ਸਮਾਜਿਕ ਰਿਸ਼ਤੇ ਬਨਾਮ ਗੁਰਮਤਿ ਅਨੁਸਾਰ ਪ੍ਰਭੂ ਨਾਲ ਸਾਡੇ ਅਧਿਆਤਮਿਕ ਰਿਸ਼ਤੇ
ਕਿਰਪਾਲ ਸਿੰਘ ਬਠਿੰਡਾ ਮੋਬ: 98554-80797
ਪ੍ਰਭੂ ਮਨੁੱਖੀ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਸਾਨੂੰ ਇਨ੍ਹਾਂ ਅੱਖਾਂ ਨਾਲ ਨਾ ਹੀ ਦਿਸਦਾ ਹੈ, ਨਾ ਹੱਥਾਂ ਨਾਲ ਟੋਹ ਕੇ ਪਰਖਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਦੇ ਗੁਣਾਂ ਤੇ ਸ਼ਕਤੀ ਦਾ ਕੋਈ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸਾਨੂੰ ਪਦਾਰਥਵਾਦੀ ਜਗਤ ਵਿੱਚ ਵਿਚਰਨ ਵਾਲਿਆਂ ਨੂੰ ਪ੍ਰਭੂ ਦੀ ਹਸਤੀ ਬਾਰੇ ਨਾ ਹੀ ਪੂਰੀ ਸੋਝੀ ਹੋ ਸਕਦੀ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਉਸ ਦੀ ਹਸਤੀ ਸਬੰਧੀ ਕਿਸੇ ਢੰਗ ਨਾਲ ਸਮਝਾਇਆ ਜਾ ਸਕਦਾ ਹੈ। ਇੱਕ ਸਧਾਰਨ ਤੋਂ ਸਧਾਰਨ ਮਨੁੱਖ ਨੂੰ ਸਭ ਤੋਂ ਪਹਿਲਾਂ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਹੀ ਸੋਝੀ ਹੋ ਸਕਦੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਲਈ ਗੁਰਬਾਣੀ ਵਿੱਚ ਪ੍ਰਭੂ ਨੂੰ ਪਰਿਵਾਰਕ ਰਿਸ਼ਤਿਆਂ ਵਿੱਚ ਚਿਤਰਿਆ ਹੈ: ‘‘ਤੂੰ ਮੇਰਾ ਪਿਤਾ, ਤੂੰਹੈ ਮੇਰਾ ਮਾਤਾ॥ ਤੂੰ ਮੇਰਾ ਬੰਧਪੁ, ਤੂੰ ਮੇਰਾ ਭ੍ਰਾਤਾ ॥ ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਭਉ ਕੇਹਾ ਕਾੜਾ ਜੀਉ ?॥’’ (ਮ: ੫ ਅੰਕ ੧੦੩)। ਪ੍ਰਭੂ ਨਿਰੰਕਾਰ ਸਰੂਪ ਹੋਣ ਕਾਰਨ ਉਸ ਨਾਲ ਇਨ੍ਹਾਂ ਦੁਨਿਆਵੀ ਰਿਸ਼ਤਿਆਂ ਵਰਗੇ ਰਿਸ਼ਤੇ ਤਾਂ ਹੋ ਨਹੀਂ ਸਕਦੇ ਪਰ ਗੁਰਬਾਣੀ ਵਿੱਚ ਪ੍ਰਭੂ ਨੂੰ ਮਾਤਾ, ਪਿਤਾ, ਭਰਾ, ਮਿੱਤਰ ਆਦਿਕ ਰਿਸ਼ਤਿਆਂ ਵਿੱਚ ਦਰਸਾਏੇ ਜਾਣਾ ਕੇਵਲ ਸਾਨੂੰ ਸਮਝਾਉਣ ਲਈ ਹੀ ਹੈ ਕਿ ਜਿਸ ਤਰ੍ਹਾਂ ਮਾਤਾ, ਪਿਤਾ ਇਸ ਜਗਤ ਵਿੱਚ ਸਾਡੀ ਹੋਂਦ ਵਿੱਚ ਆਉਣ ਦੇ ਕਾਰਨ ਬਣਦੇ ਹਨ; ਆਪਣੇ ਬੱਚੇ ਦੀ ਬਹੁਤ ਹੀ ਧਿਆਨ ਨਾਲ ਪਾਲਣ ਪੋਸ਼ਣਾ ਕਰਦੇ ਹਨ ਅਤੇ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ। ਔਖੇ ਸਮੇਂ ਭਰਾ ਅਤੇ ਮਿੱਤਰ ਸਹਾਇਤਾ ਕਰਦੇ ਹਨ ਬਿਲਕੁਲ ਉਸੇ ਤਰ੍ਹਾਂ ਪ੍ਰਭੂ ਇਸ ਜਗਤ ਵਿੱਚ ਸਾਡੀ ਹੋਂਦ ਦਾ ਮੁੱਖ ਕਾਰਨ ਹੈ, ਮਾਤਾ ਪਿਤਾ ਵਾਂਗ ਸਾਡੀ ਪਾਲਣਾ ਕਰਦਾ ਹੈ ਅਤੇ ਹਰ ਸਮੇਂ ਮਿੱਤਰਾਂ, ਭਰਾਵਾਂ ਵਾਂਗ ਸਹਾਇਤਾ ਲਈ ਸਾਡੇ ਅੰਗ ਸੰਗ ਰਹਿੰਦਾ ਹੈ। ਸਮਾਜ ਵਿੱਚ ਸਭ ਤੋਂ ਨੇੜਲਾ ਅਤੇ ਸਭ ਤੋਂ ਲੰਬਾ ਸਮਾਂ ਨਿਭਣ ਵਾਲਾ ਰਿਸ਼ਤਾ ਪਤੀ, ਪਤਨੀ ਦਾ ਮੰਨਿਆਂ ਜਾਂਦਾ ਹੈ ਅਤੇ ਇਨ੍ਹਾਂ ਵਿੱਚੋਂ ਇੱਕ ਤੋਂ ਬਿਨਾਂ ਦੂਸਰੇ ਦੀ ਜਿੰਦਗੀ ਅਧੂਰੀ (ਖਾਸ ਕਰਕੇ ਪੁਰਸ਼ ਪ੍ਰਧਾਨ ਸਮਾਜ ਵਿੱਚ ਪਤੀ ਤੋਂ ਬਿਨਾਂ ਪਤਨੀ ਦੀ ਜਿੰਦਗੀ ਸਿਰਫ ਅਧੂਰੀ ਹੀ ਨਹੀਂ ਬਲਕਿ ਦੁੱਭਰ) ਮੰਨੀ ਜਾਂਦੀ ਹੈ। ਇਸੇ ਕਾਰਨ ਗੁਰਬਾਣੀ ਵਿੱਚ ਸਭ ਤੋਂ ਵੱਧ ਮਰਦ ਅਤੇ ਇਸਤ੍ਰੀਆਂ (ਦੋਵਾਂ) ਨੂੰ ਹੀ ਪ੍ਰਭੂ ਦੀਆਂ ਇਸਤ੍ਰੀਆਂ ਅਤੇ ਪ੍ਰਭੂ ਨੂੰ ਸਾਡੇ ਸਭ ਦਾ ਸਾਂਝਾ ਭਰਤਾ ਦੇ ਤੌਰ ’ਤੇ ਚਿਤਵਿਆ ਗਿਆ ਹੈ: ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਮ: ੩ ਅੰਕ ੫੯੨)
ਗੁਰਬਾਣੀ ਵਿੱਚ ਪ੍ਰਭੂ ਨਾਲ ਸਾਡੇ ਪਤੀ, ਪਤਨੀ ਵਾਲੇ ਰਿਸ਼ਤੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ ਕਿ ਜਿਸ ਤਰ੍ਹਾਂ ਜਿਸ ਇਸਤ੍ਰੀ ਦਾ ਪਤੀ ਕਾਲ ਵੱਸ ਹੋ ਜਾਵੇ ਉਸ ਦਾ ਸਮਾਜਿਕ ਜੀਵਨ ਬਹੁਤ ਹੀ ਮੁਸ਼ਕਲਾਂ ਭਰਿਆ ਹੋ ਜਾਂਦਾ ਹੈ। ਹਿੰਦੂ ਧਰਮ ਵਿੱਚ ਤਾਂ ਹੋਰ ਵੀ ਨਿਰਦੈਤਾ ਵਰਤੀ ਜਾਂਦੀ ਸੀ ਕਿ ਵਿਧਵਾ ਹੋਈ ਔਰਤ ਦਾ ਪਤੀ ਤੋਂ ਬਿਨਾਂ ਜੀਵਨ ਜਿਉਣ ਦਾ ਹੱਕ ਹੀ ਖੋਹ ਲਿਆ ਜਾਂਦਾ ਸੀ ਅਤੇ ਉਸ ਨੂੰ ਜ਼ਬਰਦਸਤੀ ਪਤੀ ਦੀ ਬਲਦੀ ਹੋਈ ਚਿਖਾ ਵਿੱਚ ਸੁੱਟ ਕੇ ਜਿਉਂਦੀ ਨੂੰ ਹੀ ਸਾੜ ਕੇ ਮਾਰ ਦਿੱਤਾ ਜਾਂਦਾ ਸੀ। ਇਸ ਘਿਨਾਉਣੇ ਕਤਲ ਨੂੰ ਜਾਇਜ਼ ਠਹਿਰਾਉਣ ਲਈ ਧਾਰਮਿਕ ਰਸਮ ਦਾ ਨਾਮ ਦੇ ਕੇ ਸਤੀ ਹੋਣਾ ਕਿਹਾ ਜਾਂਦਾ ਸੀ। ਉਸੇ ਤਰ੍ਹਾਂ ਗੁਰਬਾਣੀ ਵਿੱਚ ਇਸ ਰਿਸ਼ਤੇ ਰਾਹੀਂ ਸਾਨੂੰ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਪਤੀ ਤੋਂ ਬਿਨਾ ਵਿਧਵਾ ਇਸਤ੍ਰੀ ਜਿਉਂਦੀ ਨਹੀਂ ਰਹਿ ਸਕਦੀ ਬਿਲਕੁਲ ਉਸੇ ਤਰ੍ਹਾਂ ਜਿਸ ਜੀਵ ਇਸਤ੍ਰੀ ਨੇ ਗੁਰੂ ਦੀ ਦੱਸੀ ਹੋਈ ਸਿੱਖਿਆ ’ਤੇ ਚੱਲ ਕੇ ਸਿਮਰਨ ਰਾਹੀਂ ਪ੍ਰਭੂ ਪਤੀ ਨਾਲ ਸਾਂਝ ਨਹੀਂ ਪਾਈ ਉਸ ਨੂੰ ਜਿਉਂਦੀ ਹੋਈ ਨਾ ਸਮਝੋ ਬਲਕਿ ਉਹ ਹਮੇਸ਼ਾਂ ਆਤਮਿਕ ਮੌਤੇ ਮਰੀ ਹੋਈ ਹੁੰਦੀ ਹੈ: ‘‘ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ; ਬਿਨੁ ਪਿਰ ਬਹੁ ਦੁਖੁ ਪਾਵਣਿਆ ॥’’ (ਮ: ੩ ਅੰਕ ੧੧੨) ਇਹ ਦ੍ਰਿਸ਼ਟਾਂਤ ਦੇ ਕੇ ਗੁਰੂ ਸਾਹਿਬ ਜੀ ਨੇ ਸਤੀ ਹੋਣ ਦੀ ਘਿਨਾਉਣੀ ਰਸਮ ਨੂੰ ਮਾਨਤਾ ਨਹੀਂ ਦਿੱਤੀ ਸਗੋ ਇਸ ਦਾ ਹੋਰ ਥਾਂਈਂ ਇਹ ਕਹਿ ਕੇ ਭਰਵਾਂ ਖੰਡਨ ਵੀ ਕੀਤਾ ਹੈ ਕਿ ਉਹ ਇਸਤ੍ਰੀਆਂ ਸਤੀ ਹੋ ਗਈਆਂ, ਨਹੀਂ ਆਖੀਦੀਆਂ ਜੋ ਪਤੀ ਦੀ ਲੋਥ ਦੇ ਨਾਲ ਸੜ ਮਰਨ ਬਲਕਿ ਉਹਨਾਂ ਨੂੰ ਹੀ ਅਸਲ ਸਤੀਆਂ ਸਮਝਣਾ ਚਾਹੀਦਾ ਹੈ ਜੋ ਪ੍ਰਭੂ ਪਤੀ ਦੇ ਵਿਛੋੜੇ ਦੀ ਸੱਟ ਨਾਲ ਮਰ ਜਾਣ। ਪ੍ਰਭੂ ਪਤੀ ਦੀ ਮੌਤ ਤੇ ਵਿਛੋੜੇ ਦੀ ਸੱਟ ਨਾਲ ਮਰ ਜਾਣ ਤੋਂ ਇਹ ਭਾਵ ਨਹੀਂ ਕਿ ਇਸਤ੍ਰੀ ਨੇ ਪਤੀ ਦੇ ਵਿਛੋੜੇ ਵਿੱਚ (ਦਸਰਥ ਵੱਲੋਂ ਆਪਣੇ ਪੁਤਰ ਰਾਮ ਚੰਦਰ ਜੀ ਦੇ ਵਿਛੋੜੇ ਵਿੱਚ ਪ੍ਰਾਣ ਤਿਆਗ ਦਿੱਤੇ ਜਾਣ ਵਾਂਗ) ਪ੍ਰਾਣ ਤਿਆਗਣੇ ਹਨ ਬਲਕਿ ਆਸਾ ਮਨਸਾ ਦੇ ਮਾਰਨ ਵੱਲ ਇਸ਼ਾਰਾ ਹੈ: ‘‘ਸਲੋਕੁ ਮ: ੩ ॥ ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍ ; ਜਿ ਬਿਰਹੇ ਚੋਟ ਮਰੰਨਿ੍ ॥੧॥’’ ਅੱਗੇ ਲਿਖਿਆ ਹੈ ਕਿ ਉਹਨਾਂ ਜਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ, ਜੋ ਆਪਣੇ ਮਾਲਕ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ: ‘‘ਮ: ੩ ॥ ਭੀ, ਸੋ ਸਤੀਆ ਜਾਣੀਅਨਿ ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ ; ਨਿਤ ਉਠਿ ਸੰਮਵਾਲੰਨਿ੍ ॥੨॥’’
ਇਸ ਤੋਂ ਅੱਗੇ ਲਿਖਿਆ ਹੈ (ਸਤੀ) ਇਸਤ੍ਰੀਆਂ ਆਪਣੇ ਪਤੀ ਦੇ ਜੀਉਂਦਿਆਂ ਉਸ ਦੀ ਸੇਵਾ ਕਰਦੀਆਂ ਹਨ, ਪਤੀ ਨੂੰ ‘ਆਪਣਾ’ ਸਮਝਦੀਆਂ ਹਨ ਤਾਂਹੀਏਂ ਸਰੀਰ ਦੇ ਦੁੱਖ ਸਹਿੰਦੀਆਂ ਹਨ। ਪਰ, ਜਿਨ੍ਹਾਂ ਨੇ ਖਸਮ ਨੂੰ ਖਸਮ ਨਾਹ ਜਾਣਿਆ, ਉਹ ਕਿਉਂ ਦੁੱਖਾਂ ਨੂੰ ਸਹਿਣ ਕਰਨਗੀਆਂ ? ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ ਉਹ (ਔਖੇ ਵੇਲੇ) ਨੇੜੇ ਨਹੀਂ ਢੁਕਦੀਆਂ: ‘‘ਮ: ੩ ॥ ਕੰਤਾ ਨਾਲਿ ਮਹੇਲੀਆ ; ਸੇਤੀ ਅਗਿ ਜਲਾਹਿ ॥ ਜੇ ਜਾਣਹਿ ਪਿਰੁ ਆਪਣਾ ; ਤਾ ਤਨਿ, ਦੁਖ ਸਹਾਹਿ ॥ ਨਾਨਕ ! ਕੰਤ ਨ ਜਾਣਨੀ ; ਸੇ ਕਿਉ ਅਗਿ ਜਲਾਹਿ ?॥ ਭਾਵੈ ਜੀਵਉ, ਕੈ ਮਰਉ ; ਦੂਰਹੁ ਹੀ ਭਜਿ ਜਾਹਿ ॥੩॥’’ (ਮ: ੩ ਅੰਕ ੭੮੭)
ਗੁਰੂ ਅਮਰ ਦਾਸ ਜੀ ਨੇ ਸਤੀ ਦੀ ਘਿਨਾਉਣੀ ਰਸਮ ਨੂੰ ਅਕਬਰ ਬਾਦਸ਼ਾਹ ਤੋਂ ਕਾਨੂੰਨੀ ਜ਼ੁਰਮ ਕਰਾਰ ਦਿਵਾ ਕੇ ਇਸ ਨੂੰ ਕਾਨੂੰਨਨ ਬੰਦ ਕਰਵਾਇਆ। ਪਰ ਇਹ ਦੁੱਖ ਦੀ ਗੱਲ ਹੈ ਕਿ ਸਤੀ ਦੇ ਅਸਲੀ ਭਾਵ ਨੂੰ ਸਮਝੇ ਤੋਂ ਬਿਨਾਂ ਅੱਜ ਵੀ ਰੂੜੀਵਾਦੀ ਹਿੰਦੂ ਸਮਾਜ ਵਿੱਚ ਕਦੇ ਕਦਾਈਂ ਸਤੀ ਵਰਗੀ ਅਤਿ ਸ਼ਰਮਨਾਕ ਅਤੇ ਦਰਦਨਾਕ ਘਟਨਾ ਵਾਪਰ ਹੀ ਜਾਂਦੀ ਹੈ ਜਿਸ ਦੀ ਘੋਰ ਨਿੰਦਾ ਕਰਨੀ ਅਤੇ ਸਤੀ ਹੋਣ ਲਈ ਮਜ਼ਬੂਰ ਕਰਨ ਵਾਲਿਆਂ ਨੂੰ ਸਖਤ ਸਜਾਵਾਂ ਦਿਵਾਉਣੀਆਂ ਸਭਿਅਕ ਸਮਾਜ ਦਾ ਫਰਜ਼ ਹੈ।
ਗੁਰੂ ਸਾਹਿਬ ਜੀ ਨੇ ਜੀਵ ਇਸਤ੍ਰੀਆਂ (ਜਿਸ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਹਨ) ਨੂੰ ਸਿਮਰਨ ਰਾਹੀਂ ਪ੍ਰਭੂ ਪਤੀ ਨਾਲ ਸਦੀਵੀ ਸਾਂਝ ਪਾਉਣ ਵਾਲੀਆਂ ਇਸਤ੍ਰੀਆਂ ਨੂੰ ਹੀ ਸਦਾ ਸੁਹਾਗਣਾਂ ਦੱਸ ਕੇ ਉਪਦੇਸ਼ ਦਿੱਤਾ ਹੈ ਕਿ ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ ਕਿਉਂਕਿ ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੋਇਆ ਹੈ : ‘‘ਸੇਜ ਸੁਹਾਵੀ, ਸਦਾ ਪਿਰੁ ਰਾਵੈ ; ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ, ਨ ਕਦੇ ਦੁਖੁ ਲਾਗੈ; ਸਦਾ ਸੁਹਾਗਣਿ ਨਾਰਿ ॥’’ (ਮ: ੩ ਅੰਕ ੬੫੧)
ਸਾਡੇ ਸਮਾਜ ਵਿੱਚ ਜਿਹੜੀ ਇਸਤ੍ਰੀ ਆਪਣੇ ਪਤੀ ਨੂੰ ਛੱਡ ਕੇ ਪਰਾਏ ਪੁਰਸ਼ ਨਾਲ ਪਿਆਰ ਪਾਉਂਦੀ ਹੈ ਜਾਂ ਵਿਧਵਾ ਪੈਸੇ ਦੇ ਲਾਲਚ ਆਪਣਾ ਤਨ ਪਰਾਏ ਮਰਦ ਦੇ ਹਵਾਲੇ ਕਰਦੀ ਹੈ ਉਸ ਨੂੰ ਵੇਸਵਾ ਦਾ ਨਾਮ ਦੇ ਕੇ ਧਿ੍ਰਕਾਰਿਆ ਜਾਂਦਾ ਹੈ ਇਸ ਤਰ੍ਹਾਂ ਅਧਿਆਤਮਿਕ ਖੇਤਰ ਵਿੱਚ ਜਿਹੜਾ ਮਨੁੱਖ ਪ੍ਰਭੂ ਪਤੀ ਤੋਂ ਹੋਰ ਕਿਸੇ ਕੱਚੇ ਪਿੱਲੇ ਦੇਹਧਾਰੀ ਗੁਰੂ ਜਾਂ ਦੇਵੀ ਦੇਵਤਿਆਂ ’ਤੇ ਟੇਕ ਰੱਖਦਾ ਹੈ ਉਨ੍ਹਾਂ ਮਨ ਦੇ ਮੁਰੀਦ ਜੀਵਾਂ ਦੀ ਹਾਲਤ ਉਸ ਖੋਟੀ ਚੰਦਰੇ ਲੱਛਣਾਂ ਵਾਲੀ ਤੇ ਮੈਲੀ ਇਸਤ੍ਰੀ ਦੇ ਕਿਰਦਾਰ ਨਾਲ ਤੁਲਨਾ ਕੀਤੀ ਗਈ ਹੈ ਜਿਸ ਨੇ ਘਰ ਵਿਚ ਵੱਸਦਾ ਆਪਣਾ ਖਸਮ ਤਾਂ ਛੱਡ ਦਿੱਤਾ ਹੈ ਪਰ ਪਰਾਏ ਆਦਮੀ ਨਾਲ ਪਿਆਰ ਪਾਇਆ ਹੋਇਆ ਹੈ। ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮਿਟਦੀ ਤੇ ਤ੍ਰਿਸ਼ਨਾ ਵਿਚ ਸੜਦੀ ਹੋਈ ਵਿਲਕਦੀ ਹੈ। ਮਨਮੁਖ ਜੀਵ ਨਾਮ ਤੋਂ ਬਿਨਾ ਭੈੜੇ ਰੂਪ ਵਾਲੀ ਤੇ ਕੁਸੋਹਣੀ ਇਸਤ੍ਰੀ ਵਾਂਗ ਹੈ ਤੇ ਖਸਮ ਵਲੋਂ ਭੀ ਦੁਰਕਾਰੀ ਹੋਈ ਹੈ: ‘‘ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ; ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ; ਜਲਦੀ ਕਰੇ ਪੂਕਾਰ ॥ ਨਾਨਕ ! ਬਿਨੁ ਨਾਵੈ, ਕੁਰੂਪਿ ਕੁਸੋਹਣੀ ; ਪਰਹਰਿ ਛੋਡੀ ਭਤਾਰਿ ॥੧॥’’ (ਮ: ੩ ਅੰਕ ੮੯)
ਜਿਵੇਂ ਵਿਧਵਾ ਕਾਮ-ਵਾਸਨਾ ਵਿਚ ਫਸ ਕੇ ਪੈਸੇ ਦੇ ਲਾਲਚ ਵਿਚ ਫਸ ਕੇ ਆਪਣਾ ਸਰੀਰ ਅਤੇ ਮਨ ਪਰਾਏ ਮਨੁੱਖ ਦੇ ਹਵਾਲੇ ਕਰਦੀ ਹੈ, ਪਰ ਪਤੀ ਤੋਂ ਬਿਨਾ ਉਸ ਨੂੰ ਕਦੀ ਭੀ ਸ਼ਾਂਤੀ ਨਸੀਬ ਨਹੀਂ ਹੋ ਸਕਦੀ ਤਿਵੇਂ ਖਸਮ-ਪ੍ਰਭੂ ਨੂੰ ਭੁਲਾਉਣ ਵਾਲੀ ਜੀਵ-ਇਸਤ੍ਰੀ ਆਪਣਾ ਆਪ ਵਿਕਾਰਾਂ ਦੇ ਅਧੀਨ ਕਰਦੀ ਹੈ, ਪਰ ਪਤੀ-ਪ੍ਰਭੂ ਤੋਂ ਬਿਨਾ ਆਤਮਕ ਸੁਖ ਕਦੇ ਨਹੀਂ ਮਿਲ ਸਕਦਾ : ‘‘ਜਿਉ ਤਨੁ ਬਿਧਵਾ ਪਰ ਕਉ ਦੇਈ ॥ ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥ ਬਿਨੁ ਪਿਰ, ਤ੍ਰਿਪਤਿ ਨ ਕਬਹੂੰ ਹੋਈ ॥੬॥’’ (ਮ: ੧ ਅੰਕ ੨੨੬)
ਅਧਿਆਤਮਕ ਖੇਤਰ ਵਿੱਚ ਦੁਹਾਗਣਾਂ ਉਹ ਨਹੀਂ ਹਨ ਜਿਨ੍ਹਾਂ ਦਾ ਪਤੀ ਕਾਲ ਵੱਸ ਹੋ ਜਾਵੇ ਬਲਕਿ ਦੁਹਾਗਣਾਂ ਉਹ ਹਨ ਜੋ ਵਿਕਾਰਾਂ ਦੇ ਵੱਸ ਪੈ ਕੇ ਪ੍ਰਭੂ ਪਤੀ ਨੂੰ ਭੁਲਾ ਬੈਠੀਆਂ ਹਨ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਣ ਲਈ ਪਹਿਲਾਂ ਆਪ ਹੀ ਸਵਾਲ ਕਰਦੇ ਹਨ ਕਿ ਮੰਦ-ਭਾਗਣ ਜੀਵ-ਇਸਤ੍ਰੀਆਂ ਦੇ ਕੀ ਲੱਛਣ ਹਨ ? ਆਪ ਹੀ ਸਵਾਲ ਦਾ ਜਵਾਬ ਦਿੰਦੇ ਹੋਏ ਫੁਰਮਾਨ ਕਰਦੇ ਹਨ ਕਿ ਮੰਦ-ਭਾਗਣ, ਜੀਵ-ਇਸਤ੍ਰੀਆਂ ਉਹ ਹਨ ਜੇਹੜੀਆਂ ਖਸਮ-ਪ੍ਰਭੂ ਤੋਂ ਖੁੰਝੀਆਂ ਹੋਈਆਂ ਹਨ ਤੇ ਨਿਆਸਰੀਆਂ ਹੋ ਕੇ ਭਟਕ ਰਹੀਆਂ ਹਨ। ਅਜੇਹੀਆਂ ਜੀਵ-ਇਸਤ੍ਰੀਆਂ ਦੇ ਚੇਹਰੇ ਭੀ ਵਿਕਾਰਾਂ ਦੀ ਮੈਲ ਨਾਲ ਭਰਿਸ਼ਟੇ ਹੋਏ ਦਿੱਸਦੇ ਹਨ, ਉਹਨਾਂ ਦੀ ਜ਼ਿੰਦਗੀ-ਰੂਪ ਰਾਤ ਦੁੱਖਾਂ ਵਿਚ ਹੀ ਬੀਤਦੀ ਹੈ : ‘‘ਦੋਹਾਗਣੀ, ਕਿਆ ਨੀਸਾਣੀਆ ? ॥ ਖਸਮਹੁ ਘੁਥੀਆ, ਫਿਰਹਿ ਨਿਮਾਣੀਆ ॥ ਮੈਲੇ ਵੇਸ ਤਿਨਾ ਕਾਮਣੀ ; ਦੁਖੀ ਰੈਣਿ ਵਿਹਾਇ ਜੀਉ ॥’’ (ਮ: ੧ ਅੰਕ ੭੨)
ਸੋ ਮਾਇਆ ਵੇੜੇ ਮਨੁੱਖ ਨੂੰ ਪ੍ਰਭੂ ਦੇ ਗੁਣਾਂ ਸਬੰਧੀ ਵਿਸਥਾਰਤ ਜਾਣਕਾਰੀ ਦੇਣ ਲਈ ਗੁਰੂ ਸਾਹਿਬ ਜੀ ਨੇ ਇਨ੍ਹਾਂ ਸਮਾਜਿਕ ਰਿਸ਼ਤਿਆਂ ਦੇ ਸਬੰਧਾਂ, ਜਿੰਮੇਵਾਰੀਆਂ ਅਤੇ ਫਰਜਾਂ ਦੀ ਜਾਣਕਾਰੀ ਦੇ ਕੇ ਜੀਵਾਤਮਾ ਦੇ ਪ੍ਰਮਾਤਮਾ ਨਾਲ ਸਬੰਧਾਂ ਦੀ ਭਰਪੂਰ ਜਾਣਕਾਰੀ ਦੇਣ ਦਾ ਉਪਕਾਰ ਕੀਤਾ ਹੈ।
ਜਿਸ ਤਰ੍ਹਾਂ ਹਰ ਜਵਾਨ ਲੜਕੇ, ਲੜਕੀ ਦੇ ਮਨ ਵਿੱਚ ਆਪਣੇ ਵਿਆਹ ਦੀ ਉਮੰਗ ਅਤੇ ਵਿਸ਼ੇਸ਼ ਚਾਉ ਹੁੰਦਾ ਹੈ ਇਸੇ ਤਰ੍ਹਾਂ ਪ੍ਰਭੂ ਤੋਂ ਵਿਛੁੜੀ ਹਰ ਜੀਵਾਤਮਾ ਪ੍ਰਭੂ ਨਾਲ ਮੇਲ ਲਈ ਹਮੇਸ਼ਾਂ ਤਾਂਘ ਰੱਖਦੀ ਹੈ। ਇਹੋ ਕਾਰਨ ਹੈ ਕਿ ਗੁਰਮਤਿ ਅਨੁਸਾਰ ਅਨੰਦ ਕਾਰਜ ਦੀ ਮਰਯਾਦਾ ਨਿਭਾਉਣ ਸਮੇਂ ਜੋ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ ਉਸ ਪਾਠ ਰਾਹੀਂ ਵੀ ਲੜਕੀ ਮਨੋਭਾਵਨਾਵਾਂ ਦੀ ਵਰਤੋਂ ਕਰਦੇ ਹੋਏ ਅਸਲ ਸੰਦੇਸ਼ ਸਦਾ ਥਿਰ ਪ੍ਰਭੂ ਨਾਲ ਜੀਵ ਇਸਤ੍ਰੀ ਦੇ ਵਿਆਹ ਦਾ ਭਾਵ ਸਦੀਵੀ ਮੇਲ ਹੋਣ ਦਾ ਹੀ ਦਿੱਤਾ ਹੋਇਆ ਹੈ। ਜੀਵਾਤਮਾ ਦਾ ਪ੍ਰਮਾਤਮਾ ਨਾਲ ਸਦੀਵੀ ਮੇਲ ਹੋਣ ਤੋਂ ਪਹਿਲਾਂ ਵਾਪਰਨ ਵਾਲੀਆਂ ਚਾਰ ਅਵਸਥਾਵਾਂ ਦਾ ਜ਼ਿਕਰ ਹੀ ਚਾਰ ਲਾਵਾਂ ਵਿੱਚ ਕੀਤਾ ਹੋਇਆ ਹੈ। ਸੰਖੇਪ ਰੂਪ ਵਿੱਚ ਚਾਰ ਲਾਵਾਂ ਦਾ ਕ੍ਰਮਵਾਰ ਸੰਦੇਸ਼ ਇਸ ਤਰ੍ਹਾਂ ਹੈ : ‘ਕਿ ਪ੍ਰਭੂ ਦੀ ਮਿਹਰ ਨਾਲ ਗੁਰੂ ਨੇ ਸਿੱਖ ਨੂੰ ਹਰਿ-ਨਾਮ ਜਪਣ ਦੇ ਆਹਰ ਵਿਚ ਰੁੱਝਣ ਦਾ ਕੰਮ ਨਿਸ਼ਚੇ ਕਰਾਇਆ ਹੈ (ਤਾਕੀਦ ਕੀਤੀ ਹੈ)। ਇਹੀ ਹੈ ਪ੍ਰਭੂ-ਪਤੀ ਨਾਲ (ਜੀਵ-ਇਸਤ੍ਰੀ ਦੇ ਵਿਆਹ ਦੀ) ਪਹਿਲੀ ਸੋਹਣੀ ਲਾਂਵ; ਹਰਿ-ਨਾਮ ਸਿਮਰਨ ਤੋਂ ਹੀ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦਾ ਮੁੱਢ ਬੱਝਦਾ ਹੈ : ‘‘ਹਰਿ ਪਹਿਲੜੀ ਲਾਵ ਪਰਵਿਰਤੀ, ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥.. ਜਨੁ ਕਹੈ ਨਾਨਕੁ, ਲਾਵ ਪਹਿਲੀ; ਆਰੰਭੁ ਕਾਜੁ ਰਚਾਇਆ ॥੧॥’’
ਗੁਰੂ ਦੀ ਸਰਨ ਪੈ ਕੇ, ਹਉਮੈ ਦੂਰ ਕਰਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣਾ-ਪ੍ਰਭੂ ਨੇ ਇਹ ਦੂਜੀ ਲਾਂਵ (ਜੀਵ-ਇਸਤ੍ਰੀ ਦੇ ਵਿਆਹ ਦੀ) ਤੋਰ ਦਿੱਤੀ ਹੈ, ਇਸ ਆਤਮਕ ਅਵਸਥਾ ’ਤੇ ਪਹੁੰਚੀ ਜੀਵ-ਇਸਤ੍ਰੀ ਦੇ ਅੰਦਰ ਪ੍ਰਭੂ ਸਿਫ਼ਤਿ-ਸਾਲਾਹ ਦੀ ਬਾਣੀ ਦੇ, ਮਾਨੋ, ਇਕ-ਰਸ ਵਾਜੇ ਵਜਾ ਦੇਂਦਾ ਹੈ: ‘‘ਹਰਿ ਦੂਜੜੀ ਲਾਵ; ਸਤਿਗੁਰੁ ਪੁਰਖੁ ਮਿਲਾਇਆ, ਬਲਿ ਰਾਮ ਜੀਉ ॥ .. ਜਨ ਨਾਨਕ, ਦੂਜੀ ਲਾਵ ਚਲਾਈ; ਅਨਹਦ ਸਬਦ ਵਜਾਏ ॥੨॥’’
ਹਰਿ ਨਾਮ ਜਪਣ ਦੀ ਪਹਿਲੀ ਅਵਸਥਾ ਤੋਂ ਸ਼ੁਰੂ ਹੋ ਕੇ ਜਦੋਂ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਅਤੇ ਉਸ ਨੂੰ ਸਰਬ-ਵਿਆਪਕ ਵੇਖਣ ਦੀ ਦੂਜੀ ਅਵਸਥਾ ਸਫਲਤਾ ਪੂਰਬਕ ਪਾਰ ਲੰਘਦੀ ਹੈ ਤਾਂ ਤੀਜੀ ਅਵਸਥਾ ਵਿੱਚ ਵੈਰਾਗਵਾਨਾਂ ਦੇ ਮਨ ਵਿਚ ਪ੍ਰਭੂ ਮਿਲਾਪ ਲਈ ਤੀਬਰ ਤਾਂਘ ਪੈਦਾ ਹੁੰਦੀ ਹੈ; ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਤੀਜੀ ਸੋਹਣੀ ਲਾਂਵ ਹੈ: ‘‘ਹਰਿ ਤੀਜੜੀ ਲਾਵ; ਮਨਿ ਚਾਉ ਭਇਆ, ਬੈਰਾਗੀਆ, ਬਲਿ ਰਾਮ ਜੀਉ ॥.. ਜਨੁ ਨਾਨਕੁ ਬੋਲੇ, ਤੀਜੀ ਲਾਵੈ; ਹਰਿ ਉਪਜੈ ਮਨਿ ਬੈਰਾਗੁ ਜੀਉ॥੩॥’’
ਜਦੋਂ ਪ੍ਰਭੂ ਮਿਲਾਪ ਦੀ ਤਾਂਘ ਪੈਦਾ ਹੋ ਜਾਂਦੀ ਹੈ ਤਾਂ ਨਾਮ ਜਪਣ, ਪ੍ਰਭੂ ਦੀ ਸਿਫਤ ਸਲਾਹ ਕਰਨ, ਹਰ ਥਾਂ ਪ੍ਰਭੂ ਨੂੰ ਸਰਬ ਵਿਆਪਕ ਵੇਖਣ ਦੀ ਬਰਕਤ ਅਤੇ ਪ੍ਰਭੂ ਦੀ ਮੇਹਰ ਨਾਲ ਜਿਸ ਜੀਵ-ਇਸਤ੍ਰੀ ਦੇ ਮਨ ਵਿਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ ਨੂੰ ਪ੍ਰਭੂ ਮਿਲਾਪ ਹੋ ਜਾਂਦਾ ਹੈ। ਇਹ ਆਤਮਕ ਅਵਸਥਾ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਮਿਲਾਪ ਦੀ ਚੌਥੀ ਸੋਹਣੀ ਲਾਂਵ ਹੈ: ‘‘ਹਰਿ ਚਉਥੜੀ ਲਾਵ; ਮਨਿ ਸਹਜੁ ਭਇਆ, ਹਰਿ ਪਾਇਆ, ਬਲਿ ਰਾਮ ਜੀਉ ॥’’ ਪ੍ਰਭੂ-ਪਤੀ ਨਾਲ ਜੀਵ-ਇਸਤ੍ਰੀ ਦੇ ਵਿਆਹ ਦੀ ਚੌਥੀ ਲਾਂਵ ਸਮੇ ਜੀਵ-ਇਸਤ੍ਰੀ ਕਦੇ ਨਾਸ ਨਾਹ ਹੋਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ: ‘‘ਜਨੁ ਨਾਨਕੁ ਬੋਲੇ, ਚਉਥੀ ਲਾਵੈ; ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥’’ (ਸੂਹੀ ਮ: ੪ ਅੰਕ ੭੭੩)।
ਸੋ ਗੁਰੂ ਸਾਹਿਬ ਜੀ ਨੇ ਤਾਂ ਹਰ ਰਿਸ਼ਤੇ ਅਤੇ ਹਰ ਸਮੇਂ ਨੂੰ ਪ੍ਰਭੂ ਪਤੀ ਨਾਲ ਸਦੀਵੀ ਮੇਲ ਲਈ ਵਰਤਿਆ ਹੈ ਪਰ ਅਫਸੋਸ ਹੈ ਕਿ ਅੱਜ ਕੱਲ੍ਹ ਸਿੱਖਾਂ ਦੇ ਆਮ ਘਰਾਂ ਵਿੱਚ ਅਨੰਦ ਕਾਰਜ ਸਮੇਂ ਪੜ੍ਹੀਆਂ ਜਾਣ ਵਾਲੀਆਂ ਚਾਰ ਲਾਵਾਂ ਜੋ ਗੁਰੂ ਸਾਹਿਬ ਜੀ ਨੇ ਅਧਿਆਤਮਿਕ ਖੇਤਰਾਂ ਦੀਆਂ ਸਿਖਰਾਂ ਛੋਹਦੀਆਂ ਉਚਾਰਨ ਕੀਤੀਆਂ ਹਨ ਉਨ੍ਹਾਂ ਦਾ ਅਸਲੀ ਭਾਵ ਸਮਝਣ ਸਮਝਾਉਣ ਦੀ ਬਜਾਏ ਬਿਨਾਂ ਇਨ੍ਹਾਂ ਦਾ ਅਰਥ ਸਮਝੇ ਸਮਝਾਏ ਬੜੀ ਹੀ ਕਾਹਲੀ ਵਿੱਚ ਇੱਕ ਰਸਮ ਵਜੋਂ ਪੜ੍ਹ ਕੇ ਉਹ ਅਧਿਆਤਮਿਕ ਲਾਹਾ ਖੱਟਣ ਤੋਂ ਵਾਂਝੇ ਰਹਿ ਜਾਂਦੇ ਹੈ ਜਿਸ ਮਕਸਦ ਲਈ ਗੁਰੂ ਸਾਹਿਬ ਜੀ ਨੇ ਇਹ ਉਚਾਰਨ ਕੀਤੀਆਂ ਸਨ।
ਆਪਣੇ ਚਿੱਤ ਵਿੱਚ ਪ੍ਰਭੂ ਦਾ ਹਮੇਸ਼ਾ ਚੇਤਾ ਰੱਖਣਾ ਅਤੇ ਉਸ ਵੱਲੋਂ ਦਿੱਤੀਆਂ ਦਾਤਾਂ ਲਈ ਉਸ ਦਾ ਸ਼ੁਕਰ ਕਰਨਾ ਤਾਂ ਧਰਮ ਦੀ ਪਹਿਲੀ ਪਾਉੜੀ ਹੈ ਹੀ ਪਰ ਪ੍ਰਭੂ ਨੂੰ ਸਰਬ ਵਿਆਪਕ ਅਤੇ ਘਟ ਘਟ ਵਿੱਚ ਵਸਦਾ ਪਹਿਚਾਣ ਕੇ ਆਪਣੇ ਰਿਸ਼ਤਿਆਂ ਦੀਆਂ ਸਹੀ ਜਿੰਮੇਵਾਰੀਆਂ ਅਤੇ ਫਰਜ ਨਿਭਾਉਣੇ ਵੀ ਪ੍ਰਭੂ ਦਾ ਸਿਮਰਨ ਦਾ ਅਹਿਮ ਹਿੱਸਾ ਹੈ। ਭਾਵ ਬੱਚਿਆਂ ਵਿੱਚ ਰੱਬ ਵਸਦਾ ਮਹਿਸੂਸ ਕਰਕੇ ਉਨ੍ਹਾਂ ਦੀ ਪ੍ਰਤਿਪਾਲਣਾ ਕਰਨੀ ਮਾਤਾ ਪਿਤਾ ਲਈ ਪ੍ਰਭੂ ਦੀ ਸੇਵਾ ਕਰਨਾ ਹੈ। ਬਜੁਰਗਾਂ ਵਿੱਚ ਪ੍ਰਭੂ ਵਸਦਾ ਮਹਿਸੂਸ ਕਰਕੇ ਉਨ੍ਹਾਂ ਦੀ ਪੁੱਤਰਾਂ ਵੱਲੋਂ ਸੇਵਾ ਕਰਨੀ ਹੀ ਪ੍ਰਭੂ ਦੀ ਸੇਵਾ ਹੈ। ਇਸੇ ਤਰ੍ਹਾਂ ਪਤੀ ਪਤਨੀ ਨੇ ਇੱਕ ਦੂਸਰੇ ਅਤੇ ਨੂੰਹ ਸੱਸ ਨੇ ਇੱਕ ਦੂਸਰੀ ਵਿੱਚ ਉਹੀ ਪ੍ਰਭੂ ਵਸਦਾ ਮਹਿਸੂਸ ਕਰਕੇ ਆਪੋ ਆਪਣੇ ਫਰਜ ਅਤੇ ਜਿੰਮੇਵਾਰੀਆਂ ਨਿਭਾਉਣੀਆਂ ਹੀ ਪ੍ਰਭੂ ਦੀ ਸੇਵਾ ਭਾਵ ਸਿਮਰਨ ਹੈ। ਜਦ ਸਾਡੇ ਘਰ ਪਰਿਵਾਰ ਵਿੱਚ ਇੱਕ ਦੂਸਰੇ ਵਿੱਚ ਉਹੀ ਪ੍ਰਭੂ ਵਸਣ ਦੀ ਆਦਤ ਦ੍ਰਿੜ੍ਹ ਹੋ ਜਾਵੇਗੀ ਤਾਂ ਹੀ ਅਸੀਂ ਘਰ ਤੋਂ ਬਾਹਰ ਸਮੁੱਚੀ ਕਾਇਨਾਤ ਦੇ ਸਮੁੱਚੇ ਜੀਵਾਂ ਵਿੱਚ ਪ੍ਰਭੂ ਵਸਦਾ ਵੇਖ ਕੇ ਉਨ੍ਹਾਂ ’ਤੇ ਦਇਆ ਅਤੇ ਸੇਵਾ ਕਰਨ ਦੀ ਆਦਤ ਬਣਾ ਸਕਦੇ ਹਾਂ। ਜੋ ਪਤਨੀ ਪਤੀ ਇੱਕ ਦੂਸਰੇ ਵਿੱਚ ; ਨੂੰਹ ਆਪਣੀ ਸੱਸ ਵਿੱਚ ਅਤੇ ਸੱਸ ਆਪਣੀ ਨੂੰਹ ਵਿੱਚ; ਪੁੱਤਰ ਆਪਣੇ ਬਜੁਰਗ ਮਾਤ ਪਿਤਾ ਵਿੱਚ ਉਹੀ ਪ੍ਰਭੂ ਵੇਖ ਕੇ ਉਨ੍ਹਾਂ ਪ੍ਰਤੀ ਆਪਣੇ ਫਰਜ ਨਹੀਂ ਨਿਭਾ ਸਕਦੇ ਉਨ੍ਹਾਂ ਵੱਲੋਂ ਧਾਰਮਿਕ ਕਰਮ ਕਰਨੇ ਅਤੇ ਲਾਈਟਾਂ ਬੰਦ ਕਰਕੇ ਸਿਮਰਨ ਕਰਨੇ ਲੋਕ ਵਿਖਾਵੇ ਤੋਂ ਵੱਧ ਕੁਝ ਵੀ ਨਹੀਂ ਜਿਸ ਨੂੰ ਪ੍ਰਭੂ ਜੀ ਕਦੀ ਵੀ ਪ੍ਰਵਾਨ ਨਹੀਂ ਕਰਦੇ। ਭਾਈ ਗੁਰਦਾਸ ਜੀ ਨੇ ਬੜੇ ਹੀ ਸੋਹਣੇ ਸ਼ਬਦਾਂ ਵਿੱਚ ਲਿਖਿਆ ਹੈ:
‘‘ਮਾਂ ਪਿਉ ਪਰਹਰਿ, ਸੁਣੈ ਵੇਦੁ ; ਭੇਦੁ ਨ ਜਾਣੈ, ਕਥਾ ਕਹਾਣੀ।
ਮਾਂ ਪਿਉ ਪਰਹਰਿ, ਕਰੈ ਤਪੁ ਵਣਖੰਡਿ ; ਭੁਲਾ ਫਿਰੈ ਬਿਬਾਣੀ।
ਮਾਂ ਪਿਉ ਪਰਹਰਿ, ਕਰੈ ਪੂਜੁ ਦੇਵੀ ਦੇਵ ; ਨ ਸੇਵ ਕਮਾਣੀ।
ਮਾਂ ਪਿਉ ਪਰਹਰਿ, ਨ੍ਹਾਵਣਾ ਅਠਸਠਿ ਤੀਰਥ ; ਘੁੰਮਣ ਵਾਣੀ।
ਮਾਂ ਪਿਉ ਪਰਹਰਿ, ਕਰੈ ਦਾਨ ; ਬੇਈਮਾਨ ਅਗਿਆਨ ਪਰਾਣੀ।
ਮਾਂ ਪਿਉ ਪਰਹਰਿ, ਵਰਤ ਕਰਿ ; ਮਰਿ ਮਰਿ ਜੰਮੈ ਭਰਮਿ ਭੁਲਾਣੀ।
ਗੁਰੁ ਪਰਮੇਸਰੁ ਸਾਰੁ ਨ ਜਾਣੀ ॥੧੩॥’’ ਭਾਈ ਗੁਰਦਾਸ ਜੀ (ਵਾਰ ੩੭ ਪਉੜੀ ੧੩) ਜਿਸ ਦਾ ਪੰਕਤੀ ਵਾਰ ਅਰਥ ਹੈ:
ਮਾਪਿਆਂ ਨੂੰ ਤਿਆਗ ਕੇ ਧਰਮ ਪੁਸਤਕ ਸੁਣੇ (ਉਹ ਭੇਦ) ਨਹੀਂ ਜਾਣੇਗਾ, ਕਥਾ ਸੁਣੇ (ਤਾਂ ਉਹ) ਕਹਾਣੀ ਹੀ ਹੈ। ਮਾਂ ਪਿਉ ਨੂੰ ਤਿਆਗ ਕੇ ਜੰਗਲਾਂ ’ਚ ਜਾ ਕੇ ਜੋ ਤਪ ਕਰਦਾ ਹੈ, ਉਹ ਬਿਆਬਾਂਨਾਂ ਵਿਖੇ ਭੁਲਾ ਫਿਰਦਾ ਹੈ। (ਭਾਵ ਆਪਣੇ ਸਰੂਪ ਰੂਪੀ ਘਰ ਨੂੰ ਨਹੀਂ ਪਹਿਚਾਣਦਾ)। ਮਾਂ ਪਿਉ ਨੂੰ ਛੱਡ ਕੇ ਜੋ ਪੂਜਾ ਕਰਦਾ ਹੈ, ਉਸ ਦੀ ਸੇਵਾ ਕਮਾਈ ਨੂੰ ਦੇਵਤੇ ਨਹੀਂ ਮੰਨਦੇ ਹਨ। ਮਾਂ ਪਿਉ ਨੂੰ ਛੱਡ ਕੇ ਜੋ 68 ਤੀਰਥਾਂ ਵਿਖੇ ਇਸ਼ਨਾਨ ਕਰਦਾ ਹੈ ਉਹ ਘੁੰਮਣਵਾਣੀ ਵਿਖੇ ਪਿਆ ਗ਼ੋਤੇ ਖਾਂਦਾ ਹੈ। ਮਾਂ ਪਿਉ ਨੂੰ ਛੱਡ ਕੇ ਜੋ ਦਾਨ ਕਰਦਾ ਹੈ ਉਹ (‘ਬੇਈਮਾਨ’) ਅਧਰਮੀ ਅਤੇ ਅਗਿਆਨੀ ਪ੍ਰਾਣੀ ਹੈ। ਮਾਂ ਪਿਉ ਨੂੰ ਛੱਡ ਕੇ ਵਰਤ ਨੇਮ ਕਰਨ ਵਾਲਾ (ਚੌਰਾਸੀ ਲਖ ਜੂਨੀਆਂ) ਵਿਖੇ ਭਰਮ ਦਾ ਭੁੱਲਾ ਹੋਇਆ ਪਿਆ ਫਿਰਦਾ ਹੈ। ਗੁਰੂ ਅਤੇ ਪਰਮੇਸਰ ਦੀ ਸਾਰ ਉਸ ਨੇ ਨਹੀਂ ਸਮਝੀ।
ਭਾਵ-ਜਿਸ ਵਿਚ ਉਪਕਾਰ ਦੀ ਭਾਵਨਾ ਨਹੀਂ, ਮਾਪਿਆਂ ਜੈਸੇ ਕੁਦਰਤੀ ਪਿਆਰਿਆਂ ਦਾ ਮੋਹ ਜਿਸ ਨੂੰ ਖਿੱਚ ਨਹੀਂ ਪਾਉਂਦਾ, ਉਹ ਜੋ ਕਰਮ ਕਰਦਾ ਹੈ ਕੇਵਲ ਦਿਖਾਵੇ ਜਾਂ ਹਉਂ ਦੇ ਬੰਧ ਵਿਚ, ਓਹ ਸਾਰੇ ਹੀ ਨਿਸਫਲ ਹਨ ਕਿਉਂਕਿ ਉਸ ਦੇ ਸਰੀਰਕ ਸਬੰਧੀ ਹੀ ਸੰਤੁਸ਼ਟ ਨਹੀਂ, ਫਿਰ ਉਸ ਉੱਤੇ ਗੁਰੂ ਤੇ ਪਰਮੇਸੁਰ ਕਿਸ ਤਰ੍ਹਾਂ ਰੀਝ ਸਕਦੇ ਹਨ?