ਚਿਕਨਗੁਨੀਆ

0
302

ਚਿਕਨਗੁਨੀਆ

ਡਾ. ਹਰਸ਼ਿੰਦਰ ਕੌਰ (ਪਟਿਆਲਾ)-0175-2216783

ਦੁਨੀਆ ਵਿਚ ਪਹਿਲੀ ਵਾਰ ਇਹ ਬੀਮਾਰੀ 1952 ਵਿਚ ਤਨਜ਼ਾਨੀਆ ਵਿਖੇ ਲੱਭੀ ਗਈ। ਅਫਰੀਕਾ, ਭਾਰਤ ਤੇ ਏਸ਼ੀਆ ਦੇ ਵੱਖੋ-ਵੱਖ ਮੁਲਕਾਂ ਵਿਚ ਚਿਕਨਗੁਨੀਆ ਬੀਮਾਰੀ ਦੇ ਕੇਸ ਆਮ ਹੀ ਦਿਸ ਜਾਂਦੇ ਹਨ। ਸੰਨ 1999 ਤੋਂ 2000 ਦੇ ਵਿਚ ਕੌਂਗੋ ਵਿਖੇ ਬੇਅੰਤ ਕੇਸ ਸਾਹਮਣੇ ਆਏ। ਸੰਨ 2007 ਵਿਚ ਗੈਬੋਨ ਵਿਖੇ ਵੀ ਇਹੀ ਹਾਲ ਹੋਇਆ। ਫਰਵਰੀ 2005 ਤੋਂ 2007 ਵਿਚ ਭਾਰਤ, ਯੂਰਪ, ਇੰਡੋਨੇਸ਼ੀਆ, ਮਾਲਦੀਵ, ਮਿਆਂਮਾਰ ਤੇ ਥਾਈਲੈਂਡ ਵਿਖੇ ਲਗਭਗ 1.9 ਮਿਲੀਅਨ ਕੇਸ ਸਾਹਮਣੇ ਆਏ।

ਦਸੰਬਰ 2013 ਵਿਚ ਫਰਾਂਸ, ਅਮਰੀਕਾ ਤੇ ਹੋਰ 43 ਦੇਸਾਂ ਵਿਚ ਚਿਕਨਗੁਨੀਆ ਦੇ ਮਰੀਜ਼ ਇਲਾਜ ਕਰਵਾਉਣ ਆਏ। ਅਪ੍ਰੈਲ 2015 ਵਿਚ 13 ਲੱਖ 79 ਹਜ਼ਾਰ 788 ਕੇਸ ਅਮਰੀਕਾ, ਕੈਰੀਬੀਅਨ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਿਕਾਰਡ ਹੋਏ। ਕਨੇਡਾ ਤੇ ਮੈਕਸੀਕੋ ਵਿਚ ਵੀ ਕਈ ਕੇਸ ਸਾਹਮਣੇ ਆਏ। ਇਸ ਦੌਰਾਨ ਇਸ ਬੀਮਾਰੀ ਨਾਲ 191 ਮੌਤਾਂ ਵੀ ਹੋਈਆਂ।

ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸੰਨ 2015 ਵਿਚ ਭਾਰਤ ਤੇ ਖ਼ਾਸਕਰ ਪੰਜਾਬ ਵਿਚ ਸਾਹਮਣੇ ਆਏ ਚਿਕਨਗੁਨੀਆ ਦੇ ਕੇਸਾਂ ਬਾਰੇ ਚਿੰਤਾ ਜ਼ਾਹਰ ਕੀਤੀ।

ਅਮਰੀਕਾ ਵਿਚ ਸੰਨ 2015 ਵਿਚ 6 ਲੱਖ 93 ਹਜ਼ਾਰ 489 ਕੇਸਾਂ ਵਿਚ ਚਿਕਨਗੁਨੀਆ ਦੇ ਲੱਛਣ ਲੱਭੇ ਤੇ 37,480 ਕੇਸਾਂ ਵਿਚ ਲੈਬਾਰਟਰੀ ਟੈਸਟਾਂ ਰਾਹੀਂ ਵੀ ਇਹ ਬੀਮਾਰੀ ਸਾਬਤ ਹੋ ਗਈ। ਸੰਨ 2016 ਵਿਚ ਅਰਜਨਟੀਨਾ ਵਿਖੇ ਪਹਿਲੀ ਵਾਰ ਚਿਕਨਗੁਨੀਆ ਦੇ ਮਰੀਜ਼ ਸਾਹਮਣੇ ਆਏ ਹਨ।

ਕਿਵੇਂ ਹੁੰਦਾ ਹੈ :-

ਖੜ੍ਹੇ ਪਾਣੀ ਵਿੱਚੋਂ ਪੈਦਾ ਹੋਇਆ ਮੱਛਰ, ਪਿੰਡਾਂ ਤੇ ਸ਼ਹਿਰਾਂ, ਵਿਕਸਿਤ ਤੇ ਵਿਕਾਸਸ਼ੀਲ ਦੇਸਾਂ ਵਿਚ ਉੱਕਾ ਹੀ ਫ਼ਰਕ ਕੀਤੇ ਬਗ਼ੈਰ ਹਰ ਧਰਮ, ਗੋਤ, ਜਾਤ, ਗੋਰੇ, ਕਾਲੇ, ਬੱਚੇ, ਬਜ਼ੁਰਗ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ।

ਇਹ ਮੱਛਰ ਸਿਰਫ਼ ਬਾਹਰ ਖੜ੍ਹੇ ਪਾਣੀ ਵਿਚ ਹੀ ਨਹੀਂ ਬਲਕਿ ਖੋਪੇ ਦੇ ਖੋਲ, ਟੁੱਟੇ ਫਟੇ ਟਾਇਰ, ਗਮਲੇ, ਗੁਸਲਖਾਨੇ ਵਿਚ ਪਿਆ ਪਾਣੀ ਆਦਿ ਕਿਸੇ ਵੀ ਥਾਂ ਘਰ ਦੇ ਅੰਦਰ ਜਾਂ ਬਾਹਰ ਪੈਦਾ ਹੋ ਕੇ ਬੀਮਾਰੀ ਫੈਲਾ ਸਕਦਾ ਹੈ। ਅਫਰੀਕਾ ਵਿਚ ਕਈ ਥਾਈਂ ਚੂਹੇ, ਚਿੜੀਆਂ ਆਦਿ ਵੀ ਅੱਗੋਂ ਬੀਮਾਰੀ ਫੈਲਾਉਣ ਵਿਚ ਮਦਦ ਕਰਦੇ ਹਨ।

ਬੀਮਾਰੀ ਸ਼ੁਰੂ ਕਿਵੇਂ ਹੁੰਦੀ ਹੈ :-

ਸਿਰਫ਼ ਮੱਛਰ ਦਾ ਲੜਨਾ ਹੀ ਬੀਮਾਰੀ ਦੀ ਸ਼ੁਰੂਆਤ ਲਈ ਬਥੇਰਾ ਹੁੰਦਾ ਹੈ। ਇਕ ਮਾਦਾ ਮੱਛਰ ਜਿਸ ਦੇ ਸਰੀਰ ਅੰਦਰ ਵਾਇਰਸ ਕੀਟਾਣੂ ਏਡੀਜ਼ ਇਜਿਪਸ਼ਿਆਈ ਜਾਂ ਏਡੀਜ਼ ਐਲਬੋਪਿਕਟਸ ਹੋਣ, ਉਸ ਦੇ ਦਿਨ ਦੌਰਾਨ, ਸਵਖ਼ਤੇ ਜਾਂ ਸ਼ਾਮ ਨੂੰ ਵੀ, ਕੱਟਣ ਬਾਅਦ 4 ਤੋਂ 8 ਦਿਨਾਂ ਦੇ ਅੰਦਰ-ਅੰਦਰ ਬੀਮਾਰੀ ਦੇ ਲੱਛਣ ਦਿਸਣੇ ਸ਼ੁਰੂ ਹੋ ਜਾਂਦੇ ਹਨ। ਕਈ ਕੇਸਾਂ ਵਿਚ 2 ਤੋਂ 12 ਦਿਨਾਂ ਤਕ ਵੀ ਲੱਛਣ ਦਿਸ ਸਕਦੇ ਹਨ।

ਲੱਛਣ :-

(1). ਇਕਦਮ ਤੇਜ਼ ਬੁਖ਼ਾਰ ਹੋਣਾ।

(2). ਜੋੜਾਂ ਵਿਚ ਦਰਦ।

(3). ਪੱਠਿਆਂ ਵਿਚ ਦਰਦ।

(4). ਸਿਰ ਪੀੜ।

(5). ਦਿਲ ਕੱਚਾ ਹੋਣਾ।

(6). ਥਕਾਵਟ।

(7). ਚਮੜੀ ਉੱਤੇ ਦਾਣੇ ਨਿਕਲਣੇ।

ਜੋੜਾਂ ਵਿਚ ਦਰਦ ਕਈ ਮਹੀਨਿਆਂ ਜਾਂ ਸਾਲਾਂ ਤੱਕ ਰਹਿ ਵੀ ਸਕਦਾ ਹੈ।

ਕਈ ਵਾਰ ਅੱਖਾਂ, ਦਿਮਾਗ਼, ਢਿੱਡ ਜਾਂ ਦਿਲ ਦੇ ਰੋਗ ਵੀ ਸ਼ੁਰੂ ਹੋ ਜਾਂਦੇ ਹਨ। ਵਡੇਰੀ ਉਮਰ ਵਿਚ ਇਹ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਕਈ ਨੌਜਵਾਨਾਂ ਵਿਚ ਇਸ ਬੀਮਾਰੀ ਦੇ ਲੱਛਣ ਬਹੁਤ ਘੱਟ ਹੁੰਦੇ ਹਨ ਤੇ ਡੇਂਗੂ ਸੋਚ ਕੇ ਇਸ ਬਾਰੇ ਧਿਆਨ ਹੀ ਨਹੀਂ ਕੀਤਾ ਜਾਂਦਾ।

ਬੀਮਾਰੀ ਲੱਭਣ ਲਈ :-

(1). ਐਲੀਜ਼ਾ ਟੈਸਟ-ਆਈ. ਜੀ. ਐਮ ਤੇ ਆਈ. ਜੀ. ਜੀ.।

(2). ਪਲੇਟਲੈਟ ਸੈਲ।

(3). ਵਾਇਰਸ ਦਾ ਟੈਸਟ ‘ਪੀ. ਸੀ. ਆਰ.’।

ਆਈ. ਜੀ. ਐਮ ਟੈਸਟ ਬੀਮਾਰੀ ਸ਼ੁਰੂ ਹੋਣ ਦੇ 3 ਤੋਂ 5 ਹਫ਼ਤਿਆਂ ਵਿਚ ਪਾਜ਼ਿਟਿਵ ਹੋ ਜਾਂਦਾ ਹੈ ਤੇ ਦੋ ਮਹੀਨੇ ਤਕ ਵਧਿਆ ਰਹਿੰਦਾ ਹੈ।

ਇਲਾਜ :-

(1). ਕੋਈ ਖ਼ਾਸ ਦਵਾਈ ਨਹੀਂ ਹੈ।

(2). ਦਰਦ ਦੂਰ ਕਰਨ ਦੀਆਂ ਦਵਾਈਆਂ ਦੇਣੀਆਂ ਪੈਂਦੀਆਂ ਹਨ।

(3). ਦਿਲ ਫੇਲ੍ਹ ਹੋਣ, ਗੁਰਦੇ ਫੇਲ੍ਹ ਹੋਣ, ਪਲੇਟਲੈੱਟ ਸੈੱਲ ਬਹੁਤੇ ਘਟ ਜਾਣ ਉੱਤੇ, ਹਸਪਤਾਲ ਦਾਖ਼ਲ ਕਰਨਾ ਜ਼ਰੂਰੀ ਹੈ।

(4). ਚਿਕਨਗੁਨੀਆ ਤੋਂ ਬਚਣ ਲਈ ਕੋਈ ਟੀਕਾ ਨਹੀਂ ਬਣਿਆ ਹੋਇਆ।

ਬਚਾਓ :-

(1). ਪਾਣੀ ਕਿਤੇ ਵੀ ਖੜ੍ਹਾ ਨਾ ਹੋਣ ਦਿਓ।

(2). ਮੱਛਰ ਮਾਰਨ ਲਈ ਸਪਰੇਅ, ਮੱਛਰਦਾਨੀਆਂ ਵਰਤੋ।

(3). ਬਾਹਵਾਂ ਲੱਤਾਂ ਪੂਰੇ ਕੱਜਣ ਵਾਲੇ ਕਪੜੇ ਪਾਓ।

(4). ਚੁਫ਼ੇਰੇ ਕੀੜੇਮਾਰ ਸਪਰੇਅ ਕਰਵਾਉਣਾ ਜ਼ਰੂਰੀ ਹੈ।

(5). ਜਾਲੀ ਦੇ ਦਰਵਾਜ਼ੇ ਬੰਦ ਰੱਖਣੇ ਚਾਹੀਦੇ ਹਨ।