ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਦਾ ਪ੍ਰਤੀਕ ਹੋਲਾ ਮਹੱਲਾ

0
302

ਚੁਣੌਤੀਆਂ ਦਾ ਸਾਹਮਣਾ ਕਰਨ ਦੀ ਤਿਆਰੀ ਦਾ ਪ੍ਰਤੀਕ ਹੋਲਾ ਮਹੱਲਾ

ਪ੍ਰਕਾਸ਼ ਸਿੰਘ ਫਿਰੋਜ਼ਪੁਰੀ

ਜਦੋਂ ਬਾਬਰ ਹਮਲਾ ਕਰਕੇ ਸੈਦਪੁਰ ਦੇ ਪਠਾਣਾਂ ਨੂੰ ਬੁਰੀ ਤਰ੍ਹਾਂ ਮਾਰਦਾ ਹੈ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਸ ਦਰਦਨਾਕ ਦ੍ਰਿਸ਼ ਨੂੰ ਆਪਣੇ ਸ਼ਬਦਾਂ ਵਿੱਚ ਚਿਤਰ ਕੇ ਬਿਆਨ ਕੀਤਾ: ‘‘ਰਤਨ ਵਿਗਾੜਿ ਵਿਗੋਏ ਕੁਤਂੀ; ਮੁਇਆ ਸਾਰ ਨ ਕਾਈ ॥’’ (ਮ: ੧/੩੬੦) ਨਾਲ ਹੀ ਨਾਲ ਸੈਦਪੁਰ ਦੇ ਵਾਸੀਆਂ ਨੂੰ ਹਲੂਣਾ ਵੀ ਦਿੱਤਾ ਕਿ ਜੇਕਰ ਤੁਸੀਂ ਆਉਣ ਵਾਲੇ ਵਕਤ ਦੀਆਂ ਚੁਣੌਤੀਆਂ ਪ੍ਰਤੀ ਚੇਤੰਨ ਹੁੰਦੇ ? ਤਾ ਤੁਹਾਡੀ ਹਾਲਤ ਏਨੀ ਬੁਰੀ ਨਾ ਹੁੰਦੀ: ‘‘ਅਗੋ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ  ? ॥’’ (ਮ: ੧/੪੧੭) ਗੁਰੂ ਨਾਨਕ ਸਾਹਿਬ ਜੀ ਨੇ 10 ਜਾਮਿਆਂ ਵਿੱਚ ਲੁਕਾਈ ਨੂੰ ਵਾਹਿਦ (ਇੱਕ) ਰੱਬ ਨਾਲ ਜੋੜਿਆ। ਲੁਕਾਈ ਨੂੰ ਚੇਤੰਨ ਕੀਤਾ, ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਕੀਤਾ।

ਗੁਰਮਤਿ ਵਿਚਾਰਧਾਰਾ ਸਾਨੂੰ ਇੱਕ ਅਕਾਲ ਪੁਰਖ ਨਾਲ ਜੋੜਦੀ ਹੈ, ਜਦੋਂ ਇੱਕ ਰੱਬ ਨਾਲ ਜੁੜ ਕੇ ਸਚਿਆਰ ਬਣਦਾ ਹੈ, ਉਸ ਦੇ ਜੀਵਨ ਵਿੱਚ ਬਹਾਦਰੀ ਵਾਲਾ ਗੁਣ ਆ ਜਾਂਦਾ ਹੈ। ਆਤਮਿਕ ਜੀਵਨ ਮਿਲਦਿਆਂ ਮੌਤ ਦਾ ਡਰ ਮੁਕ ਜਾਂਦਾ ਹੈ। ਉਹ ਮਨੁੱਖ ਫਿਰ ਝੂਠ, ਦੰਭ-ਪਖੰਡ, ਦਿਖਾਵੇ ਵਾਲੇ ਕਰਮਕਾਂਡ ਛੱਡ ਦਿੰਦਾ ਹੈ। ਆਪ ਛੱਡਦਾ ਹੀ ਨਹੀਂ ਬਲਕਿ ਹੋਰਨਾਂ ਨੂੰ ਵੀ ਸੱਚਾ ਮਾਰਗ ਦੱਸਦਾ ਹੈ ਜਿਵੇਂ ਕਿ ਗੁਰ ਫੁਰਮਾਨ ਹੈ ‘‘ਜਿਸ ਦੈ ਅੰਦਰਿ ਸਚੁ ਹੈ; ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥ ਓਹੁ ਹਰਿ ਮਾਰਗਿ ਆਪਿ ਚਲਦਾ; ਹੋਰਨਾ ਨੋ ਹਰਿ ਮਾਰਗਿ ਪਾਏ ॥’’ (ਮ: ੪/੧੪੦)

(ਇਕ ਗੱਲ ਚੇਤੇ ਰੱਖਣ ਵਾਲੀ ਹੈ ਕਿ ਸੱਚ ਦੇ ਮਾਰਗ ’ਤੇ ਚੱਲਣ ਵਾਲਿਆਂ ਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੇ ਉਹਨਾਂ ਕਰਕੇ ਹੀ ਦੁਨੀਆਂ ਵਿੱਚ ਇਨਸਾਫ, ਮਨੁੱਖਤਾ ਤੇ ਸੱਚ ਬਚਦਾ ਹੈ।)

ਗੁਰੂ ਨਾਨਕ ਦਾ ਦਰਸਾਇਆ ਮਾਰਗ ਹੈ ਹੀ ‘ਸੱਚ ਦਾ ਮਾਰਗ’। ਇਸੇ ਰਸਤੇ ’ਤੇ ਗੁਰੂ ਅਤੇ ਸਿੱਖ ਚੱਲ ਰਹੇ ਸਨ ਪਰ ਇਹ ਮਾਰਗ ਦੰਭੀ ਪਾਖੰਡੀ, ਅਖੌਤੀ ਧਰਮੀਆਂ ਅਤੇ ਜ਼ਾਲਮ ਹੁਕਮਰਾਨਾਂ ਨੂੰ ਕਦੇ ਵੀ ਪਸੰਦ ਨਹੀਂ ਸੀ ਤੇ ਨਾ ਹੀ ਹੈ। ਉਹਨਾਂ ਨੇ ਕਈ ਬਹਾਨੇ ਬਣਾਏ ਤੇ ਇਸ ਆਵਾਜ਼ ਨੂੰ ਦਬਾਉਣ ਦਾ ਯਤਨ ਕੀਤਾ। ਸੱਚ ਦੇ ਬਲਦੇ ਚਿਰਾਗ਼ ਨੂੰ ਬੁਝਾਉਣ ਦਾ ਹਰ ਯਤਨ ਕੀਤਾ। ਇਸ ਸੱਚ ਦੇ ਚਿਰਾਗ਼ ਨੂੰ ਬਲਦਾ ਰੱਖਣ ਲਈ ਗੁਰੂ ਸਾਹਿਬ ਜੀ ਨੇ ‘ਸੰਤ ਸਿਪਾਹੀ’ ਦਾ ਸੰਕਲਪ ਦਿੱਤਾ।

ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਭਾਰਤੀ ਸੱਭਿਅਤਾ ਵਿੱਚ ਭਗਤ ਪ੍ਰਹਿਲਾਦ ਦੀ ਯਾਦ ਨੂੰ ਸਮਰਪਿਤ ਹੋਲੀ ਮਨਾਈ ਜਾਂਦੀ ਹੈ। ਮਿਥ ਅਨੁਸਾਰ ਪ੍ਰਹਿਲਾਦ ਭਗਤ ਨੇ ਆਪਣੇ ਹੀ ਜ਼ੁਲਮੀ ਪਿਤਾ, ਜੋ ਰਾਜਾ ਸੀ ਉਸ ਦੇ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ। ਇੱਕ ਰੱਬ ਨਾਲ ਜੁੜ ਕੇ ਬਦੀ ਉੱਤੇ ਜਿੱਤ ਪ੍ਰਾਪਤ ਕੀਤੀ। ਉਸ ਦੀ ਯਾਦ ਵਿੱਚ ਲੋਕ ਇੱਕ ਦੂਜੇ ਉੱਤੇ ਚਿੱਕੜ, ਰੰਗ ਆਦਿ ਸੁੱਟ ਕੇ ਮਨਾਂਦੇ ਰਹੇ ਸਨ, ਪਰ ਪ੍ਰੇਰਨਾ ਨਾ ਲੈਂਦੇ ਕਿ ਅਸੀਂ ਵੀ ਜ਼ੁਲਮ ਦੇ ਖ਼ਿਲਾਫ਼ ਇਕਜੁੱਟ ਹੋ ਸਕੀਏ। ਗੁਰੂ ਨਾਨਕ ਦਾ ਘਰ ਹਮੇਸ਼ਾਂ ਬਾਬਰ ਨੂੰ ਜ਼ਾਬਰ ਕਹਿੰਦਾ ਆਇਆ ਹੈ। (ਜ਼ੁਲਮ ਕਰਨ ਵਾਲੇ ਹਾਕਮਾਂ ਨੂੰ ਲਲਕਾਰਦਾ ਆਇਆ ਹੈ।) ਹਾਲਾਤਾਂ ਨੂੰ ਦੇਖਦਿਆਂ ਬਹੁਤ ਹੀ ਦੂਰਅੰਦੇਸ਼ੀ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੋਲਾ ਮਹੱਲੇ ਦਾ ਸੰਕਲਪ ਦਿੱਤਾ।

‘ਹੋਲਾ ਮਹੱਲਾ’ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਹੋਲਾ ਮਹੱਲਾ’ ਦਾ ਮਤਲਬ ਹੈ ‘ਹਮਲਾ ਅਤੇ ਜਾਯ ਹਮਲਾ’ ਭਾਵ ਦੁਸ਼ਮਣ ਨੂੰ ਪਛਾੜਣ ਲਈ ਚੜ੍ਹਾਈ ਕਰਨੀ, ਪਰ ਪਹਿਲਾਂ ਪਹਿਚਾਣ ਕਰਨੀ ਕਿ ਦੁਸ਼ਮਣ ਕੌਣ ਹੈ ? ਉਸ ਦੀ ਕਮਜ਼ੋਰੀ ਕੀ ਹੈ ? ਅਨੰਦਪੁਰ ਸਾਹਿਬ ਵਿਖੇ ਗੁਰੂ ਦਸਮ ਪਿਤਾ ਜੀ ਨੇ ਸਿੱਖਾਂ ਨੂੰ ਸ਼ਸਤ੍ਰ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ। ਰਣਨੀਤੀ ਬਣਾਈ ਤੇ ਸਿੱਖ ਰਣਨੀਤੀ ਵਿੱਚ ਕਿੰਨੇ ਕੁ ਨਿਪੁੰਨ ਹੋ ਗਏ ਹਨ, ਇਸ ਦੀ ਪਰਖ ਕਰਨ ਲਈ ਸਿੱਖ ਫੌਜਾਂ ਨੂੰ ਦੋ ਜੱਥਿਆਂ ਵਿੱਚ ਵੰਡ ਦੇਂਦੇ ਸਨ। ਉਹਨਾਂ ਦੀ ਮਸਨੂਈ (ਬਣਾਉਟੀ) ਲੜਾਈ ਕਰਵਾਂਦੇ ਸਨ। ਜਿਹੜੇ ਯੋਧੇ ਵਧੀਆ ਪ੍ਰਦਸ਼ਨ ਕਰਦੇ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ। ਸਭ ਨੂੰ ਦੂਰ ਅੰਦੇਸ਼ ਹੋਣ ਦੀ ਪ੍ਰੇਰਨਾ ਕੀਤੀ ਜਾਂਦੀ। ਸਿੱਖ ਦੀ ਲੜਾਈ ਇੱਕ ਦਿਨ ਦੀ ਨਹੀਂ ਹੈ। ਸਾਨੂੰ ‘ਹੋਲਾ ਮਹੱਲਾ’ ਮਨਾਂਦੇ ਸੋਚਣ ਦੀ ਲੋੜ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੀ ਸਿੱਖਿਆ ਲੈ ਕੇ ਜੋ ਚੁਨੌਤੀਆਂ ਸਾਡੇ ਸਾਹਮਣੇ ਹਨ ਉਨ੍ਹਾਂ ਦਾ ਮੁਕਾਬਲਾ ਕਰੀਏ। ਕੌਣ ਨੇ ਸਮਾਜ ਦੇ ਦੁਸ਼ਮਣ ? ਕਿਉਂਕਿ ਅੱਜ ਦੁਸ਼ਮਣ ਤਰੀਕੇ ਬਦਲ ਕੇ ਆ ਰਿਹਾ ਹੈ ਸਾਨੂੰ ਪਹਿਚਾਣ ਕਰਨੀ ਪਵੇਗੀ।

ਜੋ ਸਮਾਜ ਵਿੱਚ ਕੁਰੀਤੀਆਂ ਫੈਲਾ ਰਹੇ ਨੇ ਚਾਹੇ ਉਹ ਸੀਰੀਅਲ ਹੋਣ ਜਾਂ ਪੰਜਾਬੀ ਸੱਭਿਆਚਾਰ ਦੇ ਨਾਮ ਦੇ ਬਣਾਈਆਂ ਗਈਆਂ ਫ਼ਿਲਮਾਂ ਹੋਣ। ਸਿੱਖੀ ਤੋਂ ਪਤਿਤ ਕਰਨ ਵਿੱਚ ਗਾਇਕਾਂ ਦਾ ਵੀ ਬਹੁਤ ਵੱਡਾ ਰੋਲ ਹੈ। ਅਖੌਤੀ ਕਲਾਕਾਰਾਂ ਨੇ ਇਹੋ ਜਿਹੇ ਗੀਤ ਗਾਏ ਕਿ ਨੌਜਵਾਨਾਂ ਨੂੰ ਨਸ਼ਿਆਂ ’ਤੇ ਲਾ ਦਿੱਤਾ। ਲੜਾਈ ਝਗੜੇ ਕਰਨਾ ਸਿੱਖਾ ਦਿੱਤਾ। ਕੌਣ ਹਨ ਉਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਚੁਣੌਤੀ ਦੇ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ ਰੱਖਣ ਨੂੰ ਜ਼ੋਰ ਲਾ ਰਹੇ ਨੇ। ਕੌਣ ਹਨ ਉਹ ਜਿਨ੍ਹਾਂ ਨੇ ਅਕਾਲ ਤਖ਼ਤ ਦੀ ਮਾਨ ਮਰਯਾਦਾ ਨੂੰ ਸਿੱਖਾਂ ਦੇ ਮਨਾਂ ਵਿੱਚੋ ਖ਼ਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਕੌਣ ਨੇ ਨਸ਼ਿਆਂ ਦੇ ਵਪਾਰੀ ਜਿਨ੍ਹਾਂ ਘਰ ਘਰ ਨਸ਼ਾ ਪਹੁੰਚਾ ਦਿੱਤਾ ? ਡੇਰਾਵਾਦ ਜੋ ਸਮਾਜ ਨੂੰ ਗੁਮਰਾਹ ਕਰਕੇ ਸਾਧਾਂ ਨੂੰ ਗੁਰੂ ਤੋਂ ਵੱਡਾ ਪੇਸ਼ ਕਰਦੇ ਹਨ। ਵਹਿਮ ਭਰਮ, ਪਾਖੰਡ ਇਹ ਸਭ ਦੁਸ਼ਮਣ ਨੇ ਸਾਡੇ ਤੇ ਰੋਜ਼ ਸਾਨੂੰ ਬਰਬਾਦ ਕਰਨ ਦੀਆਂ ਸਕੀਮਾਂ ਘੜ ਰਹੇ ਹਨ।

‘ਹੋਲਾ ਮਹੱਲਾ’ ਪ੍ਰਤੀਕ ਹੈ ਸਦੀਵੀ ਚੇਤਨਤਾ ਦਾ, ਅੱਜ ਸੋਚਣ ਦੀ ਲੋੜ ਹੈ ਕਿ ਅਸੀਂ ਕਿੰਨਾ ਕੁ ਚੇਤੰਨ ਹਾਂ ? ਦੁਸ਼ਮਣ ਨੂੰ ਪਛਾੜਨ ਲਈ ਸਾਡੀ ਕੀ ਤਿਆਰੀ ਹੈ ?