ਅਮਰਿੰਦਰ ਸਮੇਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਵਿਦੇਸ਼ਾਂ ਵਿਚ ਕਾਨੂੰਨੀ ਪ੍ਰਕ੍ਰਿਆਵਾਂ ਸਮੇਤ ਹੋਵੇਗਾ ਘਿਰਾਓ

0
292

ਅਮਰਿੰਦਰ ਸਮੇਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਵਿਦੇਸ਼ਾਂ ਵਿਚ ਕਾਨੂੰਨੀ ਪ੍ਰਕ੍ਰਿਆਵਾਂ ਸਮੇਤ ਹੋਵੇਗਾ ਘਿਰਾਓ : ਕਮੇਟੀ

84ਵਿਆਂ ਵਾਂਗ ਹੁਣ ਵੀ ਝੂਠੇ ਪੁਲੀਸ ਕੇਸਾਂ ਵਿਚ ਉਲਝਾ ਕੇ ਸਿੱਖਾਂ ਨੂੰ ਬਦਨਾਮ ਕਰ ਹੀ ਹੈ, ਕੈਪਟਨ ਸਰਕਾਰ : ਹਿੰਮਤ ਸਿੰਘ

ਨਿਊਯਾਰਕ 13 ਨਵੰਬਰ: ਅਮਰੀਕਾ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੰਤਰੀਆਂ, ਵਿਧਾਇਕਾਂ ਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਦਾ ਵਿਦੇਸ਼ਾਂ ਵਿੱਚ ਘਿਰਾਓ ਕਰਨ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਕਾਂਗਰਸੀਆਂ ਨੂੰ ਵਿਦੇਸ਼ਾਂ ਦੀ ਸਖਤ ਕਾਨੂੰਨੀ ਪ੍ਰਕ੍ਰਿਆ ਵਿੱਚੋਂ ਗੁਜਰਨਾ ਪਵੇਗਾ। ਇਹ ਐਲਾਨ ਅੱਜ ਉਨ੍ਹਾਂ ਨੇ ਹੰਗਾਮੀ ਮੀਟਿੰਗ ਕਰ ਕੇ ਇਸ ਲਈ ਕੀਤਾ ਕਿ ਪੰਜਾਬ ਵਿਚ ਮੁੜ 1984 ਸਿੱਖ ਕਤਲੇਆਮ ਕਰਨ ਵਾਂਗ ਹੁਣ ਵੀ ਸਿੱਖਾਂ ਨੂੰ ਝੂਠੇ ਕੇਸਾਂ ਵਿਚ ਉਲਝਾ ਕੇ ਜੇਲ੍ਹਾਂ ਵਿਚ ਡੱਕਿਆ ਜਾ ਰਿਹਾ ਹੈ, ਇਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਭ ਤੋਂ ਵੱਡੀ ਸਿੱਖ ਵਿਰੋਧੀ ਕਾਰਵਾਈ ਕਰਾਰ ਦਿੱਤਾ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਦੇ ਕੋਆਰਡੀਨੇਟਰ ਹਿੰਮਤ ਸਿੰਘ ਤੇ ਹੋਰ ਆਗੂ ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ ਪਾਈਨਹਿੱਲ, ਵੀਰ ਸਿੰਘ ਮਾਂਗਟ ਅਤੇ ਦਵਿੰਦਰ ਸਿੰਘ ਦਿਓ ਨੇ ਕਿਹਾ ਹੈ ਕਿ ਪੰਜਾਬ ’ਚ ਸਿਆਸੀ ਕਤਲਾਂ ਦੇ ਦੋਸ਼ ’ਚ ਫੜੇ ਗਏ, ਇੰਗਲੈਂਡ ਤੋਂ ਪੰਜਾਬ ਵਿਆਹ ਕਰਵਾਉਣ ਗਏ ਜੰਡਿਆਲੇ ਦੇ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੌਹਲ ਨੂੰ ਨਾ ਤਾਂ ਅਦਾਲਤ ’ਚ ਵਕੀਲ ਲਿਜਾਉਣ ਦਿੱਤਾ ਗਿਆ ਅਤੇ ਨਾ ਹੀ ਬਰਤਾਨਵੀ ਅੰਬੈਸੀ ਦੇ ਅਧਿਕਾਰੀਆਂ ਨੂੰ ਮਿਲਣ ਦਿੱਤਾ ਗਿਆ ਫੇਰ ਇਨਸਾਫ਼ ਦੀ ਕੀ ਆਸ ਰੱਖੀ ਜਾ ਸਕਦੀ ਹੈ। ਪੰਜਾਬ ਪੁਲਿਸ ਕਹਿ ਰਹੀ ਹੈ ਕਿ ਇੱਕ ਹੋਰ ਸ਼ੂਟਰ ਫੜਿਆ, ਜਿਸ ਦੀ ਪਛਾਣ ਹਰਦੀਪ ਸਿੰਘ (23) ਉਰਫ਼ ਸ਼ੇਰਾ ਵਾਸੀ ਪਿੰਡ ਮਾਜਰੀ, ਥਾਣਾ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਜੋਂ ਹੋਈ ਹੈ, ਜੋ ਕਤਲ ਕਰ ਕੇ ਇਟਲੀ ਭੱਜ ਜਾਂਦਾ ਸੀ। 7-8 ਦਿਨ ਹੋ ਗਏ ਪਹਿਲੇ ਮੁੰਡੇ ਫੜਿਆਂ ਨੂੰ ਪਰ ਹੁਣ ਤੱਕ ਤਾਂ ਉਹ ਇਟਲੀ ਭੱਜਿਆ ਨਹੀਂ ਸੀ। ਦੂਜੇ ਪਾਸੇ ਪੁਲਿਸ ਕਹਿੰਦੀ ਜਿੰਮ ’ਚੋਂ ਫੜਿਆ, ਮੀਡੀਆ ਕਹਿੰਦਾ ਮੋਟਰ ਸਾਈਕਲ ’ਤੇ ਜਾਂਦਾ ਫੜਿਆ। ਦੂਜੇ ਪਾਸੇ ਡੀਜੀਪੀ ਅਰੋੜਾ ਹੋਰੀਂ ਕਹੀ ਜਾਂਦੇ ਹਨ ਕਿ ਜਾਂਚ ਹਾਲੇ ਮੁੱਢਲੇ ਪੜਾਅ ’ਚ ਹੈ ਪਰ ਨਾਲ ਹੀ ਸਾਰੀ ਘੜੀ-ਘੜਾਈ ਕਹਾਣੀ ਵੀ ਬਿਆਨੀ ਜਾਂਦੇ ਹਨ ਕਿ ਇੱਦਾਂ-ਇੱਦਾਂ ਹੋਇਆ। ਜੇ ਜਾਂਚ ਹਾਲੇ ਚੱਲ ਰਹੀ ਆ ਤਾਂ ਸਿੱਟੇ ’ਤੇ ਕਿੱਦਾਂ ਪੁੱਜ ਗਏ? ਕਮੇਟੀ ਆਗੂਆਂ ਨੇ ਕਿਹਾ ਹੈ ਕਿ 1984 ਵਿਆਂ ਵਿਚ ਵੀ ਪੁਲੀਸ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੰਦੀ ਸੀ, ਉਸ ਵੇਲੇ ਝੂਠੀਆਂ ਕਹਾਣੀਆਂ ਬਣਾਉਣ ਦੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਨੂੰ ਮੈਡਲ ਮਿਲਦੇ ਸਨ। ਆਗੂਆਂ ਨੇ ਕਿਹਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਸ ਮੈਡਲ ਦੇ ਲਾਲਚ ਵਿਚ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ? ਆਗੂਆਂ ਨੇ ਕਿਹਾ ਕਿ ਦੁਨੀਆਂ ਵਿਚ ਬੈਠੇ ਸਿੱਖ ਹੁਣ ਜਾਗ ਗਏ ਹਨ ਤੇ ਮੀਡੀਆ ਕ੍ਰਾਂਤੀ ਨੇ ਅਜਿਹਾ ਕੰਮ ਕੀਤਾ ਹੈ ਕਿ ਵਿਦੇਸ਼ਾਂ ਵਿਚ ਬੈਠੇ ਹਰ ਇਕ ਸਿੱਖ ਨੂੰ ਭਾਰਤ ਵਿਚ ਵਾਪਰ ਰਹੀ ਹਰ ਘਟਨਾ ਦਾ ਪਤਾ ਲੱਗ ਜਾਂਦਾ ਹੈ, ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਖਿਆਂ ਵੱਲੋਂ ਅੰਗਰੇਜ਼ਾਂ ਨਾਲ ਨਿਭਾਈਆਂ ਗਈਆਂ ਯਾਰੀਆਂ ਅਨੁਸਾਰ ਹੁਣ ਭਾਰਤ ’ਚ ਕੇਂਦਰ ਦੀਆਂ ਸਰਕਾਰਾਂ ਨਾਲ ਯਾਰੀਆਂ ਨਿਭਾ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨ ਲਈ ਜੇਲ੍ਹਾਂ ਵਿਚ ਡੱਕ ਰਿਹਾ ਹੈ, ਇਨ੍ਹਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨਹੀਂ ਗਿ੍ਰਫ਼ਤਾਰ ਕੀਤੇ ਗਏ, ਨਸ਼ਾ ਖ਼ਤਮ ਕਰਨ ਲਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਵੀ ਇਹ ਮੁਕਰ ਗਏ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਵੀ ਫੁਰਰਰਰ ਹੋ ਗਈ, ਇਨ੍ਹਾਂ ਨੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਉਲਟਾ ਸਿੱਖਾਂ ਦੇ ਮੁੰਡਿਆਂ ਨੂੰ ਹੀ ਜੇਲ੍ਹਾਂ ਵਿਚ ਡੱਕਣਾ ਸ਼ੁਰੂ ਕੀਤਾ ਹੋਇਆ ਹੈ। ਇਹ ਸਰਾਸਰ ਝੂਠ ਹੈ ਤੇ ਬੇਬੁਨਿਆਦ ਹੈ। ਜੋ ਨੌਜਵਾਨ ਫੜੇ ਗਏ ਹਨ ਉਨ੍ਹਾਂ ਦੀਆਂ ਕਹਾਣੀਆਂ ਹੀ ਮੇਲ ਨਹੀਂ ਖਾਂਦੀਆਂ। ਸ਼ਿਵ ਸੈਨਾ ਵਾਲੇ ਖ਼ੁਦ ਕਹਿੰਦੇ ਹਨ ਕਿ ਇਹ ਗੈਂਗਵਾਰ ਹੈ। ਦੂਜੇ ਪਾਸੇ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਝੂਠ ਦਾ ਪੁਲੰਦਾ ਹੀ ਤਿਆਰ ਕਰ ਕੇ ਸਿੱਖਾਂ ਨੂੰ ਬਦਨਾਮ ਕਰਨ ਤੁਰੀ ਹੋਈ ਹੈ।

ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਹੈ ਕਿ ਹੁਣ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਸਿੱਖ ਬਰਦਾਸ਼ਤ ਨਹੀਂ ਕਰ ਸਕਣਗੇ ਜਿਸ ਕਰ ਕੇ ਉਨ੍ਹਾਂ ਫ਼ੈਸਲਾ ਕੀਤਾ ਹੈ ਕਿ ਪਹਿਲਾਂ ਵਾਂਗ ਹੁਣ ਹੋਰ ਵੀ ਜ਼ਿਆਦਾ ਸਖ਼ਤੀ ਨਾਲ ਕਾਂਗਰਸੀਆਂ ਦਾ ਵਿਦੇਸ਼ਾਂ ਵਿਚ ਘਿਰਾਓ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਬਹੁਤ ਸਾਰੇ ਸਿੱਖ ਭਰਾਵਾਂ ਨੇ ਵਿਦੇਸ਼ਾਂ ਵਿਚ ਸਿੱਖੀ ਤੇ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੈ, ਪਰ ਉਲਟਾ ਅਮਰਿੰਦਰ ਸਿੰਘ ਸੌੜੀ ਸਿਆਸਤ ਕਰਦਾ ਹੋਇਆ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਕੋਈ ਵੀ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਮੰਤਰੀ, ਵਿਧਾਇਕ ਜਾਂ ਕੋਈ ਵੱਡਾ ਕਾਂਗਰਸੀ ਆਗੂ ਜੇਕਰ ਵਿਦੇਸ਼ਾਂ ਦੀ ਧਰਤੀ ’ਤੇ ਪੈਰ ਰੱਖਦਾ ਹੈ ਤਾਂ ਉਸ ਦਾ ਘਿਰਾਓ ਕਰ ਕੇ ਉਸ ਨੂੰ ਵਿਦੇਸ਼ਾਂ ਦੀ ਧਰਤੀ ਤੋਂ ਭਜਾਇਆ ਜਾਵੇਗਾ।

ਜਾਰੀ ਕਰਤਾ

ਹਿੰਮਤ ਸਿੰਘ, ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਯੂਐਸਏ

ਸਿੱਖ ਫੋਟੋ : ਸਿੱਖ ਕੋਆਰਡੀਨੇਸ਼ਨ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਵਿਚ ਪੁੱਜੇ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰ।