣੀ ਬਚੀ ਉਮਰ ਵੀ ਪੁੱਤਰ ਦੇ ਲੇਖੇ ਲਾ ਦੇਣ ਦੀ ਅਰਦਾਸ, ਬੇਨਤੀ ਕਰਦੀ ਰਹਿੰਦੀ ਹੈ।

‘‘ਅੱਜ ਮੇਰਾ ਹਿਰਦਾ ਬਲ ਉੱਠਿਆ ਹੈ। ਕਈ ਚਿਰਾਂ ਤੋਂ ਮੇਰੀ ਨੀਂਦਰ ਉੱਡ-ਪੁੱਡ ਗਈ ਹੈ। ਬਹੁਤ ਵਾਰ ਤੁਸੀਂ ਵੀ ਖ਼ਬਰਾਂ ਪੜ੍ਹੀਆਂ ਹੋਣਗੀਆਂ ਕਿ ਇਸੇ ਧਰਤੀ ਉੱਤੇ ਮਾਂ ਦਾ ਬਲਾਤਕਾਰ ਕਰਦਿਆਂ ਉਸ ਦਾ ਪੁੱਤਰ ਕਸੂਰਵਾਰ ਸਾਬਤ ਹੋ ਚੁੱਕਿਆ ਹੈ ਤੇ ਪਿਓਆਂ ਨੇ ਵੀ ਆਪਣੀਆਂ ਧੀਆਂ ਦਾ ਅਨੇਕ ਵਾਰ ਚੀਰਹਰਣ ਕੀਤਾ ਹੈ। ਭਾਵੇਂ ਚਾਚੇ ਹੱਥੋਂ, ਤਾਏ ਹੱਥੋਂ ਜਾਂ ਭਰਾ ਹੱਥੋਂ ਜ਼ਲੀਲ ਹੋਈ ਹੋਵੇ, ਅਜਿਹੀ ਬੱਚੀ ਲਈ ਚੁਫ਼ੇਰਿਓਂ ਅਵਾਜ਼ ਉੱਠਦੀ ਰਹੀ ਹੈ।

‘‘ਜੇ ਭਾਰਤ-ਪਾਕਿ ਵੰਡ ਦੀ ਗੱਲ ਕਰਾਂ ਤਾਂ ਵੀ ਮੇਰੀ ਰੂਹ ਕੰਬ ਉੱਠਦੀ ਹੈ ਕਿਉਂਕਿ ਜਿਸ ਭਿਆਨਕ ਤਰੀਕੇ ਮੇਰੀਆਂ ਬੱਚੀਆਂ ਨੂੰ ਹਿੰਦੂ, ਮੁਸਲਮਾਨ, ਸਿੱਖ ਦਾ ਨਾਂ ਦੇ ਕੇ ਵੱਢਿਆ, ਟੁੱਕਿਆ, ਪਾੜਿਆ ਗਿਆ, ਉਹ ਜ਼ਖਮ ਹਾਲੇ ਤਕ ਅੱਲ੍ਹੇ ਨੇ।

‘‘ਇੱਕੋ ਗੱਲ ਨਾਲ ਸਕੂਨ ਮਿਲਦਾ ਹੈ ਕਿ ਚੁਫ਼ੇਰਿਓਂ ਇਸ ਵੱਢ ਟੁੱਕ ਦੀ ਨਿਖੇਧੀ ਕੀਤੀ ਗਈ। ਦਿੱਲੀ ਦੀ ਨਿਰਭਯਾ ਬਾਰੇ ਮੈਂ ਕੀ ਦੱਸਾਂ! ਤੁਸੀਂ ਵੀ ਓਨਾ ਕੁੱਝ ਜਾਣਦੇ ਹੋ ਜਿੰਨਾ ਮੈਨੂੰ ਪਤਾ ਹੈ। ਜ਼ੁਲਮ ਢਾਹੁਣ ਵਾਲੇ ਹੈਵਾਨਾਂ ਪ੍ਰਤੀ ਮੇਰੀਆਂ ਅਨੇਕ ਬੱਚੀਆਂ ਤੇ ਬੱਚੇ ਸਰਗਰਮ ਤੇ ਇਕਜੁੱਟ ਹੋ ਕੇ ਇਕਸੁਰ ਆਵਾਜ਼ ਬੁਲੰਦ ਕਰ ਸਕੇ ਸਨ ਜਿਸ ਨਾਲ ਮੇਰੀਆਂ ਹੋਰ ਬੱਚੀਆਂ ਪ੍ਰਤੀ ਬਾਕੀਆਂ ਦੇ ਮਨਾਂ ਵਿਚ ਜ਼ਿੰਮੇਵਾਰੀ ਜਾਗੀ।

‘‘ਹੁਣ ਤਾਂ ਹਾਲਾਤ ਏਨੇ ਨਿੱਘਰ ਗਏ ਹਨ ਕਿ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੀ ਬੁਢੜੀ ਹੋ ਚੁੱਕੀ ਤੋਂ ਮਨੁੱਖੀ ਜਾਮਾ ਪਹਿਨਿਆਂ ਦਾ ਭਾਰ ਹੋਰ ਚੁੱਕਿਆ ਵੀ ਜਾਏਗਾ ਕਿ ਨਹੀਂ। ਕਈ ਵਾਰ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਮੇਰੇ ਉੱਤੇ ਤੁਰਦੇ ਫਿਰਦੇ ਜਨੌਰ ਸ਼ਾਇਦ ਜ਼ਿਆਦਾ ਸਮਝਦਾਰ ਹਨ ਤੇ ਕਹਿੰਦੇ ਕਹਾਉਂਦੇ ਸੱਭਿਅਕ ਮਨੁੱਖ ਜਾਨਵਰਾਂ ਤੋਂ ਬਦਤਰ ਹਨ।

‘‘ਅੱਜ ਕੁੱਝ ਗੱਲਾਂ ਦਾ ਜਵਾਬ ਆਪਣੀ ਇਸ ਧਰਤੀ ਮਾਂ, ਜਿਸ ਦਾ ਸੀਨਾ ਜ਼ਖ਼ਮਾਂ ਦੀ ਤਾਬ ਝੱਲ ਸਕਣ ਤੋਂ ਅਸਮਰਥ ਹੋ ਗਿਆ ਹੈ, ਨੂੰ ਦਿਓਗੇ ? ਹੈ ਹਿੰਮਤ ?

‘‘ਨਿਊ ਜਨਤਾ ਨਗਰ, ਗਲੀ ਨੰਬਰ 11 ਦੀ ਵਸਨੀਕ, ਪਿਤਾ ਕਮਲੇਸ਼ ਚੌਧਰੀ ਦੀ ਲਾਡਲੀ ਵੱਡੀ ਧੀ (ਉਮਰ 18 ਸਾਲ), ਤੇਜਾ ਸਿੰਘ ਮੈਮੋਰੀਅਲ ਸਕੂਲ, ਕਵਾਲਟੀ ਚੌਂਕ, ਲੁਧਿਆਣਾ ਵਿਖੇ ਪੜ੍ਹਦੀ ਸੀ। ਛੇ ਹਰਾਮਖ਼ੋਰਾਂ ਨੇ ਉਸ ਦੇ ਸਰੀਰ ਨੂੰ ਰੱਜ ਕੇ ਨੋਚਿਆ। ਜਬਰ ਜ਼ਨਾਹ ਕਰਨ ਬਾਅਦ ਜੀਅ ਨਾ ਰੱਜਿਆ ਤਾਂ ਗੁਪਤ ਅੰਗ ਉੱਤੇ ਛੁਰੇ ਮਾਰ-ਮਾਰ ਕੇ ਪੂਰੀ ਤਰ੍ਹਾਂ ਵੱਢ ਸੁੱਟਿਆ ਤਾਂ ਜੋ ਅਜਿਹੀ ਕੋਈ ਥਾਂ ਰਹੇ ਹੀ ਨਾ ਜਿੱਥੋਂ ਸਵੈਪ/ਸੈਂਪਲ ਲੈ ਕੇ ਲੈਬੋਰੇਟਰੀ ਵਿਚ ਭੇਜ ਕੇ ਜਬਰ ਜ਼ਨਾਹ ਦੀ ਪੁਸ਼ਟੀ ਕੀਤੀ ਜਾ ਸਕੇ। ਜਦੋਂ ਏਨੇ ਤਸੀਹੇ ਝੱਲਣ ਬਾਅਦ ਵੀ ਉਸ ਸ਼ੇਰ ਬੱਚੀ ਨੇ ਉਨ੍ਹਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕੀਤੀ ਤਾਂ ਉਨ੍ਹਾਂ ਨਿਰਵਸਤਰ ਬੱਚੀ ਦੇ ਪੂਰੇ ਸਰੀਰ ਉੱਤੇ ਥਾਂ-ਥਾਂ ਛੁਰੇ ਘੋਂਪ ਦਿੱਤੇ ਤੇ ਹੱਥ ਪੈਰ ਬੰਨ੍ਹ ਦਿੱਤੇ ਤਾਂ ਜੋ ਹਿੱਲ ਸਕਣ ਦੀ ਵੀ ਕੋਸ਼ਿਸ਼ ਨਾ ਕਰ ਸਕੇ। ਕਤਲ ਕਰਨ ਬਾਅਦ ਬੰਨ੍ਹੇ ਹੋਏ ਹੱਥਾਂ ਪੈਰਾਂ ਨਾਲ ਹੀ ਉਸ ਦੇ ਮ੍ਰਿਤਕ ਵੱਢੇ-ਟੁੱਕੇ ਨਿਰਵਸਤਰ ਸਰੀਰ ਨੂੰ ਰਾਤ 12 ਵਜੇ ਨਹਿਰ ਵਿਚ ਸੁੱਟ ਦਿੱਤਾ ਗਿਆ। ਇਸ ਡਰ ਖੁਣੋਂ ਕਿ ਕਿਤੇ ਕੋਈ ਬਚਿਆ ਸਾਹ ਰਹਿ ਗਿਆ ਤਾਂ ਇਹ ਹੱਥ ਪੈਰ ਮਾਰ ਕੇ ਨਹਿਰੋਂ ਬਾਹਰ ਨਿਕਲਣ ਲਈ ਕੋਸ਼ਿਸ਼ ਨਾ ਕਰ ਲਵੇ। ਨਹਿਰ ਵਿਚ ਸੁੱਟਣ ਤੋਂ ਪਹਿਲਾਂ ਉਸ ਦੇ ਗਲੇ ਨੂੰ ਅਗੂੰਠਿਆਂ ਨਾਲ ਨੱਪ ਕੇ ਸਾਹ ਦੀ ਨਾਲੀ ਭੰਨ ਦਿੱਤੀ ਗਈ। ਮੁਰਦਾ ਸਰੀਰ ਉੱਤੋਂ ਵੀ ਆਰ-ਪਾਰ ਲੰਘੇ ਛੁਰਿਆਂ ਦੇ 17 ਵਾਰ ਵੇਖ ਡਾਕਟਰ ਵੀ ਦਹਿਲ ਗਿਆ।

‘‘ਇਸ ਵਹਿਸ਼ੀਆਨਾ ਹਰਕਤ ਤੋਂ ਬਾਅਦ ਕਿਧਰੇ ਵੀ ਵੱਡੀ ਪੱਧਰ ਉੱਤੇ ਕੋਈ ਆਵਾਜ਼ ਨਹੀਂ ਚੁੱਕੀ ਗਈ। ਸਭ ਰਤਾ ਮਾਸਾ ਅਫ਼ਸੋਸ ਜਤਾ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਗਏ। ਕੀ ਹੁਣ ਮੈਂ ਇਹ ਮੰਨ ਲਵਾਂ ਕਿ ਦਿੱਲੀ ਵਿਚ ਤਾਂ ਜ਼ਮੀਰਾਂ ਵਾਲੇ ਲੋਕ ਬਚੇ ਹਨ ਜੋ ਇਕਜੁੱਟ ਹੋ ਕੇ ਆਵਾਜ਼ ਚੁੱਕਦੇ ਹਨ, ਪਰ ਪੰਜਾਬ ਵਿਚ ਵੱਖ ਪਛਾਣ ਦਿੱਤੀ ਜਾਣ ਵਾਲੇ ਗਿਆਨਵਾਨ, ਸ਼ਸਤਰਧਾਰੀ ਜੋਧੇ ਜੋ ਨਿਓਟਿਆਂ ਦੀ ਓਟ ਤੇ ਨਿਆਸਰਿਆਂ ਦੇ ਆਸਰੇ ਮੰਨੇ ਗਏ, ਅੱਜ ਆਪਣੀ ਮਤ ਤੇ ਪਤ ਦੇ ਰਾਖੇ ਬਣਨ ਤੋਂ ਅਸਮਰਥ ਹੋ ਚੁੱਕੇ ਹਨ? ਕੀ ਸਭਿਅਕ ਮਨੁੱਖ ਹੋਰ ਨਹੀਂ ਬਚੇ ? ਜ਼ੁਲਮ, ਬੇਇਨਸਾਫੀ ਤੇ ਅੱਤਿਆਚਾਰ ਵਿਰੁੱਧ ਬੁਲੰਦ ਤਿਆਰ ਹੋਈ ਕੌਮ ਨੂੰ ਕੀ ਹੁਣ ਜ਼ੰਗ ਲੱਗ ਚੁੱਕਿਆ ਹੈ ?

‘‘ਕਿਉਂ ਨਹੀਂ ਪੰਜਾਬ ਦੇ ਹਰ ਇੰਚ ਉੱਤੇ ਅਜਿਹੇ ਕੁਕਰਮਾਂ ਨੂੰ ਠੱਲ ਪਾਉਣ ਲਈ ਜਿਹਾਦ ਖੜ੍ਹਾ ਹੋਇਆ? ਕੀ ਹੁਣ ਮੈਂ ਇਹ ਕਹਾਂ ਕਿ ਮੇਰੇ ਪੁੱਤਰ ‘ਨਾਮਰਦ’ ਹੋ ਚੁੱਕੇ ਹਨ ? ਆਪਣੇ ਪੁੱਤਰਾਂ ਬਾਰੇ ਅਜਿਹਾ ਸੋਚਦਿਆਂ ਵੀ ਕਿਸੇ ਵੀ ਮਾਂ ਦਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਤੇ ਦੇਹ ਕੰਬਣ ਪੈਂਦੀ ਹੈ। ਅੱਜ ਹਾਲਾਤ ਹੱਥੋਂ ਅਤਿ ਦੀ ਮਜਬੂਰ ਤੇ ਲਾਚਾਰ ਹੋ ਕੇ ਮੈਨੂੰ ਇਹ ਸ਼ਬਦ ਵਰਤਣਾ ਪੈ ਰਿਹਾ ਹੈ, ਕਿਉਂਕਿ ਜਿਨ੍ਹਾਂ ਨੇ ਮਨੁੱਖ ਜਾਤੀ ਅੱਗੋਂ ਤੋਰਨੀ ਹੈ, ਉਨ੍ਹਾਂ ਦਾ ਏਨੇ ਭਿਆਨਕ ਤਰੀਕੇ ਖ਼ਾਤਮਾ ਹੁੰਦੇ ਵੇਖ ਕੇ ਵੀ ਮੇਰੇ ਜਾਏ ਅੰਨ੍ਹੇ ਬੋਲੇ ਗੁੰਗੇ ਹੋ ਕੇ ਬਹਿ ਗਏ ਹਨ।

‘‘ਮੇਰਿਓ ਪੁੱਤਰੋ, ਉੱਠੋ, ਜਾਗੋ ਤੇ ਮਰਦ ਹੋਣ ਦਾ ਸਬੂਤ ਦਿਓ। ਤੁਸੀਂ ਔਰਤ ਜ਼ਾਤ ਦੀ ਰਾਖੀ ਦਾ ਜ਼ਿੰਮਾ ਚੁੱਕਿਆ ਸੀ। ਤੁਹਾਡੇ ਸਿਰ ਮਾਂ ਦੇ ਦੁੱਧ ਦਾ ਕਰਜ਼ਾ ਚੜ੍ਹਿਆ ਪਿਐ। ਹਾਲੇ ਉਹ ਵੀ ਨਹੀਂ ਲਾਹ ਸਕੇ ਤੇ ਮੇਰਾ, ਤੁਹਾਡੀ ਧਰਤੀ ਮਾਂ ਦਾ, ਕਰਜ਼ਾ ਕਦੋਂ ਲਾਹੋਗੇ ?

‘‘ਜਦੋਂ ਕਿਸੇ ਗ਼ੈਰਤਮੰਦ ਦੀ ਅਣਖ ਨੂੰ ਹਲੂਣਾ ਨਾ ਵੱਜੇ, ਜ਼ੁਲਮ ਵਿਰੁੱਧ ਕੋਈ ਬੁਲੰਦ ਆਵਾਜ਼ ਨਾ ਗੂੰਜੇ ਤਾਂ ਅਜਿਹੇ ਲੋਕਾਂ ਨੂੰ ਨਾਮਰਦ ਹੀ ਕਹਿਣਾ ਬਿਹਤਰ ਹੈ!

‘‘ਜੇ ਧਰਤੀ ਮਾਂ ਵੱਲੋਂ ਕਹੇ ਸ਼ਬਦ ‘ਨਾਮਰਦ’ ਨਾਲ ਸੱਟ ਵੱਜੀ ਹੈ ਤਾਂ ਆਪਣੇ ਸੁੱਤੇ ਲਹੂ ਵਿਚ ਉਬਾਲ ਲਿਆ, ਓਏ ਜੀਊਣ ਜੋਗਿਆ! ਸੁੱਤੀ ਅਣਖ ਜਗ੍ਹਾ, ਓਏ ਜੀਊਣ ਜੋਗਿਆ ! ਮਾਂ-ਭੈਣ-ਧੀ ਦੀ ਪੱਤ ਬਚਾ, ਓਏ ਜੀਊਣ ਜੋਗਿਆ! ਇਕ ਇਹੋ ਰਸਤਾ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ, ਧਰਤੀ ਮਾਂ ਦੇ ਸੀਨੇ ਠੰਡ ਪਾਉਣ ਦਾ ਤੇ ਕੁਦਰਤੀ ਕਰੋਪੀ ਦੇ ਕਹਿਰ ਬਰਪਾਏ ਜਾਣ ਤੋਂ ਬਚਣ ਦਾ।

‘‘ਹਿੰਮਤ ਕਰ ਪੁੱਤਰਾ ! ਆਵਾਜ਼ ਚੁੱਕ। ਪੰਜਾਬ ਵਿੱਚ ਕਿਸੇ ਨਾਬਾਲਗ ਧੀ ਨੂੰ ਮਾੜੀ ਅੱਖ ਨਾਲ ਝਾਕਣ ਵਾਲੇ ਨੂੰ ਫਾਂਸੀ ਜਾਂ ਉਮਰ ਕੈਦ ਦੀ ਸਜ਼ਾ ਲਾਜ਼ਮੀ ਕਰਵਾ। ਅਜਿਹੇ ਜ਼ਾਲਮਾਂ ਦੇ ਟੱਬਰਾਂ ਨਾਲ ਵੀ ਸਮਾਜਿਕ ਬਾਈਕਾਟ ਜ਼ਰੂਰੀ ਹੈ ਤਾਂ ਜੋ ਹਰ ਮਾਂ ਤੇ ਹਰ ਪਿਓ ਆਪਣੇ ਬੱਚੇ ਦੇ ਵਧੀਆ ਪਾਲਣ ਪੋਸ਼ਣ ਵਿਚ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਨਿਭਾਏ।

‘‘ਇੰਜ ਸਮਾਜ ਵਿਚਲੇ ਮਾੜੇ ਅਨਸਰ ਆਪਣੇ ਆਪ ਘਟਣੇ ਸ਼ੁਰੂ ਹੋ ਜਾਣਗੇ। ਜਬਰਜ਼ਨਾਹ ਦੀਆਂ ਸ਼ਿਕਾਰ ਨਾਬਾਲਗ ਧੀਆਂ ਨੂੰ ਵਾਪਸ ਸਮਾਜ ਵਿਚ ਪੂਰੀ ਇੱਜ਼ਤ ਨਾਲ ਸ਼ਾਮਲ ਕਰਨ ਦੀ ਲੋੜ ਹੈ ਅਤੇ ਅਜਿਹੀਆਂ ਧੀਆਂ ਨੂੰ ਅਪਨਾਉਣ ਲਈ ਸੁਹਿਰਦ ਪੁੱਤਰ ਅਗਾਂਹ ਆਉਣੇ ਚਾਹੀਦੇ ਹਨ ਜੋ ਇਨ੍ਹਾਂ ਬੇਕਸੂਰ ਬੱਚੀਆਂ ਨੂੰ ਸਿਰ ਉਤਾਹ ਚੁੱਕ ਕੇ ਜੀਊਣ ਦਾ ਰਾਹ ਵਿਖਾਉਣ।

‘‘ਇਹ ਸੋਚ ਬਦਲਣ ਦੀ ਲੋੜ ਹੈ ਤਾਂ ਜੋ ਨਵੀਂ ਕ੍ਰਾਂਤੀ ਲਿਆਈ ਜਾ ਸਕੇ ਅਤੇ ਹਰ ਧੀ ਨਿਰੀਪੁਰੀ ਲੂਣ ਦੀ ਪੁੜੀ ਬਣਨੀ ਛੱਡ ਮਾਂ ਚੰਡੀ ਦਾ ਰੂਪ ਧਾਰਨ ਕਰ ਸਮਾਜ ਦੇ ਦੁਸ਼ਮਨਾਂ ਦਾ ਖ਼ਾਤਮਾ ਕਰ ਸਕੇ ਅਤੇ ਮਰਦ ਦੇ ਮੋਢੇ ਨਾਲ ਮੋਢਾ ਜੋੜ ਵਧੀਆ ਸਮਾਜ ਦੀ ਸਿਰਜਨਾ ਕਰ ਸਕੇ ! ਆਮੀਨ!!’’

ਤੈਨੂੰ ਲੰਮੀ ਉਮਰ ਦੀਆਂ ਦੁਆਵਾਂ ਦਿੰਦੀ, ਤੇਰੀ ਧਰਤੀ ਮਾਂ !

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, (ਪਟਿਆਲਾ)-ਫੋਨ ਨੰ: 0175-2216783