ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

0
3114

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

ਗਿਆਨੀ ਅਵਤਾਰ ਸਿੰਘ

ਜ਼ਰੂਰੀ ਸੂਚਨਾ : ਇਸ ਹਥਲੇ ਲੇਖ ਦਾ ਵਿਸ਼ਾ ਬੜਾ ਮਹੱਤਵ ਪੂਰਨ ਤੇ ਸੰਵੇਦਨਸ਼ੀਲ ਹੈ, ਇਸ ਲਈ ਗੁਰਬਾਣੀ ਦੀਆਂ ਪੰਕਤੀਆਂ ’ਚ ਕਿਤੇ-ਕਿਤੇ ਗੁਰਬਾਣੀ ਲਿਖਤ (ਵਿਆਕਰਨ) ਮੁਤਾਬਕ ਸੰਖੇਪ ’ਚ ਅਰਥ ਦਿੱਤੇ ਗਏ ਹਨ ਤਾਂ ਜੋ ਮਨਮਤ ਦੀ ਬਜਾਇ ਗੁਰਮਤਿ ਦੇ ਨੇੜੇ ਰਹਿ ਕੇ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਸਕੇ।

ਗੁਰਮਤਿ ਨੂੰ ਹੂ-ਬਹੂ ਸਮਝਣ ਲਈ ਸ਼ਬਦਾਰਥ-ਭਾਵਾਰਥ ਗਹਿਰਾ ਧਿਆਨ ਮੰਗਦੇ ਹਨ, ਨਹੀਂ ਤਾਂ ਦੁਬਿਧਾ ਬਣੀ ਰਹਿੰਦੀ ਹੈ। ਜੇ ਵਕਤੇ ਦੇ ਆਪਣੇ ਵਿਚਾਰ ਸਥਿਰ ਨਾ ਹੋਣ ਤਾਂ ਸਰੋਤੇ ਵੀ ਵੈਸੇ ਹੀ ਹੋਣਗੇ। ਇਉਂ ਬੇਲੋੜੇ ਵਿਵਾਦ; ਕੌਮ ਨੂੰ ਧੜਿਆਂ ’ਚ ਵੰਡ ਦਿੰਦੇ ਹਨ।

ਦੂਸਰੇ ’ਤੇ ਬਹੁਤਾ ਨਿਰਭਰ ਰਹਿਣ ਦੀ ਬਜਾਇ ਗੁਰਬਾਣੀ ਆਪ ਪੜ੍ਹਨੀ-ਵਾਚਣੀ ਚਾਹੀਦੀ ਹੈ, ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਗੁਰੂ ਸ਼ਬਦ) ਕਰੇ ਵੀਚਾਰੁ (ਮਹਲਾ /੫੯੪)  ਗੁਰਬਾਣੀ ਰਾਹੀਂ ਆਪਣੇ ਆਪ ਨੂੰ ਵਾਚਣ ਨਾਲ ਮਨਮਤ ਜਲਦੀ ਪਿੱਛਾ ਛੱਡਦੀ ਹੈ, ‘‘ਨਾ ਹਉ; ਨਾ ਮੈ; ਨਾ ਹਉ ਹੋਵਾ; ਨਾਨਕਸਬਦੁ ਵੀਚਾਰਿ (ਕੇ)’’ (ਮਹਲਾ /੧੩੯)

ਸਿੱਖ ਦੇ ਜੀਵਨ ’ਚ ਗੁਰਮਤਿ; ਆਕਸੀਜਨ ਦੀ ਤਰ੍ਹਾਂ ਹੈ, ਜੋ ਹਰ ਖੇਤਰ ’ਚ ਸਹਾਰਾ ਦਿੰਦੀ ਹੈ। ਬੰਦਾ; ਸਵੈ ਪੜਚੋਲ ਤੋਂ ਲੈ ਕੇ ਪਰਵਾਰਿਕ ਫ਼ਰਜ਼ ਤੇ ਕੌਮੀ ਕਾਰਜਾਂ ਤੱਕ ਸੋਚਣ ਲੱਗ ਪੈਂਦਾ ਹੈ। ਇਹ ਨਿਵੇਕਲੀ ਊਰਜਾ ਗੁਰਮਤਿ ਦੇ ਤੱਤ-ਸਾਰ ‘ਅਸਲ ਮਾਲਕ ਦੀ ਬੰਦਗੀ ਕਰਨ’ ’ਚੋਂ ਮਿਲਦੀ ਹੈ। ਮਾਲਕ ਨਾਲ ਮਿਲਾਪ ਹੀ ਜ਼ਿੰਦਗੀ ਦੀ ਮੰਜ਼ਲ ਹੈ ਤਾਂ ਤੇ ਹਰ ਮਨੁੱਖ ਨੂੰ ਆਪਣੀ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ ਬਿਲਕੁਲ ਦੁਬਿਧਾ ਨਹੀਂ ਰਹਿਣੀ ਚਾਹੀਦੀ।

ਦੁਨੀਆ ਦਾ ਹਰ ਧਰਮ; ਰੱਬ (ਮਾਲਕ) ਤੋਂ ਮੁਨਕਰ ਨਹੀਂ ਹੈ ਭਾਵੇਂ ਕਿ ਉਸ ਬਾਰੇ ਨਜ਼ਰੀਏ ਅਲੱਗ-ਅਲੱਗ ਹਨ :

(1). ਯਹੂਦੀ, ਪਾਰਸੀ, ਈਸਾਈ ਤੇ ਇਸਲਾਮ ਮੱਤ ਦਾ ਮੰਨਣਾ ਹੈ ਕਿ ਅੱਲ੍ਹਾ; ਕਣ-ਕਣ ’ਚ ਵਿਆਪਕ ਨਹੀਂ, ਨਾ ਹੀ ਉਹ, ਇਸ ਧਰਤੀ ਦੇ ਕਿਸੇ ਖ਼ਾਸ ਜਗ੍ਹਾ ਨਿਵਾਸ ਰੱਖਦਾ ਹੈ। ਉਸ ਦਾ ਟਿਕਾਣਾ; ਸੱਤ ਆਕਾਸ਼ ਉੱਪਰ ਹੈ, ਜੋ ਆਪਣੇ ਦੂਤਾਂ (ਪੈਗ਼ੰਬਰਾਂ) ਰਾਹੀਂ ਮਨੁੱਖਤਾ ਲਈ ਸੰਦੇਸ਼ ਭੇਜਦਾ ਹੈ।

(2). ਜੈਨੀ, ਬੋਧੀ ਤੇ ਜੋਗ ਮੱਤ ਦਾ ਮੰਨਣਾ ਹੈ ਕਿ ਮਨ ਦੀ ਸ਼ੁੱਧਤਾ ਹੀ ਧਰਮ ਹੈ, ਰੱਬ ਹੈ। ਇਸ ਤੋਂ ਇਲਾਵਾ ਕੋਈ ਸ਼ਕਤੀ ਰੱਬ ਨਹੀਂ।

(3).  ਸਨਾਤਨੀ ਮੱਤ ਦਾ ਮੰਨਣਾ ਹੈ ਕਿ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਹੀ ਰੱਬ ਹਨ, ਜੋ ਇੱਕ ਵਿਸ਼ੇਸ਼ ਸਥਾਨ ਆਕਾਸ਼ (ਸੁਰਗ) ’ਚ ਬੈਠੇ ਸ੍ਰਿਸ਼ਟੀ ਨੂੰ ਪੈਦਾ ਕਰ ਰਹੇ (ਬ੍ਰਹਮਾ), ਰਿਜ਼ਕ ਦੇ ਰਹੇ (ਵਿਸ਼ਨੂੰ) ਅਤੇ ਵਿਨਾਸ਼ ਕਰ ਰਹੇ (ਸ਼ਿਵ) ਹਨ। ਵਿਸ਼ਨੂੰ ਹੀ ਮਨੁੱਖਤਾ ਦੇ ਭਲੇ ਲਈ ਵਾਰ-ਵਾਰ ਧਰਤੀ ’ਤੇ ਜਨਮ ਲੈਂਦਾ ਹੈ। ਉਸ ਦੇ ਨਵੇਂ ਵਿਚਾਰ ਹੀ ਯੁੱਗ ਬਦਲਣ ਦਾ ਕਾਰਨ ਬਣਦੇ ਹਨ।

(4). ਸੂਫ਼ੀਮੱਤ, ਭਗਤੀ ਲਹਿਰ ਅਤੇ ਗੁਰਮਤਿ; ਰੱਬ ਨੂੰ ਸਰਬ ਵਿਆਪਕ, ਅਦ੍ਰਿਸ਼, ਨਿਰਾਕਾਰ ਤੇ ਸਦੀਵੀ ਸਥਿਰ ਮੰਨਦੇ ਹਨ।  ਰੱਬ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਸਤਿਗੁਰੂ ਕਿਹਾ ਗਿਆ ਹੈ, ਜੋ ਸਿੱਖਾਂ ਦੇ ਪੂਜਨੀਕ ਵਜੋਂ ‘ਗੁਰੂ ਗ੍ਰੰਥ ਸਾਹਿਬ’ ਜੀ; ਸ਼ਬਦ ਸਰੂਪ ’ਚ ਸੁਭਾਇਮਾਨ ਹਨ, ਇਸ ਲਈ ਸਿੱਖਾਂ ਨੂੰ ਕਿਸੇ ਹੋਰ ਦੀ ਪਨਾਹ (ਓਟ) ਲੈਣ ਦੀ ਬਿਲਕੁਲ ਲੋੜ ਨਹੀਂ।

ਗੁਰੂ ਸਾਹਿਬਾਨ ਨੇ ਆਪਣੇ ਟੀਚੇ ਨੂੰ ਸ਼ਬਦ ਸੰਗ੍ਰਹਿ (ਗੁਰੂ ਗ੍ਰੰਥ ਸਾਹਿਬ) ਵਿਖੇ ਕਈ ਮਿਸਾਲਾਂ, ਕਈ ਅਲੰਕਾਰਾਂ ਨਾਲ ਸਰਲ ਤੇ ਸਪਸ਼ਟ ਕਰਨ ਦਾ ਯਤਨ ਕੀਤਾ ਹੈ, ਪਰ ਫਿਰ ਵੀ ਸਿੱਖਾਂ ਅੰਦਰ ਸਿਧਾਂਤਿਕ ਮਤਭੇਦ ਹੋਣਾ, ਦਰਸਾਉਂਦਾ ਹੈ ਕਿ ਗੁਰਮਤਿ ਨੂੰ ਇੰਨ-ਬਿੰਨ ਸਮਝਣ ’ਚ ਸਿੱਖ; ਸਫਲ ਨਹੀਂ ਹੋਏ; ਖ਼ਾਸਕਰ ਆਪਣੀ ਅਸਲ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ। ਇਸ ਦੀ ਪੁਸ਼ਟੀ ਸਿੱਖਾਂ ਅੰਦਰ ਪੈਦਾ ਹੋਏ ਹੇਠਲੇ ਆਪਾ-ਵਿਰੋਧੀ ਖ਼ਿਆਲ ਕਰਦੇ ਹਨ :

(). ਰੱਬ ਦੀ ਹੋਂਦ ਬਾਰੇ ਦੁਬਿਧਾ :  ਕੁਦਰਤ ਜਾਂ ਕੁਦਰਤ ਦਾ ਨਿਯਮ ਜਾਂ ਕੁਦਰਤ ਰਚੇਤਾ (ਜੋਤਿ ਸਰੂਪ, ਅਦ੍ਰਿਸ਼, ਨਿਰਾਕਾਰ ਸਦੀਵੀ ਸਥਿਰ) ਆਦਿ।

(). ਰੱਬ ਦੇ ਗੁਣਾਂ ਬਾਰੇ ਦੁਬਿਧਾ : ਕੇਵਲ ਸਦਾਚਾਰੀ ਗੁਣ ਜਾਂ ਸਦਾਚਾਰੀ ਅਤੇ ਦੁਰਾਚਾਰੀ; ਦੋਵੇਂ ਗੁਣ ਆਦਿ।

(). ਰੱਬ ਦੇ ਨਿਵਾਸ ਸਥਾਨ ਬਾਰੇ ਦੁਬਿਧਾ : ਸਰਬ ਵਿਆਪਕਤਾ ਰੱਬ ਬਾਰੇ ਭਾਵੇਂ ਆਮ ਰਾਏ ਹੈ ਪਰ ਫਿਰ ਵੀ ਨਜ਼ਰੀਆ ਭਿੰਨ-ਭਿੰਨ ਹੈ :

(1). ਰੱਬ; ਪ੍ਰਤਿਬਿੰਬ (ਅਕਸ) ਵਾਙ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਜਿਵੇਂ ਸ਼ੀਸ਼ੇ ’ਚ ਮੂੰਹ ਵੇਖੀਦਾ ਹੈ ਜਾਂ ਪਾਣੀ ’ਚ ਪਰਛਾਵਾਂ; ਓਵੇਂ ਹੀ ਰੱਬ; ਸਰਬ ਵਿਆਪਕ ਹੈ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ‘‘ਐਸੋ ਰਾਮ ਰਾਇ ਅੰਤਰਜਾਮੀ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ) ਰਹਾਉ ਪਾਨੀ ਮਾਹਿ; ਦੇਖੁ ਮੁਖੁ ਜੈਸਾ ਨਾਮੇ ਕੋ ਸੁਆਮੀ; ਬੀਠਲੁ ਐਸਾ ’’ (ਭਗਤ ਨਾਮਦੇਵ/੧੩੧੮)

(2). ਰੱਬ; ਤੱਤ ਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ, ਆਕਾਸ਼) ਰੂਪ ਹੋ ਕੇ ਸਰਬ ਵਿਆਪਕ ਹੈ। ਜਦ ਬੰਦਾ ਮਰਦਾ ਹੈ ਤਾਂ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ ਬਾਕੀ ਕੁਝ ਨਹੀਂ ਬਚਦਾ ਭਾਵ ‘ਆਤਮਾ, ਜਿੰਦੁ, ਰੂਹੁ’ ਨਹੀਂ ਹੁੰਦੇ ਤੇ ਨਾ ਹੀ ਆਵਾਗਮਣ। ਇਹ ‘ਆਤਮਾ’ ਦਾ ਅਰਥ ‘ਦਿਮਾਗ਼’ ਮੰਨਦੇ ਹਨ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ, ‘‘ਪਵਨੈ ਮਹਿ, ਪਵਨੁ ਸਮਾਇਆ   ਜੋਤੀ ਮਹਿ ਜੋਤਿ; ਰਲਿ ਜਾਇਆ   ਮਾਟੀ ਮਾਟੀ; ਹੋਈ ਏਕ   ਰੋਵਨਹਾਰੇ ਕੀ, ਕਵਨ ਟੇਕ  ?  ਕਉਨੁ ਮੂਆ ਰੇ ! ਕਉਨੁ ਮੂਆ  ?   ਬ੍ਰਹਮ ਗਿਆਨੀ  ! ਮਿਲਿ (ਕੇ) ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ .. ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ (ਭਾਵ ਨਾ ਆਵਾਗਮਣ ਹੈ) (ਮਹਲਾ /੮੮੫)

(3). ਰੱਬ; ਸਦਾਚਾਰੀ ਗੁਣ ਰੂਪ ਵਜੋਂ ਸਰਬ ਵਿਆਪਕ :  ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਕੇਵਲ ਸਦਾਚਾਰੀ ਗੁਣਾਂ ਭਰਪੂਰ ਹੈ, ਇਸ ਲਈ ‘ਗੁਣੀ ਨਿਧਾਨ, ਗੁਣਤਾਸ’ ਭਾਵ ਗੁਣਾਂ ਦਾ ਖ਼ਜ਼ਾਨਾ ਕਿਹਾ ਗਿਆ। ਬੰਦਾ; ਗੁਣਾਂ ਨੂੰ ਗਾ-ਗਾ ‘ਗੁਣੀ ਨਿਧਾਨ’ ’ਚ ਲੀਨ ਹੁੰਦਾ ਹੈ ‘‘ਗੁਰਮੁਖਿ ਹੋਵੈ ਸੋਈ ਬੂਝੈ; ਗੁਣ ਕਹਿ ਗੁਣੀ (ਗੁਣਾਂ ਦੇ ਸਰੋਤਰੱਬ) ਸਮਾਵਣਿਆ (ਮਹਲਾ /੧੧੧), ਸਰਬ ਨਿਧਾਨਗੁਣ ਤੁਮ ਹੀ ਪਾਸਿ (ਮਹਲਾ /੧੮੦), ਹੇ ਪੂਰਨ ਹੇ ਸਰਬ ਮੈ  ! ਦੁਖ ਭੰਜਨ ਗੁਣਤਾਸ  ! .. ਹੇ ਗੋਬਿਦ  !  ਹੇ ਗੁਣ ਨਿਧਾਨ  ! .. ’’ (ਮਹਲਾ /੨੬੨) ਇਨ੍ਹਾਂ ਮੁਤਾਬਕ ਬੁਰੇ ਬੰਦੇ ’ਚ ਰੱਬ ਨਹੀਂ ਹੈ।

(4). ਰੱਬ; ਜੋਤਿ ਸਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਜੋਤਿ (ਚੇਤਨ-ਸੱਤਾ/ਨੂਰ/ਜੀਵਾਤਮਾ/ਅਦ੍ਰਿਸ਼ ਸ਼ਕਤੀ) ਰੂਪ ਹੋ ਕੇ ਸਰਬ ਵਿਆਪਕ ਹੈ। ਜੋਤਿ ਹੀ ‘ਰੂਹ, ਆਤਮਾ, ਜਿੰਦ ਹੈ, ਜੋ ਕਦੇ ਮਰਦੀ ਨਹੀਂ ਸਗੋਂ ਆਪਣੇ ਕਰਮਾਂ ਦੇ ਫਲ਼ ਸਮੇਤ ਆਵਾਗਮਨ ’ਚ ਨਵਾਂ ਸਰੀਰ ਧਾਰ ਲੈਂਦੀ ਹੈ ਜਾਂ ਰੱਬ ਦੀ ਬੰਦਗੀ ਕਰ-ਕਰ ਆਪਣਾ ਪੁਰਾਣਾ ਨਸੀਬ ਖ਼ਤਮ ਕਰ ਰੱਬ ’ਚ ਲੀਨ ਹੋ ਜਾਂਦੀ ਹੈ। ਇਨ੍ਹਾਂ ਦੀ ਸੋਚ ਦਾ ਆਧਾਰ; ਗੁਰਬਾਣੀ ਦੇ ਇਹ ਵਚਨ ਹਨ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ (ਮਹਲਾ /੧੩), ਨਾ ਇਹੁ (ਆਤਮਾ) ਜੀਵੈ; ਮਰਤਾ, ਦੇਖੁ   ਇਸੁ ਮਰਤੇ ਕਉ, ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ .. ਕਹੁ ਕਬੀਰ ! ਇਹੁ ਰਾਮ ਕੀ ਅੰਸੁ   ਜਸ (ਜਿਵੇਂ) ਕਾਗਦ ਪਰ; ਮਿਟੈ ਮੰਸੁ (ਸਿਆਹੀ, ਇਉਂ ਅਟੱਲ ਹੈ) (ਭਗਤ ਕਬੀਰ/੮੭੧)

ਗੁਰਮਤਿ ਦੇ ਤੱਤ-ਸਾਰ ਵਿਸ਼ੇ ਬਾਰੇ ਸਿੱਖਾਂ ਅੰਦਰ ਇੰਨੇ ਭੁਲੇਖੇ; ਆਮ ਬੰਦੇ ਨੂੰ ਨਾਸਤਕ ਬਣਾ ਸਕਦੇ ਹਨ। ਗੁਰੂ ਸਾਹਿਬਾਨ ਜੀ ਦੁਆਰਾ ਆਪ ਰਚੀ ਬਾਣੀ ’ਚ ਇੰਨੇ ਵੱਖ-ਵੱਖ ਮਤਲਬ ਨਹੀਂ ਹੋਣਗੇ। ਦਿਲੀ ਪਿਆਰ ਤੇ ਸਹਿਜਤਾ ਨਾਲ ਗੁਰਬਾਣੀ ਨੂੰ ਨਾ ਵਾਚਣ ਕਾਰਨ ਇਹ ਭੁਲੇਖਾ ਰਹੇ ਹਨ।

ਭਾਰਤ ’ਚ ਸਦੀਆਂ ਤੋਂ ਰੱਬ ਦੇ ਪਿਆਰਿਆਂ ਦੀ ਭਗਤੀ ਲਹਿਰ ਚੱਲਦੀ ਆਈ ਹੈ। ਇਸ ਨੇ ਕੁਝ ਉਪਨਿਸ਼ਦ ਵੀ ਲਿਖੇ ਹਨ। ਇਸੇ ਲਹਿਰ ’ਚੋਂ ਹੀ 12ਵੀਂ ਤੋਂ 15ਵੀਂ ਸਦੀ ਤੱਕ ਪ੍ਰਗਟ ਹੋਏ 15 ਭਗਤਾਂ ਦਾ ਰੱਬ ਬਾਰੇ ਅਨੁਭਵ; ਗੁਰਬਾਣੀ ’ਚ ਦਰਜ ਹੈ। ਇਸ ਭਗਤ ਰਚਨਾ ਨੂੰ ਭਗਤੀ ਲਹਿਰ ਦਾ ਤੱਤ-ਸਾਰ ਕਹਿ ਸਕਦੇ ਹਾਂ। ਭਗਤਾਂ ਦੇ ਇਸ ਰੱਬੀ ਅਨੁਭਵ ਤੋਂ ਬਾਅਦ ਗੁਰੂ ਨਾਨਕ ਜੀ ਦੇ ਰੱਬੀ ਅਨੁਭਵ ਨੂੰ ਵਾਚਣ ਨਾਲ ਹੋਰਾਂ ਮਜ਼੍ਹਬਾਂ ਦੇ ਮੁਕਾਬਲੇ ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ (ਭਾਈ ਗੁਰਦਾਸ ਜੀ) ਵਾਲਾ ਗੁਰਮਤਿ ਸਿਧਾਂਤ; ਆਧੁਨਿਕ, ਅਦੁੱਤੀ ਤੇ ਗਹਿਰੀ ਖੋਜ ’ਚੋਂ ਉਪਜਿਆ ਪ੍ਰਤੀਤ ਹੋਵੇਗਾ। ਇੱਕ ਸ਼ਬਦ ਜੋਤਿ ਨੂੰ ਹੀ ਲੈ ਕੇ ਵਿਚਾਰ ਕਰਦੇ ਹਾਂ :

ਗੁਰਬਾਣੀ ’ਚ 84 ਵਾਰ ਜੋਤੀ ਜੋਤਿ ਸੰਯੁਕਤ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ : ਇੱਕ ਜੋਤਿ ਦਾ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੋਣਾ ਭਾਵ ਇਨ੍ਹਾਂ 84 ਵਾਕਾਂ ’ਚ ਮਨੁੱਖੀ ਜ਼ਿੰਦਗੀ ਦੇ ਅੰਤਿਮ ਸਮੇਂ ਜਾਂ ਸਰਬੋਤਮ ਪੜਾਅ ਬਾਰੇ ਸੰਕੇਤ ਹੈ।

ਗੁਰਬਾਣੀ ’ਚ 200 ਤੋਂ ਵੱਧ ਵਾਰ; ਵਾਕ ’ਚ ਕੇਵਲ ਜੋਤਿ ਸ਼ਬਦ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ’ਚ ਇੱਕ ਵਾਰ ਅਤੇ ਕੁਝ ਭਗਤਾਂ ਦੀ ਬਾਣੀ ’ਚ ਜੋਤਿ ਦਾ ਅਰਥ ‘ਨਜ਼ਰ, ਰੌਸ਼ਨੀ, ਲਗਨ’ ਹੈ :

ਨਾਮ ਤੇਰੇ ਕੀ ਜੋਤਿ (ਲਗਨ) ਲਗਾਈ; ਭਇਓ ਉਜਿਆਰੋ ਭਵਨ ਸਗਲਾਰੇ (ਸਾਰੇ ਭਵਨਾਂ ’ਚ)॥ (ਭਗਤ ਰਵਿਦਾਸ/੬੯੪)

ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ; ਕਰਤ ਬੀਚਾਰਾ ॥ (ਭਗਤ ਕਬੀਰ/੧੩੪੯)

ਸਿਰੁ ਕੰਪਿਓ ਪਗ ਡਗਮਗੇ; ਨੈਨ ਜੋਤਿ ਤੇ ਹੀਨ ॥ (ਮਹਲਾ ੯/੧੪੨੮) ਆਦਿ।

ਤਕਰੀਬਨ 200 ਵਾਰ ਜੋਤਿ ਦਾ ਅਰਥ ਹੈ : ਆਤਮਾ, ਰੂਹ, ਜਿੰਦਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ ਆਦਿ। ‘ਆਤਮਾ/ਆਤਮੁ; ਸੰਸਕ੍ਰਿਤ ਦਾ ਇੱਕ ਵਚਨ ਪੁਲਿੰਗ ਨਾਂਵ ਹੈ, ਰੂਹੁ; ਅਰਬੀ ਦਾ ਇੱਕ ਵਚਨ ਪੁਲਿੰਗ ਨਾਂਵ ਅਤੇ ਜਿੰਦੁ’; ਫ਼ਾਰਸੀ ਦਾ ਅੰਤ ਔਂਕੜ ਇਸਤਰੀ ਲਿੰਗ ਨਾਂਵ ਹੈ। ਅਰਥ ਤਿੰਨਾ ਦੇ ਇੱਕੋ ਹੀ ਹਨ।

ਗੁਰਬਾਣੀ ’ਚ ਭਗਤ ਬਾਣੀ ਦੇ 769 ਸ਼ਬਦ ਹਨ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ ਪਹਿਲਾਂ ਰਚੇ ਗਏ। ਸਾਰੇ ਹੀ ਭਗਤ; ਰੱਬ ਨੂੰ ਸਰਬ ਵਿਆਪਕ ਮੰਨਦੇ ਹਨ :

ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?॥ (ਬਾਬਾ ਫਰੀਦ ਜੀ/੧੩੭੮)

ਜਹਾ ਜਾਈਐ; ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ; ਸਭ ਸਮਾਨ ॥ (ਭਗਤ ਰਾਮਾਨੰਦ/੧੧੯੫)

ਭਾਵ ਰੱਬ ਨੂੰ ਪਾਉਣ ਲਈ ਜਿੱਥੇ-ਜਿੱਥੇ ਤੀਰਥਾਂ ’ਤੇ ਜਾਈਦਾ ਹੈ; ਓਥੇ-ਓਥੇ ਹੀ ਪਾਣੀ (ਨਦੀ) ਜਾਂ ਪੱਥਰ (ਮੂਰਤੀਆਂ) ਹਨ ਪਰ ਹੇ ਪ੍ਰਭ ! ਤੂੰ ਤਾਂ ਇਕ ਰਸ ਹਰ ਥਾਂ ਵਿਆਪਕ ਹੈਂ।

ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)

ਸਰਬ ਨਿਰੰਤਰਿ ਰਾਮੁ ਰਹਿਆ ਰਵਿ (ਰਮ ਭਾਵ ਜੁੜ ਕੇ), ਐਸਾ ਰੂਪੁ ਬਖਾਨਿਆ ॥ (ਭਗਤ ਨਾਮਦੇਵ/੧੩੫੧)

ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ (ਭਗਤ ਕਬੀਰ/੮੭੦)

ਅੰਤਰਿ ਜੋਤਿ (ਕਾਰਨ) ਰਾਮ ਪਰਗਾਸਾ; (ਪਰ) ਗੁਰਮੁਖਿ ਬਿਰਲੈ (ਨੇ) ਜਾਨੀ ॥ (ਭਗਤ ਕਬੀਰ/੯੭੦)

ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥  ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮) ਆਦਿ।

ਉਕਤ ਵਾਕਾਂ ’ਚ ਭਾਵੇਂ ਸਾਰੇ ਭਗਤ ਰੱਬ ਨੂੰ ਸਰਬ ਵਿਆਪਕ ਮੰਨਦੇ ਹਨ ਪਰ ਫਿਰ ਵੀ ਕੇਵਲ ਹੇਠਲੇ ਵਾਕਾਂ ’ਚ ਹੀ ਜੋਤਿਸਰੂਪ ਸਰਬ ਵਿਆਪਕ ਹੋਣ ਦੇ ਸੰਕੇਤ ਮਿਲਦੇ ਹਨ :

ਜੋਤਿ ਦੀ ਵਟੀ; ਘਟ ਮਹਿ ਜੋਇ ॥ (ਭਗਤ ਕਬੀਰ/੩੪੪)

ਭਾਵ ਰੱਬ ਦੀ ਜੋ ਸੋਹਣੀ ਜਿਹੀ/ਨਿੱਕੀ ਜਿਹੀ ਜੋਤ ਹੈ, ਉਹ ਸਰੀਰ ਅੰਦਰ ਹੈ।

ਸਗਲ ਜੋਤਿ ਇਨਿ ਹੀਰੈ (ਰੱਬ ਨੇ) ਬੇਧੀ; ਸਤਿਗੁਰ ਬਚਨੀ ਮੈ ਪਾਈ (ਸਮਝੀ)॥ (ਭਗਤ ਕਬੀਰ/੪੮੩)

ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)

ਸਰੀਰ ਸਰੋਵਰ ਭੀਤਰੇ; ਆਛੈ (ਹੈ) ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ; ਜਾ ਕੈ ਰੇਖ ਨ ਰੂਪ ॥ (ਭਗਤ ਕਬੀਰ/੮੫੭)

ਚੰਦੁ ਸੂਰਜੁ ਦੁਇ; (ਰੱਬੀ) ਜੋਤਿ (ਦਾ ਬਾਹਰਲਾ) ਸਰੂਪੁ ॥ ਜੋਤੀ ਅੰਤਰਿ; ਬ੍ਰਹਮੁ ਅਨੂਪੁ ॥੧॥  ਕਰੁ ਰੇ ਗਿਆਨੀ !  ਬ੍ਰਹਮ ਬੀਚਾਰੁ ॥  ਜੋਤੀ ਅੰਤਰਿ ਧਰਿਆ ਪਸਾਰੁ (ਬ੍ਰਹਿਮੰਡ)॥੧॥ ਰਹਾਉ ॥ (ਭਗਤ ਕਬੀਰ/੯੭੨)

ਜੀਅ ਕੀ ਜੋਤਿ; ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥ (ਭਗਤ ਨਾਮਦੇਵ/੧੩੫੧)

ਭਾਵ ਜੀਵਾਂ ਅੰਦਰ ਵਸਦੀ ਜੋਤਿ ਨੂੰ ਕੋਈ ਨਹੀਂ ਜਾਣਦਾ ਭਾਵੇਂ ਕਿ ਮੈਂ ਅਤੇ ਤੈਂ (ਨੇ) ਜੋ ਕੀਤਾ ਹੈ ਉਹ ਸਭ; (ਜੋਤਿ ਨੂੰ) ਪਤਾ ਹੁੰਦਾ ਹੈ।

ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭)

ਭਾਵ ਜਿਸ ਦੇ ਹਿਰਦੇ ’ਚ ਜੋਤਿ ਸਰੂਪ ਸਰਬ ਵਿਆਪਕ ਵੱਸਦਾ ਹੈ। ਉਸ ਨੇ ਕਪਟ ਰਹਿਤ ਮਾਲਕ ਨੂੰ ਜਾਣ ਲਿਆ।

ਗੁਰੂ ਨਾਨਕ ਜੀ ਨੇ ਆਪਣੀ ਬਾਣੀ 97 ਵਾਰਜੋਤਿਸੱਤਾਦੀ ਮੌਜੂਦਗੀ ਜ਼ਰਰੇਜ਼ਰਰੇ (ਸ੍ਰਿਸ਼ਟੀ, ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜਆਦਿ) ਵਿੱਚ ਇਉਂ ਖੁਲ੍ਹ ਕੇ ਬਿਆਨ ਕੀਤੀ ਹੈ :

ਜਾਤਿ (ਸ੍ਰਿਸ਼ਟੀ) ਮਹਿ ਜੋਤਿ, ਜੋਤਿ ਮਹਿ ਜਾਤਾ (ਜੋਤਿ ’ਚੋਂ ਰੱਬ ਜਾਣੀਦਾ ਹੈ); ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)

ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)

ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)

ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)

ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)

ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਵਿੱਚ ਜੋਤਿ ਰੱਖੀ)॥ (ਮਹਲਾ ੧/੧੨੭੯)

ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨)

ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧), ਇਸੇ ਵਾਕ ਦੇ ਪ੍ਰਥਾਇ ਹੈ ਕਿ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ’’ (ਮਹਲਾ /੪੭੨) ਇਹ ਵਿਗਿਆਨਿਕ ਤੱਥ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜਿੰਦ-ਜਾਨ ਨਹੀਂ ਉਪਜਦੀ। ਪਾਣੀ ਤੋਂ ਸ੍ਰਿਸ਼ਟੀ ਬਣੀ। ਭੋਜਨ; ਜੀਵਨ ਦਾ ਆਧਾਰ ਹੈ ਤਾਂ ਤੇ ‘ਪਾਣੀ/ਭੋਜਨ’ ਨਿਰਜਿੰਦ ਨਹੀਂ ਹਨ, ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਕੋਇ ’’ (ਮਹਲਾ /੪੭੨)

ਪੂਰੇ ਬ੍ਰਹਿਮੰਡ ’ਚ ਰੱਬ ਦੀ ਜੋਤਿ ਨੂੰ ਪ੍ਰਗਟਾਉਂਦੇ ਉਕਤ ਵਚਨਾਂ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਨੇ ਇਹੀ ਸਚਾਈ ਆਪਣਾ ਹਥਿਆਰ ਬਣਾ ਕੇ ਸੰਸਾਰ ਦਾ ਭਰਮਣ ਕੀਤਾ ਹੈ। ਗੁਰੂ ਜੀ ਦੇ ਇਸ ਦ੍ਰਿੜ੍ਹ ਇਰਾਦੇ ਨੂੰ ਵਿਸਥਾਰ ਨਾਲ ਜਾਣਨ ਲਈ ਜੋਗੀਆਂ ਨੇ ਇਹ ਸਵਾਲ ਪੁੱਛੇ ਹਨ :

ਸਵਾਲ ਨੰਬਰ 30 : ਕਿਤੁ ਬਿਧਿ ਜੋਤਿ ਨਿਰੰਤਰਿ ਪਾਈ  ? ॥ (ਗੋਸਟਿ/ਮਹਲਾ ੧/੯੪੦)

ਜਵਾਬ : ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (ਮਹਲਾ ੧/੯੪੦)

ਭਾਵ ਗੁਰੂ (ਰੱਬ) ਪਾਸੋਂ (ਉਸ ਦੀ) ਜੋਤਿ; ਜ਼ਰਰੇ-ਜ਼ਰਰੇ ’ਚ ਸਮਝੀ ਹੈ।

ਨੋਟ : ਇੱਥੇ ਗੁਰਮੁਖਿ ਤੋਂ ਭਾਵ ਮੁਖੀ ਗੁਰੂ ਭਾਵ ਰੱਬ ਹੈ; ਜੋ ‘ਜੋਤਿ ਸਰੂਪ’ ਹੈ। ਆਪ ਜੀ ਦੇ ਹੀ ਵਚਨ ਹਨ ਕਿ ਸਭ ਜੋਤਾਂ ਦੇ ਸੰਗ੍ਰਹਿ (ਜੋਤੀ/ਰੱਬ) ਲਈ ਸਮੁੱਚੀ ਕੁਦਰਤਿ ਆਰਤੀ ਕਰਦੀ ਪਈ ਹੈ, ‘‘ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਭਾਵ ਜੋਤਿ ਸੂਰਪ ਲਈ) (ਸੋਹਿਲਾ/ਮਹਲਾ /੧੩) ਵੈਸੇ ਭੀ ਗੁਰੂ ਨਾਨਕ ਜੀ ਆਪਣੇ ਗੁਰੂ ਬਾਰੇ ਸਪਸ਼ਟ ਕਰਦੇ ਪਏ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ ੧/੫੯੯) 

ਸਵਾਲ ਨੰਬਰ 86 : ਰਕਤੁ ਬਿੰਦੁ ਕੀ ਮੜੀ ਨ ਹੋਤੀ; ਮਿਤਿ ਕੀਮਤਿ ਨਹੀ ਪਾਈ  ? ॥ (ਗੋਸਟਿ/ਮਹਲਾ ੧/੯੪੫)

ਭਾਵ ਮਾਤਾ ਦੇ ਖ਼ੂਨ ਅਤੇ ਪਿਤਾ ਦੇ ਬਿੰਦ ਤੋਂ ਬਣਿਆ ਜਦ ਸਰੀਰ ਨਹੀਂ ਸੀ ਤਾਂ ਜੋਤਿ ਸਰੂਪ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਸੀ ?

ਜਵਾਬ : ਗਉਨੁ ਗਗਨੁ ਜਬ ਤਬਹਿ ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ (ਮਹਲਾ ੧/੯੪੫)

ਭਾਵ ਜਦ ਦੁਨੀਆ, ਆਕਾਸ਼ ਨਹੀਂ ਸਨ ਤਦੋਂ ਤਿੰਨੇ ਭਵਨਾਂ (ਪਤਾਲ ਲੋਕ, ਮਾਤ ਲੋਕ ਤੇ ਸੁਰਗ ਲੋਕ) ’ਚ ਵਿਆਪਕ ਜੋਤਿ;  ਅਕਾਰ ਰਹਿਤ ਰੂਪ ’ਚ ਆਪ ਹੀ ਆਪ (ਜੋਤਿ ਸਰੂਪ ਰੱਬ) ਸੀ।

ਨੋਟ :  ਭੱਟ ਗਯੰਦ ਜੀ; ਗੁਰੂ ਨਾਨਕ ਜੀ ਬਾਰੇ ਇਹ ਵਚਨ ਕਰਦੇ ਹਨ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਭਾਵ ਜੋਤਿ ਸਰੂਪ ਹਰੀ ਨੇ ਆਪ ਹੀ (ਸੰਸਾਰ ’ਚ) ਗੁਰੂ ਨਾਨਕ ਜੀ ਅਖਵਾਇਆ ਹੈ।

ਜੋਗੀਆਂ ਦੁਆਰਾ ਪੁੱਛੇ ਗਏ ਉਕਤ ਸਵਾਲ ਸਾਫ਼ ਸੰਕੇਤ ਕਰਦੇ ਪਏ ਹਨ ਕਿ ਰੱਬ ਦੀ ਹੋਂਦ, ਰੱਬ ਦੇ ਗੁਣ ਅਤੇ ਰੱਬ ਦੇ ਨਿਵਾਸ ਸਥਾਨ ਬਾਰੇ ਗੁਰੂ ਨਾਨਕ ਜੀ ਨਾਲ ਜਗ੍ਹਾ-ਜਗ੍ਹਾ ਵਿਚਾਰ-ਚਰਚਾ ਖੁੱਲ੍ਹ ਕੇ ਹੁੰਦੀ ਰਹੀ ਹੈ। ਸਾਰੇ ਸ਼ੰਕਿਆਂ ਦਾ ਨਿਵਾਰਨ; ਗੁਰੂ ਜੀ ਬਾਦਲੀਲ ਦਿੰਦੇ ਰਹੇ ਹਨ, ਪਰ ਗੁਰੂ ਜੀ ਦੇ ਆਪਣੇ ਅਨੁਯਾਈ (ਆਧੁਨਿਕ ਅਖਵਾਉਂਦੇ ਸਿੱਖ); ਗੁਰੂ ਨਾਨਕ ਜੀ ਦੇ ਕੇਵਲ ਇਹੀ ਵਚਨ ‘‘ਕਾਦੀ ਕੂੜੁ ਬੋਲਿ; ਮਲੁ ਖਾਇ   ਬ੍ਰਾਹਮਣੁ ਨਾਵੈ; ਜੀਆ ਘਾਇ   ਜੋਗੀ; ਜੁਗਤਿ ਜਾਣੈ ਅੰਧੁ   ਤੀਨੇ; ਓਜਾੜੇ ਕਾ ਬੰਧੁ ’’ (ਮਹਲਾ /੬੬੨)  ਦ੍ਵੈਤ-ਭਾਵਨਾ ਅਧੀਨ ਉਛਾਲਦੇ-ਉਛਾਲਦੇ ਆਪਣੀ ਹਉਮੈ ਨੂੰ ਇੰਨਾ ਵਧਾ ਬੈਠੇ ਕਿ ਆਪਣੇ ਅਸਲ ਮਾਲਕ (ਜੋਤਿ ਸਰੂਪ) ਨੂੰ ਜਾਣਨਾ; ਅੰਧਵਿਸ਼ਵਾਸ ਹੀ ਜਾਪਣ ਲੱਗ ਪਿਆ ਭਾਵੇਂ ਕਿ ਗੁਰਮਤਿ ਦਾ ਇਹ ਤੱਤ-ਸਾਰ ਬਾਕੀ ਗੁਰੂ ਸਾਹਿਬਾਨ ਵੀ ਸਮਝਾਉਂਦੇ ਰਹੇ :

ਗੁਰੂ ਅੰਗਦ ਸਾਹਿਬ ਜੀ

ਜਿਚਰੁ ਤੇਰੀ ਜੋਤਿ; ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ, ਕੋਈ ਕਿਛੁ ਕਰਿਹੁ, ਦਿਖਾ ਸਿਆਣੀਐ  ?॥ (ਮਹਲਾ ੨/੧੩੮)

ਭਾਵ (ਜੀਵਾਂ ’ਚ) ਜਿੰਨਾ ਚਿਰ ਤੇਰੀ ਜੋਤਿ ਮੌਜੂਦ ਹੈ ਓਨਾ ਚਿਰ (ਇਸ) ਜੋਤਿ ਵਿੱਚੋਂ ਤੂੰ ਬੋਲਦਾ ਹੈਂ, ਪਰ ਜਦ ਤੇਰੀ ਜੋਤਿ ਨਿਕਲ ਗਈ ਤਾਂ ਕੋਈ ਕੁਝ ਕਰੇ ਤਾਂ ਸਹੀ ? ਮੈ ਵੀ ਵੇਖਾਂ, ਪਛਾਣਾਂ-ਪਰਖਾਂ ?

ਗੁਰੂ ਅਮਰਦਾਸ ਜੀ ਉਕਤ ਸਿਧਾਂਤ ਦੀ ਹੋਰ ਪੁਸ਼ਟੀ ਕਰਦੇ ਹਨ ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀਤਬ ਕੋਈ ਕਰਉ, ਦਿਖਾ ਵਖਿਆਨਾ ? (ਮਹਲਾ /੭੯੭)

ਨੋਟ :  (1). ਗੁਰੂ ਨਾਨਕ ਜੀ ਦੇ ਵਿਚਾਰ ਅਤੇ ਜੋਤਿ; ਗੁਰੂ ਅੰਗਦ ਸਾਹਿਬ ਅੰਦਰ ਜਾਣ ਦੀ ਪੁਸ਼ਟੀ ਭਾਈ ਸੱਤਾ-ਬਲਵੰਡ ਜੀ ਕਰਦੇ ਹਨ :

(ੳ). ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ-ਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬)

ਭਾਵ ਗੁਰੂ ਅੰਗਦ ਜੀ ਅੰਤਰ ਉਹੀ (ਗੁਰੂ ਨਾਨਕ ਜੀ ਵਾਲੀ) ਜੋਤਿ ਹੈ ਅਤੇ ਗੁਰਮਤਿ ਰਹਿਣੀ ਵੀ ਓਹੀ (ਮਾਨੋ ਗੁਰੂ ਨਾਨਕ) ਪਾਤਿਸ਼ਾਹ ਜੀ ਨੇ ਸਰੀਰ ਹੀ ਦੁਬਾਰਾ ਬਦਲਿਆ ਲਿਆ ਹੈ।

(ਅ). ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ ॥ (ਬਲਵੰਡ ਸਤਾ/੯੬੭)

ਭਾਵ ਗੁਰੂ ਨਾਨਕ ਜੀ ਦੀ ਜੋਤਿ; ਗੁਰੂ ਅੰਗਦ ਜੀ ਦੀ ਜੋਤਿ ’ਚ ਲੀਨ ਹੋ ਗਈ। (ਗੁਰੂ ਨਾਨਕ ਜੀ ਨੇ) ਆਪਣੇ ਆਪ ਨੂੰ (ਗੁਰੂ ਅੰਗਦ ਜੀ ਦੇ) ਆਪਣੇ ਆਪ ਨਾਲ ਇੱਕ-ਮਿਕ ਕਰ ਲਿਆ।

(2). ਭੱਟ ਗਯੰਦ ਜੀ; ਸਵੱਈਆਂ ’ਚ ਇਹ ਵਚਨ ਕਰਦੇ ਹਨ ‘‘ਤਿਨਿ ਲਹਣਾ ਥਾਪਿ (ਕੇ, ਆਪਣੀ) ਜੋਤਿ ਜਗਿ (’ਚ) ਧਾਰੀ ॥ (ਭਟ ਗਯੰਦ/੧੪੦੧)

ਭਾਵ ਉਸ ਗੁਰੂ ਨਾਨਕ ਜੀ ਨੇ ਲਹਿਣਾ ਜੀ ਨੂੰ ਗੁਰਿਆਈ ਸੋਂਪ ਕੇ ਆਪਣੀ ਜੋਤਿ; (ਅਗਾਂਹ ਵੀ) ਜਗਤ ’ਚ ਸਥਾਪਿਤ ਕੀਤੀ ਹੈ।

ਗੁਰੂ ਅਮਰਦਾਸ ਜੀ

ਸਭ (ਸ੍ਰਿਸ਼ਟੀ ’ਚ) ਏਕਾ ਜੋਤਿ; ਜਾਣੈ ਜੇ ਕੋਈ ॥ (ਮਹਲਾ ੩/੧੨੦)

(ਰੱਬ ਦੀ) ਨਿਰਮਲ ਜੋਤਿ; ਸਭ ਮਾਹਿ ਸਮਾਣੀ ॥ (ਮਹਲਾ ੩/੧੨੧)

ਏਕਾ ਜੋਤਿ, ਜੋਤਿ ਹੈ ਸਰੀਰਾ (’ਚ)॥ (ਮਹਲਾ ੩/੧੨੫)

ਏ ਸਰੀਰਾ ਮੇਰਿਆ  ! ਹਰਿ (ਨੇ) ਤੁਮ ਮਹਿ ਜੋਤਿ ਰਖੀ; ਤਾ ਤੂ ਜਗ ਮਹਿ ਆਇਆ ॥ (ਅਨੰਦ/ਮਹਲਾ ੩/੯੨੧)

ਮਨੁ ਤਨੁ ਮੈਲਾ; (ਪਰ ਇਸ) ਵਿਚਿ ਜੋਤਿ ਅਪਾਰਾ (ਅਪਰੰਪਰ ਰੱਬ ਦੀ ਨਿਰਮਲ) ॥ (ਮਹਲਾ ੩/੧੦੫੩)

ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ; ਹਉਮੈ ਮੇਰੀ ॥  (ਮਹਲਾ ੩/੧੨੫੧)

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ ਬੂਝ ਨ ਪਾਇ ॥ (ਮਹਲਾ ੩/੩੫)

ਭਾਵ ਸਰਬ ਵਿਆਪਕ ਪਸਰੀ ਜੋਤਿ ਤੋਂ ਹੀ ਪ੍ਰਭੂ ਦੀ ਹੋਂਦ ਪ੍ਰਗਟ ਹੁੰਦੀ ਹੈ, ਪਰ ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਮਿਲਦੀ।

ਨੋਟ : ਭੱਟ ਕੀਰਤ ਜੀ; ਗੁਰੂ ਅਮਰਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਨਿਰੰਕਾਰਿ (ਨੇ) ਆਕਾਰੁ; ਜੋਤਿ ਜਗ ਮੰਡਲਿ (’ਚ) ਕਰਿਯਉ ॥ (ਭਟ ਕੀਰਤ/੧੩੯੫) ਭਾਵ (ਜੋਤਿ ਸਰੂਪ-) ਨਿਰਾਕਾਰ ਨੇ (ਗੁਰੂ ਅਮਰਦਾਸ ਜੀ ਦੇ ਰੂਪ ’ਚ) ਆਕਾਰ-ਸਰੀਰ ਧਾਰ ਕੇ ਜਗਤ-ਮੰਡਲ ’ਚ (ਆਪਣੀ) ਜੋਤਿ ਪ੍ਰਗਟ ਕੀਤੀ ਹੈ।

ਗੁਰੂ ਰਾਮਦਾਸ ਜੀ

ਸਭ (ਸ੍ਰਿਸ਼ਟੀ ’ਚ) ਇਕਾ ਜੋਤਿ ਵਰਤੈ ਭਿਨਿ ਭਿਨਿ; ਨ ਰਲਈ, ਕਿਸੈ ਦੀ ਰਲਾਈਆ ॥ (ਮਹਲਾ ੪/੯੬)

ਭਾਵ ਇੱਕੋ ਹਰੀ ਦੀ ਜੋਤਿ; ਭਾਵੇਂ ਕਣ-ਕਣ ’ਚ ਹੈ, ਪਰ ਇਹ ਆਪਸ ’ਚ ਮਿਲ ਕੇ ਸਮੁੰਦਰ (ਜੋਤਾਂ ਦਾ ਸਰੋਤ/ਰੱਬ) ਨਹੀਂ ਬਣ ਸਕਦੀ।

ਇਹੁ ਸਰੀਰੁ ਸਭੁ ਧਰਮੁ ਹੈ; ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ (ਮਹਲਾ ੪/੩੦੯)

ਭਾਵ ਇਹ ਸਰੀਰ, ਜਿਸ ਵਿੱਚ ਰੱਬ ਦੀ ਜੋਤਿ ਹੈ (ਇਸ ਲਈ) ਧਰਮ ਕਮਾ ਸਕਦਾ ਹੈ।

ਹਰਿ (ਨੇ) ਪਰਪੰਚੁ (ਜਗਤ-ਖਿਲਾਰਾ) ਕੀਆ ਸਭੁ ਕਰਤੈ (ਨੇ); ਵਿਚਿ ਆਪੇ ਆਪਣੀ ਜੋਤਿ ਧਰਈਐ ॥ (ਮਹਲਾ ੪/੮੬੧)

ਸਭ ਜੋਤਿ ਤੇਰੀ ਜਗਜੀਵਨਾ  ! ਤੂ ਘਟਿ ਘਟਿ (’ਚ) ਹਰਿ ਰੰਗ ਰੰਗਨਾ ॥ (ਮਹਲਾ ੪/੧੩੧੩)

ਭਾਵ ਹੇ ਜਗਤ ਜੇ ਜੀਵਨ ਹਰੀ  ! ਹਰ ਥਾਂ ’ਚ ਤੇਰੀ ਹੀ ਜੋਤਿ ਹੈ। ਤੂੰ ਹੀ ਹਰ ਇੱਕ ਹਿਰਦੇ ’ਚ ਬੈਠ ਆਪਣੇ ਰੰਗ ਮਾਣ ਰਿਹਾ ਹੈਂ, ਪਦਾਰਥ ਭੋਗ ਰਿਹਾ ਹੈਂ।

ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ (ਤੈਂ ਨੇ ਹੀ) ਲਾਵਣੀ ॥ (ਮਹਲਾ ੪/੧੩੧੪)

ਭਾਵ ਸਾਰੀ ਸ੍ਰਿਸ਼ਟੀ ’ਚ ਤੇਰੀ ਜੋਤਿ/ਨੂਰ ਹੈ। ਇਸ ਨੂਰ ’ਚ ਤੂੰ ਬੈਠਾ ਹੈਂ। ਤੂੰ ਹੀ ਗੁਰੂ ਦੀ ਸਿੱਖਿਆ ਨਾਲ ਜੋੜਦਾ ਹੈਂ।

ਨੋਟ : (1). ਭੱਟ ਗਯੰਦ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ : ‘‘ਕੰਚਨੁ ਤਨੁ ਹੋਇ, ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥ (ਭਟ ਗਯੰਦ/੧੪੦੨) ਭਾਵ ਜੋਤਿ ਸਰੂਪ (ਗੁਰੂ ਰਾਮਦਾਸ-) ਪਾਰਸ ਨੂੰ ਛੂਹ ਕੇ, (ਉਨ੍ਹਾਂ ਦਾ) ਧਿਆਨ ਧਰ ਕੇ ਸੋਨੇ ਵਰਗਾ ਸ਼ੁੱਧ ਹੋ ਜਾਈਦਾ ਹੈ।

(2). ਭੱਟ ਮਥਰਾ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਰੂਪ ਭਾਵ ਆਪਣੀ) ਜੋਤਿ ਅਰਜੁਨ ਮਾਹਿ ਧਰੀ ॥’’ (ਭਟ ਮਥੁਰਾ/੧੪੦੯)

ਗੁਰੂ ਅਰਜਨ ਸਾਹਿਬ ਜੀ

ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥ (ਸੁਖਮਨੀ/ਮਹਲਾ ੫/੨੮੨)

ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ (’ਚ) ਮਾਧਉ ਜੀਆ (ਜੀਵਾਂ ’ਚ)॥ (ਮਹਲਾ ੫/੬੧੭)

ਭਾਣੈ (’ਚ) ਮਿਟੀ (ਸਰੀਰ) ਸਾਜਿ ਕੈ; ਭਾਣੈ (’ਚ) ਜੋਤਿ ਧਰੇਇ ॥ (ਮਹਲਾ ੫/੯੬੩)

ਕਾਚੇ ਭਾਡੇ ਸਾਜਿ ਨਿਵਾਜੇ; (ਕਿਉਂਕਿ) ਅੰਤਰਿ ਜੋਤਿ ਸਮਾਈ ॥ (ਮਹਲਾ ੫/੮੮੨)

ਜੋਤਿ ਸਰੂਪ (ਰੱਬ); ਜਾ ਕੀ ਸਭ ਵਥੁ (ਵਸਤੂ/ਸ੍ਰਿਸ਼ਟੀ)॥ (ਮਹਲਾ ੫/੧੧੫੦) ਆਦਿ।

ਨੋਟ : ਭੱਟ ਮਥਰਾ ਜੀ; ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਵਚਨ ਕਰਦੇ ਹਨ :

(1). ਪ੍ਰਗਟ ਜੋਤਿ ਜਗਮਗੈ; ਤੇਜੁ ਭੂਅ ਮੰਡਲਿ (’ਤੇ) ਛਾਯਉ ॥ (ਭਟ ਮਥੁਰਾ/੧੪੦੮)

ਭਾਵ (ਹੇ ਗੁਰੂ ਅਰਜਨ ਜੀ ! ਤੁਹਾਡੇ ਅੰਦਰ) ਪ੍ਰਤੱਖ (ਰੱਬੀ) ਜੋਤਿ ਜਗਮਗ-ਜਗਮਗ ਕਰ ਰਹੀ ਹੈ, (ਜਿਸ ਕਰਕੇ) ਤੁਹਾਡਾ ਜਲਾਲ (ਨੂਰ) ਧਰਤੀ ’ਤੇ ਛਾਇਆ ਪਿਆ ਹੈ।

(2). ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ ॥ (ਭਟ ਮਥੁਰਾ/੧੪੦੯)

ਭਾਵ (ਗੁਰੂ ਅਰਜਨ ਜੀ) ਜੋਤਿ ਸਰੂਪ ਵਜੋਂ ਧਰਤੀ, ਆਕਾਸ਼ ਅਤੇ 9 ਖੰਡਾਂ ’ਚ ਵਿਆਪਕ ਹੈ।

ਉਕਤ ਸੈਂਕੜੇ ਗੁਰੂ ਵਚਨਾਂ ਤੋਂ ਬਾਅਦ ਤਾਂ ਕੋਈ ਸੰਦੇਹ ਨਹੀਂ ਰਹਿਣਾ ਚਾਹੀਦਾ ਕਿ ਰੱਬ; ਸਰਬ ਵਿਆਪਕ ਜੋਤਿ ਸਰੂਪ ਨਹੀਂ ਹੈ, ਪਰ ਫਿਰ ਵੀ ਰੱਬ ਨੂੰ ‘ਤੱਤ ਰੂਪ’ ਵਜੋਂ ਮੰਨਣ ਵਾਲਿਆਂ ਦੇ ਮੂੰਹੋਂ ਇਹ ਸਵਾਲ ਅਕਸਰ ਸੁਣੀਦਾ ਹੈ ਕਿ ਜੇ ਗੁਰੂ ਨਾਨਕ ਜੀ ‘ਆਤਮਾ’ ਜਾਂ ‘ਰੂਹ’ ਨੂੰ ਹੀ ਜੋਤਿ ਕਹਿ ਰਹੇ ਹਨ ਤਾਂ ਇਹ ਖੋਜ ਤਾਂ ਬਹੁਤ ਪਹਿਲਾਂ ਸਨਾਤਨ ਧਰਮ ਅਤੇ ਇਸਲਾਮ (ਈਸਾਈ, ਯਹੂਦੀ, ਪਾਰਸੀ) ਆਦਿ ਧਰਮਾਂ ਨੇ ਕਰ ਰੱਖੀ ਹੈ। ਫਿਰ ਗੁਰਮਤਿ ਦਾ ਨਿਆਰਾਪਣ ਕੀ ਹੈ ?

ਜਵਾਬ () : ਭਾਵੇਂ ਸਨਾਤਨ ਅਤੇ ਇਸਲਾਮ ਆਦਿ ਧਰਮ; ਆਤਮਾ/ਰੂਹ ਦੀ ਹੋਂਦ ਨੂੰ ਮੰਨਦੇ ਹਨ ਅਤੇ ਇਸ ਨੂੰ ਸਜ਼ਾ ਮਿਲਦੀ ਵੀ ਮੰਨੀ ਹੈ, ਪਰ ਇਸ ਦਾ ਅੰਤ ਕੀ ਹੈ ਭਾਵ ਇਹ ਸਜ਼ਾ ਭੋਗ ਕੇ ਜਾਂ ਮੁਕਤ ਹੋਣ ਤੋਂ ਬਾਅਦ ਕਿੱਥੇ ਜਾਂਦਾ ਹੈ ? ਜੇ ਸ਼ੁੱਧ ਹੋ ਕੇ ਮੁੜ ਜਨਮ ਲੈਂਦਾ ਹੈ ਤਾਂ ਫਿਰ ਸਭ ਮਨੁੱਖਾਂ ਦੀ ਸੋਚ ਇਕ ਸਮਾਨ ਕਿਉਂ ਨਹੀਂ ? ਇਨ੍ਹਾਂ ਵਿੱਚ ਵਿਤਕਰਾ (ਜਾਤਿ, ਨਸਲ, ਧਰਮ ਆਦਿ) ਕਿਉਂ ਬਚਿਆ ਰਿਹਾ ? ਕਿਉਂਕਿ ਪਿਛਲੇ ਪਾਪਾਂ ਦੀ ਸਜ਼ਾ ਤਾਂ ਸਭ ਭੋਗ ਕੇ ਨਿਰਮਲ ਹੋ ਚੁੱਕੇ ਸਨ। ਜੇ ਆਤਮਾ ਸਜ਼ਾ ਭੋਗ ਕੇ ਨਿਰਮਲ ਹੋ ਗਈ ਸੀ ਤਾਂ ਨਿਰਮਲ ਰੱਬ ’ਚ ਲੀਨ ਕਿਉਂ ਨਹੀਂ ਹੋਈ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵੱਲ ਕੋਈ ਵੀ ਧਰਮ (ਗੁਰਮਤਿ ਤੋਂ ਬਿਨਾਂ) ਨਹੀਂ ਗਿਆ।

ਪੰਡਿਤ ਨੇ ਆਤਮਾ ਦੀ ਮੁਕਤੀ ਨੂੰ ਆਰਥਿਕ ਲੋੜਾਂ ਅਤੇ ਆਪਣੇ ਪਾਸ ਮੁਕਤ ਕਰ ਸਕਣ ਦੀ ਸਮਰੱਥਾ (ਪੰਡਿਤਾਈ) ਨਾਲ ਜੋੜ ਲਿਆ। ਪਹਿਲਾਂ ਤੀਰਥਾਂ ’ਤੇ ਲਿਜਾ ਕੇ ਪਾਪ ਨਸ਼ਟ ਕਰਵਾਏ ਭਾਵ ਆਤਮਾ ਨਿਰਮਲ ਕੀਤਾ, ਫਿਰ ਸਾਰੀ ਧਨ-ਸੰਪਤੀ ਬ੍ਰਾਹਮਣ ਨੂੰ ਦਾਨ ਕਰ ਆਪ ਆਰੇ ਨਾਲ ਸਰੀਰ ਦੁਫਾੜ ਕਰਕੇ ਮਰਨ ਨਾਲ ਆਤਮਾ ਮੁਕਤ ਕੀਤਾ, ਫਿਰ ਮਰਨ ਉਪਰੰਤ ਸਰਾਧ ਕਰਾ ਕੇ ਆਤਮਾ ਮੁਕਤ ਕੀਤਾ, ਫਿਰ ਬ੍ਰਾਹਮਣ ਦੇ ਸਰਾਪ ਨਾਲ ਨੀਚ ਜਾਤ ਘਰ ਜਨਮ ਲੈ ਕੇ ਆਤਮਾ ਮੁਕਤ ਹੁੰਦਾ ਵਿਖਾਇਆ। ਜੇ ਆਤਮਾ ਨੂੰ ਮੁਕਤ ਹੋਣ ਲਈ ਇੰਨੇ ਪੜਾਅ ਪਾਰ ਕਰਨੇ ਹਨ ਤਾਂ ਫਿਰ ਮੁੜ ਜਨਮ ਲੈਣ ਵਾਲੇ ਸਾਰੇ ਮਨੁੱਖਾਂ ਦੇ ਵਿਚਾਰ ਇੱਕ ਸਮਾਨ ਤਾਂ ਹੋਣੇ ਹੀ ਚਾਹੀਦੇ ਸੀ ?

ਟਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਨੇ ਵੀ ਬ੍ਰਾਹਮਣ ਦੇ ਇਸ ਸਰਾਪ-ਦੰਡ ਨੂੰ ਅਪਣਾਉਂਦਿਆਂ ਗੁਰੂ ਸਾਹਿਬਾਨ ਅਤੇ ਪੰਜ ਪਿਆਰਿਆਂ ਦੀ ਪਿਛਲੀ ਜਾਤ ਨੂੰ ਬ੍ਰਾਹਮਣ ਦੀ ਅੱਖ ਨਾਲ ਵੇਖ ਕੇ ਹੁਣ ਵੀ ਓਸੇ ਅਖੌਤੀ ਜਾਤ ਘਰ ਜਨਮ ਕਰਾ ਕੇ ਮੁਕਤ ਹੁੰਦੇ ਵਿਖਾਇਆ ਹੈ, ਜੋ ਬਿਲਕੁਲ ਹੀ ਗੁਰਮਤਿ ਵਿਰੁਧ ਹੈ।

ਦੂਸਰੇ ਪਾਸੇ ਗੁਰਮਤਿ; ਗੁਰਸਿੱਖ ਦੀ ‘ਜੋਤਿ’ ਨੂੰ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੁੰਦੀ; ਗੁਰਬਾਣੀ ’ਚ 84 ਵਾਰ (ਜੋਤੀ ਜੋਤਿ’ ਸ਼ਬਦਾਂ ਰਾਹੀਂ) ਇਉਂ ਬਿਆਨ ਕਰਦੀ ਹੈ :

ਭਗਤ ਸਾਹਿਬਾਨ

(1). ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ  ?॥ (ਭਗਤ ਕਬੀਰ/੧੩੫੦)

ਭਾਵ (ਜਾਨਵਰ ਦੀ) ਅਨਾਹਤ ਜੋਤਿ (ਨਾਸ਼ ਰਹਿਤ ਜੋਤਿ) ਜਨਮ ਮਰਨ (ਸਰੂਪਾਂ) ਦੇ ਰਾਹ ਜਾ ਲੱਗੀ। ਦੱਸੋ, ਤੁਸੀਂ ਹਲਾਲ ਕੀ ਕੀਤਾ ? ਕਿਉਂਕਿ ਆਤਮਾ ਅਮਰ ਹੈ ‘‘ਨਾ ਇਹੁ (ਆਤਮਾ) ਜੀਵੈ; ਮਰਤਾ ਦੇਖੁ ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

(2). ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥ (ਭਗਤ ਨਾਮਦੇਵ/੬੫੭)

ਚੰਦੁ ਸੂਰਜੁ (ਭਾਵ ਰਾਤ ਦਿਨ) ਦੁਇ ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥ (ਭਗਤ ਨਾਮਦੇਵ/੯੭੩)

ਗੁਰੂ ਨਾਨਕ ਸਾਹਿਬ ਜੀ

ਗੁਰੂ ਨਾਨਕ ਜੀ ਨੇ ਜਿਵੇਂ ਜੋਤਿ ਸ਼ਬਦ ਨੂੰ 97 ਵਾਰ (ਭਾਵ ਸਭ ਤੋਂ ਵੱਧ ਵਾਰ) ਦਰਜ ਕਰ ਹਰ ਜਗ੍ਹਾ ਵਿਆਪਕ ਜੋਤਿ ਸਰੂਪ ਨੂੰ ਬਿਆਨਿਆ ਹੈ ਓਵੇਂ ਹੀ 17 ਵਾਰ ਜੋਤੀ ਜੋਤਿਸੰਯੁਕਤ ਸ਼ਬਦ; ਦਰਜ ਕਰ ਜ਼ਿੰਦਗੀ ਦੇ ਅੰਤਿਮ ਸਮੇਂ ਆਤਮਾ ਦਾ ਮਾਰਗ (ਆਵਾਗਮਣ ਜਾਂ) ਰੱਬ ’ਚ ਲੀਨਤਾ ਬਾਰੇ ਵਿਸਥਾਰ ’ਚ ਬਿਆਨਿਆ ਹੈ :

ਤਿਥੈ ਕਾਲੁ ਨ ਸੰਚਰੈ (ਪਹੁੰਚਦਾ, ਜਦ) ਜੋਤੀ ਜੋਤਿ ਸਮਾਇ ॥ (ਮਹਲਾ ੧/੫੫)

ਭਾਵ ਜਦ ਇੱਕ ਵਾਰ ਜੋਤਿ; ਜੋਤੀ ’ਚ ਲੀਨ ਹੋ ਗਈ ਤਾਂ ਓਥੇ ਮੁੜ ਮੌਤ (ਜਨਮ-ਮਰਨ) ਦਾ ਡਰ ਪੋਹ ਨਹੀਂ ਸਕਦਾ।

ਨਾਨਕ ! ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥ (ਮਹਲਾ ੧/੧੫੭)

ਭਾਵ ਜਿਨ੍ਹਾਂ ਦੀ ਜੋਤਿ; ਜੋਤੀ ’ਚ ਮਿਲ ਗਈ, ਉਹ ਸਦਾ ਸੁਹਾਗਣਾਂ ਬਣੀਆਂ ਰਹਿੰਦੀਆਂ ਹਨ (ਮੁੜ ਵਿਛੁੜਦੀਆਂ ਨਹੀਂ, ਜਨਮ-ਮਰਨ ’ਚ ਨਹੀਂ ਪੈਦੀਆਂ ਤਾਂ ਜੋ ਰੰਡੀਆਂ ਅਖਵਾਉਣ)।

ਪੁਨਰਪਿ (ਮੁੜ) ਜਨਮੁ ਨਾਹੀ ਜਨ ਸੰਗਤਿ; ਜੋਤੀ ਜੋਤਿ ਮਿਲਾਈ ॥ (ਮਹਲਾ ੧/੫੦੫)

ਆਵਾਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ (ਕੇ)॥ (ਮਹਲਾ ੧/੧੦੦੯) ਆਦਿ।

ਗੁਰੂ ਅਮਰਦਾਸ ਜੀ

ਗੁਰੂ ਨਾਨਕ ਜੀ ਦੇ ਵਚਨ ਹਨ ‘‘ਗੁਰਾ ! ਇਕ ਦੇਹਿ ਬੁਝਾਈ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ (ਜਪੁ) ਅਤੇ ਗੁਰੂ ਅਮਰਦਾਸ ਜੀ ਦੇ ਵਚਨ ਹਨ ‘‘ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ’’ (ਮਹਲਾ /੬੮) ਆਪ ਨੇ ਕੁੱਲ 84 ਵਾਰਚੋਂ 38 ਵਾਰ (ਭਾਵ ਸਭ ਤੋਂ ਵੱਧ ਵਾਰ) ਜੋਤੀ ਜੋਤਿ ਸ਼ਬਦਾਂ ਨੂੰ ਆਪਣੀ ਬਾਣੀ ਦਰਜ ਕੀਤਾ ਹੈ :

(ਗੁਰੂ) ਪਾਰਸਿ+ਪਰਸਿਐ (ਨਾਲ) ਪਾਰਸੁ ਹੋਇ; ਜੋਤੀ ਜੋਤਿ ਸਮਾਇ ॥ (ਮਹਲਾ ੩/੨੭)

ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ (’ਤੇ) ਸੋਭਾ ਪਾਵਣਿਆ ॥ (ਮਹਲਾ ੩/੧੨੪)

ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ (ਜਿਸ) ਗੁਰਮੁਖਿ (ਗੁਰੂ ਰਾਹੀਂ) ਜੋਤੀ ਜੋਤਿ ਮਿਲਾਈ ॥ (ਮਹਲਾ ੩/੩੬੨)

ਸੋ ਗੁਰੂ; ਸੋ ਸਿਖੁ ਹੈ, ਭਾਈ !  ਜਿਸੁ ਜੋਤੀ ਜੋਤਿ ਮਿਲਾਇ ॥ (ਮਹਲਾ ੩/੬੦੨)

ਭਾਵ ਹੇ ਭਾਈ ! (ਅਸਲ ’ਚ) ਓਹੀ ਸੱਚਾ ਗੁਰੂ ਹੈ, ਜੋ ਸਿੱਖ ਦੀ ਜੋਤਿ ਨੂੰ ਜੋਤੀ ’ਚ ਮਿਲਾ ਦੇਵੇ।

ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥ (ਮਹਲਾ ੩/੧੧੩੧)

ਭਾਵ ਗੁਰੂ-ਸ਼ਬਦ ’ਚੋਂ ਤੱਤ-ਗਿਆਨ ਨੂੰ ਵਿਚਾਰ ਕੇ (ਸਿੱਖ; ਆਪਣੀ) ਜੋਤਿ ਨੂੰ ਜੋਤੀ ’ਚ ਮਿਲਾ ਲੈਂਦਾ ਹੈ।

ਨਾਨਕ  ! ਹਰਿ ਭਗਤਿ ਪਰਾਪਤਿ ਹੋਈ; (ਫਿਰ) ਜੋਤੀ ਜੋਤਿ ਸਮਾਇ ॥ (ਮਹਲਾ ੩/੧੧੩੨) ਆਦਿ।

ਗੁਰੂ ਰਾਮਦਾਸ ਜੀ

ਨਾਨਕ  ! ਦਾਤਿ ਕਰੀ ਪ੍ਰਭਿ+ਦਾਤੈ (ਨੇ, ਫਿਰ) ਜੋਤੀ ਜੋਤਿ ਸਮਾਣੀ ॥ (ਮਹਲਾ ੪/੪੪੨)

ਨਾਨਕ  ! ਪ੍ਰਭੁ ਪਾਇਆ, ਸਬਦਿ (ਗੁਰੂ ਸ਼ਬਦ ਨੇ) ਮਿਲਾਇਆ; ਜੋਤੀ ਜੋਤਿ ਮਿਲਾਈ ॥ (ਮਹਲਾ ੪/੭੭੬)

ਜੋਤੀ ਜੋਤਿ ਮਿਲਾਇ (ਕੇ) ਜੋਤਿ ਰਲਿ ਜਾਵਹਗੇ ॥ (ਮਹਲਾ ੪/੧੩੨੧) ਆਦਿ।

ਗੁਰੂ ਅਰਜਨ ਸਾਹਿਬ ਜੀ

ਜਲ ਤਰੰਗੁ; ਜਿਉ ਜਲਹਿ ਸਮਾਇਆ ॥  ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥ (ਮਹਲਾ ੫/੧੦੨)

ਜਿਉ ਜਲ ਮਹਿ; ਜਲੁ ਆਇ (ਕੇ) ਖਟਾਨਾ (ਮਿਲਦਾ) ॥  ਤਿਉ, ਜੋਤੀ ਸੰਗਿ ਜੋਤਿ ਸਮਾਨਾ ॥ (ਸੁਖਮਨੀ/ਮਹਲਾ ੫/੨੭੮)

ਜੋਤੀ ਜੋਤਿ ਰਲੀ; ਸੰਪੂਰਨੁ ਥੀਆ (ਪੂਰਾ ਸਫਰ ਹੋਇਆ) ਰਾਮ ॥ (ਮਹਲਾ ੫/੮੪੬) ਆਦਿ।

ਸੋ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਗੁਰਸਿੱਖ ਦੀ ਆਤਮਾ; ‘ਜੋਤਿ ਸਰੂਪ’ ’ਚ ਲੀਨ ਹੁੰਦੀ ਹੈ, ਜੋ ਇਸ ਦਾ ਸਰੋਤ ਹੈ।

ਜਵਾਬ () : ਆਤਮਾ ਨੂੰ ਸਜ਼ਾ ਦੇਣ ਲਈ ਮਨੂ ਸਿਮ੍ਰਿਤੀ ’ਚ 21 ਨਰਕ ਕੁੰਡ ਦੱਸੇ ਗਏ, ਭਾਗਵਤ ’ਚ 28 ਅਤੇ ਬ੍ਰਹਮ ਵੈਵਰਤ ਪੁਰਾਣ ’ਚ 86 ਨਰਕ ਕੁੰਡਾਂ ਦਾ ਜ਼ਿਕਰ ਹੈ। ‘ਰੂਹ’ ਨੂੰ ਸਜ਼ਾ ਦੇਣ ਲਈ ਪਾਰਸੀ ਦਾ ਨਰਕ ਕੁੰਡ; ਦੁਜੋਤਮਨ ਹੈ। ਇਸਲਾਮ ਦਾ ਪੁਰਸਲਾਤ (ਦੋਜ਼ਖ਼ ਦੀ ਅੱਗ ’ਤੇ ਬਣਿਆ ਪੁਲ) ਆਦਿ, ਪਰ ਗੁਰਮਤਿ ਅਨੁਸਾਰ ਆਤਮਾ ਕੋਈ ਸਜ਼ਾ ਨਹੀਂ ਭੋਗਦੀ, ਇਸ ਲਈ ਮਰਨ ਤੋਂ ਬਾਅਦ ਇਸ ਦੀ ਮੁਕਤੀ ਲਈ ਕੋਈ ਧਾਰਮਕ ਰਸਮ ਕਰਨ ਦੀ ਜ਼ਰੂਰਤ ਹੈ। ਇਹ ਵਾਕ ‘‘ਧਰਮ ਰਾਇ ਨੋ ਹੁਕਮੁ ਹੈ; ਬਹਿ (ਕੇ) ਸਚਾ ਧਰਮੁ ਬੀਚਾਰਿ   ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ’’ (ਮਹਲਾ /੩੯) ਵੀ ਸਨਾਤਨ ਧਰਮ ’ਚੋਂ ਲਈ ਗਈ ਇੱਕ ਮਿਸਾਲ ਮਾਤਰ ਹੈ, ਨਾ ਕਿ ਸਿੱਖਾਂ ਜਾਂ ਗ਼ੈਰ ਸਿੱਖਾਂ ਲਈ ਗੁਰਮਤਿ ਦਾ ਸਿਧਾਂਤ ਹੈ। ਗੁਰਬਾਣੀ ਕਿਸੇ ਕਾਲਪਨਿਕ ਧਰਮਰਾਜ ਨੂੰ ਹੀ ਨਹੀਂ ਮੰਨਦੀ। ਗੁਰਬਾਣੀ ਦਾ ਨਰਕ ਆਵਾਗਮਣ ਹੈ ਭਾਵ ਸਰੀਰ ਧਾਰ ਕੇ ਹੀ ਕੀਤੇ ਬੁਰੇ ਕਰਮਾਂ ਅਨੁਸਾਰ ਕਸ਼ਟ ਭੋਗਣੇ ਨਰਕ ਹੈ। ਜ਼ਰਾ ਸੋਚੋ ਕਿ ਜੁੜਵੇਂ ਬੱਚੇ, ਜੋ ਗਰਭ ਦੌਰਾਨ 9 ਮਹੀਨੇ; ਖ਼ੂਨ, ਖ਼ੁਰਾਕ, ਸੁਆਸ ਇੱਕੋ ਥਾਂ ਤੋਂ ਲੈਂਦੇ ਰਹੇ, ਫਿਰ ਪੈਦਾ ਹੁੰਦਿਆਂ ਉਨ੍ਹਾਂ ਦੇ ਵਿਚਾਰਾਂ ’ਚ ਅੰਤਰ ਕਿਉ ਆ ਜਾਂਦਾ ਹੈ ?

ਗੁਰਬਾਣੀ ’ਚ ਕਈ ਵਾਰ ਜੀਉ ਸ਼ਬਦ ਦਾ ਅਰਥ ਵੀ ਆਤਮਾ ਹੈ। ਇਸ ਦਾ ਬਹੁ ਵਚਨ ਰੂਪ ‘ਜੀਅ (ਜਿੰਦਾਂ) ਹੈ, ਪਰ ਇੱਕ ਵਚਨ ਜੀਉ ਨਾਲ ਜਦ ਕੋਈ ਸੰਬੰਧਕੀ ‘ਕਾ, ਕੇ, ਕੀ’ ਆਵੇ ਤਾਂ ਵੀ ਜੀਉ ਤੋਂ ਜੀਅ (ਬਹੁ ਵਚਨ ਸਰੂਪ ਵਰਗਾ) ਬਣ ਜਾਂਦਾ ਹੈ, ਜੋ ਹੁੰਦਾ ਇੱਕ ਵਚਨ ਹੀ ਹੈ; ਜਿਵੇਂ ਕਿ

ਹਰਿ (ਨੇ);  ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥ (ਅਨੰਦ/ਮਹਲਾ ੩/੯੨੨) (ਜੀਉ ਭਾਵ ਆਤਮਾ)

ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ (ਮਹਲਾ ੫/੫੧੯) (ਜੀਅ ਭਾਵ ਜਿੰਦ/ਇੱਕ ਵਚਨ, ਨਾ ਕਿ ਬਹੁ ਵਚਨ)

ਹੁਕਮੀ; ਹੋਵਨਿ ਆਕਾਰ (ਭਾਵ ਜੀਵ-ਜੰਤ)..॥ (ਜਪੁ)

ਹੁਕਮੀ; ਹੋਵਨਿ ਜੀਅ (ਭਾਵ ਉਨ੍ਹਾਂ ਜੀਵ-ਜੰਤਾਂ ’ਚ ਜਿੰਦਾਂ).. ॥ (ਜਪੁ) (ਜੀਅ ਭਾਵ ਜਿੰਦਾਂ/ਬਹੁ ਵਚਨ)

ਅੰਤ ’ਚ ਰੱਬ ਦੀ ਸਰਬ ਵਿਆਪਕਤਾ ‘ਤੱਤ ਸਰੂਪ’ ਜਾਂ ‘ਗੁਣ ਸਰੂਪ’ ਜਾਂ ‘ਪ੍ਰਤਿਬਿੰਬ ਸਰੂਪ’ ਦੁਬਿਧਾ ਨੂੰ ਸੰਖੇਪ ’ਚ ਵਿਚਾਰਨਾ ਜ਼ਰੂਰੀ ਹੈ :

(1). ਤੱਤ ਸਰੂਪ : ਕੁਝ ਸਿੱਖ; ਇਸ ਪਾਵਨ ਵਾਕ ‘‘ਪਵਨੈ ਮਹਿ; ਪਵਨੁ ਸਮਾਇਆ   ਜੋਤੀ ਮਹਿ; ਜੋਤਿ ਰਲਿ ਜਾਇਆ ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ  ? (ਮਹਲਾ /੮੮੫) ਭਾਵ ਸਰੀਰ ’ਚੋਂ ਪ੍ਰਾਣ ਨਿਕਲਣ ਤੋਂ ਬਾਅਦ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ, ਕੋਈ ਆਤਮਾ ਨਹੀਂ ਬਚਦੀ; ਆਖਦੇ ਹਨ, ਪਰ ਸਚਾਈ ਇਹ ਹੈ ਕਿ ਇਹ ਸਿੱਖ; ਆਪਣੀ ਮਨਮਤ ਨੂੰ ਛੁਪਾਉਣ ਲਈ ਇਸੇ ਵਾਕ ਦੀ ਤੁਕ ‘‘ਜੋਤੀ ਮਹਿ; ਜੋਤਿ ਰਲਿ ਜਾਇਆ ’’ ਨੂੰ ਛੁਪਾ ਲੈਂਦੇ ਹਨ। ਭੋਲ਼ੀ ਭਾਲ਼ੀ ਸੰਗਤ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ। ਕੀ ਇਹ ਤੁਕ ਗੁਰਮਤਿ ਸਿਧਾਂਤ ਦਾ ਭਾਗ ਨਹੀਂ ? ਗੁਰਬਾਣੀ ਦੇ ਇੱਕੋ ਸ਼ਬਦ ’ਚੋਂ ਇੱਕ ਬੰਦ ਨੂੰ ਵੀ ਪੂਰਾ ਨਾ ਵਿਚਾਰਨਾ; ਆਪਣੀ ਮਨਮਤ ਨੂੰ ਜੀਵਤ ਰੱਖਣਾ ਹੈ। ਜੇ ਸਮੁੱਚਾ ਸ਼ਬਦ ਗੁਰਮਤਿ ਅਨੁਸਾਰ ਵਿਚਾਰੀਏ ਤਾਂ ਇਸ ਮਨਮਤੀ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।

ਉਕਤ ਸ਼ਬਦ ਦੀ ‘ਰਹਾਉ’ ਤੁਕ ਹੈ ‘‘ਕਉਨੁ ਮੂਆ ਰੇਕਉਨੁ ਮੂਆ ?   ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ਭਾਵ ਇਸ ਵਿੱਚ ਕਿਸੇ ਦੇ ਮਰਨ ’ਤੋਂ ਬਾਅਦ ਰੋਣ-ਕੁਰਲਾਉਣ ਪ੍ਰਸੰਗ ਚੱਲਦਾ ਪਿਆ ਹੈ, ਇਸ ਲਈ ਪੂਰੇ ਸ਼ਬਦ ’ਚ ਸਮਝਾਇਆ ਗਿਆ ਹੈ ਕਿ ਆਤਮਾ ਮਰਦਾ ਨਹੀਂ, ਜਿਸ ਲਈ ਤੁਸੀਂ ਰੋਂਦੇ ਪਏ ਹੋ। ਮਰਨ ਉਪਰੰਤ ਪੰਜੇ ਤੱਤ; ਆਪਣੇ-ਆਪਣੇ ਤੱਤਾਂ ’ਚ ਜਾ ਮਿਲੇ ਅਤੇ ਜੋਤਿ; ਜੋਤੀ ’ਚ ਜਾ ਰਲ਼ੀ। ਤੁਸੀਂ ਕਿਸ ਨੂੰ ਰੋਂਦੇ ਪਏ ਹੋ ? ਸਰੀਰਕ ਮੌਤ; ਆਤਮਾ ਦੀ ਮੌਤ ਨਹੀਂ। ਇਹੀ ਪ੍ਰਸੰਗ ਕਬੀਰ ਜੀ ਦੇ ਇਸ ਵਾਕ ’ਚ ਹੈ ‘‘ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ  ?’’ (ਭਗਤ ਕਬੀਰ/੧੩੫੦) ਭਾਵ ਮ੍ਰਿਤਕ ਸਰੀਰ-ਮਾਸ ਨੂੰ ਹਲਾਲ (ਖ਼ੁਦਾ ਨੂੰ ਮਨਜ਼ੂਰ) ਕਹਿਣਾ ਜਾਂ ਉਸ ਲਈ ਰੋਣਾ; ਦੋਵੇਂ ਇੱਕ ਸਮਾਨ ਹਨ, ਗ਼ਲਤ ਹਨ।

ਗੁਰੂ ਅਮਰਦਾਸ ਜੀ ਦੇ ਅੰਤਿਮ ਵਚਨ, ਜੋ ਬਾਬਾ ਸੁੰਦਰ ਜੀ ਦੁਆਰਾ ਕਲਮਬੰਦ ਕੀਤੇ ਗਏ, ਉਨ੍ਹਾਂ ’ਚ ਗੁਰੂ ਜੀ ਦਾ ਸੰਦੇਸ਼ ਹੈ, ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ਸਤਿਗੁਰਿ (ਨੇ) ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੩)  ਇੱਥੇ ਵੀ ਰੋਣ ਨੂੰ ਅਰਥਹੀਣ ਦੱਸਿਆ ਹੈ। ਹੁਣ ਜੇ ਆਤਮਾਨਹੀਂ ਤਾਂ ਗੁਰੂ ਜੀ ਅੰਤਿਮ ਸੁਆਸ ਲੈਂਦਿਆਂ ਕਿਸ ਹਰੀ ਕੋਲ਼ ਜਾ ਰਹੇ ਹਨ ‘‘ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’  ?

ਗੁਰਬਾਣੀ ‘ਪੰਜ ਤੱਤਾਂ’ ਨੂੰ ਅਲੱਗ ਅਤੇ ‘ਜੋਤਿ’ ਨੂੰ ਅਲੱਗ ਮੰਨਦੀ ਹੈ‘‘ਪੰਚ ਤਤ ਰਚਿ (ਨੇ) ਜੋਤਿ ਨਿਵਾਜਿਆ ’’ (ਮਹਲਾ /੧੩੩੭) ਇਸ ਲਈ ‘ਜੋਤਿ/ਆਤਮਾ’ ਨੂੰ ਅਣਡਿੱਠ ਕਰਨਾ ਮਨਮਤ/ਮਨਹੱਠ ਹੈ।

(2). ਗੁਣ ਰੂਪ ਰੱਬ: ਕੁੱਝ ਸਿੱਖ; ‘ਗੁਣੀ ਨਿਧਾਨ, ਗੁਣਤਾਸੁ ਜਾਂ ਗੁਣ ਕਹਿ ਗੁਣੀ ਸਮਾਵਣਿਆ ’’  ਸ਼ਬਦਾਂ ਕਾਰਨ ਰੱਬ ਨੂੰ ਕੇਵਲ ਗੁਣ ਰੂਪ ਸਰਬ ਵਿਆਪਕ ਰੱਬ ਮੰਨਦੇ ਹਨ, ਪਰ ਗੁਰੂ ਨਾਨਕ ਜੀ ਇਸ ਵਾਕ ’ਚ ‘ਮੂਰਖ’ ਅਤੇ ਸਿਆਣੇ’ ਦੋਵਾਂ ਅੰਦਰ ਰੱਬੀ ਜੋਤਿ ਮੰਨ ਰਹੇ ਹਨ ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ’’ (ਮਹਲਾ /੧੦੧੫)

 (3). ਪ੍ਰਤਿਬਿੰਬ ਰੂਪ ਰੱਬ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ ਪ੍ਰਤਿਬਿੰਬ ਰੂਪ ਸਰਬ ਵਿਆਪਕ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਅਕਸ (ਪਰਛਾਵਾਂ) ਵਿਖਾਈ ਦਿੰਦਾ ਹੈ, ਪਰ ਗੁਰਬਾਣੀ; ਅਕਸ ਅਤੇ ਜੋਤਿ ਨੂੰ ਵੱਖਰਾ-ਵੱਖਰਾ ਮੰਨਦੀ ਪਈ ਹੈ ‘‘ਹਭ ਸਮਾਣੀ ਜੋਤਿ; ਜਿਉ ਜਲ ਘਟਾਊ ਚੰਦ੍ਰਮਾ ’’ (ਮਹਲਾ /੧੦੯੯)  ਭਾਵ ਰੱਬ ਦੀ ਜੋਤਿ ਹਰ ਥਾਂ ਇਉਂ ਸਮਾਈ ਹੋਈ ਹੈ; ਜਿਵੇਂ ਪਾਣੀ ਦੇ ਘੜਿਆਂ ’ਚ ਚੰਦ੍ਰਮਾ ਦਾ ਪ੍ਰਤਿਬਿੰਬ, ਇਸ ਲਈ‘‘ਐਸੋ ਰਾਮ ਰਾਇ ਅੰਤਰਜਾਮੀ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ) ਰਹਾਉ ਪਾਨੀ ਮਾਹਿ; ਦੇਖੁ ਮੁਖੁ ਜੈਸਾ ਨਾਮੇ ਕੋ ਸੁਆਮੀ; ਬੀਠਲੁ ਐਸਾ ’’ (ਭਗਤ ਨਾਮਦੇਵ/੧੩੧੮ਵਾਕ ਦਾ ਇਹ ਮਤਲਬ ਨਹੀਂ ਕਿ ਰੱਬ ਪ੍ਰਤਿਬਿੰਬ ਰੂਪ ’ਚ ਸਰਬ ਵਿਆਪਕ ਹੈ ਬਲਕਿ ਇੱਥੇ ਰੱਬ ਦੇ ਅੰਤਰਯਾਮੀ ਸੁਭਾਅ ਨੂੰ ਪਾਣੀ ਅਤੇ ਸ਼ੀਸ਼ੇ ਦੀ ਮਿਸਾਲ ਨਾਲ ਸਮਝਾਇਆ ਗਿਆ ਹੈ ਕਿ ਰੱਬ ਦਿਲ ਦੀ ਹਰ ਗੱਲ ਇਉਂ ਇੰਨ-ਬਿੰਨ ਵੇਖਦਾ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਸਭ ਕੁਝ ਹੂ-ਬਹੂ ਵਿਖਾਈ ਦਿੰਦਾ ਹੈ।

ਅੰਤ ’ਚ ਹਥਲੇ ਵਿਸ਼ੇ ’ਚ ‘ਰੱਬ ਦੀ ਹੋਂਦ, ਨਿਵਾਸ ਸਥਾਨ ਅਤੇ ਉਸ ਦੇ ਗੁਣ’ ਬਾਰੇ ਤੱਤ-ਸਾਰ ਇਹੀ ਹੈ ਕਿ ਰੱਬ ਦੀ ਹੋਂਦ ‘ਅਦ੍ਰਿਸ਼, ਨਿਰਾਕਾਰ, ਸਦੀਵੀ ਸਥਿਰ, ਅਸੀਮ ਸ਼ਕਤੀ’ ਹੈ।, ਉਸ ਦਾ ਨਿਵਾਸ ਸਥਾਨ; ਕਣ-ਕਣ ਵਿੱਚ ਜੋਤਿ ਸਰੂਪ ਵਜੋਂ ਸਰਬ ਵਿਆਪਕ ਹੈ।, ਹਰ ਪਸ਼ੂ, ਹਰ ਜਾਨਵਰ ਤੇ ਹਰ ਮਨੁੱਖ ਦਾ ਸੁਭਾਅ ਹੀ ਉਸ ਦੇ ਗੁਣ ਹਨ। ਕੁਦਰਤਿ; ਉਸ ਦਾ ਬਾਹਰੀ ਤੇ ਚਲਾਇਮਾਨ ਰੂਪ ਹੈ। ਰੱਬ ਦਾ ਹੁਕਮ ਹੀ ਕੁਦਰਤਿ ਦਾ ਨਿਯਮ ਹੈ, ਜੋ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ। ਇਨ੍ਹਾਂ ਦੇ ਆਪਸੀ ਸੰਘਰਸ਼ ਨੂੰ ਹੀ ਜਗਤ ਖੇਡ ਨਾਂ ਦਿੱਤਾ ਗਿਆ ਹੈ।

ਕੁਦਰਤਿ ਦੇ ਮੁਕਾਬਲੇ ਰੱਬ ਬੇਸ਼ੁਮਾਰ ਸ਼ਕਤੀ ਅਤੇ ਵਿਸ਼ਾਲ ਗੁਣਾਂ ਦਾ ਮਾਲਕ ਹੈ। ਉਸ ਦੇ ਗੁਣਾਂ ਨੂੰ ਸਦਾ ਵਿਚਾਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੇ ਵਜੂਦ ਦੀ ਹੈਸੀਅਤ ਦਾ ਪਤਾ ਲੱਗਦਾ ਰਹੇ, ਜਿਸ (ਮੈਂ-ਮੇਰੀ) ਕਾਰਨ ਵਿਕਾਰ ਉਪਜਦੇ ਹਨ। ਜੋ ਰੱਬ ਨੂੰ ਜੋਤਿ ਸਰੂਪ ਜਾਣ ਕੇ ਸਿਮਰਨ ਕਰਦਾ ਹੈ, ਉਸ ਦੇ ਮਨ ’ਤੇ ਰੱਬੀ ਪਿਆਰ ਅਤੇ ਉਸ ਦੇ ਡਰ-ਅਦਬ ਦਾ ਪ੍ਰਭਾਵ ਪੈਂਦਾ ਜਾਏਗਾ, ਪਰ ਜੋ ‘ਤੱਤ-ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦਾ ਮਨ; ਕਿਸੇ ਵਿਸ਼ਵਾਸ ਜਾਂ ਡਰ-ਅਦਬ ਨੂੰ ਨਹੀਂ ਮੰਨੇਗਾ (ਫਿਰ ਮਨ ਕਾਬੂ ਕਿਵੇਂ ਹੋਣਾ ਹੈ ?)। ਜੋ ਰੱਬ ਨੂੰ ‘ਗੁਣ ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦੇ ਅੰਦਰ ਦੂਸਰਿਆਂ ਪ੍ਰਤੀ ਹੀਣ ਭਾਵਨਾ ਬਣੀ ਰਹੇਗੀ। ਜੋ ਰੱਬ ਨੂੰ ਪ੍ਰਤਿਬਿੰਬ ਰੂਪ ਜਾਣ ਕੇ ਉਸ ਦਾ ਸਿਮਰਨ ਕਰੇਗਾ ਉਹ, ਰੱਬ ਦੇ ਨਾਲ ਆਪਣੇ ਆਪ ਨੂੰ ਕਦੇ ਨਹੀਂ ਪਰਖ ਸਕਦਾ।

ਜਪੁ ਬਾਣੀ ’ਚ ਗੁਰੂ ਨਾਨਕ ਜੀ ਦਾ ਇਹ ਵਚਨ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ   ਵਿਣੁ ਗੁਣ ਕੀਤੇ; ਭਗਤਿ ਹੋਇ ੨੧’’ (ਜਪੁ)  ਭਾਵ ਹੇ ਪ੍ਰਭੂ ! ਮੇਰੇ ਅੰਦਰਲੇ ਸਾਰੇ ਗੁਣ ਤੇਰੇ (ਦੁਆਰਾ ਬਖ਼ਸ਼ੇ ਹੋਏ ਹਨ) ਮੇਰੀ ਕੋਈ ਸਮਰੱਥਾ ਨਹੀਂ ਸੀ (ਕਿ ਇਨ੍ਹਾਂ ਨੂੰ ਗ੍ਰਹਿਣ ਕਰ ਸਕਦਾ) ਤੇਰੇ ਇਸ ਉਪਕਾਰ ਤੋਂ ਬਿਨਾਂ, ਮੈਥੋਂ ਤੇਰੀ ਭਗਤੀ ਨਹੀਂ ਹੋਣੀ ਸੀ।

ਗੁਰੂ ਅਰਜਨ ਸਾਹਿਬ ਜੀ ਦੇ ਇਹ ਵਚਨ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ   ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਭਾਵ ਹੇ ਪ੍ਰਭੂ ! ਤੇਰਾ ਕੀਤਾ (ਮੇਰੇ ’ਤੇ) ਉਪਕਾਰ; ਮੈਂ ਜਾਣ ਨਹੀਂ ਸਕਦਾ। ਤੈਂ ਆਪ ਹੀ ਮੈਨੂੰ ਇਸ ਯੋਗ ਬਣਾਇਆ (ਕਿ ਮੈਂ ਆਦਿ ਗ੍ਰੰਥ ਜੀ ਨੂੰ ਸੰਪੂਰਨ ਆਦਿਕ ਕਾਰਜ ਕਰ ਸਕਿਆ) ਮੇਰੇ ਗੁਣਹੀਣ ’ਚ ਕੋਈ ਸਮਰੱਥਾ ਨਹੀਂ ਸੀ। ਤੈਨੂੰ ਆਪ ਹੀ (ਮਾਨਵਤਾ ’ਤੇ) ਰਹਿਮ ਹੋਇਆ (ਤੇ ਮੈਥੋਂ ਇਹ ਸਭ ਕਾਰਜ ਸੰਪੂਰਨ ਕਰਾ ਲਏ)। ਕੀ ਇਹ ਦੋਵੇਂ ਵਾਕ ਰੱਬ ਨੂੰ ‘ਜੋਤਿ ਸਰੂਪ’ ਸਿੱਧ ਕਰਦੇ ਹਨ ਜਾਂ ‘ਤੱਤ ਸਰੂਪ’; ਇਸ ਦਾ ਫ਼ੈਸਲਾ ਆਪ ਨੇ ਕਰਨਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਜਾਂ ਖ਼ਤਮ ਕਰਨਾ; ਵਿਅਕਤੀਗਤ ਅਧਿਕਾਰ ਹੈ।

ਜ਼ਰੂਰੀ ਸੂਚਨਾ : ਪਾਠਕ; ਗੁਰਬਾਣੀ ਦੇ ਹਵਾਲੇ ਨਾਲ ਇਸ ਵਿਸ਼ੇ ਬਾਰੇ ਆਪਣੇ ਸੁਝਾਅ ਹੇਠਾਂ ਟਿੱਪਣੀ ’ਚ ਦੇਣ ਤਾਂ ਖ਼ੁਸੀ ਹੋਵੇਗਾ, ਜੀ। ਜੇ ਆਪ ਇਸ ਵਿਸ਼ੇ ਨਾਲ ਸਹਿਮਤ ਹੋ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ।

1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

3. ਆਤਮਾ ਬਨਾਮ ਅੰਤਹਕਰਣ

4. ਆਤਮ ਪ੍ਰਕਾਸ਼