ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

0
249

ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਸਮਾਂ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਮੈਨੂੰ ਇੱਕ ਸੂਝਵਾਨ ਸੱਜਣ ਨੇ ਦੱਸਿਆ ਕਿ ਮਹਾਂਭਾਰਤ ਦੇ ਅਖੀਰ ਵਿਚ ਲਿਖਿਆ ਹੈ- ਜਦੋਂ ਭਗਵਾਨ ਕ੍ਰਿਸ਼ਨ ਕੌਰਵਾਂ ਦੀ ਹਾਰ ਤੋਂ ਬਾਅਦ ਜੰਗਲ ਵਿਚ ਆਪਣੇ ਗੁਰੂ ਨੂੰ ਮਿਲਣ ਗਏ ਤਾਂ ਉਨ੍ਹਾਂ ਨੇ ਸਾਰੀ ਗਾਥਾ ਸੁਣ ਕੇ ਕ੍ਰਿਸ਼ਨ ਜੀ ਨੂੰ ਕਿਹਾ ਕਿ ਤੈਨੂੰ ਤਾਂ ਕੌਰਵਾਂ ਪਾਂਡਵਾਂ ਵਿਚ ਮੇਲ ਮਿਲਾਪ ਕਰਵਾਉਣਾ ਚਾਹੀਦਾ ਸੀ, ਜੰਗ ਕਿਉਂ ਕਰਵਾਈ ? ਇਸ ਉੱਤੇ ਕ੍ਰਿਸ਼ਨ ਜੀ ਦਾ ਜਵਾਬ ਸੀ, ‘ਮੇਰਾ ਇਕ ਰੂਪ ਸਿਆਸਤਦਾਨ ਦਾ ਹੈ। ਸਿਆਸਤ ਵਿਚ ਤਾਂ ਇਹੋ ਕੁੱਝ ਹੁੰਦਾ ਹੈ। ਜਦੋਂ ਇਕ ਦਾ ਸਾਥ ਦਿਉ ਤਾਂ ਦੂਜੇ ਨੂੰ ਹਰ ਹਾਲ ਹਰਾਉਣਾ ਹੀ ਹੁੰਦਾ ਹੈ। ਜਿਸ ਨੂੰ ਜਿਤਾਉਣਾ ਹੋਵੇ, ਉਸ ਦੀਆਂ ਮਾੜੀਆਂ ਗੱਲਾਂ ਉੱਤੇ ਪਰਦਾ ਪਾਉਣਾ ਪੈਂਦਾ ਹੈ।’

ਮੇਰੇ ਪਿਤਾ ਜੀ ਨੇ ਵੀ ਇਕ ਵਾਰ 70-80 ਸਾਲ ਪੁਰਾਣੀ ਛਪੀ ਇਕ ਕਿਤਾਬ ਵਿੱਚੋਂ ਕੁੱਝ ਸਤਰਾਂ ਪੜ੍ਹ ਕੇ ਸੁਣਾਈਆਂ ਸਨ। ਉਨ੍ਹਾਂ ਦਾ ਸਾਰ ਅੰਸ਼ ਕੁੱਝ ਇੰਜ ਸੀ- ‘ਸਿਆਸਤ ਇਕ ਡੂੰਘੀਆਂ ਜੜ੍ਹਾਂ ਵਾਲੇ ਦਰਖਤ ਵਾਂਗ ਹੁੰਦੀ ਹੈ। ਦਰਖਤ ਦੀਆਂ ਜੜ੍ਹਾਂ ਤੇ ਟਾਹਣੀਆਂ ਉਹੀ ਰਹਿੰਦੀਆਂ ਹਨ। ਰੁੱਤ ਦੇ ਬਦਲਣ ਨਾਲ ਪੁਰਾਣੇ ਪੱਤੇ ਝੜ ਜਾਂਦੇ ਹਨ ਤੇ ਨਵੇਂ ਪੱਤੇ ਪੁੰਗਰ ਪੈਂਦੇ ਹਨ। ਕੁੱਝ ਚਿਰ ਤਾਂ ਲੱਗਦਾ ਹੈ ਕਿ ਪਹਿਲੇ ਮੁਰਝਾ ਚੁੱਕੇ ਪੱਤਿਆਂ ਨਾਲ ਇਹ ਖਿੜੇ ਤੇ ਧੋਤੇ ਨਵੇਂ ਨਕੋਰ ਪੱਤੇ ਕੁੱਝ ਵੱਖ ਹੋਣਗੇ। ਪਰ ਝਟਪਟ ਦਿਸਣ ਲੱਗ ਪੈਂਦਾ ਹੈ ਕਿ ਇਹ ਬਿਲਕੁਲ ਪਹਿਲਾਂ ਵਰਗੇ ਹੀ ਪੱਤੇ ਹਨ। ਬਿਲਕੁਲ ਉਹੀ ਰੰਗ-ਰੂਪ, ਉਸੇ ਹੀ ਤਰ੍ਹਾਂ ਦੀ ਬਣਤਰ, ਇੱਥੋਂ ਤਕ ਕਿ ਪੱਤਿਆਂ ਵਿਚਲੀਆਂ ਲਾਈਨਾਂ ਵੀ ਪਹਿਲੇ ਪੱਤਿਆਂ ਵਾਂਗ ਹੀ ਹਨ। ਹਰ ਸਾਲ ਪਤਝੜ ਬਹਾਰ ਤੋਂ ਬਾਅਦ ਭਾਵੇਂ ਹਰ ਕਿਸੇ ਨੂੰ ਨਵੇਂ ਪੱਤਿਆਂ ਲਈ ਉਮੀਦ ਬਣੀ ਰਹਿੰਦੀ ਹੈ। ਪਰ ਹਾਸਲ ਕੁੱਝ ਵੱਖ ਨਹੀਂ ਹੁੰਦਾ। ਸਿਆਸਤ ਦੇ ਬੂਟੇ ਦੀ ਖਾਦ ਹੁੰਦੀ ਹੈ ‘ਝੂਠ’। ਜਿੰਨੀ ਵੱਧ ਖਾਦ, ਓਨੇ ਹੀ ਵੱਧ ਫਲ ਤੇ ਪੱਤੇ।’

ਹੁਣ ਇਕ ਤੀਜੀ ਉਦਾਹਰਣ ਵੱਲ ਝਾਤ ਮਾਰੀਏ। ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਜ਼ ਅਨੁਸਾਰ ਸਫਲਤਾ ਦਾ ਮੰਤਰ ਸੀ, ਜਿੰਨੀ ਵੱਧ ਵਾਰ ਝੂਠ ਨੂੰ ਦੁਹਰਾਇਆ ਜਾਏ, ਉਨ੍ਹਾਂ ਹੀ ਉਹ ਸੱਚ ਜਾਪਣ ਲੱਗ ਪੈਂਦਾ ਹੈ। ਇਸੇ ਲਈ ਸਿਆਸਤ ਵਿਚ ਕੋਈ ਵੀ ਇਕ ਗੱਲ ਜੋ ਦੂਜੀ ਧਿਰ ਨੂੰ ਢਾਹੁਣ ਲਈ ਕਾਰਗਰ ਸਾਬਤ ਹੋ ਰਹੀ ਹੋਵੇ (ਭਾਵੇਂ ਝੂਠੀ ਹੀ ਹੋਵੇ), ਵੱਡੀ ਪੱਧਰ ’ਤੇ ਦੁਹਰਾਈ ਜਾਂਦੀ ਹੈ। ਇਹੋ ਫਾਰਮੂਲਾ ਹੁਣ ਵੀ ਅਜ਼ਮਾਇਆ ਜਾ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਅਜ਼ਮਾਇਆ ਜਾਵੇਗਾ। ਦਰਅਸਲ, ਸਿਆਸਤ ਵਿਚ ਸਿਰਫ਼ ਖਿਡਾਰੀ ਬਦਲਦੇ ਹਨ, ਖੇਡ ਨਹੀਂ ਬਦਲਦੀ। ਇਹ ਦਸਤੂਰ ਸਦੀਆਂ ਤੋਂ ਚਲਦਾ ਆ ਰਿਹਾ ਹੈ।

ਜਿੰਨ੍ਹਾਂ ਕੋਈ ਵੱਧ ਝੂਠ ਬੋਲ ਸਕਦਾ ਹੋਵੇ, ਵੱਧ ਤਮਾਸ਼ਾ ਕਰ ਕੇ ਜ਼ਿਆਦਾ ਭੀੜ ਇਕੱਠੀ ਕਰ ਸਕਦਾ ਹੋਵੇ, ਪਿਛਲੇ ਸਿਆਸਤਦਾਨਾਂ ਨੂੰ ਸ਼ਬਦ ਭੰਡਾਰ ਦੀਆਂ ਨਿਵਾਣਾਂ ਨਾਲ ਭੰਡ ਸਕਦਾ ਹੋਵੇ, ਅਸ਼ਿਸ਼ਟ ਵਿਹਾਰ ਦੀ ਸਿਖਰ ਛੂਹ ਸਕਦਾ ਹੋਵੇ, ਓਨ੍ਹਾਂ ਹੀ ਉਸ ਦੇ ਜਿੱਤਣ ਦੇ ਆਸਾਰ ਵੱਧ ਹੋ ਜਾਂਦੇ ਹਨ। ਜਿਵੇਂ ਦਰਖ਼ਤ ਨੂੰ ਬਹੁਤੇ ਪਾਣੀ ਦੀ ਲੋੜ ਨਹੀਂ ਹੁੰਦੀ, ਇੰਜ ਹੀ ਜਨਤਾ ਉੱਤੇ ਚੁਣਾਵੀ ਏਜੰਡਿਆਂ ਦੇ ਵਰਕੇ, ਪਾਣੀ ਦੇ ਛਿੱਟੇ ਵਾਂਗ ਤਰੋਂਕ ਦਿੱਤੇ ਜਾਂਦੇ ਹਨ ਤਾਂ ਜੋ ਉਹ ਪਾਣੀ ਵਿਚ ਸਿਰਫ ਭਿੱਜੇ ਹੀ ਮਹਿਸੂਸ ਕਰਨ। ਉਨ੍ਹਾਂ ਦੀ ਪਿਆਸ ਨਾ ਬੁੱਝੇ। ਇਨ੍ਹਾਂ ਏਜੰਡਿਆਂ ਨਾਲ ਕਿਸੇ ਦਾ ਕੁੱਝ ਲੈਣਾ ਦੇਣਾ ਨਹੀਂ ਹੁੰਦਾ। ਇਹ ਸਿਰਫ਼ ਕਿਸੇ ਵੀ ਹਾਲ ਵਿਚ ਵੋਟਾਂ ਹਾਸਲ ਕਰਨ ਦਾ ਜ਼ਰੀਆ ਹੁੰਦੇ ਹਨ।

ਅੱਜ ਦੇ ਦਿਨ ਵੀ ਜੇ ਪੰਜਾਬ ਅੰਦਰ ਝਾਤ ਮਾਰੀਏ ਤਾਂ ਬਥੇਰੇ ਨੌਜਵਾਨ ਫੇਰ ਪੁਰਾਣੇ ਪੱਤੇ ਝੜਨ ਤੇ ਨਵੇਂ ਪੁੰਗਰਨ ਨਾਲ ਉਹੀ ਸਦੀਆਂ ਪੁਰਾਣੀ ਨਵੀਂ ਉਮੀਦ, ਨਵੇਂ ਬਦਲਾਓ ਦੀ ਉਡੀਕ ਵਿਚ ਬੈਠੇ ਹਨ। ਪਰ ਅਸਲੀਅਤ ਕੀ ਹੈ, ਇਹ ਵਾਰ-ਵਾਰ ਕਹਿਣ ਦੀ ਲੋੜ ਨਹੀਂ ਹੈ।

ਜੇ ਮੁੱਖ ਤਿੰਨ ਪਾਰਟੀਆਂ ਨੂੰ ਗਹੁ ਨਾਲ ਵੇਖੀਏ ਤਾਂ ਇਹੋ ਏਜੰਡੇ ਹਨ : ਆਪਣੇ ਆਪ ਨੂੰ ਹੀਰੋ ਸਾਬਤ ਕਰਨਾ, ਕਿਸੇ ਵੀ ਤਰੀਕੇ ਕੁਰਸੀ ਹਾਸਲ ਕਰਨੀ, ਹਰ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਾ, ਜੋ ਨਸ਼ਾ ਅਮਰੀਕਾ ਤੇ ਕੈਨੇਡਾ ਨਹੀਂ ਬੰਦ ਕਰਵਾ ਸਕੇ ਅਤੇ ਦਿੱਲੀ, ਮੁੰਬਈ, ਮਹਾਰਾਸ਼ਟਰ, ਰਾਜਸਥਾਨ, ਗੋਆ ਆਦਿ ਵਿਚ ਧੜੱਲੇ ਨਾਲ ਵਿਕ ਰਿਹਾ ਹੈ, ਉਸ ਨੂੰ ਇਕ ਮਹੀਨੇ ਅੰਦਰ ਪੰਜਾਬ ਵਿਚ ਬੰਦ ਕਰਵਾਉਣ ਦਾ ਹੋਕਾ ਦੇਣਾ, ਟਿਕਟਾਂ ਦੀ ਵੰਡ ਵੇਲੇ ਕਰੋੜਾਂ ਇਕੱਠੇ ਕਰਨੇ, ਲੋਕਾਂ ਦੀ ਭੀੜ ਇਕੱਠੀ ਕਰ ਕੇ ਤੇ ਆਪਣੀ ਤਾਕਤ ਦਿਖਾ ਕੇ ਲੋਕਾਂ ਨੂੰ ਭਰਮਾਉਣਾ, ਸੜਕਾਂ ਦੇ ਕੋਨਿਆਂ ਉੱਤੇ ਆਪੋ ਆਪਣੀਆਂ ਫੋਟੋਆਂ ਦੇ ਫਲੈਕਸ ਲਾ ਕੇ ਆਪਣੀ ਹਾਉਮੈ ਨੂੰ ਪੱਠੇ ਪਾਉਣੇ, ਦੂਜੀਆਂ ਧਿਰਾਂ ਦੇ ਵਿਰੁੱਧ ਡਟ ਕੇ ਭੜਾਸ ਕੱਢਣੀ, ਤਾਕਤ ਵਿਚ ਆਉਣ ਉੱਤੇ ਦੂਜੀ ਪਾਰਟੀ ਵਾਲਿਆਂ ਨੂੰ ਜੇਲ੍ਹਾਂ ਵਿਚ ਡੱਕਣ ਬਾਰੇ ਰੌਲਾ ਪਾਉਣਾ ਅਤੇ ਇਲਜ਼ਾਮਤਰਾਸ਼ੀ ਦੀਆਂ ਹੱਦਾਂ ਪਾਰ ਕਰਨੀਆਂ।

ਲੋਕ ਮੁੱਦੇ ਤਿਆਗ ਕੇ ਘਰੇਲੂ ਕਿਸਮ ਦੇ ਮੁੱਦੇ ਪ੍ਰਚਾਰ ਦਾ ਵਿਸ਼ਾ ਬਣਾਏ ਜਾ ਰਹੇ ਹਨ। ਇਖ਼ਲਾਕ ਗ਼ਾਇਬ ਹੈ। ਕੀ ਕੋਈ ਪਾਰਟੀ ਅਜਿਹੀ ਹੈ ਜਿਸ ਦੇ ਕਿਸੇ ਆਗੂ ਵੱਲੋਂ ਔਰਤਾਂ ਨਾਲ ਛੇੜਛਾੜ ਨਹੀਂ ਕੀਤੀ ਜਾ ਰਹੀ ? ਕੀ ਕਿਸੇ ਪਾਰਟੀ ਵਿਚ ਕੁਰਸੀ ਦੀ ਤਾਕਤ ਵਿਚ ਅੰਨ੍ਹੇ ਹੋ ਕੇ ਪਤਨੀਆਂ ਨੂੰ ਤਲਾਕ ਜਾਂ ਘਰੇਲੂ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾ ਰਿਹਾ ? ਕੀ ਕੋਈ ਪਾਰਟੀ ਉਸ ਦੀਆਂ ਸਫ਼ਾਂ ਵਿਚ ਨਾਜਾਇਜ਼ ਸਬੰਧ ਬਣਾਉਣ ਵਾਲੇ ਆਗੂ ਨਾ ਹੋਣ ਦਾ ਦਾਅਵਾ ਕਰ ਸਕਦੀ ਹੈ ? ਕੀ ਕੋਈ ਪਾਰਟੀ ਲੋਕਾਂ ਵੱਲੋਂ ਇਕੱਠੇ ਕੀਤੇ ਜਾਂ ਰਿਸ਼ਵਤ ਦੇ ਰੂਪ ਵਿਚ ਲਏ ਪੈਸਿਆਂ ਨੂੰ ਪਾਰਟੀ ਫੰਡਾਂ ਦਾ ਨਾਂ ਦੇ ਕੇ ਨਾਜਾਇਜ਼ ਇਸਤੇਮਾਲ ਨਹੀਂ ਕਰ ਰਹੀ ? ਕੀ ਸਾਰੀਆਂ ਪਾਰਟੀਆਂ ਵੱਲੋਂ ਲੋਕਾਂ ਲਈ ਕੀਤੇ ਨਿੱਕੇ ਤੋਂ ਨਿੱਕੇ ਕੰਮਾਂ ਬਦਲੇ ਅਹਿਸਾਨਮੰਦੀ ਨਹੀਂ ਮੰਗੀ ਜਾ ਰਹੀ ? ਹਰ ਪਾਰਟੀ ਵਿਚ ਨਕਲੀ ਡਿਗਰੀਆਂ ਵਾਲੇ ਲੋਕ ਬੈਠੇ ਹਨ- ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ? ਸੱਚਮੁੱਚ ਜਿਸ ਕਿਸਮ ਦਾ ਦੰਭ ਅੱਜ ਕੱਲ੍ਹ ਵੇਖਿਆ ਜਾ ਰਿਹਾ ਹੈ, ਉਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਪਾਰਟੀਆਂ ਨੂੰ ਲੋਕ ਮਸਲਿਆਂ ਦੀ ਸੁੱਧ ਹੀ ਨਹੀਂ। ਉਹ ਸੱਤਾ ਹਥਿਆਉਣ ਤੇ ਪੰਜ ਸਾਲ ਮੌਜਾਂ ਕਰਨ ਦਾ ਟੀਚਾ ਸਾਹਮਣੇ ਰੱਖ ਕੇ ਚੋਣ ਲੜ ਰਹੀਆਂ ਹਨ। ਇਸੇ ਲਈ ਪ੍ਰਚਾਰ ਦੀ ਭਾਸ਼ਾ ਤੇ ਮਿਆਰ ਏਨਾ ਨੀਵਾਂ ਹੈ।

ਨੌਟੰਕੀਬਾਜ਼ਾਂ ਦੀਆਂ ਮਜ਼ਾਕੀਆਂ ਗੱਲਾਂ ਨਾਲ ਦੇਸ਼ ਨਹੀਂ ਉਸਰਿਆ ਕਰਦੇ। ਨਾ ਹੀ ਸੜਕਾਂ ਤੇ ਮੁਫ਼ਤ ਬਿਜਲੀਆਂ ਨਾਲ ਤਰੱਕੀ ਕਰਦੇ ਹਨ। ਦੇਸ਼ ਤਰੱਕੀ ਕਰਦੇ ਹਨ-ਬੁੱਧੀਜੀਵੀਆਂ ਨਾਲ, ਉਸਾਰੂ ਸੋਚ ਨਾਲ, ਕਿਰਤੀਆਂ ਦੀਆਂ ਸਮੱਸਿਆਵਾਂ ਸੁਲਝਾਉਣ ਨਾਲ, ਸਮਾਜ ਦੇ ਸਭ ਵਰਗਾਂ ਦੇ ਉਥਾਨ ਲਈ ਕੰਮ ਕਰਨ ਨਾਲ, ਨਾ ਕਿ ਦੂਜੇ ਨੂੰ ਢਾਹ ਕੇ ਜੇਲ੍ਹਾਂ ਵਿਚ ਡੱਕ ਦੇਣ ਦੇ ਐਲਾਨਾਂ ਨਾਲ। ਜਿਹੜੇ ਮੁਲਕ ਤਰੱਕੀ ਕਰ ਚੁੱਕੇ ਹਨ, ਉੱਥੇ ਦਿਮਾਗ਼ ਵਾਲਿਆਂ ਦੀ ਕਦਰ ਕੀਤੀ ਜਾਂਦੀ ਹੈ, ਖੋਜੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਂਦਾ ਹੈ, ਕਲਮਾਂ ਵਾਲਿਆਂ ਨੂੰ ਸਿਰਾਂ ਉੱਤੇ ਬਿਠਾਇਆ ਜਾਂਦਾ ਹੈ, ਖਿਡਾਰੀਆਂ ਦੀ ਬੱਲੇ-ਬੱਲੇ ਕੀਤੀ ਜਾਂਦੀ ਹੈ, ਮਾਂ ਬੋਲੀ ਨੂੰ ਵਧਣ ਦੀ ਖੁੱਲ ਦਿੱਤੀ ਜਾਂਦੀ ਹੈ ਅਤੇ ਸਾਹਿਤ ਤੇ ਲੇਖਣ ਨੂੰ ਸਰਵੋਤਮ ਥਾਂ ਦਿੱਤੀ ਜਾਂਦੀ ਹੈ। ਉੱਥੇ ਬਾਲਪਣ ਨੂੰ ਇਨਸਾਨੀ ਗੁਣ ਸਿਖਾਏ ਜਾਂਦੇ ਹਨ ਅਤੇ ਸ਼ਖਸ਼ੀਅਤ ਦਾ ਹਿੱਸਾ ਬਣਾਏ ਜਾਂਦੇ ਹਨ, ਪਰ ਅਜਿਹਾ ਏਜੰਡਾ ਤਾਂ ਤਿੰਨਾਂ ਪ੍ਰਮੁੱਖ ਧਿਰਾਂ ਦੀ ਸੋਚ ਦਾ ਅੰਗ ਹੀ ਨਹੀਂ। ਉਨ੍ਹਾਂ ਵਿੱਚੋਂ ਕੋਈ ਵੀ ਨਿਆਰੀ ਜਾਂ ਸੁਥਰੀ ਹੋਣ ਦਾ ਪ੍ਰਭਾਵ ਦੇਣ ਲਈ ਯਤਨਸ਼ੀਲ ਵੀ ਨਹੀਂ।

ਲੋੜ ਹੈ ਕਿ ਅਜਿਹੇ ਲੋਕਾਂ ਨੂੰ ਲੱਭ ਕੇ ਅਗਾਂਹ ਲਿਆਉਣ ਦੀ ਜੋ ਪੁਰਾਣੀ ਸਿਆਸਤ ਦੇ ਦਰਖ਼ਤ ਨੂੰ ਜੜ੍ਹੋਂ ਪੁੱਟ ਕੇ ਅਤੇ ਨਵੇਂ ਬੂਟੇ ਲਾ ਕੇ ਸੂਬੇ ਤੇ ਮੁਲਕ ਨੂੰ ਤਰੱਕੀ ਦੇ ਰਾਹ ਤੋਰ ਸਕਣ। ਕੇਵਲ ਫੇਸਬੁੱਕਾਂ ਉੱਤੇ ਆਪਣਾ ਹੀ ਬਖ਼ਾਨ ਕਰਨ, ਲੱਖਾਂ ਰੁਪਏ ਦੀ ਇਸ਼ਤਿਹਾਰਬਾਜ਼ੀ ਕਰਨ ਜਾਂ ਸੜਕਾਂ ਕੰਢੇ ਫਲੈਕਸਾਂ ਲਾ ਕੇ ਆਪਣੀ ਹਊਮੈ ਨੂੰ ਪੱਠੇ ਪਾਉਣ ਵਾਲਿਆਂ ਵਿੱਚੋਂ ਸਾਨੂੰ ਅਜਿਹੇ ਸੁਥਰੇ ਲੋਕ ਨਹੀਂ ਲੱਭਣਗੇ। ਸਿਆਸਤ ਦਾ ਵੱਖਰਾ ਬੂਟਾ ਲਾਉਣ ਦਾ ਹੁਣ ਸਮਾਂ ਹੈ। ਇਸ ਲਈ ਵੋਟ ਦੇ ਹੱਕ ਦੀ ਸੁਹਜਮਈ ਵਰਤੋਂ ਅਤਿਅੰਤ ਜ਼ਰੂਰੀ ਹੈ।