ਤੇ ਸਿੱਖ ਪੰਜਾਬ ਛੱਡ ਜਾਣਗੇ ?

0
251

ਤੇ ਸਿੱਖ ਪੰਜਾਬ ਛੱਡ ਜਾਣਗੇ ?

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ-095920-93472

ਜਦੋਂ ਅਸੀਂ ਪੰਜਾਬ ਅਤੇ ਸਿੱਖ ਕੌਮ ਦੇ ਸਬੰਧਾਂ ਦੇ ਇਤਿਹਾਸ ਦੇ ਵਰਕੇ ਫੋਲਦੇ ਹਾਂ ਤਾਂ ਪਤਾ ਚੱਲਦਾ ਹੈ ਕਿ ਸਿੱਖੀ, ਪੰਜਾਬ ਵਿਚ ਜੰਮੀ, ਪੰਜਾਬ ਵਿਚ ਪਲ਼ੀ, ਜਵਾਨ ਹੋਈ ਤੇ ਪ੍ਰਵਾਨ ਚੜ੍ਹੀ ਹੈ। ਇੱਥੇ ਹੀ ਆਪਣੇ ਗੁਰੂ ਬਖ਼ਸ਼ੇ ਬਾਹੂ ਬੱਲ ਨਾਲ ਮੱਲਾਂ ਮਾਰੀਆਂ ਅਤੇ ਆਪਣੇ ਤਪ ਤੇਜ ਦੇ ਝੰਡੇ ਬੁਲੰਦ ਕੀਤੇ। ਜੇਕਰ ਇਸ ਤਰ੍ਹਾਂ ਕਹਿ ਲਈਏ ਕਿ ਸਿੱਖ ਕੌਮ ਪੰਜਾਬ ਦੀ ਮਿੱਟੀ ’ਚੋਂ ਪੈਦਾ ਹੋਈ ਹੈ ਅਤੇ ਇਸ ਦੀ ਅਸਲੀ ਵਾਰਸ ਹੈ ਤਾਂ ਇਹ ਕੋਈ ਅਤਿ ਕਥਨੀ ਨਹੀਂ ਹੈ। ਇਸਲਾਮ ਦੇ ਧੁਰੰਤਰ ਵਿਦਵਾਨ ਡਾ: ਇਲਾਮਾ ਇਕਬਾਲ ਜੀ ਆਪਣੇ ਕਲਾਮ ਵਿਚ ਗੁਰੂ ਨਾਨਕ ਸਾਹਿਬ ਜੀ ਦੀ ਇਨਕਲਾਬੀ ਬੁਲੰਦ ਅਵਾਜ਼ ਨੂੰ, ਪੰਜਾਬ ’ਚੋਂ ਉੱਠੀ ਆਵਾਜ਼ ਕਹਿ ਕੇ ਸਿੱਖ ਕੌਮ ਦੇ ਪੰਜਾਬ ਨਾਲ ਅਨਿਖੱੜਵੇਂ ਸਬੰਧਾਂ ਦੀ ਹਾਮੀ ਭਰਦੇ ਹਨ। ਨਾਲ ਹੀ ਉਹ ਧੰਨ ਗੁਰੂ ਨਾਨਕ ਜੀ ਨੂੰ ਮਰਦ ਕਾਮਿਲ (ਯੋਗ੍ਯ, ਪੂਰਾ) ਦਾ ਰੁਤਬਾ ਦੇਂਦੇ ਹੋਏ ਪੂਰੇ ਭਾਰਤ (ਹਿੰਦੋਸਤਾਨੀਆਂ) ਨੂੰ ਗੁਰੂ ਜੀ ਵੱਲੋਂ ਜਗ੍ਹਾ ਦੇਣ ਦੀ ਵਡੇਰੀ ਗੱਲ ਵੀ ਕਰਦੇ ਹਨ। ਉਨ੍ਹਾਂ ਦੇ ਬੋਲ ਹਨ ‘ਫਿਰ ਆਖਿਰ ਉਠੀ ਸਦਾਅ ਤੌਹੀਦ ਕੀ ਪੰਜਾਬ ਸੇ। ਹਿੰਦ ਕਉ ਮਰਦ ਕਾਮਿਲ ਨੇ ਜਗਾਇਆ ਖਵਾਬ ਸੇ।’

ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨੌਵੀਂ ਪਾਤਸ਼ਾਹੀ ਤੱਕ ਦੀ ਸਰੀਰਕ ਆਮਦ ਵੀ ਪੰਜਾਬ ਦੀ ਧਰਤੀ ’ਤੇ ਹੈ। ਦਸਵੇਂ ਜਾਮੇ ਨੇ ਪਟਨਾ ਸਾਹਿਬ ਅਵਤਾਰ ਧਾਰਨ ਦੇ ਬਾਵਜੂਦ ਉਨ੍ਹਾਂ ਦੀ ਕਰਮ ਭੂਮੀ ਵਧੇਰੇ ਕਰਕੇ ਪੰਜਾਬ ਹੀ ਹੈ। ਦਸਵੇਂ ਜਾਮੇ ਵਿਚ ਵੀ, ਗੁਰੂ ਨਾਨਕ ਜੀ ਦੀ ਕਰਮ ਭੂਮੀ ਵਧੇਰੇ ਕਰ ਕੇ ਪੰਜਾਬ ਹੀ ਹੈ। ਚੱਪੇ ਚੱਪੇ ’ਤੇ ਸਿੱਖ ਗੁਰੂ ਸਾਹਿਬਾਨ ਦੇ ਮੁਬਾਰਕ ਚਰਨਾਂ ਦੀ ਛੋਹ ਹੈ। ਕੀਤੇ ਕਰਣੀ ਨਾਮੇ ਦੇ ਅਮੀਰ ਇਤਿਹਾਸ ਦੇ ਯਾਦਗਾਰੀ ਵੇਰਵੇ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ ਇਸੇ ਹੀ ਪੰਜਾਬ ਤੋਂ ਵਕਤ ਦੀਆਂ ਜ਼ੋਰ ਜ਼ੁਲਮ ਕਰਨ ਵਾਲੀਆਂ ਸਲਤਨਤਾ ਨਾਲ ਲੋਹਾ ਲੈਣ ਦੇ ਵੇਰਵੇ ਜੁੜੇ ਹੋਏ ਹਨ। ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬ ਲਈ ਜੀਊਣਾ ਤੇ ਪੰਜਾਬ ਲਈ ਮਰਣ ਨੂੰ ਗੁਰੂ ਬਖਸ਼ਿਆ ਖਾਲਸਾ ਹੈ। ਇਸ ਨੂੰ ਪੰਜਾਬ ਤੋਂ ਵੱਖ ਕਰ ਕੇ ਵੇਖਣਾ ਹੀ ਅਪਰਾਧ ਹੈ। ਇੰਝ ਵੀ ਕਹਿ ਸਕਦੇ ਹਾਂ ਕਿ ਪੰਜਾਬ, ਸਿੱਖ ਕੌਮ ਤੋਂ ਬਗੈਰ ਅਧੂਰਾ ਹੈ।

ਪੰਦਰਵੀਂ ਸਦੀ ਤੋਂ 20ਵੀਂ ਸਦੀ ਦੇ ਅੱਧ ਤੱਕ ਪੰਜਾਬ ਦੀ ਧਰਤੀ, ਸਿੱਖ ਕੌਮ ਦੀ ਦੇਗ ਅਤੇ ਤੇਗ ਦੇ ਜਲਵੇ, ਇਸ ਦੀ ਅਜ਼ਾਦ ਹਸਤੀ, ਸਵੈ ਮਾਣ ਤੇ ਅਣਖ ਦੇ ਬੋਲ ਬਾਲੇ ਦੀ ਹਾਮੀ ਭਰਦੇ ਹਨ। ਸਮੇਂ ਦੇ ਗੇੜ ਨਾਲ ਇਸ (ਸਿੱਖ) ਦਾ ਵਿਦੇਸ਼ਾਂ ਦੀ ਧਰਤੀ ਦਾ ਰੁੱਖ ਸਿੱਧਾ ਰੋਜ਼ੀ ਰੋਟੀ ਦੇ ਨਜ਼ਰੀਏ ਨਾਲ ਨਹੀਂ ਹੈ। ‘ਸਿੱਖ ਰਾਜ’ ਦੇ ਚਲੇ ਤੇ ਖੋਏ ਜਾਣ ਉਪਰੰਤ, ਅੰਗ੍ਰੇਜੀ ਹਕੂਮਤ ਨੇ ਸਿੱਖਾਂ ਨੂੰ, ਇਨ੍ਹਾਂ ਦੇ ਗੁਣ ਅਤੇ ਸੁਭਾਅ ਕਰ ਕੇ ਆਪਣੀ ਫੌਜ ਦਾ ਅਹਿਮ ਹਿੱਸਾ ਬਣਾ ਕੇ, ਇਨ੍ਹਾਂ ਦੀ ਵਫਾ ਨੂੰ ਆਪਣੀ ਹਕੂਮਤ ਦੇ ਝੰਡੇ ਬੁਲੰਦ ਰੱਖਣ ਲਈ, ਥਾਂ ਥਾਂ ਦੇਸ਼ ਵਿਦੇਸ਼ਾਂ ਅੰਦਰ ਰੱਜ ਕੇ ਮੋਹਰਾ ਬਣਾਇਆ। ਵਿਸ਼ਵਭਰ ਦੀਆਂ ਕੌਮਾਂ ਅੰਦਰ ਸਿੱਖਾਂ ਦੀ ਦਲੇਰੀ ਅਤੇ ਵਫਾਦਾਰੀ ਦਾ ਕੋਈ ਬਦਲ ਨਹੀਂ ਰਿਹਾ।

ਗਦਰੀ ਸਿੱਖ ਬਾਬਿਆਂ ਦੀ ਵਿਥਿਆ, ਸਿੱਖਾਂ ਅੰਦਰਲੀ ਅਜ਼ਾਦੀ ਦੀ ਫ਼ਿਜ਼ਾ (ਖੁਲ੍ਹਦਿਲੀ) ਦਾ ਸਪਸ਼ਟ ਪ੍ਰਮਾਣ ਹੈ ਕਿ ਉਹ ਪਦਾਰਥਕ ਤੇ ਪਰਿਵਾਰਕ ਸੁੱਖਾਂ ਨੂੰ ਠੋਕਰਾਂ ਮਾਰ ਕੇ ਜੂਝਦੇ ਹੋਏ ਮਿਲਦੇ ਹਨ। ਇਸੇ ਤਰ੍ਹਾਂ ਬੱਬਰ ਅਕਾਲੀ ਲਹਿਰ ਦੇ ਆਸ਼ਿਕ ਗੁਰਸਿੱਖ ਗਦਾਰਾਂ ਤੇ ਝੋਲੀ ਚੁੱਕਾਂ ਨੂੰ ਸੋਧ ਕੇ ਖੁਦ ਫਾਂਸੀ ਦੇ ਰੱਸੇ ਚੁੰਮਦੇ ਵੇਖੇ ਜਾਂਦੇ ਹਨ। ਪੰਜਾਬ ਦੀ ਧਰਤੀ ਦੀ ਵਾਰਸ (ਸਿੱਖ ਕੌਮ) ਨੇ ਕਿਹੜਾ ਦੁੱਖ ਜਾਂ ਜ਼ੁਲਮ ਹੈ ਜੋ ਇਸ ਨੇ ਆਪਣੇ ਪਿੰਡੇ ’ਤੇ ਨਹੀਂ ਜਰਿਆ। ਭਾਰਤ ਅਜ਼ਾਦ ਕਰਵਾਉਣ ਲਈ ਇਸੇ ਵਿੱਚੋਂ ਆਪਣੀ ਅਸਲੀ ਅਜ਼ਾਦੀ ਦੇ ਸੁਪਨੇ ਸਾਕਾਰ ਕਰਨ ਦੀ ਤਾਂਘ ਲਾਈ ਬੈਠੀ ਸਿੱਖ ਕੌਮ, 1947 ਵਿਚ ਭਾਰਤੀ ਚਾਲਬਾਜ਼ ਆਗੂਆਂ ਦੀ ਬਦਨਿਯਤੀ ਦੇ ਛਲਾਵੇ ਨਾਲ ਛਲੀ ਵੀ ਗਈ ਤੇ ਠੱਗੀ ਵੀ ਗਈ। ਸਿੱਖ ਕੌਮ ਲਈ ਅਜ਼ਾਦੀ ਆਈ ਹੀ ਨਹੀਂ ਬਲਕਿ ਨਵੀਂ ਕਿਸਮ ਦੀ ਤਬਾਹੀ ਤੇ ਸੰਤਾਪ ਦੀਆਂ ਡਾਢੀਆਂ ਪੀੜ੍ਹਾਂ ਨਾਲ ਇਸ ਦੀ ਝੋਲੀ ਏਨੀ ਤੁੰਨ ਤੁੰਨ ਭਰੀ ਗਈ ਕਿ ਜੋ ਨਾ ਮੁੱਕੀਆਂ ਹਨ ਅਤੇ ਨਾ ਹੀ ਮੁੱਕਣੀਆਂ ਹਨ। ਨਵੀਂ ਹਕੂਮਤ ਨੇ ਇਸ ਨੂੰ ਗੈਰ ਮੰਨ ਕੇ ਵਿਵਹਾਰ ਕਰਨਾ ਐਸਾ ਆਰੰਭਿਆ ਜਿਸ ਕਰ ਕੇ ਇਸ ਦੀਆਂ ਸਧਰਾਂ ਅਤੇ ਅਜ਼ਾਦ ਹਸਤੀ ਨੂੰ ਸਦਾ ਸਦਾ ਮਲੀਆ ਮੇਟ ਕਰਨ ਦਾ ਦੌਰ ਮੁੱਕਣ ਦਾ ਨਾਂ ਨਹੀਂ ਲੈਂਦਾ।

ਭਾਰਤੀ ਹਾਕਮਾਂ ਦੇ ਮਨਸੂਬਿਆਂ ਕਰ ਕੇ ਸਿੱਖ ਕੌਮ ਦੀ ਆਪਣੀ ਹੋਂਦ ਹਸਤੀ ਵਾਲੀ ਆਪਣੀ ਕੌਮੀ ਸਿੱਖ ਜਥੇਬੰਦੀ ਟੁੱਟਣ ਲਗੀ। ਸਹੀ ਆਗੂ ਇਸ ਨੂੰ ਆਪਣੇ ਵਿੱਚੋਂ ਨਾ ਮਿਲ ਪਾਏ। ਨਤੀਜਾ, ਇਸ ਦੇ ਵਾਰਸਾਂ ਨੇ ਆਪਣੇ ਸਿੱਖ ਹੋਣ ਦਾ ਮਾਣ ਅਤੇ ਪੰਜਾਬ ਦੇ ਵਾਰਸ ਵਾਲਾ ਗੌਰਵ, ਆਪਣੀ ਜਾਤੀ ਜ਼ਿੰਦਗੀ ਦੀਆਂ ਗਰਜਾਂ, ਕੁਟੰਬ ਦੇ ਮੋਹ ਤੋਂ ਵਾਰ ਦਿੱਤਾ। ਰੋਜ਼ਗਾਰ ਜਾਂ ਮਾਇਆ ਦੀ ਖਾਤਰ, ਵਿਦੇਸ਼ਾਂ ਦੀ ਧਰਤੀ ’ਤੇ ਜਾਣ ਦਾ ਜਨੂਨ ਦਿਲ ਦਿਮਾਗ ਉੱਤੇ ਭਾਰੂ ਹੋ ਗਿਆ। ਸਿੱਖ ਕੌਮ ਦੇ ਕੋਲ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਪੱਖ ਤੋਂ ਗੁਰੂ ਸੋਚ ਦੇ ਧਾਰਨੀ ਆਗੂਆਂ ਦੀ ਥੁੜ ਕਰ ਕੇ ਇਸ ਦੇ ਅੰਦਰ ਪੰਜਾਬ ਦੇ ਵਾਰਸ ਹੋਣ ਅਤੇ ਭਵਿੱਖ ਦੇ ਰਾਖੇ ਹੋਣ ਦਾ ਮਾਣ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਂ ਅੱਗੇ ਭਰਨ ਦਾ ਸਿਲਸਿਲਾ ਆਏ ਦਿਨ ਮਰਦਾ ਹੀ ਮਰਦਾ ਜਾ ਰਿਹਾ ਹੈ।

ਅੱਜ ਦੀ ਤਰੀਕ ਵਿੱਚ ਜੇਕਰ ਪੂਰੇ ਪੰਜਾਬ ਅੰਦਰ ਘੁੰਮ ਕੇ ਸਰਵੇਖਣ ਕੀਤਾ ਜਾਵੇ ਤਾਂ ਬਹੁ ਗਿਣਤੀ ਸਿੱਖ ਘਰਾਣਿਆਂ ਦੀ ਪੰਜਾਬ ਦੇ ਮਾਹੌਲ ਨੂੰ ਨਫ਼ਰਤ ਕਰਦੀ ਪਾਈ ਜਾਵੇਗੀ। ਪੰਜਾਬ ਤੋਂ ਬਾਹਰ ਜਾਣ ਲਈ ਤਮੰਨਾ ਰੱਖਦੀ ਜਾਂ ਬਾਹਰ ਜਾਣ ਦੇ ਕੰਮੇ ਲਗੀ ਮਿਲੇਗੀ। ਐਸਾ ਹੋ ਜਾਣ ਦੇ ਕਾਰਨ ਨੂੰ ਉਪਰ (ਪਿਛਲੇ) ਇਸ਼ਾਰੇ ਮਾਤਰ ਵਰਣਨ ਕੀਤਾ ਹੈ। ਥੋੜ੍ਹਾ ਗਹੁ ਨਾਲ ਸੋਚੀਏ ਕਿ ਕੀ ਬਹੁਤ ਸਿੱਖਾਂ ਦਾ ਪੰਜਾਬ ਨੂੰ ਛੱਡ ਕੇ ਚਲੇ ਜਾਣ ਦਾ ਵੀਚਾਰ ਸਿੱਖ ਕੌਮ ਦੇ ਭਵਿੱਖ ਲਈ ਠੀਕ ਹੈ ਜਾਂ ਗਲਤ ? ਕੀ ਪੰਜਾਬ ਨੂੰ ਛੱਡ ਕੇ ਚਲੇ ਜਾਣ ਉਪਰੰਤ ਵਿਸ਼ਵ ਦੀ ਧਰਤੀ ਦੀ ਕਿਸੇ ਨੁਕਰੇ ਸਾਡਾ ਭਵਿੱਖ ਸਦੀਵੀ ਅਜ਼ਾਦ ਹੋਂਦ ਵਾਲਾ ਟਿਕਾਣਾ ਬਣ ਸਕੇਗਾ ? ਇਕ ਗੱਲ ਤੇ ਬੜੀ ਹੀ ਸਪਸ਼ਟ ਹੈ ਕਿ 1947 ਤੋਂ ਭਾਰਤੀ ਪੰਜਾਬ ਦੀ ਵਾਰਸ ਸਿੱਖ ਕੌਮ ਪੰਜਾਬ ਉੱਤੇ ਆਪਣੇ ਹੱਕਾਂ ਲਈ ਲਗਾਤਾਰ ਆਪਣਾ ਫਰਜ਼ ਨਿਭਾਉਣ ਦਾ ਯਤਨ ਕਰਦੀ ਆ ਰਹੀ ਹੈ। ਭਾਰਤੀ ਹਾਕਮਾਂ ਨੇ ਜਿਵੇਂ ਸਹੁੰ ਖਾਧੀ ਹੁੰਦੀ ਹੈ ਕਿ ਅਸੀਂ ਇਸ ਅਣਖ ਤੇ ਸਵੈਮਾਣ ਦੀ ਵਾਰਸ ਕੌਮ ਨੂੰ ਹਰ ਪੱਖੋਂ ਜ਼ਲੀਲ ਕਰ ਕੇ ਕੱਖੋਂ ਹੌਲ਼ਾ ਕਰ ਦੇਣਾ ਹੈ। ਇਸੇ ਹੀ ਦਾਅ ਨਾਲ ਸਿੱਖ ਕੌਮ ਨੂੰ ਵਾਰ ਵਾਰ ਜ਼ਲੀਲ ਕੀਤਾ ਗਿਆ ਹੈ। ਸਿੱਖ ਬਹੁ-ਗਿਣਤੀ ਨੂੰ ਭਾਵੇਂ ਕਿਸਾਨ ਜਾਂ ਮਜ਼ਦੂਰ ਹੈ, ਰੋਟੀ ਤੋਂ ਆਤਰ (ਵਿਆਕੁਲ) ਕਰ ਦਿੱਤਾ ਗਿਆ। ਕਿਸਾਨੀ ਦਾ ਗਲਾ ਘੁੱਟ ਦਿੱਤਾ। ਪੰਜਾਬ ਦਾ ਵਿਦਿਅਕ ਮਿਆਰ, ਢਿੱਲੜ ਵਿਦਿਅਕ ਸੋਚ ਕਰ ਕੇ ਖਤਮ ਕੀਤਾ ਗਿਆ। ਅਨਪੜ੍ਹਤਾ ਨੂੰ ਪੈਦਾ ਕੀਤਾ ਗਿਆ। ਪੂਰੇ ਭਾਰਤ ਅਤੇ ਵਿਸ਼ਵ ਦੇ ਭਾਈਚਾਰੇ ਸਾਹਮਣੇ ਇਸ ਨੂੰ 1947 ਤੋਂ ਲਗਾਤਾਰ ਬਦਨਾਮ ਕਰਨ ਦੀ ਕਾਰਵਾਈ ਨਿਰੰਤਰ ਚਲਾ ਕੇ ਪੂਰੀ ਤਰ੍ਹਾ ਭੰਡਿਆ ਗਿਆ। 1984 ਦੇ ਕਾਰੇ ਇਸ ਦੀ ਨਸਲਕੁਸ਼ੀ ਦੇ ਪ੍ਰਤੱਖ ਪ੍ਰਮਾਣ ਹਨ। 1984 ਤੋਂ 1992-1994 ਤੱਕ ਪੂਰੇ ਪੰਜਾਬ ਵਿੱਚੋਂ ਸਿੱਖ ਗੱਭਰੂਆ ਦਾ ਇਕ ਪੂਰ ਹੀ ਮੌਤ ਦੇ ਘਾਟ ਉਤਾਰ ਕੇ ਪੰਜਾਬ ਸਿੱਖਾਂ ਤੋਂ ਖਾਲੀ ਕਰਵਾਉਣ ਵਾਲੀ ਤਵਾਰੀਖ ਦਾ ਬਾਨਣੂੰ ਬੰਨਿਆ ਗਿਆ। ਅੱਜ ਪੰਜਾਬ ਦੇ ਅੰਦਰ ਬਹੁ ਗਿਣਤੀ ਸਿੱਖ, ਬਿਲਕੁਲ ਰਹਿਣਾ ਪਸੰਦ ਨਹੀਂ ਕਰਦੇ। 10ਵੀ ਤੇ ਬਾਰਵੀਂ ਤੋਂ ਬਾਅਦ ਸਾਰੇ ਬੱਚੇ ਵਿਦੇਸ਼ ਜਾਣ ਵਾਲੀ ਕਤਾਰ ਵਿੱਚ ਖਲੋਤੇ ਦਿਸ ਰਹੇ ਹਨ। ਅਮੀਰ ਗਰੀਬ ਸਭ ਇੱਕੋ ਸੋਚ ਦੇ ਪਿੱਛ ਲੱਗੇ ਹਨ; ਜਿਵੇਂ ਕਿਵੇਂ ਬਾਹਰ ਚਲੇ ਜਾਣ ਲਈ।

ਕੀ ਆਖੀਏ ਕਿ ਸਿੱਖਾਂ ਨੇ ਪੰਜਾਬ ਖਾਲੀ ਕਰ ਕੇ ਇਸ ਦੇ ਵਾਰਸ ਹੋਣ ਦਾ ਦਾਹਵਾ ਖਤਮ ਕਰਨ ਦਾ ਫ਼ੈਸਲਾ ਕਰ ਲਿਆ ਹੈ ? ਜਾਂ ਭਾਰਤੀ ਹਕੂਮਤ ਦੀ 1947 ਤੋਂ ਪਹਿਲਾਂ ਤੇ ਬਾਅਦ ਵਿੱਚ ਸਿੱਖਾਂ ਪ੍ਰਤੀ ਧਾਰਨ ਕੀਤੀ ਨੀਤੀ ਨੂੰ ਬੂਰ ਪੈ ਰਿਹਾ ਹੈ। ਸਿੱਖ ਪੰਜਾਬ ’ਚੋਂ ਬਾਹਰ ਜਾਣਗੇ ਭਾਰਤ ਵਿਚ ਹਕੂਮਤੀ, ਧੱਕਿਆਂ ਨੂੰ ਵੰਗਾਰਨ ਵਾਲੀ ਇਕ ਧਿਰ ਤੋਂ ਖਹਿੜਾ ਛੁੱਟ ਜਾਵੇਗਾ। ਸਿੱਖ ਕੌਮ ਨੂੰ ਆਪਣੇ ਵਰਤਮਾਨ ਤੇ ਭਵਿੱਖ ਬਾਰੇ ਬੜਾਂ ਗੰਭੀਰ ਚਿੰਤਨ ਕਰ ਕੇ ਪੰਜਾਬ ਦੀ ਵਿਰਾਸਤ ਦੀ ਦਾਹਵੇਦਾਰੀ ਬਰਕਰਾਰ ਰੱਖਣ ਲਈ ਨਵੇਂ ਢੁਕਵੇਂ ਦੂਰ ਰਸੀ ਢੰਗ ਤਲਾਸ਼ ਕਰਨ ਲਈ ਪਹਿਲ ਕਦਮੀ ਕਰਨੀ ਬੜੀ ਜ਼ਰੂਰੀ ਹੈ। ਸਿੱਖ ਕੌਮ ਹੀ ਪੰਜਾਬ ਦੀ ਵਾਰਸ ਸੀ, ਵਾਰਸ ਹੈ ਤੇ ਵਾਰਸ ਰਹੇਗੀ। ਸਿੱਖਾਂ ਨੂੰ ਪੰਜਾਬ ਛੱਡ ਕੇ ਨਹੀਂ ਭੱਜਣਾ ਚਾਹੀਦਾ। ਇਸ ਧਰਤੀ ਦਾ ਕਰਜ਼ਾ ਸਾਡੇ ਸਿਰ ਹੈ। ਇਹ ਗੁਰੂਆਂ ਦਾ ਪੰਜਾਬ ਹੈ ਇਸ ਦੀ ਮਹੱਤਤਾ, ਵਡਿਆਈ ਗੁਰੂ ਕੇ (ਸਿੱਖਾਂ) ਨਾਲ ਹੈ। ਵਿਦੇਸ਼ਾਂ ’ਚੋਂ ਪੜ੍ਹ ਕੇ ਗਿਆਨ ਸਮਝ ਦਾ ਲੰਮਾ ਅਨੁਭਵ ਲੈ ਕੇ ਪੰਜਾਬ ਵਿੱਚ ਵੰਡਣਾ ਹੈ। ਪੰਜਾਬ ਅਤੇ ਮਨੁੱਖੀ ਹੱਕਾਂ ਲਈ ਸੰਘਰਸ਼ ਜਾਰੀ ਰੱਖ ਕੇ ਜਿੱਤਣਾ ਹੀ ਜਿੱਤਣਾ ਹੈ। ਹਾਂ ਅਸੀਂ ਆਪਣੇ ਗੁਰੂ ਜੀ ਦੀ ਬਖ਼ਸ਼ੀ ਹੋਈ ਚੇਤਨ ਲਿਆਕਤ ਨਾਲ ਵਿਸ਼ਵ ਦੇ ਦੂਜੇ ਦੇਸ਼ਾਂ ਵਿੱਚ ਸਿੱਖ ਸੋਚ ਅਤੇ ਵਿਰਾਸਤੀ-ਅਮੀਰੀ ਦੇ ਝੰਡੇ ਉੱਚੇ ਤੋਂ ਉੱਚੇ ਗੱਡ ਕੇ ਵਿਸ਼ਵ ਦੀ ਅਗਾਂਹ-ਵਧੂ ਉਸਾਰੂ ਸੋਚ ਵਾਲੀ ਕੌਮ ਹੋਣ ਦਾ ਮਾਣ ਆਪਣੀ ਕੌਮੀ ਝੋਲੀ ਵਿੱਚ ਪਵਾਉਣ ਲਈ ਕਾਮਯਾਬ ਹੋ ਸਕਦੇ ਹਾਂ।