ਇਕਲਾਪੇ ਤੇ ਬੁਢਾਪੇ ਦੇ ਨਾਲ ਨਾਲ ਤੁਰਦਿਆਂ

0
379

ਇਕਲਾਪੇ ਤੇ ਬੁਢਾਪੇ ਦੇ ਨਾਲ ਨਾਲ ਤੁਰਦਿਆਂ

ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਕਵਿਤਾ ਭਵਨ, ਮਾਛੀਵਾੜਾ ਰੋਡ, ਸਮਰਾਲਾ-141114

ਮੋਬਾ: 94638-08697

ਤੂਤਾਂ ਤੇ ਟਾਹਲੀਆਂ ਦੀ ਠੰਡੀ ਛਾਂ, ਕੋਈ ਥੱਕਿਆ ਰਾਹੀ ਆਣ ਬਹੇ,

ਕਿਥੋਂ ਆਇਆ  ? ਕਿਥੇ ਜਾਣਾ ? ਇਕ ਮੇਰੀ ਸੁਣੇ, ਇਕ ਆਪਣੀ ਕਹੇ।

ਛਾਂ ਤਾਂ ਹੈ, ਪਰ ਮੇਰੇ ਆਸੇ ਪਾਸੇ ਸੁੰਨੀ ਦੁਪਿਹਰ ਹੈ। ਤੂਤ ਦੀਆਂ ਟਾਹਣੀਆਂ ਵਿਚ ਬੈਠੀ ਘੁੱਗੀ ਬੋਲਦੀ ਹੈ ਇਕੱਲੇਪਣ ਮਾਰੀ ਦੁਪਹਿਰ ਨੂੰ ਹੋਰ ਵੀ ਉਦਾਸ ਕਰ ਦਿੰਦੀ ਹੈ। ਘਰ ਦੇ ਸਾਹਮਣੇ ਸੂਏ ਦੀ ਪਟੜੀ ਉੱਤੇ ਭਾਰਾ ਟਰੈਫਿਕ ਹੈ- ਭਾਰੀਆਂ ਆਵਾਜ਼ਾਂ ਹਨ। ਕੋਈ ਮਧੁਰ ਆਵਾਜ਼ ਮੇਰੇ ਘਰ ਵੱਲ ਨਹੀਂ ਆਉਂਦੀ ਹੈ। ਦੁਪਹਿਰੇ ਡਾਕੀਆ ਆਉਂਦਾ ਹੈ। ਸਾਈਕਲ ਦੀ ਘੰਟੀ ਖੜਕਾਉਂਦਾ ਹੈ। ਮੈਂ ਡਾਕੀਏ ਨੂੰ ਕਿਹਾ ਹੋਇਆ ਹੈ, ਬਾਹਰਲੇ ਗੇਟ ਦੀ ਕੜਿਕੀ ਖੋਲ੍ਹ ਕੇ, ਅੱਗੇ ਆ ਜਾਇਆ ਕਰ। ਮੈਂ ਨਹੀਂ ਹੁਣ ਤੇਜ਼ ਤੁਰ ਸਕਦਾ। ਤੂੰ ਉਡੀਕ ਨਹੀਂ ਸਕਦਾ ਕਿਉਂਕਿ ਤੂੰ ਕਈ ਘਰਾਂ ਵਿਚ ਡਾਕ ਵੰਡਣੀ ਹੁੰਦੀ ਹੈ। ਡਾਕੀਏ ਨੂੰ ਮੈਂ ਇਹ ਵੀ ਕਿਹਾ ਹੋਇਆ ਹੈ ਕਿ ਮੇਰੀ ਡਾਕ ਦਰਾਂ ਦੇ ਉੱਪਰ ਦੀ ਵਿਹੜੇ ਵਿਚ ਸੁੱਟ ਜਾਇਆ ਕਰ। ਜਦੋਂ ਮੇਰੇ ਪਾਸ ਕੋਈ ਬੱਚਾ ਆਵੇਗਾ ਡਾਕ ਚੁੱਕ ਕੇ ਲਿਆ ਕੇ ਮੈਨੂੰ ਫੜ੍ਹਾ ਦੇਵੇਗਾ।

ਨਗਰ ਪਾਲਿਕਾ ਦਾ ਨਲ-ਪਾਣੀ ਕਾਫੀ ਸਮੇਂ ਤੋਂ ਨਹੀਂ ਆ ਰਿਹਾ। ਬਿਰਖ ਪੌਦੇ ਸੁੱਕ ਰਹੇ ਹਨ। ਗਮਲਿਆਂ ਵਿਚ ਫੁੱਲ ਸਿਰ ਸੁੱਟੀ ਖੜ੍ਹੇ ਹਨ। ਹੁਣ ਮੈਂ ਪਾਣੀ ਕਿਵੇਂ ਪਾਵਾਂ। ਮੇਰੇ ਪਾਸੋਂ ਪਾਣੀ ਦੀ ਭਰੀ ਬਾਲਟੀ ਚੁੱਕ ਕੇ ਤੁਰਿਆ ਨਹੀਂ ਜਾਂਦਾ। ਖਾਲੀ ਹੱਥ ਨਹੀਂ ਤੁਰਿਆ ਜਾਂਦਾ- ਭਰੀ ਬਾਲਟੀ ਚੁੱਕ ਕੇ ਕਿਵੇਂ ਤੁਰਾਂ ? ਕੱਲ੍ਹ ਇਕ ਪੌਦਾ ਸੁੱਕ ਗਿਆ ਸੀ- ਉਸ ਦੀਆਂ ਦੋਵੇ ਕੂਲੀਆਂ ਟਾਹਣੀਆਂ ਦੇ ਸਿਰ ਧਰਤੀ ਨਾਲ ਆ ਲੱਗੇ ਸਨ- ਮੈਂ ਮੱਗ ਨਾਲ ਦੋ ਵਾਰ ਪਾਣੀ ਪਾਇਆ। ਪਰ ਪੌਦੇ ਨੇ ਸਿਰ ਉੱਚਾ ਨਹੀਂ ਕੀਤਾ। ਇਹ ਪੌਦਾ ਮੈਂ ਦੇਹਰਾਦੂਨ ਤੋਂ ਲਿਆਂਦਾ ਸੀ। ਵੱਡਾ ਹੋ ਜਾਂਦਾ ਤਾਂ ਇਸ ਨੂੰ ਸੂਹੇ ਫੁੱਲ ਲੱਗਣੇ ਸਨ।

ਵਨੀਤ ਸਿੰਘ ਦੀਆਂ ਸਕੂਲ ਪੜ੍ਹਦੀਆਂ ਬੇਟੀਆਂ ਕਾਮਨੀ ਤੇ ਬਿੱਟੀ ਮੇਰੇ ਨਿੱਕੇ ਨਿੱਕੇ ਕੰਮ ਕਰ ਦਿੰਦੀਆਂ ਸਨ। ਤਾਜ਼ੇ ਪਾਣੀ ਦਾ ਜੱਗ ਭਰ ਕੇ ਮੇਰੇ ਟੇਬਲ ਉੱਤੇ ਰੱਖ ਦਿੰਦੀਆਂ ਹਨ। ਗੇਟ ਨੇੜਿਉਂ ਸਵੇਰੇ ਅਖ਼ਬਾਰ ਲਿਆ ਕੇ ਫੜਾ ਦਿੰਦੀਆਂ ਹਨ। ਦੁਪਹਿਰੇ ਗੇਟ ਨੇੜੇ ਪਈ ਮੇਰੀ ਡਾਕ-ਰਸਾਲੇ, ਚਿੱਠੀਆਂ ਮੈਨੂੰ ਲਿਆ ਕੇ ਦੇ ਦਿੰਦੀਆਂ ਹਨ। ਮੇਰੀ ਖੂੰਡੀ ਮੇਰੀ ਕੁਰਸੀ ਦੇ ਨੇੜੇ ਕਰ ਦਿੰਦੀਆਂ ਹਨ। ਛੇਤੀ ਹੀ ਇਹਨਾਂ ਸਕੂਲ ਖੁੱਲ ਰਹੇ ਹਨ। ਇਹ ਦੋਵੇਂ ਕੁੜੀਆਂ ਬਿਹਾਰ ਚਲੀਆਂ ਜਾਣਗੀਆਂ। ਫੇਰ ਮੈਂ ਹੋਰ ਵੀ ਹੀਣਾ ਹੋ ਜਾਵਾਂਗਾ।

ਸਫ਼ਰ ਤੇ ਚੇਤਨ ਬਹੁਤ ਹੀ ਛੋਟੀ ਉਮਰ ਦੇ ਸਨ ਤਾਂ ਮੈਂ ਉਨ੍ਹਾਂ ਦੀ ਉਂਗਲ ਫੜ੍ਹ ਕੇ ਨਾਲ ਤੁਰਦਾ ਸਾਂ। ਹੁਣ ਮੈਨੂੰ ਲੋੜ ਹੈ ਕਿ ਕੋਈ ਬੱਚਾ ਮੇਰੀ ਉਂਗਲ ਫੜ ਕੇ ਹੌਲੀ-ਹੌਲੀ ਮੇਰੇ ਨਾਲ ਤੁਰੇ। ਪਰ ਕੌਣ ਮੇਰੀ ਉਂਗਲ ਫੜੇ। ਪੋਤਰੀ ਵੋਗਲਾ ਤਾਂ ਕੈਨੇਡਾ ਚਲੀ ਗਈ ਹੈ। ਪੋਤਰੀ ਸੁਮੇਲ ਤੇ ਪੋਤਰਾ ਕਿਰਤਪਾਲ ਜੇ ਕਿਤੇ ਮਿਲ ਜਾਣ ਤਾਂ ਮੈਨੂੰ ਦੱਸਣਾ ਪਵੇਗਾ ਕਿ ਮੈਂ ਉਹਨਾਂ ਦਾ ਦਾਦਾ ਹਾਂ। ਦੋਵੇਂ ਬੇਟੇ ਦੇਰ ਦੇ ਉਂਗਲ ਛੁਡਾ ਕੇ ਦੂਰ ਗੁਬਾਰ ਦੇ ਸਵਾਰ ਹਨ।

ਮੈਂ ਤੇ ਡਾ. ਪਰਮਿੰਦਰ ਸਿੰਘ ਰੋਪੜ ਵਿਖੇ ਗੁਰਦਵਾਰਾ ਭੱਠਾ ਸਾਹਿਬ ਦੇ ਦਰਸ਼ਨ ਲਈ ਗਏ। ਮੇਰੇ ਬੂਟ ਡਾ. ਪਰਮਿੰਦਰ ਸਿੰਘ ਆਪਣੇ ਹੱਥਾਂ ਨਾਲ ਚੁੱਕ ਕੇ ਲਿਆ ਕੇ ਮੇਰੇ ਨੇੜੇ ਕੀਤੇ। ਮੈਂ ਖਲ੍ਹੋ ਕੇ ਬੂਟ ਨਹੀਂ ਸਾਂ ਪਹਿਨ ਸਕਦਾ, ਪਰਾਂ ਬੈੱਚ ਉੱਤੇ ਬੈਠਾ ਸਾਂ। ਨਿਹੰਗ ਖਾਂ ਦਾ ਤਪਦਾ ਭੱਠਾ ਤਾਂ ਉਦੋਂ ਹੀ ਠੰਡਾ ਹੋ ਗਿਆ ਸੀ, ਜਦੋਂ ਦਸਵੇਂ ਪਾਤਸ਼ਾਹ ਦੇ ਨੀਲੇ ਘੋੜੇ ਦੇ ਪੈਰ ਉੱਥੇ ਪਏ ਸਨ। ਮੈਂ ਜਦੋਂ ਭੱਠੇ ਦੇ ਨੇੜੇ ਗਿਆ- ਮੈਨੂੰ ਹਾਲੀ ਵੀ ਸੇਕ ਆ ਰਿਹਾ ਸੀ। ਭੱਠਾ ਕਦੋਂ ਸ਼ਾਂਤ ਹੋਵੇਗਾ।

ਕਵਿਤਾ ਭਵਨ ਦੇ ਸਾਹਮਣੇ ਸੁੱਕੇ ਸੂਏ ਦੀ ਪਟੜੀ ਉੱਤੇ ਭਰਤ ਪਾ ਕੇ ਪਟੜੀ ਉੱਚੀ ਕੀਤੀ ਗਈ। ਕਵਿਤਾ ਭਵਨ ਦਾ ਵਿਹੜਾ ਨੀਵਾਂ ਹੋ ਗਿਆ। ਕਈ ਟਰੱਕ ਰੇਤਲੀ ਮਿੱਟੀ ਦੇ ਪਾ ਕੇ ਵਿਹੜਾ ਉੱਚਾ ਕੀਤਾ ਗਿਆ। ਕਮਰੇ ਨੀਵੇਂ ਹੋ ਗਏ। ਕਮਰੇ ਦੇ ਦਰਵਾਜ਼ੇ ਨਾਲ ਪੌੜੀਆਂ ਬਣਾਈਆਂ ਗਈਆਂ। ਦਿਨ ਵਿੱਚ ਕਈ ਵਾਰ ਮੈਨੂੰ ਆਪਣੇ ਕਮਰੇ ਵਿੱਚੋਂ ਪੌੜੀਆਂ ਚੜ੍ਹ ਕੇ ਵਿਹੜੇ ਵਿਚ ਆਉਂਣਾ ਜਾਣਾ ਪੈਂਦਾ ਹੈ। ਦਰਵਾਜ਼ੇ ਦੀ ਚਗਾਠ ਨੂੰ ਹੱਥ ਪਾ ਕੇ ਮੈਂ ਅੰਦਰ ਬਾਹਰ ਆਉਂਦਾ ਜਾਂਦਾ ਹਾਂ। ਹੱਥ ਦੇ ਖਿਸਕ ਜਾਣ ਦਾ ਖਤਰਾ ਰਹਿੰਦਾ ਹੈ। ਲੱਤਾਂ ਦਾ ਸੰਤੁਲਨ ਵਿਗੜ ਜਾਂਦਾ ਹੈ।

ਮੇਰੀਆਂ ਲੱਤਾਂ ਉੱਤੇ ਅਨੇਕਾਂ ਨਿਸ਼ਾਨ ਹਨ। ਵੱਖ ਵੱਖ ਸਮੇਂ ਨਿੱਕੇ ਵੱਡੇ ਜ਼ਖਮ ਹੁੰਦੇ ਰਹੇ। ਸਮੇਂ ਨਾਲ ਠੀਕ ਹੁੰਦੇ ਰਹੇ। ਪਰ ਆਪਣੇ ਪੱਕੇ ਨਿਸ਼ਾਨ ਪਿੱਛੇ ਛੱਡ ਗਏ। ਮੇਰੇ ਚਾਚਾ (ਬਾਪ) ਨੇ ਪੱਠੇ ਕੁਤਰਨ ਵਾਲੇ ਟੋਕੇ ਉੱਤੇ ਕਾਨਿਆਂ ਤੇ ਸਰਕੜੇ ਦਾ ਢਾਰਾ ਬਣਾਇਆ ਹੋਇਆ ਸੀ। ਢਾਰਾ, ਖੁੰਗੀਆਂ ਵਾਲੀ ਥੰਮੀ ਦੇ ਸਹਾਰੇ ਖੜ੍ਹਾ ਸੀ। ਖੇਡਦਾ ਖੇੇਡਦਾ ਮੈਂ, ਰੀਂਗਦਾ ਹੋਇਆ ਥੰਮੀ ਉੱਤੇ ਚੜ੍ਹ ਗਿਆ। ਹੇਠਾਂ ਡਿੱਗਾ ਤਾਂ ਖੁੰਗੀ ਨਾਲ ਮੇਰੀ ਸੱਜੀ ਲੱਤ ਛਿੱਲੀ ਗਈ ਸੀ। ਲੰਮਾ ਨਿਸ਼ਾਨ ਅੱਜ ਵੀ ਬਾਕੀ ਹੈ।

ਜਦੋਂ ਮੈਂ ਅੰਬਾਲਾ ਛਾਉਂਣੀ ਤੋਂ ਏਅਰ ਫੋਰਸ ਲਈ ਭਰਤੀ ਹੋਣ ਗਿਆ। ਮੇਰੇ ਸਰੀਰਕ ਟੈਸਟ ਵਿਚ ਮੇਰੀਆਂ ਅੱਖਾਂ, ਛਾਤੀ ਤੇ ਲੱਤਾਂ ਸ਼ਾਮਿਲ ਸਨ। ਦੋਹਾਂ ਲੱਤਾਂ ਤੇ ਦੋਹਾਂ ਗੋਡਿਆਂ ਵਿਚ ਵਿੱਥ ਨਿਧਾਰਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੇਰੀਆਂ ਅੱਖਾਂ, ਛਾਤੀ, ਲੱਤਾਂ ਫਿੱਟ ਸਾਬਤ ਹੋਈਆਂ। ਦੌੜ ਵਿੱਚੋਂ ਵੀ ਮੈਂ ਸਫਲ ਹੋਇਆ। ਮੇਰੀਆਂ ਲੱਤਾਂ ਤੁਰਦੀਆਂ ਤੁਰਦੀਆਂ ਵਿੰਗੀਆਂ ਹੋ ਗਈਆਂ। ਮੇਰੇ ਪਾਸੋਂ ਪੌੜੀਆਂ ਚੜ੍ਹ ਕੇ ਛੱਤ ਉੱਤੇ ਜਾਇਆ ਨਹੀਂ ਜਾਂਦਾ। ਸ਼ਹਿਰੋਂ ਬਾਹਰਵਾਰ ਘਰ ਹੈ- ਆਸੇ ਪਾਸੇ ਸਫੈਦੇ ਹਨ-ਧਰੇਕਾਂ ਹਨ। ਹਨੇਰੀਆਂ ਅਕਸਰ ਆਉਂਦੀਆਂ ਹਨ, ਪੱਤੇ ਛੱਤ ਉੱਤੇ ਡਿੱਗਦੇ ਹਨ। ਮੈਂ ਰਾਮ ਪਿਆਰੀ ਨੂੰ ਕਹੂੰਗਾ ਕਿ ਛੱਤ ਉੱਤੇ ਚੜ੍ਹ ਕੇ ਪੱਤੇ ਹੂੰਝ ਕੇ ਹੇਠਾਂ ਸੁੱਟ ਦੇਵੇ। ਪਰਨਾਲਿਆਂ ਵਿਚ ਫਸੇ ਕੱਖ ਪੱਤੇ ਬਾਹਰ ਕੱਢ ਦੇਵੇ।

ਜਵਾਨੀ ਵੇਲੇ ਮੈਂ ਕੁਝ ਸਮਾਂ ਜੰਮੂ ਤੇ ਫੇਰ ਸ੍ਰੀ ਨਗਰ ਰਿਹਾ ਸੀ। ਸ੍ਰੀ ਨਗਰ ਤੋਂ ਪੈਦਲ ਹੀ ਤੁਰ ਕੇ ਗੁਲਮਰਗ, ਹੋਰ ਉੱਪਰ ਖਿਲਨਮਗਰ ਵਾਦੀ ਵਿਚ ਚਲਾ ਗਿਆ ਸਾਂ। ਪੈਦਲ ਹੀ ਵਾਪਸ ਮੁੜਿਆ ਸਾਂ। ਕਦੀ ਮੈਂ ਗੋਬਿੰਦ ਘਾਟ ਤੋਂ ਪੈਦਲ ਹੀ ਚਲ ਕੇ ਗੋਬਿੰਦ ਧਾਮ ਗਿਆ ਸਾਂ। ਹਿਮਾਚਲ ਦੇ ਪਹਾੜੀ ਸਥਾਨ ਚੈਲ ਗਿਆ ਸਾਂ। ਉਸ ਤੋਂ ਅੱਗੇ ਮੈਂ ਸੰਸਾਰ ਦੇ ਸਭ ਤੋਂ ਉੱਚੇ ਖੇਡ ਮੈਦਾਨ ਤਕ ਪਹੁੰਚਿਆ ਸਾਂ। ਹੁਣ ਪਹਾੜ ਮੈਨੂੰ ਫੇਰ ਬੁਲਾਉਂਦੇ ਹਨ। ਪਰ ਮੈਂ ਕਿਵੇਂ ਜਾਵਾਂ। ਮੇਰੇ ਪਾਸੋਂ ਤਾਂ ਤੁਰਿਆ ਹੀ ਨਹੀਂ ਜਾਂਦਾ। ਮੇਰੇ ਗੋਡੇ ਤਾਂ ਜਵਾਬ ਦੇ ਗਏ ਹਨ।

ਹਜ਼ਾਰਾਂ ਮੀਲਾਂ ਦੀ ਦੂਰੀ ਪਾਰ ਕਰਕੇ ਬਰਫ਼ੀਲੇ ਦੇਸ਼ਾਂ ਵਿੱਚੋਂ ਪੰਛੀ ਸਾਡੀਆਂ ਝੀਲਾਂ ਰੱਖਾਂ ਵਿੱਚ ਆ ਬਸੇਰਾ ਕਰਦੇ ਹਨ। ਗਰਮੀ ਦੀ ਰੁੱਤ ਸ਼ੁਰੂ ਹੁੰਦਿਆਂ ਹੀ ਆਪਣੇ ਦੇਸ਼ ਉਡਾਰੀ ਮਾਰ ਜਾਂਦੇ ਹਨ। ਕਾਸ਼, ਮੇਰੇ ਪਾਸ ਖੰਭ ਹੁੰਦੇ: ‘‘ਖੰਭ ਵਿਕਾਂਦੜੇ ਜੇ ਲਹਾਂ.. ॥’’ (ਮ: ੫/੧੪੨੬)

ਮੇਰੇ ਸਿਰ ਉੱਤੇ ਕਦੀ ਸੋਹਣਾ ਜੂੜਾ ਹੁੰਦਾ ਸੀ- ਘਣੇ ਕੇਸ ਸਨ। ਹੌਲੀ ਹੌਲੀ ਸਿਰ ਦੇ ਵਾਲ ਝੜਦੇ ਗਏ। ਜੂੜਾ ਕਰਨ ਜੋਗੇ ਵਾਲ ਹੀ ਨਾ ਰਹੇ। ਦਾਹੜੀ ਮੇਰੀ ਸਾਬਤ ਤੇ ਭਰਵੀਂ ਹੈ। ਦਸਤਾਰ ਮੇਰੇ ਗੰਜੇ ਸਿਰ ਨੂੰ ਲੁਕਾ ਲੈਂਦੀ ਹੈ। ਦਾਹੜੀ ਮੇਰੀਆਂ ਚਿਪਕੀਆਂ ਗੱਲ੍ਹਾਂ ਨੂੰ ਭਰੀਆਂ ਰੱਖਦੀ ਹੈ। ਜੇ ਮੈਂ ਦਸਤਾਰ ਨਾ ਸਜਾਉਂਦਾ ਹੁੰਦਾ- ਮੇਰੀ ਗੰਜੀ ਰੌੜ ਟਿੰਡ ਉੱਤੇ ਸੂਰਜ ਦੀਆਂ ਤਪਦੀਆਂ ਕਿਰਨਾਂ ਪੈਂਦੀਆਂ- ਤਾਂ ਮੈਂ ਕਿਸੇ ਰੁੱਖ ਦੀ ਛਾਂ ਵੱਲ ਭੱਜਣਾ ਸੀ- ਪਰ ਛਾਂ ਨੇ ਮੇਰੇ ਪਾਸੋਂ ਦੂਰ ਚਲੀ ਜਾਣਾ ਸੀ। ਹੁਣ ਫਬਦਾ ਹਾਂ। ਜੱਚਦਾ ਹਾਂ। ਗੱਲ੍ਹਾਂ ਦੀ ਲਾਲੀ ਬੁਢਾਪੇ ਨੂੰ ਥੋੜ੍ਹਾ ਦੂਰ ਰੱਖਦੀ ਹੈ।

ਬੱਚੇ ਦੌੜਦੇ ਹਨ- ਕੰਧਾਂ ਟੱਪ ਜਾਂਦੇ ਹਨ। ਹਾਕੀ, ਫੁੱਟਬਾਲ, ਬਾਕਸਿੰਗ ਖੇਡਦੇ ਹਨ। ਮੇਰੇ ਅੰਦਰ ਵੀ ਜੋਸ਼ ਖੌਲਦਾ ਹੈ। ਫੌਜ ਵਿਚ ਕਮਿਸ਼ਨ ਪਰਾਪਤ ਕਰਨ ਲਈ ਸਰੀਰਕ ਇਮਤਿਹਾਨ ਲਈ ਮੈਂ ਜਬਲਪੁਰ ਗਿਆ ਸਾਂ- ਉੱਥੇ ਮੈਂ ਸਾਰੀਆਂ ਹਰਡਲਜ਼, ਦਿੱਤੇ ਹੋਏ ਵਕਤ, ਤਿੰਨ ਮਿੰਟ ਵਿਚ ਪੂਰੀਆਂ ਕਰ ਲਈਆਂ ਸਨ। ਉੱਚੀ ਸਾਰੀ ਕੰਧ ਟੱਪਣਾ-ਰੁੱਖਾਂ ਨਾਲ ਬੱਧੇ ਰੱਸੇ ਉੱਤੇ ਤੁਰਨਾ, ਸੁਰੰਗ ਵਿੱਚੋਂ ਦੀ ਗੁਜ਼ਰਨਾ …..।

ਜੰਮੂ ਵਿਖੇ ਕਰਮ ਸਿੰਘ ਰੰਧਾਵਾ ਆਪਣੀ ਫੌਜੀ ਯੂਨਿਟ ਵਲੋਂ ਖੇਡਾਂ ਵਿਚ ਹਿੱਸਾ ਲੈ ਰਿਹਾ ਸੀ। ਪੰਦਰਾਂ ਸੌ ਮੀਟਰ ਦੌੜ ਲਈ ਅਭਿਆਸ ਕਰ ਰਿਹਾ ਸੀ- ਮੈਂ ਵੀ ਮਖੌਲ ਵਜੋਂ ਉਸ ਦੇ ਨਾਲ ਦੌੜਨ ਲੱਗ ਪਿਆ। ਪੰਦਰਾਂ ਸੌ ਮੀਟਰ ਦੌੜ ਮੈਂ ਪੂਰੀ ਕਰ ਲਈ।

ਹੁਣ ਉਹ ਜ਼ਮਾਨਾ ਕਿੰਨਾ ਪਿਛੇ ਰਹਿ ਗਿਆ ਹੈ। ਕਾਸ਼ ਉਹ ਜਵਾਨ ਸਮਾਂ ਫੇਰ ਮੁੜ ਆਵੇ: ‘‘ਫਰੀਦਾ ! ਇਨੀ ਨਿਕੀ ਜੰਘੀਐ (ਲੱਤਾਂ); ਥਲ ਡੂੰਗਰ ਭਵਿਓਮਿ੍ (ਘੁੰਮੇ)ਅਜੁ ਫਰੀਦੈ ਕੂਜੜਾ; ਸੈ ਕੋਹਾਂ ਥੀਓਮਿ ॥’’ (ਬਾਬਾ ਫਰੀਦ/੧੩੭੮) ਇਹਨਾਂ ਲੱਤਾਂ ਨਾਲ ਮੈਂ ਕਈ ਜੰਗਲ ਘੁੰਮੇ, ਥਲ ਗਾਹੇ। ਪਰ ਹੁਣ ਉੱਠ ਕੇ ਰਸੋਈ ਵਿਚ ਜਾ ਕੇ ਪਾਣੀ ਦਾ ਗਲਾਸ ਪੀਣਾ ਵੀ ਔਖਾ ਹੋ ਗਿਆ ਹੈ।

ਮਨੁੱਖ ਸਿਰਫ਼ ਖਾਣ ਲਈ ਨਹੀਂ ਜੀਉਂਦਾ। ਕੋਈ ਜਨਹਿੱਤ ਮਕਸਦ ਪੂਰਾ ਕਰਨ ਲਈ ਉਹ ਕੰਮ ਕਰਦਾ ਹੈ ਤੇ ਮਕਸਦ ਲਈ ਜੀਊਂਦੇ ਰਹਿਣ ਲਈ ਖਾਂਦਾ ਹੈ। ਲੱਗਦਾ ਹੈ ਹਰ ਕੋਈ ਪੈਸੇ ਦੀ ਦੌੜ ਵਿਚ ਸ਼ਾਮਲ ਹੈ। ਮੈਂ ਚਾਹੁੰਦਾ ਹਾਂ ਕੋਈ ਅਜਨਬੀ ਮੁਸਕਰਾ ਕੇ ਮੇਰੇ ਲਾਗੋਂ ਦੀ ਗੁਜ਼ਰੇ। ਮੇਰੇ ਮੋਬਾਈਲ ਉੱਤੇ ਇਸ਼ਤਿਹਾਰ ਤੇ ਫਜ਼ੂਲ ਮੈਸੇਜ ਆਉਂਦੇ ਹਨ। ਕੋਈ ਇਸ ਤਰ੍ਹਾਂ ਦਾ ਮੈਸੇਜ ਨਹੀਂ ਆਉਂਦਾ- ਕੈਸੇ ਹੋ ਨੌਸ਼ਹਿਰਵੀ। ਖ਼ੁਸ਼ ਰਹੋ। ਹੈਲੋ, ਕੀ ਕਰ ਰਹੇ ਹੋ। ਅਮਰੀਕਾ, ਕੈਨੇਡਾ ਸਮੇਤ ਸਾਰੇ ਯੂਰਪੀ ਦੇਸ਼ਾਂ ਵਿਚ ਲੋਕ, ਅਜਨਬੀ ਦੇ ਲਾਗੋਂ ਦੀ ਲੰਘਦਿਆਂ ਮੁਸਕਰਾ ਕੇ, ਹੈਲੋ ਕਹਿ ਕੇ, ਲੰਘਦੇ ਹਨ। ਕਾਰ ਖੜ੍ਹੀ ਕਰ ਲੈਂਦੇ ਹਨ- ਐਨੀ ਹੈਲਪ (ਕੋਈ ਸਹਾਇਤਾ) ਸਦੀਆਂ ਭਰ ਗੁਲਾਮ ਰਹਿ ਕੇ ਆਜ਼ਾਦ ਹੋਏ ਪੱਛੜੇ ਹੋਏ ਦੇਸ਼ਾਂ ਦੇ ਬਹੁਤੇ ਲੋਕ, ਰਾਹ ਜਾਂਦੀ ਔਰਤ ਨੂੰ ਕਾਰ ਵਿਚ ਲਿਫਟ ਦੇ ਕੇ, ਗਹਿਣੇ ਲਾਹ ਲੈਂਦੇ ਹਨ- ਜਬਰ ਜਨਾਹ ਕਰਦੇ ਹਨ। ਇਹ ਹਬਸ਼ੀ ਬਰਬਰਤਾ ਕਦੋਂ ਖ਼ਤਮ ਹੋਵੇਗੀ। ਰਾਤਾਂ ਨੂੰ ਅਕਸਰ ਮੈਨੂੰ ਨੀਂਦ ਨਹੀਂ ਆਉਦੀ। ਨੀਂਦ ਆਉਂਦੀ ਹੈ ਤਾਂ ਡਰਾਉਣੇ ਸੁਪਨੇ ਨੀਂਦ ਦੀ ਥਾਂ ਲੈ ਕੇ ਆਉਂਦੀ ਹੈ। ਹਾਲੀ ਮੈਂ ਨੀਂਦ ਦੀ ਗੋਲੀ ਦਾ ਮੁਥਾਜ ਨਹੀਂ ਹੋਇਆ। ਹਾਂ ਕਦੀ ਕਦੀ ਐਲਪ੍ਰੈਕਸ ਦੀ ਗੋਲੀ ਖਾ ਲੈਂਦਾ ਹਾਂ। ਮੈਂ ਕਿਸੇ ਨਸ਼ੇ ਦਾ ਗੁਲਾਮ ਨਹੀਂ। ਮੈਂਨੂੰ ਇਕੋ ਨਸ਼ਾ ਹੈ- ਕਲਮ ਦਾ ਨਸ਼ਾ।

ਮੇਰੀਆਂ ਲਿਖਤਾਂ ਦਿਲ ਵਿਚੋਂ ਨਿਕਲੀਆਂ ਹੁੰਦੀਆਂ ਹਨ- ਭਾਵਕ ਤੇ ਸੱਚੀਆਂ। ਪਾਠਕ ਨੂੰ ਆਪਣੇ ਨਾਲ ਵਹਾ ਕੇ ਲੈ ਜਾਂਦੀਆਂ ਹਨ। ਗੁੱਸਾ, ਕਠੋਰਤਾ, ਖਿੱਝ, ਕਾਹਲੀ, ਬੇਸਬਰੀ, ਨਫ਼ਰਤ ਦੂਰ ਭਜਾਉਂਦੀਆਂ ਹਨ ਮੇਰੀਆਂ ਲਿਖਤਾਂ। ਮਨੁੱਖ ਵਿੱਚ ਸਹਿਜ ਤੇ ਤਰਲ ਭਾਵਨਾਵਾਂ ਜਗਾਉਂਦੀਆਂ ਹਨ। ਪੜ੍ਹ ਕੇ ਚੰਗੇ ਪਾਠਕ ਫੋਨ ਕਰਦੇ ਹਨ। ਆਪਣਾ ਸਮਝਦੇ ਹਨ। ਪਰ ਮੇਰਾ ਆਪਣਾ ਨੇੜੇ ਹੈ ਕੌਣ ? ਅੱਧੀ ਰਾਤ ਮੈਨੂੰ ਲੋੜ ਪਵੇਗੀ ਤਾਂ ਮੈਂ ਕਿਸ ਨੂੰ ਬੁਲਾਵਾਂਗਾ ? ਨੇੜੇ ਰਹਿੰਦੇ ਵਨੀਤ ਸਿੰਘ ਤਾਂ ਆਪ ਭਟਕਦੀ ਹਵਾ ਮੁੱਠਾਂ ਵਿਚ ਭਰ ਕੇ, ਅੱਧੀ ਰਾਤ ਘਰ ਪਰਤਦਾ ਹੈ। ਟੀ.ਵੀ. ਮੈਂ ਬਹੁਤ ਘੱਟ ਵੇਖਦਾ ਹਾਂ। ਉਲਾਰ ਖ਼ਬਰਾਂ ਮੈਨੂੰ ਹੋਰ ਵੀ ਉਦਾਸ ਕਰ ਦਿੰਦੀਆਂ ਹਨ। ਜਦੋਂ ਵੀ ਕਦੀ ਰਾਤ ਨੂੰ ਮੈਂ ਕੋਈ ਫਿਲਮ ਲਗਾ ਲੈਂਦਾ ਹਾਂ। ਮਾਰ ਸਾੜ, ਚੋਰੀ, ਡਾਕੇ, ਰੇਪ ਦੇ ਸੀਨ ਵੇਖ ਕੇ ਰੋਣ ਲੱਗ ਪੈਂਦਾ ਹਾਂ। ਟੀ.ਵੀ. ਬੰਦ ਕਰ ਦਿੰਦਾ ਹਾਂ। ਮੇਰਾ ਅੱਧੀ ਰਾਤ ਨੂੰ ਉੱਚੀ ਉੱਚੀ ਰੋਣ ਨਿਕਲ ਜਾਂਦਾ ਹੈ। ਖਿੜਕੀਆਂ ਬੰਦ ਹੁੰਦੀਆਂ ਹਨ। ਲਾਈਟ ਆਫ ਹੁੰਦੀ ਹੈ। ਸੁੰਨਸਾਨ ਰਾਤ ਲੰਗੜਾ ਕੇ ਤੁਰ ਰਹੀ ਹੁੰਦੀ ਹੈ। ਮੈਂ ਜਾਗ ਰਿਹਾ ਹੁੰਦਾ ਹਾਂ। ਦਿਨੇ ਰੋਵਾਂਗਾ ਤਾਂ ਲੋਕ ਸੋਚਣਗੇ- ਬੁੱਢੇ ਪਰੋਫੈਸਰ ਨੂੰ ਪਤਾ ਨਹੀਂ ਕਾਹਦਾ ਹੇਰਵਾ ਹੈ। ਮੈਨੂੰ ਸਿਰਫ਼ ਉਦਾਸ ਗੀਤ ਹੀ ਪਸੰਦ ਹਨ- ਹਿੰਦੀ ਵਿਚ। ਪੰਜਾਬੀ ਵਿਚ ਤਾਂ ਸ਼ਾਇਦ ਕੋਈ ਉਦਾਸ ਫਿਲਮੀ ਗੀਤ ਹੈ ਹੀ ਨਹੀਂ। ਏਅਰ ਫੋਰਸ ਦੇ ਸਿਨੇਮਾ ਥੀਏਟਰਾਂ ਵਿਚ ਫਿਲਮ ਵੇਖਣਾ ਬੜਾ ਚੰਗਾ ਲੱਗਦਾ ਸੀ। ਸਿਰਫ਼ ਇਕ ਰੁਪਏ ਦੀ ਟਿਕਟ। ਪਹਿਲਾਂ ਟਿਕਟ ਲਵੋ, ਪਿਛਲੀ ਸੀਟ ਪਾਓ।

‘ਯੇ ਚਾਂਦਨੀ ਯੇ ਰਾਤ ਫਿਰ ਕਹਾਂ, ਸੁਨੀ ਜਾ ਦਿਲ ਕੀ ਦਾਸਤਾਂ।

ਆਧਾ ਹੈ ਚੰਦਰਮਾਂ ਆਧੀ ਹੈ ਰਾਤ, ਰਹਿ ਨਾ ਜਾਏ ਤੇਰੀ ਮੇਰੀ ਬਾਤ ਆਧੀ।’

ਲਾਠੀ ਦੇ ਸਹਾਰੇ ਹੌਲੀ ਹੌਲੀ ਮੈਂ ਬਾਹਰ ਵਿਹੜੇ ਵਿਚ ਆਉਂਦਾ ਹਾਂ, ਚਾਂਦਨੀ ਰਾਤ ਹੈ- ਅੱਧੀ ਅਧੂਰੀ ਮੇਰੀ ਬਾਤ ਹੈ, ਦਿਲ ਦੀ ਦਾਸਤਾਨ ਸੁਣਨ ਵਾਲਾ ਕੋਈ ਨਹੀਂ ਹੈ।

ਮੈਨੂੰ ਕਾਲਜ ਤੋਂ ਸੇਵਾ ਮੁਕਤ ਹੋਇਆਂ ਅਠਾਰਾਂ ਸਾਲ ਹੋ ਗਏ ਹਨ। ਪੈਨਸ਼ਨ ਮੇਰੀ ਹੈ ਕੋਈ ਨਹੀਂ, ਪੰਜ ਸਰਕਾਰਾਂ ਨੇ ਪੈਨਸ਼ਨ ਦੇਣ ਦਾ ਵਚਨ ਕੀਤਾ ਹੈ। ਪਰ ਕਿਸੇ ਵੀ ਸਰਕਾਰ ਨੇ ਆਪਣਾ ਵਚਨ ਪੂਰਾ ਨਹੀਂ ਕੀਤਾ।

ਸਧਾਰਾਨ ਲੋਕਾਂ ਦੇ ਕਰੋੜ ਰੁਪਇਆਂ ਡਕਾਰ ਗਿਆ, ਸਹਾਰਾ ਸਮੂਹ ਦਾ ਮੁਖੀ ਸੁਬਰਤ ਰਾਏ ਤੇ ਸਮੂਹ ਦੇ ਦੋ ਡਾਇਰੈਕਟਰਾਂ ਨੂੰ ਤਿਹਾੜ ਜੇਲ ਵਿਚ ਬੰਦ ਰਹਿਦਿਆਂ, 42, 298. 47 ਕਰੋੜ ਰੁਪਏ ਦੀਆਂ ਜਾਇਦਾਦਾਂ ਵੇਚ ਦਸ ਹਜ਼ਾਰ ਕਰੋੜ ਰੁਪਏ ਜ਼ਮਾਨਤ ਦੇ ਪੈਸੇ ਪੂਰੇ ਕਰਕੇ, ਜਮਾਂਕਾਰਾਂ ਦੇ ਕਰੋੜਾਂ ਰੁਪਏ ਮੋੜਨ ਦੇ ਹੁਕਮ ਦਿੱਤੇ। ਕਾਸ਼, ਲਖਨਊ ਸਥਿਤ ਇੰਨਕੈਨ ਕੰਪਨੀ ਦੇ ਮੁਖੀ ਔਜਲਾ ਅਤੇ ਉਸ ਦੇ ਡਾਇਰੈਟਰਾਂ ਨੂੰ ਜੇਲ ਵਿਚ ਬੰਦ ਰੱਖ ਕੇ, ਸੰਪਤੀਆਂ ਵੇਚ ਕੇ ਖਾਤਾਕਾਰਾਂ ਦੇ ਦੱਬੇ ਕਰੋੜਾਂ ਰੁਪਏ ਵਾਪਸ ਕਰਵਾਏ ਜਾਂਦੇ। ਮੇਰੇ ਵੀ ਕਰੀਬ ਪੰਜ ਲੱਖ ਰੁਪਏ ਜਿਹੜੇ ਹੁਣ 25 ਲੱਖ ਰੁਪਏ ਹੋਣੇ ਸਨ, ਮੈਨੂੰ ਮਿਲ ਜਾਂਦੇ। ਪਰ ਐਸਾ ਨਹੀਂ ਹੋਇਆ। ਪਰ ਫੇਰ ਵੀ ਮੇਰੇ ਪਾਸ ਗੁਜ਼ਾਰੇ ਜੋਗੇ ਪੈਸੇ ਹਨ।

ਮੈਨੂੰ ਕੁਦਰਤ ਦੇ ਮਹਿਕਦੇ ਰੰਗਾਂ ਨਾਲ ਪਿਆਰ ਹੈ- ਪੈਸੇ ਨਾਲ ਕੋਈ ਪਿਆਰ ਨਹੀਂ। ਸੀਮਤ ਜਹੀਆਂ ਮੇਰੀਆਂ ਲੋੜਾਂ ਹਨ। ਮੈਨੂੰ ਲੋੜ ਹੈ ਮੇਰੀ ਬਾਤ ਦੇ ਹੁੰਗਾਰੇ ਦੀ। ਕੰਧਾਂ ਨਾ ਬੋਲਦੀਆਂ ਹਨ, ਨਾ ਸੁਣਦੀਆਂ ਹਨ। ਭਲਾ ਕਾਹਦੀ ਰਾਖੀ ਕਰਦਾਂ ਹਾਂ ਮੈ ਏਥੇ। ਪੇਟੀਆਂ ਵਿਚ ਪੁਰਾਣੇ ਸਮਿਆਂ ਦੀਆਂ ਰਜ਼ਾਈਆਂ ਤੇ ਰੰਗਜ਼ ਦੀਆਂ ਕੋਟੀਆਂ, ਜੈਕਟਾਂ ਹਨ। ਖਾਲੀ ਕਮਰੇ, ਇਕ ਕਮਰੇ ਵਿਚ ਇੰਦਰਜੀਤ ਕੌਰ ਨੇ ਆਪਣੇ ਕੱਪੜਿਆਂ ਲਈ ਵੱਡੀ ਸਾਰੀ ਅਲਮਾਰੀ ਬਣਵਾਈ ਸੀ। ਉਸ ਅਲਮਾਰੀ ਵਿਚ ਪੰਦਰਾਂ ਵੀ ਹੈਂਗਰ ਲਟਕ ਰਹੇ ਹਨ- ਬਿਨਾਂ ਕੱਪੜਿਆਂ ਤੋਂ। ਨਾ ਮੇਰੀ ਕਿਸੇ ਉਂਗਲ ਉੱਤੇ ਸੋਨੇ ਦੀ ਅੰਗੂਠੀ ਹੈ- ਨਾ ਕਲਾਈ ਉੱਤੇ ਸੋਨੇ ਦਾ ਕੜਾ, ਨਾ ਹੱਥ ਘੜੀ। ਮੇਰੇ ਬੱਤੀ ਦੰਦ ਪੱਕੇ ਹਨ- ਛੋਲਿਆਂ ਦੇ ਦਾਣੇ ਕੜਕ ਕੜਕ ਕਰਕੇ ਚੱਬ ਸਕਦੇ ਹਨ- ਪਰ ਸੋਨੇ ਦੀ ਮੇਖ ਵਾਲਾ ਕੋਈ ਦੰਦ ਨਹੀਂ। ਮੇਰੇ ਸਰਹਾਣੇ ਹੇਠ ਕੋਈ ਕਿਤਾਬ ਤਾਂ ਹੋ ਸਕਦੀ ਹੈ- ਪਰ ਗਹਿਣਿਆਂ ਦੀ ਪੋਟਲੀ ਨਹੀਂ। ਤਾਲੇ ਖੁੱਲ੍ਹੇ ਛੱਡ ਕੇ ਹੀ ਮੈਂ ਹੁਣ ਤੁਰਦਾ ਹਾਂ, ਕਿਸੇ ਦੂਰ ਦੇ ਸਫ਼ਰ ਲਈ। ਮੁੜ ਸਾਗਰ ਦੇ ਸੰਗ ਲਈ ਚਲਦਾ ਹਾਂ। ਮੁੜ ਉਡਾਨ ਭਰਦਾ ਹਾਂ। ਇਕੱਲਾਪਣ ਹੈ ਤਾਂ ਕੀ। ਬੁਢਾਪਾ ਹੈ ਫੇਰ ਕੀ ਹੋਇਆ ‘‘ਫਰੀਦਾ ! ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥ (ਮ: ੫/੯੬੬), ਗੁਰਮੁਖਿ ਬੁਢੇ ਕਦੇ ਨਾਹੀ; ਜਿਨ੍ਾ ਅੰਤਰਿ ਸੁਰਤਿ ਗਿਆਨੁ ॥’’ (ਮ: ੩/੧੪੧੮)