ਇਸਤ੍ਰੀਤਵ ਨਾਲ ਜੁੜੀਆਂ ਸਮੱਸਿਆਵਾਂ

0
247

ਇਸਤ੍ਰੀਤਵ ਨਾਲ ਜੁੜੀਆਂ ਸਮੱਸਿਆਵਾਂ

ਡਾ: ਹਰਸ਼ਿੰਦਰ ਕੌਰ– 0175-2216783

ਜ਼ਿੰਦਗੀ ਨੂੰ ਨਿਰੰਤਰ ਚਲਦਾ ਰੱਖਣ ਲਈ ਕੁਦਰਤ ਨੇ ਮਨੁੱਖੀ ਸਰੀਰ ਵਿੱਚ ਕਈ ਪ੍ਰਕਾਰ ਦੀਆਂ ਕਿਰਿਆਵਾਂ ਨੂੰ ਸਥਾਪਤ ਕੀਤਾ ਹੈ ਜਿਸ ਵਿੱਚੋਂ ਇਸਤ੍ਰੀ ਦੇ ਸਰੀਰ ਨਾਲ ਸਬੰਧਤ ਇੱਕ ਕਿਰਿਆ ਨੂੰ ਮਾਹਵਾਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ, ਇਸ ਨਾਲ ਜੁੜੇ ਕੁਝ ਖਾਸ ਪਹਿਲੂ ਨੂੰ ਵੀਚਾਰੀਏ ਜਿਸ ਦੀ ਜਾਣਕਾਰੀ ਨਾ ਹੋਣ ਕਾਰਨ ਕਈ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਮਾਹਵਾਰੀ ਸ਼ੁਰੂ ਹੋਣ ਤੋਂ ਲਗਪਗ 7 ਤੋਂ 14 ਦਿਨ ਪਹਿਲਾਂ ਲਗਪਗ 40 ਫ਼ੀਸਦੀ ਲੜਕੀਆਂ ਤੇ ਔਰਤਾਂ ਨੂੰ ਮਾਨਸਿਕ ਅਤੇ ਸਰੀਰਕ ਤਕਲੀਫ਼ ਮਹਿਸੂਸ ਹੋ ਸਕਦੀ ਹੈ ਜਿਹੜੀ ਮਾਹਵਾਰੀ ਸ਼ੁਰੂ ਹੁੰਦੇ ਸਾਰ ਠੀਕ ਹੋ ਜਾਂਦੀ ਹੈ। ਇਨ੍ਹਾਂ ਵਿੱਚੋਂ 5 ਤੋਂ 8 ਫ਼ੀਸਦੀ ਨੂੰ ਕਾਫ਼ੀ ਜ਼ਿਆਦਾ ਤਕਲੀਫ਼ ਸਹਿਣੀ ਪੈਂਦੀ ਹੈ। ਜ਼ਿਆਦਾਤਰ ਇਹ ਤਕਲੀਫ਼ 25 ਤੋਂ 40 ਸਾਲਾਂ ਦੀਆਂ ਔਰਤਾਂ ਨੂੰ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇੱਕੋ ਜਿਹੇ ਲੱਛਣ ਹੋਣ ਪਰ ਇਨ੍ਹਾਂ ਵਿੱਚੋਂ ਕੁਝ ਵੀ ਮਹਿਸੂਸ ਹੋ ਸਕਦਾ ਹੈ:- ਪੇਟ ਵਿੱਚ ਅਫ਼ਾਰਾ, ਛਾਤੀ ਵਿੱਚ ਦਰਦ ਅਤੇ ਭਾਰਾਪਨ, ਅੱਡੀ ਦੁਆਲੇ ਸੋਜਾ, ਭਾਰ ਦਾ ਥੋੜ੍ਹਾ ਵਧਿਆ ਮਹਿਸੂਸ ਹੋਣਾ, ਚਮੜੀ ਉੱਤੇ ਦਾਣੇ ਜਾਂ ਖ਼ਾਰਿਸ਼, ਚਿੜਚਿੜਾਪਨ, ਹਰ ਨਿੱਕੀ ਜਿਹੀ ਗੱਲ ਉੱਤੇ ਲੜਨ ਲੱਗ ਪੈਣਾ ਜਾਂ ਭੜਕ ਪੈਣਾ, ਢਹਿੰਦੀ ਕਲਾ ਵਿੱਚ ਜਾਣਾ, ਧਿਆਨ ਨਾ ਲਾ ਸਕਣਾ, ਸਹਿਵਾਸ ਕਰਨ ਨੂੰ ਜ਼ਿਆਦਾ ਦਿਲ ਕਰਨਾ ਜਾਂ ਬਿਲਕੁਲ ਹੀ ਨਾ ਕਰਨਾ, ਸੁਸਤੀ ਮਹਿਸੂਸ ਹੋਣੀ, ਕੁਝ ਵੱਖ ਤਰ੍ਹਾਂ ਦਾ ਕਰਾਰਾ ਜਾਂ ਖੱਟਾ ਜਾਂ ਠੰਢਾ ਮਿੱਠਾ ਖਾਣ ਨੂੰ ਦਿਲ ਕਰਨਾ ਅਤੇ ਜਦੋਂ ਮੂਡ ਵੀ ਜ਼ਿਆਦਾ ਬਦਲਦਾ ਦਿਸੇ ਜਾਂ ਲਗਾਤਾਰ ਮਾਨਸਿਕ ਤਣਾਓ ਜਿਹਾ ਮਹਿਸੂਸ ਹੋ ਰਿਹਾ ਹੋਵੇ ਤੇ ਕੰਮ ਕਾਰ ਵੀ ਠੀਕ ਨਾ ਹੋ ਸਕੇ ਤਾਂ ਇਸ ਨੂੰ ਬਿਮਾਰੀ ਗਿਣਿਆ ਜਾਂਦਾ ਹੈ।

ਡਾਕਟਰ ਕੋਲ ਜਾਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਕਰਨਾ ਜ਼ਰੂਰੀ ਹੈ। ਆਪਣੀ ਇੱਕ ਡਾਇਰੀ ਬਣਾ ਲਵੋ ਜਿਸ ਵਿੱਚ ਦੋ ਤਿੰਨ ਮਹੀਨਿਆਂ ਦੇ ਪੂਰੇ ਲੱਛਣ ਦਿਨਾਂ ਦੇ ਹਿਸਾਬ ਨਾਲ ਨੋਟ ਕੀਤੇ ਹੋਣ। ਜੇ ਲੱਛਣ ਦੋ ਹਫ਼ਤੇ ਪਹਿਲਾਂ ਦੀ ਥਾਂ ਸਾਰੇ ਮਹੀਨੇ ਹੀ ਰਹਿੰਦੇ ਹੋਣ ਤਾਂ ਢਹਿੰਦੀ ਕਲਾ ਆਉਣੀ ਲਾਜ਼ਮੀ ਹੈ ਜਿਸ ਦਾ ਇਲਾਜ ਜ਼ਰੂਰੀ ਹੈ।

ਜੇ ਲੱਛਣ ਥੋੜ੍ਹੇ ਹੋਣ ਤਾਂ ਅੱਗੇ ਦੱਸੇ ਨੁਕਤਿਆਂ ਨਾਲ ਆਰਾਮ ਮਹਿਸੂਸ ਹੋ ਸਕਦਾ ਹੈ, ਜਿਨ੍ਹਾਂ ਵਿੱਚ ਕਸਰਤ (ਭੱਜਣਾ, ਸਾਈਕਲ ਚਲਾਉਣਾ, ਏਰੋਬਿਕ) ਕਰਨੀ, ਕੌਫ਼ੀ ਪੀਣੀ ਘਟਾਉਣੀ, ਲੂਣ ਤੇ ਸ਼ਰਾਬ (ਜੇ ਪੀਤੀ ਜਾ ਰਹੀ ਹੋਵੇ) ਦੀ ਵਰਤੋਂ ਘਟਾਉਣੀ, 1200 ਮਿਲੀਗ੍ਰਾਮ ਕੈਲਸ਼ੀਅਮ ਰੋਜ਼ ਖਾਣਾ, 800 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਡੀ ਰੋਜ਼ ਖਾਣਾ, ਕਾਰਬੋਹਾਈਡਰੇਟ ਜਿਵੇਂ ਆਲੂ, ਆਟਾ ਆਦਿ ਜ਼ਿਆਦਾ ਖਾਣ ਨਾਲ ਇਨ੍ਹਾਂ ਤਕਲੀਫ਼ਾਂ ਤੋਂ ਆਰਾਮ ਮਿਲ ਸਕਦਾ ਹੈ।

ਜਦੋਂ ਸੋਜ਼ਿਸ਼ ਵਧ ਜਾਏ ਜਾਂ ਛਾਤੀ ਵਿੱਚ ਦਰਦ ਵਧੇ ਜਾਂ ਪੇਟ ਦਾ ਅਫ਼ਾਰਾ ਕਾਫ਼ੀ ਤੰਗ ਕਰ ਰਿਹਾ ਹੋਵੇ ਤਾਂ ਸਪਾਈਰੋਨੋਲੈਕਟੋਨ 100 ਮਿਲੀਗ੍ਰਾਮ ਗੋਲੀ ਉਨ੍ਹਾਂ ਦਿਨਾਂ ਵਿੱਚ ਰੋਜ਼ ਡਾਕਟਰ ਦੀ ਸਲਾਹ ਨਾਲ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਗਰਭ ਨਿਰੋਧਕ ਗੋਲੀਆਂ ਜਾਂ ਟੀਕੇ ਵੀ ਛਾਤੀ ਵਿਚਲੀ ਦਰਦ ਤੇ ਅਕੜਾਓ ਘਟਾਉਣ ਵਿੱਚ ਸਹਾਈ ਹੋ ਜਾਂਦੇ ਹਨ। ਕਈ ਜਣੀਆਂ ਦਰਦ ਦੀ ਦਵਾਈ, ਮੈਫੇਨੇਮਿਕ ਏਸਿਡ ਖਾਂਦੀਆਂ ਰਹਿੰਦੀਆਂ ਹਨ। ਇਸ ਨਾਲ ਬਾਕੀ ਲੱਛਣ ਤਾਂ ਠੀਕ ਹੋ ਜਾਂਦੇ ਹਨ ਪਰ ਛਾਤੀ ਵਿਚਲੀ ਦਰਦ ਨਹੀਂ।

ਜੇ ਮੂਡ ਜ਼ਿਆਦਾ ਹੀ ਖ਼ਰਾਬ ਰਹਿਣ ਲੱਗ ਪਿਆ ਹੋਵੇ ਤਾਂ ਘਰ ਦੇ ਬਾਕੀ ਲੋਕ ਵੀ ਚਿੜਚਿੜੇਪਨ ਤੋਂ ਤੰਗ ਆ ਚੁੱਕੇ ਹੋਣ ਤਾਂ ਕਈ ਵਾਰ ਫਲੌਕਸੀਟੀਨ 20 ਮਿਲੀਗ੍ਰਾਮ ਦੀ ਗੋਲੀ ਰੋਜ਼ ਉਨ੍ਹਾਂ ਤਕਲੀਫ਼ ਵਾਲੇ ਦਿਨਾਂ ਵਿੱਚ ਜਾਂ ਲਗਾਤਾਰ ਡਾਕਟਰ ਦੀ ਸਲਾਹ ਨਾਲ ਖਾਣੀ ਜ਼ਰੂਰੀ ਹੋ ਜਾਂਦੀ ਹੈ। ਇਸ ਨਾਲ ਤਣਾਓ ਵੀ ਘਟਦਾ ਹੈ, ਚਿੜਚਿੜਾਪਨ ਵੀ ਤੇ ਸਾਰਾ ਦਿਨ ਥੱਕੇ ਟੁੱਟੇ ਜਿਹੇ ਵੀ ਮਹਿਸੂਸ ਹੋਣਾ ਬੰਦ ਹੋ ਜਾਂਦਾ ਹੈ।

ਕਈ ਵਾਰ ਇਹ ਲੱਛਣ ਏਨੇ ਵਧ ਚੁੱਕੇ ਹੁੰਦੇ ਹਨ ਕਿ ਇਨ੍ਹਾਂ ਵਿੱਚੋਂ ਕੋਈ ਵੀ ਦਵਾਈ ਅਸਰ ਨਹੀਂ ਕਰਦੀ। ਇਸ ਤਰ੍ਹਾਂ ਮਜਬੂਰੀ ਤਹਿਤ ਅੰਡਕੋਸ਼ ਦੇ ਕੰਮ ਕਾਰ ਨੂੰ ਹੀ ਵਕਫ਼ੀ ਤੌਰ ਉੱਤੇ ਠੱਪ ਕਰਨਾ ਪੈ ਸਕਦਾ ਹੈ। ਇਹ ਦਵਾਈ ਕਦੇ ਵੀ ਕਿਸੇ ਸਿਆਣੇ ਡਾਕਟਰ ਦੀ ਸਲਾਹ ਤੋਂ ਬਗ਼ੈਰ ਨਹੀਂ ਲੈਣੀ ਚਾਹੀਦੀ।

ਇਸ ਸਮੱਸਿਆ ਬਾਰੇ ਜਾਣਕਾਰੀ ਇਸ ਲਈ ਜ਼ਰੂਰੀ ਹੈ ਕਿ ਕਈ ਟੱਬਰਾਂ ਵਿੱਚ ਇਸ ਸਮੇਂ ਦੌਰਾਨ ਏਨਾ ਤਣਾਅ ਵਧ ਜਾਂਦਾ ਹੈ ਕਿ ਗੱਲ ਤੋੜ ਵਿਛੋੜੇ ਤਕ ਪਹੁੰਚ ਜਾਂਦੀ ਹੈ ਤੇ ਫੇਰ ਉਹ ਸਮਾਂ ਲੰਘ ਜਾਣ ਬਾਅਦ ਕੁਝ ਹੱਥ ਨਹੀਂ ਰਹਿੰਦਾ। ਜੇ ਦੋਹਾਂ ਪਤੀ ਪਤਨੀ ਜਾਂ ਮਾਪਿਆਂ ਨੂੰ ਆਪਣੀ ਬੱਚੀ ਬਾਰੇ ਇਸ ਦੀ ਜਾਣਕਾਰੀ ਹੋਵੇ ਤਾਂ ਸਮੇਂ ਸਿਰ ਇਲਾਜ ਕਰਵਾ ਕੇ ਮਾਹੌਲ ਵੀ ਸੁਖਾਵਾਂ ਬਣਾਇਆ ਜਾ ਸਕਦਾ ਹੈ ਤੇ ਉਹ ਬੱਚੀ ਜਾਂ ਔਰਤ ਜੋ ਇਹ ਸਭ ਸਹਿ ਰਹੀ ਹੈ, ਦੀ ਤਕਲੀਫ਼ ਨੂੰ ਵੀ ਆਰਾਮ ਮਿਲ ਸਕਦਾ ਹੈ।

ਜੇ ਇਨ੍ਹਾਂ ਲੱਛਣਾਂ ਵਿੱਚੋਂ ਕੋਈ ਵੀ ਲੱਛਣ ਦਿਸ ਰਿਹਾ ਹੋਵੇ ਤਾਂ ਉੱਤੇ ਦੱਸੇ ਨੁਸਖ਼ੇ ਅਜ਼ਮਾ ਲਵੋ। ਜੇ ਦੋ ਕੁ ਮਹੀਨਿਆਂ ਵਿੱਚ ਆਰਾਮ ਨਾ ਮਿਲੇ ਤਾਂ ਹੀ ਦਵਾਈਆਂ ਲੈਣ ਵਾਲੇ ਪਾਸੇ ਝੁਕਾਓ ਰੱਖੋ। ਬਿਨਾਂ ਮਤਲਬ ਬੁੱਕ ਭਰ ਕੇ ਉਮਰ ਭਰ ਦਵਾਈਆਂ ਖਾਣ ਦੀ ਲੋੜ ਨਹੀਂ ਹੈ। ਇਸ ਸਭ ਨੂੰ ਠੀਕ ਕਰਨ ਦਾ ਇੱਕ ਹੋਰ ਰਾਮ ਬਾਣ ਵੀ ਹੈ ਪਿਆਰ। ਜੇ ਔਰਤ ਦਾ ਇਸ ਮਾਹੌਲ ਵਿੱਚ ਪਿਆਰ ਨਾਲ ਸਾਥ ਦਿੱਤਾ ਜਾਵੇ ਤਾਂ ਇਸ ਦਾ ਅਸਰ ਬਹੁਤ ਵਧੀਆ ਹੁੰਦਾ ਹੈ।