ਜਲਵਾਯੂ ਪਰਿਵਰਤਨ

0
1009

ਜਲਵਾਯੂ ਪਰਿਵਰਤਨ

ਡਾ. ਸੁਰਿੰਦਰ ਕੁਮਾਰ ਜਿੰਦਲ- 94171-29623

ਇਸ ਬ੍ਰਹਿਮੰਡ ਵਿਚ ਧਰਤੀ ਹੀ ਅਜਿਹਾ ਇਕ ਅਕਾਸ਼ੀ ਪਿੰਡ ਹੈ ਜਿਸ ਉੱਪਰ ਜੀਵਨ ਪਾਇਆ ਗਿਆ ਹੈ। ਧਰਤੀ ਉਪਰ ਅਣਗਿਣਤ ਕਿਸਮਾਂ ਦੇ ਜਾਨਵਰ, ਜੰਤੂ, ਪੌਦੇ, ਰੁੱਖ, ਝਾੜੀਆਂ, ਬੂਟੀਆਂ, ਸੂਖਮ ਜੀਵ, ਉੱਲੀਆਂ, ਕਾਈਆਂ ਆਦਿ ਦੀ ਇਕ ਵੱਡੀ ਗਿਣਤੀ ਮੌਜੂਦ ਹੈ। ਜੀਵਨ ਦੀਆਂ ਇਹ ਭਿੰਨ-ਭਿੰਨ ਕਿਸਮਾਂ ਇਕ ਦੂਜੇ ਨਾਲ ਆਡੇ-ਤਿਰਛੇ ਜੁੜੀਆਂ ਹੋਈਆਂ ਹਨ। ਇਨ੍ਹਾਂ ਨੂੰ ਆਪਸ ਵਿਚ ਜੋੜਣ ਵਾਲੇ ਇਹ ਸਬੰਧ/ਬੰਧਨ ਬੜੇ ਹੀ ਗੁੰਝਲਦਾਰ ਪਰ ਓਨੇ ਹੀ ਕੋਮਲ ਹੁੰਦੇ ਹਨ।

ਧਰਤੀ ਉਪਰ ਭਿੰਨ-ਭਿੰਨ ਸਥਾਨਾਂ ਦੇ ਹਾਲਾਤ ਭਿੰਨ-ਭਿੰਨ ਹੁੰਦੇ ਹਨ। ਕੁਝ ਸਥਾਨ ਬਹੁਤ ਸੁੱਕੇ ਤਾਂ ਕੁਝ ਬਹੁਤ ਨਮੀ ਵਾਲੇ / ਗਿੱਲੇ ਹੁੰਦੇ ਹਨ, ਕੁਝ ਸਥਾਨ ਬਹੁਤ ਗਰਮ ਤਾਂ ਕੁਝ ਬਹੁਤ ਠੰਡੇ ਹੁੰਦੇ ਹਨ, ਕੁਝ ਥਾਵਾਂ ’ਤੇ ਅੱਗ ਵਰ੍ਹਦੀ ਹੈ ਤਾਂ ਕੁਝ ਸਥਾਨ ਬਰਫ਼ ਨਾਲੋਂ ਵੀ ਵੱਧ ਠੰਡੇ ਹੁੰਦੇ ਹਨ। ਇਹ ਸਭ ਜਲਵਾਯੂ ਉੱਪਰ ਨਿਰਭਰ ਕਰਦਾ ਹੈ।

ਜਲਵਾਯੂ ਹੈ ਕੀ=;ਵਸ ਤਕਨੀਕੀ ਤੌਰ ’ਤੇ ਜੇਕਰ ਜਲਵਾਯੂ ਦੀ ਪਰਿਭਾਸ਼ਾ ’ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਿਸੇ ਸਥਾਨ ਦੇ ਦੀਰਘ ਅਵਧੀ ਮੌਸਮ ਨੂੰ ਉਸ ਸਥਾਨ ਦਾ ਜਲਵਾਯੂ (ਅੰਗਰੇਜੀ ਵਿਚ ‘ਕਲਾਈਮੇਟ’) ਕਿਹਾ ਜਾਂਦਾ ਹੈ। ਇਹ ਉਸ ਸਥਾਨ ਦੀਆਂ ਪਿਛਲੇ ਘੱਟੋ ਘੱਟ ਤੀਹ ਸਾਲਾਂ ਦੀਆਂ ਮੌਸਮੀ ਹਾਲਾਤਾਂ ਦੀ ਔਸਤ ਤੇ ਅਧਾਰਤ ਹੁੰਦਾ ਹੈ। ਇਹ ਉਸ ਸਥਾਨ ਦੀਆਂ ਮੌਸਮ / ਰੁੱਤਾਂ ਦੀਆਂ ਆਮ ਹਾਲਤਾਂ, ਝੱਖੜਾਂ, ਹਨੇਰੀਆਂ, ਬਰਸਾਤਾਂ, ਸੋਕਿਆਂ, ਚੱਕਰਵਾਤਾਂ ਆਦਿ ਹਾਲਤਾਂ ਦਾ ਮੱਧਮਾਨ ਹੁੰਦਾ ਹੈ।

ਇਤਿਹਾਸ ਗਵਾਹ ਹੈ ਕਿ ਕਿਸੇ ਵੀ ਸਥਾਨ ਦੇ ਜਲਵਾਯੂ ਨੇ ਉਥੋਂ ਦੀ ਖੇਤੀ, ਆਵਾਜਾਈ ਅਤੇ ਮਨੁੱਖੀ ਰਿਹਾਇਸ਼ਾਂ ਉੱਪਰ ਡੂੰਘਾ ਅਸਰ ਪਾਇਆ ਹੈ। ਜਲਵਾਯੂ ਦੇ ਅਧਿਐਨ ਨੂੰ ‘ਜਲਵਾਯੂ ਵਿਗਿਆਨ’ (ਕਲਾਈਮੇਟਾਲੌਜੀ) ਕਿਹਾ ਜਾਂਦਾ ਹੈ। ਵਿਗਿਆਨ ਦੀ ਵੱਖਰੀ ਸ਼ਾਖਾ ਦੇ ਰੂਪ ਵਿਚ ਇਸ ਦਾ ਇਤਿਹਾਸ ਮੱਧ 19ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ। ‘ਜਲਵਾਯੂ ਪਰਿਵਰਤਨ’ ਬਾਰੇ ਗੱਲ ਕਰਦਿਆਂ ਜ਼ਰੂਰੀ ਹੈ – ਸਮਝਿਆ ਜਾਵੇ ਕਿ ਜਲਵਾਯੂ ਤੇ ਮੌਸਮ ਵਿਚਕਾਰ ਅਤੇ ਜਲਵਾਯੂ ਤੇ ਰੁੱਤਾਂ ਵਿਚਕਾਰ ਕੀ ਅੰਤਰ ਹੈ।

ਪਹਿਲਾਂ ਜਲਵਾਯੂ ਬਨਾਮ ਮੌਸਮ – ‘ਜਲਵਾਯੂ’ ਕਿਸੇ ਸਥਾਨ ਦੀਆਂ ਪਿਛਲੇ ਘੱਟੋ-ਘੱਟ 30 ਸਾਲਾਂ ਦੀਆਂ ਮੌਸਮੀ ਹਾਲਤਾਂ ਦਾ ਮੱਧਮਾਨ ਹੈ ਜਦ ਕਿ ‘ਮੌਸਮ’ ਕਿਸੇ ਸਥਾਨ ਦੀਆਂ ਕਿਸੇ ਖ਼ਾਸ ਪਲ ਦੀਆ ਮੌਸਮੀ ਹਾਲਤਾਂ ਦੱਸਦਾ ਹੈ। ਕਿਸੇ ਸਥਾਨ ਦਾ ਮੌਸਮ ਇਕ ਦਿਨ ਵਿਚ ਵੀ ਕਈ-ਕਈ ਵਾਰ ਬਦਲ ਸਕਦਾ ਹੈ – ਮੌਸਮ ਕਦੇ ਬੱਦਲਵਾਈ ਵਾਲਾ, ਕਦੇ ਧੁੱਪ ਵਾਲਾ, ਕਦੇ ਰੁਮਕਦੀ ਹਵਾ ਵਾਲਾ, ਕਦੇ ਹਨੇਰੀ ਵਾਲਾ ਆਦਿ ਹੋ ਸਕਦਾ ਹੈ।

ਹੁਣ ਜਲਵਾਯੂ ਬਨਾਮ ਰੁੱਤਾਂ- ਜਿਵੇਂ ਕਿ ਪਹਿਲਾਂ ਹੀ ਗੱਲ ਹੋ ਚੁੱਕੀ ਹੈ ਕਿ ਕਿਸੇ ਸਥਾਨ ਦਾ ਜਲਵਾਯੂ ਉਸ ਸਥਾਨ ਦੀਆਂ ਪਿਛਲੇ ਘੱਟੋ-ਘੱਟ ਤੀਹ ਸਾਲਾਂ ਦੀਆਂ ਮੌਸਤੀ ਹਾਲਤਾਂ ਦਾ ਮੱਧਮਾਨ ਹੁੰਦਾ ਹੈ। ਦੂਜੇ ਪਾਸੇ ਰੁੱਤਾਂ ਇਕ ਨਿਸਚਿਤ ਵਕਫ਼ੇ ਤੋਂ ਬਾਅਦ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜਿਵੇਂ ਕਿ ਗਰਮੀ, ਸਰਦੀ, ਬਸੰਤ ਅਤੇ ਪੱਤਝੜ ਦੀ ਰੁੱਤ। ਜਦੋਂ ਮੌਸਮੀ ਬੁਲੇਟਿਨਾਂ ਵਿਚ ਕਿਸੇ ਸਥਾਨ ਦਾ ਤਾਪਮਾਨ ‘ਆਮ’ ਨਾਲੋਂ ਕੁਝ ਡਿਗਰੀ ਘੱਟ ਜਾਂ ਵੱਧ ਦੱਸਿਆ ਜਾਦਾ ਹੈ ਤਾਂ ਇਹ ‘ਆਮ ਤਾਪਮਾਨ’ ਉਨ੍ਹਾਂ ਦਿਨਾਂ ਦੌਰਾਨ ਰਿਕਾਰਡ ਕੀਤੇ ਤਾਪਮਾਨਾਂ ਦੀ ਪਿਛਲੇ ਤੀਹ ਸਾਲਾਂ ਦੀ ਔਸਤ ਹੁੰਦਾ ਹੈ।

ਕਿਸੇ ਸਥਾਨ ਦਾ ਜਲਵਾਯੂ ਮੁੱਖ ਰੂਪ ਨਾਲ ਤਿੰਨ ਗੱਲਾਂ ਉੱਪਰ ਨਿਰਭਰ ਕਰਦਾ ਹੈ – ਭੂ-ਮੱਧ ਰੇਖਾ ਤੋਂ ਦੂਰੀ, ਉਸ ਸਥਾਨ ’ਤੇ ਪੈਣ ਵਾਲੀਆਂ ਸੂਰਜੀ ਕਿਰਨਾਂ ਅਤੇ ਉਥੋਂ ਦੀਆਂ ਹਵਾਵਾਂ ਦਾ ਰੁਖ। ਜਲਵਾਯੂ ਵਿਗਿਆਨੀਆਂ ਨੇ ਬਰਫ਼-ਕੋਰਾਂ, ਬੋਰ-ਸੁਰਾਖਾਂ, ਦਰਖਤੀ ਛੱਲਿਆਂ, ਗਲੇਸ਼ੀਅਰਾਂ ਦੀਆਂ ਲੰਬਾਈਆਂ, ਪਰਾਗ ਕਣਾਂ ਦੇ ਅਵਸ਼ੇਸ਼ਾਂ, ਸਮੁੰਦਰੀ ਤਲਛੱਟਾਂ ਅਤੇ ਸੂਰਜ ਦੁਆਲੇ ਧਰਤੀ ਦੀ ਫੇਰੀ ਦੇ ਪੰਧ ਵਰਗੇ ਕਈ ਅਸਿੱਧੇ ਸੂਚਕਾਂ ਦੇ ਅਧਿਐਨ ਰਾਹੀਂ ਪੁਰਾਤਨ ਧਰਤੀ ਦੇ ਜਲਵਾਯੂਜ਼ਦਾ ਇਕ ਖਾਕਾ ਤਿਆਰ ਕੀਤਾ ਹੈ ਜੋ ਕਿ ਕੁਝ ਦਹਾਕਿਆਂ ਤੋਂ ਲੈ ਕੇ ਲੱਖਾਂ ਸਾਲਾਂ ਪੁਰਾਣੇ ਧਰਤੀਲੇ ਜਲਵਾਯੂ ਦੀ ਇਕ ਤਸਵੀਰ ਪੇਸ਼ ਕਰਦਾ ਹੈ।

ਇਨ੍ਹਾਂ ਸਾਰੇ ਅਧਿਐਨਾਂ / ਪ੍ਰੇਖਣਾਂ ਦੇ ਅਧਾਰ ’ਤੇ ਕਿਹਾ ਜਾਂਦਾ ਹੈ ਕਿ ਸ਼ੁਰੂ-ਸ਼ੁਰੂ ਵਿਚ ਧਰਤੀ ਐਨੀ ਠੰਡੀ ਸੀ ਕਿ ਐਥੇ ਜੀਵਨ ਸੰਭਵ ਨਹੀਂ ਸੀ। ਹੌਲੀ-ਹੌਲੀ ਹਰਾ ਘਰ ਪ੍ਰਭਾਵ ਕਾਰਨ ਇਹ ਗਰਮ ਹੋਣ ਲੱਗੀ (ਯਾਦ ਰਹੇ ਹਰਾ ਘਰ ਪ੍ਰਭਾਵ ਇਕ ਅਜਿਹੀ ਘਟਨਾ ਹੈ ਜਿਸ ਕਾਰਨ ਗਰਮੀ ਧਰਤੀ ਦੇ ਵਾਯੂਮੰਡਲ ਵਿਚ ਵੜ ਤਾਂ ਸਕਦੀ ਹੈ ਪਰ ਨਿੱਕਲ ਨਹੀਂ ਸਕਦੀ)। ਇਸੇ ਪ੍ਰਭਾਵ ਕਾਰਨ ਧੁੱਪ ਵਿਚ ਖੜ੍ਹੇ ਬੰਦ ਸੀਸ਼ਿਆਂ ਵਾਲੇ ਵਾਹਨ ਅੰਦਰ ਇਸ ਦੇ ਬਾਹਰ ਦੇ ਮੁਕਾਬਲੇ ਗਰਮੀ ਬਹੁਤ ਵਧ ਜਾਂਦੀ ਹੈ। ਵਾਹਨਾਂ ਲਈ ਹਰਾ ਘਰ ਪ੍ਰਭਾਵ ਸ਼ੀਸ਼ੇ ਕਰਦੇ ਹਨ ਜਦ ਕਿ ਧਰਤੀ ਉੱਪਰ ਇਹ ਪ੍ਰਭਾਵ ਕਾਰਬਨ ਡਾਈਅਕਸਾਈਡ ਵਰਗੀਆਂ ਗੈਸਾਂ ਕਰਦੀਆਂ ਹਨ।

ਧਰਤੀ ਦੇ ਗਰਮਾਉਣ ਅਤੇ ਕਾਰਬਨ ਡਾਈਆਕਸਾਈਡ ਵਿਚਕਾਰ ਸਬੰਧ ਦੀ ਗੱਲ ਕਰਨ ਵਾਲੇ ਪਹਿਲੇ ਵਿਅਕਤੀਆਂ ਵਿਚ ਬਰਤਾਨਵੀਂ ਇੰਜੀਨੀਅਰ ਜੀ. ਐਸ. ਕੈਲੰਡਰ ਸੀ। ਅਸਲ ਵਿਚ ਲੰਬੇ ਸਮੇਂ ਤੋਂ ਇਹ ਮੰਨਿਆ ਜਾਂਦਾ ਆ ਰਿਹਾ ਹੈ ਕਿ ਮਨੁੱਖ ਕਿਰਿਆਵਾਂ ਜਿਵੇਂ ਕਿ ਜੰਗਲਾਂ ਦੀ ਕਟਾਈ, ਦਲਦਲਾਂ ਨੂੰ ਸੁਕਾਉਣਾ, ਖੇਤੀਬਾੜੀ ਲਈ ਜਲ-ਸ੍ਰੋਤਾਂ ਨੂੰ ਮਿੱਟੀ ਨਾਲ ਭਰ ਦੇਣਾ ਆਦਿ ਨਾਲ ਜਲਵਾਯੂ’ਤੇ ਮਾੜਾ ਅਸਰ ਪੈਂਦਾ ਹੈ। ਪੁਰਾਤਨ ਯੂਨਾਨੀ ਲੋਕ ਵੀ ਮੰਨਦੇ ਸਨ ਕਿ ਕਿਸੇ ਜੰਗਲ ਨੂੰ ਕੱਟਣ, ਮਾਰੂਥਲ ਨੂੰ ਸਿੰਜਣ, ਦਲਦਲਾਂ ਦਾ ਪਾਣੀ ਸੁਕਾਉਣ ਅਤੇ ਜ਼ਿਆਦਾ ਪਸ਼ੂ ਚਾਰਨ (ਐਨਾ ਜ਼ਿਆਦਾ ਕਿ ਘਾਹ ਹੇਠੋਂ ਮਿੱਟੀ ਦਿਸਣ ਲੱਗ ਪਏ) ਨਾਲ ਉਸ ਸਥਾਨ ਅਤੇ ਨੇੜਲੀਆਂ ਥਾਵਾਂ ਉਪਰ ਤਾਪਮਾਨ ਅਤੇ ਵਰਖਾ ਦਾ ਸੁਭਾਅ ਬਦਲ ਜਾਂਦਾ ਹੈ ਪਰ ਇਸ ਸਬੰਧੀ ਅਸਲ ਸਬੂਤ ਕੇਵਲ 1960ਵਿਆਂ ਵਿੱਚ ਮਿਲੇ।

1970ਵਿਆਂ’ਚ ਇਹ ਸਪਸ਼ਟ ਹੋਇਆ ਕਿ ਜੰਗਲ ਹਵਾ ਵਿਚੋਂ ਕਾਰਬਨ ਡਾਈਆਕਸਾਈਡ ਗੈਸ ਸੋਖ ਕੇ ਹਰਾ ਘਰ ਪ੍ਰਭਾਵ ਘਟਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਜਿਸ ਕਾਰਨ ਧਰਤੀ ਜ਼ਿਆਦਾ ਨਹੀਂ ਤਪਦੀ। ਧਰਤੀ ਨੁੰ ਗਰਮ ਰੱਖਣ ਵਾਲਾ ਹਰਾ ਘਰ ਪ੍ਰਭਾਵ ਅੱਜ ਮੁੱਖ ਤੌਰ ’ਤੇ ਕਾਰਬਨ ਡਾਈਆਕਸਾਈਡ ਗੈਸ ਅਤੇ ਜਲ-ਵਾਸ਼ਪਾਂ ਕਾਰਨ ਹੋ ਰਿਹਾ ਹੈ। ਭਾਵੇਂ ਜਲ-ਵਾਸ਼ਪਾਂ ਦਾ ਇਹ ਪ੍ਰਭਾਵ ਬਹੁਤ ਵੱਧ ਹੁੰਦਾ ਹੈ ਪਰ ਹਵਾ ਵਿਚ ਇਨ੍ਹਾਂ ਦੀ ਸੰਘਣਤਾ ਪਿਛਲੇ ਲੱਖਾਂ ਸਾਲਾਂ ਤੋਂ ਲੱਗਪੱਗ ਸਥਿਰ ਹੈ। ਸੋ, ਧਰਤੀ ਦਾ ਤਾਪਮਾਨ ਵਧਣ ਦੀ ਮੌਜੂਦਾ ਕਿਰਿਆ ਲਈ ਮੁੱਖ ਰੂਪ ਨਾਲ ਕਾਰਬਨ ਡਾਈਆਕਸਾਈਡ ਗੈਸ ਹੀ ਜ਼ਿੰਮੇਵਾਰ ਹੈ।

ਸਾਡੇ ਵਾਯੂ ਮੰਡਲ ਵਿਚ ਕਾਰਬਨ ਡਾਈਆਕਸਾਈਡ ਗੈਸ ਦੋ ਸਰੋਤਾਂ ਤੋਂ ਆਉਂਦੀ ਹੈ – ਕੁਦਰਤੀ ਅਤੇ ਮਾਨਵ ਸਿਰਜਿਤ। ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਭੇਜਣ ਵਾਲੇ ਮੁੱਖ ਕੁਦਰਤੀ ਸਾਧਨ ਹਨ – ਜਵਾਲਾਮੁੱਖੀਆਂ ਦਾ ਫਟਣਾ, ਕਾਰਬਨਿਕ ਮਾਦੇ ਦਾ ਖੈਅ ਅਤੇ ਸਜੀਵਾਂ ਦੀ ਸਾਹ ਕਿਰਿਆ। ਕੁਦਰਤ ਕੋਲ ਆਪਣੇ ਦੁਆਰਾ ਉਤਪਾਦਿਤ ਕਾਰਬਨ ਡਾਈਆਕਸਾਈਡ ਗੈਸ ਨੂੰ ਹਵਾ ਵਿਚੋਂ ਹਟਾਉਣ ਦਾ ਬੜਾ ਸੁੰਦਰ ਪ੍ਰਬੰਧ (ਕਾਰਬਨ ਚੱਕਰ) ਮੌਜੂਦ ਹੈ।

ਇਹ ਮਾਨਵ ਸਿਰਜਿਤ ਕਾਰਬਨ ਡਾਈਆਕਸਾਈਡ ਗੈਸ ਹੀ ਹੈ ਜੋ ਅੱਜ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਮੁੱਖ ਤੌਰ ’ਤੇ ਉਦਯੋਗਿਕ ਕ੍ਰਾਂਤੀ (18ਵੀਂ ਸਦੀ ਦੇ ਅੰਤ ’ਚ) ਆਉਣ ਨਾਲ ਵਧਣੀ ਸ਼ੁਰੂ ਹੋਈ। ਉਦਯੋਗਿਕ ਕ੍ਰਾਂਤੀ ਤੋਂ ਪਹਿਲਾਂ ਹਵਾ ਵਿਚ ਕਾਰਬਨ ਡਾਈਆਕਸਾਈਡ ਗੈਸ ਦੀ ਸੰਘਣਤਾ 280 ਪੀ. ਪੀ. ਐਮ. (ਹਿੱਸੇ ਪ੍ਰਤੀ ਦਸ ਲੱਖ) ਸੀ। ਅੱਜ ਇਹ 382 ਪੀ. ਪੀ. ਐਮ. ਹੈ ਅਤੇ ਲਗਾਤਾਰ ਵਧ ਰਹੀ ਹੈ। ਅੰਦਾਜ਼ਾ ਹੈ ਕਿ 2050 ਤੱਕ ਇਹ 450-550 ਪੀ. ਪੀ. ਐਮ. ਹੋ ਜਾਵੇਗੀ।

ਕਾਰਬਨ ਡਾਈਆਕਸਾਈਡ ਗੈਸ ਕਾਰਨ ਹਰਾ ਘਰ ਪ੍ਰਭਾਵ ਵਧ ਰਿਹਾ ਹੈ ਜਿਸ ਕਾਰਨ ਧਰਤੀ ਦਾ ਔਸਤ ਤਾਪਮਾਨ ਗੜਬੜਾ ਰਿਹਾ ਹੈ। ਇਹੀ ਜਲਵਾਯੂ ਪਰਿਵਰਤਨ ਹੈ।

ਵਿਗਿਆਨੀ ਗਲੇਸ਼ੀਅਰਾਂ ਨੂੰ ਜਲਵਾਯੂ ਪਰਿਵਰਤਨ ਦੇ ਸਰਵੋਤਮ ਸੂਚਕ ਮੰਨਦੇ ਹਨ। ਅੱਜ ਹਿਮਾਲਿਅਈ ਗਲੇਸ਼ੀਅਰ ਅਤੇ ਅਲਪਾਈਨ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਕਰਕੇ ਖ਼ਤਰੇ ਹੇਠ ਘੋਸ਼ਿਤ ਹੋ ਚੁਕੇ ਹਨ। ਸਵਿਟਜ਼ਰਲੈਂਡ ਦੀ ਜ਼ਿਊਰਿਚ ਯੂਨੀਵਰਸਿਟੀ ਦੇ ਵਿਗਿਆਨੀਆਂ ਦੁਆਰਾ ਕੀਤੇ ਗਏ ਨਿਊਮੈਰੀਕਲ ਮਾਡਲਿੰਗ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਜੇਕਰ ਸਾਡਾ ਇਹੀ ਵਰਤਾਰਾ ਜਾਰੀ ਰਿਹਾ ਤਾਂ ਇਸ ਸਦੀ ਦੇ ਅੰਤ ਤੱਕ ਯੂਰਪੀ ਐਲਪ ਆਪਣੇ 80% ਗਲੇਸ਼ੀਅਰ ਗੁਆ ਚੁਕੇ ਹੋਣਗੇ।

ਇਕ ਗੱਲ ਜੋ ਸਾਨੂੰ ਸਭ ਨੂੰ ਚੇਤੇ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਗਲੇਸ਼ੀਅਰਾਂ ਦਾ ਤੇਜ਼ੀ ਨਾਲ ਪਿਘਲਣਾ ਸਾਡੇ ਲਈ ਜਿਉਣਾ ਦੁੱਭਰ ਕਰ ਦੇਵੇਗਾ। ਕੇਵਲ ਹਿਮਾਲਿਆਈ ਗਲੇਸ਼ੀਅਰ ਹੀ ਗੰਗਾ, ਸਿੰਧੂ, ਬ੍ਰਹਮਪੁੱਤਰ, ਮੈਕੌਂਗ, ਥੈਨਲਵਿਨ, ਯੰਗਜੀ ਅਤੇ ਯੈਲੋ ਰਿਵਰ ਵਰਗੇ ਮਹੱਤਵਪੂਰਨ ਦਰਿਆਵਾਂ ਨੂੰ ਪਾਣੀ ਦਿੰਦੇ ਹਨ। ਇਹ ਦਰਿਆ ਭਾਰਤ, ਚੀਨ ਅਤੇ ਨੇਪਾਲ ਵਿਚ ਅਰਬਾਂ ਲੋਕਾਂ ਦੀ ਜੀਵਨ ਰੇਖਾ ਹਨ। ਤੇਜ਼ੀ ਨਾਲ ਪਿਘਲਦੇ ਗਲੇਸ਼ੀਅਰਾਂ ਤੋਂ ਆ ਰਿਹਾ ਪਾਣੀ ਦਰਿਆਵਾਂ ਵਿਚ ਇਕ ਵਾਰ ਤਾਂ ਹੜ੍ਹ ਲਿਆ ਦੇਵੇਗਾ ਪਰ ਕੁਝ ਅਰਸੇ ਪਿਛੋਂ ਇਹ ਦਰਿਆ ਸੁੱਕ ਜਾਣਗੇ। (ਕਿਉਂਕਿ ਇਨ੍ਹਾਂ ਨੂੰ ਸੁਰਜੀਤ ਰੱਖਣ ਵਾਲੇ ਗਲੇਸ਼ੀਅਰ ਸੁੱਕ ਚੁੱਕੇ ਹੋਣਗੇ)। ਹੜ੍ਹਾਂ ਅਤੇ ਸੋਕਿਆਂ ਦੀਆਂ ਇਹ ਸਥਿਤੀਆਂ ਭੋਜਨ ਅਤੇ ਚਾਰੇ ਦੀ ਘਾਟ ਪੈਦਾ ਕਰ ਦੇਣਗੀਆਂ। ਨਾਲ ਹੀ ਪੈਦਾ ਹੋਣ ਵਾਲੀਆਂ ਅਨੇਕਾਂ ਹੋਰ ਸਮੱਸਿਆਵਾਂ ਕਾਰਨ ਅਨੇਕਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸ਼ਰਨਾਰਥੀ ਬਣਨਾ ਪਵੇਗਾ।

ਇਸ ਤੋਂ ਇਲਾਵਾ ਜਲਵਾਯੂ-ਪਰਿਵਰਤਨ ਕਾਰਨ ਭਿਆਨਕ ਚੱਕਰਵਾਤ ਆਉਣ ਦੇ ਅੰਦਾਜ਼ੇ ਹਨ। ਨਵੀਂ ਤਰ੍ਹਾਂ ਦੇ ਕੀਟ ਪੈਦਾ ਹੋ ਜਾਣਗੇ ਜੋ ਨਵੀਂ ਕਿਸਮ ਦੀਆਂ ਬਿਮਾਰੀਆਂ ਕਰਨ ਅਤੇ ਫੈਲਾਉਣ ਦਾ ਕਾਰਨ ਬਣਿਆ ਕਰਨਗੇ – ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਸਭ ਕਾਸੇ ਕਾਰਨ ਮੌਤਾਂ ਦੀ ਦਰ ਵਧੇਗੀ ਜਿਸ ਕਾਰਨ ਸਮਾਜਕ ਤਾਣਾ-ਬਾਣਾ ਉਲਝ ਕੇ ਰਹਿ ਸਕਦਾ ਹੈ। ਨਿਸਚੇ ਹੀ ਅਸੀਂ ਅਜਿਹੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ ਹਾਂ । ਅਜਿਹੀਆਂ ਆਪਦਾਵਾਂ ਸਮੇਂ ਕੌਣ ਕਿਸ ਨੂੰ ਸੰਭਾਲੇਗਾ – ਸੋਚ ਕੇ ਮਨ ਕੰਬ ਉੱਠਦਾ ਹੈ।

ਅਜਿਹੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਵਜੋਂ ਸੰਨ 1997 ਵਿਚ ਸੰਸਾਰ ਦੇ ਕੁਝ ਦੇਸ਼ਾਂ ਨੇ ਮਿਲ-ਬੈਠ ਕੇ‘ਕਯੋਟੋ ਸੰਧੀ’ ਨਾਂ ਦੇ ਇਕ ਸਮਝੋਤੇ ਉੱਪਰ ਸਹੀ ਪਾਈ। ਇਸੇ ਤਰ੍ਹਾਂ ਯੂ. ਐਨ. ਐਫ. ਸੀ. ਸੀ. ਸੀ. ਦੀ ਸਿਰਜਣਾ ਕੀਤੀ ਗਈ। ਜੁਲਾਈ 2002 ਵਿਚ ਹੋਇਆ ਬੌਨ ਸਮਝੋਤਾ ਵੀ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀਆਂ ਉਨ੍ਹਾਂ ਮਨੁੱਖੀ ਕੋਸ਼ਿਸ਼ਾਂ ਵਿਚੋਂ ਇੱਕ ਹੈ ਜੋ ਅੰਤਰਰਾਸ਼ਟਰੀ ਪੱਧਰ ਉੱਪਰ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ‘ਕਾਰਬਨ ਟਰੇਡਿੰਗ’ ਅਤੇ ‘ਕਲੀਨ ਡਿਵੈਲਪਮੈਂਟ ਮਕੈਨਿਜ਼ਮ’ ਨਾਮੀ ਧਾਰਨਾਵਾਂ ਵੀ ਅੰਤਰਰਾਸ਼ਟਰੀ ਪੱਧਰ ਉੱਪਰ ਵਿਕਸਿਤ ਕੀਤੀਆਂ ਗਈਆਂ ਹਨ ਤਾਂ ਜੋ ਵਾਤਾਵਰਨ ਦੀ ਸੰਭਾਲ ਅਤੇ ਸਮਾਜਕ ਵਿਕਾਸ ਨਾਲੋ ਨਾਲ ਚੱਲਦੇ ਰਹਿ ਸਕਣ।

ਜਲਵਾਯੂ ਪਰਿਵਰਤਨ ਦਾ ਪ੍ਰਭਾਵ ਮੱਠਾ ਕਰਨ ਲਈ ਅੰਤਰਰਾਸ਼ਟਰੀ ਪੱਧਰ ਉੱਪਰ ਹੋਏ ਸਮਝੋਤੇ ਜ਼ਿਆਦਾਤਰ ਪੱਖਪਾਤੀ ਹਨ ਕਿਉਂਕਿ ਅਮੀਰ ਮੁਲਕਾਂ ਨੇ ਆਪਣੀਆਂ ਪ੍ਰਦੂਸ਼ਣਕਾਰੀ ਕਿਰਿਆਵਾਂ ਦਾ ਪ੍ਰਭਾਵ ਘੱਟ ਕਰਨ ਦੀ ਜ਼ਿੰਮੇਵਾਰੀ ਗਰੀਬ ਮੁਲਕਾਂ ਉੱਪਰ ਪਾਈ ਹੈ। ਇਹ ਇਕ ਅਲੱਗ ਚਰਚਾ ਦਾ ਵਿਸ਼ਾ ਹੈ।

ਜਦੋਂ ਤੱਕ ਅੰਤਰਰਾਸ਼ਟਰੀ ਪੱਧਰ ਉੱਪਰ ਨਿਰਪੱਖ ਉਪਾਅ ਸ਼ੁਰੂ ਨਹੀਂ ਹੁੰਦੇ, ਤਦ ਤੱਕ ਸਾਨੂੰ ਹੱਥ ਉੱਪਰ ਹੱਥ ਰੱਖ ਕੇ ਨਹੀਂ ਬੈਠਣਾ ਚਾਹੀਦਾ। ਜਲਵਾਯੂ ਪਰਿਵਰਤਨ ਦੀ ਚਾਲ ਨੂੰ ਮੱਠਾ ਕਰਨ ਲਈ ਸਾਨੂੰ ਸਥਾਨਕ, ਪ੍ਰਾਂਤਕ ਅਤੇ ਰਾਸ਼ਟਰੀ ਪੱਧਰ ਉੱਪਰ ਹਰ ਸੰਭਵ ਉਪਰਾਲਾ ਕਰਨਾ ਚਾਹੀਦਾ ਹੈ ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਾਉਣੇ, ਰੁੱਖਾਂ ਦੀ ਸੰਭਾਲ ਕਰਨਾ, ਬਿਜਲੀ ਦੀ ਵਰਤੋਂ ਅਤੇ ਬਰਬਾਦੀ ਘੱਟ ਤੋਂ ਘੱਟ ਕਰਨਾ, ਕਾਗਜ਼ ਦੀ ਬਰਬਾਦੀ ਘਟਾਉਣਾ, ਰਸੋਈ ਘਰਾਂ ਤੇ ਆਵਾਜਾਈ ਵਿਚ ਬਾਲਣ ਦੀ ਖਪਤ ਘੱਟ ਤੋਂ ਘੱਟ ਰੱਖਣ ਦੇ ਉਪਰਾਲੇ ਕਰਨਾ, ਜੈਵ ਅਪਘਟਿਤ ਸਮਾਨ ਦੀ ਵਰਤੋਂ ਵਧਾਉਣਾ, ਵਰਤੇ ਗਏ ਸਮਾਨ ਦੀ ਮੁੜ ਵਰਤੋਂ ਜਾਂ ਮੁੜ ਨਿਰਮਾਣ ਲਈ ਢਲਾਈ ਕਰਨਾ , ਆਦਿ।

ਵਾਤਾਵਰਨ ਪੱਖੀ ਇਨ੍ਹਾਂ ਉਪਰਾਲਿਆਂ ਦਾ ਢੁਕਵਾਂ ਪ੍ਰਚਾਰ-ਪ੍ਰਸਾਰ ਵੀ ਕਰਨਾ ਚਾਹੀਦਾ ਹੈ। ਅਧਿੱਕ ਤੋਂ ਅਧਿੱਕ ਲੋਕਾਂ ਨੂੰ ਵਾਤਾਵਰਨ ਪੱਖੀ ਜੀਵਨ ਸ਼ੈਲੀ ਅਪਨਾਉਣੀ ਚਾਹੀਦੀ ਹੈ ਅਤੇ ਹੋਰਨਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸਰਕਾਰਾਂ ਅਤੇ ਸਮਾਜਕ ਸੰਸਥਾਵਾਂ ਨੂੰ ਅਜਿਹੀ ਸੋਚ ਅਤੇ ਜੀਵਨ ਸ਼ੈਲੀ ਅਪਨਾਉਣ ਵਾਲੇ ਵਿਅਕਤੀਆਂ / ਸੰਸਥਾਵਾਂ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ‘ਕਾਰਬਨ ਕਰੈਡਿਟ’ ਵਾਲੀ ਵਿਚਾਰਧਾਰਾ ਅਨੁਸਾਰ ਜਲਵਾਯੂ ਪਰਿਵਰਤਨ ਵਿਰੋਧੀ ਜੀਵਨ ਸ਼ੈਲੀ ਅਪਨਾਉਣ ਵਾਲੇ ਕਰਮਚਾਰੀਆਂ ਲਈ ਲੋਨ ਆਦਿ ਦੀ ਵਿਸ਼ੇਸ਼ ਸਹੂਲਤ ਹੋਣੀ ਚਾਹੀਦੀ ਹੈ। ਨਵੀਂ ਪੀੜ੍ਹੀ ਨੂੰ ਜਲਵਾਯੂ ਪਰਿਵਰਤਨ ਦੇ ਕਾਰਨਾਂ, ਨਤੀਜਿਆਂ ਅਤੇ ਉਪਾਆਂ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਹੋਣੇ ਚਾਹੀਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਵਾਤਾਵਰਨ ਅਤੇ ਪ੍ਰਦੂਸ਼ਣ ਅੰਤਰਰਾਸ਼ਟਰੀ ਅਤੇ ਹੋਰ ਭੂਗੋਲਿਕ ਸੀਮਾਵਾਂ ਅੰਦਰ ਕੈਦ ਨਹੀਂ ਕੀਤੇ ਜਾ ਸਕਦੇ।