ਬਾਣੀ ਤੇ ਪਾਣੀ ਦੇ ਵਾਰਸ

0
412

ਬਾਣੀ ਤੇ ਪਾਣੀ ਦੇ ਵਾਰਸ

–ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਜਿਲ੍ਹਾ ਕਚਹਿਰੀਆਂ (ਲੁਧਿਆਣਾ)-98554-01843.

ਬਾਣੀ ਜਾਂ ਪਾਣੀ ਤੋਂ ਮੁਨਕਰ ਹੋ ਕੇ ਇਕ ਸਿੱਖ ਲਈ ਜਿਓਣਾ ਹਰਾਮ ਹੈ। ਪਾਣੀ ਤੋਂ ਭਾਵ ਉਹ ਤੱਤ ਜੋ ਸੰਸਾਰ ਦੇ ਜੀਵਨ ਦੀ ਮੁੱਢਲੀ ਇਕਾਈ ਹੈ ਤੇ ਜਿਸ ਤੋਂ ਬਿਨਾਂ ਸਰੀਰੀ, ਦਨਿਆਵੀ ਜਾਂ ਦਿਸਦੇ ਜਗਤ ਨੂੰ ਕਿਆਸਿਆ ਹੀ ਨਹੀਂ ਜਾ ਸਕਦਾ ਅਤੇ ਬਾਣੀ ਤੋਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਬਾਣੀ ਤੋਂ ਹੈ ਜਿਸ ਤੋਂ ਬਿਨਾਂ ਮਾਨਸਕ, ਰੂਹਾਨੀ, ਆਤਮਕ, ਅਧਿਆਤਮਕ ਜਾਂ ਅਣਦਿਸਦੇ ਸੰਸਾਰ ਨੂੰ ਨਹੀਂ ਕਿਆਸਿਆ ਜਾ ਸਕਦਾ।

ਬਾਣੀ ਤੇ ਪਾਣੀ ਦਾ ਆਪਸ ਵਿਚ ਗੂੜਾ ਸਬੰਧ ਹੈ। ਬਾਣੀ ਦੀ ਰਚਨਾ ਪਾਣੀਆਂ ਕੰਢੇ ਹੀ ਹੋਈ। ਬਾਣੀ ਦੇ ਧੁਰ ਤੋਂ ਆਉਣ ਤੋਂ ਪਹਿਲਾਂ ਗੁਰੂ ਨਾਨਕ ਪਾਣੀ (ਵੇਈਂ) ਵਿਚ ਗਏ। ਪਹਿਲਾਂ ਪਾਣੀ ਹੀ ਜੀਵਨ ਹੈ ਜਿਸ ਨਾਲ ਤ੍ਰਿਭਵਨ ਨੂੰ ਸਾਜਿਆ ਅਤੇ ਸਾਜਣ ਤੋਂ ਬਾਅਦ ਬਾਣੀ ਨੂੰ ਧੁਰ ਦਰਗਾਹੋਂ ਲਿਆਂਦਾ ਗਿਆ।

ਰਾਵੀ ਦਰਿਆ ਦੇ ਕੰਢੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕਰਦਿਆਂ ਬਾਣੀ ਦਾ ਅਭਿਆਸ ਦ੍ਰਿੜ ਕਰਾਇਆ। ਧਰਤੀ ਦੇ ਕਈ ਕੋਨਿਆਂ ਵਿਚ ਉਹਨਾਂ ਬਾਣੀ ਦੇ ਪ੍ਰਵਾਹ ਤੋਂ ਪਹਿਲਾਂ ਪਾਣੀ ਦੇ ਸੋਮਿਆਂ ਨੂੰ ਪ੍ਰਗਟਾਇਆ। ਬਾਣੀ ਨਾਲ ਆਤਮਾ ਨੂੰ ਠੰਢ ਦੇਣ ਤੋਂ ਪਹਿਲਾਂ ਪਿਆਸੇ ਸਰੀਰਾਂ ਨੂੰ ਪੀਣ ਲਈ ਪਾਣੀ ਦਿੱਤਾ। ਵਲੀਕੰਧਾਰੀ ਦਾ ਹੰਕਾਰ ਪਾਣੀ ਦੇ ਪ੍ਰਵਾਹ ਨੂੰ ਨੀਵਿਆਂ ਕਰਕੇ ਤੋੜਣਾ ਕੀਤਾ। ਪਾਣੀ ਦੇ ਕੰਢੇ ਹੀ ਚੇਲੇ ਭਾਈ ਲਹਿਣੇ ਨੂੰ ਆਪਣਾ ਗੁਰੂ ਜਾਣ-ਮੰਨ ਕੇ ਮੱਥਾ ਟੇਕਿਆ।

ਗੁਰੂ ਸਾਹਿਬਾਨ ਨੇ ਸਰੀਰਕ ਲੋੜ ਦੀ ਮੁੱਢਲੀ ਇਕਾਈ ਪਾਣੀ ਤੱਕ ਸਭ ਦੀ ਪਹੁੰਚ ਯਕੀਨੀ ਬਣਾਈ। ਸਰਬ ਸਾਂਝੇ ਸਰੋਵਰਾਂ, ਖੂਹਾਂ, ਬਾਓਲੀਆਂ, ਤਲਾਬਾਂ, ਹੰਸਾਲੀਆਂ, ਚਸ਼ਮਿਆਂ, ਝੀਰਿਆਂ ਨੂੰ ਪ੍ਰਗਟਾਉਣਾ ਕੀਤਾ। ਜਿੱਥੇ ਪਾਣੀ ਦੇ ਸੋਮਿਆਂ ਨੂੰ ਕਿਆਸਿਆ ਨਹੀਂ ਸੀ ਜਾ ਸਕਦਾ, ਉੱਥੇ ਜਾ ਕੇ ਕਿਤੇ ਚਰਨਾਂ ਨਾਲ, ਕਿਤੇ ਹੱਥਾਂ ਦੀ ਛੋਹ ਨਾਲ, ਕਿਤੇ ਤੀਰਾਂ, ਖੰਡਿਆਂ, ਨੇਜਿਆਂ ਦੀਆਂ ਛੋਹਾਂ ਨਾਲ ਪਾਣੀ ਪ੍ਰਗਟ ਕੀਤਾ। ਨਾ-ਪੀਣ ਯੋਗ ਪਾਣੀ ਦੀਆਂ ਥਾਵਾਂ ਵਿਚ ਪੀਣ ਵਾਲੇ ਠੰਡੇ ਮਿੱਠੇ ਪਾਣੀਆਂ ਦੀਆਂ ਫੁਹਾਰਾਂ ਪ੍ਰਗਟ ਕੀਤੀਆਂ ਜੋ ਅੱਜ ਵੀ ਲੋਕਾਈ ਨੂੰ ਸ਼ਰਸ਼ਾਰ ਕਰ ਰਹੀਆਂ ਹਨ।

ਸਤਲੁਜ ਦੇ ਪਾਣੀ ਨੂੰ ਬਾਟੇ ਵਿਚ ਪਾ ਕੇ ਦਸਮੇਸ਼ ਪਿਤਾ ਨੇ ਵਿਚ ਖੰਡਾ ਫੇਰਦਿਆਂ ਬਾਣੀ ਦਾ ਜਪਣਾ ਕੀਤਾ ਤਾਂ ਉਹ ਪਾਣੀ ਜਦੋਂ ਬਾਣੀ ਨਾਲ ਮਿਲ ਕੇ ਅੰਮ੍ਰਿਤ ਬਣ ਗਿਆ ਤਾਂ ਮਨੁੱਖਤਾ ਦੇ ਇਤਿਹਾਸ ਅੰਦਰ ਐਸਾ ਖਾਲਸਾ ਮਨੁੱਖ ਪ੍ਰਗਟ ਹੋਇਆ ਜਿਸ ਦੀ ਘਾੜ੍ਹਤ ਕਰੀਬ 300 ਸਾਲ ’ਚ ਘੜ੍ਹੀ ਗਈ ਸੀ। ਬਾਣੀ-ਪਾਣੀ ਦੇ ਸੁਮੇਲ ਤੋਂ ਪ੍ਰਗਟੇ ਮਨੁੱਖ ਨੇ ਦੁਨੀਆਂ ਦੇ ਇਤਿਹਾਸ ਅੰਦਰ ਆਪਣੀ ਨਿਵੇਕਲੀ ਥਾਂ ਦਰਜ਼ ਕਰ ਲਈ ਤੇ ਬਾਣੀ-ਪਾਣੀ ਦੇ ਮੂਲ ਗੁਣਾਂ ਨੂੰ ਧਾਰਨ ਕਰਦਿਆਂ ਸਰਬੱਤ ਦੇ ਭਲੇ ਲਈ ਸਰੀਰਕ ਪੱਖ ਤੋਂ ਵੀ ਅੱਗੇ ਰੂਹਾਨੀ ਤਲ ਤੱਕ ਪਹੁੰਚ ਕੇ ਜਿਓਣਾ ਸਿਖਾਇਆ। ਬਾਣੀ ਤੇ ਪਾਣੀ ਦਾ ਐਸਾ ਸੁਮੇਲ ਹੋਇਆ ਕਿ ਸਰਸਾ ਦੇ ਪਾਣੀ ਕੰਢੇਪਏ ਪਰਿਵਾਰ ਵਿਛੋੜੇ ਸਮੇਂ ਦੇ ਦੁਨਿਆਵੀ ਤੌਰ ’ਤੇ ਭੀਹਾਵਲੇਂ ਸਮੇਂ ਵੀ ਬੈਠ ਕੇ ਨਿਤਨੇਮ ਮੁਤਾਬਕ ਬਾਣੀ ਦਾ ਜਾਪ ਕੀਤਾ।

ਪਾਣੀ ਜਿੱਥੇ ਸਰੀਰਕ ਖੇਹ ਨੂੰ ਉਤਾਰਨਾ ਕਰਦਾ ਹੈ ਉੱਥੇ ਬਾਣੀ ਮਨੁੱਖੀ ਮਤ ਉੱਤੇ ਪਏ ਪਾਪਾਂ ਨੂੰ ਧੋਂਦੀ ਹੈ। ਪਾਣੀ ਨਾਲ ਸਰੀਰ ਸਾਫ ਕਰਕੇ ਬਾਣੀ ਨਾਲ ਮਨ ਨੂੰ ਸਾਫ ਕਰਨ ਦਾ ਵਿਧਾਨ ਹੈ। ਪਾਣੀ ਤੇ ਬਾਣੀ ਵਿਚ ਕੋਈ ਵੀ ਅੱਵਲ ਜਾਂ ਦੋਮ ਨਹੀਂ ਹਨ ਸਗੋਂ ਦੋਵੇਂ ਇਕ ਦੂਜੇ ਦੇ ਪੂਰਕ ਹਨ ਅਤੇ ਇਹ ਇਕ ਦੂਜੇ ਦੀ ਜਗ੍ਹਾਂ ਤਾਂ ਲੈ ਨਹੀਂ ਸਕਦੇ ਭਾਵ ਬਾਣੀ ਨਾਲ ਸਰੀਰ ਦੀ ਮੈਲ ਨਹੀਂ ਧੋਤੀ ਜਾ ਸਕਦੀ ਅਤੇ ਪਾਣੀ ਨਾਲ ਮਨ ਦੇ ਪਾਪ ਨਹੀਂ ਹੂੰਝੇ ਜਾ ਸਕਦੇ ਪਰ ਇਹਨਾਂ ਦਾ ਸੁਮੇਲ ਅਜਬ ਵੀ ਹੈ ਕਿ ਜਦੋਂ ਗੁਰੂਆਂ ਨੇ ਸਾਂਝੇ ਸਰੋਵਰਾਂ ਤੇ ਬਾਓਲੀਆਂ ਵਿਚ ਸਭ ਮਨੁੱਖਾਂ ਨੂੰ ਜਾਤ-ਪਾਤ ਦਾ ਭਰਮ ਛੱਡ ਕੇ ਨਹਾਉਣ ਲਈ ਪ੍ਰੇਰਿਆ ਤਾਂ ਗੁਰੂ ਦੇ ਪਾਣੀ (ਬਾਣੀ) ਨੇ ਮਨਾਂ ਵਿਚਲੇ ਜਾਤ-ਅਭਿਮਾਨ ਜਾਂ ਜਾਤ-ਹੀਣਤਾ ਦੇ ਪਾਪਾਂ ਨੂੰ ਵੀ ਧੋਣਾ ਕੀਤਾ। ਕਾਂ-ਬਿਰਤੀ ਮਨੁੱਖ ਹੰਸ-ਬਿਰਤੀ ਬਣ ਗਏ ਬਸ਼ਰਤੇ ਕਿ ਉਹਨਾਂ ਬਾਣੀ ਨੂੰ ਪਾਣੀ ਜਾਂ ਪਾਣੀ ਨੂੰ ਬਾਣੀ ਸਮਝ ਕੇ ਟੁੱਬੀ ਲਾਈ।

ਬਾਣੀ ਤੇ ਪਾਣੀ ਦਾ ਮੂਲ ਸੁਭਾ ਨਿਮਰਤਾ, ਨਿਰਮਲਤਾ ਤੇ ਨਿਰੰਕਾਰਤਾ ਹੈ। ਬਾਣੀ ਤੇ ਪਾਣੀ ਕਿਸੇ ਨਾਲ ਵੀ ਵਿਤਕਰਾ ਨਹੀਂ ਕਰਦੇ। ਆਪਣਾ ਕੋਈ ਰੰਗ ਨਾ ਹੋਣ ਦੇ ਬਾਵਜੂਦ ਸਭ ਰੰਗਾਂ ਨੂੰ ਆਪਣੇ ਵਿਚ ਥਾਂ ਦਿੰਦੇ ਹਨ। ਸਭ ਸਰੀਰਕ ਤੇ ਦੁਨਿਆਵੀ ਰਸਾਂ ਦਾ ਮੂਲ ਪਾਣੀ ਹੈ ਅਤੇ ਰੂਹਾਨੀ ਤੇ ਅਧਿਆਤਮਕ ਰਸਾਂ ਦਾ ਮੂਲ ਬਾਣੀ ਹੈ। ਬਾਣੀ ਤੇ ਪਾਣੀ ਤੋਂ ਪ੍ਰਗਟੇ ਮਨੁੱਖ ਵਿਚ ਵੀ ਇਹ ਬੁਨਿਆਦੀ ਗੁਣ ਹੋਣੇ ਲਾਜ਼ਮੀ ਹਨ ਤਾਂ ਹੀ ਉਹ ਬਾਣੀ ਤੇ ਪਾਣੀ ਦਾ ਵਾਰਸ ਕਹਾਉਣ ਦਾ ਹੱਕਦਾਰ ਹੋ ਸਕਦਾ ਹੈ। ਭਾਈ ਗੁਰਦਾਸ ਜੀ ਨੇ ਵੀ ਗੁਰਸਿੱਖ ਦੇ ਦੁਨਿਆਵੀ ਤੌਰ ਉਪਰ ਵਿਚਰਨ ਲਈ ਨਿਸ਼ਾਨੀ ਵਜੋਂ ਪਾਣੀ ਦੀ ਉਦਾਹਰਨ ਦਿੱਤੀ ਹੈ ਕਿ ਧਰਤੀ ਪੈਰਾਂ ਹੇਠ ਹੈ ਅਤੇ ਧਰਤੀ ਦੇ ਹੇਠਾਂ ਪਾਣੀ ਵਸਦਾ ਹੈ ਅਤੇ ਪਾਣੀ ਹਮੇਸ਼ਾਂ ਨੀਵੇਂ ਪਾਸੇ ਵੱਲ ਨੂੰ ਵਗਦਾ ਹੈ ਭਾਵ ਪਾਣੀ ਦਾ ਮੂਲ ਗੁਣ ਨਿਰਮਾਣਤਾ ਹੈ ਜਿਵੇਂ ਬਾਣੀ ਨਾਲ ਸਰਸ਼ਾਰ ਮਨੁੱਖ ਵੀ ਨੀਵਿਆਂ ਦੇ ਸੰਗ-ਸਾਥ ਰਹਿ ਕੇ ਪਰਮਾਤਮਾ ਦੀ ਨਦਰ-ਬਖਸ਼ਸ਼ ਦਾ ਪਾਤਰ ਬਣਦਾ ਹੈ। ਨਾਲ ਹੀ ਪਾਣੀ ਦਾ ਭਾਵੇਂ ਮੂਲ ਰੂਪ ਸੀਤਲਤਾ ਹੀ ਹੈ ਪਰ ਜਦੋ ਕੋਈ ਉਸ ਨੂੰ ਧੁੱਪੇ ਰੱਖ ਦੇਵੇ ਜਾਂ ਉਸ ਥੱਲੇ ਅੱਗ ਬਾਲ ਦੇਵੇ ਤਾਂ ਉਹ ਫਿਰ ਤੱਤਾ ਹੋਇਆ ਭਾਫ ਬਣ ਕੇ ਉਪਰ ਨੂੰ ਜਾਂਦਾ ਹੈ ਤਾਂ ਫਿਰ ਉਸ ਨੂੰ ਦਬਾਇਆ ਨਹੀਂ ਜਾ ਸਕਦਾ, ਦੁਨੀਆਂ ਵਿਚ ਪਾਣੀ ਦੀ ਭਾਫ ਨੂੰ ਦਬਾਉਣ ਦਾ ਅਜੇ ਤੱਕ ਕੋਈ ਸਾਧਨ ਤਿਆਰ ਨਹੀਂ ਹੋ ਸਕਿਆ ਤੇ ਨਾ ਹੀ ਹੋ ਸਕੇਗਾ ਪਰ ਤੱਤਾ ਪਾਣੀ ਵੀ ਅੱਗ (ਜ਼ੁਲਮ) ਨੂੰ ਭੜਕਾਉਂਦਾ ਨਹੀਂ ਸਗੋਂ ਅੱਗ ਨੂੰ ਬੁਝਾਉਂਦਾ ਹੀ ਹੈ। ਬਾਣੀ ਵੀ ਮਨੁੱਖ ਨੂੰ ਅਣਖ-ਗੈਰਤ ਨਾਲ ਜਿਉਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਜਦੋਂ ਬਾਣੀ ਤੋਂਉਪਜੀ ਗੈਰਤ-ਅਣਖ ਨੂੰ ਕੋਈ ਵੰਗਾਰੇ ਤਾਂ ਫਿਰ ਸਿਰ ਤਲੀ ਉਪਰ ਟਿਕਾ ਕੇ ਜੂਝਣਾ ਪੈਂਦਾ ਹੈ ਕਿਉਂਕਿ ਪਰੇਮ ਦੀ ਇਸ ਗਲੀ ਵਿਚੋਂ ਲੰਘ ਕੇ ਹੀ ਪਰਵਾਨਤਾ ਮਿਲਦੀ ਹੈ।

ਪਾਣੀ ਦੀ ਧਰਤੀ ਪੰਜਾਬ ਉਪਰ ਪਾਣੀ ਤਾਂ ਕਦੋਂ ਦੇ ਵਹਿ ਰਹੇ ਸਨ ਪਰ ਉਹ ਵਹਿ ਰਹੇ ਸਨ ਬਾਣੀ ਦੀ ਉਡੀਕ ਵਿਚ, ਉਹਨਾਂ ਦੀ ਚਾਲ ਬਾਣੀ ਨਾਲ ਮਿਲਣ ਤੋਂ ਬਾਅਦ ਭਗਤਾਂ ਵਰਗੀ ਨਿਰਾਲੀ ਹੋ ਗਈ। ਉਹ ਗੁਰੂਆਂ ਅਤੇ ਸ਼ਹੀਦਾਂ ਦੇ ਨਾਲ-ਨਾਲ ਚੱਲਣ ਲੱਗੇ। ਪਾਣੀ ਨੇ ਆਪਣੇ ਜਾਂਇਆਂ ਨੂੰ ਹੱਸਦੇ-ਖੇਲਦੇ, ਵਿਗਸਦੇ, ਜੰਗਾਂ ਵਿਚ ਜੂਝਦੇ ਦੇਖਿਆ। ਪਾਣੀ ਦੀ ਰਾਖੀ ਲਈ ਉਹਨਾਂ ਆਪਣਾ ਸੂਹਾ ਰੰਗ ਵੀ ਭੇਟਾ ਕੀਤਾ। ਪਾਣੀ ਵੀ ਬਾਣੀ ਨਾਲ ਮਿਲਣ ਤੋਂ ਬਾਅਦ ਜੁਝਾਰੂ ਹੋ ਗਿਆ ਤਾਂਹੀ ਤਾਂ ਉਸ ਨੂੰ ਵੀ ਡੈਮਾਂ ਰੂਪੀ ਜੇਲ੍ਹਾਂ ਵਿਚ ਡੱਕ ਦਿੱਤਾ ਗਿਆ। ਪਾਣੀ ਤੇ ਬਾਣੀ ਨੂੰ ਆਪਣੀ ਚਾਲੇ, ਬਿਨਾਂ ਰੋਕ-ਟੋਕ ਤੋਂ ਹੀ ਵਗਣ ਦੇਣਾ ਚਾਹੀਦਾ ਹੈ ਤਾਂ ਹੀ ਦੁਨਿਆਵੀ-ਧਰਤ ਅਤੇ ਰੂਹਾਨੀ-ਧਰਤ ਵਿਚ ਵੱਧ ਰਹੇ ਸੋਕੇ ਨੂੰ ਠੱਲ ਪੈ ਸਕਦੀ ਹੈ। ਪਾਣੀ ਬੰਨਣ (ਭਾਵ ਡੈਮ) ਕਾਰਨ ਦੁਨਿਆਵੀ-ਧਰਤ ਵਿਚ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਬਾਣੀ ਬੰਨਣ (ਭਾਵ ਸੀਮਤ ਪਹੁੰਚ) ਕਾਰਨ ਮਨੁੱਖੀ ਆਤਮਾ ਵਿਚਲੇ ਮੂਲ ਗੁਣ ਡੂੰਘੇ ਹੁੰਦੇ ਜਾ ਰਹੇ ਹਨ।

ਅੱਜ ਗੁਰੂ ਵਰੋਸਾਈ ਧਰਤ ਉਪਰ ਬਾਣੀ ਤੇ ਪਾਣੀ ਦੀ ਬੇਅਦਬੀ ਤੇ ਬੇਕਦਰੀ ਹੋ ਰਹੀ ਹੈ, ਕੀਤੀ ਜਾ ਰਹੀ ਹੈ, ਕਰਵਾਈ ਜਾ ਰਹੀ ਹੈ। ਬਾਣੀ ਤੇ ਪਾਣੀ ਦੇ ਗੁਣਾਂ ਨੂੰ ਧਾਰਨ ਕਰਨ ਦੀ ਥਾਂ ਨਿੱਜ ਸਵਾਰਥ ਲਈ ਉਹਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਬਾਣੀ ਤੇ ਪਾਣੀ ਤਾਂ ਮੂਲ ਹਨ ਇਹਨਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ ਇਸ ਲਈ ਇਹਨਾਂ ਦਾ ਰਾਖਾ ਹੋਣ ਦਾ ਦਾਅਵਾ ਕਰਨਾ ਰਾਜ-ਅਭਿਮਾਨ ਤੋਂ ਵੱਧ ਕੁਝ ਨਹੀਂ ਕਿਹਾ ਜਾ ਸਕਦਾ ਪਰ ਸੱਚਾਈ ਇਹ ਹੈ ਕਿ ਬਾਣੀ ਤੇ ਪਾਣੀ ਦੀ ਦਿਸਦੇ ਰੂਪ ਵਿਚ ਵੀ ਰਾਖੀ ਇਹਨਾਂ ਦੇ ਸੁਮੇਲ ਵਿਚੋਂ ਪ੍ਰਗਟ ਹੋਏ ਖਾਲਸੇ ਨੇ ਹੀ ਕੀਤੀ ਹੈ ਭਾਵੇਂ ਇਸ ਵਾਸਤੇ ਆਪਣਾ ਜਾਂ ਦੂਜਿਆਂ ਦਾ ਖੂਨ ਡੋਲਣਾ ਪਿਆ ਅਤੇ ਅਗਾਂਹ ਵੀ ਪਾਣੀ ਦੇ ਸੋਮੇ ਦਰਿਆਵਾਂ ਅਤੇ ਬਾਣੀ ਦੇ ਸੋਮੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਕਦਰ-ਸਤਿਕਾਰ ਲਈ ਖਾਲਸਾ ਹੀ ਜਿੰਮੇਵਾਰ ਹੈ।

ਅੱਜ ਪਾਣੀ ਨੂੰ ਖੋਹਣ ਅਤੇ ਬਾਣੀ ਨੂੰ ਤੋੜਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਇਹ ਚਾਲਾਂ 60-70 ਸਾਲਾਂ ਤੋਂ ਜਾਰੀ ਹਨ ਅਤੇ ਇਹ ਉਹ ਲੋਕ ਚੱਲ ਰਹੇ ਹਨ ਜਿਹਨਾਂ ਨੂੰ ਬਾਣੀ ਜਾਂ ਪਾਣੀ ਦੀ ਕੋਈ ਕਦਰ ਨਹੀਂ। ਉਹਨਾਂ ਦੇ ਜੀਵਨ ਵਿਚ ਬਾਣੀ-ਪਾਣੀ ਤੋਂ ਮਿਲਦੀ ਸੀਤਲਤਾ ਦੀ ਥਾਂ ਅੱਗ-ਸਾੜਾ ਜਾਂ ਜ਼ਹਿਰ ਭਰੀ ਹੋਈ ਹੈ ਜਿਸ ਅੱਗ ਨੇ ਪਹਿਲਾਂ ਗੁਰੂ ਸਾਹਿਬ ਨੂੰ ਤੱਤੀ ਤਵੀ ਉਪਰ ਬਿਠਾ ਕੇ ਸਾੜਣ ਦਾ ਯਤਨ ਕੀਤਾ ਅਤੇ ਜਿਸ ਨਾਗ ਨੇ ਆਪਣੀ ਸੋਚ ਜ਼ਹਿਰ ਹੋਣ ਕਾਰਨ ਛੋਟੇ ਸਾਹਿਬਜ਼ਾਦਿਆਂ ਨੂੰ ਸੱਪ ਦੇ ਬੱਚੇ ਦੱਸਿਆ। ਇਹੀ ਲੋਕ ਸਾਡੇ ਹਿਰਦੇ ਨੂੰ ਬੰਬਾਂ-ਗੋਲੀਆਂ ਨਾਲ ਛੱਲਣੀ ਕਰਨ ਦੇ ਦੋਸ਼ੀ ਹਨ। ਬਾਣੀ-ਪਾਣੀ ਵਿਚੋਂ ਪ੍ਰਗਟੇ ਵਿਲੱਖਣ ਸਰੂਪ ਦੇ ਵਿਰੋਧੀ ਇਹਨਾਂ ਲੋਕਾਂ ਦਾ ਬਾਣੀ ਤਾਂ ਇਕ ਪਾਸੇ ਸਗੋਂ ਪਾਣੀ ਨਾਲ ਵੀ ਦੂਰ ਦਾ ਵਾਸਤਾ ਨਹੀਂ ਸਗੋਂ ਇਹਨਾਂ ਦਾ ਜਿਆਦਾ ਕੁਝ ਅੱਗ ਉਪਰ ਨਿਰਭਰ ਹੈ। ਅੱਗਾਂ ਵਿਚ ਚੰਦਨ-ਫਲਾਂ-ਫੁੱਲਾਂ ਦੀਆਂ ਆਹੂਤੀਆਂ ਪਾਉਂਦੇ-ਪਾਉਂਦੇ ਇਹ ਲੋਕ ਅੱਗਾਂ ਵਿਚ ਮਨੁੱਖਾਂ ਦੀਆਂ ਆਹੂਤੀਆਂ ਪਾਉਣ ਲੱਗ ਪਏ ਅਤੇ ਹੁਣ ਸੋਚਾਂ ਦੀਆਂ ਆਹੂਤੀਆਂ ਵੀ ਪਾਉਣਾ ਲੋਚਦੇ ਹਨ।

ਆਓ ! ਬਾਣੀ ਤੇ ਪਾਣੀ ਦੇ ਰੂਪ ਵਿਚ ਮਿਲੇ ਖਜ਼ਾਨੇ ਦੀ ਕਦਰ ਪਛਾਣੀਏ ਅਤੇ ਆਪਣੇ ਜੀਵਨ ਨੂੰ ਇਹਨਾਂ ਦੇ ਮੂਲ ਗੁਣਾਂ ਨਾਲ ਸਰਸ਼ਾਰ ਕਰਨ ਤੋਂ ਬਾਅਦ ਇਹਨਾਂ ਤੋਂ ਮਿਲੀ ਅਣਖ ਨਾਲ ਸਰਬੱਤ ਦੇ ਭਲੇ ਲਈ ਗੁਰਮਤ ਗਾਡੀ ਰਾਹ ਉਪਰ ਚੱਲਣ ਦਾ ਯਤਨ ਕਰੀਏ ਤਾਂ ਹੀ ਬਾਣੀ ਤੇ ਪਾਣੀ ਦੇ ਵਾਰਸ ਕਹਾਉਣ ਦੇ ਹੱਕਦਾਰ ਹੋ ਸਕਾਂਗੇ।