ਗਾਈਆਂ
ਸ. ਸੁਰਿੰਦਰ ਸਿੰਘ ‘ਖਾਲਸਾ’ ਮਿਉਦ ਕਲਾਂ (ਫ਼ਤਿਹਾਬਾਦ) -94662-66708, 97287-43287
ਗਾਈਆਂ ਲੋਕੋ ਗਾਈਆਂ, ਆਖਦੇ ਗਊ ਭਗਤ ਇਨ੍ਹਾਂ ਨੂੰ ਮਾਈਆਂ, ਪਰ ਕਿਸਾਨਾਂ ‘ਗਲ’ ਨੇ ਪਾਈਆਂ, ਪਤਾ ਨਹੀਂ ਕਿਧਰੋਂ ਆਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਕੀਤੀ ਭਾੜੇ ਤੇ ਸੀ ਬਿਜਾਈ, ਮਹਿੰਗੇ ਮੁੱਲ ਦੀ ਖਾਦ ਵੀ ਪਾਈ। ਉਪਰੋਂ ਸਪਰੇਅ ਵੀ ਮੁੱਲ ਕਰਾਈ, ਮਹਿੰਗੀਆਂ ਪਾਈਆਂ ਦਵਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਬਿਮਾਰੀ ’ਤੋਂ ਮਸਾਂ ਹੀ ਫ਼ਸਲ ਬਚਾਈ, ਜਦ ਹੁਣ ਪੱਕਣ ’ਤੇ ਹੈ ਆਈ। ਖੇਤਾਂ ’ਚ ਡਾਰ ਗਾਈਆਂ ਦੀ ਆਈ, ਫਿਰਦੀਆਂ ਭੁੱਖੀਆਂ ਤਿਹਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜੋ ਵੀ ਸਬਜੀ ਖੇਤਾਂ ’ਚ ਹੈ ਲਾਈ, ਉਸ ਦੀ ਕਰ ਗਈਆਂ ਸਭ ਖਾਹ ਸਫਾਈ। ਅਸਾਂ ਇਕ ’ਡੰਗ’ ਵੀ ਨਾ ਬਣਾਈ, ਮਿਹਨਤਾਂ ਕੀਤੀਆਂ ਰਾਸ ਨਾ ਆਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਾਗੇ ਦੇ ਪਿੰਡ ਵਾਲਾ ਕੋਈ ਛੱਡ ਗਿਆ, ਅਪਣੀ ਜੂਹ ’ਚੋਂ ਬਾਹਰ ਕੱਢ ਗਿਆ। ਟਰਾਲੀ ਜਾਂ ਟੈਂਪੂ ਉੱਤੇ ਛੱਡ ਗਿਆ, ਜਾਂ ਕਿਸੇ ਟਰੱਕ ’ਤੋਂ ਉਤਰਵਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਤੂੜੀ ਵੀ ਗਊਸ਼ਾਲਾ ਪਹੁੰਚਾਈ, ਟਰਾਲੀ ਪਠਿਆਂ ਨਾਲ ਭਰ ਅਪੜਾਈ। ਫਿਰ ਵੀ ਇਹ ਸਮਝ ਨਾ ਆਈ, ‘ਗਊਸ਼ਾਲਾ ਨੇ ਕਿਉਂ ਠੁਕਰਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਉਹ ਵੀ ਸਾਂਭਣ ਗਊਆਂ ਦੁਧਾਰੂ, ਫੰਡਰਾਂ ਨੂੰ ਕਿਹੜਾ ਦਾਣਾ ਚਾਰੂ। ਏਹੀ ਹੈ ਸੋਚ ਉਹਨਾਂ ’ਤੇ ਭਾਰੂ, ਤਾਂ ਹੀ ਤਾਂ ਬਾਹਰ ਭਜਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਲਗਦੈ, ਇਹ ਧੰਧਾ ਲਾਹੇ ਦਾ ਬਣਿਆਂ, ‘ਦਾਨ’ ’ਚੋਂ ਤਾਣਾ-ਬਾਣਾ ਤਣਿਆਂ। ਨਾਲੇ ‘ਪੁੰਨ’ ਤੇ ਨਾਲੇ ‘ਫਲੀਆਂ’, ਵਪਾਰੀਆਂ ਸਕੀਮਾਂ ਬਣਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊਆਂ ਦੇ ਨਾਂ ’ਤੇ ਦਾਨ ਉਗਰਾਹੁੰਦੇ, ਗੋਲਕਾਂ ਦੁਕਾਨਾਂ ਉੱਤੇ ਟਿਕਾਉਂਦੇ। ਦਾਣਾ ਆਟਾ ਵੀ ਘਰਾਂ ’ਚੋਂ ਲਿਆਉਂਦੇ, ਰੇਹੜੀਆਂ ਕਈ ਲਗਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਜਿੰਨੀਆਂ ‘ਗਊਆਂ ਨੇ ਅਵਾਰਾ’, ਮੰਡੀਆਂ ਵਿਚ ਨੁਕਸਾਨ ਕਰਨ ਇਹ ਭਾਰਾ। ਘੁੰਮਣ ਸੜਕਾਂ ’ਤੇ ਹਜ਼ਾਰਾਂ, ਮੁੜ-ਮੁੜ ਆ ਜਾਂਦੀਆਂ, ਕਈ ਵਾਰ ਭਜਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਐਕਸੀਡੈਂਟ ਵੀ ਬਹੁਤ ਕਰਾਉਂਦੀਆਂ, ਅਚਾਣਕ ਸੜਕਾਂ ’ਤੇ ਆ ਗਿਰਾਉਂਦੀਆਂ। ਕੀਮਤੀ ਜਾਨਾਂ ਇਉਂ ਗਵਾਉਂਦੀਆਂ, ਜੋ ਕਦੇ ਵੀ ਨਾ ਹੋਣ ਭਰਪਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ ।
ਗਊ ਦੇ ਜਾਏ ਜਦ ਆਪਸ ’ਚ ਲੜਦੇ, ਤੇਰੇ ਜਿਹੇ ਗਊ ਭਗਤ ਨਾ ਨੇੜੇ ਖੜ੍ਹਦੇ। ‘ਸੁਰਿੰਦਰ’ ਵਰਗਿਆਂ ਕਈਆਂ ਨੂੰ ਦਰੜਦੇ, ‘ਬੱਚੇ ਬੁੱਢੇ’ ਦੇਣ ਦੁਹਾਈਆਂ ਨੇ।
ਗਊ ਦਿਆ ਭਗਤਾ ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।
ਗਊ ਦਿਆ ਭਗਤਾ! ਗੱਲ ਸੁਣ ਯਾਰਾ, ਗੱਲ ਦਾ ‘ਤੱਤ-ਸਾਰ’ ਇਹ ਸਾਰਾ। ਕਰਦੀਆਂ ਨਿੱਤ ਹੀ ਬਹੁਤ ਉਜਾੜਾ, ਤੇਰੀਆਂ ਗਾਈਆਂ ਭਾਵ ਮਾਈਆਂ ਨੇ।
ਗਊ ਦਿਆ ਭਗਤਾ! ਸੰਭਾਲ ਇਨ੍ਹਾਂ ਨੂੰ, ਕਿਉਂ ਲੋਕਾਂ ਗਲ ਪਾਈਆਂ ਨੇ।