ਜਗਤ ਗੁਰੂ-ਬਾਬਾ ਨਾਨਕ ਦਾ ਪੈਗ਼ਾਮ

0
632

ਜਗਤ ਗੁਰੂ-ਬਾਬਾ ਨਾਨਕ ਦਾ ਪੈਗ਼ਾਮ

ਪ੍ਰਿੰਸੀਪਲ ਸਤਿਨਾਮ ਸਿੰਘ, ਹਮਰਾਜ਼ ਬਿਨ ਹਮਰਾਜ਼, 1186 ਸੈਕਟਰ 18 ਸੀ (ਚੰਡੀਗੜ੍ਹ) –98880-47979

ਫਿਰ ਉਠੀ ਆਖ਼ਿਰ ਸਦਾਅ ਤੌਹੀਦ ਕੀ ਪੰਜਾਬ ਸੇ । ਹਿੰਦ ਕੋ ਇੱਕ ਮਰਦਿ ਕਾਮਿਲ ਨੇ ਜਗਾਇਆ ਖ਼ਾਬ ਸੇ ।

           At last a voice of monotheism rose from the Punjab,

           A perfect man roused India  from its deep slumber . (  Dr. Mohammad Iqbal )

 ਕੋਈ ਪੰਜ 547 ਕੁ ਸਾਲ ਪਹਿਲਾਂ (1469 ਈ.) ਹਿੰਦੋਸਤਾਨ ਜਦ ਈਰਖਾ, ਦਵੈਖ, ਖਿਚੋਤਾਣ, ਧਿੰਗੋਜ਼ੋਰੀ, ਜ਼ਾਤ ਪਾਤ, ਕਰਮ-ਕਾਂਡ ਆਦਿ ਦੀ ਦਲਦਲ ’ਚ ਪੂਰੀ ਤਰ੍ਹਾਂ ਖੁਭਿਆ ਹੋਇਆ ਸੀ ਤਾਂ ਐਸੇ ਸਮੇਂ ਪੀੜਤ ਹੋਈ ਲੋਕਾਈ ਦੀ ਦਰਦ-ਪੁਕਾਰ ਧੁਰ ਦਰਗਾਹ ਪੁੱਜੀ। ਜ਼ਾਤਿ ਪਾਕਿ ਮਿਹਰ ਦੇ ਘਰ ਆਈ ਤੇ ਤ੍ਰੱਠ ਕੇ ਇਸ ਆਤਿਸ਼-ਫਸ਼ਾਂ ਪਰਬਤ ਦੇ ਦਹਾਨੇ ਤੇ ਬੈਠੀ ਲੋਕਾਈ ਨੂੰ ਆਪਣੀ ਪਿਆਰ ਭਿੱਜੀ ਛੁਹ ਨਾਲ ਸਰਸ਼ਾਰ ਕਰਨ ਹਿੱਤ ‘ਜਗਤ ਗੁਰੂ-ਬਾਬਾ ਨਾਨਕ’ ਨੂੰ, ਭਾਈ ਗੁਰਦਾਸ ਜੀ ਦੇ ਇਸ ਕਥਨ ਅਨੁਸਾਰ, ਧਰਤ ’ਤੇ ਪਠਾਇਆ (ਭੇਜਿਆ) :-

ਸੁਣੀ ਪੁਕਾਰ ਦਾਤਾਰ ਪ੍ਰਭੁ; ਗੁਰੁ ਨਾਨਕ ਜਗ ਮਾਹਿ ਪਠਾਇਆ ।

ਅਤੇ—— ਕਲਿਜੁਗੁ ਬਾਬੇ ਤਾਰਿਆ; ਸਤਿ ਨਾਮੁ ਪੜਿ ਮੰਤ੍ਰਿ ਸੁਣਾਇਆ ।

ਕਲਿ ਤਾਰਣ ਗੁਰੁ ਨਾਨਕ ਆਇਆ ।

    ਮਾਤਾ ਤ੍ਰਿਪਤਾ ਜੀ ਦੀ ਕੁੱਖ ਤੇ ਪਿਤਾ ਮਹਿਤਾ ਕਾਲੂ ਦਾ ਘਰ ਸੁਭਾਗਾ ਹੁੰਦਿਆਂ ਹੀ ਜੱਗ ਵਿੱਚ ਸਭ ਪਾਸੇ ਪਸਰਿਆ ਝੂਠ ਦਾ ਹਨ੍ਹੇਰਾ ਤੇ ਕੂੜ ਦੀ ਧੁੰਦ ਇਸ ਸੱਚ ਦੇ ਚੰਦਰਮਾਂ ਸਾਹਮਣੇ ਨਾ ਟਿਕਦੇ ਹੋਏ ਅਲੋਪ ਹੋ ਗਏ। ਭਾਈ ਸਾਹਿਬ ਨੇ ਇਸ ਸੱਚ ਨੂੰ ਇੰਝ ਬਿਆਨਿਆ :- ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ ਜਗਿ ਚਾਨਣੁ ਹੋਆ। ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ। ਸਿੰਘ ਬੁਕੇ ਮਿਰਗਾਵਲੀ; ਭੰਨੀ ਜਾਇ ਨ ਧੀਰਿ ਧਰੋਆ। ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ। ਸਿਧ ਆਸਣਿ ਸਭਿ ਜਗਤ ਦੇ; ਨਾਨਕ ਆਦਿ ਮਤੇ ਜੇ ਕੋਆ। ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ। ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪਿ੍ਰਥਮੀ ਸਚਾ ਢੋਆ। ਗੁਰਮਖਿ ਕਲਿ ਵਿਚ ਪਰਗਟੁ ਹੋਆ ॥੨੭॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੭) ਅਤੇ ਇੰਝ ਹੁੰਦਾ ਵੀ ਕਿਉਂ ਨਾ ਜਦ ਕਿ ਗੁਰੂ ਨਾਨਕ ਪਰਮਾਤਮਾ ਦੀ ਕੁਲ ਮਖਲੂਕ ਨੂੰ, ਇੱਕ ਸਮਾਨ ਸਮਝਦਾ ਅਤੇ ਉਸ ਦੇ ਹੀ ਪਿਆਰ ਤੇ ਦਰਦ ਦੇ ਗੀਤ ਗਾਉਂਦਾ । ਗੁਰਦੇਵ ਦਾ ਸਰਬੱਤ ਮਖ਼ਲੂਕ ਲਈ ਮਾਰਿਆ ਹੱਕ ਦਾ ਇਹ ਨਾਅਰਾ ਹੀ ਸੀ, ਜਿਸ ਨੇ ਇਸ ਪ੍ਰਸਿਧ ਲੋਕ ਪ੍ਰਵਾਣਿਤ ਵਾਕ ਨੂੰ ਸਚਿਆਇਆ :- ‘ਨਾਨਕ ਸ਼ਾਹ ਫਕੀਰ । ਹਿੰਦੂ ਕਾ ਗੁਰੂ, ਮੁਸਲਮਾਨ ਕਾ ਪੀਰ।’

ਜਿਸ ਸਮੇਂ ’ਚ ਗੁਰੂ ਨਾਨਕ ਦਾ ਜਨਮ ਹੋਇਆ, ਹਿੰਦੋਸਤਾਨ ਦੀ ਜਨਤਾ ਇੱਕ ਪਾਸੇ ਬਾ੍ਰਹਮਣਵਾਦ ਦੇ ਫੋਕੇ ਤੇ ਕਰਮ-ਕਾਂਡੀ ਚੱਕਰਾਂ ’ਚ ਫਸੀ ਅਤੇ ਦੂਜੇ ਪਾਸੇ ਮਜ਼੍ਹਬੀ ਜਨੂੰਨ ’ਚ ਗ੍ਰਸੇ ਮੁਸਲਮਾਨ ਜਰਵਾਣਿਆਂ ਦੇ ਜ਼ਬਰ ਦਾ ਸ਼ਿਕਾਰ ਹੋ ਰਹੀ ਸੀ। ਜਿੱਥੇ ਇੱਕ ਪਾਸੇ ਹਿੰਦੂਆਂ ਪਾਸ ਜੁਗਾਂ ਦਾ ਫਲਸਫਾ ਸੀ, ਉੱਥੇ ਮੁਸਲਮਾਨ ਹੁਕਮਰਾਨਾਂ ਪਾਸ ਇਸ ਫਲਸਫੇ ਨੂੰ ਪ੍ਰਚਾਰਨ ਹਿੱਤ ਸੂਫੀ ਫਕੀਰ ਤੇ ਮਜ੍ਹਬੀ ਜਨੂੰਨ ਸੀ। ਆਦਰਸ਼ਕ ਗੱਲ ਤਾਂ ਇਹ ਸੀ ਕਿ ਇਹ ਦੋਵੇਂ ਤਾਕਤਾਂ (ਮੱਤ) ਮਿਲ ਕੇ ਇੱਕ ਨਵੇਂ ਤੇ ਰੂਹਾਨੀ ਧਰਮ ਨੂੰ ਜਨਮ ਦਿੰਦੀਆਂ, ਪਰ ਹੋਇਆ ਇਸ ਦੇ ਐਨ ਉਲਟ। ਇਹਨਾਂ ਦੋਵੇਂ ਵੱਡੇ ਧਰਮਾਂ ਦੇ ਭੇੜ ’ਚ ਘਾਣ-ਬੱਚਾ-ਘਾਣ ਹੋਣ ਲਗਾ ਨਿਮਾਣੀ ਜਨਤਾ ਦਾ, ਜੋ ਦਿਨ-ਬ-ਦਿਨ ਕੁਚਲੀ ਤੇ ਲਿਤਾੜੀ ਜਾਣ ਲੱਗੀ। ਉਸ ਸਮੇਂ ਤਾਂ ਭਾਈ ਗੁਰਦਾਸ ਜੀ ਦੇ ਇਸ ਕਥਨ ਵਾਲੀ ਅਵਸਥਾ ਵਾਪਰ ਰਹੀ ਸੀ, ਫੁਰਮਾਨ ਹੈ:- ‘‘ਚਾਰਿ ਵਰਨ ਚਾਰਿ ਮਜਹਬਾ; ਜਗ ਵਿਚਿ ਹਿੰਦੂ ਮੁਸਲਮਾਣੇ। ਖੁਦੀ ਬਖੀਲਿ ਤਕਬਰੀ; ਖਿੰਚੋਤਾਣ ਕਰੇਨਿ ਧਿਙਾਣੇ। ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ। ਸੁੰਨਤਿ ਮੁਸਲਮਾਣ ਦੀ; ਤਿਲਕ ਜੰਞੂ ਹਿੰਦੂ ਲੋਭਾਣੇ। ਰਾਮ ਰਹੀਮ ਕਹਾਇਦੇ; ਇਕੁ ਨਾਮੁ ਦੁਇ ਰਾਹ ਭੁਲਾਣੇ। ਬੇਦ ਕਤੇਬ ਭੁਲਾਇਕੈ; ਮੋਹੇ ਲਾਲਚ ਦੁਨੀ ਸੈਤਾਣੇ।

ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ ਆਵਣ ਜਾਣੇ ॥੨੧॥ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੧)

ਸੀ੍ਰ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਦੌਰਾਨ, ਜਿਨ੍ਹਾਂ ਗੱਲਾਂ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਉਹ ਸਨ :-

ਪ੍ਰਮਾਤਮਾ ਇੱਕ ਹੈ :- ੴ

ਪ੍ਰਮਾਤਮਾ ਦੀ ਹੋਂਦ ਹੈ :- ਸਤਿ

ਪ੍ਰਮਾਤਮਾ ਦਾ ਨਾਮ ਹੈ :- ਨਾਮੁ

ਤੇ ਕੁਝ ਇਸ ਤਰ੍ਹਾਂ ਦਾ ਹੈ :- ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤਿ, ਅਜੂਨੀ ਸੈਭੰ

ਐਸਾ ਪ੍ਰਮਾਤਮਾ ਮਿਲਦਾ ਹੈ :- ਗੁਰ ਪ੍ਰਸਾਦਿ॥

ਅਸੀਂ ਸਭ, ਉਸ ਦੀ ਮਖਲੂਕ ਤੇ ਭਾਈ ਭਾਈ ਹਾਂ :- ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ (ਮ: ੫/੬੧੧) ਇਸ ਭਵ-ਸਾਗਰ ਤੋਂ ਪਾਰ ਲੰਘਣ ਲਈ ਅਮਲਾਂ ਤੇ ਨਿਬੇੜੇ ਹੋਣਗੇ :- ‘‘ਅਮਲੁ ਕਰਿ ਧਰਤੀ, ਬੀਜੁ ਸਬਦੋ ਕਰਿ; ਸਚ ਕੀ ਆਬ ਨਿਤ ਦੇਹਿ ਪਾਣੀ ॥ (ਮ: ੧/੨੪), ਮਤੁ ਜਾਣ ਸਹਿ ਗਲੀ ਪਾਇਆ ॥ (ਮ: ੧/੨੪) ਆਦਿ।

ਗੁਰਦੇਵ ਪਿਤਾ ਨੇ ਸੱਚੁ, ਸੱਚੇ ਆਚਾਰ ਅਤੇ ਅਮਲੀ ਜੀਵਨ ਤੇ ਸਭ ਤੋਂ ਵਧ ਜ਼ੋਰ ਦਿੱਤਾ।

ਆਪ ਜੀ ਦਾ ਕਥਨ ਹੈ :-‘‘ਆਦਿ ਸਚੁ, ਜੁਗਾਦਿ ਸਚੁ ॥ ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ ॥’’

          ਏਸੇ ਲਈ :-

ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ ॥ (ਮ: ੧/੬੨)

          (Truth is higher; higher still is truthful living )

 ਇਨਸਾਨ ਆਪਣੇ ਧੁਰ ਅੰਦਰੋਂ ਸੱਚਾ ਹੋਵੇ, ਐਵੇਂ, ਉੱਤੋਂ ਉੱਤੋਂ ਵਿਖਾਵੇ ਲਈ, ‘ਸੱਚ’ ਸਿਰਫ ਮੂੰਹ ਜ਼ਬਾਨੀ ਜਮ੍ਹਾਂ ਖਰਚ ਲਈ ਨਾ ਹੋਵੇ, ਸਗੋਂ :-

ਸਚੁ ਤਾ ਪਰੁ ਜਾਣੀਐ; ਜਾ, ਰਿਦੈ ਸਚਾ ਹੋਇ ॥ ਕੂੜ ਕੀ ਮਲੁ ਉਤਰੈ; ਤਨੁ ਕਰੇ ਹਛਾ ਧੋਇ ॥ (ਮ: ੧/੪੬੮)

   ਬਾਬੇ ਨੇ ਇਹ ਸੱਚ ਦਾ ਰਸਤਾ ਇਸ ਲਈ ਪਕੜਿਆ, ਕਿਉਂਕਿ ਇਹ ਰਹਿੰਦੀ ਦੁਨੀਆਂ ਤੱਕ ਅਮਰ ਤੇ ਹਕੀਕੀ ਹੈ। ਸੱਚ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਸੱਚ, ਨਾ ਕਦੇ ਪੁਰਾਣਾ ਹੁੰਦਾ ਨਾ ਕਦੇ ਮੈਲਾ ‘‘ਸਚੁ ਪੁਰਾਣਾ ਨਾ ਥੀਐ; ਨਾਮੁ ਨ ਮੈਲਾ ਹੋਇ ॥’’ (ਮ: ੩/੧੨੪੮) ਪੱਛਮ ਦੇ ਇੱਕ ਪ੍ਰਸਿੱਧ ਨੇਤਰ-ਹੀਣ ਕਵੀ ਮਿਲਟਨ ਨੇ ਕੋਸੋ ਦੂਰ ਬੈਠੇ ਇਸ ਸੱਚਾਈ ਨੂੰ ਇੰਝ ਬਿਆਨਿਆ ਹੈ :- Truth is as impossible to be soiled by an outward touch, as the sun beam.  

ਸੰਸਾਰ ਪ੍ਰਸਿੱਧ ਨਾਟਕਕਾਰ ਤੇ ਮਨੋ-ਵਿਗਿਆਨੀ-ਸ਼ੈਕਸਪੀਅਰ ਬਾਬੇ ਦੇ ਇਸ ਅਕੱਟ ਫੁਰਮਾਨ-‘‘ਆਦਿ ਸਚੁ ਜੁਗਾਦਿ ਸਚੁ ..॥’’ ਦੀ ਕੁਝ ਇਸ ਤਰ੍ਹਾਂ ਪ੍ਰੋੜਤਾ ਕਰਦਾ ਹੈ :- Truth is truth, to the end of reckoning.

ਸਤਿਗੁਰ ਨਾਨਕ ਨੇ, ਸਿਖ ਧਰਮ ਦੀ ਨੀਂਹ ਇਹਨਾਂ ਹੀ ਬੁਨਿਆਦੀ ਅਸੂਲਾਂ, ਸਿਧਾਂਤਾਂ ’ਤੇ ਰੱਖੀ। ਨਾ ਸਿਰਫ ਇਨ੍ਹਾਂ ਨੂੰ ਪ੍ਰਚਾਰਿਆ, ਪ੍ਰਸਾਰਿਆ ਬਲਕਿ ਇੱਕ ਪੂਰਨ ਮਨੁੱਖ ਦੇ ਰੂਪ ’ਚ ਜੀਅ ਕੇ, ਆਮ ਲੋਕਾਈ ਸਾਹਮਣੇ ਇੱਕ ਸੱਚੇ, ਸੁੱਚੇ ਅਤੇ ਆਦਰਸ਼ਕ ਸੰਤ ਸਿਪਾਹੀ ਪੂਰਨ-ਪੁਰਖ-ਖਾਲਸਾ ਦਾ ਚਿੱਤਰ ਪੇਸ਼ ਕੀਤਾ।

ਇਸ ਖਾਸ ਰੂਪ ਖਾਲਸੇ ਨੂੰ ਸਿਰਜਨ ਲਈ 239 ਸਾਲ ਦਾ ਲੰਮਾ ਸਮਾਂ ਲੱਗਾ, ਜਿਸ ਵਿੱਚ ਵੱਖ ਵੱਖ 10 ਜਾਮਿਆਂ ’ਚ ਇਕੋ ਜੋਤ ਦਾ ਸਰੂਪ, ਕਦੀ ਸੇਵਾ ਦਾ ਪੁੰਜ, ਕਦੀ ਕੁਰਬਾਨੀ ਦਾ ਮੁਜੱਸਮਾ, ਕਦੀ ਫੁੱਲਾਂ ਤੋਂ ਵੱਧ ਕੋਮਲਤਾ, ਕਦੀ ਅਤਿ ਦੀ ਮਾਸੂਮੀਅਤ, ਕਦੀ ਸ਼ਾਂਤੀ ਦੇ ਪੁੰਜ ਤੇ ਕਦੀ ਸਰਬੰਸਦਾਨੀ ਮਹਾਂ ਬਲੀ ਯੋਧਾ ਹੋ ਵਿਚਰਿਆ। ਧਰਮ ਦੀ ਸ਼ਮਾਂਅ ਤੋਂ ਕੁਰਬਾਨ ਹੋਣ, ਚਰਖੜੀਆਂ ’ਤੇ ਚੜ੍ਹਣ, ਦੇਗਾਂ ’ਚ ਉਬਲਣ, ਸੀਸ ਆਰਿਆਂ ਨਾਲ ਚਿਰਵਾਉਣ ਵਾਲਿਆਂ ਦੀਆਂ ਸਫਾਂ ਦੀਆਂ ਸਫਾਂ ਤਿਆਰ ਹੋ ਗਈਆਂ। ਖਾਲਸੇ ਦੇ ਇਸ ਬਿ੍ਰਛ ਨੂੰ ਲੱਗੇ ਸਿਦਕ ਫਲ ਦਾ ਅਲੌਕਿਕ ਦ੍ਰਿਸ਼ ਓਦੋਂ ਸਾਹਮਣੇ ਆਇਆ, ਜਦ ਇੱਕ ਨਾਬਾਲਗ ਬੱਚਾ ਸ਼ਹਾਦਤ ਦਾ ਜਾਮ ਪੀਣ ਲਈ ਉਤਾਵਲਾ ਹੋ ਪੁਕਾਰ-ਪੁਕਾਰ ਉੱਠਿਆ :- ‘ਮਾਦਰਮ ਦਰੋਗ ਮੇ ਗੋਇਦ। ਮਨ, ਬਦਿਲੋ ਜਾਨ, ਅਜ਼ ਮੋਹਿਤਕਿਦਾਂ। ਵ ਫਿਦਾਯਾਨਿ, ਜਾਂਅ ਨਿਸਾਰਿ ਮੁਰਸ਼ਦਿ ਖੁਦਮ। ਮਰਾ ਜੂਦ ਬਾ ਰਫੀਕਾਨਿ ਮਨ ਰਸਾਨੇਦ।’ ਅਰਥਾਤ:- ਬਾਬਾ ਬੰਦਾ ਸਿੰਘ ਬਹਾਦਰ ਨਾਲ ਪਕੜੇ ਗਏ ਸਿੰਘਾਂ ਦੀ ਸ਼ਹੀਦੀ ਸਮੇਂ, ਜਦ ਪੁੱਤਰ ਮੋਹ ’ਚ ਡੁੱਬੀ ਇੱਕ ਮਾਂ, ਹਾਕਮਾਂ ਪਾਸ ਇਹ ਬੇਨਤੀ ਕਰਦੀ ਹੈ ਕਿ ਉਸ ਦਾ ਪੁੱਤਰ ਸਿੱਖ ਨਹੀਂ ਹੈ, ਇਸ ਨੂੰ ਬਖਸ਼ ਦਿੱਤਾ ਜਾਵੇ। ਤਾਂ ਉਹ ਕਮਸਿਨ ਬੱਚਾ, ਫਨੀਅਰ ਸੱਪ ਵਾਂਗੂੰ ਫੂੰਕਾਰ ਕੇ ਗਰਜਦਾ ਹੈ :- ਮੇਰੀ ਮਾਂ ਝੂਠ ਬੋਲਦੀ ਹੈ। ਮੈਂ ਦਿਲੋ ਜਾਨ ਤੋਂ, ਉਸ ਕਲਗੀਆਂ ਵਾਲੇ ਪਾਤਸ਼ਾਹ ਦਾ ਮੁਰੀਦ ਹਾਂ। ਮੈਨੂੰ ਛੇਤੀ ਕਤਲ ਕਰੋ, ਤਾਂ ਜੋ, ਮੈਂ ਵੀ ਆਪਣੇ ਵਿਛੁੜੇ ਹੋਏ ਮੁਰੀਦ ਸਾਥੀਆਂ ਨਾਲ ਜਾ ਮਿਲਾਂ।

ਐ ਨਾਨਕ-ਗੋਬਿੰਦ ਨਾਮ ਲੇਵਾ ਖਾਲਸਾ ! ਉੱਠ ਤੇ ਬਾਬੇ ਦੇ ਅਰਸ਼ੀ ਪੈਗਾਮ ਨੂੰ, ਸੰਸਾਰ ਦੇ ਕੋਨੇ ਕੋਨੇ ’ਚ, ਹਰ ਘਰ ਤੱਕ ਪਹੁੰਚਾਣ ਦੀ ਜੋ ਤੇਰੀ ਜ਼ੁੰਮੇਵਾਰੀ ਹੈ, ਉਸ ਨੂੰ ਪਹਿਚਾਣ। ਨਹੀਂ ਤੇ ਕਿਤੇ ਐਸਾ ਨਾ ਹੋਵੇ :-‘ਬੜੇ ਗ਼ੋਰ ਸੇ ਸੁਨ ਰਹਾ ਥਾ ਜ਼ਮਾਨਾ। ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ ।’

ਐ ਖਾਲਸਾ ! ਯਾਦ ਰੱਖ, ਦੂਸਰੇ ਆਪਣੇ ਮੁਲੰਮੇ (ਇੱਥੋਂ ਤੱਕ-ਮਿੱਟੀ ਦੇ ਢੇਲਿਆਂ) ਨੂੰ ਦੁਨੀਆਂ ਦੀ ਧਰਮ ਮੰਡੀ ’ਚ ਸੋਨੇ ਦੇ ਭਾਅ ਵੇਚਣ ’ਚ ਕਾਮਯਾਬ ਹੋ ਗਏ ਹਨ ਅਤੇ ਅਸੀਂ ਆਪਣੇ ਬਾਰ੍ਹਾਂ ਵੰਨੀ ਦੇ ਸੋਨੇ ਨੂੰ, ਪਿੱਤਲ ਦੇ ਭਾਅ ਵੀ ਨਹੀਂ ਵੇਚ ਸਕੇ। ਛੇਤੀ ਕਰ, ਗ਼ਫਲਤ ਦੀ ਨੀਂਦ ਤਿਆਗ, ਵਰਨਾ :- ‘ਉਠੋ ਵਗਰਨਾ ਮਹਸ਼ਰ ਨ ਹੋਗਾ ਫਿਰ ਕਬੀ। ਦੌੜੋ, ਜ਼ਮਾਨਾ ਚਾਲ ਕਿਆਮਤ ਕੀ ਚਲ ਗਿਆ।’