ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।

0
182

ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।

ਬੀਬੀ ਸੁਖਵਿੰਦਰ ਕੌਰ ‘ਨਿਰਮਲ’

ਬਾਬਾ ਨਾਨਕ ਜੀ! ਆ ਕੇ ਵੇਖ ਜ਼ਰਾ, ਵਾੜ ਕਿੰਝ ਅੱਜ ਖੇਤ ਨੂੰ ਖਾਈ ਜਾਂਦੀ ?

ਮਿੱਠੀ ਬੋਲੀ ਉਹ ਗੁਰੂ ਅੰਗਦ ਵਾਲੀ, ਪਹਿਲਾਂ ਵਾਂਗ ਨਹੀਂ ਅੱਜ ਪੜ੍ਹਾਈ ਜਾਂਦੀ।

ਬਸ ਪੰਗਤ ਤੱਕ ਹੀ ਹੈ ਜ਼ੋਰ ਸਾਰਾ, ਗੱਲ ਅਮਰ ਦੀ ਸੰਗਤ ਵਾਲੀ, ਭੁਲਾਈ ਜਾਂਦੀ ?

ਆ ਕੇ ਵੇਖ ਗੁਰੂ ਰਾਮਦਾਸ ਰਾਮਸਰ ਤਾਂਈ, ਬਾਣੀ ਕਿੰਝ ਹੈ ਉੱਥੇ ਸਮਝਾਈ ਜਾਂਦੀ।

ਕੈਂਸ ਕਰ ਰਹੇ ਨੇ ਸ਼ਹੀਦੀ ਅਰਜਨ ਦੀ ’ਤੇ, ਕਿਉਂ ਨਹੀਂ ਚੰਦੂਆਂ ਨੂੰ ਸਜ਼ਾ ਸੁਣਾਈ ਜਾਂਦੀ।

ਸਿਧਾਂਤ ਦੀ ਰਾਖੀ ਲਈ ਲੜੇ ਕਿੰਝ ਬੰਦਾ, ਮੀਰੀ ਪੀਰੀ ਹਰਗੋਬਿੰਦ! ਅਜਾਇਬ ਘਰ ’ਚ ਹੀ ਪਾਈ ਜਾਂਦੀ।

ਹਰਿਰਾਇ ਤੇ ਗੁਰੂ ਹਰਕਿ੍ਰਸ਼ਨ ਜੀ ਤੇਰੇ ਅੱਗੇ, ਅਰਦਾਸ ਆਪਣੇ ਕੰਮ ਤੱਕ ਹੀ ਕਰਾਈ ਜਾਂਦੀ।

ਤੇਗ਼ ਪਿਤਾ! ਕਿਵੇਂ ਦਸਤਾਰ ਲਈ ਸਿਰ ਦਿੱਤਾ, ਅਕਿ੍ਰਤਘਣਾਂ ਕੋਲ਼ੋਂ ਨਹੀਂ ਸਿਰ ’ਤੇ ਸਜਾਈ ਜਾਂਦੀ।

ਜੋੜਿਆ ਨਾਲ ਗੁਰੂ ਗ੍ਰੰਥ ਦੇ ਸੀ ਤੂੰ ਮੇਰੇ ਗੋਬਿੰਦ! ਪਰ ਮੰਜੀ ਹੋਰ ਕਿਉਂ ਗ੍ਰੰਥ ਦੀ ਟਿਕਾਈ ਜਾਂਦੀ।

ਸਿਰ ਬਦਲੇ ਖ਼ਾਲਸੇ ਨੂੰ ਦਿਤਾ ਸੀ ਕੀ ਸੰਦੇਸ਼? ਇਕੱਠ ’ਚ ਗੱਲ ਕਿਹੜੀ ਹੈ ਜੋ ਸੁਣਾਈ ਜਾਂਦੀ ?

‘ਬਾਣੀ ਹੀ ਗੁਰੂ ਹੈ’ ਫ਼ਿਰ ਇਹ ਭਟਕਣ ਕਾਹਦੀ? ਗੱਲ ਸਪੱਸ਼ਟ ਜਿਹੀ ਨਹੀਂ ਦਿਲਾਂ ’ਚ ਵਸਾਈ ਜਾਂਦੀ।