ਸੰਗਰਾਂਦ ਤੋਂ ਕੀ ਭਾਵ ਹੈ ਤੇ ਸਿੱਖ ਧਰਮ ਵਿੱਚ ਇਸ ਦਾ ਕੀ ਮਹੱਤਵ ਹੈ ?
ਅਵਤਾਰ ਸਿੰਘ ਮਿਸ਼ਨਰੀ
ਉੱਤਰ: ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤਿ ਸ਼ਬਦ ਦਾ ਪੰਜਾਬੀ ਰੂਪ ਹੈ । ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ ਨਵੀਂ ਰਾਸ਼ਿ ਪੁਰ ਸੰਕ੍ਰਮਣ (ਸੂਰਜ ਦਾ ਇੱਕ ਰਾਸ਼ਿ ਤੋਂ ਦੂਜੀ ’ਤੇ ਪਹੁੰਚਣਾ) ਕਰੇ; ਸੂਰਜ ਮਹੀਨੇ ਦਾ ਪਹਿਲਾ ਦਿਨ (ਮਹਾਨ ਕੋਸ਼) । ਜੇਹੜੇ ਲੋਕ ਸੂਰਜ ਦੀ ਪੂਜਾ ਕਰਦੇ ਹਨ, ਉਹ ਇਸ ਦਿਨ ਨੂੰ ਬੜਾ ਪਵਿੱਤ੍ਰ ਦਿਨ ਸਮਝਦੇ ਹਨ । ਇਸ ਦੀ ਪੂਜਾ ਆਦਿ ਕਰ ਕੇ ਪ੍ਰਾਰਥਨਾ ਕਰਦੇ ਹਨ ਕਿ ਹੇ ਸੂਰਜ ਦੇਵਤਾ ! ਸਾਡਾ ਇਹ ਮਹੀਨਾ ਸੁਖੀਂ ਸਾਂਦੀ ਲੰਘਾਵੀਂ ।
ਗੁਰੂ ਗਰੰਥ ਸਾਹਿਬ ਵਿੱਚ ਸੰਗ੍ਰਾਂਦ ਸ਼ਬਦ ਭਾਂਵੇ ਕਿਧਰੇ ਨਹੀਂ ਆਇਆ ਪਰ ਫਿਰ ਵੀ ਇਸ ਦਿਹਾੜੇ ਦੇ ਸਬੰਧ ਵਿੱਚ ਗੁਰਮਤਿ ਦੀ ਸੋਝੀ ਨਾ ਹੋਣ ਕਾਰਨ ਸਾਡੇ ਵਿੱਚ ਵੀ ਕਈ ਤਰ੍ਹਾਂ ਦੇ ਵਹਿਮ ਭਰਮ ਪ੍ਰਚਲਿਤ ਹਨ, ਜਿਵੇਂ ਕਿ ਮਹੀਨੇ ਦਾ ਨਾਮ ਇਸਤ੍ਰੀ ਦੇ ਮੁਹੋਂ ਨਹੀਂ ਸੁਣਨਾ ਚਾਹੀਦਾ, ਕਿਸੇ ਸਿਆਣੇ (ਪੁਰਸ਼) ਦੇ ਮੁੰਹੋਂ ਸੁਣਨਾ ਚਾਹੀਦਾ ਹੈ, ਆਦਿ ।
ਸਿੱਖ ਧਰਮ ਵਿੱਚ ਪੂਜਾ ਅਕਾਲ ਕੀ, ਦਾ ਸਿਧਾਂਤ ਹੈ, ਪਰ ਗੁਰੂ ਕਾਲ ਤੋਂ ਬਾਅਦ ਛੇਤੀ ਹੀ ਸਿੱਖਾਂ ਵਿੱਚ ਵੀ ਕਰਮਕਾਂਡਾਂ ਦਾ ਬੋਲ ਬਾਲਾ ਸ਼ੁਰੂ ਹੋ ਗਿਆ । ਚੂੰਕਿ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਭਾਰੀ ਸੰਘਰਸ਼ ਕਰਨਾ ਪਿਆ, ਜਿਸ ਕਾਰਨ ਪ੍ਰਚਾਰ ਵੱਲ ਇਤਨਾ ਧਿਆਨ ਨਾ ਦੇ ਸਕਿਆ । ਜਦ ਮਿਸਲਾਂ ਦਾ ਸਮਾਂ ਆਇਆ ਤਾਂ ਉਸ ਸਮੇਂ ਵੀ ਸਿੱਖ ਸਰਦਾਰਾਂ ਨੇ ਆਪਣੇ ਰਾਜ ਭਾਗ ਦੀਆਂ ਹੱਦਾਂ ਵਧਾਉਣ ਲਈ ਯਤਨ ਜ਼ਰੂਰ ਕੀਤਾ, ਪਰੰਤੂ ਸਿੱਖੀ ਦੇ ਪਰਚਾਰ ਵੱਲ ਧਿਆਨ ਨਾ ਦਿੱਤਾ ਗਿਆ । ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਸਮੇਂ ਮਹਾਰਾਜੇ ਨੇ ਜਾਗੀਰਾਂ ਤਾਂ ਗੁਰਦੁਆਰਿਆਂ ਨਾਲ ਬਹੁਤ ਲਗਵਾਈਆਂ ਪਰ ਪਰਚਾਰ ਦੇ ਖੇਤਰ ਵਿੱਚ ਕੋਈ ਉਸਾਰੂ ਕੰਮ ਨਹੀਂ ਹੋਇਆ । ਧਾਰਮਿਕ ਰਹੁ ਰੀਤਾਂ `ਚੋਂ ਗੁਰਮਤਿ ਦੀ ਖ਼ੁਸ਼ਬੋ ਦੀ ਥਾਂ ਕਰਮਕਾਂਡ ਦੀ ਸੜਾਂਦ ਪਹਿਲਾਂ ਵਾਂਗ ਹੀ ਬਰਕਰਾਰ ਰਹੀ । ਸਿੱਟੇ ਵਜੋਂ ਸਿੱਖਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦਿਨ ਪ੍ਰਤੀ ਦਿਨ ਵਧਦਾ ਹੀ ਚਲਾ ਗਿਆ । ਗੁਰਦੁਆਰੇ ਕੇਵਲ ਕਹਿਣ ਨੂੰ ਗੁਰਦੁਆਰੇ ਸਨ, ਪਰ ਸਹੀ ਅਰਥਾਂ ਵਿੱਚ ਕਰਮਕਾਂਡ ਦਾ ਕੇਂਦਰ ਬਣ ਚੁਕੇ ਸਨ । ਖ਼ਾਲਸਾ ਪੰਥ ਵਹਿਮਾਂ ਭਰਮਾਂ ਦੀ ਦਲਦਲ ਵਿੱਚ ਕਿੱਥੋਂ ਤੱਕ ਫਸ ਚੁਕਾ ਸੀ, ਇਸ ਦੀ ਇੱਕ ਉਦਾਹਰਣ ਦਿੱਤੀ ਜਾ ਰਹੀ ਹੈ । ਅਕਤੂਬਰ 1856 ਨੂੰ ਦਰਬਾਰ ਸਾਹਿਬ ਦੇ ਮੁੱਖ ਗਰੰਥੀ ਭਾਈ ਜੱਸਾ ਸਿੰਘ ਹੁਰਾਂ ਦਾ ਦੇਹਾਂਤ ਮੰਜੀ ਉਤੇ ਹੋ ਜਾਣ ਕਾਰਨ ਪੁਜਾਰੀਆਂ ਨੇ ਭਾਈ ਸਾਹਿਬ ਬਾਰੇ ਇਹ ਗੱਲ ਧੁੰਮਾ ਦਿੱਤੀ ਕਿ ਉਹ ਬੇ ਗਤੇ ਮਰੇ ਹਨ । ਹਰਿਦੁਆਰ ਜਾ ਕੇ ਉਹਨਾਂ ਦੀ ਗਤੀ ਕਰਾਉਣ ਦੀਆਂ ਸਲਾਹਾਂ ਦਿੱਤੀਆਂ ਜਾਣ ਲੱਗ ਪਈਆਂ । ਬਾਬਾ ਦਰਬਾਰਾ ਸਿੰਘ ਜੀ ਨੇ ਬਾਬਾ ਬਿਕਰਮ ਸਿੰਘ (ਬੇਦੀ), ਜੋ ਅਕਾਲ ਤਖ਼ਤ ਦੇ ਪੁਜਾਰੀ ਸਨ ਅਤੇ ਹੋਰ ਅਜੇਹੀ ਸੋਚ ਰੱਖਣ ਵਾਲਿਆ ਨੂੰ ਸਮਝਾਇਆ ਕਿ ਜੇਕਰ ਗੁਰੂ ਗਰੰਥ ਸਾਹਿਬ ਦੀ ਸੇਵਾ ਸੰਭਾਲ, ਸਿੱਖੀ ਦਾ ਨਿਤਨੇਮ, ਰਹਿਣੀ ਆਦਿ ਕਰਮ ਉਹਨਾਂ ਦੀ ਗਤੀ ਨਹੀਂ ਕਰਾ ਸਕਦੇ ਤਾਂ ਕੀ ਬ੍ਰਾਹਮਣਾਂ ਦਾ ਕਰਮਕਾਂਡ ਵਧੇਰੇ ਮਹੱਤਤਾ ਰੱਖਦਾ ਹੈ ਜਿਹੜਾ ਭਾਈ ਸਾਹਿਬ ਦੀ ਗਤੀ ਕਰਾ ਦੇਵੇਗਾ ? ਬਾਬਾ ਬਿਕਰਮ ਸਿੰਘ ਹੁਰਾਂ ਦਾ ਉੱਤਰ ਸੀ ਕਿ ਬਰਾਦਰੀ ਤੇ ਜਨਤਾ ਨਾਲ ਮੇਲ ਮਿਲਾਪ ਕਾਇਮ ਰੱਖਣ ਲਈ ਲੋਕਾਚਾਰੀ ਨੂੰ ਨਿਭਾਉਣਾ ਅੱਵਸ਼ਕ ਹੈ । ਪਾਠਕ ਜਨ ਆਪ ਹੀ ਅੰਦਾਜ਼ਾ ਲਗਾ ਲੈਣ ਕਿ ਸਾਡੇ ਧਾਰਮਿਕ ਆਗੂ ਗੁਰਮਤਿ ਦੇ ਕਿੰਨੇ ਕੁ ਗਿਆਤਾ ਸਨ ਅਤੇ ਕਿਹੋ ਜੇਹਾ ਇਹਨਾਂ ਗੁਰਧਾਮਾਂ `ਤੇ ਗੁਰਮਤਿ ਦਾ ਪ੍ਰਚਾਰ ਕਰ ਰਹੇ ਸਨ । (ਨੋਟ: ਅੱਜ ਦੇ ਧਾਰਮਿਕ ਆਗੂਆਂ ਦੀ ਹਾਲਤ ਕਈ ਪੱਖਾਂ ਤੋਂ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ ਹੈ ।) ਅਜੇਹੀ ਸਥਿੱਤੀ ਵਿੱਚ ਆਮ ਸੰਗਤਾਂ ਤੋਂ ਗੁਰਮਤਿ ਸਿਧਾਂਤਾਂ ਦੀ ਸੋਝੀ ਦੀ ਕੀ ਆਸ ਰੱਖੀ ਜਾ ਸਕਦੀ ਸੀ ? ਕੁੱਝ ਸੁਧਾਰਕ ਲਹਿਰਾਂ ਚੱਲੀਆਂ ਜਿਹਨਾਂ ਨੇ ਆਪੋ ਆਪਣੀ ਵਿਤ ਅਨੁਸਾਰ ਗੁਰਮਤਿ ਪ੍ਰਚਾਰ ਦੇ ਖੇਤਰ ਵਿੱਚ ਚੰਗਾ ਯੋਗਦਾਨ ਪਾਇਆ । ਇਹਨਾਂ ਵਿੱਚ ਨਿਰੰਕਾਰੀ ਲਹਿਰ, ਸਿੰਘ ਸਭਾ ਲਹਿਰ ਆਦਿ ਦੇ ਨਾਮ ਵਿਸ਼ੇਸ਼ ਤੌਰ `ਤੇ ਵਰਣਨ ਯੋਗ ਹਨ । ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ `ਚ ਆਉਣ ਨਾਲ ਭਾਵੇਂ ਗੁਰਦੁਆਰਿਆਂ ਵਿੱਚ ਕੁੱਝ ਕੁ ਸੁਧਾਰ ਜ਼ਰੂਰ ਹੋਇਆ ਪਰ ਜਿਤਨਾ ਹੋਣਾ ਚਾਹੀਦਾ ਸੀ ਉਤਨਾ ਨਾ ਹੋ ਸਕਿਆ । ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਗੁਰਦੁਆਰਿਆਂ ਦੀ ਹਾਲਤ ਸੁਧਰਨ ਦੀ ਥਾਂ ਵਿਗੜਦੀ ਚਲੀ ਗਈ ਅਤੇ ਦਿਨ ਪ੍ਰਤੀ ਦਿਨ ਹੋਰ ਵਿਗੜਦੀ ਹੀ ਜਾ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਦੁਆਰਿਆਂ ਦੀਆਂ ਇਮਾਰਤਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਬਣ ਗਈਆਂ ਹਨ, ਸੰਗਤਾਂ ਦੀ ਰਿਹਾਇਸ਼ ਆਦਿ ਦੇ ਪ੍ਰਬੰਧ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਧੀਆ ਹਨ, ਇਸ ਦੇ ਨਾਲ ਲੰਗਰ ਆਦਿ ਦਾ ਪ੍ਰਬੰਧ ਵੀ ਪਹਿਲਾਂ ਨਾਲੋਂ ਚੰਗੇਰਾ ਹੈ ਅਤੇ ਕਥਾ ਕੀਰਤਨ ਦੇ ਪ੍ਰਵਾਹ ਦੇ ਨਾਲ ਅਖੰਡ ਪਾਠਾਂ ਦੀਆਂ ਲੜੀਆਂ ਵੀ ਅਤੁੱਟ ਚਲ ਰਹੀਆਂ ਹਨ, ਪਰੰਤੂ ਫਿਰ ਵੀ ਕਰਮਕਾਂਡ ਘਟਨ ਦੀ ਬਜਾਇ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ । ਜਿਸ ਦਾ ਮੁੱਖ ਕਾਰਨ ਇਹ ਹੈ ਕਿ ਇਹਨਾਂ ਉਪਰਾਲਿਆਂ ਰਾਹੀਂ ਗੁਰਮਤਿ ਦੀਆਂ ਕਦਰਾਂ ਕੀਮਤਾਂ ਨੂੰ ਪ੍ਰਚਾਰਨਾ ਨਹੀਂ ਬਲਕਿ ਇਹਨਾਂ ਰਾਹੀਂ ਮਾਇਕ ਪੱਖ ਨੂੰ ਮਜ਼ਬੂਤ ਕਰਨਾ ਹੈ ।
ਖ਼ੈਰ, ਗੁਰੂ ਗਰੰਥ ਸਾਹਿਬ ਵਿੱਚ ਦੋ ਬਾਰਹ ਮਾਹਾਂ ਹਨ, ਇੱਕ ਮਾਝ ਰਾਗ ਵਿੱਚ ਗੁਰੂ ਅਰਜਨ ਸਾਹਿਬ ਦਾ ਉਚਾਰਿਆ ਹੋਇਆ ਅਤੇ ਦੂਜਾ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ । ਇਹਨਾਂ ਦੋਹਾਂ ਬਾਰਹ ਮਾਹਾਂ ਦਾ ਸੰਗਰਾਂਦ ਨਾਲ ਕੋਈ ਸਬੰਧ ਨਹੀਂ ਹੈ । ਬਾਰਹ ਮਾਹਾਂ ਲੋਕ ਕਾਵਿ ਦਾ ਇੱਕ ਰੂਪ ਹੈ ਜਿਸ ਵਿੱਚ ਬਾਰਾਂ ਮਹੀਨਿਆਂ ਦੇ ਅਧਾਰ ਉੱਤੇ ਕਾਵਿ ਸਿਰਜਣਾ ਕੀਤੀ ਗਈ ਗਈ ਹੈ । ਗੁਰੂ ਗਰੰਥ ਸਾਹਿਬ ਵਿੱਚ ਰੁੱਤਾਂ ਦੇ ਅਧਾਰ ’ਤੇ ਕੇਵਲ ਬਾਰਹ ਮਾਹਾਂ ਹੀ ਨਹੀਂ ਬਲਕਿ ‘ਦਿਨ ਰੈਣ, ਥਿਤੀ, ਵਾਰ ਸਤ ਅਤੇ ਰੁਤੀ ‘ਦੇ ਸਿਰਲੇਖਾਂ ਹੇਠਾਂ ਵੀ ਬਾਣੀ ਉਚਾਰਨ ਕੀਤੀ ਗਈ ਹੈ । ਗੁਰੂ ਗਰੰਥ ਸਾਹਿਬ ਵਿੱਚ ਕਿਸੇ ਵੀ ਸ਼ਬਦ ਵਿੱਚ ਕਿਸੇ ਵੀ ਦਿਨ ਬਾਰੇ ਇਹ ਨਹੀਂ ਆਖਿਆ ਗਿਆ ਕਿ ਅਮਕਾ ਦਿਨ ਆਪਣੇ ਆਪ ਵਿੱਚ ਚੰਗਾ ਜਾਂ ਮਾੜਾ ਹੈ । ਹਾਂ, ਇਹ ਜ਼ਰੂਰ ਆਖਿਆ ਗਿਆ ਹੈ ਕਿ ਆਮ ਸਾਧਾਰਨ ਦਿਨ ਨੂੰ ਚੰਗਾ ਅਥਵਾ ਸਫਲ ਕਿਵੇਂ ਬਣਾਇਆ ਜਾ ਸਕਦਾ ਹੈ । ਗੁਰੂ ਨਾਨਕ ਜੋਤ ਦੇ ਪੰਜਵੇਂ ਪ੍ਰਕਾਸ਼ ਇਸ ਸਬੰਧ `ਚ ਫ਼ਰਮਾਉਂਦੇ ਹਨ, “ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ ॥ ਜਿਤੁ ਦਿਨਿ ਵਿਸਰੈ ਪਾਰਬ੍ਰਹਮੁ ਫਿਟੁ ਭਲੇਰੀ ਰੁਤਿ”॥੧॥ {ਪੰਨਾ 318}
ਕਈ ਸੱਜਣ ਇਹ ਕਹਿੰਦੇ ਹਨ ਕਿ ਜੀ ਸੰਗਰਾਂਦ ਦੇ ਬਹਾਨੇ ਨਾਲ ਲੋਕੀਂ ਗੁਰਦੁਆਰੇ ਮੱਥਾ ਟੇਕਣ ਆ ਜਾਂਦੇ ਹਨ । ਇਸ ਲਈ ਇਸ ਵਿੱਚ ਮਾੜਾ ਵੀ ਕੀ ਹੈ ? ਅਜੇਹੇ ਸੱਜਣ ਇਸ ਗੱਲ ਨੂੰ ਨਹੀਂ ਵਿਚਾਰਦੇ ਕਿ ਗੁਰਦੁਆਰੇ ਪੂਜਾ ਸਥਾਨ ਨਹੀਂ ਬਲਕਿ ਸਿੱਖ ਧਰਮ ਦੇ ਪ੍ਰਚਾਰ- ਪਸਾਰ ਦਾ ਧੁਰਾ ਹਨ । ਗੁਰਮਤਿ ਨੂੰ ਸਮਝਣ ਦਾ ਕੇਂਦਰ ਹਨ, ਜਿੱਥੋਂ ਅਸੀਂ ਗੁਰਮਤਿ ਨੂੰ ਸਮਝਣਾ ਹੈ; ਜੇਕਰ ਗੁਰਦੁਆਰੇ ਕਿਸੇ ਵਹਿਮ ਭਰਮ ਅਧੀਨ ਜਾਂਦੇ ਹਾਂ ਜਾਂ ਹੋਰ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਮੁੜਦੇ ਹਾਂ ਤਾਂ ਹੋਰ ਕੇਹੜਾ ਥਾਂ ਹੈ ਜਿਸ ਥਾਂ ’ਤੇ ਜਾ ਕੇ ਅਸੀਂ ਗੁਰਮਤਿ ਨੂੰ ਸਮਝਣਾ ਹੈ । ਇਸ ਪਾਠਸ਼ਾਲਾ `ਚੋਂ ਹੀ ਤਾਂ ਅਸੀਂ ਅਗਿਆਨਤਾ ਦੇ ਅੰਧੇਰੇ ਨੂੰ ਗੁਰੂ ਗਿਆਨ ਦੇ ਪ੍ਰਕਾਸ਼ ਨਾਲ ਮਿਟਾਉਣਾ ਹੈ। ਭਰਮ ਦਾ ਸ਼ਿਕਾਰ ਹੋਣ ਕਾਰਨ ਹੀ ਅਸੀਂ ਜਾਣੇ ਅਣਜਾਣੇ ਬਾਣੀ ਵਿੱਚ ਫ਼ਰਕ ਕਰਨ ਲੱਗ ਪੈਂਦੇ ਹਾਂ । ਸਾਡਾ ਧਿਆਨ ਮਹੀਨੇ ਦੇ ਨਾਮ ਵਲ ਹੀ ਲਗਿਆ ਹੁੰਦਾ ਹੈ ਅਤੇ ਕਈ ਵਾਰ ਤਾਂ ਅਜੇਹਾ ਵੇਖਣ ਨੂੰ ਮਿਲਦਾ ਹੈ ਕਿ ਮਹੀਨੇ ਦਾ ਨਾਂ ਸੁਣ ਕੇ ਅਗਲੀਆਂ ਪੰਗਤੀਆਂ ਸੁਣਨ ਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਜਾਂਦੀ । ਕਈ ਵਾਰ ਤਾਂ ਕਈ ਸੱਜਣ ਘੰਟਾ ਦੋ ਘੰਟੇ ਪਾਠ ਜਾਂ ਕੀਰਤਨ ਆਦਿ ਸੁਣਨ ਉਪਰੰਤ ਵੀ ਮਹੀਨੇ ਦਾ ਨਾਮ ਜੇਕਰ ਨਾ ਸੁਣ ਸਕਣ ਤਾਂ ਡਾਢੇ ਮਾਯੂਸ ਹੋ ਜਾਂਦੇ ਹਨ । ਇਸ ਨਿਰਾਸਤਾ ਦਾ ਕਾਰਨ ਸੰਗਰਾਂਦ ਬਾਰੇ ਭਰਮ ਹੀ ਹੈ ।
(ਨੋਟ: ਸ਼ਾਇਦ ਇਹੀ ਕਾਰਨ ਹੈ ਕਿ ਗੁਰਮਤਿ ਦੀ ਸੋਝੀ ਰੱਖਣ ਵਾਲੇ ਸੱਜਣ ਸਾਡੇ ਧਾਰਮਿਕ ਸਥਾਨਾਂ ਵਿੱਚ ਕਰਮਕਾਂਡਾਂ ਦਾ ਬੋਲਬਾਲਾ ਦੇਖ ਕੇ, ਇਹਨਾਂ ਧਾਰਮਿਕ ਸਥਾਨਾਂ ਵਿੱਚ ਗੁਰਮਤਿ ਦੇ ਪ੍ਰਚਾਰ ਦੀ ਆਸ ਲਾਹ ਕੇ, ਗੁਰਮਤਿ ਦੇ ਪ੍ਰਚਾਰ ਲਈ ਹੋਰ ਸਾਧਨ ਅਪਣਾਉਣ ਲਈ ਮਜਬੂਰ ਹੋ ਗਏ ਹਨ ।)
ਗੁਰਦੁਆਰੇ ਤਾਂ ਸਿੱਖੀ ਦੀ ਟਕਸਾਲ ਹਨ ਜਿੱਥੋਂ ਅਸੀਂ ਸਿੱਖੀ ਜੀਵਨ ਜਾਚ ਸਿੱਖਣੀ ਹੈ; ਗੁਰਮਤਿ ਨੂੰ ਸਮਝਣਾ ਹੈ। ਜੇਕਰ ਇਹਨਾਂ ਸਿੱਖੀ ਦੇ ਸੋਮਿਆਂ `ਚ ਅਸੀਂ ਇਹੋ ਜੇਹੇ ਕਰਮਕਾਂਡਾਂ ਕਾਰਨ ਹੀ ਹਾਜ਼ਰੀ ਭਰਦੇ ਰਹੇ ਜਾਂ ਸਾਡੇ ਇਹ ਗੁਰਧਾਮ ਕਰਮਕਾਂਡਾ ਨੂੰ ਬਢਾਵਾ ਦੇਂਦੇ ਰਹੇ, ਤਾਂ ਫਿਰ ਅਸੀਂ ਗੁਰਮਤਿ ਦੀ ਪ੍ਰੇਰਨਾ ਹੋਰ ਕਿੱਥੋਂ ਲਵਾਂਗੇ ? ਭਾਈ ਗੁਰਦਾਸ ਜੀ ਸਾਨੂੰ ਮਾਇਆ ਦੇ ਮੋਹ ਵਿੱਚ ਘੂਕ ਸੁੱਤਿਆਂ ਨੂੰ ਝੰਝੋੜ ਕੇ ਜਗਾਉਂਦਿਆਂ ਹੋਇਆਂ, ਗੁਰਦੁਆਰੇ ਦੀ ਮਹੱਤਤਾ ਨੂੰ ਇਸ ਤਰ੍ਹਾਂ ਦਰਸਾਉਂਦੇ ਹਨ:-ਬਾਹਰ ਕੀ ਅਗਨਿ ਬੁਝਤ ਜਲ ਸਰਿਤਾ ਕੈ, ਨਾਉ ਮੈ ਜੌ ਆਗ ਲਾਗੈ ਕੈਸੇ ਕੈ ਬੁਝਾਈਐ ? । ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ੍ਹ, ਗੜ੍ਹ ਮੈ ਜੌ ਲੂਟ ਲੀਜੈ ਲਹੋ ਕਤ ਜਾਈਐ ? ਚੋਰਨ ਕੇ ਤ੍ਰਾਸ ਜਾਇ ਸਰਨ ਗਹੇ ਨਰਿੰਦ, ਮਾਰੇ ਮਹੀਪਤਿ ਜੀਉ ਕੈਸੇ ਕੈ ਬਚਾਈਐ ? ਮਾਯਾ ਡਰ ਡਰਪਤ ਹਾਰ ਗੁਰੁਦੁਆਰੇ ਜਾਵੈ, ਤਹਾਂ ਜੌ ਮਾਯਾ ਬਿਆਪੈ ਕਹਾਂ ਠਹਿਰਾਈਐ ? ਮਾਯਾ ਤੋਂ ਭਾਵ ਉਸ ਰਹਿਣੀ, ਵਿਸ਼ਵਾਸ, ਸੋਚ ਅਤੇ ਪਕੜ ਆਦਿ ਤੋਂ ਹੈ, ਜਿਸ ਦੇ ਪ੍ਰਭਾਵ ਕਾਰਨ ਅਸੀਂ ਗੁਰਮਤਿ ਦਾ ਲੜ ਛੱਡ ਕੇ ਮਨਮਤਿ ਅਥਵਾ ਮਨਮੁੱਖਤਾ ਦੇ ਦਾਮਨ ਨੂੰ ਘੁੱਟ ਕੇ ਫੜ ਲੈਂਦੇ ਹਾਂ । ਅਸੀਂ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਕੇ ਗੁਰਮਤਿ ਦੇ ਗਾਡੀ ਮਾਰਗ ਤੋਂ ਭਟਕ ਕੇ ਕਰਮਕਾਂਡ ਦੇ ਰਸਤੇ ਨੂੰ ਅਪਣਾ ਲੈਂਦੇ ਹਾਂ ਅਤੇ ਇਸ ਕਰਮਕਾਂਡ ਵਾਲੇ ਮਾਰਗ ਨੂੰ ਹੀ ਗੁਰਮਤਿ ਦਾ ਮਾਰਗ ਸਮਝ ਕੇ ਅੱਖਾਂ ਮੀਚ ਕੇ ਤੁਰੇ ਜਾਂਦੇ ਹਾਂ ।
ਸਾਨੂੰ ਇੱਕ ਭੁਲੇਖਾ ਇਹ ਪਿਆ ਹੋਇਆ ਹੈ ਕਿ ਗੁਰਦੁਆਰੇ ਆਉਣ ਵਾਲੇ ਸ਼ਰਧਾਲੂਆਂ ਦੀ ਸ਼ਰਧਾ ਨੂੰ ਠੇਸ ਨਾ ਪੁੱਜੇ । ਇਸ ਡਰ ਅਤੇ ਧਾਰਨਾ ਕਾਰਨ ਹੀ ਧਾਰਮਿਕ ਅਸਥਾਨਾਂ `ਚ ਆਉਣ ਜਾਣ ਵਾਲੇ ਸ਼ਰਧਾਲੂਆਂ ਦੀ ਅਜੇਹੀ ਸ਼ਰਧਾ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਮਤਿ ਗਿਆਨ ਦੀ ਸਾਂਝ ਪਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ । ਸਾਨੂੰ ਸ਼ਰਧਾ ਬਾਰੇ ਗੁਰਮਤਿ ਦਾ ਪੱਖ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਸ਼ਰਧਾ ਦਾ ਸਰੂਪ ਕੀ ਹੈ । ਜਦ ਅਸੀਂ ਗੁਰਮਤਿ ਦਾ ਸ਼ਰਧਾ ਵਾਲਾ ਪੱਖ ਸਮਝ ਲਵਾਂਗੇ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਗੁਰਦੁਆਰੇ ਸ਼ਰਧਾਲੂਆਂ ਦੀ ਅਗਿਆਨਮਈ ਸ਼ਰਧਾ ਦੀ ਪੂਰਤੀ ਲਈ ਨਹੀਂ ਬਲਕਿ ਇਸ ਅਗਿਆਨਤਾ ਤੋਂ ਛੁਟਕਾਰਾ ਦਿਵਾਉਣ ਲਈ ਹੋਂਦ ਵਿੱਚ ਆਏ ਸਨ । ਗੁਰਦੁਆਰੇ ਭਰਮ ਦੇ ਛਉੜ ਕੱਟਣ ਲਈ ਹਨ ਨਾ ਕਿ ਇਹਨਾਂ ਵਿੱਚ ਸ਼ਰਧਾਲੂਆਂ ਨੂੰ ਫਸਾਉਣ ਲਈ । ਗੁਰੂ ਸਾਹਿਬ ਪਾਸ ਗੁਰੂ ਦੀ ਮਤਿ ਲੈਣ ਲਈ ਜਾਈਦਾ ਹੈ ਨਾ ਕਿ ਆਪਣੀ ਅਗਿਆਨਤਾ ਅਥਵਾ ਅੰਧਕਾਰ ਨੂੰ ਹੋਰ ਮਜ਼ਬੂਤ ਕਰਨ ਲਈ । ਗੁਰੂ ਗਰੰਥ ਸਾਹਿਬ ਸਾਨੂੰ ਥਿੱਤਾਂ ਵਾਰਾਂ ਆਦਿ ਨਾਲ ਜੁੜੇ ਹੋਏ ਵਹਿਮਾਂ ਭਰਮਾਂ ਤੋਂ ਉਪਰ ਉਠਾਉਂਦੇ ਹੋਏ ਫਿਰ ਅਜੇਹਾ ਆਖਦੇ ਹਨ: ‘ਥਿਤੀ ਵਾਰ ਸੇਵਹਿ ਮੁਗਧ ਗਵਾਰ॥’ ਪਰ ਕੀ ਅਸੀਂ ਉਹਨਾਂ ਦੀ ਹਜ਼ੂਰੀ ਵਿੱਚ ਹੀ ਇੰਝ ਆਖ ਕੇ ਕਿ ਅੱਜ ਬੜਾ ਪਵਿਤ੍ਰ ਅਥਵਾ ਸ਼ੁਭ ਦਿਹਾੜਾ ਹੈ, ਗੁਰੂ ਸਾਹਿਬ ਦੀ ਬਖ਼ਸ਼ਿਸ਼ ਕੀਤੀ ਵਿਚਾਰਧਾਰਾ ਦਾ ਮਜ਼ਾਕ ਨਹੀਂ ਉਡਾ ਰਹੇ ਹੁੰਦੇ ਹਾਂ ? ਇਹ ਕਿਹੋ ਜੇਹੀ ਗੁਰੂ ਦੀ ਉਪਮਾ ਕਰ ਰਹੇ ਹਾਂ । ਪ੍ਰਚਾਰਕ ਸ਼੍ਰੇਣੀ ਅਤੇ ਪ੍ਰਬੰਧਕ ਸੱਜਣਾਂ ਨੂੰ, ਇਸ ਗੱਲ ਨੂੰ ਹਮੇਸ਼ਾਂ ਹੀ ਮੁੱਖ ਰੱਖ ਕੇ ਗੁਰਮਤਿ ਸਿਧਾਂਤਾ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਕਿ ਗੁਰਦੁਆਰੇ ਗੁਰੂ ਦੀ ਮੱਤ ਦੇ ਪ੍ਰਚਾਰਨ ਦੇ ਸਥਾਨ ਹਨ ਨਾ ਕਿ ਮਨਮਤਿ ਨੂੰ ਦ੍ਰਿੜ ਕਰਾਉਣ ਜਾਂ ਮਾਇਕ ਪੱਖ ਜਾਂ ਆਮ ਮਨੁੱਖ ਦੀ ਨਰਾਜ਼ਗੀ ਜਾਂ ਪ੍ਰਸੰਨਤਾ ਨੂੰ ਮੁੱਖ ਰੱਖ ਕੇ ਗੁਰਮਤਿ ਦੇ ਸਿਧਾਂਤਾ ਨਾਲ ਖਿਲਵਾੜ ਕਰਨ ਦੇ । ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝ ਕੇ ਗੁਰੂ ਦਰਬਾਰ ਦੀ ਹਾਜ਼ਰੀ ਜੇਕਰ ਸੰਭਵ ਹੋਵੇ ਤਾਂ ਹਰ ਹੋਜ਼ ਹੀ ਭਰਨੀ ਚਾਹੀਦੀ ਹੈ । ਗੁਰਦੁਆਰੇ ਸਿੱਖ ਸੰਗਤਾਂ ਦੇ ਮਿਲ ਬੈਠਣ ਲਈ ਹੀ ਬਣਾਏ ਗਏ ਹਨ, ਜੇਕਰ ਸਿੱਖ ਸੰਗਤਾਂ ਹੀ ਇਹਨਾਂ ਸਥਾਨਾਂ `ਚ ਨਹੀਂ ਆਉਣਗੀਆਂ ਤਾਂ ਅਨਮਤਾਂ ਵਾਲਿਆਂ ਨੇ ਤਾਂ ਗੁਰਦੁਆਰੇ ਨਹੀਂ ਆਉਣਾ, ਸਿੱਖ ਸੰਗਤਾਂ ਨੇ ਹੀ ਆਉਣਾ ਹੈ । ਇਸ ਲਈ ਸਾਨੂੰ ਗੁਰਦੁਆਰਿਆਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਲਗਦੀ ਵਾਹੇ ਹਰੇਕ ਦਿਨ ਹੀ ਗੁਰਦੁਆਰਾ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ। ਕਿਸੇ ਵਹਿਮ ਭਰਮ ਆਦਿ ਨੂੰ ਮੁੱਖ ਰੱਖ ਕੇ ਕਿਸੇ ਵਿਸ਼ੇਸ਼ ਦਿਨ ਦੀ ਉਡੀਕ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਦਿਨ ਦੀ ਵਿਸ਼ੇਸ਼ ਮਹੱਤਤਾ ਜਾਂ ਮਹਾਤਮ ਵਾਲੇ ਭਰਮ ਵਿੱਚ ਵਿਸ਼ਵਾਸ ਕਰਨ ਦੀ ਲੋੜ ਹੈ। ਸਾਨੂੰ ਸੰਗਤ ਦੀ ਮਹੱਤਤਾ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਸਮਝਣ ਦੀ ਲੋੜ ਹੈ । ਅੰਤ ਵਿੱਚ ਭਾਈ ਗੁਰਦਾਸ ਜੀ ਵਲੋਂ, ਜੋ ਗੁਰਸਿੱਖਾਂ ਦੇ ਨਿਤ ਕਰਮ ਦਾ ਵਰਣਨ ਕੀਤਾ ਗਿਆ ਹੈ, ਉਸ ਵਲ ਪਾਠਕਾਂ ਦਾ ਧਿਆਨ ਦਿਵਾਇਆ ਜਾ ਰਿਹਾ ਹੈ: “ਗੁਰੁ ਸਿਖੀ ਦਾ ਦੇਖਣਾ, ਗੁਰਮੁਖਿ ਸਾਧ ਸੰਗਤਿ ਗੁਰਦੁਆਰਾ॥ ਗੁਰੁ ਸਿਖੀ ਦਾ ਚਖਣਾ, ਸਾਧ ਸੰਗਤਿ ਗੁਰੁ ਸਬਦੁ ਵੀਚਾਰਾ॥” (ਵਾਰ 28 ਵੀਂ ਪਉੜੀ 7)
ਸੋ, ਸੰਗਰਾਂਦ ਦਾ ਸਿੱਖ ਮੱਤ ਵਿੱਚ ਕੋਈ ਮਹੱਤਵ ਨਹੀਂ ਹੈ ਅਤੇ ਨਾ ਹੀ ਇਸ ਨੂੰ ਦੂਜਿਆਂ ਦਿਹਾੜਿਆਂ ਨਾਲੋਂ ਪਵਿੱਤਰ ਸਮਝਿਆ ਗਿਆ ਹੈ । ਇਸ ਦੇ ਪ੍ਰਚਲਿਤ ਹੋਣ ਦੇ ਕਈ ਕਾਰਨਾਂ `ਚੋਂ ਕੁੱਝ ਕੁ ਇਹ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਲੰਬਾ ਸਮਾਂ ਖ਼ਾਲਸਾ ਪੰਥ ਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੱਦੋ -ਜਹਿਦ ਕਰਦਿਆਂ ਜੰਗਲਾਂ, ਪਹਾੜਾਂ, ਰੇਗਿਸਤਾਨ ਆਦਿ `ਚ ਦਿਨ ਕੱਟੀ ਕਰਨ ਲਈ ਮਜਬੂਰ ਹੋਣ ਕਾਰਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਨੂੰ ਆਪ ਨਾ ਸੰਭਾਲ ਸਕਣ ਦੀ ਹਾਲਤ `ਚ, ਨਿਰਮਲੇ ਅਤੇ ਉਦਾਸੀਆਂ ਦਾ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨਾ ਅਤੇ ਗੁਰੂ ਗਰੰਥ ਸਾਹਿਬ ਦੀ ਕਥਾ ਵਿਚਾਰ ਦੇ ਜਗ੍ਹਾ ਗੁਰਮਤਿ ਵਿਰੋਧੀ ਪੁਸਤਕਾਂ ਦੀ ਕਥਾ ਦਾ ਪ੍ਰਾਰੰਭ ਹੋਣਾ, ਸਿੱਟੇ ਵਜੋਂ ਗੁਰਮਤਿ ਰਹਿਣੀ ਨੂੰ ਉਸ ਰਹੁ ਰੀਤ ਵਿੱਚ ਰੰਗ ਕੇ ਪੇਸ਼ ਕੀਤਾ ਜਾਣਾ, ਜਿਸ `ਚੋਂ ਗੁਰੂ ਸਾਹਿਬ ਨੇ ਬਾਹਰ ਕੱਢਿਆ ਸੀ, ਹਨ । ਜ਼ੁੰਮੇਵਾਰ ਸੱਜਣਾਂ ਨੂੰ ਭਾਵੇਂ ਉਹ ਪ੍ਰਬੰਧਕ ਦੇ ਰੂਪ `ਚ ਹਨ, ਚਾਹੇ ਗ੍ਰੰਥੀ ਸਿੰਘ ਜਾਂ ਪ੍ਰਚਾਰਕ ਦੇ ਰੂਪ ਵਿਚ, ਨੂੰ ਚਾਹੀਦਾ ਹੈ ਕਿ ਉਹ ਸੰਗਰਾਂਦ ਵਾਲੇ ਦਿਨ ਸੱਜਣ ਵਾਲੇ ਦੀਵਾਨ ਨੂੰ ਸੰਗਰਾਂਦ ਮਣਾਈ ਜਾਵੇਗੀ ਆਦਿ ਗੁਰਮਤਿ ਵਿਰੋਧੀ ਸ਼ਬਦ ਵਰਤਣ ਤੋਂ ਸੰਕੋਚ ਕਰ ਕੇ ਗੁਰ ਸ਼ਬਦ ਦੀ ਮਹਤੱਤਾ ਉੱਤੇ ਜ਼ੋਰ ਦੇ ਕੇ ਖ਼ਾਲਸੇ ਦੇ ਨਿਆਰੇਪਣ ਦੀ ਰਹਿਣੀ ਦਾ ਪ੍ਰਮਾਣ ਪੇਸ਼ ਕਰਨ। ਗੁਰਮਤਿ ਦੇ ਇਸ ਪੱਖ ਨੂੰ ਹੀ ਉਜਾਗਰ ਕਰਨ ਉੱਤੇ ਜ਼ੋਰ ਦੇਣ ਕਿ, “ਮਾਹ ਦਿਵਸ ਮੂਰਤ ਭਲੇ, ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ, ਕਿਰਪਾ ਕਰਹੁ ਹਰੇ ॥” {ਪੰਨਾ 136}
ਅਰਥ: ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਹਨਾਂ ਵਾਸਤੇ ਸਾਰੇ ਮਹੀਨੇ ਸਾਰੇ ਦਿਹਾੜੇ ਸਾਰੇ ਹੀ ਮੁਹੂਰਤ ਸੁਲੱਖਣੇ ਹਨ (ਸੰਗ੍ਰਾਂਦ ਆਦਿਕ ਦੀ ਪਵਿਤ੍ਰਤਾ ਦੇ ਭਰਮ-ਭੁਲੇਖੇ ਉਹਨਾਂ ਨੂੰ ਨਹੀਂ ਪੈਂਦੇ) । ਹੇ ਹਰੀ ! (ਮੇਰੇ ਉੱਤੇ) ਮਿਹਰ ਕਰ, ਮੈਂ ਨਾਨਕ (ਤੇਰੇ ਦਰ ਤੋਂ ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ ।