ਵਿਸ਼ਵ ਤਮਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

0
1399

ਵਿਸ਼ਵ ਤਮਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

ਕਿਰਪਾਲ ਸਿੰਘ (ਬਠਿੰਡਾ) -98554-80797

ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸ ਦੇ ਪੱਤਿਆਂ ਤੋਂ ਬਣੇ ਤਮਾਮ ਉਤਪਾਦਾਂ ਨੂੰ, ਜੋ ਬੀੜੀ, ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ, ਇੱਕ ਕਿਰਸਾਨੀ ਉਤਪਾਦ ਨੂੰ ਤਮਾਕੂ ਜਾਂ ਤੰਬਾਕੂ ਕਿਹਾ ਜਾਂਦਾ ਹੈ। ਇਸ ਨੂੰ ਖਾਇਆ, ਕੀਟ-ਨਾਸ਼ਕ ਵਜੋਂ ਵਰਤਿਆ, ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਪਾਨ ਮਸਾਲਾ, ਜ਼ਰਦਾ, ਬੀੜੀਆਂ, ਸਿਗਰਟਾਂ, ਚਿਲਮ, ਹੁੱਕੇ ਰਾਹੀਂ ਹੁੰਦੀ ਹੈ। ਤਮਾਕੂ ਦੇ ਹਾਨੀਕਾਰਕ ਪ੍ਰਭਾਵ ਇਸ ਦੇ ਧੂੰਏ ਵਿਚਲੇ ਹਜ਼ਾਰਾਂ ਤਰ੍ਹਾਂ ਦੇ ਵੱਖ-ਵੱਖ ਸੰਯੋਗਾਂ (ਜਿਵੇਂ ਕਿ ਬੈਂਜਪਾਇਰੀਨ, ਫਾਰਮੈਲਡੀਹਾਈਡ, ਕੈਡਮੀਅਮ, ਗਿਲਟ, ਸੰਖੀਆ, ਫੀਨੋਲ ਆਦਿ) ਕਰ ਕੇ ਉਪਜਦੇ ਹਨ। ਤੰਬਾਕੂਨੋਸ਼ੀ ਵਿੱਚੋਂ 21 ਪ੍ਰਕਾਰ ਦੀ ਜ਼ਹਿਰ ਪੈਦਾ ਹੁੰਦੀ ਹੈ, ਜਿਹਨਾਂ ਵਿੱਚੋਂ ਨਿਕੋਟੀਨ ਸਭ ਤੋਂ ਜ਼ਹਿਰੀਲੀ ਹੈ। ਨਿਕੋਟੀਨ ਦੀ ਜ਼ਹਿਰੀਲੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੀ ਇੱਕ ਬੂੰਦ ਨਾਲ 6 ਬਿੱਲੀਆਂ ਜਾਂ 2 ਕੁੱਤੇ ਮਰ ਸਕਦੇ ਹਨ। 8 ਬੂੰਦਾਂ ਘੋੜੇ ਨੂੰ ਮਾਰਨ ਲਈ ਕਾਫੀ ਹੁੰਦੀਆਂ ਹਨ। ਇਸ ਤੋਂ ਬਿਨਾਂ ਨਿਕੋਟੀਨ ਜ਼ਹਿਰ ਨਾੜੀ ਤੰਤਰ ਦੇ ਨਾਲ-ਨਾਲ ਫੇਫੜਿਆਂ ਵਰਗੇ ਕੋਮਲ ਅੰਗਾਂ ਨੂੰ ਵੀ ਨਸ਼ਟ ਕਰ ਦਿੰਦੀ ਹੈ ਅਤੇ ਜੀਅ ਕੱਚਾ ਹੋਣ ਲਗਦਾ ਹੈ, ਜਿਸ ਨਾਲ ਖੂਨ ਦਾ ਦਬਾਅ ਵੱਧ ਜਾਂਦਾ ਹੈ। ਨਿਕੋਟੀਨ ਦੀ ਲਗਾਤਾਰ ਵਰਤੋਂ ਅੱਖਾਂ ’ਤੇ ਵੀ ਬੁਰਾ ਅਸਰ ਪਾਉਂਦੀ ਹੈ। ਕਈ ਵਾਰ ਵਿਅਕਤੀ ਅੰਨ੍ਹਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਨਿਕੋਟੀਨ ਨਾਲ ਗਲੇ ਦੇ ਅਨੇਕਾਂ ਰੋਗ ਅਤੇ ਪੇਟ ਵਿੱਚ ਜਖ਼ਮ ਬਣਦੇ ਹਨ। ਤੰਬਾਕੂ ਵਿੱਚ ਮੌਜੂਦ ‘ਅਲਕਤਰੇ’ ਦੇ ਹਾਨੀਕਾਰਕ ਪਦਾਰਥ, ਨੱਕ, ਮੂੰਹ, ਬੁੱਲ੍ਹਾਂ, ਗਲੇ, ਜੀਭ, ਗੁਰਦੇ ਅਤੇ ਫੇਫੜਿਆਂ ਵਿੱਚ ਜਾਂਦੇ ਹਨ ਜਿਸ ਨਾਲ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਗੁਰਦੇ ਵਿੱਚ ‘ਅਲਕਤਰੇ’ ਨਾਲ ‘ਐਂਫੀਸੀਮਾ’ ਨਾਂ ਦਾ ਰੋਗ ਹੋ ਜਾਂਦਾ ਹੈ ਜੋ ਕੈਂਸਰ ਤੋਂ ਵੀ ਜ਼ਿਆਦਾ ਖ਼ਤਰਨਾਕ ਹੈ, ਜਿਸ ਨਾਲ ਰੋਗੀ ਦੀ ਤੜਪ-ਤੜਪ ਕੇ ਜਾਨ ਨਿਕਲਦੀ ਹੈ।

ਤੰਬਾਕੂ ਦਾ ਸੇਵਨ, ਮੌਤ ਨੂੰ ਸੱਦਾ ਦੇਣਾ ਹੈ, ਪ੍ਰੰਤੂ ਇਸ ਕੌੜੀ ਸਚਾਈ ਨੂੰ ਜਾਣ ਲੈਣ ਦੇ ਬਾਵਜੂਦ ਨਸ਼ੇੜੀ ਮੌਤ ਨੂੰ ਜੱਫੀ ਪਾਉਣ ਤੋਂ ਝਿਜਕਦੇ ਨਹੀਂ। ਕਲਕੱਤੇ ਤੋਂ ਟਰੱਕ ਡਰਾਈਵਰਾਂ ਰਾਹੀਂ ਆਇਆ ਜ਼ਰਦਾ, ਜਿਸ ਨੂੰ ‘ਬੀੜਾ’ ਵੀ ਆਖਿਆ ਜਾਂਦਾ ਹੈ, ਪੰਜਾਬ ’ਚ ਖ਼ਾਸ ਕਰਕੇ ਪੇਂਡੂ ਖੇਤਰ ’ਚ ਵੱਡੀ ਪੱਧਰ ’ਤੇ ਵਰਤਿਆ ਜਾਂਦਾ ਹੈ। ਸਿੱਖ ਪ੍ਰਚਾਰਕਾਂ ਵੱਲੋਂ ਇਸ ਜਗਤ ਜੂਠ ਵਿਰੁੱਧ ਉਸ ਪੱਧਰ ’ਤੇ ਪ੍ਰਚਾਰ ਨਹੀਂ ਕੀਤਾ ਗਿਆ, ਜਿਸ ਨਾਲ ਤੰਬਾਕੂ ਦੀ ਵਰਤੋਂ ਕਰਨ ਵਾਲੇ ਸਿੱਖ ਪਰਿਵਾਰਾਂ ਦੇ ਬੰਦਿਆਂ ਨੂੰ ਆਪਣੇ ਗੁਨਾਹਾਂ ’ਤੇ ਪਛਤਾਵਾ ਹੋਵੇ ਤੇ ਉਹ ਤੋਬਾ ਕਰਨ ਲੱਗਣ। ਜਿੱਥੇ ਤੰਬਾਕੂ ਵਿਰੁੱਧ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਲੋੜ ਹੈ, ਉੱਥੇ ਮਨੁੱਖੀ ਮਾਨਸਿਕਤਾ ਦੀਆਂ ਉਨ੍ਹਾਂ ਕਮਜ਼ੋਰੀਆਂ ਨੂੰ, ਜਿਨ੍ਹਾਂ ਕਾਰਨ ਮਨੁੱਖ ਨਸ਼ਿਆਂ ਦਾ ਗੁਲਾਮ ਬਣਦਾ ਹੈ, ਉਨ੍ਹਾਂ ਨੂੰ ਵੀ ਦੂਰ ਕਰਨ ਦੀ ਲੋੜ ਹੈ। ਜਿੱਥੇ ਸਰਕਾਰਾਂ ਨਸ਼ਿਆਂ ਨੂੰ ਆਪਣੀ ਆਮਦਨ ’ਤੇ ਵੋਟ ਬੈਂਕ ਵਜੋਂ ਦੇਖਦੀਆਂ ਹੋਣ, ਉੱਥੇ ਨਸ਼ਿਆਂ ਦੀ ਰੋਕਥਾਮ ਬਾਰੇ ਕਿਆਸ ਲਗਾਉਣਾ ਆਪਣੇ ਆਪ ਨਾਲ ਧੋਖਾ ਹੈ।

ਅੱਜ ਜਦੋਂ ਨੌਜਵਾਨ ਪੀੜ੍ਹੀ ਦੇ ਨਸ਼ਿਆਂ ’ਚ ਗਰਕ ਹੋ ਜਾਣਾ ’ਤੇ ਹਰ ਕੋਈ ਡੂੰਘੀ ਚਿੰਤਾ ਪ੍ਰਗਟਾਉਂਦਾ ਹੈ, ਤਾਂ ਸਰਕਾਰ ’ਤੇ ਦਬਾਅ ਪਾ ਕੇ ਨਸ਼ਿਆਂ ਵਿਰੁੱਧ ਵਿਆਪਕ ਸਖ਼ਤ ਕਾਨੂੰਨ ਅਤੇ ਉਸ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਸਮੁੱਚੇ ਸਮਾਜ ਨੂੰ ਅਤੇ ਖ਼ਾਸ ਕਰਕੇ ਸਮਾਜ ਦੇ ਜਾਗਰੂਕ ਵਰਗ ਨੂੰ ਖ਼ੁਦ ਨਸ਼ਿਆ ਵਿਰੁੱਧ ਵਿਆਪਕ ਲਹਿਰ ਖੜ੍ਹੀ ਕਰਨੀ ਹੋਵੇਗੀ। ਇਸ ਲਹਿਰ ਨਾਲ ਨਸ਼ਿਆਂ ਦੇ ਸੁਦਾਗਰ ਅਤੇ ਨਸ਼ੇੜੀਆਂ ਨੂੰ ਨੱਥ ਪਾ ਕੇ ਹੀ ਸਮਾਜ ’ਚੋਂ ਨਸ਼ਿਆਂ ਦੀ ਬੁਰਿਆਈ ਨੂੰ ਖ਼ਤਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ।

ਅੱਜ ਜਿੱਥੇ ਸਮੈਕ ਵਰਗੇ ਨਸ਼ੇ ਦੀ ਰੋਕਥਾਮ ਬੇਹੱਦ ਜ਼ਰੂਰੀ ਹੈ, ਉੱਥੇ ਗੁਰੂਆਂ, ਪੀਰਾਂ ਦੀ ਪਵਿੱਤਰ ਧਰਤੀ ਤੋਂ ‘ਜਗਤ ਜੂਠ ਤੰਬਾਕੂ’ ਦਾ ਖ਼ਾਤਮਾ ਕਰਨਾ ਵੀ ਲਾਜਮੀ ਹੈ। ਆਓ ! ਅਸੀਂ ਨਸ਼ਾ ਵਿਰੋਧੀ ਦਿਵਸ ਜਾਂ ਤੰਬਾਕੂ ਦਿਵਸ ਕਾਗਜ਼ਾਂ ਜਾਂ ਰਸਮੀ ਕਾਰਵਾਈਆਂ ਦੀ ਥਾਂ ਨਸ਼ਾ ਸੌਦਾਗਰਾਂ ਵਿਰੁੱਧ ਲਹਿਰ ਨੂੰ ਹੋਰ ਪ੍ਰਚੰਡ ਕਰਕੇ ਮਨਾਈਏ।

‘ਤੰਬਾਕੂਨੋਸ਼ੀ’ ਦਾ ਸਿਹਤ ਵਿਗਿਆਨ ਅਨੁਸਾਰ ਅਰਥ ਇਹ ਨਿਕਲਦਾ ਹੈ ਕਿ ਹੌਲੀ-ਹੌਲੀ ਖੁਦਕੁਸ਼ੀ ਵੱਲ ਕਦਮ ਵਧਾਉਂਦੇ ਜਾਣਾ। ਇਹ ਅਜਿਹਾ ਨਸ਼ਾ ਹੈ ਜਿਹੜਾ ਨਸ਼ਾਖੋਰ ਨੂੰ ਹੀ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਨਸ਼ਾ ਨਾ ਕਰਨ ਵਾਲਿਆਂ ਨੂੰ ਸੰਗੀਨ ਬਿਮਾਰੀਆਂ ਦਾ ‘ਅਣਭੋਲ’ ਹੀ ਸ਼ਿਕਾਰ ਬਣਾ ਦਿੰਦਾ ਹੈ। ਤੰਬਾਕੂ ਦਾ ਕਸ਼ ਲਾਉਂਦੇ ਹੋਏ, ਜ਼ਹਿਰੀਲੇ ਧੂੰਏਂ ਦੇ ਛੱਲੇ ਬਣਾ ਕੇ ਲੁਤਫ ਲੈਂਦੇ ਹਨ ਤਾਂ ਧੂੰਆਂ ਕੋਲ ਬੈਠਣ, ਖੜ੍ਹਨ ਵਾਲਿਆਂ ਤੇ ਕੋਲੋਂ ਦੀ ਲੰਘਣ ਵਾਲਿਆਂ ‘ਨਿਰਦੋਸ਼’ ਲੋਕਾਂ ਦੇ ਫੇਫੜਿਆਂ ਤੱਕ ਜ਼ਹਿਰ ਪਹੁੰਚਾਉਣ ਵਿੱਚ ਕੋਈ ਕਮੀ ਨਹੀਂ ਛੱਡਦਾ। ਇਸ ਕਾਰਨ ‘ਤੰਬਾਕੂਨੋਸ਼ੀ’ ਸਿਰਫ ਇਖ਼ਲਾਕੀ ਜੁਰਮ ਹੀ ਨਹੀਂ ਸਗੋਂ ਘੋਰ ਸਮਾਜਿਕ ਅਪਰਾਧ ਵੀ ਹੈ। ਬੀੜੀਆਂ, ਸਿਗਰਟਾਂ, ਹੁੱਕਿਆਂ, ਚਿਲਮਾਂ ਦੇ ਸੂਟਿਆਂ ਦੁਆਰਾ ਛੱਡਿਆ ਗਿਆ ਛੱਲੇਦਾਰ ਧੂੰਆਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦਾ ਹੈ ਤੇ ਜ਼ਰਦੇ, ਪਾਨ ਦਾ ਰੰਗਦਾਰ ਥੁੱਕ ਸੜਕਾਂ ’ਤੇ ਰੰਗ ਚੜ੍ਹਾਉਂਦਾ ਲੰਘਣ ਵਾਲਿਆਂ ਨੂੰ ਨੱਕ ’ਤੇ ਰੁਮਾਲ ਰੱਖ ਲੈਣ ਲਈ ਦੂਰੋਂ ਹੀ ਸੰਕੇਤ ਦੇ ਦਿੰਦਾ ਹੈ। ਦੱਖਣ/ਪੂਰਬੀ ਭਾਰਤ ਦੀਆਂ ਸੜਕਾਂ ਵੱਲ ਨਜ਼ਰ ਮਾਰੀਏ ਤਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਰਹਿ ਜਾਂਦੀ। ਉਹ ਲੋਕ 27 ਪ੍ਰਕਾਰ ਦਾ ਜ਼ਰਦਾ ਵਰਤਦੇ ਹਨ। ਮਾਸੂਮ, ਅਣਭੋਲ, ਫੱਕਰ ਲੋਕਾਂ ਦੇ ਅੰਦਰ ਧੂੰਏਂ ਦਾ ਅਮਲ ਲਗਾਤਾਰ ਜਾਰੀ ਰਹਿਣ ਤੋਂ ਪ੍ਰਤੱਖ ਹੈ ਕਿ ਇਹ ਲੋਕ ਮਾਨਵ ‘ਨਸਲਕੁਸ਼ੀ’ ਦਾ ਸਬੱਬ ਬਣ ਕੇ ਦਿਨ ਰਾਤ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਇਕ ਰਿਪੋਰਟ ਮੁਤਾਬਕ ਇਸ ਮਿੱਠੇ ਜ਼ਹਿਰ ਦੇ ਕਾਰਨ ਦੁਨੀਆਂ ਦੀ 44 ਕਰੋੜ ਵਸੋਂ ਨੇੜਲੇ ਭਵਿੱਖ ਵਿਚ ਸ਼ਮਸ਼ਾਨਘਾਟ ਵੱਲ ਲਗਾਤਾਰ ਕਦਮ ਵਧਾ ਰਹੀ ਹੈ, ਜਿਸ ਅਨੁਸਾਰ ਹਰ ਸਾਲ ਤੰਬਾਕੂ ਦਾ ਸੇਵਨ ਕਰਨ ਵਾਲੇ ਇਕ ਕਰੋੜ ਲੋਕ ਮਰਦੇ ਹਨ। ਪੂਰੀ ਦੁਨੀਆਂ ’ਚ ਹਰ ਮਿੰਟ ਇਕ ਕਰੋੜ ਦਾ ਤੰਬਾਕੂ ਵਿਕਦਾ ਹੈ। ਭਾਰਤ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਹੋਰ ਵੀ ਅਸਚਰਜ ਹੁੰਦਾ ਹੈ। 12 ਕਰੋੜ ਲੋਕ ਸਿਗਰਟ ਤੇ ਬੀੜੀਆਂ ਦਾ ਸੇਵਨ ਕਰ ਕੇ ਮੌਤ ਨੂੰ ਆਵਾਜ਼ਾਂ ਮਾਰਦੇ ਨਜ਼ਰ ਆ ਰਹੇ ਹਨ। ਇਕ ਕਰੋੜ 20 ਲੱਖ ਔਰਤਾਂ ਇਸ ਦਾ ਸੇਵਨ ਕਰਦੀਆਂ ਹਨ। 54 ਲੱਖ ਔਰਤਾਂ ਬੀੜੀਆਂ, ਹੁੱਕਾ, ਸਿਗਰਟਾਂ, ਧੁਮਟੀ ਆਦਿ ਦੀ ਵਰਤੋਂ ਕਰਦੀਆਂ ਹਨ। 65 ਲੱਖ ਔਰਤਾਂ ਗੁਟਕਾ, ਮਿਸਰੀ, ਉੱਥ ਪਾਊਡਰ ਰਾਹੀਂ ਤੰਬਾਕੂ ਆਪਣੇ ਅੰਦਰ ਲੈ ਜਾਂਦੀਆਂ ਹਨ। ਜ਼ਰਦਾ ਤੇ ਪਾਨ ਮਸਾਲਾ ਵਰਤਣ ਵਾਲਿਆਂ ਦੀ ਕੋਈ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ। ਆਕਰਸ਼ਕ ਪੈਕਟਾਂ ’ਚ ਜ਼ਰਦਾ ਵੇਚਣ ਕਾਰਨ ਸਕੂਲੀ ਬੱਚੇ ਵੀ ਇਸ ਦੇ ਪ੍ਰਭਾਵ ਹੇਠ ਆਉਂਦੇ ਜਾ ਰਹੇ ਹਨ।

ਕਿਸ਼ੋਰ ਉਮਰ ਦੀਆਂ ਬੱਚੀਆਂ ਵੀ ਇਸ ਲਾਹਨਤ ਤੋਂ ਬਚ ਨਹੀਂ ਸਕੀਆਂ; ਜਿਵੇਂ ਤੇਰਾਂ ਤੋਂ ਪੰਦਰਾਂ ਸਾਲ ਦੀਆਂ 8.3% ਲੜਕੀਆਂ ਤੰਬਾਕੂ ਸੇਵਨ ਵੱਲ, 2.4% ਸਿਗਰਟਾਂ ਵੱਲ ਤੇ 7.25% ਤੰਬਾਕੂ ਨਾਲ ਸੰਬੰਧਿਤ ਕਿਸੇ ਹੋਰ ਸ਼ੌਕ ਵੱਲ ਵਧ ਕੇ ਆਪਣੇ ਸੁੰਦਰ ਸਰੀਰਾਂ ਨੂੰ ਨਸ਼ਟ ਕਰ ਰਹੀਆਂ ਹਨ। ਬਾਜ਼ਾਰ ਦੀ ਆਮਦਨ ’ਚ 48% ਬੀੜੀ, 38% ਜ਼ਰਦਾ ਤੇ 14.4% ਸਿਗਰਟਾਂ ਹਿੱਸਾ ਪਾਉਂਦੀਆਂ ਹਨ।

ਮਨੋਵਿਗਿਆਨ ਅਨੁਸਾਰ ਬੱਚਾ ਵਿਰਾਸਤੀ ਗੁਣ ਲੈ ਕੇ ਜੰਮਦਾ ਹੈ। ਮਾਤਾ-ਪਿਤਾ ਦੀ ਫੋਟੋ ਕਾਪੀ ਦੀ ਬੱਚਾ ਹੁੰਦਾ ਹੈ। ਹੁਣ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਇਨ੍ਹਾਂ ਸ਼ਰਾਬੀਆਂ, ਕਬਾਬੀਆਂ, ਅਮਲੀਆਂ, ਭੰਗੀਆਂ, ਪੋਸਤੀਆਂ, ਤੰਬਾਕੂਨੋਸ਼ਾਂ ਮਰਦਾਂ ਤੇ ਔਰਤਾਂ ਦੀ ਔਲਾਦ ਕਿਹੋ ਜਿਹੀ ਹੋਵੇਗੀ। ਮਨੋਵਿਗਿਆਨ ਇੱਥੋਂ ਤੱਕ ਕਹਿੰਦਾ ਹੈ ਕਿ ਵਿਰਾਸਤੀ ਗੁਣ ਤੀਜੀ ਪੀੜ੍ਹੀ ’ਚ ਵੀ ਉਜਾਗਰ ਹੋ ਜਾਂਦੇ ਹਨ। ਇਨ੍ਹਾਂ ਦੀ ਔਲਾਦ ਦਲਿੱਦਰੀ, ਹੱਡਹਰਾਮੀ, ਕੰਮਚੋਰ, ਸੁਸਤ, ਆਲਸੀ, ਨਿਕੰਮੀ, ਭਿ੍ਰਸ਼ਟ, ਬਦਇਖ਼ਲਾਕ, ਬੇਸ਼ਰਮ ਤੇ ਹੱਦ ਦਰਜੇ ਦੀ ਘੌਲੀ ਹੋਵੇਗੀ। ਆਉਣ ਵਾਲੀ ਪੀੜ੍ਹੀ ਬੈਠੀ ਕਰਮਾਂ ਨੂੰ ਰੋਵੇਗੀ।

ਤੰਬਾਕੂਨੋਸ਼ੀ ਲਈ ਅਨਪੜ੍ਹ ਜਾਂ ਪੜ੍ਹੇ ਲਿਖੇ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਲਕਿ ਜੇ ਇਹ ਕਹਾਂ ਕਿ ਇਸ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਣਕਾਰੀ ਰੱਖਣ ਵਾਲੇ ਤੰਬਾਕੂ ਨੂੰ ਵਧੇਰਾ ਵਰਤਦੇ ਹਨ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਡਾਕਟਰ, ਵਕੀਲ, ਦਫਤਰਾਂ ਦੇ ਬਾਬੂ ਅਧਿਆਪਕ ਵੀ ਇਸ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਦੇ। ਜੱਚਾ ਬੱਚਾ ਦਾ ਨਿਰੀਖਣ ਕਰਦੇ ਸਮੇਂ ਧੂੰਏਂ ਦੇ ਬੱਦਲ ਛੱਡਦੇ ਟਾਵੇਂ ਟਾਵੇਂ ਡਾਕਟਰ ਵੀ ਵੇਖੇ ਗਏ ਹਨ। ਕੁਝ ਕੁ ਸਾਥੀ ਅਧਿਆਪਕ ਵੀ ਲੰਮਾ ਸਮਾਂ ਲੱਗਣ ’ਤੇ ਇਸ ਦਾ ਨਸ਼ਾ ਖਿੜਾਉਂਦੇ ਹਨ, ਜਿਨ੍ਹਾਂ ਨੂੰ ਇਹ ਚੰਦਰੀ ਆਦਤ ਪੈ ਜਾਵੇ ਉਹ ਜਾਨ ਦੀ ਬਾਜ਼ੀ ਲਾ ਕੇ ਹੀ ਹਟਦੇ ਹਨ।

ਇਸ ਦੇ ਬੁਰੇ ਪ੍ਰਭਾਵਾਂ ਨੂੰ ਵੇਖ ਕੇ ਰੂਹ ਕੰਬ ਜਾਂਦੀ ਹੈ। ਆਰਥਿਕ ਤਬਾਹੀ ਦੇ ਨਾਲ ਨਾਲ ਘਰੇਲੂ ਕਲੇਸ਼ ਰਹਿਣ ਕਰਕੇ ਗ੍ਰਹਿਸਤੀ ਜੀਵਨ ਤਹਿਸ ਨਹਿਸ ਹੋ ਜਾਂਦਾ ਹੈ। ਡਾਕਟਰੀ ਪੱਖ ਤੋਂ ਇਹ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਹੈ। ਇਹ 30 ਕਿਸਮ ਦੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਯੂਨੀਵਰਸਿਟੀ ਆਫ ਕੈਲੇਫੋਰਨੀਆਂ ਦੇ ਪ੍ਰੋਫੈਸਰ ਯੂਲੀਅਸ ਨੋਵੈੱਲ ਦੀ ਖੋਜ ਮੁਤਾਬਕ ਇੱਕ ਸਿਗਰਟ ਦਾ ਸੇਵਨ ਕਰਨ ਵਾਲਾ ਸ਼ੌਕੀਨ ਆਪਣੀ ਉਮਰ ਦੇ 7 ਮਿੰਟ ਘਟਾ ਲੈਂਦਾ ਹੈ। ਜ਼ਰਦਾ, ਗੁਟਕਾ, ਪਾਨ ਮਸਾਲਾ ਛਕਣ ਵਾਲਾ ਹਰ ਵਿਅਕਤੀ ਹਰ ਚੁਟਕੀ ਨਾਲ ਇਕ ਮਾਈਕਰੋਗ੍ਰਾਮ ਜ਼ਹਿਰ ਨੂੰ ਆਪਣੇ ਸਰੀਰ ਵਿੱਚ ਜਮ੍ਹਾਂ ਕਰ ਲੈਂਦਾ ਹੈ।

ਤੰਬਾਕੂ 4000 ਜ਼ਹਿਰੀਲੇ ਰਸਾਇਣਾਂ ਦਾ ਮਿਸ਼ਰਣ ਹੈ। ਨਿਕੋਟੀਨ, ਨਾਈਟਰੋਜਨ ਯੋਗਿਕਾਂ ਨੂੰ ਮਨੁੱਖੀ ਸਿਹਤ ਲਈ ਸਭ ਤੋਂ ਵੱਧ ਹਾਨੀਕਾਰਕ ਐਲਾਨਿਆ ਗਿਆ ਹੈ। ਇਹ ਵਿਸ਼ੈਲੇ ਅੰਸ਼ ਦਿਲ, ਦਿਮਾਗ, ਗੁਰਦੇ, ਮਿਹਦੇ, ਸਾਹ ਪ੍ਰਣਾਲੀ ਤੇ ਪ੍ਰਜਣਨ ਪ੍ਰਣਾਲੀ ’ਤੇ ਬੁਰਾ ਪ੍ਰਭਾਵ ਪਾਉਂਦੇ ਹਨ ਤੇ ਇਨ੍ਹਾਂ ਅੰਗਾਂ ਨੂੰ ਨਿਰਬਲ ਕਰ ਦੇਂਦੇ ਹਨ। ਨਿਕੋਟੀਨ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਤੇਜ਼ ਕਰਦਾ ਹੈ। ਦਿਲ ਦੇ ਦੌਰੇ ਦੀ ਸੰਭਾਵਨਾ ਵਧ ਜਾਂਦੀ ਹੈ। ਖੂਨ ਦੀਆਂ ਨਾੜੀਆਂ ਤੰਗ ਹੋਣ ਨਾਲ ਦਿਮਾਗ ਦੀ ਨਾੜੀ ਫਟ ਜਾਣ ਦਾ ਖ਼ਤਰਾ ਬਣ ਜਾਂਦਾ ਹੈ।

ਤੰਬਾਕੂਨੋਸ਼ੀ ਵਾਲੇ ਅਕਸਰ ਹੀ ਦਮੇ ਦੇ ਸ਼ਿਕਾਰ ਹੁੰਦੇ ਹਨ। ਧੂੰਏ ਕਾਰਨ ਬਲਗਮ ਤੇਜ਼ੀ ਨਾਲ ਪੈਦਾ ਹੋਣ ਲੱਗਦੀ ਹੈ ਤੇ ਬਾਹਰ ਕੱਢਣ ਵਿਚ ਬਹੁਤ ਔਖ ਆਉਂਦੀ ਹੈ। ਜਦੋਂ ਕੋਈ ਖੰਘਦਾ ਹੈ ਤੇ ‘ਘੰਗਾਰੀ’ ਬਾਹਰ ਕੱਢਦਾ ਹੈ ਤਾਂ ਦੂਜਿਆਂ ਨੂੰ ‘ਸੂਗ’ ਆਉਂਦੀ ਹੈ। ਦੂਜਿਆਂ ਦੇ ਕੰਮ ਵਿਚ ਵਿਘਨ ਪੈਂਦਾ ਹੈ। ਹੌਲੀ-ਹੌਲੀ ਫੇਫੜਿਆਂ, ਤਪਦਿਕ ਤੇ ਦਮੇ ਦਾ ਰੋਗੀ ਬਣ ਜਾਂਦਾ ਹੈ। ਇਸ ਤੋਂ ਬਿਨਾਂ ਮੂੰਹ, ਜੀਭ, ਖੁਰਾਕ ਨਾਲੀ, ਸਾਹ ਨਾਲੀ ਅਤੇ ਮਿਹਦੇ ਦੇ ਕੈਂਸਰ ਦਾ ਵੱਡਾ ਕਾਰਨ ਤੰਬਾਕੂ ਦਾ ਪ੍ਰਯੋਗ ਕਰਨਾ ਹੀ ਐਲਾਨਿਆ ਗਿਆ ਹੈ। ਭਾਰਤ ਵਿਚ ਮੂੰਹ ਦੇ ਕੈਂਸਰ ਦੇ ਮਾਮਲੇ ਦੁਨੀਆਂ ਵਿਚ ਸਭ ਤੋਂ ਵੱਧ ਹਨ। ਧੂੰਏਂ ਨਾਲ ਅੰਦਰਲੇ ਅੰਗਾਂ ਦੀਆਂ ਨਾਜ਼ਕ ਝਿੱਲੀਆਂ ਵਿਚ ਵਿਗਾੜ ਆ ਜਾਂਦਾ ਹੈ।

ਤੰਬਾਕੂਨੋਸ਼ੀ ਉਮਰ ਤੋਂ ਪਹਿਲਾਂ ਬੁੱਢਾ ਕਰ ਦਿੰਦੀ ਹੈ। ਨਾਮਰਦੀ, ਚਿਹਰੇ ਦੇ ਚਿੱਬ ਤੇ ਝੁਰੜੀਆਂ ਇਸ ਕਾਰਨ ਹੀ ਹੁੰਦੇ ਹਨ। ਔਰਤਾਂ ਲਈ ਇਹ ਸਭ ਤੋਂ ਵੱਧ ਖ਼ਤਰਨਾਕ ਹੈ। ਪ੍ਰਜਣਨ ਪ੍ਰਣਾਲੀ ਤਹਿਸ-ਨਹਿਸ ਹੋ ਜਾਂਦੀ ਹੈ, ਜਿਵੇਂ ਬਾਂਝ ਹੋਣ ਦਾ ਖ਼ਤਰਾ ਬਣ ਜਾਂਦਾ ਹੈ, ਪੇਟ ਵਿਚ ਪਲ ਰਹੇ ਬੱਚੇ ਨੂੰ ਪੂਰੀ ਆਕਸੀਜ਼ਨ ਨਹੀਂ ਮਿਲਦੀ, ਸਿਹਤ ਕਮਜ਼ੋਰ ਹੋ ਜਾਂਦੀ ਹੈ, ਕਈ ਵਾਰ ਪੇਟ ਵਿਚ ਹੀ ਬੱਚਾ ਮਰ ਜਾਂਦਾ ਹੈ, ਗਰਭਪਾਤ ਵੀ ਅਕਸਰ ਹੋ ਜਾਂਦਾ ਹੈ, ਜਨਮ ਲੈਣ ਤੋਂ ਬਾਅਦ ਵੀ ਸਿਹਤ ਕਮਜ਼ੋਰ ਰਹਿੰਦੀ ਹੈ, ਆਦਿ। ਬੱਚਿਆਂ ਦੀਆਂ ਮੌਤਾਂ ਹੋਣ ਵਿਚ 97% ਹਿੱਸਾ ਤੰਬਾਕੂਨੋਸ਼ੀ ਦਾ ਹੈ। ਜਿਹੜੇ ਪਤੀ ਪਤਨੀ ਦੋਵੇਂ ਸੇਵਨ ਕਰਦੇ ਹਨ ਉਹ ਪੁਸ਼ਤੈਨੀ ਨਾ-ਮੁਰਾਦ ਬਿਮਾਰੀਆਂ ਦੇ ਬੀਜ ਬੀਜ ਕੇ ਆਉਣ ਵਾਲੀ ਪੀੜ੍ਹੀ ਲਈ ਸਰਾਪ ਬਣ ਜਾਂਦੇ ਹਨ।

ਮੋਟੇ ਤੌਰ ’ਤੇ ਤੰਬਾਕੂ ਦੇ ਸੇਵਨ ਨਾਲ ਹੇਠ ਲਿਖੇ ਨੁਕਸਾਨ ਵਧੇਰੇ ਪਾਏ ਜਾਂਦੇ ਹਨ:

(1). ਤੰਬਾਕੂਨੋਸ਼ੀ ਕਰਨ ਨਾਲ ਫੇਫੜਿਆਂ ਦੇ ਕੈਂਸਰ ਹੋਣ ਦਾ ਗੰਭੀਰ ਖ਼ਤਰਾ ਹੈ।

(2). ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜਾਂ ਵਿੱਚੋਂ 30% ਮਰੀਜ ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ; ਜਿਵੇਂ ਕਿ 65 ਸਾਲ ਤੋਂ ਘੱਟ ਉਮਰ ਵਿੱਚ ਦਿਲ ਦਾ ਦੌਰਾ ਪੈਣ ਉਪਰੰਤ ਮਰਨ ਵਾਲਿਆਂ ਦੀ ਗਿਣਤੀ ’ਚੋਂ 40% ਤੰਬਾਕੂ ਦੀ ਵਰਤੋਂ ਕਰਨ ਵਾਲੇ ਹੁੰਦੇ ਹਨ।

(3). ਦਮਾ ਅਤੇ ਸਾਹ ਦੀਆਂ ਜ਼ਿਆਦਾਤਰ ਬਿਮਾਰੀਆਂ ਤੰਬਾਕੂਨੋਸ਼ੀ ਕਾਰਨ ਹੁੰਦੀਆਂ ਹਨ।

(4). ਤੰਬਾਕੂਨੋਸ਼ਾਂ ਵਿੱਚ ਕੰਨਾਂ ਨੂੰ ਸਿਗਨਲ ਭੇਜਣ ਵਾਲੇ ਖਿੱਤਿਆਂ ’ਚ ਤਬਦੀਲੀ ਆ ਜਾਂਦੀ ਹੈ, ਜਿਸ ਨਾਲ ਅੱਲ੍ਹੜ ਉਮਰ ਵਿੱਚ ਦਿਮਾਗ ਲਈ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ।

(5). ਸਿਗਰਟ ਪੀਣ ਨਾਲ ਪੈਦਾ ਹੋਈ ਜ਼ਹਿਰੀਲੀ ਗੈਸ ‘ਨਿਕੋਟੀਨ’ ਰਾਹੀਂ ਕੁੱਖ ਵਿੱਚ ਪਲ ਰਹੇ ਭਰੂਣ ਦੇ ਦਿਮਾਗੀ ਵਿਕਾਸ ’ਤੇ ਬੁਰਾ ਅਸਰ ਪੈਂਦਾ ਹੈ।

(6). ਸੰਸਾਰ ਵਿੱਚ ਤੰਬਾਕੂ ਦੀ ਵਰਤੋਂ ਕਰਨ ਨਾਲ ਹਰ ਸਾਲ ਅੰਦਾਜ਼ਨ 90 ਲੱਖ ਲੋਕ ਅਤੇ ਭਾਰਤ ਵਿੱਚ ਕੇਵਲ ਸਿਗਰਟ ਪੀਣ ਕਾਰਨ ਹੀ 8 ਲੱਖ ਲੋਕ ਮੌਤ ਦੇ ਮੂੰਹ ’ਚ ਚਲੇ ਜਾਂਦੇ ਹਨ।

(7). ਤੰਬਾਕੂਨੋਸ਼ ਦੇ ਮੂੰਹ ਵਿੱਚੋਂ ਨਿਕਲਿਆ ਧੂੰਆਂ ਨੇੜੇ ਬੈਠੇ ਵਿਅਕਤੀ ਨੂੰ ਵੀ ਬਿਮਾਰੀ ਦੀ ਲਪੇਟ ’ਚ ਲੈ ਸਕਦਾ ਹੈ। ਤੰਬਾਕੂਨੋਸ਼ੀ ਵਾਤਾਵਰਨ ਲਈ ਵੀ ਮਾਰੂ ਹੈ।

(8). ਤੰਬਾਕੂ ਦੇ ਸੇਵਨ ਕਰਨ ਨਾਲ ਇਨਸਾਨ ਨੂੰ ਲਗਭਗ 30 ਪ੍ਰਕਾਰ ਦੀਆਂ ਬਿਮਾਰੀਆਂ ਜਨਮ ਲੈਂਦੀਆਂ ਹਨ।

ਤੰਬਾਕੂ ਨੂੰ ਵਿਸ਼ਵ ਪੱਧਰ ’ਤੇ ਭਿਆਨਕ ਬਿਮਾਰੀਆਂ ਪੈਦਾ ਕਰਨ ਵਾਲਾ ਮੰਨਿਆ ਗਿਆ ਹੈ, ਜੋ ਸਮੇਂ ਤੋਂ ਪਹਿਲਾਂ ਮੌਤ ਦੇਂਦਾ ਹੈ। ਭਾਰਤ ਵਿੱਚ ਹਰ ਸਾਲ ਤੰਬਾਕੂ ਦੀ ਵਰਤੋਂ ਕਰਨ ਨਾਲ ਲਗਪਗ 40 ਲੱਖ ਲੋਕ ਮਰਦੇ ਹਨ, ਕੇਵਲ ਮੂੰਹ ਦੇ ਕੈਂਸਰ ਵਾਲ਼ੇ ਹੀ ਹਰ ਸਾਲ 1.6 ਲੱਖ ਨਵੇਂ ਮਾਮਲੇ ਸਾਮ੍ਹਣੇ ਆਉਂਦੇ ਹਨ, ਦਿਲ ਦੀਆਂ ਬਿਮਾਰੀਆਂ ਦੇ 45 ਲੱਖ ਕੇਸਾਂ ਤੋਂ ਇਲਾਵਾ ਹੋਰ ਖ਼ਤਰਨਾਕ ਬਿਮਾਰੀਆਂ ਦੇ ਵੀ 30 ਲੱਖ ਕੇਸ ਮਿਲਦੇ ਹਨ, ਜਿਨ੍ਹਾਂ ਵਿੱਚੋਂ ਲਗਪਗ 40 % ਕੈਂਸਰ ਕੇਵਲ ਤੰਬਾਕੂ ਸੇਵਨ ਨਾਲ ਹੁੰਦਾ ਹੈ।

ਗੈਟਸ (Global adult Tobacco Survey ) ਸਰਵੇ ਮੁਤਾਬਕ ਕੇਵਲ ਭਾਰਤ ’ਚ ਹੀ 34.6 % ਤੰਬਾਕੂ ਦੀ ਵਰਤੋਂ ਹੁੰਦੀ ਹੈ। ਮਰਦਾਂ ਵਿੱਚ ਇਹ ਗਿਣਤੀ 47.9 % ਅਤੇ ਔਰਤਾਂ ’ਚ 20.3 % ਹੈ, ਜਿਨ੍ਹਾਂ ’ਚੋਂ 60.2 % ਸਵੇਰੇ ਉੱਠਣ ਦੇ ਮਾਤ੍ਰ ਅੱਧੇ ਘੰਟੇ ’ਚ ਹੀ ਤੰਬਾਕੂ ਸੇਵਨ ਸ਼ੁਰੂ ਕਰ ਦਿੰਦੇ ਹਨ। ਕਾਨੂੰਨੀ ਤੌਰ ’ਤੇ 18 ਸਾਲ ਤੋਂ ਘੱਟ ਉਮਰ ਵਾਲਾ ਕੋਈ ਵੀ ਵਿਅਕਤੀ ਤੰਬਾਕੂ ਨਹੀਂ ਖਰੀਦ ਸਕਦਾ ਪਰ ਫਿਰ ਵੀ 15 ਤੋਂ 17 ਸਾਲ ਦੇ 9.6 % ਵਿਅਕਤੀ ਇਸ ਦੀ ਵਰਤੋਂ ਕਰਦੇ ਹਨ। ਭਾਰਤੀ ਕਾਨੂੰਨ ਅਨੁਸਾਰ ਤੰਬਾਕੂ ਸੇਵਨ ਆਰੰਭ ਕਰਨ ਦੀ ਔਸਤਨ ਉਮਰ 17.8 ਸਾਲ ਹੈ ਪਰ 25 % ਕੇਵਲ ਔਰਤਾਂ ਮਾਤ੍ਰ 15 ਸਾਲ ਦੀ ਉਮਰ ’ਚ ਹੀ ਇਸ ਦਾ ਸੇਵਨ ਸ਼ੁਰੂ ਕਰ ਦਿੰਦੀਆਂ ਹਨ। 50 % ਬਾਲਗ਼ ਘਰਾਂ ਵਿੱਚ ਅਤੇ 29 % ਸਰਵਜਨਕ ਥਾਵਾਂ ’ਤੇ ਹੋਰਨਾਂ ਵੱਲੋਂ ਕੀਤੇ ਤੰਬਾਕੂ ਦੇ ਧੂੰਏਂ ਤੋਂ ਪ੍ਰਭਾਵਤ ਹੁੰਦੇ ਹਨ। 90 % ਤੰਬਾਕੂ ਵਰਤਣ ਵਾਲਿਆਂ ਨੂੰ ਇਸ ਦੇ ਨੁਕਸਾਨ ਬਾਰੇ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ ਫਿਰ ਵੀ ਮਾਤ੍ਰ 5 % ਹੀ ਇਸ ਤੋਂ ਤੋਬਾ ਕਰਦੇ ਹਨ।

‘ਤੰਬਾਕੂਨੋਸ਼’ ਇਕ ਖਾਮੋਸ਼ ਕਾਤਲ ਦਾ ਕੰਮ ਕਰਦਾ ਹੈ। ਭਾਰਤੀ ਦੰਡ ਵਿਧਾਨ ਦੀ ਧਾਰਾ 278 ਅਨੁਸਾਰ ਜਨਤਕ ਥਾਵਾਂ ’ਤੇ ਇਸ ਦਾ ਸੇਵਨ ਸਜ਼ਾਯੋਗ ਅਪਰਾਧ ਹੈ। ਸੁਪਰੀਮ ਕੋਰਟ ਨੇ ਵੀ 1 ਮਈ 2004 ਨੂੰ ਜਨਤਕ ਥਾਵਾਂ ’ਤੇ ਸਿਗਰਟ ਪੀਣ ਉੱਤੇ ਪਾਬੰਦੀ ਲਾਈ। ਜਨਤਕ ਥਾਵਾਂ ’ਚ ਸਿਨੇਮਾ, ਪਾਰਕ, ਪੈਦਲ ਰਸਤਾ, ਬੱਸ ਅੱਡਾ, ਰੇਲਵੇ ਸਟੇਸਨ, ਰੇਲ ਸਫ਼ਰ, ਜਨਤਕ ਆਵਾਜਾਈ ਦੇ ਸਾਧਨ ਆਦਿ ਆਉਂਦੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਤੰਬਾਕੂ ਦੀ ਵਿਸ਼ਵ ਪੱਧਰ ’ਤੇ ਵਧ ਰਹੀ ਵਰਤੋਂ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਨੂੰ ਮਹਿਸੂਸ ਕਰਦਿਆਂ ਹਰ ਸਾਲ 31 ਮਈ ਨੂੰ ਕੌਮਾਂਤਰੀ ਪੱਧਰ ’ਤੇ ਤੰਬਾਕੂ ਵਿਰੋਧੀ ਦਿਵਸ ‘ਵਿਸ਼ਵ ਸਿਹਤ ਸੰਸਥਾ, ਸਿਹਤ ਨਾਲ ਸਬੰਧਤ ਹੋਰ ਸਮਾਜਿਕ, ਧਾਰਮਿਕ ਸੰਸਥਾਵਾਂ’ ਆਦਿ ਵੱਲੋਂ ਮਨਾਇਆ ਜਾਂਦਾ ਹੈ। ਇਸ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ 31 ਮਈ 1988 ਤੋਂ ਕੀਤੀ ਗਈ।

ਜਿਸ ਤੰਬਾਕੂ ਸੇਵਨ ਦੇ ਨੁਕਸਾਨ ਦਾ ਅਨੁਮਾਨ ‘ਵਿਸ਼ਵ ਸਿਹਤ ਸੰਸਥਾ’ ਨੂੰ 1988 ’ਚ ਹੋਇਆ, ਉਹ ਸਿੱਖ ਧਰਮ ’ਚ 5 ਸਦੀਆਂ ਪਹਿਲਾਂ ਤੋਂ ਹੀ ਵਰਜਿਤ ਹੈ। ਗੁਰੂ ਨਾਨਕ ਸਾਹਿਬ ਜੀ ਦੁਆਰਾ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਚੁਣਨ ਤੋਂ ਪਹਿਲਾਂ ਤਿੰਨ ਬਚਨ ਕਹੇ ਸਨ: (1) ਕੇਸ ਨਹੀਂ ਕਟਾਉਣੇ (2) ਤਮਾਕੂ ਦੀ ਵਰਤੋਂ ਨਹੀਂ ਕਰਨੀ (3) ਅੰਮ੍ਰਿਤ ਵੇਲੇ ਦੀ ਸੰਭਾਲ਼ ਕਰਨੀ।

ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਨੂੰ ਅੰਮ੍ਰਿਤ ਛਕਾਉਣ ਸਮੇਂ ਤਮਾਕੂ ਨੂੰ ਜਗਤ ਜੂਠ ਦੱਸ ਕੇ ਇਸ ਦੀ ਵਰਤੋਂ ਕਰਨ ਦੀ ਸਖ਼ਤ ਮਨਾਹੀ ਕੀਤੀ ਤੇ ਇਸ ਨੂੰ ‘ਬੱਜਰ ਕੁਰਹਿਤਾਂ’ ’ਚ ਸ਼ਾਮਲ ਕਰ ਦਿੱਤਾ। ਅੰਮ੍ਰਿਤ ਛਕਣ ਉਪਰੰਤ ਤਮਾਕੂ ਦੀ ਵਰਤੋਂ ਕਰਨ ਵਾਲੇ ਨੂੰ ‘ਪਤਿਤ’ ਭਾਵ ਧਰਮ ਤੋਂ ਗਿਰਿਆ ਹੋਇਆ ਕਿਹਾ ਜਾਂਦਾ ਹੈ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਰਹਿਤ ਨਾਮਿਆਂ ’ਚ ਇਸ ਤਰ੍ਹਾਂ ਦਰਜ ਹਨ:-‘ਕੁੱਠਾ ਹੁੱਕਾ ਚਰਸ ਤਮਾਕੂ॥ ਗਾਂਜਾ ਟੋਪੀ ਤਾੜੀ ਖਾਕੂ॥ ਇਨ ਕੀ ਓਰ ਨ ਕਬਹੂ ਦੇਖੈ॥ ਰਹਿਤਵੰਤ ਸੋ ਸਿੰਘ ਵਿਸੇਖੈ॥’ (ਅੰਮ੍ਰਿਤ ਕੀਰਤਨ, ਪੰਨਾ 1014) ਸਿੱਖਾਂ ਨੂੰ ਤੰਮਾਕੂ ਤੋਂ ਅਛੋਹ ਰੱਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਕੌਤਕ ਵਰਤਾਇਆ ਜਿਸ ਅਨੁਸਾਰ ਉਨ੍ਹਾਂ ਦੇ ਘੋੜੇ ਨੇ ਵੀ ਤੰਮਾਕੂ ਦੇ ਖੇਤ ’ਚ ਵੜਨ ਤੋਂ ਮਨ੍ਹਾ ਕਰ ਦਿੱਤਾ। ਇਸ ਸੰਕੇਤ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਿਸ ਫਸਲ ’ਚ ਗੁਰੂ ਜੀ ਦੇ ਘੋੜੇ ਨੇ ਵੀ ਪੈਰ ਨਾ ਰੱਖਿਆ ਉਸ ਦਾ ਉਤਪਾਦ ਜਾਂ ਸੇਵਨ ਕਰਨ ਵਾਲਾ ਸਿੱਖ ਨਹੀਂ ਹੋ ਸਕਦਾ।

ਸਵਾਮੀ ਦਇਆਨੰਦ ਸਰਸਵਤੀ ਨੇ ਆਪਣੇ ਸ਼ਰਧਾਲੂਆਂ ਨੂੰ ਹਦਾਇਤ ਕੀਤੀ ਸੀ ਕਿ ‘ਮੇਰੇ ਮ੍ਰਿਤਕ ਸਰੀਰ ਨੂੰ ਉਹ ਹੱਥ ਨਾ ਲਾਵੇ ਜਿਸ ਨੇ ਕਦੇ ਤਮਾਕੂ ਦਾ ਸੇਵਨ ਕੀਤਾ ਹੋਵੇ।’ ਇਹ ਸਚਾਈ ਵੀ ਪ੍ਰਤੱਖ ਹੈ ਕਿ ਮਰਨ ਉਪਰੰਤ ਉਸ ਦੇ ਸਰੀਰ ਨੂੰ ਕੰਧਾ ਲਗਾਉਣ ਲਈ 4 ਅੰਮ੍ਰਿਤਧਾਰੀ ਸਿੱਖਾਂ ਨੂੰ ਬੁਲਾਇਆ ਗਿਆ ਸੀ। ਜੂਨ 1996 ’ਚ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਐੱਚ. ਡੀ. ਦੇਵ ਗੌਡਾ ਆਪਣੀ ਪਹਿਲੀ ਕਰਨਾਟਕਾ ਫੇਰੀ ਲਈ ਜਿਸ ਜਹਾਜ਼ ’ਤੇ ਸਫਰ ਕਰਕੇ ਗਏ ਉਹ ਭਾਰਤ ’ਚ ਤਮਾਕੂ ਉਤਪਾਦਨ ਕਰਨ ਵਾਲ਼ੀ ਸਭ ਤੋਂ ਵੱਡੀ ਕੰਪਨੀ ਨੇ ਉਪਲਬਧ ਕਰਵਾਇਆ ਸੀ, ਤਾਂ ਜੋ ਭਾਰਤ ’ਚ ਤੰਬਾਕੂ ’ਤੇ ਪੂਰਨ ਰੋਕ ਨਾ ਲੱਗ ਸਕੇ। 12 ਜੂਨ 2015 ਨੂੰ ਰਾਜਸਥਾਨ ਸਰਕਾਰ ਨੇ ਤੰਬਾਕੂ ਉਪਭੋਗੀ ਨੂੰ ਸਰਕਾਰੀ ਨੌਕਰੀ ਲਈ ਅਯੋਗ ਕਰ ਦਿੱਤਾ ਅਤੇ ਇਸ ’ਤੇ ਟੈਕਸ ਦਰ ਵਧਾ ਕੇ 65% ਕਰ ਦਿੱਤੀ ਤਾਂ ਜੋ ਲੋਕ ਇਸ ਤੋਂ ਤੋਬਾ ਕਰਨ ਲੱਗ ਜਾਣ।

ਪਰ ਦੁੱਖ ਦੀ ਗੱਲ ਇਹ ਹੈ ਕਿ ਗੁਰੂ ਬਚਨਾਂ ’ਤੇ ਪਹਿਰਾ ਦੇਣ ਦੀ ਬਜਾਏ ਖ਼ਾਲਸੇ ਦੀ ਜਨਮ ਭੂਮੀ ਪੰਜਾਬ ’ਚ ਹੀ ਇਸ ’ਤੇ ਪਾਬੰਦੀ ਨਹੀਂ ਲਗਾਈ ਜਾ ਸਕੀ, ਜਿਸ ਦਾ ਕਾਰਨ ਸਾਡੇ ਲੀਡਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਹੈ। ਇੱਕ ਪਾਸੇ ਇਹ ਸਿੱਖਾਂ ਦੀ ਸਿਰਮੌਰ ਨੁਮਾਇੰਦਗੀ ਕਰਦੇ ਵਿਖਾਈ ਦਿੰਦੇ ਹਨ ਤੇ ਦੂਸਰੇ ਪਾਸੇ (ਪੰਜਾਬ) ਸਰਕਾਰ ਨੇ ਤੰਮਾਕੂ ਉੱਪਰ ਟੈਕਸ ਦਰ 50% ਤੋਂ ਘਟਾ ਕੇ 20% ਕਰ ਦਿੱਤਾ ਤਾਂ ਜੋ ਇਸ ਦਾ ਸੇਵਨ ਵਧੇ। ਸਾਡੇ ਗੁਆਂਢੀ ਸੂਬੇ ‘ਹਿਮਾਚਲ ਪ੍ਰਦੇਸ, ਜੰਮੂ ਕਸ਼ਮੀਰ, ਦਿੱਲੀ’ ਆਦਿ ’ਚ ਤੰਮਾਕੂ ’ਤੇ ਟੈਕਸ ਵਧਾਇਆ ਗਿਆ ਹੈ। ਬਿਹਾਰ ਸਰਕਾਰ ਨੇ ਵੀ ਪਿਛਲੇ ਸਾਲ ਤੰਮਾਕੂ ਉੱਪਰ ਟੈਕਸ ਦਰ 57% ਕਰ ਦਿੱਤਾ, ਜੋ ਕਿ ਸਲਾਹੁਣ ਯੋਗ ਕਦਮ ਹੈ।

ਤੰਬਾਕੂ ਸੇਵਨ ਨੂੰ ਸਿੱਖ ਧਰਮ ’ਚ ਕੁਰਹਿਤ ਮੰਨ ਕੇ ‘ਜਗਤ ਝੂਠ’ ਆਖਿਆ ਗਿਆ ਹੈ ਪ੍ਰੰਤੂ ਇਸ ਦੇ ਬਾਵਜੂਦ ਜੇ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ (ਪੰਜਾਬ) ਉੱਤੇ ਤੰਬਾਕੂ ਦਾ ਸੇਵਨ ਦਿਨੋਂ-ਦਿਨ ਵੱਧ ਰਿਹਾ ਹੈ ਤਾਂ ਸਾਡਾ ਸਿੱਖੀ ਕਿਰਦਾਰ ਜ਼ਰੂਰ ਸ਼ੱਕ ਪੈਦਾ ਕਰਵਾਉਂਦਾ ਹੈ। ਵੋਟ ਸ਼ਕਤੀ ਨੂੰ ਮੁੱਖ ਰੱਖਦਿਆਂ ਤੰਬਾਕੂ ਸੇਵਨ ਪ੍ਰਤਿ ਸਰਕਾਰਾਂ ਨੇ ਕੁੱਝ ਸਖ਼ਤ ਕਾਨੂੰਨ ਵੀ ਬਣਾਏ ਪਰ ਇੱਛਾ ਸ਼ਕਤੀ ਦੀ ਘਾਟ ਤੇ ਆਰਥਿਕ ਮਦਦ ਮਿਲਣ ਕਾਰਨ ਉਨ੍ਹਾਂ ’ਤੇ ਅਮਲ ਕਦੇ ਹੁੰਦਾ ਨਹੀਂ ਵੇਖਿਆ; ਜਿਵੇਂ ਕਿ ਜਨਤਕ ਥਾਵਾਂ ’ਤੇ ਸਿਗਰਟ, ਬੀੜ੍ਹੀ ਪੀਣੀ ਕਾਨੂੰਨ ਅਨੁਸਾਰ ਜੁਰਮ ਹੈ ਪਰ ਹਰ ਥਾਂ ’ਤੇ ਧੂੰਇਆਂ ਦੇ ਛੱਲੇ ਉਡਦੇ ਦਿਖਾਈ ਦਿੰਦੇ ਹਨ, ਜਿਸ ਨੂੰ ਰੋਕਣ ਵਾਲੇ (ਕਾਨੂੰਨ) ਨੇ ਅੱਖਾਂ ਬੰਦ ਕੀਤੀਆਂ ਹੁੰਦੀਆਂ ਹਨ। ਪਾਨ, ਬੀੜੀ, ਸਿਗਰਟ ਦੇ ਸ਼ਿੰਗਾਰੇ ਹੋਏ ਖੋਖੇ, ਨਜ਼ਾਇਜ਼ ਕਬਜ਼ੇ ਕਰਕੇ ਥਾਂ-ਥਾਂ ਰੱਖੇ ਹੋਏ ਹਨ, ਪ੍ਰੰਤੂ ਕਾਨੂੰਨ ਹੋਣ ਦੇ ਬਾਵਜੂਦ, ਇਨ੍ਹਾਂ ਖੋਖਿਆਂ ਨੂੰ ਹਟਾਉਣ ਲਈ ਕਿਧਰੇ ਕੋਈ ਕਾਰਵਾਈ ਨਹੀਂ ਹੁੰਦੀ ਵੇਖੀ।

ਸਮਾਂ ਤੇ ਸਿਹਤ ਮਨੁੱਖ ਨੂੰ ਮੁਫ਼ਤ ’ਚ ਮਿਲਦੇ ਹਨ। ਬਿਨਾਂ ਭੇਟਾ ਜੋ ਚੀਜ਼ ਮਿਲੇ ਉਸ ਦੀ ਕਦਰ ਜਾਂ ਮੁੱਲ ਵਿਰਲਾ ਪਾਉਂਦਾ ਹੈ। ਨਸ਼ੇਖੋਰਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਜ਼ਹਿਰ ਖਾਣਾ ਕੋਈ ਚੰਗੀ ਗੱਲ ਨਹੀਂ। ਸਰਕਾਰ, ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਜ਼ਰੂਰਤ ਹੈ।