ਇਸ ਬੱਚੀ ਦੇ ਵੀ ਹਨ ਕੁਝ ਸਵਾਲ

0
486

ਇਸ ਬੱਚੀ ਦੇ ਵੀ ਹਨ ਕੁਝ ਸਵਾਲ

ਮੈਂ ਹਾਂ ਛੋਟੀ ਬੱਚੀ ਮੇਰੇ ਥੋੜ੍ਹੇ ਜਹੇ ਸਵਾਲ ਨੇ। ਸਵਾਲ ਛੋਟੇ ਛੋਟੇ ਪਰ ਬੜੇ ਕਮਾਲ ਨੇ।

ਪਹਿਲਾਂ ਸਵਾਲ ਮੈਂ ਸਾਡੇ ਬਜ਼ੁਰਗਾਂ ਨੂੰ ਪਾਵਾਂਗੀ। ਦੋ ਚਾਰ ਲਾਈਨਾਂ ’ਚ ਸਵਾਲ ਨੂੰ ਮੁਕਾਵਾਂਗੀ।

ਪੁੱਤ ਪੋਤੀਆਂ ਨੂੰ ਦੱਸੋ ਤੁਸੀਂ ਕੀ ਸਿਖਾਉਂਦੇ ਹੋ? ਉਂਗਲੀ ਨਾਲ ਲਾ ਕੇ ਕਦੇ ਗੁਰੂ ਘਰ ਲਿਆਉਂਦੇ ਹੋ?

ਗੁਰੂ ਗ੍ਰੰਥ ਸਾਹਿਬ ਵਿਚ ਦੱਸੋ ਕਿੰਨੇ ਰਾਗ ਨੇ ? ਦਸਾਂ ਗੁਰੂਆਂ ਦੇ ਨਾਮ ਕਿੰਨਿਆਂ ਨੂੰ ਯਾਦ ਨੇ ?

ਜੇ ਆਉਂਦਾ ਨਹੀਂ ਜੁਆਬ, ਕਿਤੇ ਰੁਸ ਕੇ ਨਾ ਬਹਿਣਾ ਜੀ। ਕਵਿਤਾ ਤੋਂ ਬਾਅਦ ਮੇਰੇ ਕੋਲੋਂ ਪੁੱਛ ਲੈਣਾ ਜੀ।

ਦਾਦਾ ਦਾਦੀਆਂ ਤਾਈਂ ਹੁਣ ਪੁੱਛਣੇ ਸਵਾਲ ਨੇ। ਤੁਹਾਡੇ ਪੋਤਿਆਂ ਦੇ ਸਿਰੋਂ ਕੱਟੇ ਕਾਹਤੋਂ ਵਾਲ ਨੇ ?

ਕਬਰਾਂ ਦੇ ਉੱਤੇ ਤੁਸੀਂ ਜੋਤਾਂ ਕਿਉਂ ਜਗਾਈਆਂ ਨੇ ? ਅੰਮ੍ਰਿਤ ਛਕ ਕੇ ਵੀ ਵਾਲੀਆਂ ਕੰਨੀਂ ਪਾਈਆਂ ਨੇ ?

ਗੱਲਾਂ ਮੇਰੀਆਂ ਦਾ ਤੁਸੀਂ ਬੁਰਾ ਨਾ ਮਨਾਉਣਾ ਜੀ। ਮਾਂ ਗੁਜਰੀ ਵਾਂਗੂੰ ਤੁਸੀਂ ਪੋਤੇ ਸਮਝਾਉਣਾ ਜੀ।

ਦਾਦੀਆਂ ਤੋਂ ਬਾਅਦ ਹੁਣ ਵਾਰੀ ਆਈ ਮਾਵਾਂ ਦੀ। ਪੁੱਤਰਾਂ ਦੇ ਸਿਰ ਉਹਨਾਂ ਠੰਢੜੀਆਂ ਛਾਵਾਂ ਦੀ।

ਤੁਸੀਂ ਦੱਸੋ ਮੂੰਹ ਤੋਂ ਭਰਵੱਟੇ ਕਿਉਂ ਮੁਨਾਏ ਨੇ ? ਵਿਚੋਂ ਵਿਚੋਂ ਕਈਆਂ ਨੇ ਤਾਂ ਵਾਲ ਵੀ ਕਟਾਏ ਨੇ।

ਛੋਟੇ ਬੱਚੇ ਥੋਡੇ ਕੋਲੋਂ ਸਿੱਖਿਆ ਕੀ ਲੈਣਗੇ? ਤੁਹਾਡੇ ਵੱਲ ਦੇਖ ਉਹ ਵੀ ਨਾਈ ਅੱਗੇ ਤਾਂ ਬਹਿਣਗੇ।

ਅਗਲੇ ਸਵਾਲਾਂ ਦੇ ਲਈ ਦੱਸੋ, ਸਾਰੇ ਰੇਡੀ ਨੇ ? ਇਹ ਸਵਾਲ ਉਹਨਾਂ ਲਈ, ਜੋ ਬੱਚਿਆਂ ਦੇ ਡੈਡੀ ਨੇ।

ਸਿਰਾਂ ਉੱਤੇ ਪੱਗਾਂ ਪਰ ਦਾਹੜੀ ਕਿਉਂ ਮੁਨਾਈ ਜੇ ? ਸਿੱਖ ਤੁਸੀਂ ਹੋ, ਨਹੀ ਦੱਸੋ ਤੁਰਕ ਕੇ ਇਸਾਈ ਜੇ ?

ਮਾਂ ਤੋਂ ਜ਼ਿਆਦਾ ਬੱਚੇ ਬਾਪ ਤੋਂ ਡਰਦੇ ਨੇ। ਦੱਸੋ ਤਾਂ ਤੁਹਾਡੇ ਬੱਚੇ ਨਸ਼ੇ ਕਿਉਂ ਕਰਦੇ ਨੇ ?

ਅੰਤ ਵਿਚ ਬਸ ਹੁਣ ਵੀਰੇ ਮੇਰੇ ਰਹਿ ਗਏ ਨੇ। ਚੜ੍ਹਦੀ ਜੁਆਨੀ ਵਿਚ ਹੀ ਥਕ ਕੇ ਜੋ ਬਹਿ ਗਏ ਨੇ।

ਤੁਹਾਡੇ ਜਿੱਡੇ ਵੀਰ ਘਰੋਂ ਚੁੱਕ ਚੁੱਕ ਮਾਰੇ ਨੇ। ਏਨੀ ਛੇਤੀ ਦੱਸੋ ਤੁਸੀਂ ਮਨੋ ਕਿਉਂ ਵਿਸਾਰੇ ਨੇ।

ਉਹਨਾਂ ਦੀ ਸ਼ਹੀਦੀ ਦਾ ਥੋੜਾ ਜਿਹਾ ਮੁੱਲ ਪਾ ਲਉ। ਸਿਰਾਂ ਉੱਤੇ ਸੋਹਣੀ ਦਸਤਾਰ ਤਾਂ ਸਜਾ ਲਉ।

ਬਾਜਾਂ ਵਾਲੇ ਗੁਰੂ ਸਾਨੂੰ ਆਪਣਾ ਬਣਾਇਆ ਸੀ। ਪੁੱਤ ਛੱਡ ਉਹਨਾਂ ਸਾਨੂੰ ਗਲ ਨਾਲ ਲਾਇਆ ਸੀ।

ਕੀਤਾ ਇਤਬਾਰ, ਵਿਸ਼ਵਾਸ ਨਾ ਜੇ ਤੋੜਿਓ। ਪੁੱਤਾਂ ਨੂੰ ਸਜਾ ਕੇ ਸਿੱਖ, ਪੁੱਤ ਉਹਦੇ ਮੋੜਿਓ।