ਗੁਰਮਤਿ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਵਰਤੇ ਗਏ ਲਿਖਤੀ ਨਿਯਮ
ਗਿਆਨੀ ਅਵਤਾਰ ਸਿੰਘ
ਗੁਰਮਤਿ ਜਾਂ ਗੁਰਬਾਣੀ ਨੂੰ ਆਮ ਤੌਰ ’ਤੇ ਜ਼ਰੀਆ ਜਾਂ ਸਾਧਨ ਕਹਿ ਕੇ ਸਿੱਖ ਸੰਗਤਾਂ ’ਚ ਪ੍ਰਚਾਰਿਆ ਜਾਂਦਾ ਹੈ ਜਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਗੁਰਬਾਣੀ ’ਚ ਦਰਜ ਗੁਰੂ ਵਿਚਾਰ ਅਤੇ ਗੁਰਬਾਣੀ ਤੋਂ ਬਾਹਰ ਗੁਰੂ ਹੁਕਮਨਾਮਿਆਂ ਨੂੰ ਸਮਾਨੰਤਰ ਨਹੀਂ ਵੇਖਿਆ ਜਾ ਸਕਦਾ।
ਦਰਅਸਲ ਅਜਿਹੀ ਸੋਚ ਉਸ ਦਿਮਾਗ਼ ਦੀ ਉਪਜ ਹੈ ਜੋ ਗੁਰੂ ਨੂੰ ਆਪਣੀ ਤੁਛ ਸੋਚ ਨਾਲ਼ ਵੇਖਦੀ ਹੈ। ‘‘ਇਕ ਦੂ ਇਕੁ ਸਿਆਣਾ ॥’’ ਰੋਗ ਬੰਦੇ ਨੂੰ ਇੰਨਾ ਉਤਾਂਹ ਤੋਂ ਵੇਖਣ ਨੂੰ ਮਜਬੂਰ ਕਰਦਾ ਹੈ, ਜਿੱਥੋਂ ਗੁਰੂ ਵੀ ਸਮਾਨੰਤਰ ਜਾਪਦਾ ਹੈ ਭਾਵੇਂ ਕਿ ਗੁਰਬਾਣੀ ’ਚ ਮਨੁੱਖੀ ਸੋਚ ਤੇ ਗੁਰੂ ਸੋਚ ’ਚ ਭਿੰਨਤਾ ਪ੍ਰਗਟਾਉਣ ਲਈ ਹੀ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ॥’’ (ਮ: ੧, ਪੰਨਾ ੬੧) ਜਾਂ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ (ਭਾਵ ਗੁਰੂ) ਪਰਉਪਕਾਰੀ ਆਏ ॥ (ਮ: ੫, ਪੰਨਾ ੭੪੯), ਕਰਤੇ ਕੀ ਮਿਤਿ ਕਰਤਾ ਜਾਣੈ ਕੈ (ਭਾਵ ਜਾਂ) ਜਾਣੈ ਗੁਰੁ ਸੂਰਾ॥’’ (ਮ: ੧, ਪੰਨਾ ੯੩੦) ਭਾਵ ਕਰਤਾਰ ਦੀ ਮਿਣਤੀ (ਵਡੱਪਣ); ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ, ਇਸ ਤੋਂ ਇਲਾਵਾ ਕੋਈ ਹੋਰ ਨਹੀਂ, ਆਦਿ ਵਾਕ ਦਰਜ ਕੀਤੇ ਗਏ ਹਨ ਅਤੇ ਮਨੁੱਖ ਨੂੰ ਤਾੜਨਾ ਵੀ ਕੀਤੀ ਗਈ ਕਿ ਗੁਰੂ ਨੂੰ ‘‘ਮਾਨੁਖ ਕਾ ਕਰਿ ਰੂਪੁ ਨ ਜਾਨੁ ॥’’ (ਮ: ੫, ਪੰਨਾ ੮੯੫), ਪਰ ਫਿਰ ਵੀ ਜਾਣੇ ਅਣਜਾਣੇ ਗੁਰਬਾਣੀ ਦੇ ਹਵਾਲੇ ਨਾਲ਼ ਮਨਮਤੀ ਵਿਚਾਰ ਸੰਗਤਾਂ ’ਚ ਰੱਖਦੇ ਸਿੱਖ ਪ੍ਰਚਾਰਕ ਆਮ ਮਿਲ ਜਾਂਦੇ ਹਨ।
ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਆਪਣੀ ਕਿਤਾਬ ‘ਸਿੱਖ ਤਵਾਰੀਖ਼’ ਦੇ ਪਹਿਲੇ ਭਾਗ (1469-1708) ਦੇ ਪੰਨਾ 117 ਉੱਤੇ ਲਿਖਦਾ ਹੈ ਕਿ ‘3-4 ਸਾਲ ਦੀ ਉਮਰ ’ਚ ਗੁਰੂ ਨਾਨਕ ਜੀ ਆਪਣੇ ਸਾਥੀਆਂ ਨਾਲ਼ ਖੇਡਦੇ-ਖੇਡਦੇ ਕਿਸੇ ਜਗ੍ਹਾ ਬੈਠ ਕੇ, ਲਿਵ ਲਾ ਕੇ, ਸੋਚ-ਉਡਾਰੀ ਵਿੱਚ ਮਸਤ ਹੋ ਕੇ, ਕਾਫ਼ੀ ਚਿਰ ਸਹਿਜ ਦੀ ਹਾਲਤ ਵਿੱਚ ਰਿਹਾ ਕਰਦੇ ਸਨ ਤੇ ਆਪ ਦੇ ਘਰ ਵਾਲ਼ੇ ਸਾਥੀ ਆਪ ਨੂੰ ਲੱਭਦੇ ਰਹਿ ਜਾਂਦੇ ਸਨ। ਪੰਜ ਸਾਲ ਦੀ ਉਮਰ ’ਚ ਆਪ ਸਿਆਣਿਆਂ, ਆਲਮ ਤੇ ਧਾਰਮਿਕ ਬੰਦਿਆਂ ਦੀ ਸੰਗਤ ਵਿੱਚ ਬੈਠ ਕੇ ਰੂਹਾਨੀ ਗੱਲਾਂ ਬੜੇ ਗਹੁ ਨਾਲ਼ ਸੁਣਿਆਂ ਕਰਦੇ ਸਨ। ਆਪ ਅਕਸਰ ਅਜਿਹੇ ਸਵਾਲ ਕਰਿਆ ਕਰਦੇ, ਜਿਨ੍ਹਾਂ ਨੂੰ ਸੁਣ ਕੇ ਸਿਆਣੇ ਬੰਦੇ ਵੀ ਤਅੱਜੁਬ (ਅਸ਼ਚਰਜ) ਕਰਨ ਲੱਗ ਪੈਂਦੇ। ਆਪ ਦੀ ਲਾਸਾਨੀ ਸੂਝ, ਤਾਕਤ ਤੇ ਰੂਹਾਨੀਅਤ ਦੀਆਂ ਖ਼ਬਰਾਂ ਸੁਣ ਕੇ ਪਿੰਡ ਤਲਵੰਡੀ ਦੇ ਮੋਢੀ ਰਾਇ ਭੋਇ ਦਾ ਪੁੱਤਰ ਰਾਇ ਬੁਲਾਰ ਵੀ ਆਪ ਦਾ ਮੁਰੀਦ ਬਣ ਗਿਆ।’
ਉਕਤ ਸਚਾਈ ਤੋਂ ਸਪਸ਼ਟ ਹੈ ਕਿ ਗੁਰੂ ਜੀ ਪਹਿਲੇ 5 ਸਾਲ ਕੋਈ ਵੀ ਵਿਦਿਆ ਪੜ੍ਹਨ ਪਾਂਧੇ ਜਾਂ ਮੌਲਵੀ ਪਾਸ ਨਹੀਂ ਗਏ ਅਤੇ ਨਾ ਹੀ ਉਨ੍ਹਾਂ ਪਾਸ ਕੋਈ ਗੁਰਬਾਣੀ ਦਾ ਸ਼ਬਦ ਜਾਂ ਭਗਤਾਂ ਦੀ ਰਚਨਾ ਮੌਜੂਦ ਸੀ ਫਿਰ ਆਪ ਨੇ ਅਕਾਲ ਪੁਰਖ ਨਾਲ਼ ਧਿਆਨ ਜੋੜਨ ਲਈ ਕਾਹਦੀ ਟੇਕ ਲਈ ਹੋਏਗੀ ?
ਦਰਅਸਲ ਗੁਰੂ ਨਾਨਕ ਜੀ ਪੈਦਾਇਸ਼ ਤੋਂ ਹੀ ਨਿਰਾਕਾਰ ਦੀ ਹੋਂਦ ਤੋਂ ਵਾਕਫ਼ ਸਨ, ਉਨ੍ਹਾਂ ਦੇ ਗੁਣ; ਜਿਵੇਂ ਕਿ ਉਸ ਦੀ ਰਜ਼ਾ ਵਿੱਚ ਕੁਦਰਤ ਦਾ ਬਣਨਾ, ਸਭ ਨੂੰ ਰਿਜ਼ਕ ਮਿਲਣਾ ਤੇ ਕੁਦਰਤ ਦਾ ਨਾਸ਼ ਹੋਣਾ, ਕਣ-ਕਣ ’ਚ ਉਸ ਦੀ ਜੋਤ ਬਿਰਾਜਮਾਨ, ਆਦਿ ਗੁਰੂ ਜੀ ਨੂੰ ਪ੍ਰਤੱਖ ਨਜ਼ਰ ਆ ਰਹੇ ਸਨ, ਪਰ ਇਸ ਗਿਆਨ ਤੋਂ ਸੱਖਣਾ ਮਨੁੱਖ; ਆਪਹੁਦਰੀ ਕਾਰਨ ਦੁਖੀ ਹੋ ਰਿਹਾ ਸੀ। ਗੁਰੂ ਦਾ ਟੀਚਾ ਮਾਨਵਤਾ ਨੂੰ ਅਸਲ ਸਿਰਜਣਹਾਰ ਨਾਲ਼ ਜੋੜਨਾ ਸੀ ਤਾਂ ਜੋ ਧਰਮ ਦੇ ਨਾਂ ’ਤੇ ਰੱਖੀ ਨਿਰਮੂਲ ਆਸਥਾ ਨੂੰ ਬੂਰ ਪੈ ਸਕੇ, ਨਿਰਾਸ਼ਾਵਾਦੀ ਜ਼ਿੰਦਗੀ ਰੌਸ਼ਨ ਹੋਵੇ, ਆਪਸੀ ਪਿਆਰ ਵਧੇ, ਇੱਕ ਦੂਜੇ ਦੇ ਅਧਿਕਾਰਾਂ ਦੀ ਸੁਰੱਖਿਆ ਹੋਵੇ; ਕਾਲ਼ਾ-ਗੋਰਾ, ੳੂਚ-ਨੀਚ, ਮਰਦ-ਔਰਤ ’ਚ ਵਿਤਕਰਾ ਨਾ ਰਹੇ, ਹਰ ਕੋਈ ਹੱਥੀਂ ਮਿਹਨਤ ਕਰ ਆਪਣੀ ਪਰਵਾਰਿਕ ਜ਼ਿੰਮੇਵਾਰੀ ਸੰਭਾਲ਼ੇ, ਰੱਬ ਦਾ ਨਾਮ ਜਪੇ, ਲੋੜਵੰਦਾਂ ਦਾ ਸਹਾਰਾ ਬਣੇ, ਆਦਿ। ਕਰਤਾਰ ਵਰਗਾ ਗੁਰੂ ਦਾ ਇਹ ਰੌਸ਼ਨ ਦਿਮਾਗ਼ (ਗਿਆਨ); ਪੈਰੋਕਾਰਾਂ (ਸਿੱਖਾਂ) ਲਈ ਗੁਰਮਤਿ ਹੈ। ਰੱਬ ਵਾਙ ਗੁਰੂ ਦੇ ਇਹ ਨਿੱਜੀ ਖ਼ਿਆਲ ਹਨ, ਜਿਨ੍ਹਾਂ ਨੂੰ ਕਿਸੇ ਦੁਨਿਆਵੀ ਵਿਦਿਆ, ਭਾਸ਼ਾ, ਸ਼ਬਦ ਜਾਂ ਮੌਖਿਕ ਰਾਏ (ਅਣਲਿਖਤ ਸਲਾਹ) ਦੀ ਲੋੜ ਨਹੀਂ ਹੁੰਦੀ। ਗੁਰੂ ਸੋਚ ਅਤੇ ਰੱਬੀ ਸੋਚ ਦੀ ਇਹ ਆਪਸੀ ਸਾਂਝ (ਪ੍ਰੀਤ) ਹੀ ਬਾਲਕ ਨਾਨਕ ਜੀ ਨੂੰ ਵਾਰ-ਵਾਰ ਇਕਾਗਰ ਚਿੱਤ ਬੈਠਣ ਲਈ ਮਜਬੂਰ ਕਰ ਰਹੀ ਸੀ।
ਗੁਰੂ; ਆਵਾਗਮਣਧਾਰੀ ਮਨੁੱਖ ਦਾ ਮਾਰਗ-ਦਰਸ਼ਨ ਹੈ ਤੇ ਆਪ ਆਵਾਗਵਣ ’ਚ ਨਾ ਹੋਣ ਕਾਰਨ ‘‘ਜਨਮ ਜਨਮ ਕੀ, ਇਸੁ ਮਨ ਕਉ ਮਲੁ ਲਾਗੀ..॥’’ (ਮ: ੩, ਪੰਨਾ ੬੫੧) ਵਾਲ਼ੀ ਮੈਲ਼ ਤੋਂ ਨਿਰਮਲ ਹੈ ਕਿਉਂਕਿ ਸੱਚ ਆਧਾਰਿਤ ਨਿਰਾਕਾਰ ਵਾਙ ਸੱਚ ਆਧਾਰਿਤ ਗੁਰੂ/ਗੁਰਮਤਿ ਹੈ। ਮਾਇਆ ਦੇ ਪ੍ਰਭਾਵ ਤੋਂ ਉੱਚਾ ਰੱਬ ਹੈ ਜਾਂ ‘‘ਏਵਡੁ ਊਚਾ ਹੋਵੈ ਕੋਇ ॥ ਤਿਸੁ ਊਚੇ ਕਉ ਜਾਣੈ ਸੋਇ ॥’’ ਗੁਰੂ ਹੈ, ਇਸ ਲਈ ਗੁਰੂ ਤੇ ਰੱਬ ਸਮਾਨ ਹਨ, ‘‘ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥ (ਮ: ੫, ਪੰਨਾ ੩੮੭), ਗੁਰੁ ਪਰਮੇਸਰੁ, ਏਕੋ ਜਾਣੁ ॥ (ਮ: ੫, ਪੰਨਾ ੮੬੪) ਕਿਉਂਕਿ ਪਰਮੇਸਰ ਰੂਪ ਗੁਰੂ; ਉਸ ਦੇ ਸਾਚੈ+ਨਾਇਂ ’ਚ ਲੀਨ ਹੈ, ‘‘ਗੁਰੁ ਪਰਮੇਸਰੁ ਸਾਚੈ ਨਾਇ ॥’’ (ਮ: ੫, ਪੰਨਾ ੧੨੭੧), ਤਾਂ ਤੇ ਪਰਮੇਸਰ ਵਾਙ ਗੁਰੂ ਵੀ ਸਰਵ ਵਿਆਪਕ ਹੈ, ‘‘ਗੁਰੁ ਪਰਮੇਸਰੁ ਏਕੁ ਹੈ; ਸਭ ਮਹਿ ਰਹਿਆ ਸਮਾਇ ॥ (ਮ: ੫, ਪੰਨਾ ੫੩), ਸੁਣਤੇ ਪੁਨੀਤ, ਕਹਤੇ ਪਵਿਤੁ; ਸਤਿਗੁਰੁ ਰਹਿਆ ਭਰਪੂਰੇ ॥’’ (ਮ: ੩, ਪੰਨਾ ੯੨੨), ਇਸੇ ਲਈ ਭੱਟ ਕਲਸਹਾਰ ਜੀ ਨੇ ਗੁਰੂ ਨਾਨਕ ਜੀ ਬਾਰੇ ਕਿਹਾ, ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥.. ਕਲਿਜੁਗਿ, ਪ੍ਰਮਾਣੁ ਨਾਨਕ ਗੁਰੁ; ਅੰਗਦੁ, ਅਮਰੁ ਕਹਾਇਓ ॥’’ (ਸਵਈਏ ਮਹਲੇ ਪਹਿਲੇ ਕੇ, ਭਟ ਕਲੵ, ਪੰਨਾ ੧੩੯੦) ਇਸੇ ਪ੍ਰਸੰਗ ਦੇ ਅੰਤ ’ਚ ਭੱਟ ਕਲਸਹਾਰ ਜੀ ਇਹ ਕਹਿਣਾ ਵੀ ਨਹੀਂ ਭੁੱਲੇ ਕਿ ਗੁਰੂ ਜੀ ਦਾ ਸਦੀਵੀ ਰਾਜ ਸਥਾਪਤ ਕਰਨ ਲਈ ਹੁਕਮ ਵੀ ਅਕਾਲ ਪੁਰਖ (ਆਦਿ ਪੁਰਖ) ਨੇ ਆਪ ਕੀਤਾ, ‘‘ਸ੍ਰੀ ਗੁਰੂ ਰਾਜੁ ਅਬਿਚਲੁ ਅਟਲੁ; ਆਦਿ ਪੁਰਖਿ (ਨੇ) ਫੁਰਮਾਇਓ ॥’’
ਡਾ. ਦਿਲਗੀਰ ਮੁਤਾਬਕ ਬਾਬਰ ਦਾ ਪੁੱਤਰ ਹਮਾਯੂੰ ਜੂਨ 1540 (ਸੰਮਤ ੧੫੯੭) ਨੂੰ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਕੇ 1 ਜੁਲਾਈ ਨੂੰ ਖਡੂਰ ਸਾਹਿਬ ਗੁਰੂ ਅੰਗਦ ਜੀ ਪਾਸੋਂ (ਅਗਾਂਹ ਜਿੱਤ ਲਈ) ਅਸ਼ੀਰਬਾਦ ਲੈਣ ਆਇਆ। ਬੱਚਿਆਂ ਨੂੰ ਪੜ੍ਹਾ ਰਹੇ ਗੁਰੂ ਜੀ ਵੱਲੋਂ ਉਸ ਵੱਲ ਉਚੇਚਾ ਧਿਆਨ ਨਾ ਦੇਣ ਕਾਰਨ ਉਹ ਆਪਣੀ ਤਲਵਾਰ ਗੁਰੂ ਜੀ ’ਤੇ ਹਮਲਾ ਕਰਨ ਲਈ ਕੱਢਦਾ ਹੈ ਤੇ ਗੁਰੂ ਜੀ ਦਾ ਇਹ ਜਵਾਬ ਕਿ ਜਿੱਥੇ ਤਲਵਾਰ ਚਲਾਉਣੀ ਸੀ ਓਥੋਂ ਭੱਜ ਆਇਆ, ਸੁਣ ਕੇ ਆਪਣੇ ਕ੍ਰੋਧਿਤ ਸੁਭਾਅ ’ਤੇ ਮਾਫ਼ੀ ਮੰਗਦਾ ਹੈ। ਇਸ ਘਟਨਾ ਦੇ ਜ਼ਿਕਰ ਦਾ ਕਾਰਨ 19 ਸਾਲ ਪਹਿਲਾਂ ਸੰਨ 1521 (ਸੰਮਤ ੧੫੭੮) ਨੂੰ ਇਸੇ ਹਮਾਯੂੰ ਦੇ ਪਿਤਾ ਬਾਬਰ ਦੁਆਰਾ ਸੈਦਪੂਰ (ਏਮਨਾਬਾਦ) ’ਤੇ ਕੀਤੇ ਪਹਿਲੇ ਹਮਲੇ ਦੌਰਾਨ ਗੁਰੂ ਨਾਨਕ ਜੀ ਵੱਲੋਂ ਕੀਤੀ ਗਈ ਭਵਿੱਖਬਾਣੀ, ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥’’ (ਤਿਲੰਗ, ਮ: ੧, ਪੰਨਾ ੭੨੩) ਨਾਲ਼ ਜੋੜ ਕੇ ਵੇਖਿਆਂ ਸੱਚੀ ਅਤੇ ਕੁਦਰਤੀ ਨਿਯਮਾਵਲੀ ਮੁਤਾਬਕ ਰੱਬੀ ਸੋਚ ਤੇ ਗੁਰੂ ਸੋਚ ਨੂੰ ਬਰਾਬਰ ਲੈ ਆਉਂਦੀ ਹੈ। ਸੋ ਗੁਰੂ ਦੀ ਸੋਚ (ਗੁਰਮਤਿ) ਹੀ ਅਕਾਲ ਪੁਰਖ ਦੀ ਸੋਚ ਹੈ, ਜੋ ਅਟੱਲ ਹੈ, ਨਿਰਮਲ ਹੈ, ਨਿਰਭਉ ਨਿਰਵੈਰੁ, ਅਭੁੱਲ ਹੈ ਭਾਵ ਰੱਬੀ ਗੁਣਾਂ ਦਾ ਸੰਗ੍ਰਹਿ ਹੀ ਗੁਰਮਤਿ ਹੈ।
ਗੁਰੂ ਜੀ ਨੂੰ ਮਿਲੇ ਇਨ੍ਹਾਂ ਅਧਿਕਾਰਾਂ ਨੂੰ ਕਲਿਯੁਗੀ ਸੁਭਾਅ (ਮਨੁੱਖ) ’ਚ ਲਾਗੂ ਕਰਨਾ ਬੜਾ ਚੁਣੌਤੀ ਭਰਪੂਰ ਕਾਰਜ ਸੀ। ਗੁਰੂ ਨਾਨਕ ਜੀ ਜਾਣ ਚੁੱਕੇ ਸਨ ਕਿ ਅਧਰਮ ਨੂੰ ਧਰਮ ਦਾ ਨਾਂ ਦੇ ਕੇ ਮਨੁੱਖਤਾ ਦਾ ਸਮਾਂ, ਸੁਆਸ ਤੇ ਧਨ-ਦੌਲਤ ਲੁਟੀ ਜਾ ਰਹੀ ਹੈ। ਜਦ ਚਾਰੋਂ ਤਰਫ਼ ਪ੍ਰਜਾ ਗਿਆਨਹੀਣ ਹੋਵੇ, ਕਰਮਕਾਂਡਾਂ ’ਚ ਅੰਧੀ ਸ਼ਰਧਾ ਹੋਵੇ, ਜ਼ੁਲਮੀ ਕਹਿਰ ਵਾਪਰ ਰਿਹਾ ਹੋਵੇ, ਨਿਆਂ ਮਿਲਣ ਦੀ ਉਮੀਦ ਖ਼ਤਮ ਹੋਵੇ, ਸਮਾਜ ਕਈ ਵਰਗਾਂ ’ਚ ਵੰਡ ਰੱਖਿਆ ਹੋਵੇ, ਸੱਚ ਨੂੰ ਵੇਖਣ ਵਾਲ਼ੀ ਅੱਖ ਨਾ ਹੋਵੇ, ਪਸ਼ੂ ਵਾਙ ਬੰਦਾ ਵੀ ਖਾਣ-ਪੀਣ ਜਾਂ ਘਰ-ਪਰਵਾਰ ਤੋਂ ਅਗਾਂਹ ਨਾ ਵੇਖ ਰਿਹਾ ਹੋਵੇ; ਓਥੇ ਰੱਬੀ ਨੂਰ ਗੁਰੂ ਨਾਨਕ ਜੀ ਦੇ ਬਿਖੜੇ ਕਾਰਜ ਤੇ ਇਲਾਹੀ ਗੱਲਾਂ ਦੀ ਬੰਦਾ ਕਿਵੇਂ ਰਮਜ਼ ਜਾਣ ਸਕਦਾ ਹੈ ?, ਪਰ ਆਪਣੇ ਟੀਚੇ ਨੂੰ ਸਰ ਕਰਨ ਲਈ ਗੁਰੂ ਜੀ ਨੇ 7 ਸਾਲ ਦੀ ਉਮਰ (ਸੰਨ 1476) ’ਚ ਪੰਡਿਤ ਗੋਪਾਲ ਜੀ ਪਾਸੋਂ ਸਿੱਧਮ ਭਾਖਾ (ਪੰਜਾਬੀ ਲਿਪੀ), 9 ਸਾਲ ਦੀ ਉਮਰ ’ਚ ਪੰਡਿਤ ਬ੍ਰਿਜ ਨਾਥ ਜੀ ਪਾਸੋਂ ਸੰਸਕ੍ਰਿਤ ਤੇ 13 ਸਾਲ ਦੀ ਉਮਰ ’ਚ ਮੌਲਵੀ ਕੁਤਬਦੀਨ ਜੀ ਪਾਸੋਂ ਫ਼ਾਰਸੀ ਗ੍ਰਹਿਣ ਕੀਤੀ। ਆਪ ਨੇ ਫ਼ਿਲਾਸਫ਼ੀ ਦੀਆਂ ਵੀ ਕਈ ਕਿਤਾਬਾਂ ਪੜ੍ਹੀਆਂ। 14 ਕੁ ਸਾਲ ਦੀ ਉਮਰ ’ਚ ਐਨੀ ਵਿਦਿਆ ਪ੍ਰਾਪਤ ਕਰਨੀ, ਜਿੱਥੇ ਆਪ ਨੂੰ ਉੱਚ ਕੋਟੀ ਦੇ ਵਿਦਵਾਨਾਂ ’ਚ ਸ਼ਾਮਲ ਕਰਦੀ ਹੈ ਓਥੇ ਆਪ ਜੀ ਦੇ ਵਿਸ਼ਾਲ ਟੀਚੇ ਲਈ ਮੁੱਢਲੇ ਸੰਕੇਤ ਸਨ।
ਅਧਰਮ ਤੇ ਕਰਮਕਾਂਡ ਵਿਰੁਧ ਸੰਘਰਸ਼ ਆਪ ਨੇ 9 ਸਾਲ ਦੀ ਉਮਰ ’ਚ ਤਦ ਸ਼ੁਰੂ ਕਰ ਲਿਆ ਜਦ ਮਾਤਾ ਪਿਤਾ ਵੱਲੋਂ ਜਨੇੳੂ ਧਾਰਨ ਕਰਵਾਉਣ ਲਈ ਪੰਡਿਤ ਹਰਦਿਆਲ ਜੀ ਨੂੰ ਆਪਣੇ ਘਰ ਬੁਲਾਇਆ। ਇਸ ਅਖੌਤੀ ਸ਼ੁੱਭ ਦਿਹਾੜੇ ਦਾ ਵਿਰੋਧ ਗੁਰੂ ਜੀ ਪਹਿਲਾਂ, ਜਦ ਰਿਸ਼ਤੇਦਾਰਾਂ ਨੂੰ ਸੰਦੇਸ਼ ਭੇਜੇ ਜਾ ਰਹੇ ਸਨ, ਤਦ ਵੀ ਕਰ ਸਕਦੇ ਸੀ, ਪਰ ਐਸਾ ਨਾ ਕੀਤਾ ਗਿਆ ਕਿਉਂਕਿ ਗੁਰੂ ਜੀ ਨੇ ਸਦਾ ਇਕੱਠ ’ਚ ਹੀ ਆਪਣੇ ਬਹੁਮੁੱਲੇ ਵਿਚਾਰ ਰੱਖਣੇ ਯੋਗ ਸਮਝੇ, ਜਿਨ੍ਹਾਂ ’ਚ ਆਪਣੀ ਤਰਕ-ਸੰਗਤ ਜਿੱਤ, ਨਿਡਰਤਾ ਤੇ ਰੱਬੀ ਭਰੋਸਾ ਭਰਿਆ ਹੋਇਆ ਸੀ। ਜ਼ਿੰਦਗੀ ਦੇ ਅਗਲੇ ਪੜਾਅ ’ਚ ਆਪ ਨੇ ਕਈ ਸਰਲ ਯੁਕਤੀਆਂ ਨੂੰ ਵੀ ਸਾਧਨ ਵਜੋਂ ਵਰਤਿਆ; ਜਿਵੇਂ ਕਿ
(1). ਪਹਿਲੀ ਮਿਸਾਲ ਜਾਂ ਯੁਕਤੀ – ਸਚਾਈ ਤੋਂ ਬੇਮੁਖ ਹੋਣ ਦਾ ਮੂਲ ਕਾਰਨ ਦੁਬਿਧਾ ਹੁੰਦੀ ਹੈ।, ਦੁਬਿਧਾ; ਝੂਠ ’ਤੇ ਵਿਸ਼ਵਾਸ ਕਰਾ ਦਿੰਦੀ ਹੈ।, ਰਾਹੀ ਨੂੰ ਕੁਰਾਹੇ ਪਾ ਦਿੰਦੀ ਹੈ।, ਝੂਠ ਨੂੰ ਸੱਚ ’ਚ ਅਤੇ ਸੱਚ ਨੂੰ ਝੂਠ ’ਚ ਬਦਲ ਸਕਦੀ ਹੈ। ਦੁਬਿਧਾ ਨੂੰ ਗੁਰਬਾਣੀ ’ਚ ‘ਦੂਜੈ ਭਾਇ’ (151 ਵਾਰ) ਕਿਹਾ ਗਿਆ, ਜਿਸ ਦਾ ਅਰਥ ਹੈ: ਸੱਚ ਤੋਂ ਇਲਾਵਾ ਕਿਸੇ ‘ਦੂਜੇ ਨੂੰ ਪ੍ਰੇਮ ਕਰਨ ਨਾਲ਼’।
ਗੁਰੂ ਅਮਰਦਾਸ ਜੀ ਨੇ ਸੱਚ ਦੀ ਤਲਾਸ਼ ਲਈ ਲੰਬਾ ਸਮਾਂ ਦੁਬਿਧਾ (ਦੂਜੈ+ਭਾਇ) ’ਚ ਬਤੀਤ ਕੀਤਾ, ਇਸ ਲਈ ਆਪ ਨੇ ‘ਦੂਜੈ ਭਾਇ’ ਸੰਯੁਕਤ ਸ਼ਬਦਾਂ ਰਾਹੀਂ ਗੁਰਮਤਿ ਦੀ ਵਾਰ-ਵਾਰ ਵਿਆਖਿਆ ਕੀਤੀ; ਜਿਵੇਂ ਕਿ ‘‘ਭਾਈ ਰੇ ! ਜਗੁ ਦੁਖੀਆ ਦੂਜੈ+ਭਾਇ (ਕਾਰਨ)॥ (ਮ: ੩/੨੯), ਮਤੁ ਜਾਣਹੁ ਜਗੁ ਜੀਵਦਾ; ਦੂਜੈ+ਭਾਇ ਮੁਇਆਸੁ ॥ (ਮ: ੩/੬੪੩), ਗੁਰ ਕਾ ਸਬਦੁ ਵਿਸਾਰਿਆ; ਦੂਜੈ+ਭਾਇ (’ਚ) ਰਚੰਨਿ ॥ (ਮ: ੩/੭੫੫), ਨਾਨਕ ! ਨਾਮਿ ਮਿਲੈ ਵਡਿਆਈ; ਦੂਜੈ+ਭਾਇ (ਨਾਲ਼) ਪਤਿ ਖੋਈ ॥ (ਮ: ੩/੭੬੯), ਦੂਜੈ+ਭਾਇ (’ਚ) ਸੂਤੇ; ਕਬਹੁ ਨ ਜਾਗਹਿ; ਮਾਇਆ ਮੋਹ ਪਿਆਰ ॥ (ਮ: ੩/੮੫੨), ਜੋ ਹਰਿ ਛੋਡਿ; ਦੂਜੈ+ਭਾਇ (’ਚ) ਲਾਗੈ; ਓਹੁ ਜੰਮੈ ਤੈ ਮਰਿ ਜਾਇ ॥’’ (ਮ: ੩/੧੩੩੪), ਆਦਿ।
ਦੁਬਿਧਾ (ਦੁਚਿੱਤੇਪਣ) ’ਚੋਂ ਸਹੀ ਰਾਹ ਵਿਖਾਉਣ ਲਈ ਸਵਾਲਾਂ ਦੇ ਤੀਰ ਮਾਰਨੇ ਢੁੱਕਵਾਂ ਇਲਾਜ ਹੈ। ਗੁਰੂ ਨਾਨਕ ਜੀ ਨੇ ਇਹ ਹਥਿਆਰ ਵਾਰ ਵਾਰ ਵਰਤਿਆ; ਜਿਵੇਂ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥੧॥, ਫੇਰਿ ਕਿ ਅਗੈ ਰਖੀਐ ?.. ਮੁਹੌ ਕਿ ਬੋਲਣੁ ਬੋਲੀਐ ?॥੪॥, ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ ?॥੨੧॥’’
‘ਸਿਧ ਗੋਸਟਿ’ ’ਚ ਯੋਗੀਆਂ ਤੋਂ ਵੀ ਆਪ ਨੇ ਇਉਂ ਬੁਲਵਾਇਆ, ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥ (ਮ: ੧/੯੪੨), ਮੈਣ ਕੇ ਦੰਤ; ਕਿਉ ਖਾਈਐ ਸਾਰੁ ? ॥’’ ਭਾਵ ਮੋਮ ਦੇ ਦੰਦਾਂ (ਜਾਂ ਤੁਛ ਬੁੱਧੀ) ਨਾਲ਼ ਲੋਹਾ (ਦੁੱਖ ਨੂੰ) ਕਿਵੇਂ ਖਾਈਏ ?, ‘‘ਜਿਤੁ ਗਰਬੁ ਜਾਇ; ਸੁ ਕਵਣੁ ਆਹਾਰੁ ?॥’’ ਭਾਵ ਜਿਸ ਨਾਲ਼ ਅਹੰਕਾਰ ਦੂਰ ਹੋਵੇ ਉਹ ਕਿਹੜਾ ਭੋਜਨ ਹੈ ? ਇਨ੍ਹਾਂ ਸਵਾਲਾਂ ਦਾ ਜਵਾਬ ਕਿ ਸ਼ਬਦ-ਗੁਰੂ ਹੀ ਤੁਛ ਬੁੱਧੀ (ਮੈਣ ਕੇ ਦੰਤ) ਤੋਂ ਦੁੱਖ (ਸਾਰੁ) ਨਾਸ਼ ਕਰਾਉਂਦਾ ਹੈ; ਗੁਰਮਤਿ ਹੈ, ਨਾ ਕਿ ਇਹ ਸਵਾਲ।
ਸਵਾਲ; ਇੱਕ ਦੁਬਿਧਾ ’ਚੋਂ ਪੈਦਾ ਹੁੰਦਾ ਹੈ, ਜੋ ਸੰਦੇਹ ਹੈ; ਇਹ ਸੰਦੇਹ ਗੁਰੂ ਦੇ ਹਿਰਦੇ ’ਚ ਪੈਦਾ ਨਹੀਂ ਹੋ ਸਕਦਾ, ਇਸ ਲਈ ਇਸ ਨੂੰ ਗੁਰਮਤਿ ਨਹੀਂ ਕਹਿ ਸਕਦੇ ਕਿਉਂਕਿ ਇਹ ਸਵਾਲ ਇੱਕ ਯੁਕਤੀ ਵਜੋਂ ਵਰਤੇ ਗਏ ਹਨ। ਜੇ ਸਵਾਲ ਹੀ ਗੁਰਮਤਿ ਮੰਨ ਲਏ ਜਾਣ ਤਾਂ ਦੁਬਿਧਾਧਾਰੀ ਬੰਦੇ ਲਈ ਗੁਰਮਤਿ ਵਾਚਣੀ ਅਸੰਭਵ ਹੈ।
(2). ਗੁਰਮਤਿ ਦੀ ਸਪੱਸ਼ਟਤਾ ਲਈ ਗੁਰਬਾਣੀ ’ਚ ਦੂਸਰੀ ਯੁਕਤੀ ਸੰਸਾਰੀ ਸੁਭਾਅ ਜਾਂ ਸਮਾਜਿਕ ਗਿਆਨ ’ਚੋਂ ਲਈ ਗਈ ਹੈ; ਜਿਵੇਂ ਮਨ ਦੀ ਮੈਲ਼ ਕਾਲ਼ੇ ਸੱਪ ਵਰਗੀ, ਲੋਭ ਬਾਂਦਰ ਦੇ ਸੁਭਾਅ ਵਰਗਾ, ਮਾਲਕ ਦੀ ਵਫ਼ਾਦਾਰੀ ਕੁੱਤੇ ਵਰਗੀ, ਹਾਥੀ ਦੀ ਕਾਮ-ਵਾਸ਼ਨਾ ਗ਼ੁਲਾਮੀ ਦਾ ਪ੍ਰਤੀਕ, ਨਿਮਰਤਾ ਕੀੜੀ ਵਰਗੀ, ਮੌਤ; ਸ਼ਿਕਾਰੀ ਜਾਨਵਰ ਜਾਂ ਸ਼ਿਕਾਰੀ ਪੰਛੀ ਵਾਙ ਅਚਾਨਕ ਪੈਂਦੀ, ਗੱਪੀ ਸੁਭਾਅ ਔਰਤ ਦੀ ਮਾਹਵਾਰੀ ਵਾਙ ਗੱਪ ਨੂੰ ਨਹੀਂ ਰੋਕ ਸਕਦਾ, ਅਕਿਰਤਘਣ (ਅਹਿਸਾਨ-ਫ਼ਰਾਮੋਸ਼) ਪਸ਼ੂ ਵਰਗਾ, ਆਦਿ।
ਸੋ, ਸੱਪ ਕਾਲ਼ਾ, ਬਾਂਦਰ ਲੋਭੀ, ਡੂੰਘੇ ਟੋਏ ਉੱਤੇ ਮਾਦਾ ਹਾਥੀ ਦੀ ਨਕਲੀ ਫੋਟੋ ਨਾਲ਼ ਨਰ ਹਾਥੀ ਨੂੰ ਕਾਬੂ ਕਰਨਾ, ਕੁੱਤਾ ਵਫ਼ਾਦਾਰ, ਔਰਤ ਦੀ ਮਾਹਵਾਰੀ, ਆਦਿ ਗਿਆਨ ਨੂੰ ਝੂਠਾ ਨਹੀਂ ਕਹਿ ਸਕਦੇ, ਪਰ ਇੰਨਾ ਕੁ ਗਿਆਨ ਤਾਂ ਮੂਰਖ ਪਾਸ ਵੀ ਹੁੰਦਾ ਹੈ। ਇਸ ਸਮਾਜਿਕ ਗਿਆਨ ਅਤੇ ਸੁਭਾਅ ਨੂੰ ਅਲੌਕਿਕ ਗੁਰਮਤਿ (ਧਰਮ) ਵਾਙ ਤਰਜੀਹ ਦੇਣੀ ਭਾਵ ਸ਼ੁੱਭ-ਅਸ਼ੁਭ ਮੰਨਣਾ; ਗੁਰਮਤਿ ਦੁਆਰਾ ਹੋਈ ਦਿਮਾਗ਼ੀ ਰੌਸ਼ਨੀ ਦਾ ਪ੍ਰਤੀਕ ਨਹੀਂ। ਹਨੇਰੇ ’ਚ ਦੀਵਾ ਕਈ ਕੰਮ ਸੰਵਾਰਦਾ ਹੈ ਪਰ ਦਿਨ ਦੇ ਉਜਾਲੇ ’ਚ ਦੀਵੇ ਨਾਲ਼ ਵੇਖਣਾ; ਮੂਰਖਤਾ ਦੇ ਬਾਹਰੀ ਸੰਕੇਤ ਹੁੰਦੇ ਹਨ। ਸਮਾਜਿਕ ਗਿਆਨ ਇੱਕ ਦੀਵਾ ਹੈ ਜਦਕਿ ਸੂਰਜ ਦਾ ਉਜਾਲਾ ਗੁਰਮਤਿ।
(3). ਤੀਸਰੀ ਮਿਸਾਲ ਜਾਂ ਯੁਕਤੀ – ਗੁਰੂ ਨਾਨਕ ਸਾਹਿਬ ਜੀ ਤੋਂ ਲਗਭਗ 4000 ਸਾਲ ਪਹਿਲਾਂ ਧਰਮ ਦੇ ਨਾਂ ’ਤੇ ਛੋਟੇ ਛੋਟੇ ਕਬੀਲਿਆਂ ਦੇ ਸਰਦਾਰਾਂ ਜਾਂ ਰਾਜਿਆਂ ਨੂੰ ਦੇਵਤੇ (ਰੱਬ) ਮੰਨ ਕੇ ਪੂਜਿਆ ਜਾਂਦਾ ਰਿਹਾ ਹੈ, ਮੌਤ ਉਪਰੰਤ ਉਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਮੰਦਿਰਾਂ ’ਚ ਸਥਾਪਤ ਕੀਤੀਆਂ ਗਈਆਂ। ਕਬੀਲਿਆਂ ਦੇ ਆਪਸੀ ਸੰਘਰਸ਼ ’ਚ ਵਿਰੋਧੀ ਧਿਰ ਦੇ ਸਰਦਾਰਾਂ ਨੂੰ ਰਾਖਸ਼ ਕਿਹਾ ਗਿਆ। ਆਪਣੇ ਜੇਤੂ ਸਰਦਾਰਾਂ ਨੂੰ ਵੱਡਾ ਦਰਸਾਉਣ ਲਈ ਵਿਰੋਧੀ ਧਿਰ ਦੇ ਸਰਦਾਰਾਂ ਨੂੰ ਦਿੱਤੇ ਨਾਂ ਰਾਖਸ਼ ਨੂੰ ਬਾਹੂ-ਬਲੀ ਸਿੱਧ ਕੀਤਾ ਗਿਆ; ਜਿਵੇਂ ਕਿ ਰਾਵਣ ਦੇ 10 ਸਿਰ, ਜਿਸ ਦੀ ਫ਼ੌਜ 10 ਖਰਬ 46 ਹਜ਼ਾਰ ਇੱਕ ਸੌ ਦੱਸੀ ਗਈ (ਜਦਕਿ ਸਚਾਈ ਇਹ ਹੈ ਕਿ ਅੱਜ ਲਗਭਗ 3500 ਸਾਲ ਬਾਅਦ 20 ਅਪਰੈਲ 2019 ਨੂੰ ਸੰਸਾਰ ਦੀ ਕੁੱਲ ਅਬਾਦੀ 7 ਅਰਬ 69 ਕਰੋੜ 81 ਲੱਖ ਹੈ।, ਸੰਨ 1900 ਈਸਵੀ ’ਚ 1 ਅਰਬ 60 ਕਰੋੜ ਸੀ ਅਤੇ 2019 ਸਾਲ ਪਹਿਲਾਂ ਭਾਵ ਈਸਵੀ 0001 ਨੂੰ ਵਿਸ਼ਵ ਦੀ ਕੁੱਲ ਜਨ ਸੰਖਿਆ 20 ਕਰੋੜ ਸੀ, ਤਦ ਵੀ ਰਾਵਣ ਯੁਗ 1500 ਸਾਲ ਪੂਰਵ ਸੀ।), ਧਰੁਵ ਨੂੰ 36000 ਸਾਲ ਰਾਜ ਕਰਦਾ ਵਿਖਾਇਆ ਗਿਆ, ਆਦਿ ਨਿਰੋਲ ਮਿਥਿਹਾਸ ਹੈ, ਗੱਪ ਹਨ।
ਹਰਨਾਖਸ਼, ਰਾਵਣ, ਕੰਸ ਆਦਿ ਵਿਰੋਧੀ ਰਾਜੇ ਸਨ, ਜਿਨ੍ਹਾਂ ਦੇ ਘਰੋਂ ਹੋਈ ਬਗ਼ਾਵਤ ਨੂੰ ਵਧੇਰੇ ਉਜਾਗਰ ਕਰਨ ਲਈ ਹਰਨਾਖਸ਼ ਦੇ ਘਰੋਂ ਪ੍ਰਹਿਲਾਦ, ਰਾਵਣ ਦੇ ਘਰੋਂ ਵਿਭੀਖਣ (ਭਭੀਖਨ) ਤੇ ਕੰਸ ਦੇ ਘਰੋਂ ਉਸ ਦੀ ਭੈਣ ਦੇਵਕੀ ਤੇ ਭਾਣਜੇ ਕ੍ਰਿਸ਼ਨ ਜੀ ਦੀ ਬਗ਼ਾਵਤ ਨੂੰ ਪ੍ਰਮੁੱਖਤਾ ਦੇਣ ਲਈ ਇਨ੍ਹਾਂ ਨੂੰ ਸ਼੍ਰੋਮਣੀ ਭਗਤ ਵੀ ਮੰਨਿਆ ਗਿਆ।
ਇੰਦਰ ਨੂੰ ਦੇਵਤਿਆਂ ਦਾ ਰਾਜਾ ਤੇ ਵਰਖਾ ਕਰਨ ਵਾਲ਼ਾ ਦੇਵਤਾ ਕਿਹਾ ਗਿਆ ਤੇ ਇਸ ਦੇ ਭਰਾ ਵਿਸ਼ਨੂ ਨੂੰ ਇੱਕ ਸਾਖੀ ’ਚ ਛਲ-ਕਪਟ ਨਾਲ਼ ਬੌਣਾ ਰੂਪ ਧਾਰ ਕੇ ਦਾਨ ਮੰਗਦਾ ਵਿਖਾਇਆ ਗਿਆ ਜੋ ਬਾਅਦ ’ਚ ਵਿਕਰਾਲ ਰੂਪ ਧਾਰਨ ਕਰ ਢਾਈ ਕਰਮਾ ’ਚ ਸਾਰੀ ਧਰਤੀ ਨਾਪ ਲੈਂਦਾ ਹੈ, ‘‘ਕਰਉ ਅਢਾਈ ਧਰਤੀ ਮਾਂਗੀ; ਬਾਵਨ ਰੂਪਿ ਬਹਾਨੈ ॥’’ (ਮ: ੧, ਪੰਨਾ ੧੩੪੪), ਵਿਰੋਧੀ ਰਾਖਸ਼ਾਂ ਨੂੰ ਨਾਜਾਇਜ਼ ਔਲਾਦ ਵੀ ਸਿੱਧ ਕੀਤਾ ਗਿਆ; ਜਿਵੇਂ ਕਿ ਕੰਸ ਦਾ ਪਿਤਾ ਉਗ੍ਰਸੇਨ ਸੀ, ਪਰ ਦਰੁਮਿਲ ਦੈਂਤ ਦੇ ਵੀਰਜ ਤੋਂ ਕੰਸ ਨੂੰ ਪੈਦਾ ਹੋਇਆ ਵਿਖਾਇਆ ਗਿਆ, ਕੁਆਰੀ ਕੁੰਤੀ ਦੀ ਕੁੱਖੋਂ ਕਰਣ ਦਾ ਜਨਮ ਹੋਇਆ ਦੱਸਿਆ ਗਿਆ, ਜੋ ਕੌਰਵ ਦੁਰਯੋਧਨ ਦਾ ਸਾਥੀ ਤੇ ਕ੍ਰਿਸ਼ਨ ਜੀ ਦੇ ਹਿਮਾਇਤੀ ਪਾਂਡਵਾਂ ਦਾ ਵੈਰੀ ਸੀ, ਆਦਿ।
ਦੂਸਰੇ ਪਾਸੇ ਰਾਕਸ਼ ਧਿਰ ਨੇ ਆਪਣੇ ਵਿਰੋਧੀ ਕਬੀਲੇ ਦੇ ਦੇਵਤਿਆਂ ਨੂੰ ਕਿਰਦਾਰਹੀਣ ਲਿਖਿਆ; ਜਿਵੇਂ ਬ੍ਰਹਮਾ ਆਪਣੀ ਲੜਕੀ ’ਤੇ ਮੋਹਿਤ ਹੋ ਗਿਆ, ਜਿਸ ਕਾਰਨ ਉਸ ਦਾ ਪੰਜਵਾਂ ਸਿਰ ਸ਼ਿਵਜੀ ਨੇ ਵੱਢ ਦਿੱਤਾ, ਜੋ ਉਸ ਦੀ ਬਾਂਹ ਨਾਲ਼ ਚਿੱਪਕ ਗਿਆ। ਇੱਕ ਸਾਖੀ ਮੁਤਾਬਕ ਸ਼ਿਵਜੀ ਨੰਗਾ ਜੰਗਲ਼ ’ਚ ਘੁੰਮਦਾ ਫਿਰਦਾ ਸੀ, ਜਿਸ ’ਤੇ ਦੇਵ ਇਸਤ੍ਰੀਆਂ ਮੋਹਿਤ ਹੋ ਗਈਆਂ। ਦੇਵਤਿਆਂ ਦੇ ਸਰਾਪ ਨਾਲ਼ ਉਸ ਦਾ ਗੁਪਤ ਅੰਗ ਧਰਤੀ ’ਤੇ ਡਿੱਗ ਪਿਆ ਤੇ ਸਾਰੀ ਧਰਤੀ ਨੂੰ ਅੱਗ ਲੱਗ ਗਈ। ਮਾਤਾ ਪਾਰਬਤੀ ਦੀ ਮਦਦ ਨਾਲ਼ ਅੱਗ ਬੁਝਾਈ ਗਈ। ਇਹ ਸਾਖੀ ਹੁਣ ਵੀ ਸ਼ਿਵ ਲਿੰਗ ਅਤੇ ਪਾਰਬਤੀ ਦੀ ਭਗ (ਗੁਪਤ ਅੰਗ) ’ਤੇ ਪਾਣੀ ਜਾਂ ਦੁੱਧ ਪਾ ਕੇ ਯਾਦ ਵਜੋਂ ਤਾਜ਼ਾ ਰੱਖੀ ਹੋਈ ਹੈ।
ਰਾਵਣ ਕਬੀਲਾ ਭਾਰਤ ਦੇ ਦੱਖਣ ’ਚ ਅਤੇ ਰਾਮ ਚੰਦਰ ਜੀ ਦਾ ਕਬੀਲਾ ਭਾਰਤ ਦੇ ਉੱਤਰ ’ਚ ਰਾਜ ਕਰਦਾ ਸੀ। ਬ੍ਰਹਮਾ, ਵਿਸ਼ਨੂ, ਸ਼ਿਵਜੀ, ਸੁਰਗ ਲੋਕ ਆਦਿਕ ਸਭ ਉੱਤਰ ਭਾਰਤ ਗੜਵਾਲ (ਉੱਤਰਾਖੰਡ) ਸੂਬੇ ’ਚ ਸਥਿਤ ਹਨ। ਉੱਤਰ ਪੂਰਬ ਭਾਰਤ ’ਚ ਹੀ 68 ਤੀਰਥ ਹਨ, ਇਨ੍ਹਾਂ ’ਚੋਂ ਇੱਕ ਵੀ ਤੀਰਥ ਦੱਖਣ ਪੱਛਮ ’ਚ ਨਹੀਂ। ਬੜਾ ਅਜੀਬ ਹੈ ਕਿ ਦੇਵਤੇ ਅਤੇ ਰਾਖਸ਼ਾਂ ਨੇ ਮਿਲ ਕੇ ਸਮੁੰਦਰ ਦੱਖਣ ’ਚ ਰਿੜਕਿਆ, ਪਰ ਇਸ ਸੰਘਰਸ਼ ’ਚੋਂ ਨਿਕਲੇ 14 ਰਤਨਾਂ ’ਚੋਂ ਇੱਕ ਰਤਨ (ਅੰਮ੍ਰਿਤ) ਨੂੰ ਲੈ ਕੇ ਰਾਖਸ਼ ਭੱਜੇ ਦੇਵ ਭੂਮੀ ਉੱਤਰ ਵੱਲ। ਇਸ ਅੰਮ੍ਰਿਤ ਦੀ ਤਲਾਸ਼ ’ਚ ਹੁਣ ਵੀ ਸਾਰੇ ਕੁੰਭ ਮੇਲੇ ਕੇਵਲ ਉੱਤਰ ਭਾਰਤ ਤੱਕ ਸੀਮਤ ਹਨ।
ਦਰਅਸਲ ਇਹ ਸਭ ਦੋ ਕਬੀਲੀਆਂ ਦੀ ਨਿਜੀ ਰੰਜਸ਼ ਤੇ ਸੰਘਰਸ਼ਮਈ ਘਟਨਾਵਾਂ ਹਨ, ਜਿਨ੍ਹਾਂ ਨੂੰ ਧਰਮ ਦਾ ਨਾਂ ਦੇ ਕੇ ਆਪਣੇ ਕਬੀਲੇ ਦੀ ਏਕਤਾ ਨੂੰ ਕਾਇਮ ਰੱਖਣ ਦਾ ਸਾਧਨ ਮਾਤਰ ਹਨ। 33 ਕਰੋੜ ਦੇਵਤੇ, ਸੁਰਗ-ਨਰਕ, 84 ਲੱਖ ਜੂਨਾਂ, ਤ੍ਰਿਲੋਕ, ਚੌਦਾਂ ਲੋਕ, 68 ਤੀਰਥ ਆਦਿ ਨੂੰ ਪਾਪ ਨਿਵਾਰਣ ਦੇ ਸਾਧਨ ਮੰਨਿਆ ਗਿਆ। ਗੁਰੂ ਜੀ ਨੇ ਇਨ੍ਹਾਂ ਸਭ ਧੂਏਂ ਦੇ ਪਹਾੜਾਂ (ਗੰਧਰਬ ਨਗਰੀ) ਨੂੰ ਸੰਕੇਤ ਮਾਤਰ ਰੱਦ ਕਰ ਕੇ ਬਹੁਤਾ ਇਨ੍ਹਾਂ ’ਚ ਉਲਝਣ ਦੀ ਬਜਾਇ ਇਨ੍ਹਾਂ ਦੇ ਸਮਾਨੰਤਰ ਗੁਰਮਤਿ ਦੀ ਵੱਡੀ ਲਕੀਰ ਉਲੀਕਣ ਨੂੰ ਤਰਜੀਹ ਦਿੱਤੀ; ਜਿਵੇਂ ਕਿ ਗੁਰੂ ਉਪਦੇਸ਼ ਸੁਣਨ ਨਾਲ਼ ਹੀ ਇਨ੍ਹਾਂ ਵਰਗੇ ਜਾਂ ਇਨ੍ਹਾਂ ਵਾਙ ਪਵਿੱਤਰ ਹੋ ਜਾਈਦਾ ਹੈ, ‘‘ਸੁਣਿਐ; ਸਿਧ ਪੀਰ ਸੁਰਿ ਨਾਥ ॥, ਸੁਣਿਐ; ਈਸਰੁ ਬਰਮਾ ਇੰਦੁ ॥, ਸੁਣਿਐ; ਸਾਸਤ ਸਿਮ੍ਰਿਤਿ ਵੇਦ ॥, ਸੁਣਿਐ; ਅਠਸਠਿ ਕਾ ਇਸਨਾਨੁ ॥’’ ਸਮੁੰਦਰ ਰਿੜਕ ਕੇ ਕੱਢੇ 14 ਰਤਨਾਂ ’ਚੋਂ ਸ੍ਰੇਸ਼ਟ ਅਤੇ ਲੜਾਈ ਦਾ ਕਾਰਨ ਬਣੇ ਅੰਮ੍ਰਿਤ ਰਤਨ ਦੇ ਵਜੂਦ ਨੂੰ ਗੁਰੂ ਜੀ ਨੇ ਸਿੱਧਾ ਰੱਦ ਕਰਨ ਦੀ ਬਜਾਇ ਨਾਸਵਾਨ ਦਰਸਾਇਆ, ‘‘ਖਾਰ ਸਮੁਦ੍ਰੁ ਢੰਢੋਲੀਐ; ਇਕੁ ਮਣੀਆ (ਅੰਮ੍ਰਿਤ ਰਤਨ) ਪਾਵੈ ॥ ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥’’ (ਮ: ੧, ਪੰਨਾ ੧੦੧੨) ਧਿਆਨ ਰਹੇ ਕਿ ਇਨ੍ਹਾਂ ਵਚਨਾਂ ਦਾ ਉਚਾਰਨ ਕਰਦਿਆਂ ਗੁਰੂ ਸਾਹਿਬਾਨ ਜੀ ਸਾਹਮਣੇ ਜ਼ਿਆਦਾਤਰ ਗ਼ੈਰ ਸਿੱਖ ਸਮਾਜ ਸੀ।
ਇੱਕ ਹਿੰਦੂ ਮਨੌਤ ਅਨੁਸਾਰ ਗਜ (ਹਾਥੀ) ਪਾਣੀ ਪੀਣ ਲਈ ਤਲਾਬ ’ਚ ਜਾਂਦਾ ਹੈ ਤੇ ਗਰਾਹ (ਤੰਦੂਆ) ਉਸ ਨੂੰ ਪਕੜ ਕੇ ਪਾਣੀ ਵਿੱਚ ਖਿੱਚ ਲੈਂਦਾ ਹੈ, ਇਸ ਮੁਸੀਬਤ ’ਚੋਂ ਹਾਥੀ ਰਾਮ ਦਾ ਨਾਮ ਲੈ ਕੇ ਬਚਿਆ। ਮਿਥ ਅਨੁਸਾਰ ਇਹ ਹਾਥੀ ਸੁਰਗ ’ਚ ਦੇਵਤਿਆਂ ਦਾ ਇੱਕ ਗਵੱਈਆ ਹੈ, ਜੋ ਕਿਸੇ ਸਰਾਪ ਕਾਰਨ ਹਾਥੀ ਦੀ ਜੂਨ ਭੋਗ ਰਿਹਾ ਸੀ, ‘‘ਜਬ ਹੀ ਸਰਨਿ ਗਹੀ ਕਿਰਪਾ ਨਿਧਿ; ਗਜ, ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ; ਰਾਮ ਕਹਤ ਬੰਧਨ ਤਿਹ ਤੂਟਾ ॥’’ (ਮ: ੯, ਪੰਨਾ ੬੩੨) ਕੀ ਇਹ ਕਹਾਣੀ ਸੱਚ ਹੈ ? ਤੰਦੂਆ ਬਿੱਲੀ ਦੀ ਸ਼ਕਲ ਤੋਂ ਥੋੜ੍ਹਾ ਵੱਡਾ ਤੇ ਦਰੱਖ਼ਤ ’ਤੇ ਰਹਿਣ ਵਾਲ਼ਾ ਗੜਵਾਲ ਸੂਬੇ ਦਾ ਇੱਕ ਸ਼ਿਕਾਰੀ ਜਾਨਵਰ ਹੈ, ਜੋ ਭਾਰਤ ਦੇ ਦੱਖਣ ਸਮੁੰਦਰ (ਪਾਣੀ) ’ਚ ਨਹੀਂ ਰਹਿੰਦਾ, ਪਰ ਗੁਰਬਾਣੀ ’ਚ ਲਿਖੀ ਹਰ ਸਾਖੀ ਨੂੰ ਸੱਚ ਸਾਬਤ ਕਰਨ ਲਈ ਜੇ ਤੰਦੂਏ ਦਾ ਅਰਥ ‘ਤੰਦੂਆਂ ਨਾਲ਼ ਫਸਾਉਣ ਵਾਲ਼ਾ ਜਲਜੀਵ, ਜਿਸ ਦੀ ਲੰਬਾਈ 14 ਫੁੱਟ ਵੀ ਲਿਖੀ ਗਈ’ ਮੰਨ ਲਈਏ ਤਾਂ ਕੀ ਬਾਕੀ ਸਾਰੀ ਸਾਖੀ ਨੂੰ ਸਚਾਈ ’ਚ ਬਦਲਿਆ ਜਾ ਸਕਦਾ ਹੈ ਭਾਵ ਕੀ ਹਾਥੀ ਰਾਮ ਦਾ ਨਾਮ ਜਪ ਸਕਦਾ ਹੈ ? ਕੀ ਕੋਈ ਸਰਾਪ ਨਾਲ਼ ਹਾਥੀ ਦੀ ਜੂਨ ’ਚ ਪੈ ਸਕਦਾ ਹੈ, ਆਦਿ ?
ਭਾਵੇਂ ਕਿ ਦੇਵਤੇ ਇੱਕ ਕਬੀਲੇ ਦੇ ਰਾਜੇ ਸਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩, ਪੰਨਾ ੪੨੩), ਪਰ ਇਨ੍ਹਾਂ ਨੂੰ ਰਾਜੇ ਤੋਂ ਦੇਵਤੇ ਬਣਾਉਣਾ ਬ੍ਰਾਹਮਣ ਦੀ ਕਲਮ ਦਾ ਕਮਾਲ ਹੈ। ਉਸ ਨੇ ਰਾਜੇ (ਖੱਤਰੀ/ਦੇਵਤੇ) ਨੂੰ ਆਪਣਾ ਲੋਹਾ ਮੰਨਵਾਉਣ ਲਈ ਆਪ ਰਿਸ਼ੀ (ਦੁਰਬਾਸਾ) ਬਣ ਕੇ ਇੰਦ੍ਰ, ਕ੍ਰਿਸ਼ਨ ਜੀ ਆਦਿ ਨੂੰ ਕਈ ਸਰਾਪ ਵੀ ਦਿੱਤੇ, ‘‘ਦੁਰਬਾਸਾ ਸਿਉ ਕਰਤ ਠਗਉਰੀ; ਜਾਦਵ ਏ ਫਲ ਪਾਏ ॥’’ (ਭਗਤ ਨਾਮਦੇਵ ਜੀ, ਪੰਨਾ ੬੯੩), ਇੱਕ ਰਿਸ਼ੀ ਤਾਂ ਦੱਖਣ ’ਚ ਵੱਸਦੇ ਰਾਖਸ਼ਾਂ ਦਾ ਸਾਰਾ ਸਮੁੰਦਰ ਪੀ ਕੇ ਪਿਸ਼ਾਬ ਰਾਹੀਂ ਬਾਹਰ ਕੱਢ ਉਸ ਨੂੰ ਖਾਰਾ ਕਰ ਦਿੰਦਾ ਹੈ।
ਸੋ, ਨੰਬਰ 3. ’ਚ ਵਿਚਾਰਿਆ ਗਿਆ ਪੱਖ ਨਿਰੋਲ ਮਿਥਿਹਾਸ ਹੈ, ਝੂਠ ਹੈ, ਕੇਵਲ ਭਾਰਤ ਦੇ ਦੋ ਕਬੀਲੀਆਂ ਦੇ ਆਪਸੀ ਸੰਘਰਸ਼ ਨਾਲ਼ ਸੰਬੰਧਿਤ ਹੈ ਜਿਸ ਨੂੰ ਇੱਕ ਦੂਜੇ ਵਿਰੁਧ ਵਧਾ ਚੜ੍ਹਾ ਕੇ ਬਿਆਨਿਆ ਗਿਆ ਹੈ, ਇਸ ਨੂੰ ਗੁਰਮਤਿ ਕਹਿਣਾ ਸਿੱਖੀ ਪਹਿਰਾਵੇ ’ਚ ਬ੍ਰਾਹਮਣ ਹੋਣ ਦਾ ਸਬੂਤ ਹੈ। ਗੁਰਬਾਣੀ ’ਚ ਕੇਵਲ ਗੁਰਮਤਿ ਨੂੰ ਦ੍ਰਿੜ੍ਹ ਕਰਵਾਉਣ ਲਈ ਇਸ ਮਿਥਿਹਾਸ ਦੀ ਟੇਕ ਲਈ ਗਈ ਹੈ, ਜੋ ਕਿ ਇੱਕ ਸਾਧਨ ਮਾਤਰ ਹੈ। ਜਿਵੇਂ ਗੁਰਬਾਣੀ ’ਚ ਕਿਸੇ ਸ਼ਬਦ ਦਾ ਸਾਰ ‘ਰਹਾਉ’ ਬੰਦ ’ਚ ਦਰਜ ਕੀਤਾ ਮਿਲਦਾ ਹੈ ਇਸੇ ਤਰ੍ਹਾਂ ਉਕਤ ਨੰਬਰ 1 ਤੋਂ 3 ਤੱਕ ’ਚ ਵਿਚਾਰੀਆਂ ਗਈਆਂ ਯੁਕਤੀਆਂ ਦੇ ਸਾਰ ਨੂੰ ਹੀ ‘ਗੁਰਮਤਿ’ ਕਹਿਣਾ ਦਰੁਸਤ ਹੈ।
ਧਰਮ ਦੇ ਨਾਂ ’ਤੇ ਇੱਕ ਕਬੀਲੇ ਨੂੰ ਦਿੱਤਾ ਗਿਆ ਮਹੱਤਵ ਅਤੇ ਦੂਸਰੇ ਦੀ ਨਖੇਧੀ (ਬੁਰਿਆਈ); ਗੁਰਮਤਿ ਦੁਆਰਾ ਸਮਾਜ ’ਚ ਸਮਾਨਤਾ ਲਾਗੂ ਕਰਨ ਵਾਲ਼ੇ ਇਨ੍ਹਾਂ ਪਾਵਨ ਬਚਨਾਂ ਦੇ ਵਿਰੁਧ ਹੈ, ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ.. ॥ (ਮ: ੫, ਪੰਨਾ ੬੧੧), ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥ (ਮ: ੫, ਪੰਨਾ ੭੪੭), ਸਭੁ ਗੋਬਿੰਦੁ ਹੈ; ਸਭੁ ਗੋਬਿੰਦੁ ਹੈ; ਗੋਬਿੰਦ ਬਿਨੁ ਨਹੀ ਕੋਈ ॥ (ਭਗਤ ਨਾਮਦੇਵ, ਪੰਨਾ ੪੮੫), ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ, ਕੋਈ ਨਾਹਿ ॥ (ਮ: ੫, ਪੰਨਾ ੧੩੮੧), ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥ (ਮ: ੩, ਪੰਨਾ ੧੧੨੭), ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥ (ਮ: ੧/੪੭੩), ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥ (ਮ: ੩, ਪੰਨਾ ੫੯੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫, ਪੰਨਾ ੯੭), ਆਦਿ ।
ਗੁਰੂ ਅਮਰਦਾਸ ਜੀ ਦਾ ਵਾਕ ਹੈ ‘‘ਸਤਿਗੁਰੂ ਬਿਨਾ; ਹੋਰ ਕਚੀ ਹੈ ਬਾਣੀ ॥’’ (ਮ: ੩, ਪੰਨਾ ੯੨੦) ਜੇ ਇਸ ਵਾਕ ’ਚੋਂ ‘ਸਤਿਗੁਰੂ’ ਦੇ ਅਰਥ ‘ਨਿਰੋਲ ਗੁਰਮਤਿ’ ਅਤੇ ‘ਕੱਚੀ ਬਾਣੀ’ ਦੇ ਅਰਥ ‘ਨੰਬਰ 3. ’ਚ ਵਿਚਾਰੀ ਕਬੀਲਿਆਂ ਦੀ ਆਪਸੀ ਖਿੱਚ-ਧੂਹ’ ਮੰਨ ਲਈਏ ਤਾਂ ਇਹ ਗੁਰਬਾਣੀ ਦਾ ਖੰਡਨ ਨਹੀਂ, ਸਗੋਂ ਗੁਰਮਤਿ ਦੀ ਸਪੱਸ਼ਟਤਾ ’ਚ ਅਹਿਮ ਯੋਗਦਾਨ ਪਾਏਗੀ।
ਗੁਰਮਤਿ ਨੂੰ ਸਪਸ਼ਟ ਕਰਨ ਲਈ ਗੁਰਬਾਣੀ ’ਚ ਵਰਤੇ ਗਏ ਉਕਤ ਲਿਖਤੀ ਨਿਯਮ (ਮਿਸਾਲਾਂ/ਯੁਕਤੀਆਂ/ਸਾਧਨਾਂ) ਨੂੰ ਗੁਰਮਤਿ ਨਾਲ਼ ਰਲ਼ਗੱਡ ਕਰ ਕੇ ਵੇਖਣਾ; ਕਈ ਸੰਦੇਹ ਤੇ ਕੌਮੀ ਵਿਵਾਦਾਂ ਨੂੰ ਜਨਮ ਦੇਂਦਾ ਆ ਰਿਹਾ ਹੈ। ਇਨ੍ਹਾਂ ਲਿਖਤੀ ਨਿਯਮਾਂ (ਢੰਗਾਂ) ਨੂੰ ਜ਼ਰੀਆ ਕਹਿ ਸਕਦੇ ਹਾਂ, ਪਰ ਨਿਰੋਲ ਗੁਰਮਤਿ ਨੂੰ ਨਹੀਂ ਕਿਉਂਕਿ ਗੁਰਮਤਿ ਤਾਂ ਰੱਬੀ ਸੋਚ ਹੈ, ਨਿਰੋਲ ਸੱਚ ਹੈ, ਇਸ ਨੂੰ ਜ਼ਰੀਆ ਮੰਨਣ ਨਾਲ਼ ਇਹ ਸਵਾਲ ਪੈਦਾ ਹੋਏਗਾ ਕਿ ਕੀ ਹੋਰ ਵੀ ਕੋਈ ਸੱਚ ਹੈ, ਜਿਸ ਨਾਲ਼ ਜੁੜਨ ਲਈ ਗੁਰਮਤਿ ਨੂੰ ਸਾਧਨ ਬਣਾਉਣਾ ਮਜਬੂਰੀ ਬਣ ਗਿਆ ?
ਉਕਤ ਮਿਸਾਲਾਂ (ਯੁਕਤੀਆਂ), ਜੋ ਗੁਰਬਾਣੀ ’ਚ ਸੀਮਤ ਸ਼ਬਦ ਸੰਗ੍ਰਹਿ ਹਨ, ਦਾ ਕੋਈ ਸਿੱਖ ਮੱਧ ਵੀ ਮੰਨ ਸਕਦਾ ਹੈ ਪਰ ਗੁਰਮਤਿ; ਨਾ ਸੀਮਤ ਹੈ ਤੇ ਨਾ ਹੀ ਇਸ ਦਾ ਕੋਈ ਮੱਧ; ਜਿਵੇਂ ਕਿ ਰੱਬ ਦੀ ਸੀਮਾ ਨਹੀਂ, ਸੱਚ ਦਾ ਦਾਇਰਾ ਨਹੀਂ, ਆਦਿ। ਗੁਰਮਤਿ; ਗੁਰਬਾਣੀ ’ਚ ਹੋਵੇ ਜਾਂ ਸੰਗਤਾਂ ਨੂੰ ਗੁਰੂ ਦੁਆਰਾ ਕੀਤੇ ਗਏ ਹੁਕਮਨਾਮੇ, ਸਭ ਅਭੁੱਲ ਹਨ, ਰੱਬੀ ਸੋਚ ਸਰੂਪ ਹਨ, ਜਿਸ ’ਤੇ ਸੰਦੇਹ ਕਰਨ ਮੂਰਖਤਾ ਹੈ। ਇਸ ਵਿਸ਼ੇ ਨੂੰ ਪ੍ਰਗਟਾਉਂਦੇ ਦੋ ਹੋਰ ਪੱਖ ਵੀ ਵਿਚਾਰਯੋਗ ਹਨ :
(ੳ). ਗੁਰਬਾਣੀ ’ਚ ਸਰਬੋਤਮ ਅਵਸਥਾ ‘ਸਚਖੰਡ’ ਹੈ, ਜਿਸ ਨੂੰ ‘ਸੋ ਦਰੁ’ ਆਖ ਕੇ ਉੱਥੇ ਗੁਰੂ ਨਿਵਾਸ ਤੇ ਰੱਬੀ ਨਿਵਾਸ ਮੰਨਿਆ ਗਿਆ, ਇਸ ‘ਸੋ ਦਰੁ’ ’ਤੇ ਵਿਸ਼ਵਾਸ ਕਰਾਉਣ ਨੂੰ ਹੀ ਨਿਤਨੇਮ ਬਣਾਇਆ ਗਿਆ। ਸਚਖੰਡਿ ਦਾ ਇਹ ਵਿਸ਼ਾ ਕਿ ਕੁਦਰਤ ’ਚ ਸਭ ਚੰਗਾ ਮੰਦਾ ਕਰਨ ਕਰਾਉਣ ਵਾਲ਼ਾ ਮਾਲਕ ਆਪ ਹੈ, ਜਿਸ ਬਾਰੇ ਪੂਰਨ ਕਿਆਸ ਲਗਾਉਣਾ ਦੰਦਾਂ ਨਾਲ਼ ਲੋਹਾ ਚਬਾਉਣ ਵਾਂਗ ਕਠਿਨ ਹੈ, ‘‘ਸਚਖੰਡਿ ਵਸੈ ਨਿਰੰਕਾਰੁ ॥.. ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ॥ ਵੇਖੈ ਵਿਗਸੈ ਕਰਿ ਵੀਚਾਰੁ ॥ ਨਾਨਕ ! ਕਥਨਾ ਕਰੜਾ ਸਾਰੁ ॥੩੭॥’’ ਇਸ ਪੜਾਅ ਦਾ ਮੁੜ-ਮੁੜ ਜ਼ਿਕਰ ਹਰ ਲੰਬੀ ਰਚਨਾ ਦੀ ਸਮਾਪਤੀ ’ਚ ਇਉਂ ਕੀਤਾ ਗਿਆ ਹੈ :
ਤੂੰ ਸਚਾ ਸਾਹਿਬੁ ਅਤਿ ਵਡਾ; ਤੁਹਿ ਜੇਵਡੁ ਤੂੰ ਵਡ ਵਡੇ ॥.. ਜਿਸ ਨੋ ਤੂੰ ਆਪਿ ਮਿਲਾਇਦਾ; ਸੋ ਸਤਿਗੁਰੁ ਸੇਵੇ, ਮਨੁ ਗਡ ਗਡੇ ॥੩੩॥੧॥ ਸੁਧੁ ॥ (ਗਉੜੀ ਕੀ ਵਾਰ, ਮ: ੪, ਪੰਨਾ ੩੧੭)
ਵਡੇ ਕੀਆ ਵਡਿਆਈਆ; ਕਿਛੁ ਕਹਣਾ ਕਹਣੁ ਨ ਜਾਇ ॥.. ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿੰਨੈ ਪਾਇ ॥.. ਸੋ ਕਰੇ; ਜਿ ਤਿਸੈ ਰਜਾਇ ॥੨੪॥੧॥ ਸੁਧੁ॥ (ਆਸਾ ਕੀ ਵਾਰ, ਮ: ੧, ਪੰਨਾ ੪੭੫)
ਆਪੇ ਜੰਤ ਉਪਾਇਅਨੁ; ਆਪੇ ਆਧਾਰੁ ॥ ਆਪੇ ਸੂਖਮੁ ਭਾਲੀਐ; ਆਪੇ ਪਾਸਾਰੁ ॥੨੧॥੧॥ ਸੁਧੁ ॥ (ਬਿਹਾਗੜੇ ਕੀ ਵਾਰ, ਮ: ੪, ਪੰਨਾ ੫੫੬)
ਆਪੇ ਆਪਿ ਵਰਤਦਾ; ਆਪਿ ਤਾੜੀ ਲਾਈਅਨੁ ॥.. ਜਿਸੁ ਆਪਿ ਬੁਝਾਏ, ਸੋ ਬੁਝਸੀ; ਆਪੇ ਨਾਇ ਲਾਈਅਨੁ ॥੨੧॥੧॥ ਸੁਧੁ ॥ (ਰਾਮਕਲੀ ਕੀ ਵਾਰ, ਮ: ੩, ਪੰਨਾ ੯੫੬)
ਆਪੇ ਕਰਿ ਕਰਿ ਵੇਖਦਾ, ਆਪੇ ਸਭੁ ਸਚਾ ॥.. ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥ (ਮਾਰੂ ਵਾਰ, ਮ: ੩, ਪੰਨਾ ੧੦੯੪)
ਵਡਾ ਆਪਿ ਅਗੰਮੁ ਹੈ; ਵਡੀ ਵਡਿਆਈ ॥.. ਨਾਨਕ ! ਹਰਿ ਭਾਵੈ ਸੋ ਕਰੇ; ਸਭ ਚਲੈ ਰਜਾਈ ॥੩੬॥੧॥ ਸੁਧੁ ॥ (ਸਾਰੰਗ ਕੀ ਵਾਰ, ਮ: ੪, ਪੰਨਾ ੧੨੫੧)
ਉਕਤ ਵਿਚਾਰ ਉਪਰੰਤ ਹੇਠਲਾ ਪੱਖ ਸਹਿਜੇ ਹੀ ਸਮਝ ’ਚ ਆ ਜਾਣਾ ਚਾਹੀਦਾ ਹੈ :
ਪ੍ਰਭ ਭਾਵੈ; ਬਿਨੁ ਸਾਸ ਤੇ ਰਾਖੈ ॥ (ਸੁਖਮਨੀ, ਮ: ੫, ਪੰਨਾ ੨੭੭)
ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥ (ਭਗਤ ਨਾਮਦੇਵ ਜੀ, ਪੰਨਾ ੬੯੪) (ਨੋਟ : ਰੱਬ ਅਤੇ ਭਗਤ ਦੀ ਵਾਰਤਾਲਾਪ ਹੁੰਦੀ ਹੈ।)
ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ (ਮੈਥੋਂ)॥ ਏਕ ਸਮੈ ਮੋ ਕਉ ਗਹਿ ਬਾਂਧੈ; ਤਉ ਫੁਨਿ ਮੋ ਪੈ, ਜਬਾਬੁ ਨ ਹੋਇ ॥ (ਭਗਤ ਨਾਮਦੇਵ ਜੀ, ਪੰਨਾ ੧੨੫੩) (ਨੋਟ : ਇਹ ਵਚਨ ਰੱਬ ਵੱਲੋਂ ਭਗਤ ਬਾਰੇ ਆਖੇ ਜਾ ਰਹੇ ਹਨ।)
ਕਹਹਿ; ਤ ਧਰਣਿ (ਧਰਤੀ) ਇਕੋਡੀ ਕਰਉ ॥.. ਕਹਹਿ ਤ ਮੁਈ ਗਊ; ਦੇਉ ਜੀਆਇ ॥ ਸਭੁ ਕੋਈ ਦੇਖੈ; ਪਤੀਆਇ ॥ (ਭਗਤ ਨਾਮਦੇਵ ਜੀ, ਪੰਨਾ ੧੧੬੬) (ਨੋਟ : ਇਹ ਵਚਨ ਵੀ ਰੱਬ ਵੱਲੋਂ ਭਗਤ ਨੂੰ ਆਖੇ ਜਾ ਰਹੇ ਹਨ, ਪਰ ਇਸ ਦਾ ਅਹਿਸਾਸ ਕੇਵਲ ਸਚਖੰਡਿ ਨਿਵਾਸੀ ਭਗਤ ਨਾਮਦੇਵ ਜੀ ਨੂੰ ਹੀ ਹੋ ਰਿਹਾ ਹੈ ਕਿਉਂਕਿ ਬਾਕੀ ਹਿੰਦੂ ਜਮਾਤ ਤਾਂ ਅਜੇ ਵੀ ਇਸ ਨੂੰ ਭਗਤ ਦੀ ਕਰਾਮਾਤ ਹੀ ਮੰਨ ਰਹੀ ਹੈ; ਜਿਵੇਂ ‘‘ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ ਭਾਵ ਜੇ ਨਾਮਦੇਵ ਇਸ ਵਾਰ ਗਾਂ ਜਿਉਂਦੀ ਨਾ ਕਰਦਾ ਤਾਂ ਇਸ ਤੋਂ ਵਿਸ਼ਵਾਸ ਉੱਡ ਜਾਣਾ ਸੀ ਕਿ ਇਹ ਕੋਈ ਰੱਬੀ ਭਗਤ ਹੈ; ਇਹ ਗੱਲਾਂ ਨਾਮਦੇਵ ਦੇ ਘਰ ਬਾਅਦ ’ਚ ਪਤਾ ਲੈਣ ਗਏ ਹਿੰਦੂ ਲੋਕ ਕਹਿ ਰਹੇ ਸਨ।)
ਗੰਗਾ ਕੀ ਲਹਰਿ (ਨਾਲ਼); ਮੇਰੀ ਟੁਟੀ ਜੰਜੀਰ ॥ ਮ੍ਰਿਗਛਾਲਾ ਪਰ; ਬੈਠੇ ਕਬੀਰ ॥ (ਭਗਤ ਕਬੀਰ ਜੀ, ਪੰਨਾ ੧੧੬੨), ਆਦਿ।
ਉਕਤ ਗੁਰੂ ਰਮਜ਼ਾਂ ਉਪਰੰਤ ਵੀ ਜੇ ਸੰਦੇਹ ਬਰਕਰਾਰ ਹੈ ਤਾਂ ‘ਕੂੜ ਦੀ ਪਾਲਿ’ ਉਸ ਕਾਜ਼ੀ ਵਰਗੀ ਸਮਝੋ ਜੋ ਕਬੀਰ ਜੀ ਦੀ ਸਰੀਰ-ਪੋਟਲੀ ਨੂੰ ਸਨਮੁਖ ਹਾਥੀ ਤਾਂ ਨਮਸਕਾਰ ਕਰਦਾ ਪਿਆ ਹੈ ਪਰ ਕਾਜ਼ੀ ਨੂੰ ਉਨ੍ਹਾਂ ’ਚੋਂ ਰੱਬੀ ਨੂਰ ਦੇ ਦਰਸ਼ਨ ਨਹੀਂ ਹੋ ਰਹੇ, ‘‘ਕਿਆ ਅਪਰਾਧੁ; ਸੰਤ ਹੈ ਕੀਨ੍ਾ ?॥ ਬਾਂਧਿ ਪੋਟ; ਕੁੰਚਰ ਕਉ ਦੀਨ੍ਾ ॥ ਕੁੰਚਰੁ ਪੋਟ (ਨੂੰ); ਲੈ ਲੈ ਨਮਸਕਾਰੈ ॥(ਪਰ) ਬੂਝੀ ਨਹੀ; ਕਾਜੀ ਅੰਧਿਆਰੈ ॥’’ (ਭਗਤ ਕਬੀਰ ਜੀ, ਪੰਨਾ ੮੭੦)
ਉਕਤ ਨੰਬਰ 1, 2, 3 ਨੂੰ ਇਸ (ੳ). ਭਾਗ ਤੋਂ ਇਸ ਲਈ ਭਿੰਨ ਰੱਖਿਆ ਗਿਆ ਕਿਉਂਕਿ ਇੱਥੇ ਭਗਤਾਂ ਦੇ ਨਿੱਜੀ ਅਨੁਭਵਾਂ ਦੀ ਮਿਸਾਲ ਨਾਲ਼ ‘ਸੋ ਦਰੁ’ (ਰੱਬੀ ਦਰ) ਉੱਤੇ ਵਿਸ਼ਵਾਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਇਨਸਾਨੀਅਤ ਕੂੜ ਨਾਲ਼ ਜੁੜਨ ਦੀ ਬਜਾਇ ਜੋ ਕਣ ਕਣ ’ਚ ਵਿਆਪਕ ਜੋਤ ਸਰੂਪ, ਹਾਜ਼ਰਾ ਹਜ਼ੂਰ ਹੈ, ਜਿਸ ਬਾਰੇ ‘‘ਕਹਿ ਰਵਿਦਾਸ ਹਾਥ ਪੈ ਨੇਰੈ..॥’’ (ਭਗਤ ਰਵਿਦਾਸ ਜੀ/੬੫੮) ਵਚਨ ਕੀਤੇ ਗਏ, ਉਸ ਸ਼ਕਤੀ ਦੀ ਬੰਦਗੀ ਨਾਲ਼ ਜੁੜ ਕੇ ‘‘ਸਭੇ ਸਾਝੀਵਾਲ’’ ਬਣ ਸਕਣ।
(ਅ). ਸਮਝਦਾਰ ਵਕਤਾ, ਨਿੱਜੀ ਵਿਚਾਰ ਰੱਖਣ ਤੋਂ ਪਹਿਲਾਂ ਅਗਰ ਦੂਸਰੇ ਦੀ ਮਿਸਾਲ ਦੇਵੇ ਤਾਂ ਉਹ ਉਸ ਨਾਲ਼ ਅਸਹਿਮਤ ਹੁੰਦਾ ਹੈ ਜਾਂ ਬਹੁਤ ਘੱਟ ਸਹਿਮਤ ਹੁੰਦਾ ਹੈ, ਪਰ ਆਪਣੇ ਵਿਚਾਰ; ਮੁਕੰਮਲ ਸਮਝਾਉਣ ਉਪਰੰਤ ਜੇ ਦੂਜੇ ਦੀ ਮਿਸਾਲ ਦੇਵੇ ਤਾਂ ਉਸ ਨਾਲ਼ ਪੂਰਨ ਸਹਿਮਤ ਹੁੰਦਾ ਹੈ ਜਾਂ ਵਾਧੂ ਵਿਵਾਦ ’ਚ ਪੈ ਕੇ ਆਪਣੇ ਵਿਚਾਰਾਂ ਨੂੰ ਮੱਧਮ ਪੈਣ ਤੋਂ ਰੋਕਣ ਲਈ ਉਸ ਦੀ ਅਸਿੱਧੇ ਢੰਗ ਨਾਲ਼ ਗਵਾਹੀ ਭਰਵਾ ਲੈਂਦਾ ਹੈ। ਗੁਰਬਾਣੀ ’ਚੋਂ ਅਜਿਹਾ ਹੀ ਸੰਕੇਤ ਮਿਲਦਾ ਹੈ, ‘‘ਪਹਿਲਾ ਆਗਮੁ ਨਿਗਮੁ (ਸ਼ਾਸਤ ਵੇਦ ਬਾਰੇ) ਨਾਨਕੁ ਆਖਿ (ਕੇ) ਸੁਣਾਏ; ਪੂਰੇ ਗੁਰ ਕਾ ਬਚਨੁ, ਉਪਰਿ ਆਇਆ ॥’’ (ਮ: ੪, ਪੰਨਾ ੩੦੪), ਇਸ ਦੀ ਪੁਸ਼ਟੀ ਲਈ ‘ਜਪੁ’ ਬਾਣੀ ’ਚ, ‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥੨੨॥’’ ਅਤੇ ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥੩੦॥’’, ਆਦਿ ਦੂਜੇ ਦੀ ਮਿਸਾਲ ਪਹਿਲਾਂ (ਭਾਵ ਪਉੜੀ ਵਿਸ਼ੇ ਦੇ ਅਰੰਭ ’ਚ ਹੀ) ਲਈ ਗਈ ਹੈ, ਜੋ ਅਸਹਿਮਤੀ ਦੇ ਪ੍ਰਤੀਕ ਵਜੋਂ ਹੈ।
21ਵੀਂ ਪਉੜੀ ’ਚ ‘‘ਕਵਣਿ ਸਿ ਰੁਤੀ ? ਮਾਹੁ ਕਵਣੁ ? ਜਿਤੁ ਹੋਆ ਆਕਾਰੁ ॥’’ ਰਾਹੀਂ ਆਪਣੇ ਵਿਚਾਰ ਮੁਕੰਮਲ ਕਰਨ ਤੋਂ ਬਾਅਦ ਅਨਮਤ ਤੋਂ ਪੁਸ਼ਟੀ ਇਉਂ ਕਰਵਾਈ ਗਈ ਹੈ, ‘‘ਵੇਲ ਨ ਪਾਈਆ ਪੰਡਤੀ..॥, ਵਖਤੁ ਨ ਪਾਇਓ ਕਾਦੀਆ.. ॥, ਥਿਤਿ ਵਾਰੁ ਨਾ ਜੋਗੀ ਜਾਣੈ.. ॥੨੧॥ ਅਤੇ 26ਵੀਂ ਪਉੜੀ ’ਚ ‘‘ਅਮੁਲੋ ਅਮੁਲੁ; ਆਖਿਆ ਨ ਜਾਇ ॥’’ ਤੱਕ ਆਪਣੇ ਵਿਚਾਰ ਮੁਕੰਮਲ ਕਰਨ ਉਪਰੰਤ ਅਨਮਤ ਦੀ ਅਸਿੱਧੀ ਗਵਾਹੀ ਇਉਂ ਲਈ ਗਈ, ਤਾਂ ਜੋ ਆਪਣਾ ਵਿਸ਼ਾ ਮੱਧਮ ਨਾ ਰਹਿ ਜਾਵੇ, ‘‘ਆਖਹਿ; ਵੇਦ ਪਾਠ ਪੁਰਾਣ ॥… ਆਖਹਿ; ਬਰਮੇ ਆਖਹਿ ਇੰਦ ॥੨੬॥’’, ਆਦਿ।