ਅਦੁੱਤੀ ਅਤੇ ਅਜ਼ੀਮ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ
ਡਾ: ਜਸਪਾਲ ਸਿੰਘ -ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ (ਪਟਿਆਲਾ)
ਹਕੀਮ ਅੱਲਾ ਯਾਰ ਖਾਂ ਜੋਗੀ ਨੇ ਆਪਣੀ ਰਚਨਾ ‘ਗੰਜਿ-ਸ਼ਹੀਦਾਂ’ ਵਿੱਚ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਦੀ ਸ਼ਖ਼ਸੀਅਤ ਦਾ ਬਿਆਨ ਬੜੇ ਖੂਬਸੂਰਤ ਸ਼ਬਦਾਂ ਵਿੱਚ ਕੀਤਾ ਹੈ। ਉਨਾਂ ਦਾ ਕਹਿਣਾ ਹੈ: ‘ਇਨਸਾਫ਼ ਕਰੇ ਜੀ ਮੇਂ ਜ਼ਮਾਨਾ ਤੋਂ ਯਕੀਂ ਹੈ। ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਯਹ ਪਿਆਰ ਮੁਰੀਦੋਂ ਸੇ ਯੇਹ ਸ਼ਫ਼ਕਤ ਭੀ ਕਹੀਂ ਹੈ ? ਭਗਤੀ ਮੇਂ ਗੁਰੂ ਅਰਸ਼, ਸੰਸਾਰ ਜ਼ਿਮੀਂ ਹੈ। ਉਲਫ਼ਤ ਕੇ ਯੇ ਜਜ਼ਬੇ ਨਹੀਂ ਦੇਖੇ ਕਹੀਂ ਹਮ ਨੇ। ਹੈ ਦੇਖਨਾ ਇਕ ਬਾਤ ਸੁਨੇ ਭੀ ਨਹੀਂ ਹਮ ਨੇ।’
ਇਕ ਹੋਰ ਥਾਂ ਪੀਰਾਂ-ਪੈਗੰਬਰਾਂ ਵਿੱਚ ਗੁਰੂ ਸਾਹਿਬ ਦੇ ਸਿਰਮੌਰ ਰੁਤਬੇ ਬਾਰੇ ਉਨਾਂ ਦਾ ਕਥਨ ਹੈ ਕਿ ਯਾਕੂਬ ਨੂੰ ਆਪਣੇ ਪੁੱਤਰ ਯੂਸਫ਼ ਦੀ ਜੁਦਾਈ ਵਿਚ ਉਮਰ ਭਰ ਰੋਣਾ ਪਿਆ ਸੀ ਪਰ ਸਾਰੇ ਰਸੂਲਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਵਰਗਾ ਸਬਰ-ਸਬੂਰੀ ਵਾਲਾ ਕੋਈ ਹੋਰ ਨਹੀਂ ਹੋਇਆ, ਜਿਸ ਨੇ ਚਾਰ ਬੇਟੇ ਕਟਵਾ ਕੇ ਇਕ ਹੰਝੂ ਵੀ ਨਹੀਂ ਕੇਰਿਆ। ਕੋਈ ਸ਼ੱਕ ਨਹੀਂ, ਗੁਰੂ ਜੀ ਨੇ ਰਿਸ਼ੀਆਂ ਦੇ ਮਰਤਬੇ ਨੂੰ ਹੋਰ ਉੱਚਾ ਕਰ ਦਿੱਤਾ ਸੀ: ‘ਯਾਕੂਬ ਕੋ ਯੂਸਫ਼ ਕੇ ਬਿਛੜਨੇ ਨੇ ਰੁਲਾਯਾ। ਸਾਬਰ ਕੋਈ ਕਮ ਐਸਾ ਰਸੂਲੋਂ ਮੇਂ ਹੈ ਆਯਾ। ਕਟਵਾ ਕੇ ਪਿਸਰ ਚਾਰ ਇਕ ਆਂਸੂ ਨਾ ਗਿਰਾਯਾ। ਰੁਤਬਾ ਗੁਰੂ ਗੋਬਿੰਦ ਨੇ ਰਿਸ਼ੀਓਂ ਕਾ ਬੜਾਯਾ।’
ਅਦੁੱਤੀ ਸ਼ਖ਼ਸੀਅਤ ਦੇ ਮਾਲਕ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਕਿਸੇ ਵੀ ਪਹਿਲੂ ਦੀ ਗੱਲ ਕਰੀਏ ਤਾਂ ਕਲਮ ਜੁਆਬ ਦੇ ਜਾਂਦੀ ਹੈ। ਇਨਸਾਨੀ ਸਮਰੱਥਾ ਤੋਂ ਪਰੇ ਹੈ ਉਨਾਂ ਦੀ ਸ਼ਖ਼ਸੀਅਤ ਨੂੰ ਬਿਆਨ ਕਰਨਾ। ਇਕ ਧਰਮ-ਗੁਰੂ, ਇਕ ਵਿਚਾਰਕ, ਇਕ ਕ੍ਰਾਂਤੀਕਾਰੀ, ਇਕ ਯੋਧਾ-ਜਰਨੈਲ, ਇਕ ਸਰਬੰਸਦਾਨੀ, ਇਕ ਸ਼ਾਇਰ, ਇਕ ਸਾਹਿਤਕਾਰ ਅਤੇ ਸਾਹਿਤਕਾਰਾਂ ਦੀ ਸਰਪ੍ਰਸਤੀ ਕਰਨ ਵਾਲੇ ਯੁਗ ਪੁਰਸ਼ ਦੀ ਤਰਾਂ ਉਨਾਂ ਦੀ ਭੂਮਿਕਾ ਅਦੁੱਤੀ ਰਹੀ ਹੈ।
ਗੁਰੂ ਸਾਹਿਬ ਨੇ ਇਹ ਫ਼ੁਰਮਾਨ ਵੀ ਦਿੱਤਾ ਕਿ ਜਿੱਥੇ ਕਿਤੇ ਲੋੜ ਪਵੇ, ਧਰਮ ਦੇ ਪ੍ਰਸਾਰ ਵਿੱਚ ਰੁਕਾਵਟ ਬਣਨ ਵਾਲੇ ਦੋਖੀਆਂ ਤੇ ਦੁਸ਼ਟਾਂ ਨੂੰ ਸਬਕ ਸਿਖਾਓ। ‘ਸ੍ਰੀ ਗੁਰੂ ਸੋਭਾ’ ਦੇ ਰਚਨਾਕਾਰ ਕਵੀ ਸੈਨਾਪਤੀ ਦਾ ਗੁਰੂ ਸਾਹਿਬ ਦੇ ਜੀਵਨ ਉਦੇਸ਼ ਬਾਰੇ ਕਥਨ ਹੈ-‘ਦੁਸ਼ਟ ਬਿਡਾਰਣ ਸੰਤ ਉਬਾਰਨ, ਸਭ ਜਗ ਤਾਰਣ ਭਵ ਹਰਣੰ।’ ਅਰਥਾਤ ਧਰਮ ਦੇ ਪ੍ਰਚਾਰ ਲਈ, ਸੰਤਾਂ ਦੀ ਰੱਖਿਆ ਕਰਨੀ ਅਤੇ ਧਰਮੀ ਨਿਜਾਮ ਦੀ ਕਾਇਮੀ ਦੀ ਰਾਹ ਵਿਚ ਰੁਕਾਵਟ ਪਾਉਣ ਵਾਲੇ ਦੁਸ਼ਟਾਂ ਦਾ ਨਾਸ਼ ਕਰਨਾ ਗੁਰੂ ਸਾਹਿਬ ਦੇ ਜੀਵਨ ਦਾ ਮੁੱਖ ਉਦੇਸ਼ ਸੀ।
ਪਰ ਇਹ ਵੀ ਜੱਗ ਜ਼ਾਹਿਰ ਹੈ ਕਿ ਇਸ ਮਹਾਨ-ਪਵਿੱਤਰ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੂੰ ਸਾਰਾ ਜੀਵਨ ਸੰਘਰਸ਼ ਕਰਨਾ ਪਿਆ। ਅਤਿ ਦੀ ਅਡੋਲਤਾ, ਦ੍ਰਿੜਤਾ ਅਤੇ ਪਰਿਪੱਕਤਾ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਜ਼ਰੂਰੀ ਸੀ। ਅਕਾਲ-ਪੁਰਖ ਨਾਲ ਕੀਤੇ ਅਹਿਦ ਉੱਪਰ ਕਿਸ ਤਰਾਂ ਪਰਵਾਨ ਚੜੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਊਂਦੀ ਜਾਗਦੀ ਮਿਸਾਲ ਪਟਨੇ ਵਿਚ ਪ੍ਰਕਾਸ਼ ਤੋਂ ਲੈ ਕੇ ਅਨੰਦਪੁਰ ਤੱਕ ਅਤੇ ਅਨੰਦਪੁਰ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨਾਂ ਦੀ ਜੀਵਨ ਯਾਤਰਾ ਹੈ।
ਇਤਿਹਾਸ ਗਵਾਹ ਹੈ ਕਿ ਅਨੰਦਪੁਰ ਦਾ ਉਜਾੜਾ, ਪਰਿਵਾਰ ਦਾ ਵਿਛੋੜਾ, ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਘਟਨਾਵਾਂ ਗੁਰੂ ਸਾਹਿਬ ਦੇ ਦ੍ਰਿੜ ਸੰਕਲਪ ਨੂੰ ਡੁਲਾ ਨਹੀਂ ਸਕੀਆਂ। ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇਣ ਤੋਂ ਬਾਅਦ ਜ਼ਫ਼ਰਨਾਮੇ ਵਿਚ ਗੁਰੂ ਸਾਹਿਬ ਨੇ ਫ਼ਰਮਾਇਆ ਸੀ ਕਿ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਆਖਰ ਵਿਚ ਸ਼ਹਿਨਸ਼ਾਹੀਅਤ ਭੁਜੰਗੀ ਖਾਲਸੇ ਪਾਸੋਂ ਮਾਰ ਖਾਵੇਗੀ। ਔਰੰਗਜ਼ੇਬ ਨੂੰ ਕਹੇ ਤਾੜਨਾ ਭਰੇ ਇਹ ਬਚਨ ਗੁਰੂ ਸਾਹਿਬ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੇ ਹਨ-: ‘‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ ॥ ਕਿ ਬਾਕੀ ਬਿਮਾਂਦਅਸਤੁ ਪੇਚੀਦਹ ਮਾਰ ॥੭੮॥’’ ਭਾਵ ਕੀ ਹੋਇਆ ਕਿ (ਤੂੰ) ਮੇਰੇ ਚਾਰ ਬੱਚੇ ਮਾਰ ਦਿੱਤੇ ਪਰ ਅਜੇ ਕੁੰਡਲੀਆ ਨਾਗ ਪਿੱਛੇ ਰਹਿੰਦਾ ਹੈ। ‘‘ਚਿ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ ॥ ਕਿ ਆਤਿਸ਼ ਦਮਾਂ ਰਾ ਫ਼ਰੋਜ਼ਾਂ ਕੁਨੀ ॥੭੯॥’’ ਭਾਵ ‘ਚੰਗਿਆੜੀਆਂ ਨੂੰ ਬੁਝਾਉਣ ਵਿਚ ਤੇਰੀ ਕੀ ਬਹਾਦਰੀ ਹੈ ਜਦਕਿ ਤੂੰ ਇਕ ਪਰਚੰਡ ਜਵਾਲਾ ਨੂੰ ਹੋਰ ਭੜਕਾ ਰਿਹਾ ਹੈਂ। (ਜ਼ਫ਼ਰਨਾਮਾ)
ਸੁਆਮੀ ਵਿਵੇਕਾਨੰਦ ਨੇ ਭਾਰਤ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵਿਲੱਖਣ ਮੁਕਾਮ ਬਾਰੇ ਟਿੱਪਣੀ ਕਰਦਿਆਂ ਅਤੇ ਆਪਣੀ ਅਕੀਦਤ ਪੇਸ਼ ਕਰਦਿਆਂ ਕਿਹਾ ਸੀ, ‘ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਇਹੋ ਜਿਹੀ ਦੀਖਿਆ (ਅੰਮ੍ਰਿਤ ਦੀ ਦਾਤ) ਦਿੱਤੀ ਸੀ, ਜਿਸ ਨਾਲ ਉਨਾਂ ਵਿਚ ਅਥਾਹ ਸ਼ਕਤੀ ਦਾ ਸੰਚਾਰ ਹੋ ਗਿਆ ਸੀ। ਹਰ ਇਕ ਦੀਖਿਅਤ ਮਨੁੱਖ ਵਿਚ ਸਵਾ ਲੱਖ ਲੋਕਾਂ ਦੀ ਸ਼ਕਤੀ ਸਮਾਹਿਤ ਹੋ ਗਈ ਸੀ। ਭਾਰਤ ਵਿਚ, ਉਸ ਦੇ ਇਤਿਹਾਸ ਵਿਚ ਇਸ ਵਰਗੀ ਕੋਈ ਹੋਰ ਮਿਸਾਲ ਵਿਰਲੀ ਹੀ ਮਿਲੇਗੀ, ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿਖਾਇਆ ਸੀ।’
ਹਿੰਦੀ ਜਗਤ ਦੇ ਮੰਨੇ-ਪ੍ਰਮੰਨੇ ਸਾਹਿਤਕਾਰ ਹਜਾਰੀ ਪ੍ਰਸਾਦ ਦਿਵੇਦੀ ਮੁਤਾਬਕ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਵਿਖਾਇਆ, ਉਹ ਇਕ ਬਹੁਤ ਵੱਡਾ ਇਤਿਹਾਸਕ ਚਮਤਕਾਰ ਸੀ। ਉਨਾਂ ਦੁਆਰਾ ਲਿਖੀ ਇਬਾਰਤ ਇਸ ਤਰਾਂ ਹੈ: ‘ਧੰਨ ਹੈ ਉਹ ਦੇਸ਼, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪੈਦਾ ਹੋਏ ਸਨ। ਉਹ ਮਹਾਨ ਸੰਤ ਅਤੇ ਮਹਾਨ ਯੋਧਾ ਸਨ। ਉਨਾਂ ਨੇ ਇਸ ਦੇਸ਼ ਦੀ ਜਨਤਾ ਦੀ ਅਪਾਰ ਸ਼ਕਤੀ ਦਾ ਉਦਘਾਟਨ ਕੀਤਾ ਸੀ। ਉਨਾਂ ਨੂੰ ਯਾਦ ਕਰਕੇ ਅਸੀਂ ਅੱਜ ਵੀ ਨਵੀਂ ਪ੍ਰੇਰਨਾ ਅਤੇ ਸ਼ਕਤੀ ਹਾਸਲ ਕਰ ਸਕਦੇ ਹਾਂ, ਹਾਸਲ ਕਰ ਵੀ ਰਹੇ ਹਾਂ। ਗੁਰੂ ਜੀ ਮਹਾਨ ਸੰਤ ਸਨ। ਪ੍ਰਸਥਿਤੀਆਂ ਨੇ ਉਨਾਂ ਨੂੰ ਸ਼ਸਤਰ ਧਾਰਨ ਕਰਨ ਦੀ ਚੁਣੌਤੀ ਦਿੱਤੀ ਸੀ। ਉਨਾਂ ਨੇ ਉਸ ਨੂੰ ਸਵੀਕਾਰ ਕੀਤਾ ਸੀ। ਇਤਿਹਾਸ ਦੇ ਪੰਡਿਤਾਂ ਨੇ ਬੜੇ ਅਸਚਰਜ ਨਾਲ ਦੇਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅਦਭੁੱਤ ਚਮਤਕਾਰ ਕਰ ਦਿਖਾਇਆ। ਜਨਤਾ ਨਿਰਾਸ਼ ਸੀ, ਉਸ ਵਿਚ ਕਿਸੇ ਕਿਸਮ ਦਾ ਆਤਮ-ਸਨਮਾਨ ਨਹੀਂ ਸੀ ਰਹਿ ਗਿਆ। ਅੱਤਿਆਚਾਰ ਅਤੇ ਅਨਾਚਾਰ ਨੂੰ ਕਿਸਮਤ ਦਾ ਦੋਸ਼ ਕਹਿ ਕੇ ਸਵੀਕਾਰ ਕਰ ਲਿਆ ਸੀ। ਐਸੇ ਹੀ ਲੋਕਾਂ ਵਿਚ ਉਨਾਂ ਨੇ ਮਹਾਨ ਸੂਰਬੀਰ ਪੈਦਾ ਕਰ ਦਿੱਤੇ। ਮੌਤ ਦੇ ਡਰ ਨੂੰ ਮੰਨੋ, ਮੰਤਰ ਦੀ ਸ਼ਕਤੀ ਨਾਲ ਉੜਾ ਦਿੱਤਾ। ਸਿਰ ਹਥੇਲੀ ਉੱਤੇ ਰੱਖ ਕੇ ਇਨਾਂ ਯੋਧਿਆਂ ਨੇ ਅਨਿਆਂ ਨੂੰ ਲਲਕਾਰਿਆ ਅਤੇ ਦੇਖਦਿਆਂ-ਦੇਖਦਿਆਂ ਇਤਿਹਾਸ ਪਲਟ ਦਿੱਤਾ। ਇਤਿਹਾਸ ਵਿਚ ਇਹੋ ਜਿਹੀ ਕੋਈ ਹੋਰ ਘਟਨਾ ਘੱਟ ਹੀ ਵੇਖੀ ਗਈ ਹੈ। ਕਾਲ ਦੇ ਰਥ-ਚੱਕਰ ਨੂੰ ਜਿਸ ਤਰਾਂ ਮੋੜ ਦੇਣਾ, ਗੁਰੂ ਜੀ ਦੀ ਹੀ ਕਰਾਮਾਤ ਸੀ।’
ਭਾਈ ਵੀਰ ਸਿੰਘ ਦੀ ਇਕ ਲਿਖਤ ਦਾ ਜ਼ਿਕਰ ਵੀ ਮੈਂ ਇੱਥੇ ਕਰਨਾ ਚਾਹੁੰਦਾ ਹਾਂ। ਭਾਈ ਸਾਹਿਬ ਨੇ ਬੜੇ ਨਿਵੇਕਲੇ ਅੰਦਾਜ਼ ਵਿਚ ਭਾਰਤੀ ਇਤਿਹਾਸ ਦੀ ਸਚਾਈ ਬਿਆਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਨੂੰ ਕਲਮਬੰਦ ਕੀਤਾ ਹੈ। ਉਨਾਂ ਦੀ ਲਿਖਤ ਇਸ ਤਰਾਂ ਹੈ: ‘ਅਸੀਂ ਉਨਾਂ ਵਿਚੋਂ ਹੀ ਨਿਕਲੇ ਹਾਂ, ਜਿਨਾਂ ਦੀਆਂ ਸਦੀਆਂ ਦੀਆਂ ਬੇਵੱਸ ਮੌਤਾਂ ਦੇ ਕਾਰਨ ਇਕ ਪਹਾੜ ਦਾ ਨਾਮ ਹੀ ‘ਹਿੰਦੂ ਕੁਸ਼’ ਰੱਖ ਦਿੱਤਾ ਗਿਆ ਹੈ। ਜਿੱਥੋਂ ਲੰਘਦੇ ਹਿੰਦੂ ਕੈਦੀ ਸਰਦੀ ਨਾ ਝੱਲ ਸਕਣ ਕਰਕੇ ਮਰ ਜਾਂਦੇ ਹਨ ਤੇ ਜਰਵਾਣਿਆਂ ਨੇ ਉਸ ਪਹਾੜ ਦਾ ਨਾਮ ਹਿੰਦੂ ਕੁਸ਼ ਧਰ ਦਿੱਤਾ ਹੈ। ਵਾਹ ਉਇ ਸਾਹਿਬਾ ! ਸੁਹਣੇ ਕੁੰਡਿਆਲੇ ਕੇਸਾਂ ਵਾਲੇ ਕਲਗੀਧਰ ! ਧੰਨ ਤੇਰੀ ਜਿੰਦ ! ਤੇ ਜਿੰਦ ਪਾਣ ਦੀ ਰੱਬੀ ਤਾਕਤ ! ਇਨਾਂ ਮਰ ਮਿਟਿਆਂ ਹਿੰਦੀਆਂ ਵਿਚ ਤੂੰ ਕਿਹੜੀ ਅਮਰ, ਅਝੁਕ, ਸਦਾ ਬਲਦੀ ਜ਼ਿੰਦਗੀ ਫੂਕ ਦਿੱਤੀ ਹੈ ਕਿ ਜਿਸ ਦੇ ਬੱਚੇ ਵੀ, ਤੇਰੇ ਆਪਣੇ ਬੱਚਿਆਂ ਵਾਲੀ, ਬੀਰਤਾ ਦਿਖਾਉਂਦੇ ਹਨ। ਹਾਂ, ਸੁਹਣੇ ਕੇਸਾਂ ਵਾਲਿਆ ! ਤੂੰ ਹੀ ਆਪਣੇ ਜਾਏ, ਸਾਡੇ ਪਾਪਾਂ ਦੀ ਜਗਵੇਦੀ ਤੇ ਬਲੀ ਦੇ ਕੇ ਆਖਿਆ ਸੀ ਕਿ ਇਹ ਮੇਰੇ ਚਾਰ ਪੁੱਤਰ ਸ਼ਹੀਦ ਹੋਏ ਹਨ, ਪਰ ਮੇਰੇ ਲੱਖਾਂ ਪੁੱਤਰ ਹੋਰ ਹਨ-ਜੋ ਖਾਲਸਾ ਕਹੀਦੇ ਹਨ ਤੇ ਏਹ ਮੇਰੇ ਖਾਲਸਾ ਜੀ ਇਕ ‘ਪੁੱਤਰ-ਸੋਮਾ’ ਹੈ। ਮੇਰਾ ਇਹ ਪੁੱਤਰ-ਅਮਰ ਪੁੱਤਰ ਹੈ, ਸਦਾ ਜੀਏਗਾ। ‘ਖਾਲਸਾ’ ਅਮਰ ਹੈ। ਹਾਂ, ਤੂੰ ਸਾਨੂੰ ਪੁੱਤਰ ਬਣਾਇਆ ਸੀ, ਤੇ ਅਮਰ ਪੁੱਤਰ ਬਣਾਇਆ ਸੀ। ਫੇਰ ਤੇਰੇ ਇਹ ਅਮਰ ਬੱਚੇ ਕੀਕੂੰ ਨਾ, ਤੇਰੇ ਆਪਣੇ ਜਾਏ ਬੱਚਿਆਂ ਵਾਲੀ ਅਹਿੱਲ, ਅਝੁੱਕ, ਅਬੁਝ ਅੱਗ ਦਾ ਅਲਾਂਬਾ ਹੋਣ।’
ਆਖਰ ਵਿਚ ਮਹਾਂਕਵੀ ਸੰਤੋਖ ਸਿੰਘ ਦੀ ਇਕ ਰਚਨਾ ਦਾ ਹਵਾਲਾ ਦੇ ਕੇ ਲੇਖ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਭਾਰਤ ਦੇਸ਼ ਦੀ ਸਭ ਤੋਂ ਵੱਡੀ ਖੂਬਸੂਰਤੀ ਅਤੇ ਤਾਕਤ ਉਸ ਦੀ ਵਿਭਿੰਨਤਾ, ਉਸ ਦੀ ਵੰਨ-ਸੁਵੰਨਤਾ ਵਿਚ ਹੈ ਪਰ ਭਾਈ ਸਾਹਿਬ ਦਾ ਇਹ ਨਿਰਣਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਉਪਕਾਰ ਨਾ ਕਰਦੇ ਤਾਂ ਉਸ ਦੀ ਅਨੇਕਤਾ ਅਤੇ ਉਸ ਦੀ ਅਨੇਕਤਾ ਵਾਲੀ ਹੋਂਦ ਹੀ ਖਤਮ ਹੋ ਜਾਣੀ ਸੀ : ‘ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ, ਧਰਮ ਧਸੱਕ ਜਾਤੇ, ਵਰਨ ਗਰਕ ਜਾਤੇ, ਸਾਹਿਤ ਬਿਧਾਨ ਕੀ। ਦੇਵੀ ਦੇਵ ਦੇਹੁਰਾ ਸੰਤੋਖ ਸਿੰਘ ਦੂਰ ਹੋਤੇ, ਰੀਤਿ ਮਿਟ ਜਾਤੀ ਕਥਾ ਬੇਦਨ ਪੁਰਾਨ ਦੀ। ਸ੍ਰੀ ਗੁਰੂ ਗੋਬਿੰਦ ਪਾਵਨ ਪਰਮ ਸੂਰ, ਮੂਰਤਿ ਨਾ ਹੋਤੀ ਜਓਪੈ ਕਰੁਣਾ ਨਿਧਾਨ ਕੀ।’