ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ : 2003 ਜਦੋਂ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਇਆ ਹੈ ਤਦ ਤੋਂ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਹਰ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਉਹੀ ਦੇਸੀ ਅਤੇ ਅੰਗਰੇਜ਼ੀ ਤਾਰੀਖ਼ਾਂ ਨੂੰ ਆਉਣਗੇ, ਜੋ ਇੱਕੋ ਵਾਰ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤੇ ਗਏ ਜਦਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ, ਜਿਸ ਨੂੰ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਨਾਂ ਦਿੱਤਾ ਹੈ, ਵਿੱਚ ਹਰ ਸਾਲ ਹੀ ਬਦਲਵੀਆਂ ਤਾਰੀਖਾਂ ਨੂੰ ਆਉਂਦੇ ਹਨ। ਇਸ ਕਾਰਨ ਆਮ ਸੰਗਤਾਂ ਨੂੰ ਨਿਸ਼ਚਿਤ ਕੀਤੇ ਦਿਹਾੜੇ ਬਿਲਕੁਲ ਪਤਾ ਨਹੀਂ ਲਗ ਸਕਦੇ ਕਿ ਇਹ ਕਿਸ ਤਰ੍ਹਾਂ ਨਿਸ਼ਚਿਤ ਕੀਤੇ ਗਏ ਹਨ। ਕਈ ਦਿਹਾੜਿਆਂ ਦੀਆਂ ਤਾਰੀਖ਼ਾਂ ਸੰਬੰਧੀ ਤਾਂ ਖ਼ੁਦ ਸ਼੍ਰੋਮਣੀ ਕਮੇਟੀ ਨੂੰ ਵੀ ਨਹੀਂ ਪਤਾ ਲਗਦਾ ਕਿ ਇਹ ਤਾਰੀਖ਼ ਉਨ੍ਹਾਂ ਨੇ ਕਿਸ ਹਿਸਾਬ ਨਾਲ ਨਿਸ਼ਚਿਤ ਕੀਤੀ ਹੈ। ਮਿਸਾਲ ਦੇ ਤੌਰ ’ਤੇ ਹੇਠਾਂ ਦਿੱਤੇ ਚਾਰਟ ’ਚ ਅੱਸੂ ਮਹੀਨੇ ਦੀ ਸੰਗਰਾਂਦ ਸੰਨ 2019 ’ਚ 17 ਸਤੰਬਰ, 2020 ਅਤੇ 2021 ’ਚ 16 ਸਤੰਬਰ ਨੂੰ ਹੈ ਅਤੇ 2022 ’ਚ ਫਿਰ 17 ਸਤੰਬਰ ਨੂੰ ਆਵੇਗੀ। ਜੇ ਸੰਨ 2019 ’ਚ ਗੁਰਗੱਦੀ ਗੁਰੂ ਅਰਜਨ ਸਾਹਿਬ ਜੀ ਅਤੇ ਜੋਤੀ-ਜੋਤ ਪੁਰਬ; ਗੁਰੂ ਰਾਮਦਾਸ ਜੀ ਦੋਵੇਂ ਇੱਕ ਹੀ ਪ੍ਰਵਿਸ਼ਟੇ 16 ਭਾਦੋਂ ਨੂੰ ਆਏ ਸਨ ਤਾਂ 2020 ’ਚ ਇੱਕ ਦਿਨ ਦੇ ਫ਼ਰਕ ਨਾਲ ਕਰਮਵਾਰ 5 ਭਾਦੋਂ ਅਤੇ 6 ਭਾਦੋਂ ਕਿਉਂ ?, ਸੰਨ 2021 ’ਚ ਇੱਕ ਦਿਨ ਦੇ ਫ਼ਰਕ ਨਾਲ 24 ਭਾਦੋਂ ਤੇ 25 ਭਾਦੋਂ ਕਿਉਂ ?, ਇਸ ਤਰ੍ਹਾਂ ਸੰਨ 2022 ’ਚ ਕੀ ਤਾਰੀਖ਼ ਹੋਵੇਗੀ, ਨਹੀਂ ਪਤਾ।
ਦੂਸਰਾ ਵੱਡਾ ਭੁਲੇਖਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰਾਂ ਵਿੱਚ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦਾ ਸੰਬੰਧਿਤ ਦਿਨ ਲਈ ਕੇਵਲ ਬਿਕ੍ਰਮੀ ਕੈਲੰਡਰ ਦਾ ਪ੍ਰਵਿਸ਼ਟਾ ਲਿਖਿਆ ਹੁੰਦਾ ਹੈ, ਜੋ ਕਿਸੇ ਵੀ ਇਤਿਹਾਸਕ ਪੁਸਤਕ ’ਚ ਦਰਜ ਪ੍ਰਵਿਸ਼ਟੇ ਨਾਲ ਮੇਲ ਨਹੀਂ ਖਾਂਦਾ ਅਤੇ ਜਿਸ ਤਿਥ ਮੁਤਾਬਕ ਉਹ ਪੁਰਬ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ, ਉਹ ਤਿਥ ਕੈਲੰਡਰ ਵਿੱਚ ਕਿਤੇ ਵੀ ਵਿਖਾਈ ਨਹੀਂ ਦਿੰਦੀ।
ਗੁਰੂ ਅਰਜਨ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਰਾਮਦਾਸ ਜੀ ਦਾ ਜੋਤੀ-ਜੋਤ ਪੁਰਬ ਇਤਿਹਾਸ ’ਚ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ (ਉਰਦੂ ਜੰਤਰੀ) ਅਤੇ ਗਿਆਨੀ ਸੋਹਨ ਸਿੰਘ ਸੀਤਲ ਆਦਿ ਸਾਰਿਆਂ ਨੇ ਹੀ ਭਾਦੋਂ ਸੁਦੀ 3, 2 ਅੱਸੂ ਬਿਕ੍ਰਮੀ ਸੰਮਤ 1638 ਮੁਤਾਬਕ 1 ਸਤੰਬਰ 1581 ਈ: ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਪੁਰਬ ਅਤੇ ਗੁਰੂ ਅਮਰਦਾਸ ਜੀ ਦਾ ਜੋਤੀ-ਜੋਤ ਪੁਰਬ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ, ਪ੍ਰੋ: ਸਾਹਿਬ ਸਿੰਘ*, ਡਾ: ਗੰਡਾ ਸਿੰਘ (ਉਰਦੂ ਜੰਤਰੀ)* ਅਤੇ ਗਿਆਨੀ ਸੋਹਨ ਸਿੰਘ ਸੀਤਲ; ਸਾਰਿਆਂ ਨੇ ਹੀ ਭਾਦੋਂ ਸੁਦੀ 15, 2 ਅੱਸੂ ਬਿਕ੍ਰਮੀ ਸੰਮਤ 1631 ਮੁਤਾਬਕ 1 ਸਤੰਬਰ 1574 ਈ: ਲਿਖਿਆ ਹੈ। (ਨੋਟ: *ਪ੍ਰੋ: ਸਾਹਿਬ ਸਿੰਘ ਅਤੇ *ਡਾ: ਗੰਡਾ ਸਿੰਘ ਦੀ ਭਾਦੋਂ ਸੁਦੀ 15 ਸੰਮਤ 1631 ਅਤੇ 1 ਸਤੰਬਰ 1574 ਤਾਂ ਮੇਲ ਖਾਂਦੀ ਹੈ, ਪਰ ਇਨ੍ਹਾਂ ਤਿਥਾਂ/ਤਾਰੀਖ਼ਾਂ ਨਾਲ ਮੇਲ ਖਾਂਦਾ ਪ੍ਰਵਿਸ਼ਟਾ ਕੰਨੂੰਪਿੱਲੇ ਦੀ ਜੰਤਰੀ ’ਚੋਂ ਵੇਖ ਕੇ 1 ਅੱਸੂ ਲਿਖ ਦਿੱਤਾ। ਇਹ ਜੰਤਰੀ ਤਾਮਿਲਨਾਡੂ ਵਿੱਚ ਪ੍ਰਚਲਿਤ ਨਿਯਮਾਂ ਆਧਾਰਿਤ ਹੈ, ਜੋ ਪੰਜਾਬ ’ਚ ਲਾਗੂ ਨਿਯਮਾਂ ਨਾਲੋਂ ਭਿੰਨ ਹੋਣ ਕਰਕੇ ਕੁਝ ਸੰਗਰਾਂਦਾਂ ਤਾਂ ਪੰਜਾਬ ਨਾਲ ਮੇਲ ਖਾਂਦੀਆਂ ਹਨ, ਪਰ ਕਈਆਂ ਵਿੱਚ ਇੱਕ ਦਿਨ ਦਾ ਫਰਕ ਪੈਂਦਾ ਹੈ। ਇਸ ਸੰਬੰਧੀ ਥੱਲੇ ਨੋਟ ਵੀ ਲਿਖਿਆ ਹੈ। ਇਨ੍ਹਾਂ ਵਿਦਵਾਨਾਂ ਦਾ ਇਸ ਨੋਟ ਵੱਲ ਧਿਆਨ ਨਹੀਂ ਗਿਆ, ਜਿਸ ਕਾਰਨ ਉਨ੍ਹਾਂ ਨੇ ਗਲਤੀ ਨਾਲ ਤਾਮਿਲਨਾਡੂ ਵਾਲਾ 1 ਅੱਸੂ ਹੀ ਲਿਖ ਦਿੱਤਾ ਜਦੋਂ ਕਿ ਪੰਜਾਬ ਦੇ ਨਿਯਮਾਂ ਨਾਲ ਇਹ 2 ਅੱਸੂ ਬਣਦਾ ਹੈ)
ਨਾਨਕਸ਼ਾਹੀ ਕੈਲੰਡਰ ’ਚ ਸਾਰੇ ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਦੀ ਚੋਣ ਕੀਤੀ ਗਈ ਹੈ; ਇਸ ਕਾਰਨ ਇਨ੍ਹਾਂ ਚਾਰੇ ਗੁਰ ਪਰਬਾਂ ਲਈ 2 ਅੱਸੂ ਨਿਸ਼ਚਿਤ ਕੀਤਾ ਗਿਆ ਹੈ, ਜੋ ਹਰ ਸਾਲ 16 ਸਤੰਬਰ ਨੂੰ ਆਉਣਗੇ। 1 ਸਤੰਬਰ ਤੋਂ 16 ਸਤੰਬਰ ਦਾ ਜੋ 15 ਦਿਨਾਂ ਦਾ ਫਰਕ ਹੈ, ਇਹ 1582 ’ਚ ਅੰਗਰੇਜ਼ੀ ਕੈਲੰਡਰ ਵਿੱਚ ਹੋਈ 10 ਦਿਨ ਦੀ ਸੋਧ ਅਤੇ ਬਾਕੀ ਦੀ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ 1964 ਤੱਕ ਲੱਗਭਗ 24 ਮਿੰਟ ਅਤੇ 1964 ਤੋਂ ਬਾਅਦ 20 ਮਿੰਟ ਵੱਧ ਹੋਣ ਕਾਰਨ ਹੈ। ਹੁਣ ਤੱਕ ਜੋ ਫ਼ਰਕ ਪੈ ਚੁੱਕਾ, ਸੋ ਪੈ ਗਿਆ, ਪਰ ਅੱਗੇ ਤੋਂ ਨਾਨਕਸ਼ਾਹੀ 2 ਅੱਸੂ ਹਮੇਸ਼ਾਂ ਲਈ 16 ਸਤੰਬਰ ਨੂੰ ਹੀ ਆਵੇਗੀ ਜਦੋਂ ਕਿ ਬਿਕ੍ਰਮੀ ਕੈਲੰਡਰ ਦੀ 2 ਅੱਸੂ ਜਿਹੜੀ 1581 ’ਚ 1 ਸਤੰਬਰ ਨੂੰ ਸੀ, ਹੁਣ ਉਹ 17/18 ਸਤੰਬਰ ਨੂੰ ਆ ਰਹੀ ਹੈ ਅਤੇ ਅਗਾਂਹ ਲਈ ਹੋਰ ਖਿਸਕਦੀ ਜਾਵੇਗੀ। ਡੇਰਾਵਾਦੀ ਸੋਚ ਵਾਲੇ ਹੁਣ ਤੱਕ ਰੌਲ਼ਾ ਪਾਉਂਦੇ ਆ ਰਹੇ ਹਨ ਕਿ ਪੁਰੇਵਾਲ ਨੇ ਚਾਰ ਚਾਰ ਗੁਰ ਪੁਰਬ ਇਕੱਠੇ ਕਰ ਦਿੱਤੇ ਜਦੋਂ ਕਿ ਪਹਿਲਾਂ ਇਹ ਕਦੀ ਨਹੀਂ ਆਏ। ਹੁਣ ਜੇ ਉਕਤ ਸਾਰੇ ਹੀ ਨਾਮਵਰ ਵਿਦਵਾਨਾਂ ਨੇ ਚਾਰੇ ਹੀ ਪੁਰਬਾਂ ਦਾ ਪ੍ਰਵਿਸ਼ਟਾ 2 ਅੱਸੂ ਲਿਖਿਆ ਹੈ ਤਾਂ 2 ਅੱਸੂ ਨਿਸ਼ਚਿਤ ਕਰਨ ਵਿੱਚ ਕੀ ਗਲਤ ਹੈ ?