ਕਲਿ ਤਾਰਣ ਗੁਰੁ ਨਾਨਕ ਆਇਆ ॥

0
2617

ਕਲਿ ਤਾਰਣ ਗੁਰੁ ਨਾਨਕ ਆਇਆ ॥

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719

ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਗਤਾਂ ਨੂੰ ਵਿਸ਼ੇਸ਼ ਤੌਰ ’ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ। ਮਨੁੱਖਤਾ ਦੀ ਕਦਰਦਾਨ ਅਤੇ ਸਰਬੱਤ ਦੇ ਭਲੇ ਦੀ ਹਾਮੀ ਹੋਣ ਕਰਕੇ ਇਸ ਵਿਚਾਰਧਾਰਾ ਦਾ ਬੋਲਬਾਲਾ ਸਿਰਫ਼ ਹਿੰਦੁਸਤਾਨ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਹੈ।

ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ 15 ਅਪ੍ਰੈਲ 1469 ਈ: ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸੇਖੂਪੁਰੇ ਦੇ ਪਿੰਡ ਤਲਵੰਡੀ (ਨਾਨਕਿਆਨਾ) ਵਿਖੇ ਬਾਬਾ ਕਲਿਆਣ ਦਾਸ ਉਰਫ ਮਹਿਤਾ ਕਾਲੂ ਜੀ (ਪਟਵਾਰੀ) ਅਤੇ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਇਸ ਮਾਣਮੱਤੇ ਪਿੰਡ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ, ਜੋ ਲਾਹੌਰ ਦੀ ਦੱਖਣ-ਪੱਛਮੀ ਬਾਹੀ ਵਿੱਚ ਲਗਭਗ 48 ਮੀਲ ਦੀ ਦੂਰੀ ’ਤੇ ਸਥਿਤ ਹੈ।

ਜਿਸ ਕਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਲਿਆ ਉਹ ਕਾਲ ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਬਹੁਤ ਅਹਿਮਤਰੀਨ ਕਾਲ ਹੈ। ਇਹ ਸਮਾਂ ਜਿੱਥੇ ਕਲਾ, ਸਾਹਿਤ ਅਤੇ ਗਿਆਨ ਦੀ ਮੁੜ ਉਸਾਰੀ ਦਾ ਸਮਾਂ ਸੀ, ਉੱਥੇ ਖੋਜ ਅਤੇ ਲੱਭਤ ਦਾ ਸਮਾਂ ਵੀ ਸੀ।

ਦੁਨਿਆਵੀ ਸਿੱਖਿਆ ਹਾਸਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਅਤੇ 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਲਈ ਭੇਜਿਆ ਗਿਆ। ਇੱਥੇ ਹੀ ਬੱਸ ਨਹੀਂ 13 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਫ਼ਾਰਸੀ ਤਾਲੀਮ ਸਿੱਖਣ ਦੇ ਮਨੋਰਥ ਹਿੱਤ ਮੌਲਵੀ ਕੁਤਬੁਦੀਨ ਪਾਸ ਵੀ ਭੇਜਿਆ ਗਿਆ। ਆਪ ਜੀ ਨੇ ਜਿੱਥੇ ਉਪਰੋਕਤ ਉਸਤਾਦਾਂ ਪਾਸੋਂ ਸੰਸਾਰੀ ਸਿੱਖਿਆ ਗ੍ਰਹਿਣ ਕੀਤੀ, ਉੱਥੇ ਇਨ੍ਹਾਂ (ਉਸਤਾਦਾਂ) ਨੂੰ ਸੱਚੀ ਸਿੱਖਿਆ (ਰੱਬੀ ਗਿਆਨ) ਦਾ ਪਾਠ ਵੀ ਪੜ੍ਹਾਇਆ। ਆਪਣੇ ਹਾਣੀਆਂ ਨੂੰ ਵੀ ਗੁਰੂ ਜੀ ਨੇ ਸੱਚ/ਪ੍ਰਮਾਤਮਾ ਦੀ ਸਿੱਖਿਆ ਨਾਲ ਜੋੜਿਆ। ਰਾਇ ਬੁਲਾਰ ਭੱਟੀ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਏਨਾ ਪ੍ਰਭਾਵਤ ਹੋਇਆ ਕਿ ਉਸ ਨੂੰ ਬੇਬੇ ਨਾਨਕੀ ਤੋਂ ਬਾਅਦ ਸਭ ਤੋਂ ਪਹਿਲਾ ਸਿੱਖ ਹੋਣ ਦਾ ਸ਼ਰਫ਼ (ਬਜ਼ੁਰਗੀ) ਹਾਸਲ ਹੈ।

ਜਦੋਂ ਗੁਰੂ ਨਾਨਕ ਸਾਹਿਬ ਜੀ 11-12 ਸਾਲ ਦੇ ਹੋਏ ਤਾਂ ਉਨ੍ਹਾਂ ਦਾ ਨਿਖੇੜਾ ਜਾਤਹੀਣ ਸ਼ੂਦਰਾਂ ਤੋਂ ਕਰਨ ਲਈ ਪ੍ਰੋਹਿਤ ਨੇ ਜਨੇਊ ਪਹਿਨਾਉਣ ਦਾ ਯਤਨ ਕੀਤਾ। ਇਹ ਰਸਮੀ ਯਤਨ ਬ੍ਰਾਹਮਣ ਨੂੰ ਗੁਰੂ ਧਾਰਨ ਵੱਲ ਸੇਧਤ ਸੀ, ਪਰ ਆਪ ਤਾਂ ਜਗਤ ਜਲੰਦੇ ਨੂੰ ਤਾਰਨ ਹਿੱਤ ਧੁਰੋਂ ਪਠਾਏ ਹੋਏ ਗੁਰੂ ਸਨ। ਇਸ ਲਈ ਉਨ੍ਹਾਂ ਨੇ ਬ੍ਰਾਹਮਣ ਨੂੰ ਗੁਰੂ (ਜਨੇਊ) ਧਾਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ’ਤੇ ਗੁਰੂ ਜੀ ਵਲੋਂ ਸੱਚੇ ਜਨੇਊ ਪ੍ਰਤਿ ਇਹ ਸ਼ਬਦ ਉਚਾਰਿਆ ਗਿਆ: ‘‘ਦਇਆ ਕਪਾਹ ਸੰਤੋਖੁ ਸੂਤੁ, ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ, ਹਈ, ਤ ਪਾਡੇ ! ਘਤੁ॥’’ (ਪੰਨਾ-471)

ਇਨ੍ਹਾਂ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ ਜੋ ਇਨ੍ਹਾਂ ਦੀ ਪਹਿਲੀ ਸਿੱਖ ਬਣੀ। ਬੇਬੇ ਨਾਨਕੀ ਜੀ ਦਾ ਵਿਆਹ ਜੈ ਰਾਮ ਜੀ ਨਾਲ ਸੁਲਤਾਨਪੁਰ ਲੋਧੀ ਵਿਖੇ ਹੋਇਆ, ਜੋ ਲਾਹੌਰ ਦੇ ਗਵਰਨਰ ਦੌਲਤ ਖ਼ਾਨ ਦੇ ਮੋਦੀਖਾਨੇ ਵਿੱਚ ਕੰਮ ਕਰਦੇ ਸਨ। ਗੁਰੂ ਨਾਨਕ ਜੀ ਦਾ ਵੱਡੀ ਭੈਣ ਨਾਲ ਕਾਫ਼ੀ ਪਿਆਰ ਹੋਣ ਕਾਰਨ ਉਨ੍ਹਾਂ ਨੂੰ ਸੁਲਤਾਨਪੁਰ ਵਿਖੇ ਬੁਲਾ ਲਿਆ ਗਿਆ, ਜਿੱਥੇ ਗੁਰੂ ਜੀ 16 ਸਾਲ ਦੀ ਉਮਰ ’ਚ ਮੋਦੀਖਾਨੇ ਵਿੱਚ ਹੀ ਕੰਮ ਕਰਨ ਲੱਗ ਪਏ। ਇੱਥੇ ਆਮ ਜਨਤਾ ਦੀ ਕਠਿਨਾਈ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਜਾਂਦਾ ਸੀ। ਕਾਰੋਬਾਰ ਤੋਂ ਵਿਹਲੇ ਹੋ ਕੇ ਗੁਰੂ ਜੀ ਇਸ ਨਗਰ ਵਿੱਚ ਸਤਿਸੰਗ ਕਰਿਆ ਕਰਦੇ ਸਨ। ਇਸ ਸਤਿਸੰਗ ਦੀ ਬਦੌਲਤ ਸਿੱਖੀ ਧਾਰਕਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ। ਇੱਥੇ ਹੀ ਮਲਸੀਹਾਂ ਦੇ ਵਸਨੀਕ ਭਗੀਰਥ ਅਤੇ ਮਨਸੁੱਖ ਆਪ ਜੀ ਦੇ ਸ਼ਰਧਾਲੂ ਬਣੇ। 

18 ਸਾਲ ਦੀ ਉਮਰ (21 ਮਈ 1487 ਈ.) ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਬਟਾਲੇ ਸ਼ਹਿਰ ਦੇ ਬਸ਼ਿੰਦੇ ਸ੍ਰੀ ਮੂਲ ਚੰਦ ਜੀ ਦੀ ਬੇਟੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਇਸ ਪਵਿੱਤਰ ਬੰਧਨ ਦੇ ਮੌਕੇ ਕੁਝ ਸ਼ਰਾਰਤੀ ਪੁਰੋਹਿਤਾਂ ਨੇ ਗੁਰੂ ਜੀ ਉੱਪਰ ਕੱਚੀ ਕੰਧ ਡੇਗਣ ਦੀ ਵਿਉਂਤਬੰਦੀ ਕੀਤੀ ਪਰ ਦਿਲਾਂ ਦੀਆਂ ਬੁੱਝਣ ਵਾਲੇ ਬਾਬੇ ਨਾਨਕ ਨੇ ਉਨ੍ਹਾਂ ਦੀ ਵਿਉਂਤ ਹਮੇਸ਼ਾਂ ਲਈ ਫੇਲ੍ਹ ਕਰ ਦਿੱਤੀ। ਇਹ ਕੰਧ ਅਜੇ ਵੀ ਬਟਾਲੇ ਵਿੱਚ ਯਾਦਗਾਰ ਦੇ ਤੌਰ ’ਤੇ ਕਾਇਮ ਹੈ। ਆਪ ਜੀ ਦੇ ਘਰ 25 ਸਾਲ ਦੀ ਉਮਰ ’ਚ ਬਾਬਾ ਸ੍ਰੀ ਚੰਦ (ਸੰਨ 1494-1612) ਅਤੇ 28 ਸਾਲ ਦੀ ਉਮਰ ’ਚ ਬਾਬਾ ਲਖਮੀਦਾਸ (ਸੰਨ 1497-1555, ਦੋ ਪੁੱਤਰਾਂ) ਨੇ ਜਨਮ ਲਿਆ।

ਪਿੰਡ ਤਲਵੰਡੀ ਦੇ ਵਸਨੀਕ ਭਾਈ ਮਰਦਾਨਾ ਜੀ ਜੋ ਮੁਸਲਮਾਨ (ਮਰਾਸੀ) ਸਨ, ਗੁਰੂ ਸਾਹਿਬ ਜੀ ਦੇ ਬਹੁਤ ਪਿਆਰੇ ਮਿੱਤਰ ਸਨ। ਬਤੌਰ ਰਬਾਬੀ ਉਹ ਗੁਰੂ ਨਾਨਕ ਸਾਹਿਬ ਜੀ ਨਾਲ ਲਗਭਗ 47 ਸਾਲ ਤੱਕ ਰਹੇ।

23 ਅਗਸਤ 1507 ਈ: (38 ਸਾਲ) ਵਿੱਚ ਗੁਰੂ ਨਾਨਕ ਸਾਹਿਬ ਜੀ ਵਲੋਂ ਜਗਤ ਜਲੰਦੇ ਦੇ ਸੁਧਾਰ ਹਿੱਤ ਸੁਚੱਜੀ ਵਿਊਂਤਬੰਦੀ ਕਰਨ ਲਈ ਇਕਾਂਤਵਾਸ ਕੀਤਾ ਗਿਆ। ਇਹ ਘਟਨਾ ਵੇਈ ਨਦੀ ਵਾਲ਼ੀ ਸਾਖੀ ਕਰਕੇ ਪ੍ਰਸਿੱਧ ਹੈ। ਜਿੱਥੇ ਉਨ੍ਹਾਂ ਨੂੰ ‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ, ਹੈ ਹੈ ਕਰਦੀ ਸੁਣੀ ਲੁਕਾਈ।’’ ਦੀ ਪੁਕਾਰ ਸੁਣਾਈ ਦਿੱਤੀ। ਇਸ ਲਈ ਆਪਣੇ ਦੈਵੀ ਸੰਦੇਸ਼ ਨੂੰ ਸਮਸਤ ਲੁਕਾਈ ਵਿੱਚ ਪ੍ਰਚਾਰਨ ਹਿਤ ਸੰਸਾਰਿਕ ਯਾਤਰਾ ਆਰੰਭ ਕੀਤੀ ਗਈ, ਜਿਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ‘‘ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ, ਧਰਤਿ ਲੁਕਾਈ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੪)

ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਭਾਰਤ ਵਿੱਚ ਵੈਦਿਕ ਧਰਮ ਦੀ ਚੜ੍ਹਤ ਸੀ, ਜਿਸ ਦੀ ਬੁਨਿਆਦ ਵਰਣ ਆਸ਼ਰਮ ਦੇ ਅਧਾਰਿਤ ਕੀਤੀ ਗਈ ਸੀ। ਤਦ ਭਾਰਤੀ ਸਮਾਜ ਬਹੁਤ ਹੀ ਗੁੰਝਲਦਾਰ ਜਾਤੀਆਂ ਅਤੇ ਧਾਰਮਿਕ ਫਿਰਕਿਆਂ ਵਿੱਚ ਵੰਡਿਆ ਹੋਇਆ ਸੀ। ਮਨੁੱਖ ਦੀ ਪਛਾਣ ਕਰਮ ਆਧਾਰਿਤ ਨਾ ਹੋ ਕੇ ਸਗੋਂ ਜਨਮ ਆਧਾਰਿਤ ਸੀ। ਲੋਕਾਂ ਵਿਚੋਂ ਆਪਸੀ ਭਾਈਚਾਰੇ ਅਤੇ ਇਕਸੁਰਤਾ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ। 

ਪਹਿਲੀ ਉਦਾਸੀ ਪੂਰਬ ਵੱਲ:- ਆਪਣੀਆਂ ਚਾਰ ਉਦਾਸੀਆਂ ਵਿੱਚੋਂ ਪਹਿਲੀ ਉਦਾਸੀ ਬਹੁਤ ਲੰਮੇਰੀ ਭਾਵ ਸੰਨ 1507 ਤੋਂ 1515 ਈ. (9 ਸਾਲ) ਤਕ ਰਹੀ। ਇਸ ਯਾਤਰਾ ਦੌਰਾਨ ਆਪ ਜੀ ਨੇ 6137 ਮੀਲ ਦਾ ਸਫ਼ਰ ਪੈਦਲ ਕੀਤਾ। ਆਪ ਜੀ ਨੇ ਪ੍ਰਸਿੱਧ ਹਿੰਦੂ ਤੀਰਥਾਂ (ਹਰਿਦੁਆਰ, ਗੋਰਖਮਤਾ, ਅਯੁੱਧਿਆ, ਪ੍ਰਯਾਗ, ਬਨਾਰਸ, ਗਯਾ, ਜਗਨਨਾਥਪੁਰੀ, ਮਦੁਰਾਈ, ਰਾਮੇਸ੍ਵਰਮ, ਸੋਮਨਾਥ, ਦਵਾਰਕਾ, ਪੁਸਕਰ, ਮਥੁਰਾ, ਬਿੰਦਰਾਬਨ ਅਤੇ ਕੁਰੂਕਸੇਤਰ ਆਦਿ ਤੋਂ ਇਲਾਵਾ ਸਿੰਗਲਾ ਦੀਪ, ਸਿੱਕਮ, ਆਸਾਮ, ਬੰਗਾਲ, ਉੜੀਸਾ, ਦਰਾਵੜ-ਦੇਸ ਬੰਬਈ, ਔਰੰਗਾਬਾਦ, ਉਜੈਨ, ਕੱਛ, ਅਜਮੇਰ ਆਦਿ ਸਥਾਨਾਂ ਦੀ ਯਾਤਰਾ ਕੀਤੀ। 

ਇਸ ਉਦਾਸੀ ਦੌਰਾਨ ਕੁਝ ਕੁ ਵਿਚਾਰ-ਚਰਚਾ ਤੇ ਘਟਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ: ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲੀ ਅਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਰਾਹੀਂ ਪਾਣੀ ਵੀ ਪਹੁੰਚਾਉਂਦੇ। ਗੁਰੂ ਜੀ ਨੇ ਜਿੱਥੇ ਬੜੇ ਨਾਟਕੀ ਢੰਗ ਨਾਲ (ਸਭ ਤੋਂ ਵਿਪਰੀਤ ਪੱਛਮ ਵੱਲ ਪਾਣੀ ਸੁੱਟਣ ਦੀ ਕਿਰਿਆ ਕਰਕੇ) ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉੱਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਪੜ੍ਹਾਇਆ ਕਿ ਰੱਬ ਦਾ ਕੋਈ ਵੀ ਬੰਦਾ ਮਾੜਾ ਜਾਂ ਨੀਚ ਨਹੀਂ ਹੁੰਦਾ।

ਗੋਰਖ ਮਤਾ; ਗੋਰਖ ਨਾਥ ਅਤੇ ਉਸ ਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਪਗ 20 ਕੁ ਕਿਲੋਮੀਟਰ ਦੀ ਵਿੱਥ ’ਤੇ ਸਥਿਤ ਹੈ। ਇੱਥੇ ਗੁਰੂ ਜੀ ਨੇ ਜੋਗੀਆਂ ਨੂੰ ਸਮਝਾਇਆ ਕਿ ਪ੍ਰਮਾਤਮਾ ਬਾਹਰੀ ਭੇਖ ’ਤੇ ਨਹੀਂ ਰੀਝਦਾ ਸਗੋਂ ਉਸ ਦੀ ਪ੍ਰਾਪਤੀ ਦੀ ਜੁਗਤ ਵਿਕਾਰ ਰਹਿਤ ਜੀਵਨ ਬਸਰ ਕਰਦਿਆਂ ਉਸ ਦੀ ਸਿਫਤ ਸਲਾਹ ਕਰਨਾ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂ ਗੋਰਖ ਮਤੇ ਤੋਂ ਬਦਲ ਕੇ ਨਾਨਕ ਮਤਾ ਪੈ ਗਿਆ।

ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇੱਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਨ੍ਹਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦੱਸਦਿਆ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਹੀ ਸਾਰਥਿਕ ਸਾਧਨ ਹੈ।

ਇਲਾਹਾਬਾਦ ਦਾ ਪੁਰਾਣਾ ਨਾਂ ਪ੍ਰਯਾਗ ਸੀ। ਗੰਗਾ ਜਮਨਾ ਦੇ ਸੰਗਮ ਵਾਲਾ ਇਹ ਹਿੰਦੂਆਂ ਦਾ ਤੀਰਥ ਸਥਾਨ ਹੈ। ਇਨ੍ਹਾਂ ਨਦੀਆਂ ਵਿੱਚ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਇਸ ਮਹੱਤਵ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਕਿਹਾ ਕਿ ਤੀਰਥ ਇਸ਼ਨਾਨ ਦਾ ਪ੍ਰਭੂ ਦੀ ਭਗਤੀ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਇਸ਼ਨਾਨ ਸਿਰਫ ਤਨ ਦੀ ਮੈਲ ਉਤਾਰਦਾ ਹੈ, ਮਨ ਦੀ ਨਹੀਂ। ਸੱਚਾ ਤੀਰਥ ਤਾਂ ਗੁਰੂ ਆਪ ਹੈ ਜਿਸ ਦੀ ਸਿੱਖਿਆ ਰੂਪੀ ਨਦੀ ਵਿੱਚ ਨਹਾ ਕੇ ਮੁਕਤੀ ਮਿਲਦੀ ਹੈ।

ਬਨਾਰਸ ਸੰਸਕ੍ਰਿਤ ਵਿਦਿਆ ਅਤੇ ਹਿੰਦੂ ਧਰਮ ਦਾ ਕੇਂਦਰ ਹੈ। ਇੱਥੋਂ ਦੇ ਪੰਡਿਤਾਂ ਨੇ ਇਹ ਗੱਲ ਪ੍ਰਚਾਰੀ ਕਿ ਜੇਕਰ ਕੋਈ ਮਨੁੱਖ, ਪੰਡਿਤਾਂ ਨੂੰ ਦਾਨ-ਪੁੰਨ ਕਰਨ ਮਗਰੋਂ ਆਰੇ ਨਾਲ ਸਰੀਰ ਚਿਰਵਾਏਗਾ ਤਾਂ ਉਹ ਸਿੱਧਾ ਸ਼ਿਵਪੁਰੀ ਨੂੰ ਜਾਏਗਾ ਪਰ ਗੁਰੂ ਜੀ ਨੇ ਬਨਾਰਸ ਵਾਸੀਆਂ ਨੂੰ ਪੰਡਿਤਾਂ ਦੀਆਂ ਚਾਲਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਮੁਕਤੀ ਕਿਸੇ ਵਿਸ਼ੇਸ਼ ਥਾ ’ਤੇ ਮਰਨ ਨਾਲ ਨਹੀਂ ਸਗੋਂ ਚੰਗੇ ਕਰਮਾਂ ਨਾਲ ਮਿਲਦੀ ਹੈ। ਇੱਥੇ ਆਪ ਨੇ ਪੰਡਿਤ ਚਤੁਰਦਾਸ ਨੂੰ ਸਮਝਾਇਆ ਕਿ ਤਿਲਕ, ਤੁਲਸੀ, ਮਾਲਾ ਸਾਲਗ੍ਰਾਮ ਅਤੇ ਧਾਰਮਿਕ ਪਹਿਰਾਵਾ ਬ੍ਰਾਹਮਣ ਹੋਣ ਦੀ ਬਾਹਰਮੁਖੀ ਨਿਸ਼ਾਨੀ ਹੈ। ਅਸਲੀ ਬ੍ਰਾਹਮਣ ਫੋਕਟ ਕਰਮਕਾਂਡਾਂ ਵਿੱਚ ਸਮਾਂ ਨਸ਼ਟ ਕਰਨ ਦੀ ਬਜਾਏ ਉਸ ਪ੍ਰਭੂ ਦੀ ਸਿਫਤ ਸਲਾਹ ਵਿੱਚ ਸਮਾਂ ਬਤੀਤ ਕਰਦਾ ਹੈ। ਬਨਾਰਸ ਵਿਚੋਂ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਅਤੇ ਭਗਤ ਰਾਮਾਨੰਦ ਜੀ ਦੀ ਬਾਣੀ ਇਕੱਤਰ ਕੀਤੀ।

ਗਯਾ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ’ਤੇ ਸਥਿਤ ਹੈ। ਬ੍ਰਾਹਮਣਾਂ ਦੇ ਸਿਖਾਏ ਲੋਕ ਇੱਥੇ ਆਪਣੇ ਪਿਤਰਾਂ ਦੀ ਗਤੀ ਲਈ ਦਾਨ-ਪੁੰਨ ਕਰਨ ਵਾਸਤੇ ਆਉਂਦੇ ਸਨ। ਅਜਿਹੇ ਲੋਕਾਂ ਨੂੰ ਸਿਖਿਆ ਦਿੰਦਿਆਂ ਗੁਰੂ ਜੀ ਨੇ ਕਿਹਾ ਕਿ ਮੌਤ ਪਿਛੋਂ ਕੀਤੀਆਂ ਜਾਣ ਵਾਲੀਆਂ ਰਸਮਾਂ ਦਾ ਵਿਛੜੀ ਹੋਈ ਆਤਮਾ ਨੂੰ ਕੋਈ ਲਾਭ ਨਹੀਂ ਪਹੁੰਚਦਾ। ਇਸ ਤੋਂ ਬਾਅਦ ਗੁਰੂ ਜੀ ਆਸਾਮ ਚਲੇ ਗਏ। ਉਸ ਵਕਤ ਇਸ ਪ੍ਰਾਂਤ ਨੂੰ ਕਾਮਰੂਪ ਕਿਹਾ ਜਾਂਦਾ ਸੀ, ਇਸ ਪ੍ਰਾਂਤ ਦੇ ਪ੍ਰਸਿੱਧ ਸ਼ਹਿਰ ਗੋਹਾਟੀ ਵਿੱਚ ਕਾਮਖਯਾ ਸਾਹਿਬੀ ਦਾ ਮੰਦਰ ਹੈ। ਇਹ ਮੰਦਰ ਵਾਮ ਮਾਰਗੀਆਂ ਦਾ ਹੈ। ਇਹ ਲੋਕ ਧਰਮ ਤੇ ਆਚਰਣ ਤੋਂ ਗਿਰੇ ਹੋਏ ਕੰਮਾਂ ਨੂੰ ਵੀ ਧਰਮ ਦਾ ਜ਼ਰੂਰੀ ਅੰਗ ਸਮਝਦੇ ਸਨ। ਗੁਰੂ ਜੀ ਨੇ ਇਨ੍ਹਾਂ ਲੋਕਾਂ ਨੂੰ ਨਸ਼ਿਆਂ ਤੇ ਆਚਰਣਹੀਣ ਕੰਮਾਂ ਤੋਂ ਪ੍ਰਹੇਜ ਕਰਨ ਲਈ ਕਿਹਾ ਤੇ ਸਮਝਾਇਆ ਕਿ ਕੁਕਰਮਾਂ ਨੂੰ ਧਰਮ ਦੀ ਆੜ ਵਿੱਚ ਸੁਕਰਮ ਨਹੀਂ ਬਣਾਇਆ ਜਾ ਸਕਦਾ।

ਜਗਨਨਾਥ ਪੁਰੀ ਦਾ ਮੰਦਰ, ਜੋ ਉੜੀਸਾ ਵਿਖੇ ਸਥਿਤ ਹੈ, ਵਿੱਚ ਪਹੁੰਚ ਕੇ ਗੁਰੂ ਜੀ ਨੇ ਲੋਕਾਂ ਨੂੰ ਦੱਸਿਆ ਕਿ ਕੋਈ ਵੀ ਸਾਹਿਬੀ ਸਾਹਿਬਤਾ ਜਗਨਨਾਥ ਨਹੀਂ ਹੋ ਸਕਦਾ ਸਗੋਂ ਜਗਤ ਦਾ ਨਾਥ ਤਾਂ ਵਾਹਿਗੁਰੂ ਆਪ ਹੈ। ਜਦ ਗੁਰੂ ਜੀ ਨੂੰ ਜਗਨਨਾਥ ਦੀ ਮੂਰਤੀ ਅੱਗੇ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਹ ਕਹਿ ਕੇ ਆਰਤੀ ਵਿੱਚ ਸ਼ਮੂਲੀਅਤ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਜਗਨਨਾਥ ਦੀ ਆਰਤੀ ਤਾਂ ਉਸ ਦੀ ਬਣਾਈ ਕੁਦਰਤ ਆਪ ਹੀ ਉਤਾਰ ਰਹੀ ਹੈ: ‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ, ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ  ! ਤੇਰੀ ਆਰਤੀ ॥’’ (ਮ: ੧/੧੩) ਉਨ੍ਹਾਂ ਕਿਹਾ ਕਿ ਪ੍ਰਮਾਤਮਾ ਦਿਖਾਵੇ ਦੀ ਆਰਤੀ ਨਾਲ ਖੁਸ਼ ਨਹੀਂ ਹੁੰਦਾ, ਸਗੋਂ ਉਸ ਦੀ ਸੱਚੀ ਆਰਤੀ ਤਾਂ ਉਸ ਦੇ ਭਾਣੇ ਵਿੱਚ ਰਹਿ ਕੇ ਸਰਬੱਤ ਦਾ ਭਲਾ ਲੋਚਣਾ ਹੈ। ਇੱਥੇ ਹੀ ਆਪ ਜੀ ਨੇ ਕਲਯੁੱਗ ਨਾਂ ਦੇ ਪਾਂਧੇ ਦਾ ਪਰਦਾਫਾਸ਼ ਕੀਤਾ ਜੋ ਮਾਇਆ ਦੇ ਲਾਲਚ ਵਿੱਚ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਸੀ। ਪੁਰੀ ਤੋਂ ਬਾਅਦ ਗੁਰੂ ਜੀ ਭੀਲਾਂ ਦੇ ਇਲਾਕੇ ਵਿੱਚ ਆਏ ਜਿਸ ਨੂੰ ਦ੍ਰਾਵਿੜ ਵੀ ਕਿਹਾ ਜਾਂਦਾ ਹੈ। ਇੱਥੇ ਭਾਈ ਮਰਦਾਨਾ ਜੀ ਨੂੰ ਕੌਡਾ ਰਾਖਸ਼ ਮਾਰਨ ਦੀਆਂ ਤਿਆਰੀਆਂ ਕਰ ਰਿਹਾ ਸੀ ਤਾਂ ਗੁਰੂ ਜੀ ਵੀ ਉੱਥੇ ਪਹੁੰਚ ਗਏ। ਗੁਰੂ ਜੀ ਦਾ ਉਪਦੇਸ਼ ਸੁਣ ਕੇ ਤੇ ਦਰਸ਼ਨ-ਦੀਦਾਰ ਕਰਕੇ ਕੌਡਾ ਨਿਹਾਲ ਹੋ ਗਿਆ, ਉਸ ਨੇ ਭਾਈ ਮਰਦਾਨੇ ਨੂੰ ਛੱਡ ਦਿੱਤਾ ਤੇ ਗੁਰੂ ਜੀ ਨੂੰ ਅੱਗੇ ਤੋਂ ਹਮੇਸ਼ਾਂ ਲਈ ਸੱਚੇ ਮਾਰਗ ਉੱਤੇ ਚੱਲਣ ਦਾ ਵਿਸ਼ਵਾਸ ਦਿਵਾਇਆ।

ਇਸ ਉਦਾਸੀ ਦੇ ਸਫ਼ਰ ਦੌਰਾਨ ਗੁਰੂ ਜੀ ਸਿੰਗਲਾਦੀਪ (ਸ੍ਰੀ ਲੰਕਾ) ਪਹੁੰਚੇ। ਇੱਥੋਂ ਦਾ ਰਾਜਾ ਸ਼ਿਵਨਾਭ ਜੋ ਕਿ ਗੁਰੂ ਨਾਨਕ ਸਾਹਿਬ ਜੀ ਦਾ ਅਨਿਨ ਸ਼ਰਧਾਲੂ ਸੀ, ਨੂੰ ਗੁਰੂ ਜੀ ਦੇ ਦਰਸ਼ਨਾਂ ਦੀ ਤੀਬਰ ਤਾਂਘ ਸੀ, ਜੋ ਗੁਰੂ ਜੀ ਨੇ ਪੂਰੀ ਕੀਤੀ। ਇਸ ਉਦਾਸੀ ਤੋਂ ਵਾਪਸ ਮੁੜਦਿਆਂ ਗੁਰੂ ਜੀ ਦਿੱਲੀ ਵਿਖੇ ਜਮਨਾ ਨਦੀ ਦੇ ਕਿਨਾਰੇ ਮਜਨੂੰ ਭਗਤ ਨੂੰ ਮਿਲੇ, ਜਿੱਥੇ ‘ਗੁਰਦੁਆਰਾ ਮਜਨੂੰ ਦਾ ਟਿੱਲਾ’ ਸੁਸ਼ੋਭਿਤ ਹੈ।

ਗੁਰੂ ਜੀ ਦੀ ਇਸ ਉਦਾਸੀ ਦਾ ਅੰਤਮ ਪੜਾਅ ਕੁਰੂਕਸ਼ੇਤਰ ਸੀ, ਜਿੱਥੇ ਸੂਰਜ ਗ੍ਰਹਿਣ ਸਮੇਂ ਭੋਜਨ ਨਾ ਛਕਣ ਦਾ ਭਰਮ ਤੋੜਿਆ। 

ਇਸ ਉਦਾਸੀ ਦੌਰਾਨ ਸਤਿਗੁਰੂ ਜੀ ਨੇ ਆਪਣੇ ਅਧਿਆਤਮਕ ਅਨੁਭਵਾਂ ਨੂੰ ਇੱਕ ਸੁਨਿਸਚਿਤ ਤੇ ਵਿਧੀਵਤ ਜੀਵਨ ਦਰਸ਼ਨ ਦਾ ਰੂਪ ਦਿੱਤਾ ਅਤੇ ਇਸ ਦੇ ਪ੍ਰਚਾਰ ਲਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ। ਇਸ ਲਈ ਸੰਨ 1516 ਈਸਵੀ ’ਚ ਵਾਪਸ ਆ ਕੇ ਆਪ ਜੀ ਨੇ ਆਪਣੇ ਕੁਝ ਕੁ ਪ੍ਰਮੁੱਖ ਸਿੱਖ ਸ਼ਰਧਾਲੂਆਂ ਦੀ ਸਹਾਇਤਾ ਨਾਲ ਰਾਵੀ ਦੇ ਕੰਢੇ ’ਤੇ ਇਕ ਨਵਾਂ ਪਿੰਡ ਕਰਤਾਰਪੁਰ ਵਸਾਇਆ। ਜਦੋਂ ਇੱਥੇ ਧਰਮਸਾਲਾ ਬਣ ਗਈ ਤਾਂ ਆਪ ਜੀ ਦੇ ਮਾਤਾ-ਪਿਤਾ ਜੀ ਵੀ ਇੱਥੇ ਆ ਗਏ। ਭਾਈ ਮਰਦਾਨਾ ਜੀ ਦਾ ਪਰਿਵਾਰ ਵੀ ਇੱਥੇ ਆ ਵਸਿਆ। ਕੁਝ ਚਿਰ ਸਤਿਗੁਰੂ ਜੀ ਨਗਰ ਵਸਾਉਣ ਦੇ ਆਹਰ ਵਿੱਚ ਰੁੱਝੇ ਰਹੇ ਪਰੰਤੂ ਛੇਤੀ ਹੀ ਦੂਜੀ ਉਦਾਸੀ ਲਈ ਚੱਲ ਪਏ।

ਦੂਜੀ ਉਦਾਸੀ ਉੱਤਰ ਵੱਲ:- ਇਹ ਉਦਾਸੀ ਦੋ-ਤਿੰਨ ਕੁ ਸਾਲਾਂ (ਸੰਨ 1517 ਤੋਂ 1518 ਤਕ) ਦੀ ਸੀ। ਜਿਸ ਦੌਰਾਨ ਗੁਰਦੇਵ ਨੇ ਜੰਮੂ ਤੇ ਕਸਮੀਰ ਦੀ ਯਾਤਰਾ ਕੀਤੀ। ਆਪ ਗਿਆਨ ਕੋਟ ਅਤੇ ਜੰਮੂ ਤੋਂ ਹੁੰਦੇ ਹੋਏ ਪਹਿਲਾਂ ਵੈਸਨੋ ਦੇਵੀ ਗਏ, ਫਿਰ ਮਟਨ ਵਿੱਚ ਅਮਰਨਾਥ ਤੇ ਉਸ ਤੋਂ ਪਰ੍ਹੇ ਬਰਫੀਲੀ ਪਰਬਤ ਮਾਲਾ ਉੱਤੇ, ਜਿੱਥੇ ਕੁਝ ਸਿੱਧਾਂ ਨਾਲ ਆਪ ਜੀ ਦਾ ਸੰਵਾਦ ਹੋਇਆ। ਇਸ ਚਰਚਾ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ: ‘‘ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ ਆਈ। ਚਉਰਾਸੀਹ ਸਿਧ ਗੋਰਖਾਦਿ, ਮਨ ਅੰਦਰਿ ਗਣਤੀ ਵਰਤਾਈ। ਸਿਧ ਪੁਛਣਿ ਸੁਣਿ ਬਾਲਿਆ  ! ਕਉਣੁ ਸਕਤਿ ਤੁਹਿ ਏਥੇ ਲਿਆਈ  ? ।’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੮)

ਇਸ ਉਦਾਸੀ ਦੌਰਾਨ ਕੁਝ ਕੁ ਵਿਚਾਰ-ਚਰਚਾ ਤੇ ਘਟਨਾਵਾਂ ਦਾ ਵੇਰਵਾ: ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ। ਵਿਚਾਰ-ਵਟਾਂਦਰੇ ਰਾਹੀਂ ਸਿੱਧ ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਨ੍ਹਾਂ ਨੇ ਕਰਾਮਾਤਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਪਰ ਇਹ ਛਲ-ਕਪਟ ਵੀ ਗੁਰੂ ਸਾਹਿਬ ਜੀ ’ਤੇ ਕੋਈ ਪ੍ਰਭਾਵ ਨਾ ਪਾ ਸਕਿਆ। ਅਖੀਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਅਤੇ ਉੱਥੋਂ ਦੇ ਰਾਜੇ ਰਘਬੀਰ ਨੂੰ ਆਪਣਾ ਸੇਵਕ ਬਣਾਇਆ। 

ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ। ਜੰਮੂ ਵਿੱਚ ਆਪ ਜੀ ਨੇ ਰਘੂਨਾਥ ਮੰਦਰ ਵਿੱਚ ਟਿਕਾਣਾ ਕੀਤਾ ਅਤੇ ਇੱਥੇ ਜੁੜੀ ਲੋਕਾਈ ਨੂੰ ਪੱਥਰ ਪੂਜਣ ਤੋਂ ਵਰਜਿਆ। ਸਿਆਲਕੋਟ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਹਮਜ਼ਾ ਗੋਂਸ ਨੂੰ ਸਿੱਧੇ ਰਾਹੇ ਪਾਇਆ ਅਤੇ ਮੌਤ ਰੂਪ ਅਟੱਲ ਸੱਚਾਈ ਨੂੰ ਬਿਆਨ ਕੀਤਾ।

ਇਸ ਉਦਾਸੀ ਦਾ ਆਖ਼ਰੀ ਪੜਾਅ ਪਸਰੂਰ ਸੀ। ਇੱਥੇ ਗੁਰੂ ਜੀ ਦੀ ਮੀਆਂ ਮਿੱਠਾ ਰਾਮ ਦੇ ਫਕੀਰ ਨਾਲ ਚਰਚਾ ਹੋਈ ਤੇ ਆਪ ਨੇ ਉਸ ਨੂੰ ਗੁਰਮਤਿ ਗਿਆਨ ਦੀ ਬਖਸ਼ਸ਼ ਕੀਤੀ।

ਤੀਸਰੀ ਉਦਾਸੀ ਪੱਛਮ ਵੱਲ:- ਤੀਜੀ ਉਦਾਸੀ ਸੰਨ 1518 ਤੋਂ 1521 ਤਕ (3 ਸਾਲ) ਰਹੀ, ਆਪ ਜੀ ਕਰਤਾਰਪੁਰ ਤੋਂ ਪੱਛਮ (ਮੱਧ ਪੂਰਬ) ਦੇ ਦੇਸਾਂ ਦੀ ਯਾਤਰਾ ਲਈ ਚੱਲੇ ਗਏ। ਭਾਈ ਗੁਰਦਾਸ ਜੀ ਨੇ ਇਸ ਯਾਤਰਾ ਬਾਬਤ ਸ਼ਬਦ ਉਚਾਰਨ ਕੀਤੇ: ‘‘ਬਾਬਾ ਫਿਰਿ ਮਕੇ ਗਇਆ, ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ, ਕੂਜਾ ਬਾਂਗ ਮੁਸਲਾਧਾਰੀ। ਬੈਠਾ ਜਾਇ ਮਸੀਤ ਵਿਚਿ, ਜਿਥੈ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ, ਵਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ, ਕੇਹੜਾ ਸੁਤਾ ਕੁਫਰ ਕੁਫਾਰੀ। ਲਤਾ ਵਲਿ ਖੁਦਾਇ ਦੇ, ਕਿਉ ਕਰਿ ਪਇਆ ਹੋਇ ਬਜਿਗਾਰੀ  ? । ਟੰਗੋਂ ਪਕੜਿ ਘਸੀਟਿਆ, ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ ਕਰੇਨਿ ਜੁਹਾਰੀ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੨)

ਓਪਰੀਆਂ ਧਰਤੀਆਂ ਓਪਰੇ ਲੋਕ ਪਰ ਸਤਿਗੁਰੂ ਜੀ ਨੂੰ ਤਾਂ ਕੁਝ ਵੀ ਓਪਰਾ ਨਹੀਂ ਸੀ ਲੱਗਦਾ, ਸਾਰੇ ਹੀ ਆਪਣੇ ਲੋਕ ਸਨ। ਇਸ ਵਾਰ ਆਪ ਜੀ ਕਰਤਾਰਪੁਰ ਤੋਂ ਕਸੂਰ, ਪਾਕਪਟਨ, ਤੁਲੰਭਾ, ਮੁਲਤਾਨ, ਬਹਾਵਲਪੁਰ, ਸੱਖਰ ਆਦਿ ਕਈ ਥਾਵਾਂ ਤੋਂ ਹੁੰਦੇ ਹੋਏ ਮੁਸਲਿਮ ਹਾਜੀਆਂ ਦੇ ਕਾਫ਼ਿਲੇ ਵਿੱਚ ਸ਼ਾਮਲ ਹੋ ਕੇ ਮਕਰਾਨ ਦੇ ਇਲਾਕੇ ਵਿੱਚ ਪੁੱਜੇ, ਫਿਰ ਮੱਕੇ ਗਏ। ਮੱਕੇ ਹਾਜੀਆਂ ਨਾਲ ਗੁਰੂ ਜੀ ਦਾ ਵਿਚਾਰ-ਵਟਾਂਦਰਾ ਹੋਇਆ। ਰੁਕਨਦੀਨ ਨਾਲ ਬਹਿਸ ਹੋਈ। ਉਸ ਨੂੰ ਆਪਣੀ ਖੜਾਂਵ ਨਿਸ਼ਾਨੀ ਦਿੱਤੀ। ਫਿਰ ਮਦੀਨੇ, ਬਸਰੇ, ਕਰਬਲਾ ਤੇ ਬਗਦਾਦ ਪਹੁੰਚੇ। ਇਸ ਯਾਤਰਾ ਦਾ ਵਰਣਨ ਭਾਈ ਗੁਰਦਾਸ ਜੀ ਨੇ ਇਉਂ ਕੀਤਾ : ‘‘ਫਿਰਿ ਬਾਬਾ ਗਇਆ ਬਗਦਾਦ ਨੋ, ਬਾਹਰਿ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ, ਦੂਜਾ ਰਬਾਬੀ ਮਰਦਾਨਾ। ਦਿਤੀ ਬਾਂਗਿ ਨਿਵਾਜਿ ਕਰਿ, ਸੁੰਨਿ ਸਮਾਨਿ ਹੋਆ ਜਹਾਨਾ। ਸੁੰਨ ਮੁੰਨਿ ਨਗਰੀ ਭਈ, ਦੇਖਿ ਪੀਰ ਭਇਆ ਹੈਰਾਨਾ। ਵੇਖੈ ਧਿਆਨੁ ਲਗਾਇ ਕਰਿ, ਇਕੁ ਫਕੀਰੁ ਵਡਾ ਮਸਤਾਨਾ। ਪੁਛਿਆ ਫਿਰਿ ਕੈ ਦਸਤਗੀਰ, ਕਉਣ ਫਕੀਰ ਕਿਸ ਕਾ ਘਰਿਹਾਨਾ ?।’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੫)

ਗੁਰੂ ਨਾਨਕ ਸਾਹਿਬ ਜੀ ਨੇ ਮੌਲਵੀ, ਕਾਜ਼ੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨ੍ਹਾਂ ਨੂੰ ਆਪਣੇ ਸਿਧਾਂਤ ਪ੍ਰਤਿ ਦ੍ਰਿੜ੍ਹ ਕੀਤਾ, ਜਿਸ ਦਾ ਜ਼ਿਕਰ ਭਾਈ ਸਾਹਿਬ ਜੀ ਨੇ ਇਉਂ ਕੀਤਾ: ‘‘ਗੜ ਬਗਦਾਦੁ ਨਿਵਾਇ ਕੈ, ਮਕਾ ਮਦੀਨਾ ਸਭੇ ਨਿਵਾਇਆ।……ਭਇਆ ਅਨੰਦ ਜਗਤੁ ਵਿਚਿ, ਕਲਿ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਣਿ ਨਿਵਾਇਆ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੭)

ਰਾਗ ਨੂੰ ਹਰਾਮ ਸਮਝੇ ਜਾਣ ਵਾਲੇ ਸ਼ਹਿਰ ਵਿੱਚ ਰਬਾਬੀ ਮਰਦਾਨਾ ਜੀ ਰਾਹੀਂ ਅਕਾਲ ਪੁਰਖ ਦਾ ਕੀਰਤਨ ਕਰਕੇ ਗੁਰੂ ਜੀ ਨੇ ਆਮ ਲੁਕਾਈ ਨੂੰ ਪਹਿਲੀ ਵਾਰ ’ਚ ਹੀ ਅਨੰਦਿਤ ਕਰ ਦਿੱਤਾ। ਇਸ ਉਦਾਸੀ ਉਪਰੰਤ ਗੁਰੂ ਜੀ ਬਗਦਾਦ ਤੋਂ ਇਸਫਰਾਨ, ਤਹਿਰਾਨ, ਮਸਤੱਕ ਬੁਖਾਰਾ ਤੇ ਸਮਰਕੰਦ ਹੁੰਦੇ ਹੋਏ ਕਾਬੁਲ ਤੇ ਜਲਾਲਾਬਾਦ ਦੇ ਰਸਤੇ ਰਾਵਲਪਿੰਡੀ ਦੇ ਲਾਗੇ ਹਸਨ ਅਬਦਾਲ ਪੁੱਜੇ। ਫਿਰ ਐਮਨਾਬਾਦ ਤੋਂ ਕਰਤਾਰਪੁਰ ਆ ਗਏ। 

ਇਸ ਉਦਾਸੀ ਬਾਰੇ ਕੁਝ ਹੋਰ ਇਤਿਹਾਸਕ ਤੱਥ: ਇਸ ਉਦਾਸੀ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਲਿਮ ਵਿਸ਼ਵਾਸਾਂ, ਰਹੁਰੀਤਾਂ ਤੇ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਕੀਤਾ ਤੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਅਤੇ ਹੋਰ ਪੈਰੋਕਾਰਾਂ ਨੂੰ ਸਰਬ ਵਿਆਪਕ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਅਤੇ ਵਿਵਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ।

ਪਾਕਪਟਨ ਦਾ ਪਹਿਲਾ ਨਾਂ ਅਜੋਧਨ ਸੀ। ਗੁਰੂ ਸਾਹਿਬ ਜੀ ਉੱਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਜੀ ਨੂੰ ਮਿਲੇ ਅਤੇ ਬਾਬਾ ਫਰੀਦ ਜੀ ਦੀ ਬਾਣੀ ਪ੍ਰਾਪਤ ਕੀਤੀ, ਜੋ ਗੁਰਮਤਿ ਅਨੁਸਾਰੀ ਸੀ। 

ਇਸ ਤੋਂ ਅਗਲੇਰਾ ਪੈਂਡਾ ਤਹਿ ਕਰਦੇ ਹੋਏ ਗੁਰੂ ਜੀ ਤੁਲੰਬੇ ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ਉੱਤੇ ਸਥਿਤ ਹੈ, ਪਹੁੰਚੇ। ਇੱਥੋਂ ਦਾ ਵਸਨੀਕ ਸੱਜਣ ਮੱਲ ਆਏ-ਗਏ ਨੂੰ ਪਹਿਲਾਂ ਆਪਣੇ ਮੁਸਾਫਰਖ਼ਾਨੇ ਵਿੱਚ ਠਹਿਰਾ ਦਿੰਦਾ ਤੇ ਬਾਅਦ ਵਿੱਚ ਲਾਲਚ ਵੱਸ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੋਬਾ ਕੀਤੀ ਅਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ।

ਹਸਨ ਅਬਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਜੋ ਆਪਣੇ ਆਪ ਨੂੰ ਕਰਾਮਾਤੀ ਸਮਝਦਿਆਂ ਗੁਰੂ ਸਾਹਿਬ ਤੇ ਭਾਈ ਮਰਦਾਨਾ ਜੀ ਨੂੰ ਪਾਣੀ ਦੇਣ ਤੋਂ ਇਨਕਾਰੀ ਸੀ। ਜਦੋਂ ਉਸ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤਾਂ ਉਸ ਨੇ ਗੁਰੂ ਜੀ ਦੇ ਚਰਨੀ ਢਹਿ ਕੇ ਭੁੱਲ ਬਖਸ਼ਾਈ। ਇੱਥੇ ‘ਗੁਰਦੁਆਰਾ ਪੰਜਾ ਸਾਹਿਬ’ ਸੁਭਾਇਮਾਨ ਹੈ।

ਸਿੱਖ ਇਤਿਹਾਸ ਵਿੱਚ ਸੈਦਪੁਰ (ਐਮਨਾਬਾਦ) ਦੀ ਘਟਨਾ ’ਚ ਬਾਬਰ ਦੇ ਹਮਲੇ ਦਾ ਜ਼ਿਕਰ ਹੈ। ਇੱਥੇ ਆਪ ਸਿੱਖ ਸ਼ਰਧਾਲੂ ਭਾਈ ਲਾਲੋ ਜੀ ਦੇ ਘਰ ਠਹਿਰੇ। ਇਸੇ ਦੌਰਾਨ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰਧਾੜ ਅਤੇ ਲੁੱਟ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਿਆ, ਜੋ ਪ੍ਰਾਣੀ ਬਚ ਗਏ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਸਮੇਤ ਕੈਦ ਕੀਤੇ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਜਾਬਰ (ਧੱਕੇਬਾਜ਼) ਕਿਹਾ। ਗੁਰੂ ਸਾਹਿਬ ਜੀ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।

ਇਹ ਹਮਲਾ ਸੰਮਤ 1578 (ਸੰਨ 1521 ਈ.) ’ਚ ਹੋਇਆ ਸੀ, ਜਿਸ ਨੂੰ ਗੁਰੂ ਜੀ ਨੇ ਬਹੁਤ ਨੇੜਿਓਂ ਵੇਖਣ ਉਪਰੰਤ ਵਚਨ ਕੀਤੇ ਕਿ ਇਹ ਮੁਗ਼ਲ ਹਿੰਦੋਸਤਾਨ ’ਚ 19 ਸਾਲ ਰਹਿਣਗੇ ਤੇ ਸੰਮਤ 1597 (ਸੰਨ 1540) ’ਚ ਇੱਥੋਂ ਹਾਰ ਕੇ ਭੱਜ ਜਾਣਗੇ। ਭਾਰਤ ਦੇ ਇਤਿਹਾਸ ਮੁਤਾਬਕ ਤਦ ਸ਼ੇਰ ਸ਼ਾਹ ਸੂਰੀ ਨੇ ਬਾਬਰ ਦੇ ਪੁੱਤਰ ਹਮਾਯੁੰ ਨੂੰ ਹਰਾ ਕੇ ਭਜਾਇਆ ਤੇ ਆਪ ਸੱਤਾ ’ਤੇ ਕਾਬਜ਼ ਹੋ ਗਿਆ। ਇਸ ਘਟਨਾ ਬਾਬਤ ਗੁਰਬਾਣੀ ’ਚ ਇਸ ਪ੍ਰਕਾਰ ਸ਼ਬਦ ਦਰਜ ਹਨ: ‘‘ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ  ! ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ  ! ॥ ਸਰਮੁ ਧਰਮੁ ਦੁਇ ਛਪਿ ਖਲੋਏ, ਕੂੜੁ ਫਿਰੈ ਪਰਧਾਨੁ ਵੇ ਲਾਲੋ  ! ॥ ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ  ! ॥ ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ  ! ॥ ਜਾਤਿ ਸਨਾਤੀ ਹੋਰਿ ਹਿਦਵਾਣੀਆ, ਏਹਿ ਭੀ ਲੇਖੈ ਲਾਇ ਵੇ ਲਾਲੋ  ! ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ  ! ਰਤੁ ਕਾ ਕੁੰਗੂ ਪਾਇ ਵੇ ਲਾਲੋ  ! ॥’’ (ਮ: ੧/੭੨੩), ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਮ: ੧/੭੨੩) ਆਦਿ।

ਅੰਤਿਮ ਸਮਾਂ: ਆਪਣੇ ਜੀਵਨ ਦੇ ਅੰਤਿਮ 8-10 ਵਰ੍ਹੇ ਆਪ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਰੱਖਿਆ। ਜਿੱਥੇ ਆਪ ਜੀ ਦੀ ਸ਼ਰਨ ’ਚ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ) ਆਏ। ਇੰਨੀ ਉੱਚੀ ਕਰਨੀ ਤੇ ਸਾਦਗੀ ਭਰਪੂਰ ਗ੍ਰਹਿਸਤੀ ਜੀਵਨ ਵਿਚ ਵਿਚਰਦਿਆਂ ਨੂੰ ਵੇਖ ਕੇ ਉੱਥੋਂ ਦੇ ਹੀ ਬਣ ਕੇ ਰਹਿ ਗਏ। ਗੁਰੂ ਜੀ ਨਿਤਨੇਮ, ਕਥਾ-ਕੀਰਤਨ ਤੇ ਭਜਨ-ਬੰਦਗੀ ਕਰਦੇ ਅਤੇ ਹਰ ਕਿਸੇ ਨੂੰ ਪ੍ਰਭੂ ਹੁਕਮ ਅਨੁਸਾਰ ਜੀਵਨ ਬਿਤਾਉਣ ਤੇ ਸਤਿ ਨਾਮ ਦਾ ਅਭਿਆਸ ਕਰਨ ਦੀ ਸਿਖਿਆ ਦੇਂਦੇ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਆਪ ਜੀ ਦੀ ਗੋਦ ਵਿੱਚ ਲਏ। ਭਾਈ ਗੁਰਦਾਸ ਜੀ ਕਰਤਾਰਪੁਰ ਦੀ ਇਸ ਧਰਮਸਾਲਾ ਦਾ ਵਰਣਨ ਕਰਦੇ ਹੋਏ ਫੁਰਮਾਉਂਦੇ ਹਨ: ‘‘ਫਿਰਿ ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ, ਮੰਜੀ ਬੈਠਿ ਕੀਆ ਅਵਤਾਰਾ। ਉਲਟੀ ਗੰਗ ਵਹਾਈਓਨਿ, ਗੁਰ ਅੰਗਦੁ ਸਿਰਿ ਉਪਰਿ ਧਾਰਾ।…..ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ। ਸੋ ਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ। ਗੁਰਮੁਖਿ ਭਾਰ ਅਥਰਬਣਿ ਤਾਰਾ ॥’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੮)

ਸੋ, ਗੁਰੂ ਨਾਨਕ ਸਾਹਿਬ ਜੀ 70 ਸਾਲ 4 ਮਹੀਨੇ 3 ਦਿਨ ਪੂਰਨ ਸਫਲਤਾ ਨਾਲ ਸੰਸਾਰਿਕ ਯਾਤਰਾ ਮਾਣਦਿਆਂ 22 ਸਤੰਬਰ ਸੰਨ 1539 ਈ. ਨੂੰ ਆਪਣਾ ਜੋਤਿ ਰੂਪੀ ਨੂਰ ਭਾਈ ਲਹਿਣਾ ਜੀ (ਗੁਰੂ ਅੰਗਦ ਸਾਹਿਬ ਜੀ) ਵਿੱਚ ਟਿਕਾ ਕੇ ਆਪ ਸਦੀਵੀ ਅਕਾਲ ਪੁਰਖ ’ਚ ਸਮਾ ਗਏ: ‘‘ਸੂਰਜ ਕਿਰਣਿ ਮਿਲੇ, ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ, ਸੰਪੂਰਨੁ ਥੀਆ ਰਾਮ ॥’’ (ਮ: ੫/੮੪੬)