ਅੱਜ ਬਲਾਤਕਾਰ ਕਿਸ ਦਾ ਹੋਇਆ ਹੈ ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
ਭਾਰਤ ਵਿੱਚ ਦਰਿੰਦਗੀ ਦਾ ਨੰਗਾ ਨਾਚ ਚੱਲ ਰਿਹਾ ਹੈ ! ਕੋਰੋਨਾ ਨੇ ਵਹਿਸ਼ੀਆਨਾ ਰੂਪ ਅਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿੱਚ ਭਾਰਤ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ। ਕਮਾਲ ਹੈ ਨਾ, ਇੱਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ ! ਹੈ ਕੋਈ ਭਾਰਤ ਦਾ ਸੂਬਾ ਜੋ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਇੱਥੋਂ ਦੀ ਹਰ ਨਾਬਾਲਗ ਧੀ ਸੁਰੱਖਿਅਤ ਹੈ ? ਜੇ ਕਿਸੇ ਸੂਬੇ ਵਿੱਚ ਕਿਸੇ ਕਿਸਮ ਦਾ ‘ਬੰਦ’; ਨਾਬਾਲਗ ਧੀਆਂ ਦਾ ਬਲਾਤਕਾਰ ਨਹੀਂ ਰੋਕ ਸਕਿਆ ਅਤੇ ਨਾ ਹੀ ਸਖ਼ਤ ਤੋਂ ਸਖ਼ਤ ਕਾਨੂੰਨ ਇਸ ਵਿੱਚ ਕਮੀ ਲਿਆ ਸਕੇ ਹਨ ਤਾਂ ਇਸ ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ; ਧੀਆਂ ਦੀ ਕਤਲਗਾਹ ਵਿੱਚ ਤਬਦੀਲ ਹੋ ਚੁੱਕਿਆ ਹੈ।
ਗੱਲ 14 ਸਤੰਬਰ 2020 ਦੀ ਹੈ। ਉੱਤਰ ਪ੍ਰਦੇਸ ਦੇ ਹਾਥਰਸ ਵਿੱਚ 19 ਸਾਲਾਂ ਦੀ ਧੀ ਆਪਣੇ ਭਰਾ ਅਤੇ ਮਾਂ ਨਾਲ ਖੇਤਾਂ ਵਿੱਚ ਚਾਰਾ ਵੱਢਣ ਗਈ। ਗ਼ਰੀਬੀ ਹੀ ਦਲਿਤ ਟੱਬਰ ਦੀ ਮਜਬੂਰੀ ਸੀ ਕਿ ਧੀ ਉੱਕਾ ਹੀ ਅਨਪੜ੍ਹ ਰੱਖੀ ਗਈ ਸੀ। ਦੀਨ ਦੁਨੀਆ ਦੇ ਰੰਗਾਂ ਤੋਂ ਬੇਖ਼ਬਰ ! ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਪੂਰੇ ਮੁਲਕ ਵਿੱਚ ਕੁੱਝ ਰੱਜੇ ਪੁੱਜੇ ਬੰਦੇ ਆਪਣੀਆਂ ਪੁਸ਼ਤਾਂ ‘ਰਿਜ਼ਰਵੇਸ਼ਨ’ ਦੇ ਆਧਾਰ ਉੱਤੇ ਸੁਰੱਖਿਅਤ ਕਰ ਚੁੱਕੇ ਹੋਏ ਹਨ ਜਿਸ ਦੇ ਫ਼ਾਇਦਿਆਂ ਦੀ ਕਨਸੋਅ ਵੀ ਇਨ੍ਹਾਂ ਤੱਕ ਨਹੀਂ ਪਹੁੰਚਦੀ। ਇਹ ਆਪਣੇ ਹੀ ਜਾਤ ਵਾਲੇ ਰੱਜੇ ਪੁੱਜਿਆਂ ਦੇ ਘਰ ਪੁਸ਼ਤ-ਦਰ-ਪੁਸ਼ਤ ਆਪਣੀ ਕਿਸਮਤ ਨੂੰ ਕੋਸਦੇ, ਭਾਣਾ ਮੰਨਦੇ ਕੋਹਲੂ ਦੇ ਬੈਲ ਵਾਂਗ ਜੁਟੇ ਜਨਮ ਤੋਂ ਮੌਤ ਤੱਕ ਦਾ ਸਫ਼ਰ ਪੂਰਾ ਕਰ ਜਾਂਦੇ ਹਨ ਅਤੇ ਕਹੇ ਜਾਂਦੇ ਹਨ ਨੀਵਿਆਂ ਤੋਂ ਅਤਿ ਨੀਵੇਂ !
ਸਿਆਸਤਦਾਨਾਂ ਵੱਲੋਂ ਮੰਨਿਆ ਜਾ ਚੁੱਕਿਆ ਹੈ ਕਿ ਉਸ ਦਾ ਜੁਰਮ ਸੰਗੀਨ ਸੀ। ਦਿਨ ਦਹਾੜੇ ਮਾਂ ਅਤੇ ਭਰਾ ਨਾਲ ਖੇਤਾਂ ਵਿੱਚ ਕੰਮ ਕਰਨ ਦਾ ਮਤਲਬ ਹੈ ਉਸ ਦਾ ‘ਪਬਲਿਕ ਪ੍ਰਾਪਰਟੀ’ ਬਣ ਜਾਣਾ।
ਭਰਾ ਰੱਤਾ ਕੁ ਚਾਰਾ ਵੱਢ ਕੇ ਵਾਪਸ ਘਰ ਵੱਲ ਮੁੜ ਪਿਆ। ਬਾਕੀ ਕੰਮ ਮਾਂ ਧੀ ਨੇ ਸਾਂਭ ਲਿਆ। ਚਾਰਾ ਵੱਢਦਿਆਂ ਮਾਂ ਤੇ ਧੀ ਉਸ ਖੇਤ ਦੇ ਵੱਖੋ-ਵੱਖ ਪਾਸੇ ਹੋ ਤੁਰੀਆਂ। ਮਨੀਸ਼ਾ ਨੂੰ ਇਸ ਮੁਲਕ ਦੇ ਚਾਰ ਬਹੁਤ ਹੀ ‘ਇੱਜ਼ਤਦਾਰ’ ਬਾਸ਼ਿੰਦਿਆਂ ਨੇ ਦਬੋਚਿਆ ਤੇ ਪਰ੍ਹਾਂ ਘੜੀਸ ਲਿਆ।
ਮਨੀਸ਼ਾ ਦੀ ਭਾਰੀ ਗ਼ਲਤੀ ਸੀ। ਪੁਲਿਸ ਵਾਲਿਆਂ ਦਾ ਟੀ.ਵੀ. ਉੱਤੇ ਬਿਆਨ ਸੀ ਕਿ ਪੂਰੀ ਗ਼ਲਤੀ ਮਨੀਸ਼ਾ ਤੇ ਉਸ ਦੇ ਮਾਪਿਆਂ ਦੀ ਸੀ ਜੋ ਖੇਤਾਂ ਵਿੱਚ ਕੰਮ ਕਰਨ ਖੁੱਲ੍ਹੀ ਛੱਡਿਆ ਹੋਇਆ ਸੀ। ਭਲਾ ਹੱਥ ਜੋੜ ਸਿਰ ਨੀਵਾਂ ਕਰ ਕੇ ਆਪੇ ਨਿਰਵਸਤਰ ਕਿਉਂ ਨਹੀਂ ਹੋਈ ? ਵਿਚਾਰੇ ਚਾਰਾਂ ਨੂੰ ਕਿੰਨਾ ਧੱਕਾ ਕਰਨਾ ਪਿਆ। ਦੋ ਨੇ ਲੀੜੇ ਪਾੜੇ !
ਤਿੰਨਾਂ ਨੇ ਸੰਘ ਪੂਰੀ ਤਰ੍ਹਾਂ ਘੁੱਟਿਆ ਸੀ ਪਰ ਮਨੀਸ਼ਾ ਮਾਂ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਨੋਂ ਹਟੀ ਹੀ ਨਹੀਂ। ਚੌਥੇ ਵਿਚਾਰੇ ਨੂੰ ਮਜਬੂਰੀ ਵਿੱਚ ਜੀਭ ਕੱਟਣੀ ਪਈ। ਜਦ ਫਿਰ ਵੀ ਪੂਰਾ ਜ਼ੋਰ ਲਾ ਕੇ ਛੁਡਾਉਣ ਦੀ ਕੋਸ਼ਿਸ਼ ਵਿੱਚ ਜੁਟੀ ਰਹੀ ਤਾਂ ਚਾਰਾਂ ਨੇ ਰਲ਼ ਕੇ ਉਸ ਦੀ ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਤੋੜ ਕੇ, ਫਿਰ ਹਵਸ ਪੂਰੀ ਕਰਨ ਲਈ ਸਮੂਹਕ ਬਲਾਤਕਾਰ ਕੀਤਾ।
ਜਦ ਮਾਂ ਘੰਟੇ ਬਾਅਦ ਮਨੀਸ਼ਾ ਨੂੰ ਲੱਭਦੀ ਲਭਾਉਂਦੀ ਖੇਤ ਦੇ ਇੱਕ ਪਾਸੇ ਆਈ ਤਾਂ ਉਸ ਦੀ ਇੱਕ ਚੱਪਲ ਵੇਖ ਘਬਰਾ ਗਈ ਤਾਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗੀ। ਆਵਾਜ਼ ਸੁਣਦੇ ਸਾਰ ਉਹ ਚਾਰੋਂ ਭੱਜ ਗਏ। ਦੂਜੀ ਚੱਪਲ ਕੁੱਝ ਦੂਰ ਪਈ ਵੇਖ ਮਾਂ ਉਸ ਪਾਸੇ ਧੀ ਨੂੰ ਲੱਭਣ ਤੁਰ ਗਈ। ਅੱਗੇ ਪਹੁੰਚੀ ਤਾਂ ਧੀ ਦਾ ਹਾਲ ਵੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ।
ਨਿਰਵਸਤਰ ਪਈ ਧੀ ਦੇ ਮੂੰਹ ਵਿੱਚੋਂ ਲਹੂ ਦੀਆਂ ਤਤ੍ਹੀਰੀਆਂ ਵੱਗ ਰਹੀਆਂ ਸਨ। ਗਰਦਨ ਪਿਛਾਂਹ ਡਿੱਗੀ ਪਈ ਸੀ। ਸਰੀਰ ਝਰੀਟਿਆ ਪਿਆ ਸੀ। ਬੱਚੇਦਾਨੀ ਦੇ ਮੂੰਹ ਰਾਹੀਂ ਦੂਰ ਤੱਕ ਖਿਲਰਿਆ ਲਹੂ ਦਿਸ ਰਿਹਾ ਸੀ। ਅੱਖਾਂ ਬਾਹਰ ਨੂੰ ਨਿਕਲੀਆਂ ਪਈਆਂ ਸਨ। ਲੱਤਾਂ ਚੌੜੀਆਂ ਜਿਵੇਂ ਹੱਡੀਆਂ ਤੋੜ ਦਿੱਤੀਆਂ ਹੋਣ। ਬੇਹੋਸ਼ ਪਈ ਧੀ ਦਾ ਹਾਲ ਵੇਖ ਮਾਂ ਥਾਏਂ ਹੀ ਡਿੱਗ ਪਈ। ਮਸਾਂ ਹਿੰਮਤ ਕਰ ਧੀ ਦੇ ਸਰੀਰ ਦੁਆਲੇ ਆਪਣੀ ਚੁੰਨੀ ਲਪੇਟ ਕੇ ਧੀ ਦਾ ਟੁੱਟਿਆ ਫੁੱਟਿਆ ਸਰੀਰ ਚੁੱਕਿਆ ਤੇ ਘਰ ਆ ਗਈ।
ਉਸ ਤੋਂ ਬਾਅਦ ਸੋਲ੍ਹਾਂ ਦਿਨ ਤੱਕ ਮਾਂ, ਪਿਓ ਤੇ ਭਰਾ ਸਿਰਫ਼ ਤਰਲੇ ਤੇ ਹਾੜੇ ਕੱਢਦੇ ਇੱਧਰੋਂ ਉੱਧਰ ਧੱਕੇ ਖਾਂਦੇ ਰਹੇ। ਹਸਪਤਾਲੋਂ ਸਿਰਫ਼ ਏਨਾ ਪਤਾ ਲੱਗਿਆ ਕਿ ਸਮੂਹਕ ਬਲਾਤਕਾਰ ਹੋਇਆ ਸੀ, ਤਿੰਨ ਥਾਵਾਂ ਤੋਂ ਰੀੜ੍ਹ ਦੀ ਹੱਡੀ ਤੋੜੀ ਗਈ ਸੀ, ਗਰਦਨ ਤੋਂ ਹੇਠਾਂ ਸਰੀਰ ਨੂੰ ਲਕਵਾ ਮਾਰ ਗਿਆ ਸੀ, ਜੀਭ ਅੱਧੀ ਕੱਟੀ ਹੋਈ ਸੀ ਤੇ ਧੀ ਸਿਰਫ਼ ਏਨਾ ਹੀ ਕਹੀ ਜਾ ਰਹੀ ਸੀ ਕਿ ਉਸ ਨਾਲ ਬਹੁਤ ਗ਼ਲਤ ਹੋਇਆ। ਬੱਚੇਦਾਨੀ ਦਾ ਰਾਹ ਪੂਰਾ ਜ਼ਖ਼ਮੀ ਸੀ। ਗਲਾ ਦਬਾਉਣ ਸਦਕਾ ਉਸ ਦੀ ਆਵਾਜ਼ ਬਹੁਤ ਹੌਲ਼ੀ ਨਿਕਲ ਰਹੀ ਸੀ। ਕਮਾਲ ਇਹ ਕਿ ਹਾਲੇ ਵੀ ਬਲਾਤਕਾਰ ਸਾਬਤ ਕਰਨ ਲਈ ਉੱਥੋਂ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਹੋਰ ਤੱਥਾਂ ਦੀ ਲੋੜ ਸੀ।
ਜਦੋਂ ਮੀਡੀਆ ਤੱਕ ਇਸ ਦੀ ਖ਼ਬਰ ਪਹੁੰਚੀ ਤਾਂ 22 ਸਤੰਬਰ ਨੂੰ ਬਿਆਨ ਦਰਜ ਕੀਤੇ ਗਏ। ਉਦੋਂ ਤੱਕ ਉਸ ਧੀ ਦੀ ਹਾਲਤ ਬਹੁਤ ਨਾਜ਼ਕ ਬਣ ਚੁੱਕੀ ਸੀ। ਬਿਆਨ ਦਰਜ ਕਰਦਿਆਂ ਮੈਡੀਕਲ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਸਿਰਫ਼ ਛੇੜਖ਼ਾਨੀ ਦਾ ਕੇਸ ਦਰਜ ਕੀਤਾ।
ਆਖ਼ਰ ਇੱਕ ਦਲਿਤ ਨੂੰ ਇਨਸਾਨ ਮੰਨਿਆ ਹੀ ਕਦੋਂ ਜਾਂਦਾ ਹੈ ਅਤੇ ਉਹ ਵੀ ਜੇ ਧੀ ਹੋਵੇ ਤਾਂ ਪੱਤ ਲੁੱਟਣ ਦਾ ਉੱਚੀ ਜਾਤ ਵਾਲਿਆਂ ਨੂੰ ਜੱਦੀ ਹੱਕ ਮਿਲਿਆ ਹੋਇਆ ਹੈ। ਇਸੇ ਲਈ ਸਹੀ ਮੰਨਿਆ ਗਿਆ ਕਿ ਉਸ ਨਾਲ ਜੋ ਹੋਇਆ ਰੱਬ ਦਾ ਭਾਣਾ ਮੰਨ ਕੇ ਸਹਿ ਜਾਵੇ। ਮੀਡੀਆ ਵਾਲੇ ਫਿਰ ਵੀ ਨਾ ਮੰਨੇ ਤਾਂ ਬਿਆਨਾਂ ਤੋਂ 5 ਦਿਨ ਬਾਅਦ ਬਲਾਤਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਹਸਪਤਾਲ ਦੇ ਡਾਕਟਰਾਂ ਨੇ ਹਾਲਤ ਵਿਗੜਦੀ ਵੇਖ ਕੇ ਪੁਲਿਸ ਕਰਮੀਆਂ ਨੂੰ ਦੱਸਿਆ ਕਿ ਹੁਣ ਮੌਤ ਨਿਸ਼ਚਿਤ ਹੈ ਤਾਂ ਧੱਕੋ ਜ਼ੋਰੀ ਪੁਲਿਸ ਅਧਮਰੀ ਮਨੀਸ਼ਾ ਨੂੰ ਚੁੱਕ ਕੇ ਵੱਡੇ ਹਸਪਤਾਲ ਲੈ ਗਏ ਤੇ ਉਨ੍ਹਾਂ ਨੇ ਮਾਪਿਆਂ ਨਾਲ ਗੁੰਡਿਆਂ ਦੀ ਦਰਿੰਦਗੀ ਨਾਲੋਂ ਵੀ ਭੈੜਾ ਹਾਲ ਕੀਤਾ। ਡਰਾ-ਧਮਕਾ ਕੇ ਬੇਰਹਿਮੀ ਨਾਲ ਮਾਪਿਆਂ ਨੂੰ ਪਰ੍ਹਾਂ ਧੱਕ ਕੇ ਧੀ ਨੂੰ ਅੰਦਰ ਮਰਨ ਤੱਕ ਪਾਈ ਰੱਖਿਆ। ਮਾਪਿਆਂ ਨੂੰ ਧਮਕੀਆਂ ਸਿਰਫ਼ ਪੁਲਿਸ ਵੱਲੋਂ ਹੀ ਨਹੀਂ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ।
ਮਾਪੇ ਤੇ ਭਰਾ ਦੜ੍ਹ ਵੱਟ ਕੇ ਬਹਿ ਗਏ ਕਿ ਚਲੋ ਆਪਣੇ ਕਲੇਜੇ ਦੇ ਟੁਕੜੇ ਨੂੰ ਕਿਸੇ ਤਰ੍ਹਾਂ ਇਨਸਾਫ਼ ਮਿਲ ਜਾਏ। ਰੱਬ ਵੀ ਗ਼ਰੀਬਾਂ ਦੀ ਕਿੱਥੇ ਸੁਣਦਾ ਹੈ ! ਉਸ ਨੇ ਤਾਂ ਗ਼ਰੀਬ ਦਲਿਤਾਂ ਲਈ ਏਸੇ ਧਰਤੀ ਉੱਤੇ ਨਰਕ ਬਣਾ ਕੇ ਭੇਜਿਆ ਹੈ। ਇਹੀ ਕਾਰਨ ਹੈ ਕਿ ਰੈਜ਼ਰਵੇਸ਼ਨ ਲਈ ਗਲ਼ਾ ਫਾੜ ਕੇ ਚੀਕਣ ਵਾਲੇ ਰੱਜੇ ਪੁੱਜਿਆਂ ਵਿੱਚੋਂ ਕੋਈ ਨਹੀਂ ਬਹੁੜਿਆ ਕਿਉਂਕਿ ਉਹ ਆਪਣੇ ਏ. ਸੀ. ਕਮਰਿਆਂ ਵਿੱਚ ਆਪਣੀ ਪੁਸ਼ਤ ਦਾ ਭਵਿੱਖ ਸੁਰੱਖਿਅਤ ਕਰਨ ਵਿੱਚ ਰੁੱਝੇ ਸਨ। ਉਨ੍ਹਾਂ ਨੇ ਇਨ੍ਹਾਂ ਤੋਂ ਕੀ ਲੈਣਾ ਹੈ ! ਫਿਰ ਉਹੀ ਹੋਇਆ ਜੋ ਹੋਣਾ ਸੀ। ਧੀ ਪੀੜ ਨਾ ਸਹਿੰਦੀ ਆਖ਼ਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਮਾਪੇ ਵਿਚਾਰੇ ਕਿਸਮਤ ਨੂੰ ਕੋਸਦੇ ਧੀ ਦੀ ਲਾਸ਼ ਲੈਣ ਲਈ ਹੱਥ ਅੱਡ ਕੇ ਖਲ੍ਹੋ ਗਏ, ਪਰ ਹਾਲੇ ਬਸ ਕਿੱਥੇ ਹੋਈ ਸੀ। ਪੁਲਿਸ ਕਰਮੀਆਂ ਅਤੇ ਪ੍ਰਸ਼ਾਸਨ ਨੇ ਭਰਾ ਤੇ ਪਿਓ ਨੂੰ ਠੁੱਡੇ ਮਾਰੇ, ਮਾਂ ਨੂੰ ਘੜੀਸਿਆ ਤੇ ਮਨੀਸ਼ਾ ਦੀ ਲਾਸ਼ ਨੂੰ ਲਪੇਟ ਕੇ ਗੱਡੀ ਵਿੱਚ ਸੁੱਟ ਲਿਆ। ਮਾਂ ਨੇ ਜ਼ਮੀਨ ਉੱਤੇ ਬਹਿ ਕੇ ਵੈਣ ਪਾਏ, ਝੋਲ਼ੀ ਅੱਡੀ, ਤਰਲੇ ਲਏ ਪਰ ਮਿਲੀਆਂ ਠੋਕਰਾਂ ਤੇ ਦੁਲੱਤੀਆਂ।
ਪੂਰਾ ਘੇਰਾ ਬਣਾ ਕੇ ਪੁਲਿਸ ਕਰਮੀਆਂ ਨੇ ਸਭ ਨੂੰ ਪਰ੍ਹਾਂ ਧੱਕ ਕੇ ਆਪੇ ਹੀ ਕੱਟੀ ਵੱਢੀ ਲਾਸ਼ ਦੇ ਟੋਟਿਆਂ ਨੂੰ ਲਪੇਟ ਕੇ ਲੱਕੜਾਂ ਉੱਤੇ ਸੁੱਟ ਕੇ ਅੱਗ ਲਾ ਦਿੱਤੀ। ਸਾਰੇ ਦੇ ਸਾਰੇ ਬਿਆਨ ਕੋਰੇ ਝੂਠੇ ਦੇ ਕੇ ਪ੍ਰਸ਼ਾਸਨ ਤੇ ਪੁਲਿਸ ਆਪੋ ਆਪਣੇ ਘਰਾਂ ਵਿੱਚ ਜਾ ਕੇ ਚੈਨ ਨਾਲ ਸੌਂ ਗਏ।
ਹਦ ਤਾਂ ਇਹ ਹੋ ਗਈ ਕਿ ਮੁੱਖ ਮੰਤਰੀ ਦੇ ਦਫ਼ਤਰੋਂ ਪਹੁੰਚਿਆ ਬਿਆਨ ਅਖ਼ਬਾਰਾਂ ਵਿੱਚ ਛਪਿਆ-‘‘ਸਾਡਾ ਕੰਮ ਗਾਵਾਂ ਨੂੰ ਬਚਾਉਣਾ ਹੈ, ਲੜਕੀਆਂ ਨੂੰ ਨਹੀਂ।’’ ਖ਼ਬਰ ਦੇ ਅਖ਼ੀਰ ਵਿੱਚ ਲਿਖਿਆ ਸੀ- ‘‘ਜਿੱਧਰ ਵੇਖੋ ਹਵਸ ਦੇ ਜੱਲਾਦ ਬੈਠੇ ਨੇ। ਸੰਭਾਲੋ ਧੀਆਂ ਨੂੰ, ਮੁਲਕ ਚਲਾਉਣ ਵਾਲੇ ਬੇਔਲਾਦ ਬੈਠੇ ਨੇ।’’
ਸਵਾਲ ਇਹ ਹੈ ਕਿ ਰਾਤ 2.45 ਵਜੇ ਜਿਨ੍ਹਾਂ ਟੋਟਿਆਂ ਨੂੰ ਲਪੇਟ ਕੇ ਪੁਲਿਸ ਕਰਮੀਆਂ ਵੱਲੋਂ ਅੱਗ ਲਾਈ ਗਈ, ਉਸ ਵਿੱਚ ਸੜ੍ਹਿਆ ਕੀ ਸੀ- ‘ਬੇਟੀ, ਜ਼ਮੀਰ, ਕਾਨੂੰਨ, ਸੰਵਿਧਾਨ, ਸੰਵੇਦਨਸ਼ੀਲਤਾ ਜਾਂ ਇਨਸਾਨੀਅਤ’ ?
ਹੁਣ ਤੱਕ ਵੀ ਮਾਪਿਆਂ ਤੇ ਭਰਾ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਖ਼ਬਰਾਂ ਤੇ ਚੈਨਲ ਤਾਂ ਚਾਰ ਦਿਨ ਰੌਲਾ ਪਾ ਕੇ ਚੁੱਪ ਹੋ ਜਾਣਗੇ। ਲੋਕ ਵੀ ਹਫ਼ਤੇ ਭਰ ’ਚ ਸਭ ਭੁੱਲ ਜਾਣਗੇ। ਫਿਰ ਵੇਖਣਾ ਅਸੀਂ ਕਿਵੇਂ ਤੁਹਾਨੂੰ ਵੀ ਦਫ਼ਨ ਕਰ ਦਿਆਂਗੇ।
ਗੱਲ ਬਿਲਕੁਲ ਸਾਫ਼ ਹੈ। ਖ਼ੌਫ਼ਨਾਕ ਹੈਵਾਨੀਅਤ ਜਾਰੀ ਹੈ। ਹਾਥਰਸ ਵਿਚਲਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾ ਦਲਿਤ ਵਿਦਿਆਰਥਣ ਨੂੰ ਨਸ਼ੇ ਦਾ ਟੀਕਾ ਲਾ ਕੇ ਦੋ ਮੁਲਜ਼ਮਾਂ ਸਾਹਿਲ ਅਤੇ ਸ਼ਾਹਿਦ ਨੇ ਏਨੇ ਭਿਆਨਕ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਕਿ ਉਸ ਦੀ ਉਸੇ ਦਿਨ ਲਹੂ ਵਹਿ ਜਾਣ ਕਾਰਨ ਮੌਤ ਹੋ ਗਈ। ਹੁਣ ਦੱਸੋ ਭਲਾ ਧੀ ਦਾ ਕਸੂਰ ਕਿੰਨਾ ਕੁ ਮੰਨਿਆ ਜਾਣਾ ਚਾਹੀਦਾ ਹੈ ? ਮੰਗਲਵਾਰ ਸਵੇਰੇ 10 ਵਜੇ ਘਰੋਂ ਸਾਈਕਲ ਉੱਤੇ ਕਾਲਜ ਵਿੱਚ ਸਿਰਫ਼ ਫੀਸ ਜਮ੍ਹਾਂ ਕਰਵਾਉਣ ਗਈ ਸੀ।
ਉੱਤਰ ਪ੍ਰਦੇਸ ਦੇ ਪੁੱਤਰਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਨਵੇਂ ਦਿਸਹੱਦੇ ਤੈਅ ਕਰ ਦਿੱਤੇ ਹਨ। ਉਸੇ ਦਿਨ ਭਦੋਹੀ ਵਿੱਚ ਨਾਬਾਲਗ 14 ਸਾਲਾ ਦਲਿਤ ਬੱਚੀ ਦੁਪਿਹਰੇ 11 ਵਜੇ ਖੇਤ ਵਿੱਚ ਮਲ ਮੂਤਰ ਕਰਨ ਗਈ। ਉੱਥੇ ਹੀ ਉਸ ਦਾ ਸਿਰ ਫੇਹ ਕੇ, ਮਾਰਨ ਬਾਅਦ ਲਾਸ਼ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।
ਹੁਣ ਦੱਸੋ ਹੈ ਕਿਸੇ ਮੁਲਕ ’ਚ ਹਿੰਮਤ ਜੋ ਭਾਰਤੀ ਬਲਾਤਕਾਰੀਆਂ ਦਾ ਰਿਕਾਰਡ ਤੋੜ ਸਕੇ ? ਮੁੱਢ ਕਦੀਮ ਤੋਂ ਔਰਤਾਂ ਦ੍ਰੋਪਤੀ ਵਾਂਗ ਨਿਰਵਸਤਰ ਕੀਤੀਆਂ ਜਾਂਦੀਆਂ ਰਹੀਆਂ ਤੇ ਬੇਪੱਤ ਵੀ ਹੁੰਦੀਆਂ ਰਹੀਆਂ ਪਰ ਭਗਵਾਨ ਕ੍ਰਿਸ਼ਨ ਕਦੇ ਕਿਸੇ ਰੂਪ ਵਿੱਚ ਬਹੁੜਿਆ ਨਹੀਂ ਦਿਸਿਆ !
ਇਸ ਗੱਲ ਵਿੱਚ ਪਕਿਆਈ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਹੁਣ ਧਾਰਮਿਕ ਥਾਵਾਂ ਦੇ ਅੰਦਰ ਵੀ ਨਾਬਾਲਗਾਂ ਦਾ ਸਮੂਹਕ ਬਲਾਤਕਾਰ ਕਰਨ ਬਾਅਦ ਮਾਰਿਆ ਜਾਣ ਲੱਗ ਪਿਆ ਹੈ। ਨਾ ਕਦੇ ਨਿਆਂ ਦਵਾਉਣ ਤੇ ਨਾ ਹੀ ਕਦੇ ਕੋਈ ਜ਼ਮੀਰ ਜਗਾਉਣ ਬਹੁੜਿਆ ਹੈ !
ਭਾਰਤ ਵਿੱਚ ਹੁਣ ਕਾਤਲਾਂ ਤੇ ਬਲਾਤਕਾਰੀਆਂ ਨੂੰ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੋਈ ਹੈ। ਉੱਚ ਅਦਾਲਤ ਦੇ ਇੱਕ ਜੱਜ ਵਿਰੁੱਧ ਉਸੇ ਅਧੀਨ ਕੰਮ ਕਰਦੀ ਬੱਚੀ ਜਦੋਂ ਭੱਦੀ ਛੇੜਛਾੜ ਦਾ ਇਲਜ਼ਾਮ ਲਾਉਂਦੀ ਹੈ ਤਾਂ ਇਸ ਮੁਲਕ ਦਾ ਨਿਆਂ ਉਸੇ ਜੱਜ ਅੱਗੇ ਕੇਸ ਦੀ ਸੁਣਵਾਈ ਕਰਵਾਉਂਦਾ ਹੈ ਤੇ ਉਸੇ ਬੇਟੀ ਨੂੰ ਗੁਣਾਹਗਾਰ ਮੰਨ ਲੈਂਦਾ ਹੈ ਕਿਉਂਕਿ ਜੱਜ ਕੇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੰਦਾ ਹੈ।
ਖ਼ਬਰਾਂ ਅਨੁਸਾਰ ਦੇਹ ਵਪਾਰ ਦੇ ਅੱਡੇ ਹੀ ਪੰਜਾਬ ਅੰਦਰ ਮੰਤਰੀਆਂ ਦੇ ਪੁੱਤਰ ਚਲਾਉਂਦੇ ਹਨ ਤੇ ਅਸੈਂਬਲੀਆਂ ਅੰਦਰ ਬੈਠੇ ਸਾਡੇ ਚੁਣੇ ਨੁਮਾਇੰਦੇ ਪੌਰਨ ਫਿਲਮਾਂ ਵੇਖ ਕੇ ਸਮਾਂ ਬਿਤਾਉਂਦੇ ਹਨ। ਆਖ਼ਰ ਕਿਸ ਕੋਲ਼ੋਂ ਨਿਆਂ ਦੀ ਉਮੀਦ ਰੱਖੀਏ ? ਉਸ ਸਮਾਜ ਤੋਂ, ਜੋ ਹਾਲੇ ਤੱਕ ਔਰਤ ਨੂੰ ਪੈਰ ਦੀ ਜੁੱਤੀ ਮੰਨਦਾ ਆ ਰਿਹਾ ਹੈ ? ਜਿੱਥੇ ਮੌਤ ਤੋਂ ਬਾਅਦ ਵੀ ਕੂੜੇ ਦੇ ਢੇਰ ਵਾਂਗ ਗ਼ਰੀਬ ਦਲਿਤ ਬੱਚੀ ਦਾ ਟੋਟੇ-ਟੋਟੇ ਹੋਇਆ ਜਿਸਮ ਫੂਕ ਦਿੱਤਾ ਜਾਂਦਾ ਹੈ ? ਜਿੱਥੇ ਮੋਇਆਂ ਬਾਅਦ ਵੀ ਮਾਂ ਦੀ ਹਿੱਕ ਨਾਲ ਲੱਗ ਕੇ ਦਿਲ ਅੰਦਰਲੀ ਦੱਬੀ ਅੱਗ ਨੂੰ ਠੰਡੀ ਕਰਨ ਦਾ ਹੱਕ ਬਾਲੜੀ ਨੂੰ ਨਹੀਂ ਦਿੱਤਾ ਜਾਂਦਾ ?
ਭਾਰਤ ਵਿਚਲੇ ਨਰਕ ਨੂੰ ਬਣਾਉਣ ਵਾਲੇ ‘ਉੱਚ ਜਾਤੀਏ’ ਕੀ ਇਹ ਦੱਸਣਗੇ ਕਿ ਦਲਿਤ ਨਾਬਾਲਗ ਬੱਚੀਆਂ ਨਾਲ ਇਹ ਘਿਨਾਉਣੇ ਜੁਰਮ ਕਰਨ ਵਾਲਿਆਂ ਦੇ ਸਿਰ ਉੱਤੇ ਕਿਹੜੇ ਤਾਜ ਸਜਾਉਣਗੇ ? ਇਹ ‘ਉੱਚ-ਜਾਤੀਏ’ ਬਘਿਆੜ ਕਦੋਂ ਤੱਕ ਆਪਣੀ ਪਿਆਸ ਇਸ ਤਰ੍ਹਾਂ ਦੀ ਲਹੂ ਦੀ ਹੋਲੀ ਨਾਲ ਮਿਟਾਉਂਦੇ ਰਹਿਣਗੇ ?
ਕਾਨੂੰਨ ਹੀ ਕਮਾਲ ਦਾ ਹੈ ਕਿ ਹਾਲੇ ਵੀ ਬਾਲੜੀਆਂ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ-ਹਵਸ ਮਿਟਾਉਣ ਵਿੱਚ ਬਾਲੜੀਆਂ ਵੱਲੋਂ ਰੁਕਾਵਟ ਪਾਉਣ ਲਈ ! ਕਿਉਂ ਚੁੱਪ ਚੁਪੀਤੇ ਪੱਤ ਨਹੀਂ ਲੁਹਾਈ ? ਆਖ਼ਰ ਕਿਵੇਂ ਸਿਰ ਫੇਹ ਕੇ, ਲੱਤਾਂ ਪਾੜ ਕੇ, ਰੀੜ੍ਹ ਦੀ ਹੱਡੀ ਤੋੜ ਕੇ, ਜੀਭ ਕੱਟ ਕੇ, ਚਾਕੂ ਨਾਲ ਚੀਰ ਕੇ, ਸੋਟੀਆਂ ਤੁੰਨ ਕੇ, ਸਮੂਹਕ ਬਲਾਤਕਾਰ ਕਰ ਕੇ, ਲਹੂ ਵਹਿੰਦੀ ਦੇ ਮੂੰਹ ਅੰਦਰ ਤੇਜ਼ਾਬ ਪਾ ਕੇ ਤੇ ਅਧਸੜੀ ਲਾਸ਼ ਕੁੱਤਿਆਂ ਲਈ ਚੂੰਡਣ ਨੂੰ ਛੱਡ ਕੇ ਜਾਣ ਨੂੰ ਭਾਰਤ ਦਾ ਸੰਵਿਧਾਨ ਚੁੱਪ ਚੁਪੀਤੇ ਸਹਿਣ ਕਰਦਾ ਹੈ ਤੇ ਹੈਵਾਨਾਂ ਨੂੰ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ? ਇਨ੍ਹਾਂ ਹੈਵਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ ਵਾਲੇ ਬਘਿਆੜਾਂ ਨਾਲ ਅਜਿਹਾ ਹਸ਼ਰ ਕਿਉਂ ਨਹੀਂ ਕੀਤਾ ਜਾਂਦਾ ?
ਲੋਕਤੰਤਰ ਦਾ ਚੌਥਾ ਥੰਮ ਕਹਾਉਣ ਵਾਲਾ ਮੀਡੀਆ ਕਿਹੜੇ ਰੰਗ ਵਿੱਚ ਰੰਗ ਗਿਆ ? ਕਿਉਂ ਸਿੱਕਿਆਂ ਦੇ ਛਣਕਾਟੇ ਵਿੱਚ ਕੰਨ ਬੰਦ
ਕਰ ਗਿਆ ? ਕਿੰਜ ਚੀਕਾਂ ਸੁਣੀਆਂ ਉਸ ਨੂੰ ਕੇਰਲ ਦੀ ਹਥਨੀ ਦੀਆਂ ? ਸੁਸ਼ਾਂਤ ਦੀ ਮੌਤ ਦੀ ਚੁੱਪ ਦਾ ਸ਼ੋਰ ਕਿੰਝ ਗਗਨ ਚੁੰਬੀ ਬਣ ਗਿਆ ? ਕਿਉਂ ਕੰਗਨਾ ਦੇ ਦਫ਼ਤਰ ਪਿੱਛੇ ਤੇ ਦੀਪਿਕਾ ਦੇ ਸੂਟੇ ਹੇਠ ਨਾਬਾਲਗਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ ? ਸਿਆਸਤਦਾਨਾਂ ਦੇ ਕਿਸਾਨਾਂ ਲਈ ਵਹਾਏ ਮਗਰਮੱਛ ਦੇ ਹੰਝੂ ਅਤੇ ਦੋ ਕਰੋੜ ਦੀਆਂ ਕਾਰਾਂ ਵਿੱਚੋਂ ਮੀਡੀਆ ਨੂੰ ਹੱਥ ਹਿਲਾਉਣਾ ਹੀ ‘ਨੈਸ਼ਨਲ ਮੁੱਦਾ’ ਕਿਉਂ ਬਣ ਗਿਆ ? ਨਿਰਭਯਾ ਦੀ ਹੂਕ, ਮਨੀਸ਼ਾ ਦੀ ਕੂਕ ਤੇ ਅਣਗਿਣਤ ਹੋਰ ਬਾਲੜੀਆਂ ਦੇ ਸਿਵਿਆਂ ਵਿੱਚੋਂ ਨਿਕਲ ਰਹੀਆਂ ਚੁੱਪ ਦੀਆਂ ਚੀਕਾਂ ਵੇਲੇ ਚੌਥਾ ਥੰਮ ਮੂੰਹ ਉੱਤੇ ਪੱਟੀ ਕਿਉਂ ਬੰਨ੍ਹ ਕੇ ਬਹਿ ਗਿਆ ?
ਕਿਉਂ ਗਾਵਾਂ ਦੇ ਰਾਖੇ ਅਖਵਾਉਣ ਵਾਲਿਆਂ ਅੱਗੇ ਧਰਮ ਗੋਡੇ ਟੇਕ ਬਹਿ ਗਿਆ ? ਕਿਉਂ ਧੀਆਂ ਲਈ ਨਰਕ ਭੋਗਣ ਦਾ ਹੁਕਮ ਜਾਰੀ ਹੋ ਗਿਆ ? ਕੀ ਇਹ ਮਾਂ ਦੇ ਢਿੱਡੋਂ ਜੰਮੇ ਹਨ ? ਮਾਂ ਦੇ ਦੁੱਧ ਦਾ ਕਰਜ਼ ਲਾਹ ਰਹੇ ਹਨ ? ਹਰਾਮ ਦੇ ਅਖਵਾਏ ਗਏ ਤਾਂ ਵੀ ਗਾਲ੍ਹ ਮਾਂ ਨੂੰ ਹੀ ਕੱਢੀ ਜਾਵੇਗੀ ! ਰਾਖ਼ਸ਼ ਪਿਓ ਵੱਲੋਂ ਆਏ ਜੀਨ ਦੀ ਧੂਅ ਵੀ ਨਹੀਂ ਕੱਢੀ ਜਾਵੇਗੀ ! ਵੱਢੀ ਜੀਭ, ਤੋੜੀ ਧੌਣ ਭੰਨ ਦਿੱਤੀ ਰੀੜ੍ਹ ਦੀ ਹੱਡੀ ! ਕਿਸ ਦੀ ? ਮਨੀਸ਼ਾ ਦੀ ? ਨਹੀਂ ! ਲੋਕਤੰਤਰ ਦੀ, ਕਾਨੂੰਨ ਦੀ, ਨਿਆਂ ਦੀ, ਸੰਵਿਧਾਨ ਦੀ ਤੇ ਇਨਸਾਨੀਅਤ ਦੀ !, ਇਨ੍ਹਾਂ ਸਭ ਦਾ ਅੱਜ ਸਮੂਹਕ ਬਲਾਤਕਾਰ ਹੋਇਆ ਹੈ।
ਰਾਹਤ ਇੰਦੌਰੀ ਵੀ ਕਹਿੰਦਾ ਹੈ :-
ਲਸ਼ਕਰ ਭੀ ਤੁਮ੍ਹਾਰਾ ਹੈ, ਸਰਦਾਰ ਤੁਮ੍ਹਾਰਾ ਹੈ। ਤੁਮ ਝੂਠ ਕੋ ਸੱਚ ਲਿਖ ਦੋ, ਅਖ਼ਬਾਰ ਤੁਮ੍ਹਾਰਾ ਹੈ।
ਇਸ ਦੌਰ ਕੇ ਫ਼ਰਿਆਦੀ, ਜਾਏਂ ਤੋਂ ਜਾਏਂ ਕਹਾਂ। ਸਰਕਾਰ ਭੀ ਤੁਮ੍ਹਾਰੀ, ਦਰਬਾਰ ਭੀ ਤੁਮ੍ਹਾਰਾ ਹੈ।