ਕੜਾਹ ਪ੍ਰਸ਼ਾਦ
– ਇਕਵਾਕ ਸਿੰਘ ਪੱਟੀ ਮੋ. 98766-80404
ਗੁਰਮਤਿ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਨੇ, ਇਕੇ ਫਰਸ਼ ’ਤੇ ਸਾਰੇ ਮਨੁੱਖਾਂ ਨੂੰ ਕੜਾਹ ਪ੍ਰਸ਼ਾਦ ਛਕਾ ਕੇ ਜਾਤਿ ਅਭਿਮਾਨ ਅਤੇ ਛੂਤ ਦਾ ਰੋਗ ਮਿਟਾ ਦਿੱਤਾ। ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਕੜਾਹ ਪ੍ਰਸ਼ਾਦ ਦਾ ਨਾਮ ਪੰਚਾਮਿ੍ਰਤ ਵੀ ਲਿਖਿਆ ਹੈ, ਕਬਿੱਤ ਨੰ 124 ਪੁਰ ਜ਼ਿਕਰ ਹੈ, ‘ਖਾਂਡ ਘਿ੍ਰਤ ਚੂਨ ਜਲ ਪਾਵਕ ਇਕਤ੍ਰ ਭਏ, ਪੰਚ ਮਿਲਿ ਪ੍ਰਗਟ ਪੰਚਾਮਿ੍ਰਤ ਪ੍ਰਗਾਸ ਹੈ।’
ਮਹਾਨ ਕੋਸ਼ ਵਿੱਚ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਕੜਾਹ ਪ੍ਰਸ਼ਾਦ ਬਾਬਤ ਲਿਖਦੇ ਹੈਨ ਕਿ ‘ਸਿੱਖ ਮਤ ਦਾ ਮੁੱਖ ਪ੍ਰਸਾਦ, ਜੋ ਅਕਾਲ ਨੂੰ ਅਰਪਣ ਕਰਕੇ ਸੰਗਤ ਵਿੱਚ ਵਰਤਾਈਦਾ ਹੈ, ਇਸ ਦਾ ਨਾਉਂ ਪੰਚਾਮਿ੍ਰਤ ਅਤੇ ਵਿਸ਼ੇਸ਼ਣ ਮਹਾਂਪ੍ਰਸਾਦ ਵੀ ਹੈ। ਕੜਾਹ ਪ੍ਰਸ਼ਾਦ ਨੂੰ ਤਿਆਰ ਕਰਨ ਔਰ ਸੰਗਤ ਵਿੱਚ ਵਰਤਾਉਣ ਬਾਰੇ ਵੀ ਪੁਰਾਤਨ ਗ੍ਰੰਥਾਂ ਵਿੱਚੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ, ਜੇਹਾ ਕਿ, ਤਨਖਾਹਨਾਮਾ ਵਿੱਚ ਲਿਖਿਆ ਹੈ:
ਕੜਾਹ ਕਰਨ ਕੀ ਬਿਧਿ ਸੁਣਿ ਲੀਜੈ, ਤਨ ਭਾਗ ਕੋ ਸਮਸਰ ਕੀਜੈ॥ ਲੇਪਨ ਆਗੈ ਬਹੁਕਰ ਦੀਜੈ, ਮਾਂਜਨ ਕਰ ਭਾਂਜਨ ਧੋਵੀਜੈ॥
ਕਰ ਇਸਨਾਨ ਪਵਿਤ੍ਰ ਹੈ ਬਹੈ, ਵਾਹਿਗੁਰੂ ਬਿਨ ਅਵਰ ਨ ਕਹੈ॥ ਕਰ ਤਿਆਰ ਚੌਂਕੀ ਪਰ ਧਰੈ, ਚਾਰ ਓਰ ਕੀਰਤਨ ਬਹਿ ਕਰੈ॥
ਜੋ ਪ੍ਰਸਾਦ ਕੋ ਬਾਂਟ ਹੈ, ਮਨ ਮਹਿ ਧਾਰੇ ਲੋਭ, ਕਿਸਿ ਥੋੜਾ ਕਿਸਿ ਅੱਗਲਾ, ਸਦਾ ਰਹੇ ਤਿਸ ਸੋਗ॥
ਇਸੇ ਤਰ੍ਹਾਂ ਪੁਰਤਾਨ ਗ੍ਰੰਥ ਗੁਰੂ ਸੂਰਜ ਪ੍ਰਤਾਪ ਵਿੱਚ ਵੀ ਜ਼ਿਕਰ ਹੈ ਕਿ, ਪਾਵਨ ਤਨ ਪਾਵਨ ਕਰ ਥਾਨੁ, ਘਿ੍ਰਤ ਮੈਦਾ ਲੈ ਖੰਡ ਸਮਾਨ॥ ਕਰ ਕੜਾਹ ਜਪੁ ਪਾਠ ਸੁ ਠਾਨੈ, ਗੁਰਪ੍ਰਸਾਦ ਅਰਦਾਸ ਬਖਾਨੈ॥ ਸੋ ਕੜਾਹ ਪ੍ਰਸ਼ਾਦ ਬਣਾਉਣ ਅਤੇ ਵਰਤਾਉਣ ਵਾਲੇ ਵਾਸਤੇ ਇਹ ਨਿਯਮਾਵਲੀ ਬਣਾਈ ਗਈ ਹੈ, ਕਿ ਕੜਾਹ ਪ੍ਰਸ਼ਾਦ ਬਨਾਉਣ ਅਤੇ ਵਰਤਾਉਣ ਵਾਲਾ ਸਰੀਰ ਅਤੇ ਵਸਤਰ ਆਦਿ ਤੋਂ ਬਹੁਤ ਨਿਰਮਲ ਹੋਵੇ, ਨਹੁੰ (ਨਾਖ਼ੁਨ) ਵਧੇ ਹੋਏ ਅਤੇ ਮੈਲੇ ਨਾ ਹੋਣ। ਚੰਗੀ ਤਰ੍ਹਾਂ ਹੱਥ ਧੋ ਕੇ ਨਿਰਮਲ ਵਸਤ੍ਰ ਨਾਲ ਪੂੰਝ ਕੇ ਖੁਸ਼ਕ ਕੀਤੇ ਹੋਣ ਅਤੇ ਗੁਰਬਾਣੀ ਦਾ ਉਚਾਰਣ ਕਰਦੇ ਹੋਏ ਪ੍ਰਸ਼ਾਦ ਤਿਆਰ ਕੀਤਾ ਜਾਵੇ। ਕੜਾਹ ਪ੍ਰਸ਼ਾਦ ਜਦ ਦੀਵਾਨ ਵਿੱਚ ਲੈ ਕੇ ਆਇਆ ਜਾਂਦਾ ਹੈ ਤਾਂ ਉਸ ਦੇ ਅੱਗੇ ਪਾਣੀ ਤ੍ਰੌਂਕਣਾ ਅਵਿਦਯਾ ਕਰਮ ਹੈ। ਕੜਾਹ ਪ੍ਰਸ਼ਾਦ ਵਰਤਾਉਣ ਵਾਲਾ ਆਰੰਭ ਵਿੱਚ ਪੰਜ ਪਿਆਰਿਆਂ ਦੇ ਪ੍ਰਸ਼ਾਦ ਤੋਂ ਕਰੇ ਅਤੇ ਸੱਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆ ਬੈਠੇ ਸੱਜਣ ਨੂੰ ਕਟੋਰੇ ਵਿੱਚ ਪਾ ਕੇ ਦਿੱਤਾ ਜਾਵੇ। ਕਟੋਰੇ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੀੜ੍ਹੇ ਥੱਲੇ ਰੱਖਿਆ ਪ੍ਰਸ਼ਾਦ, ਉਸ ਵੇਲੇ ਤਾਬਿਆ ’ਤੇ ਬੈਠੇ ਸਿੰਘ ਵਾਸਤੇ ਹੁੰਦਾ ਹੈ ਤਾਂ ਕਿ ਉਹ ਦੀਵਾਨ ਦੀ ਸਮਾਪਤੀ ਤੋਂ ਬਾਅਦ ਛੱਕ ਸਕੇ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੁੰਦਾ ਹੈ, ਕਿਉਂਕਿ ਕੁੱਝ ਸੱਜਣ ਅਣਜਾਣੇ ਵਿੱਚ ਇਹੀ ਸਮਝਦੇ ਹਨ ਕਿ ਉਹ ਪ੍ਰਸ਼ਾਦ ਗੁਰੂ ਸਾਹਿਬ ਵਾਸਤੇ ਹੁੰਦਾ ਹੈ, ਜੋ ਕਿ ਠੀਕ ਨਹੀਂ ਹੈ।
ਕੜਾਹ ਪ੍ਰਸ਼ਾਦ ਬਿਨ੍ਹਾਂ ਭੇਦਭਾਵ ਊਚ-ਨੀਚ ਜਾਂ ਰੰਗ ਨਸਲ ਦੇ ਵਿਤਕਰੇ ਤੋਂ ਸੰਗਤ ਵਿੱਚ ਹਾਜ਼ਰ ਹਰ ਵਿਅਕਤੀ ਲਈ ਹੁੰਦਾ ਹੈ, ਪ੍ਰਸ਼ਾਦ ਵਰਤਾਉਣ ਵਾਲਾ ਕਿਸੇ ਨਾਲ ਵੀ ਵਿਤਕਰਾ ਨਾ ਕਰੇ। ਗੁਰਦੁਆਰਾ ਸਾਹਿਬ ਜਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ (ਨਿੱਜੀ ਸਮਾਗਮਾਂ/ਘਰੇਲੂ ਸਮਾਗਮਾਂ) ਦੌਰਾਨ ਕੇਵਲ ਕੜਾਹ ਪ੍ਰਸ਼ਾਦ ਹੀ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ, ਦੁੱਖ ਹੁੰਦਾ ਹੈ ਜਦ ਕੁੱਝ ਸੰਗਤਾਂ ਸ਼ਰਧਾ ਵੱਸ ਆਪੋ-ਆਪਣੀ ਮਰਜ਼ੀ ਨਾਲ ਲੱਡੂ, ਬਰਫੀ ਜਾਂ ਹੋਰ ਮਠਿਆਈਆਂ ਗੁਰਦੁਆਰਾ ਸਾਹਿਬ ਵਿੱਚ ਨਿੱਜੀ ਤੌਰ ’ਤੇ ਵਰਤਾਉਂਦੇ ਦੇਖੀਦਾ ਹੈ, ਅਜਿਹਾ ਮਹਿਸੂਸ ਹੁੰਦਾ ਹੈ ਕਿ ਜਾਂ ਤਾਂ ਇਹ ਲੋਕ ਗੁਰ ਮਰਯਾਦਾ ਅਤੇ ਸਿੱਖ ਰਹਿਤ ਮਰਿਯਾਦਾ ਤੋਂ ਅਣਜਾਣ ਹਨ, ਜਾਂ ਫਿਰ ਆਪਣੀ ਹਊਮੈ ਜਾਂ ਚੌਧਰ ਨੂੰ ਵਡਿਆਉਣ ਦੀ ਖਾਤਰ ਆਪਣੀ ਮਰਜ਼ੀ ਅਨੁਸਾਰ ਗੁਰੂ ਮਰਯਾਦਾ ਅਤੇ ਸਿੱਖ ਰਹਿਤ ਮਰਿਯਾਦਾ ਦੇ ਵਿਰੁੱਧ ਜਾ ਕੇ ਕੜਾਹ ਪ੍ਰਸ਼ਾਦ ਤੋਂ ਬਿਨ੍ਹਾਂ ਆਪਣੀਆਂ ਲਿਆਦੀਆਂ ਹੋਈਆਂ ਮਠਿਆਈਆਂ ਨੂੰ ਸੰਗਤ ਵਿੱਚ ਵਰਤਾ ਰਹੇ ਹੁੰਦੇ ਹਨ, ਕਈ ਵਾਰ ਕੁੱਝ ਸ਼ਰਾਰਤੀ ਅਨਸਰਾਂ ਜਾਂ ਸਮਾਜ ਵਿਰੋਧੀ ਅਨਸਰਾਂ ਵੱਲੋਂ ਇਸ ਗਲਤ ਪ੍ਰਪਾਟੀ ਦਾ ਫਾਇਦਾ ਚੁੱਕ ਕੇ ਨਿੱਜੀ ਮਠਿਆਈਆਂ ਵਿੱਚ ਜ਼ਹਰੀਲੇ ਪਦਾਰਥ ਪਾ ਕੇ ਸੰਗਤਾਂ ਨੂੰ ਲੁੱਟਣ ਸਬੰਧੀ ਖਬਰਾਂ ਵੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਗੁਰੁਦਆਰਾ ਕਮੇਟੀਆਂ ਨੂੰ ਇਸ ਗਲਤ ਪ੍ਰਪਾਟੀ ਤੇ ਸਖਤੀ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ ਅਤੇ ਸਿੱਖ ਸੰਗਤਾਂ ਅਥਵਾ ਸ਼ਰਧਾਲੂਆਂ ਨੂੰ ਵੀ ਨਿੱਜ ਮਤ ਤਿਆਗ ਕੇ ਕੇਵਲ ਕੜਾਹ ਪ੍ਰਸ਼ਾਦ ਦੀ ਚੱਲ ਰਹੀ ਰਹੁਰੀਤੀ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ ਤਾਂ ਕਿ ਸੰਗਤ ਵਿੱਚ ਇਕਸਾਰਤਾ ਬਣੀ ਰਹੇ।
– ਇਕਵਾਕ ਸਿੰਘ ਪੱਟੀ ਮੋ. 98766-80404, ਸੁਲਤਾਨਵਿੰਡ ਰੋਡ, ਅੰਮਿ੍ਰਤਸਰ। www.ikwaksingh.com