ਕਿਉਂ ਸਾਜਿਓ ਖ਼ਾਲਸਾ ?

0
948

ਕਿਉਂ ਸਾਜਿਓ ਖ਼ਾਲਸਾ ?

ਗੁਰਪ੍ਰੀਤ ਸਿੰਘ (USA)

‘ਖ਼ਾਲਸਾ’; ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਸ ਦੇ ਦੋ ਸਰੂਪ ਮਿਲਦੇ ਹਨ: ‘ਖ਼ਾਲਸਾ ਤੇ ਖ਼ਾਲਸ’, ਜੋ ਕਿ ਨਾਮ ਤੇ ਵਿਸ਼ੇਸ਼ਣ ਹਨ। ਵਿਸ਼ੇਸ਼ਣ ਰੂਪ ’ਚ ‘ਖਾਲਸ’ ਜਾਂ ‘ਖ਼ਾਲਸਾ’ ਦਾ ਭਾਵ ਹੈ: ‘ਨਿਰੋਲ ਸ਼ੁੱਧ, ਸਾਫ, ਮੈਲ ਬਿਨਾਂ ਜਾਂ ਮਿਲਾਵਟ ਰਹਿਤ, ਨਿਰਮਲ, ਆਜ਼ਾਦ ਆਦਿ ਅਤੇ ਨਾਮ ਰੂਪ ਵਿੱਚ ‘ਖਾਲਸਾ’ ਦਾ ਅਰਥ ਹੈ: ਸਰਬਉੱਚ ਪਦ, ਬਾਦਸ਼ਾਹੀ (Royal) ਆਦਿ। ਗੁਰਬਾਣੀ ਵਿੱਚ ‘ਖਾਲਸਾ’ ਸ਼ਬਦ ਦੀ ਪਹਿਲੀ ਵਾਰ ਵਰਤੋਂ ਭਗਤ ਕਬੀਰ ਜੀ ਨੇ ਕੀਤੀ ਹੈ: ‘‘ਕਹੁ ਕਬੀਰ ! ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥’’ (ਸੋਰਠਿ/ ਭਗਤ ਕਬੀਰ/੬੫੫) ਭਾਵ ਕਿ ਜਿਨ੍ਹਾਂ ਪਿਆਰਿਆਂ ਨੇ ਪ੍ਰਭੂ ਨਾਲ ਪ੍ਰੇਮ ਕੀਤਾ ਹੈ, ਉਹ ਪ੍ਰਭੂ ਰੂਪ ਹੀ ਹੋ ਗਏ, ਉਹ ਸੰਸਾਰਕ ਬੰਧਨਾਂ ਤੋਂ ਮੁਕਤ (ਆਜ਼ਾਦ) ਹੋ ਗਏ। ਵਿਆਕਰਨ ਅਨੁਸਾਰ ਇੱਥੇ ‘ਖਾਲਸਾ’ ਵਿਸ਼ੇਸ਼ਣ ਹੈ ਭਾਵ ਨਿਰੋਲ ਸ਼ੁੱਧ, ਨਿਰਮਲ, ਆਜ਼ਾਦ, ਆਦਿ।

ਛੇਵੇਂ ਅਤੇ ਨਾਵੇਂ ਸਤਿਗੁਰੂ ਦੇ ਹੁਕਮਨਾਮਿਆਂ ਵਿੱਚ ਵਰਤੇ ਗਏ ਵਾਕ ਅੰਸ਼ ‘ਸੰਗਤ ਮੇਰਾ ਖ਼ਾਲਸਾ ਹੈ’ ਜਾਂ ‘ਗੁਰੂ ਕਾ ਖ਼ਾਲਸਾ ਹੈ’ ਇੱਥੇ ਸਪਸ਼ਟ ਰੂਪ ਵਿੱਚ ‘ਖ਼ਾਲਸਾ’ ਸ਼ਬਦ ਨਾਮ ਹੈ ਅਤੇ ਅਰਥ ਹੈ ਕਿ ਸੰਗਤ ਮੇਰੀ ਅਤੇ ਸਿਰਫ਼ ਮੇਰੀ ਆਪਣੀ ਹਸਤੀ ਜਾਂ ਰੂਪ ਹੈ, ਫਿਰ 1699 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਖਾਲਸੇ ਦੀ ਵਿਲੱਖਣ ਘਾੜਤ ਘੜੀ ਤੇ ਇੰਝ ਸਾਜੇ ਹੋਏ ਖਾਲਸੇ ਨੂੰ ਬਾਦਸ਼ਾਹ ਬਣਾ ਦਿੱਤਾ।

ਅੱਜ ਸਿੱਖ ਪੰਥ ਨੂੰ ਦੋਫਾੜ ਕਰਨ ਖਾਤਿਰ ਖ਼ਾਲਸੇ ਦੀ ਇਸ ਵਿਲੱਖਣ ਸਾਜਨਾ ਬਾਰੇ ਜਾਣ-ਬੁੱਝ ਕੇ ਕਈ ਭੁਲੇਖੇ ਪਾਏ ਜਾ ਰਹੇ ਹਨ। ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਖ਼ਾਲਸਾ ਪੰਥ ਸਿਰਫ ਉਸ ਸਮੇਂ ਦੀ ਲੋੜ ਨੂੰ ਪੂਰਾ ਕਰਨ ਲਈ ਸਾਜਿਆ ਗਿਆ ਸੀ। ਕੁੱਝ ਕੁ ਦਾ ਮੱਤ ਹੈ ਕਿ ਇਹ ਹਿੰਦੂ ਧਰਮ ਦੀ ਰੱਖਿਆ ਲਈ ਹੀ ਸਾਜਿਆ ਗਿਆ ਸੀ। ਕੁੱਝ ਨਾਸਮਝ ਤਾਂ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਖ਼ਾਲਸਾ ਸਾਜ ਕੇ ਸਿੱਖਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਅਧਿਆਤਮਿਕ ਰਾਹ ਤੋਂ ਹਟਾ ਕੇ (ਸੈਨਿਕਾਂ ਦੇ ਰੂਪ ਵਿੱਚ ਬਦਲ ਕੇ) ਹੋਰ ਪਾਸੇ ਤੋਰ ਦਿੱਤਾ। ਅਸਲ ’ਚ ਇਹ ਨਾਸਮਝੀਆਂ ਨਹੀਂ ਬਲਕਿ ਬੜੇ ਯੋਜਨਾਬਧ ਢੰਗ ਨਾਲ ਕੀਤਾ ਜਾਂਦਾ ਕੂੜ ਪ੍ਰਚਾਰ ਹੈ ਜਿਸ ਦਾ ਮਨੋਰਥ ਪੰਥ ’ਚ ਚੱਲ ਰਹੇ ਮਤਭੇਦਾਂ ਨੂੰ ਬੁਨਿਆਦ ਪ੍ਰਦਾਨ ਕਰਨਾ ਹੈ।

ਇਸ ਸੰਬੰਧੀ ਕਿਸੇ ਵੀ ਬੇਲੋੜੇ ਭੁਲੇਖੇ ਨੂੰ ਦੂਰ ਕਰਨ ਲਈ ਖਾਲਸਾ ਪੰਥ ਦੀ ਸਥਾਪਨਾ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਇਸ ਬਾਰੇ ਸਾਨੂੰ ਗੁਰ ਇਤਿਹਾਸ ਤੇ ਕੁੱਝ ਵਿਚਾਰ ਕਰਨੀ ਪਵੇਗੀ, ਤਾਂ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਭਾਵੇਂ ਖਾਲਸਾ ਕੌਮ ਦੀ ਸਥਾਪਨਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ (1699 ’ਚ ਰਸਮੀ ਤੌਰ ’ਤੇ) ਕੀਤੀ ਸੀ ਪਰ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਹੀ ਰੱਖੀ ਸੀ। ਬਾਅਦ ’ਚ ਅੱਠ ਗੁਰੂ ਸਾਹਿਬਾਨ ਨੇ ਉਸ ਨੀਂਹ ਉੱਪਰ ਖਾਲਸਾ ਪੰਥ ਰੂਪੀ ਮਹਲ ਦੀ ਉਸਾਰੀ ਕੀਤੀ ਅਤੇ ਦਸਵੇਂ ਗੁਰੂ ਜੀ ਨੇ ਉਸ ਮਹਲ ਨੂੰ ਸੰਵਾਰ, ਸ਼ਿੰਗਾਰ ਕੇ ਅੰਤਿਮ ਛੋਹ ਬਖ਼ਸ਼ੀ।

ਸਤਿਗੁਰੂ ਨਾਨਕ ਜੀ ਦੇ ਆਗਮਨ ਤੋਂ ਪਹਿਲੋਂ ਉਹਨਾਂ ਦੇ ਕਾਲ ਸਮੇਂ ਅਸਲ ਵਿੱਚ ਹਿੰਦੋਸਤਾਨ ਦੀ ਜਨਤਾ ਮੁੱਖ ਤੌਰ ’ਤੇ ਦੋ ਸ਼੍ਰੇਣੀਆਂ ਵਿੱਚ ਵੰਡੀ ਹੋਈ ਸੀ। ਇੱਕ ਸ਼੍ਰੇਣੀ ਹਿੰਦੂ ਧਰਮਾਂ ਦੇ ਅਨੁਯਾਈਆਂ ਦੀ ਸੀ। ਇਹਨਾਂ ਵਿਚਲੀ ਆਪਸੀ ਫੁੱਟ ਭਾਵ ਜਾਤ ਤੇ ਵਰਨ ਵੰਡ ਅਤੇ ਅਨੇਕ ਦੇਵੀ ਦੇਵਤਿਆਂ ਦੀ ਪੂਜਾ ਕਰਨਾ, ਇੱਕ ਦੂਸਰੇ ਤੋਂ ਘ੍ਰਿਣਾ, ਛੂਤ-ਪਾਤ ਤੇ ਰੀਤਾਂ-ਰਸਮਾਂ ਦੇ ਵਖਰੇਵਿਆਂ ਨੇ, ਇਹਨਾਂ ’ਤੇ ਰਾਜ ਕਰਨ ਵਾਲੀ ਦੂਜੀ ਹਾਕਮ ਸ਼੍ਰੇਣੀ ਨੂੰ ਜਨਮ ਦੇ ਦਿੱਤਾ। ਚਾਹੇ ਇਹ ਹਾਕਮ ਸ਼੍ਰੇਣੀ ਵਿਦੇਸ਼ੀ ਸੀ ਪਰ ਇਸ ਦੀ ਹਕੂਮਤ ਨੇ ਅਸਲ ਭਾਰਤਵਾਸੀਆਂ (ਦਰਾਵੜਾਂ) ਨੂੰ ਬਹੁਤ ਜਲਦ ਮਜਬੂਰ ਕਰ ਦਿੱਤਾ ਕਿ ਉਹ ਆਪਣਾ ਖਾਣ ਪਹਿਨਣ, ਸਿੱਖਿਆ ਤੇ ਧਰਮ ਆਦਿ ਹਾਕਮਾਂ ਦੀ ਰੁਚੀ ਅਨੁਸਾਰ ਕਰਨ, ਜਿਸ ਦੀ ਪੁਸ਼ਟੀ ਗੁਰੂ ਸਾਹਿਬ ਜੀ ਦੀਆਂ ਹੇਠਲੀਆਂ ਤੁਕਾਂ ਤੋਂ ਭਲੀ ਭਾਂਤੀ ਹੋ ਜਾਂਦੀ ਹੈ:

‘‘ਘਰਿ ਘਰਿ ਮੀਆ, ਸਭਨਾਂ ਜੀਆਂ; ਬੋਲੀ ਅਵਰ ਤੁਮਾਰੀ ॥’’ (ਮ: ੧/੧੧੯੧)

ਯਥਾ

‘‘ਖਤ੍ਰੀਆ ਤ ਧਰਮੁ ਛੋਡਿਆ; ਮਲੇਛ ਭਾਖਿਆ ਗਹੀ ॥’’ (ਮ: ੧/੬੬੩)

ਇਸੇ ਸੰਬੰਧ ਵਿੱਚ ਗੁਰੂ ਕਾਲ ਸਮੇਂ ਗੈਰ ਮੁਸਲਿਮ ਭਾਰਤੀਆਂ ਬਾਰੇ ‘ਪੀਟਰ ਹਾਰਡੀ’ ਆਪਣੀ ਪੁਸਤਕ 8 9 ਦੇ ਸਫ਼ਾ 114 ਤੇ ਇਉਂ ਲਿਖਦੇ ਹਨ:

“Non- Muslims ( are) the furniture and properties for the stage, on which the drama of the Muslim Destiny in Hindustan is played. The Hindus are the passive material on which the Muslims impose their will. It is the function of the Hindus to provide opportunities for the practice of Muslim virtue……..interesting only as converts,as capitation tax payers or as corpses”  ਅਰਥਾਤ ਹਿੰਦੋਸਤਾਨ ਦੇ ਸਿਆਸੀ ਰੰਗਮੰਚ ਉੱਤੇ, ਜਿੱਥੇ ਮੁਸਲਮਾਨੀ ਭਾਗਾਂ ਦੇ ਉਦੈ ਹੋਣ ਦਾ ਨਾਟਕ ਖੇਡਿਆ ਜਾ ਰਿਹਾ ਹੈ, ਗੈਰ ਮੁਸਲਿਮ ਜਨਤਾ ਕੇਵਲ ਸਮੱਗਰੀ ਦਾ ਕੰਮ ਦਿੰਦੀ ਹੈ। ਹਿੰਦੂਆਂ ਦੀ ਦਸ਼ਾ ਉਸ ਨਿਰਜਿੰਦ ਸਾਮਾਨ ਹੈ, ਜਿਸ ਨੂੰ ਮੁਸਲਮਾਨ ਆਪਣੀ ਇੱਛਾ ਅਨੁਸਾਰ ਵਰਤਦੇ ਹਨ, ਹਿੰਦੂ ਦੀ ਜ਼ਿੰਮੇਵਾਰੀ ਸਿਰਫ ਐਸੇ ਮੌਕੇ ਪੈਦਾ ਕਰਨਾ ਹੈ ਜਿਨ੍ਹਾਂ ਨੂੰ ਮੁਸਲਮਾਨ ਆਪਣੇ ਭਲੇ ਲਈ ਵਰਤ ਸਕਣ। ਉਨ੍ਹਾਂ ਦੀ ਹੋਂਦ ਮੁਸਲਮਾਨਾਂ ਵਾਸਤੇ ਇਸ ਲਈ ਦਿਲਚਸਪ ਹੈ ਕਿ ਉਨ੍ਹਾਂ ਨੂੰ ਮੁਸਲਮਾਨ ਬਣਾ ਕੇ ਇਸਲਾਮ ਦਾ ਵਾਧਾ ਹੋਵੇ ਜਾਂ ਉਨ੍ਹਾਂ ਪਾਸੋਂ ਜਜ਼ੀਆ ਵਸੂਲਿਆ ਜਾਵੇ, ਇਸ ਤੋਂ ਬਿਨਾਂ ਉਹ ਨਿਰੀਆਂ ਲੋਥਾਂ ਹਨ। ਉਸ ਸਮੇਂ ਭਾਰਤ ਦੀ ਹਾਕਮ ਸ਼੍ਰੇਣੀ ਕਿਹੋ ਜਿਹੀ ਸੀ, ਇਸ ਦਾ ਚਿਤਰਨ ਗੁਰੂ ਨਾਨਕ ਸਾਹਿਬ ਜੀ ਬਾਖ਼ੂਬੀ ਕਰਦੇ ਹਨ:

‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮)

ਯਥਾ

‘‘ਕਲਿ ਕਾਤੀ, ਰਾਜੇ ਕਾਸਾਈ; ਧਰਮੁ ਪੰਖ ਕਰਿ ਉਡਰਿਆ ॥’’ (ਮ: ੧/੧੪੫)

ਅਜਿਹੇ ਵੇਲੇ ਲੋੜ ਸੀ ਕਿ ਕਿਸੇ ਬੱਝਵੇਂ ਪ੍ਰਬੰਧ ਰਾਹੀਂ ਆਪਣੀ ਹੋਂਦ ਭੁੱਲ ਚੁੱਕੀ ਜਨਤਾ ਨੂੰ ਜਾਗਰੂਕ ਕੀਤਾ ਜਾ ਸਕੇ। ਸਮਾਜ ਵਿੱਚ ਚੇਤਨਤਾ ਪੈਦਾ ਕਰਨ ਤੇ ਸਰਬਪੱਖੀ ਗਿਰਾਵਟ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਜੀ ਨੇ ਪ੍ਰਚਾਰਕ ਦੌਰੇ ਆਰੰਭੇ, ਵੱਖ-ਵੱਖ ਥਾਵਾਂ ’ਤੇ ਸਥਾਈ ਪ੍ਰਚਾਰਕ ਨਿਯੁਕਤ ਕੀਤੇ, ਸੰਗਤਾਂ ਕਾਇਮ ਕੀਤੀਆਂ ਤੇ ਆਪਣੇ ਸਾਹਮਣੇ ਇੱਕ ਆਦਰਸ਼ ਸਮਾਜ ਦੀ ਸਥਾਪਨਾ ਲਈ ਕੁਝ ਨਿਸ਼ਾਨੇ ਮਿਥੇ, ਜਿਵੇਂ ਕਿ:

(1). ਲੋਕਾਂ ਨੂੰ ਅੰਧ ਵਿਸ਼ਵਾਸਾਂ, ਕਰਮਕਾਂਡਾਂ ਤੇ ਹੋਰ ਗਲਤ ਵਿਚਾਰਾਂ ਵੱਲੋਂ ਹਟਾ ਕੇ ਇੱਕ ਪ੍ਰਭੂ ਦੇ ਲੜ ਲਾਉਣਾ ਅਤੇ ਉਹਨਾਂ ਅੰਦਰ ਸੱਚੇ ਧਰਮ ਦਾ ਸੰਚਾਰ ਕਰਨਾ ਭਾਵ ਕਿ ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਸਿਧਾਂਤ ਦਿੜ੍ਹਾਉਣਾ ਹੈ।

(2). ਸਮਾਜ ਵਿੱਚ ਪਸਰੀਆਂ ਬੁਰਿਆਈਆਂ ਜਿਵੇਂ ਕਿ ਜਾਤ-ਪਾਤ, ਛੂਤ-ਛਾਤ, ਇਸਤ੍ਰੀ ਜਾਤੀ ਦੇ ਹੁੰਦੇ ਅਪਮਾਨ ਆਦਿ ਨੂੰ ਦੂਰ ਕਰਨਾ।

(3). ਲੋਕਾਂ ਨੂੰ ਜਾਗਿ੍ਰਤ ਕਰਕੇ ਇਸ ਕਦਰ ਬਹਾਦਰ ਬਣਾਉਣਾ ਕਿ ਉਹ ਰਾਜਿਆਂ ਦੇ ਜੁਲਮਾਂ ਦਾ ਟਾਕਰਾ ਕਰ ਸਕਣ ਅਤੇ ਲੋਕ ਹਿੱਤ ਭਾਵ ਸਰਬ ਸੁੱਖ ਵਾਲਾ ਸੁਖਾਵਾਂ ਰਾਜ ਪ੍ਰਬੰਧ ਕਾਇਮ ਕਰ ਸਕਣ।

ਗੁਰੂ ਸਾਹਿਬ ਜੀ ਨੇ ਸਰੀਰਕ ਤੇ ਮਾਨਸਿਕ ਪੱਖੋਂ ਵੀ ਪ੍ਰਚਾਰ ਦੁਆਰਾ ਉਪਰੋਕਤ ਨਿਸ਼ਾਨਿਆਂ ਦੀ ਪ੍ਰਾਪਤੀ ਵਿੱਚ ਸਫਲਤਾ ਹਾਸਲ ਕੀਤੀ ਸੀ ਜਿਵੇਂ ਕਿ ਫ਼ੁਰਮਾਇਆ ਗਿਆ :

ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ? ॥ (ਮ: ੧/੧੫)

ਅੰਧਾ ਆਗੂ ਜੇ ਥੀਐ; ਕਿਉ ਪਾਧਰੁ ਜਾਣੈ ? ॥ ਆਪਿ ਮੁਸੈ ਮਤਿ ਹੋਛੀਐ; ਕਿਉ ਰਾਹੁ ਪਛਾਣੈ ?॥ (ਮ: ੧/੭੬੭)

ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥ (ਮ: ੧/੧੨੪੫)

ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥ (ਮ: ੧/੪੭੩), ਆਦਿ।

ਗੁਰੂ ਜੀ ਸਰੀਰਕ ਤੌਰ ’ਤੇ ਭਾਈ ਲਾਲੋ ਜੀ ਦੇ ਨਾਲ ਵੀ ਰਹੇ। ਇਸੇ ਵਖਰੇਵੇ ਨੂੰ ਮਿਟਾਉਣ ਲਈ ਇੱਕ ਮਰਾਸੀ ਨੂੰ ਆਪਣੇ ਨਾਲ ਰੱਖਿਆ ਤੇ ਫਿਰ ਬਾਬਰ ਵਰਗਿਆਂ ਨੂੰ ਜ਼ਾਬਰ ਆਖ ਕੇ, ਜ਼ੁਲਮ ਵਿਰੁੱਧ ਜਨਤਾ ਦੀ ਅਗਵਾਈ ਕੀਤੀ; ਜਿਵੇਂ

ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥ (ਮ: ੧/੭੨੨)

ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ (ਮ: ੧/੧੨੮੮)ਆਦਿ।

ਗੁਰੂ ਸਾਹਿਬ ਨੇ ਮਾਨਸਿਕ ਪੱਖੋਂ ਵੀ ਇੱਕ ਮਹਾਨ ਮਨੋ-ਵਿਗਿਆਨੀ ਦੀ ਤਰ੍ਹਾਂ ਮਨੁੱਖ ਦੇ ਮਨ ਤੋਂ ਮੌਤ ਦਾ ਭੈਅ ਦੂਰ ਕੀਤਾ ਤੇ ਦਿੜ੍ਹਾਇਆ:

ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ; ਮਨ ! ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ (ਮ: ੪/੫੯੪)

ਯਥਾ:

ਮਰਣਹਾਰੁ ਇਹੁ ਜੀਅਰਾ ਨਾਹੀ ॥ (ਮ: ੫/੧੮੮)ਆਦਿ।

ਉਪਰੋਕਤ ਕਥਨਾ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਅਤੇ ਗੁਰੂ ਨਾਨਕ ਦੇ ‘ਨਿਰਮਲ ਪੰਥ’ ਨੂੰ ਅਗਾਂਹ ਤੋਰਦਿਆਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਰੀਰ ਤੇ ਅਕਹਿ ਕਸ਼ਟ ਸਹਾਰੇ ਤੇ ‘‘ਤੇਰਾ ਕੀਆ, ਮੀਠਾ ਲਾਗੈ ॥’’ (ਮ: ੫/੩੯੪) ਦੀ ਧੁਨ ਅੰਦਰ ਟਿਕੇ ਰਹਿ ਕੇ ਨਿਰਭਉ ਤੇ ਨਿਰਵੈਰ ਕਿਵੇਂ ਹੋਈਦਾ ਹੈ, ਇਸ ਦੀ ਸੋਝੀ ਭੈ-ਭੀਤ ਹੋਈ ਜਨਤਾ ਨੂੰ ਦਿੱਤੀ, ਪਰ ਸਤਿਗੁਰ ਦੀ ਸ਼ਹੀਦੀ ਵੇਲੇ ਤੱਕ ਵਿਅਕਤੀਗਤ ਕਰਮ ਧਰਮ ਸੰਗਤੀ ਰੂਪ ਲੈ ਚੁੱਕੇ ਸਨ।

ਠਾਕੁਰ ਤੇ ਦੇਵ ਪੂਜਾ ਦੀ ਥਾਂ ਇੱਕ ਅਕਾਲ ਪੁਰਖ ਦੀ ਅਰਾਧਣਾ ਨੇ ਲੈ ਲਈ ਸੀ। ਗੁਰੂ ਦੇ ਸ਼ਬਦ ਦੀ ਵੀਚਾਰ ਤੇ ਕਥਾ-ਕੀਰਤਨ (ਸੰਗਤੀ ਰੂਪ ਵਿੱਚ) ਪੂਜਾ ਦੇ ਸਾਧਨ ਬਣ ਚੁੱਕੇ ਸਨ। ਜਾਤ-ਪਾਤ, ਛੂਤ-ਛਾਤ ਦੇ ਭਿੰਨ-ਭੇਦ ਖ਼ਤਮ ਹੋ ਚੁਕੇ ਸਨ ਅਤੇ ਇਸ ਦੀ ਜਗ੍ਹਾ ਸਾਂਝੇ ਲੰਗਰ ਤੇ ਸਰੋਵਰਾਂ ਨੇ ਲੈ ਲਈ ਸੀ। ਗੁਰੂ ਸਾਹਿਬਾਨ ਨੇ ਹਰ ਕਿੱਤੇ ਨੂੰ ਇੱਕੋ ਜਿਹਾ ਦੱਸਿਆ, ਜਿਸ ਦੇ ਫਲਸਰੂਪ ਹੱਥੀਂ ਕਾਰ ਕਰਨ, ਮਿਹਨਤ ਦੇ ਰਿਵਾਜ ਕਾਰਨ ਆਪਸੀ ਸਤਿਕਾਰ ਵੱਧ ਰਿਹਾ ਸੀ। ਕਹਿਣ ਦਾ ਭਾਵ ਕਿ ਸਦੀਆਂ ਤੋਂ ਲਿਤਾੜੇ ਹੋਏ ਸਮਾਜ ਨੂੰ ਇਕ ਵੱਖਰੀ ਹੋਂਦ ਬਖ਼ਸ਼ ਦਿੱਤੀ ਗਈ ਸੀ।

ਇਸ ਗੱਲ ਦੀ ਹਾਮੀ ਜਹਾਂਗੀਰ ਆਪਣੀ ਸਵੈ- ਜੀਵਨੀ ਵਿੱਚ ਭਰਦਾ ਹੈ ਕਿ ‘ਮੈ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਨ ਲਈ ਗੁਰੂ ਨੂੰ ਤਸੀਹੇ ਦੇ ਕੇ ਮਾਰ ਦੇਣ ਦਾ ਹੁਕਮ ਦਿੱਤਾ ਕਿਉਂਕਿ ਬਹੁਤ ਸਾਰੇ ਬੇਵਕੂਫ਼ ਮੁਸਲਮਾਨ ਵੀ ਪ੍ਰੇਰਿਤ ਹੋ ਰਹੇ ਸਨ।’

ਹੁਣ ਇਹ ਅਤਿ ਜ਼ਰੂਰੀ ਹੋ ਚੁੱਕਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਰੰਭੇ ਕਾਰਜ ਨੂੰ ਛੇਤੀ ਪੂਰਾ ਕੀਤਾ ਜਾਵੇ। ਆਤਮਿਕ ਬਲ ਦੇ ਨਾਲ ਹੀ ਸਰੀਰਕ ਬਲ ਪੈਦਾ ਕਰਨ ਤੇ ਝੂਠੀਆਂ ਪਾਤਸ਼ਾਹੀਆਂ ਦੀ ਗੁਲਾਮੀ ਸਿੱਖਾਂ ਦੇ ਗਲੋਂ ਲਾਹੁਣ ਲਈ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਦੀ ਸਥਾਪਨਾ ਕੀਤੀ। ਹੁਣ ਡੇਢ ਸੋ ਸਾਲ ਪਹਿਲੋਂ ਅਰੰਭਿਆ ਕਾਰਜ ਇਸ ਮੁਕਾਮ ’ਤੇ ਪੁੱਜ ਚੁੱਕਾ ਸੀ ਜਿੱਥੇ ਸਤਿਗੁਰੂ ਦੀ ਸ਼ਰਨ ਆਏ ਲੋਕ ਆਪਣੇ ਆਪ ਨੂੰ ਕੁੱਲ, ਧਰਮ ਅਤੇ ਰਾਜ ਦੇ ਭੈ ਤੋਂ ਮੁਕਤ ਸਮਝਦੇ ਸਨ।

ਮਨੁੱਖ ਉਹੀ ਸੁਤੰਤਰ ਹੈ, ਜੋ ਆਪ ਸੁਤੰਤਰ ਰੂਪ ਵਿਚਰਦਾ ਹੋਇਆ, ਹੋਰਨਾਂ ਨੂੰ ਵੀ ਆਪਣੇ ਵਰਗਾ ਵੇਖਣਾ ਲੋਚਦਾ ਹੈ। ਉਸ ਦਾ ਤਾਂ ਸਗੋਂ ਕਰਮ ਇਹ ਵੇਖਣਾ ਹੁੰਦਾ ਹੈ ਕਿ ਕਿਧਰੇ ਕੋਈ ਕਿਸੇ ਨੂੰ ਦੁੱਖ ਤਾਂ ਨਹੀ ਦੇ ਰਿਹਾ ਤੇ ਇੰਝ ਹੀ ਗੈਰਾਂ ਦੀ ਸੁਤੰਤਰ ਹੋਂਦ ਨੂੰ ਕਾਇਮ ਰੱਖਣ ਵਾਸਤੇ ਆਪਣੇ ਸਰੀਰ ਦੀ ਬਲੀ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਆਦਰਸ਼ ਸਥਾਪਿਤ ਕੀਤਾ ਤੇ ਇਸ ਆਦਰਸ਼ ਨੂੰ ਨਿਰੰਤਰਤਾ ਤੇ ਸੰਪੂਰਨਤਾ ਪ੍ਰਦਾਨ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖੰਡਾ ਫੜਿਆ।

ਅਸਲ ਵਿਚ ਸਮਾਜ ਨੂੰ ਪੂਰੀ ਤਰ੍ਹਾਂ ਬਦਲਣ ਲਈ ਲੰਮੇ ਸਮੇਂ ਦੀ ਲੋੜ ਸੀ, ਇਸੇ ਕਰਕੇ ਸਾਰਾ ਕਾਰਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਦਸ ਜਾਮਿਆਂ ’ਚ ਸੰਪੂਰਨ ਕੀਤਾ। ਦਸਵੇਂ ਜਾਮੇ ਵਿੱਚ ਵੀ ਉਹੀ ਜੋਤ ਮੌਜੂਦ ਸੀ:

ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ॥ (ਬਲਵੰਡ ਸਤਾ/੯੬੬)

ਗੁਰੂ ਗੋਬਿੰਦ ਸਿੰਘ ਜੀ ਵੇਲੇ ਦੀ ਰਾਜਨੀਤਕ ਦਸ਼ਾ ਦਾ ਹਾਲ ਇਹ ਸੀ ਕਿ ਔਰੰਗਜ਼ੇਬ ਦੇ ਜ਼ੁਲਮਾਂ ਕਰਕੇ ਸਾਰੇ ਦੇਸ਼ ਵਿੱਚ ਹਾਹਾਕਾਰ ਮਚੀ ਪਈ ਸੀ ਤੇ ਹਿੰਦੂਆਂ ਨੂੰ ਜ਼ਬਰੀ ਮੁਸਲਮਾਨ ਬਣਾਇਆ ਜਾ ਰਿਹਾ ਸੀ। ਉਸ ਸਮੇਂ ਗੁਰੂ ਜੀ ਦੀ ਉਮਰ ਸਿਰਫ ਨੌ ਸਾਲ ਦੀ ਹੀ ਸੀ ਜਦ ਆਪ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਸਮੁੱਚੇ ਸੰਸਾਰ ਦੇ ਮਜ਼ਲੂਮਾਂ ਦੀ ਅਗਵਾਈ ਕਰਦਿਆਂ ਤੇ ਧਰਮ ਦੀ ਰੱਖਿਆ ਦਾ ਬਚਨ ਨਿਭਾਉਂਦਿਆਂ ਆਪਣੀ ਅਦੁੱਤੀ ਸ਼ਹੀਦੀ ਦੇ ਕੇ, ਜ਼ੁਲਮ ਅੱਗੇ ਕਦੀ ਵੀ ਨਾ ਝੁਕਣ ਦੀ ਇੱਕ ਲਾਜਵਾਬ ਮਿਸਾਲ ਕਾਇਮ ਕੀਤੀ:

ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥ (ਭਗਤ ਕਬੀਰ/੧੧੦੫) ਨਾਲੇ ਧਰਮ ਚਲਾਉਣ ਦਾ ਭਾਵ ਇਹ ਨਹੀਂ ਕਿ ਕਿਸੇ ਦਾ ਧਰਮ ਬਦਲ ਕੇ ਉਸ ਨੂੰ ਆਪਣੇ ਧਰਮ ਵਿੱਚ ਲਿਆਂਦਾ ਜਾਵੇ। ਇਹ ਕੰਮ ਤਾਂ ਔਰੰਗਜ਼ੇਬ ਦੀ ਕੱਟੜਪੰਥੀ ਹਕੂਮਤ ਵੀ ਕਰ ਰਹੀ ਸੀ। ਧਰਮ ਚਲਾਉਣ ਦਾ ਭਾਵ ਤਾਂ ਲੋਕਾਂ ਦੀ ਜ਼ਮੀਰ ਨੂੰ ਅਜ਼ਾਦ ਕਰਨਾ ਹੈ, ਤਾਂ ਕਿ ਉਹ ਬਿਨਾਂ ਕਿਸੇ ਭੈ ਜਾਂ ਝਿਜਕ, ਘਬਰਾਹਟ ਤੋਂ ਅਜ਼ਾਦੀ ਨਾਲ ਰਹਿਣ। ਇਹ ਹੀ ਧਰਮ ਨਿਰਪੇਖਤਾ ਤੇ ਸੈਕੂਲਰਿਜ਼ਮ ਦਾ ਤਕਾਜ਼ਾ ਹੈ, ਜਿਸ ਕਾਰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਦਿੱਤੀ।

ਇੱਥੇ ਹਰੀ ਰਾਮ ਗੁਪਤਾ ਲਿਖਦਾ ਹੈ: ”Along with the recitation of Hymns, they were taught the practical lesson of Dharma or Holy war. After all what is the use of such spirituality if it would not inspire to resist the wrong with courage and boldness”  ਅਰਥਾਤ ਸਿੱਖਾਂ ਨੂੰ ਗੁਰੂ ਦੀ ਬਾਣੀ ਪੜ੍ਹਨ ਦੇ ਨਾਲ ਧਰਮ ਯੁੱਧ ਵਿੱਚ ਭਾਗ ਲੈਣ ਦੀ ਅਮਲੀ ਸਿੱਖਿਆ ਦਿੱਤੀ ਗਈ ਸੀ। ਆਖਿਰ ਅਜਿਹੇ ਆਤਮਕ ਚਿੰਤਨ (ਧਰਮ) ਦਾ ਲਾਭ ਵੀ ਕੀ ਹੈ ਜੋ ਅਨੁਚਿਤ ਗੱਲ ਦਾ ਦਲੇਰੀ ਤੇ ਹੌਂਸਲੇ ਨਾਲ ਮੁਕਾਬਲਾ ਕਰਨ ਲਈ ਉਤਸ਼ਾਹਿਤ ਨਹੀਂ ਕਰਦਾ।

ਪ੍ਰਚਲਿਤ ਧਰਮ ਵਿਸ਼ਵਾਸ ਨੂੰ ਐਸੀ ਸੋਚਣੀ ਦੇਣਾ ਇੱਕ ਮਹਾਨ ਇਨਕਲਾਬ ਸੀ। ਸੋ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਮਣੇ ਹੇਠ ਲਿਖੇ ਆਦਰਸ਼ ਸਨ, ਜਿਨ੍ਹਾਂ ਲਈ ਖਾਲਸਾ ਸਾਜਿਆ:

(1). ਮਨੁੱਖ (ਪ੍ਰਾਣੀ) ਮਾਤਰ ਨੂੰ ਪ੍ਰਮਾਤਮਾ ਵਿੱਚ ਅਭੇਦਤਾ ਦਾ ਮਨੋਰਥ (ਜੁਗਤੀ) ਦ੍ਰਿੜ੍ਹਾਉਣਾ।

(2). ਸਮਾਨਤਾਵਾਦੀ ਅਤੇ ਵਿਸ਼੍ਵਵਿਆਪੀ ਭਰਾਤਰੀ ਭਾਵ ਪੈਦਾ ਕਰਨਾ।

(3). ਨਵਾਂ ਸੁਚੱਜਾ ਸਿਆਸੀ ਪ੍ਰਬੰਧ।

(4). ਉਪਰੋਕਤ ਆਦਰਸ਼ਾਂ ਦੇ ਧਾਰਨੀਆਂ ਨੂੰ ‘ਖਾਲਸਾ ਪੰਥ’ ਦੇ ਝੰਡੇ ਹੇਠ ਇਕੱਠੇ ਕਰਨਾ।

(5). ਮਾਨਵਤਾ ਦੀ ਇੱਕ ਨਵੀਂ ਸੂਖਮ ਦ੍ਰਿਸ਼ਟੀ ਦੀ ਪੁਨਰ ਸਿਰਜਣਾ ਕਰਨੀ, ਆਦਿ।

ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਫੁਰਮਾ ਗਏ ਸਨ ਕਿ:

ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥ ਸਿਰੁ ਦੀਜੈ; ਕਾਣਿ ਨ ਕੀਜੈ ॥ (ਮ: ੧/੧੪੧੨)

ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥ (ਮ: ੧/੫੮੦), ਆਦਿ।

ਗੁਰੂ ਅਰਜਨ ਦੇਵ ਜੀ ਨੇ ਵੀ ਫੁਰਮਾਇਆ ਸੀ ਕਿ:

ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ (ਮ: ੫/੧੧੦੨), ਆਦਿ।

ਆਪਣੇ ਉਪਰੋਕਤ ਆਦਰਸ਼ਾਂ ਨੂੰ ਇਨ੍ਹਾਂ ਨਿਯਮਾਂ ਦੇ ਅਧੀਨ ਪਰਖਣ ਲਈ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਦੇ ਮੈਦਾਨ ’ਚ ਸਿੱਖਾਂ ਅੰਦਰੋਂ ਮੌਤ ਦਾ ਡਰ ਦੂਰ ਕਰਨ ਲਈ ਇੱਕ ਕੌਤਕ ਰਚਿਆ ਸੀ। ਇੱਕ ‘ਸੀਸ’ ਦੀ ਮੰਗ ਕੀਤੀ ਪਰ ਮੌਤ ਦਾ ਭੈ ਤਾਂ ਕੀ, ਸਿੱਖਾਂ ਨੂੰ ਇਹ ਦ੍ਰਿੜ੍ਹ ਹੋ ਚੁੱਕਾ ਸੀ ਕਿ:

ਐਸੀ ਮਰਨੀ ਜੋ ਮਰੈ; ਬਹੁਰਿ ਨ ਮਰਨਾ ਹੋਇ ॥ (ਕਬੀਰ/੫੫੫)

ਹੁਣ ਦਸਵੇਂ ਜਾਮੇ ’ਚ ਜਦ ਗੁਰੂ ਸਾਹਿਬ ਨੇ ਵੇਖਿਆ ਕਿ ਉਨ੍ਹਾਂ ਦਾ ਮਿਸ਼ਨ ਸੰਪੂਰਣ ਹੋ ਗਿਆ ਹੈ ਤਾਂ ਉਸ ਵਿਚਾਰਧਾਰਾ ਦੀ ਰਾਖੀ ਕਰਨ ਲਈ, ਜਿਸ ਨੂੰ ਪ੍ਰਗਟ ਕਰਨ ਤੇ ਪ੍ਰਚਾਰਨ ਵਿੱਚ 230 ਸਾਲ (1699 ਤੱਕ) ਦਾ ਸਮਾਂ ਲੱਗਾ, ਗੁਰੂ ਸਾਹਿਬ ਜੀ ਨੇ ਸਿੱਖ ਪੰਥ ਨੂੰ ਅੰਤਿਮ ਛੋਹਾਂ ਦਿੱਤੀਆਂ ਤਾਂ ਕਿ ਰਹਿੰਦੀ ਦੁਨੀਆਂ ਤੱਕ ਮੁੜ ਕੇ ਧਰਮ ਅਲੋਪ ਨਾ ਹੋ ਸਕੇ। ਸੰਨ 1699 ਈਸਵੀ ਦੀ ਵਿਸਾਖੀ ਨੂੰ ਪਿਛਲੀ ਜਾਤ- ਗੋਤ ਖਤਮ ਕਰਕੇ, ਖੰਡੇ ਦੀ ਪਾਹੁਲ ਦੁਆਰਾ ਸਾਰੇ ਮਨੁੱਖੀ ਸਮਾਜ ਨੂੰ ਇੱਕ ਲੜੀ ਵਿੱਚ ਪਰੋ ਦਿੱਤਾ।

ਔਰੰਗਜ਼ੇਬ ਦੇ ਖ਼ਬਰ-ਨਵੀਸ ਅਹਿਮਦ ਸ਼ਾਹ ਬਟਾਲਵੀ ਦੇ ਅਨੁਸਾਰ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਇੱਕ ਸੰਖੇਪ ਤਕਰੀਰ ਕੀਤੀ ਸੀ ਕਿ ‘ਮੈ ਚਾਹੁੰਦਾਂ ਹਾਂ ਕਿ ਤੁਸੀਂ ਸਾਰੇ ਇੱਕ ਰਾਹ ’ਤੇ ਚੱਲੋ ਤੇ ਇੱਕੋ ਧਰਮ ਅਪਣਾਓ, ਵੱਖ-ਵੱਖ ਜਾਤਾਂ ਦੇ ਵਖਰੇਵੇਂ ਮਿਟਾ ਦਿਓ, ਹਿੰਦੂਆਂ ਦੀਆਂ ਚਾਰ ਜਾਤਾਂ ਨੂੰ, ਜਿਨ੍ਹਾਂ ਦਾ ਵਰਣਨ, ਸ਼ਾਸਤਰਾਂ ਵਿੱਚ ਆਇਆ ਹੈ, ਜੜ੍ਹੋਂ ਹੀ ਮੁਕਾ ਦਿਓ ਤੇ ਇੱਕ ਦੂਜੇ ਨਾਲ ਖੁਲ੍ਹ ਕੇ ਮਿਲੋ, ਕੋਈ ਇੱਕ ਦੂਜੇ ਨੂੰ ਆਪਣੇ ਨਾਲੋਂ ਵੱਡਾ ਛੋਟਾ ਨਾ ਸਮਝੇ। ਤੀਰਥ ਯਾਤਰਾ ਕਰਨ ਦਾ ਕੋਈ ਆਤਮਿਕ ਲਾਭ ਨਹੀਂ । ਵੇਦਾਂ ਸ਼ਾਸਤਰਾਂ ਤੋਂ ਉੱਪਰ ਉੱਠੋ ਕਿਉਂਕਿ ਦੇਵ-ਪੂਜਾ ਦੀ ਕੋਈ ਲੋੜ ਨਹੀਂ।

ਸਿਰਫ਼ ਗੁਰੂ ਜੀ ਬਾਣੀ ਅਤੇ ਉਨ੍ਹਾਂ ਦੀ ਸਿੱਖਿਆ ’ਤੇ ਅਮਲ ਕਰੋ। ਸਾਰੇ ਇਕੋ ਬਾਟੇ ਵਿਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਨਾਲ ਪਿਆਰ ਕਰਕੇ, ਨਫਰਤ ਦੂਰ ਕਰੋ ਤੇ ਖਾਲਸੇ ਬਣ ਜਾਓ।’

ਅਜਿਹਾ ਉਦਾਰਚਿਤ ਖ਼ਾਲਸਾ ਹੁਣ ਅਕਾਲ ਪੁਰਖ ਦਾ ਸੀ ਤੇ ਇਸ ਨਿਆਰੇ, ਕਦੀ ਨਾ ਹਿੰਮਤ ਹਾਰਨ ਵਾਲੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਧੀਨ ਕਰ ਸਾਬਤ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ੇ ਆਦਰਸ਼ (ਨਿਰੂਪਣ) ਵਾਲਾ ਖਾਲਸਾ ਨਿਰਾ ਇੱਕ ਸੰਗਠਨ ਜਾਂ ਜਥੇਬੰਦੀ ਨਹੀਂ ਬਲਕਿ ਖ਼ਾਲਸਾ ਤਾਂ ਇੱਕ ਸ਼ਕਤੀ ਹੈ, ਕਿਉਂਕਿ ਉਸ ਦੇ ਅੰਦਰ ਗੁਰੂ ਸਮਾਇਆ ਹੋਇਆ ਹੈ ਜੋ ਉਸ ਨੂੰ ਕਿਸੇ ਹਾਲ ਵਿੱਚ ਡੋਲਣ ਨਹੀਂ ਦਿੰਦਾ।

ਇੱਕ ਹੋਰ ਭੁਲੇਖਾ:

ਅੰਮ੍ਰਿਤ ਸੰਬੰਧੀ ਹੀ ਇੱਕ ਹੋਰ ਵੱਡਾ ਭੁਲੇਖਾ ਪਾਇਆ ਜਾਂਦਾ ਹੈ ਕਿ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤਾ ਜਦ ਕਿ ਪਹਿਲੇ ਗੁਰੂ ਸਾਹਿਬਾਨ ਨੇ ਤਾਂ ਅਜਿਹੀ ਕੋਈ ਰਸਮ ਨਹੀਂ ਚਲਾਈ। ਇਸ ਸੰਬੰਧੀ ਸੰਖੇਪ ’ਚ ਬੇਨਤੀ ਹੈ ਕਿ ਗੁਰੂ ਨਾਨਕ ਦੇ ਸਕੂਲ ਵਿੱਚ ਸਿੱਖੀ ਦੀ ਵਿਦਿਆ ਹਾਸਲ ਕਰਨ (ਦਾਖਲੇ) ਵਾਸਤੇ ਇੱਕੋ ਇੱਕ ਸਾਧਨ ਅੰਮ੍ਰਿਤ ਹੀ ਹੈ ਤੇ ਅੰਮ੍ਰਿਤ ਹੀ ਸੀ। ਗੁਰੂ ਨਾਨਕ ਸਾਹਿਬ ਵੇਲੇ ਹੀ ਸਿੱਖੀ ਵਿੱਚ ਪ੍ਰਵੇਸ਼ ਕਰਨ ਲਈ ਅੰਮ੍ਰਿਤ ਜ਼ਰੂਰ ਛਕਣਾ ਪੈਂਦਾ ਸੀ, ਇਸ ਦੀ ਗਵਾਹੀ ਭਾਈ ਗੁਰਦਾਸ ਜੀ ਭਰਦੇ ਹਨ:

ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ। (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੩) ਭਾਵ ਕਿ ਉਸ ਸਮੇਂ ਅੰਮ੍ਰਿਤ ਛਕਣ ਦਾ ਢੰਗ ਚਰਨ ਪਾਹੁਲ ਸੀ, ਫਿਰ ਸਮੇਂ-ਸਮੇਂ ’ਤੇ ਬਾਕੀ ਗੁਰੂ ਸਾਹਿਬਾਨ ਨੇ ਰਹਿਤ ਦ੍ਰਿੜ੍ਹਾਉਣੀ ਵੀ ਸ਼ੁਰੂ ਕੀਤੀ ਜਿਵੇਂ ਕਿ ਕਛਹਿਰੇ ਦੀ ਵਰਤੋਂ ਅਤੇ ਸ਼ਸਤ੍ਰਧਾਰੀ ਹੋਣਾ, ਗੁਰੂ ਹਰਗੋਬਿੰਦ ਸਾਹਿਬ ਵੇਲੇ ਆਰੰਭ ਹੋ ਚੁੱਕਾ ਸੀ।

ਉਪਰੋਕਤ ਸਾਰੀ ਵੀਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਕਲਾ ਨੂੰ ਸੰਪੂਰਨਤਾ ਬਖ਼ਸ਼ੀ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਰੰਭਿਆ ਸੀ, ਜੇ ਗੁਰੂ ਨਾਨਕ ਜੀ ਨੇ ਬਾਬਰ ਦੇ ਜ਼ੁਲਮਾਂ ਨੂੰ ਨੰਗਿਆਂ ਕਰਦਿਆਂ ਹੋਇਆ ਆਪਣੀ ਅੰਮ੍ਰਿਤ ਬਾਣੀ ਦੇ ਸ਼ਬਦਾਂ ’ਚ ਹਥਿਆਰਾਂ ਭਾਵ ਸ਼ਸਤਰ ਵਿਦਿਆ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸ਼ਸਤਰਧਾਰੀ ਬਣਾ ਕੇ ਰਾਜ ਸੰਭਾਲਣ ਅਤੇ ਚਲਾਉਣ ਦੇ ਯੋਗ ਬਣਾ ਦਿੱਤਾ। ਜੇ ਗੁਰੂ ਨਾਨਕ ਜੀ ਨੇ ਲੋਕਾਈ ਨੂੰ ਸ਼ਬਦ ਗੁਰੂ ਦੀ ਲੋੜ ਤੋਂ ਜਾਣੂੰ ਕਰਵਾਇਆ ਤਾਂ ਦਸਮੇਸ਼ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਸਾਰੀ ਕੌਮ ਨੂੰ ਹਮੇਸ਼ਾ ਲਈ ਸ਼ਬਦ ਗੁਰੂ ਦੀ ਰਹਿਨੁਮਾਈ ਹੇਠ ਵਿਚਰਨ ਦੇ ਆਦੇਸ਼ ਦੇ ਦਿੱਤੇ। ਜੇ ਸਤਿਗੁਰੂ ਨਾਨਕ ਜੀ, ਸੰਗਤ ਨੂੰ ‘ਚਰਨ ਪਾਹੁਲ’ ਦੁਆਰਾ ਸਿੱਖੀ ਦਾਇਰੇ ਵਿੱਚ ਲਿਆਉਂਦੇ ਸਨ ਤਾਂ ਕਲਗੀਧਰ ਪਿਤਾ ਜੀ ਨੇ ‘ਖੰਡੇ ਦੀ ਪਾਹੁਲ’ ਦੁਆਰਾ ਸਿੱਖੀ ’ਚ ਪ੍ਰਵੇਸ਼ ਕਰਨ ਦੀ ਸ਼ਰਤ ਰੱਖ ਦਿੱਤੀ।

ਸੋ ਸਪੱਸ਼ਟ ਹੈ ਕਿ ਦਸਮ ਪਾਤਸ਼ਾਹ ਨੇ ਕੁੱਝ ਰਸਮਾਂ ਵਿੱਚ ਭਾਵੇਂ ਸਮੇਂ ਦੀ ਮੰਗ ਅਨੁਸਾਰ ਤਬਦੀਲੀ ਕੀਤੀ ਪਰ ਧਰਮ ਦੀ ਆਤਮਾ, ਉਦੇਸ਼ ਤੇ ਸੰਕਲਪ ਗੁਰੂ ਨਾਨਕ ਦੇ ‘ਨਿਰਮਲ ਪੰਥ’ ਮੁਤਾਬਕ ਹੀ ਸਨ।

ਦਸਮ ਪਿਤਾ ਜੀ ਦੇ ਖਾਲਸਾ ਸਾਜਨਾ ਬਾਰੇ ਉਪਰੋਕਤ ਵਿਚਾਰਾਂ ਦੀ ਪ੍ਰੋੜ੍ਹਤਾ ਲਈ ਕੁੱਝ ਗੈਰ ਸਿੱਖ ਵਿਦਵਾਨਾਂ ਦੇ ਵਿਚਾਰ ਬੜੇ ਸਪੱਸ਼ਟ ਹਨ:

  1. ਕੰਨਿਘਮ:“It was reserved for (Guru) Nanak to perceive the true principles of reform and to lay those foundations which enabled his successor( Guru) Gobind Singh to fire the minds of his countrymen with a new nationality and to give practical effect to the doctrine that the lowest is equal with the highest in race, as well in political rights as in religious hopes” ਭਾਵ ‘ਇਹ ਗੁਰੂ ਨਾਨਕ ਦੇ ਹਿੱਸੇ ਆਇਆ ਸੀ ਕਿ ਸਮਾਜ ਸੁਧਾਰ ਦੇ ਐਸੇ ਅਸੂਲ ਬਣਾਉਣ ਅਤੇ ਉਹ ਨੀਹਾਂ ਰੱਖਣ, ਜਿਨ੍ਹਾਂ ’ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਗੋਬਿੰਦ ਸਿੰਘ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਮਨਾਂ ’ਚ ਕੌਮੀਅਤ ਦਾ ਜੋਸ਼ ਭਰਿਆ ਅਤੇ ਊਚ ਨੀਚ ਅਤੇ ਜਾਤ-ਪਾਤ ਦੇ ਵਿਤਕਰੇ ਨੂੰ ਖਤਮ ਕਰਨ ਵਾਲੀ ਵਿਚਾਰਧਾਰਾ ਨੂੰ ਅਮਲੀ ਰੂਪ ਦਿੱਤਾ ਕਿ ਸਭ ਮਨੁੱਖ ਇੱਕ ਸਮਾਨ ਰਾਜਸੀ ਅਧਿਕਾਰਾਂ ਦੇ ਮਾਲਕ ਹਨ।’
  2. ਡਾਕਟਰ ਗੋਕਲ ਚੰਦ ਨਾਰੰਗ:‘ਜਿਸ ਦਰਖ਼ਤ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ, ਉਸ ਦੀ ਬਿਜਾਈ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਤੇ ਬਾਕੀ ਅੱਠ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਜਿਆ ਸੀ। ਜਿਸ ਤੇਗ਼ ਨੇ ਖ਼ਾਲਸੇ ਦੀ ਸ਼ਾਨ ਫੈਲਾਈ, ਇਹ ਠੀਕ ਹੈ ਕਿ ਉਸ ਨੂੰ ਤਿਆਰ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ, ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ।’
  3. ਲਾਲਾ ਦੌਲਤ ਰਾਇ ਆਰੀਆ:‘ਜਿਸ ਦਰਖ਼ਤ ਕੋ ਗੁਰੂ ਨਾਨਕ ਜੀ ਨੇ ਅਪਣੇ ਖੂਨ ਕਾ ਪਾਨੀ ਔਰ ਹੱਡੀਓਂ ਕਾ ਖਾਦ ਦੇ ਕਰ ਜ਼ਮੀਨ ਸੇ ਉਠਾਇਆ ਥਾ, ਜਿਸ ਕੋ ਗੁਰੂ ਤੇਗ਼ ਬਹਾਦਰ ਜੀ ਨੇ ਅਪਨੇ ਲਹੂ ਸੇ ਸੀਂਚ ਕਰ ਬੜਾਇਆ ਥਾ, ਉਸ ਕੋ ਗੁਰੂ ਗੋਬਿੰਦ ਸਿੰਘ ਜੀ ਨੇ ਅਪਨੇ ਚਾਰ ਬੇਟੋਂ ਔਰ ਹਜ਼ਾਰੋਂ ਅਕੀਦਤਮੰਦ ਸਿੰਘੋ ਕੇ ਖੂਨ ਸੇ ਲਬਾਲਬ ਹੁਨਰੋਂ ਸੇ ਐਸਾ ਬਲਵਾਨ ਚੜਾਇਆ ਥਾ, ਆਖਰ ਵੋਹ ਫਲ ਲਾਇਆ, ਵੋਹ ਫਲ ਕਿਆ ਥੇ…..? ਕੌਮੀਅਤ, ਅਖਵਤ, ਵਹਦਤ ਔਰ ਮੁਹੱਬਤ।’

ਸੋ ਪਿਆਰੇ ਖਾਲਸਾ ਜੀ! ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਹਮੇਸ਼ਾਂ ਲਈ ਬਾਦਸ਼ਾਹੀ ਬਖ਼ਸ਼ ਦਿੱਤੀ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਇੱਕ ਨੇਕ ਬਾਦਸ਼ਾਹ ਵਾਂਗ ਹੀ ਵਰਤਾਓ ਕਰੀਏ? ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਤੋਂ ਇਲਾਵਾ ਹੋਰ ਕਿਸੇ ਵੀ ਵਾਦ ਵਿਵਾਦ ’ਚ ਉਲਝਣ ਦੀ ਕੋਈ ਲੋੜ ਹੀ ਨਹੀਂ ਹੈ। ਗੁਰੂ ਫੁਰਮਾਨ ਹੈ:

ਅੰਮ੍ਰਿਤ ਕਾ ਵਾਪਾਰੀ ਹੋਵੈ; ਕਿਆ ਮਦਿ ਛੂਛੈ ਭਾਉ ਧਰੇ ? ॥ (ਮ: ੧/੩੬੦)

ਬਾਹਰਮੁਖੀ ਹੋ ਕੇ ਵਖਰੇਵਾਂ ਪੈਦਾ ਕਰਨ ਵਾਲੇ ਕੁਝ ਕੁ ਸਿਧਾਂਤਕ ਮਤਭੇਦਾਂ ਨੂੰ ਆਪਣੀ ਆਤਮਾ ’ਚੋ ਏਨੀ ਜੀਵਨ ਸ਼ਕਤੀ ਵੀ ਨਾ ਦੇਈਏ ਕਿ ਸੁਲਗਦੀ ਅੱਗ ਆਪਣੇ ਆਪ ਬੁੱਝਣ ਦੀ ਬਜਾਏ, ਇੱਕ ਭਾਂਬੜ ਹੀ ਬਣ ਉੱਠੇ ਤੇ ਅਸੀਂ ਅਧਿਆਤਮਿਕ ਪੱਖੋਂ ਖੋਖਲੇ ਹੋ ਕੇ, ਅਸਲ ਦੀ ਪਹਿਚਾਣ ਕਰਨ ਦੇ ਕਾਬਿਲ ਵੀ ਨਾ ਰਹੀਏ। ਯਾਦ ਰਹੇ:

ਰਤਨੁ ਪਦਾਰਥੁ ਪਲਰਿ ਤਿਆਗੈ ॥ ਮਨਮੁਖੁ ਅੰਧਾ; ਦੂਜੈ ਭਾਇ ਲਾਗੈ ॥ ਜੋ ਬੀਜੈ ਸੋਈ ਫਲੁ ਪਾਏ; ਸੁਪਨੈ ਸੁਖੁ ਨ ਪਾਵਣਿਆ ॥ (ਮ: ੩/੧੧੩) ਵਾਕਿਆ ਹੀ ਖਾਲਸੇ ਲਈ ਵੀਚਾਰ ਤੇ ਪਰਖ ਦੀ ਕਸੌਟੀ ਦਾ ਆਧਾਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹਨ:

ਗੁਰ ਕਾ ਸਬਦੁ ਕਰਿ ਦੀਪਕੋ; ਇਹ ਸਤ ਕੀ ਸੇਜ ਬਿਛਾਇ ਰੀ ॥ (ਮ: ੫/੪੦੦)

ਖਾਲਸਾ ਜੀ ! ਆਓ, ਇਸ ਵਿਸਾਖੀ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸੱਚੀ ਪ੍ਰੀਤ ਕਰ ਅਰਦਾਸ ਕਰੀਏ ‘‘ਕਰਹੁ ਿਪਾ ਭ੍ਰਮੁ ਚੂਕਈ; ਮੈ ਸੁਮਤਿ ਦੇਹੁ ਸਮਝਾਇ ॥’’ (ਭਗਤ ਰਵਿਦਾਸ/੩੪੬) ਤੇ ਇੰਝ ਧੁਰ ਕੀ ਬਾਣੀ ਦੇ ਗਿਆਨ ਦੀ ਹਨੇਰੀ ਅੱਗੇ ਸਭ ਕੂੜ ਪ੍ਰਚਾਰ ਅਰਥਹੀਣ ਹੋ, ਨਿਰਾਉੱਡ-ਪੁੱਡ ਹੀ ਨਹੀਂ ਬਲਕਿ ਗੁਰੂ ਸਾਹਿਬ ਜੀ ਦੇ ਇਸ ਫ਼ੁਰਮਾਨ ਨੂੰ ਹਮੇਸ਼ਾਂ ਲਈ ਰੁਸ਼ਨਾ ਜਾਵੇਗਾ:

ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ ॥ (ਮ: ੧/੯੫੩)