ਵੱਡਾ ਘੱਲੂਘਾਰਾ (ਫਰਵਰੀ 1762)

0
365

ਵੱਡਾ ਘੱਲੂਘਾਰਾ (ਫ਼ਰਵਰੀ 1762)

ਗਿਆਨੀ ਬਲਜੀਤ ਸਿੰਘ

ਘੱਲੂਘਾਰੇ ਦਾ ਨਾਂ ਸੁਣਦਿਆਂ ਹੀ ਸਰੀਰ ਹਿਰਦਾ ਕੰਬਣ ਲਗਦਾ ਹੈ, ਕਿਉਂਕਿ ਘੱਲੂਘਾਰੇ ਦਾ ਅੱਖਰੀ ਅਰਥ ਹੀ ਕਿਸੇ ਕੌਮ ਦਾ ਸਰਬਨਾਸ਼ ਹੈ। ਹਿੰਦੂਸਤਾਨ ਅੰਦਰ ਬਹਾਦਰੀ ਨੂੰ ਖ਼ਾਸ ਵਰਗ ਨਾਲ ਜੋੜਨ ਕਰ ਕੇ ਇੱਥੋਂ ਦਾ ਭਜਨੀਕ ਬੰਦਗੀ ਕਰਨ ਵਾਲਾ ਬੰਦਾ ਡਰਪੋਕ ਹੋ ਗਿਆ। ਬਹਾਦਰ ਸੂਰਮਾ ਕਹਾਉਣ ਵਾਲਾ ਜ਼ਾਲਮ ਬਣ ਗਿਆ। ਇਸ ਲਈ ਸਮਾਂ ਪਾ ਕੇ ਜ਼ਾਲਮ ਵੱਲੋਂ ਹਰ ਜ਼ੁਲਮੋ-ਸਿਤਮ ਸਹਿਨ ਕਰਨ ਦੀ ਆਦਤ ਬਣ ਗਈ।  ਲੋਕਾਂ ਅੰਦਰ ਇਹ ਧਾਰਨਾ, ਸੋਚ ਪ੍ਰਚਲਿਤ ਹੋ ਗਈ ਕਿ ‘ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ।’

ਜਦੋਂ ਕਿਸੇ ਕੌਮ ਨੇ ਮਰਨਾ ਹੋਵੇ ਤਾਂ ਉਸ ਦੀ ਅੱਧੀ ਮੌਤ ਤਾਂ ਪਹਿਲਾਂ ਹੀ ਉਸ ਕੌਮ ਦੇ ਗੱਦਾਰ ਲੋਕ ਕਰ ਛੱਡਦੇ ਹਨ। ਅਹਿਮਦਸ਼ਾਹ ਅਬਦਾਲੀ; ਮਰਾਠਿਆਂ ਅਤੇ ਸਿੰਘਾਂ ਦੀ ਵਧ ਰਹੀ ਤਾਕਤ ਨੂੰ ਚੰਗੀ ਤਰ੍ਹਾਂ ਭਾਂਪ ਰਿਹਾ ਸੀ ਉਸ ਦਾ ਦਿੱਲੀ ਦਾ ਏਜੰਟ ਨਜੀਬੁਦੌਲਾ ਮਰਾਠਿਆਂ ਦੀ ਚੜ੍ਹਤ ਦੇਖ ਕੇ ਘਬਰਾ ਰਿਹਾ ਸੀ ਕਿ ਮੈਂ ਉਨ੍ਹਾਂ ਤੋਂ ਛੇਤੀ ਬਦਲਾ ਲਵਾਂ, ਜਿਨ੍ਹਾਂ ਮੇਰੇ ਪੁੱਤਰ ਨੂੰ ਲਾਹੌਰੋਂ ਕੱਢਿਆ ਹੈ।  ਹੁਣੇ-ਹੁਣੇ ਸਿੰਘਾਂ ਵੱਲੋਂ ਭਜਾਏ ਜ਼ਖਮੀ ਜਹਾਨ ਖ਼ਾਂ ਦੀ ਹਾਰ ਵੀ ਉਸ ਦੇ ਸਾਹਮਣੇ ਸੀ।  ਸ਼ਾਹਆਲਮ ਸਾਨੀ ਆਪਣੇ ਵਜ਼ੀਰ ਗਾਜ਼ੀਉਦੀਨ ਤੋਂ ਤੰਗ ਸੀ, ਉਸ ਨੇ ਦਿੱਲੀ ਤੋਂ ਦੁਰਾਨੀ ਨੂੰ ਸੱਦਾ ਪੱਤਰ ਭੇਜਿਆ ਕਿ ਮੇਰੀ ਆ ਕੇ ਮਦਦ ਕਰੋ, ਇਸੇ ਤਰ੍ਹਾਂ ਮਾਧੋ ਸਿੰਘ ਜੈਪੁਰ ਤੇ ਬਿਜੈ ਸਿੰਘ ਮਾਰਵਾੜ ਨੇ ਵੀ ਦੁਰਾਨੀ ਨੂੰ ਮਦਦ ਦਾ ਭਰੋਸਾ ਦਿੱਤਾ ਤੇ ਆਉਣ ਲਈ ਆਖਿਆ।

ਅਜਿਹੀ ਹਾਲਤ ਵਿੱਚ ਅਬਦਾਲੀ 60 ਹਜ਼ਾਰ ਫੌਜ ਨਾਲ ਅਕਤੂਬਰ 1759 ਨੂੰ ਅਟਕ ਪਾਰ ਕਰ ਕੇ ਪੰਜਵੀਂ ਵਾਰ ਹਿੰਦ ’ਤੇ ਹਮਲਾਵਰ ਹੋਇਆ, ਉਸ ਦਾ ਇਹ ਹਮਲਾ ਨਿਰੋਲ ਮਰਾਠਿਆਂ ਦੀ ਤਾਕਤ ਨੂੰ ਮਲੀਆ ਮੇਟ ਕਰਨ ਲਈ ਸੀ।  ਸਾਂਬਾ ਜੀ ਲਾਹੌਰੋਂ ਭੱਜ ਗਿਆ ਤੇ ਅਬਦਾਲੀ ਵੀ ਕਰੀਮਦਾਦ ਖ਼ਾਨ ਨੂੰ ਲਾਹੌਰ ਦਾ ਹਾਕਮ ਥਾਪ ਕੇ ਅਤੇ ਕਾਂਗੜੇ ਵਾਲੇ ਰਾਜੇ ਘੁਮੰਡ ਚੰਦ ਨੂੰ ਜਲੰਧਰ ਦੁਆਬਾ ਸੌਂਪ ਕੇ ਮਾਰੋ-ਮਾਰ ਕਰਦਾ ਸਤਲੁਜ ਪਾਰ ਕਰ ਕੇ ਤਰੌੜੀ ਦੇ ਮੈਦਾਨ ਵਿੱਚ ਦੱਤਾ ਜੀ ਸਿੰਧੀਆ ਨਾਲ ਜਾ ਟਕਰਾਇਆ ਤੇ ਉਸ ਨੂੰ ਹਰਾ ਦਿੱਤਾ। ਸਹਾਰਨਪੁਰ ਲਾਗੇ ਰੁਹੇਲਾ ਸਰਦਾਰ ਨਜੀਬੁਦੌਲਾ ਆਪਣਾ ਲਸ਼ਕਰ ਲੈ ਕੇ ਅਬਦਾਲੀ ਨੂੰ ਆ ਮਿਲਿਆ ਤੇ ਬਰਾੜੀ ਘਾਟ ’ਤੇ ਮਰਾਠਿਆਂ ਨਾਲ ਕਰਾਰੀ ਜੰਗ ਹੋਈ ਤੇ ਦੱਤਾ ਜੀ ਸਿੰਧੀਆ ਮਾਰਿਆ ਗਿਆ।  ਅਬਦਾਲੀ ਲਗਭਗ ਸਾਲ ਭਰ ਦਿੱਲੀ ਦੇ ਆਲੇ ਦੁਆਲੇ ਘੁੰਮਦਾ ਰਿਹਾ ਤਾਂ ਕਿ ਜੇ ਮਰਾਠੇ ਦੁਬਾਰਾ ਸਿਰ ਚੁੱਕਣ, ਤਾਂ ਉਹ ਉਨ੍ਹਾਂ ਨੂੰ ਦਬਾਅ ਦੇਵੇ। 

ਆਖ਼ਿਰ 14 ਜਨਵਰੀ 1761 ਨੂੰ ਪਾਨੀਪਤ ਦੇ ਮੈਦਾਨ ਵਿੱਚ ਦੁਰਾਨੀ ਤੇ ਮਰਾਠਿਆਂ ਦੀ ਭਿਆਨਕ ਜੰਗ ਹੋਈ, ਇਤਿਹਾਸਕਾਰ ਡਾ. ਗੁਪਤਾ ਅਨੁਸਾਰ- ਦੁਰਾਨੀ ਨਾਲ ਹਿੰਦੁਸਤਾਨ ਦੇ ਸਾਰੇ ਮੁਸਲਿਮ ਨਵਾਬ ਸਨ ਤੇ ਦੂਜੇ ਪਾਸੇ ਦੋ ਲੱਖ ਮਰਾਠਾ ਸੀ, ਇਸ ਸਮੇਂ ਸ. ਆਲਾ ਸਿੰਘ ਨੇ ਸੱਚੀ ਦੇਸ਼ ਭਗਤੀ ਦਾ ਸਬੂਤ ਦਿੰਦਿਆ ਰਸਦ ਪਾਣੀ ਭੇਜ ਕੇ ਮਰਾਠਿਆਂ ਦੀ ਮਦਦ ਕੀਤੀ। ਮਰਾਠਿਆਂ ਦੀ ਚੌਖੀ ਗਿਣਤੀ ਹੋਣ ਦੇ ਬਾਵਜੂਦ ਵੀ ਮਰਾਠੇ ਆਖ਼ਿਰ ਬੁਰੀ ਤਰ੍ਹਾਂ ਹਾਰ ਗਏ, ਮਾਨੋ ਮੁੜ ਉਹ ਅਬਦਾਲੀ ਦਾ ਸਾਹਮਣਾ ਕਰਨ ਜੋਗੇ ਨਾ ਰਹੇ। ਜਿਸ ਸਮੇਂ ਅਬਦਾਲੀ ਦਿੱਲੀ ਵੱਲ ਮਰਾਠਿਆਂ ਨਾਲ ਸਿੱਝ ਰਿਹਾ ਸੀ ਉਸ ਵੇਲੇ ਅਕਤੂਬਰ 1760 ਈ: ਨੂੰ ਸਿੰਘਾਂ ਦੀਵਾਲੀ ਦੇ ਸਾਲਾਨਾ ਸਰਬਤ ਖਾਲਸਾ ਜੋੜ ਮੇਲੇ ’ਤੇ ਇਕੱਤਰ ਹੋ ਕੇ ਗੁਰਮਤਾ ਪਾਸ ਕੀਤਾ ਕਿ ਲਾਹੌਰ ’ਤੇ ਧਾਵਾ ਬੋਲਿਆ ਜਾਵੇ । ਨਵੰਬਰ 1760 ਵਿੱਚ ਸਿੰਘਾਂ ਨੇ ਲਾਹੌਰ ਜਾ ਸੋਧਿਆ। ਮੁਹੰਮਦ ਖ਼ਾਂ ਨੇ ਡਰਦਿਆਂ 30 ਹਜ਼ਾਰ ਰੁਪਇਆ ਨਜ਼ਰਾਨੇ ਵੱਜੋਂ ਪੇਸ਼ ਕਰ ਕੇ ਸਿੰਘਾਂ ਤੋਂ ਖਹਿੜਾ ਛੁਡਾਇਆ। ਸਿੰਘਾਂ ਨੇ ਮੁੜ ਅਬਦਾਲੀ ਦੀ ਹਕੂਮਤ ਦੇ ਪੈਰ ਪੰਜਾਬ ਵਿੱਚ ਨਾ ਲੱਗਣ ਦਿੱਤੇ।  ਇਸ ਸਮੇਂ ਕਈ ਜ਼ਰੂਰੀ ਥਾਵਾਂ ’ਤੇ ਸਿੰਘਾਂ ਨੇ ਕਿਲਿਆਂ ਦੀ ਉਸਾਰੀ ਵੀ ਕਰ ਲਈ ਸੀ।

ਮਰਾਠਿਆਂ ਨੂੰ ਹਾਰ ਦੇ ਕੇ ਅਬਦਾਲੀ 1761 ਈ: ਵਿੱਚ ਵਾਪਿਸ ਪਰਤਿਆ।  ਸ. ਆਲਾ ਸਿੰਘ ਵੱਲੋਂ ਮਰਾਠਿਆਂ ਨੂੰ ਰਸਦ ਪਹੁੰਚਾਉਣ ਦੀ ਖ਼ਬਰ ਦੁਰਾਨੀ ਪਾਸ ਪੁੱਜ ਗਈ ਸੀ, ਇਸ ਲਈ ਉਸ ਨੇ ਮੁੜਦੀ ਵਾਰੀ ਬਰਨਾਲਾ ਲੁਟਿਆ।  ਸ. ਆਲਾ ਸਿੰਘ ਮੂਨਕ ਵੱਲ ਨਿਕਲ ਗਿਆ ਸੀ।  ਉਸ ਦੇ ਦੂਤ ਬੀਰਮ ਢਿਲੋ ਨੇ ਚਾਰ ਲੱਖ ਨਜ਼ਰਾਨਾ ਦੇ ਕੇ ਦੁਰਾਨੀ ਨੂੰ ਖੁਸ਼ ਕੀਤਾ ਤੇ ਆਲਾ ਸਿੰਘ ਨੂੰ ਆਪਣੇ ਵੱਲੋਂ ਹਾਕਮ ਸਰਹੰਦ ਨੀਅਤ ਕਰ ਦਿੱਤਾ। ਇਸ ਗੱਲ ’ਤੇ ਦਲ ਖ਼ਾਲਸਾ ਨੇ ਸ. ਆਲਾ ਸਿੰਘ ਨੂੰ ਜੁਰਮਾਨਾ ਕੀਤਾ ਕਿ ਇਕ ਜਰਵਾਣੇ ਦੀ ਦਿੱਤੀ ਗਈ ਹਾਕਮੀ, ਤੂੰ ਕਿਉਂ ਕਬੂਲੀ ਹੈ  ?   ਜਦੋਂ ਦੁਰਾਨੀ ਫੌਜ ਬਿਆਸ ਪਾਰ ਕਰਨ ਲੱਗੀ ਤਾਂ ਸ. ਜੱਸਾ ਸਿੰਘ ਆਹਲੂਵਾਲੀਏ ਦੀ ਅਗਵਾਈ ਵਿੱਚ ਸਿੰਘ ਅਫਗਾਨਾਂ ’ਤੇ ਉੱਟ ਕੇ ਪੈ ਗਏ ਤੇ ਉਨ੍ਹਾਂ ਨੇ 2200 ਹਿੰਦੂ ਲੜਕੀਆਂ ਨੂੰ ਛਡਵਾ ਕੇ ਘਰੋਂ ਘਰੀਂ ਪਹੁੰਚਾਇਆ।

ਅਬਦਾਲੀ ਨੇ ਅਜੇ ਅਟਕ ਹੀ ਪਾਰ ਕੀਤਾ ਹੀ ਸੀ ਕਿ ਸਿੰਘਾਂ ਨੇ ਝਨਾਂ ਦਾ ਪਾਸਾ ਖ਼ੂਬ ਲੁੱਟਿਆ।  ਜੂਨ-ਜੁਲਾਈ 1761 ਵਿੱਚ ਮੁੜ ਸਿੰਘ ਪੰਜਾਬ ਉੱਤੇ ਛਾ ਗਏ । ਇਹ ਗੱਲ ਸੁਣ ਕੇ ਅਬਦਾਲੀ ਨੇ ਨੂਰਦੀਨ ਖਾਂ ਬਾਮਜਈ ਨੂੰ ਫੌਜ ਦੇ ਕੇ ਤੋਰਿਆ।  ਪਹਿਲਾਂ ਤਾਂ ਸ. ਚੜਤ ਸਿੰਘ ਜੀ ਨੇ ਝਨਾਂ ਲਾਗੇ ਹੀ ਇਸ ਨੂੰ ਖ਼ੂਬ ਹੱਥ ਦਿਖਾਏ ਆਖਰ ਸਿੰਘਾਂ ਨੇ ਉਸ ਨੂੰ ਕੁੱਟ ਕੇ ਜੰਮੂ ਵਾੜ ਦਿੱਤਾ।  27 ਅਕਤੂਬਰ 1761 ਈ: ਵਿੱਚ ਦੀਵਾਲੀ ਨੂੰ ਸਰਬਤ ਖਾਲਸਾ ਅੰਮ੍ਰਿਤਸਰ ਇਕੱਠਾ ਹੋਇਆ, ਇਸ ਸਮੇਂ ਲਾਹੌਰ ਤੋਂ ਬਿਨਾਂ, ਲਗਭਗ ਸਾਰਾ ਪੰਜਾਬ ਸਿੰਘਾਂ ਦੇ ਕਬਜ਼ੇ ਵਿੱਚ ਸੀ। ਗੁਰਮਤਾ ਕਰ ਕੇ ਸਿੰਘਾਂ ਨੇ ਨਵੰਬਰ 1761 ਈ: ਵਿੱਚ ਲਾਹੌਰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ।  ਪੰਥ ਨੇ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ‘ਸੁਲਤਾਨ ਉਲ ਕੌਮ’ ਦਾ ਖ਼ਿਤਾਬ ਦੇ ਕੇ ਸਿੰਘਾਸਨ ’ਤੇ ਸੁਸ਼ੋਭਿਤ ਕੀਤਾ, ਉਸ ਨੇ ਆਪਣੇ ਨਾਮ ਦਾ ਸਿੱਕਾ ਚਲਾਇਆ ਇਹ ਗੱਲ ਖ਼ਜ਼ਾਨਾ ਏ ਆਮਰਾ (1762) ਵਿੱਚ ਲਿਖੀ ਹੈ।  ਇਸ ’ਤੇ ਫ਼ਾਰਸੀ ਸ਼ਬਦ ਇਹ ਸਨ :

‘ਸਿੱਕਾ ਜ਼ਦ ਦਰ ਜਹਾਂ ਬ ਫਜਲੇ ਅਕਾਲ।

ਮੁਲਕ ਅਹਿਮਦ ਗ੍ਰਿਫਤ ਜੱਸਾ ਕਲਾਲ।’

ਕਈ ਇਤਿਹਾਸਕਾਰ, ਜਿਵੇਂ ਕਿ ਡਾ. ਹਰੀ ਰਾਮ ਗੁਪਤਾ ਪੰਨਾ 165, A Short History of the Sikhs page No.167 ਦਾ ਵਿਚਾਰ ਹੈ ਕਿ ਇਸ ਲਿਖਤ ਵਾਲਾ ਸਿੱਕਾ ਕੁਝ ਤੁਅਸਬੀ ਮੁਸਲਮਾਨਾਂ ਦੁਰਾਨੀ ਨੂੰ ਭੜਕਾਣ ਲਈ ਜਾਅਲੀ ਬਣਾ ਕੇ ਕਾਬਲ ਭੇਜਿਆ ਸੀ ਜਿਹਾ ਕਿ ਚਰਾਹ ਬਾਗ ਪੰਜਾਬ ਵਿੱਚ ਗਣੇਸ਼ ਦਾਸ ਵਡੇਰੇ ਨੇ ਸਾਫ਼ ਲਿਖਿਆ ਹੈ ਕਿ ਸਿੰਘਾਂ ਵੱਲੋਂ ਚਾਲੂ ਸਿੱਕੇ ਅਸਲ ਲਿਖਤ (ਇਬਾਰਤ) ਇਹ ਸੀ :

‘ਦੇਗੋ ਤੇਗੋ ਫਤਹ ਓ ਨੁਸਰਤ ਬੇ ਦਰੰਗ  !

ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ’

ਸਿੰਘਾਂ ਨੇ ਰਾਜ ਪ੍ਰਬੰਧ ਸਥਾਪਤ ਕਰ ਕੇ ਦੁਰਾਨੀ ਦੇ ਯਾਰਾਂ-ਗਦਾਰਾਂ ਨੂੰ ਸੋਧਣਾ ਆਰੰਭਿਆ । ਸਿੱਖਾਂ ਦਾ ਸਭ ਤੋਂ ਵੱਡਾ ਦੋਖੀ ਆਕਲ ਦਾਸ ਜੰਡਿਆਲੀਆ ਸੀ। ਖਾਲਸੇ ਨੇ ਜੰਡਿਆਲੇ ਨੂੰ ਜਾ ਘੇਰਾ ਪਾਇਆ।  ਡਾ. ਨਾਰੰਗ ਅਨੁਸਾਰ ਪੰਨਾ 232 ਇਬਰਨ ਨਾਮੇ ਦਾ ਲਿਖਾਰੀ ਲਿਖਦਾ ਹੈ ਕਿ ਆਕਲ ਦਾਸ ਨੇ ਚਿੱਠੀ ਲਿੱਖ ਕੇ ਦੁਰਾਨੀ ਨੂੰ ਸੁਨੇਹਾ ਭੇਜਿਆ ਕਿ ਮੇਰੀ ਜਾਨ ਲਬਾਂ ’ਤੇ ਪਈ ਹੈ।  ਮੇਰੇ ਮਰਨ ਪਿੱਛੋਂ ਤੇਰੀ ਤਾਕਤ ਦਾ ਕੀ ਲਾਭ   ?   ਦੁਰਾਨੀ ਪਹਿਲਾਂ ਹੀ ਨੀਅਤ ਕਰੀ ਬੈਠਾ ਸੀ ਕਿ ਮਰਾਠਿਆ ਨੂੰ ਮਾਰ ਲਿਆ ਹੁਣ ਇਸ ਵਾਰੀ ਸਿੰਘਾਂ ਨੂੰ ਮਾਰ ਮੁਕਾਉਣਾ ਹੈ, ਇਸ ਮਨੋਰਥ ਤਹਿਤ ਅਬਦਾਲੀ ਛੇਵਾਂ ਹੱਲਾ ਕਰ ਕੇ ਫਰਵਰੀ 1762 ਨੂੰ ਲਾਹੌਰ ਪੁੱਜਾ।

ਸਿੰਘ ਇਸ ਤੋਂ ਪਹਿਲਾਂ ਹੀ ਸਰਹੰਦ ਵੱਲ ਨਿਕਲ ਗਏ ਸਨ ਤਾਂ ਕਿ ਆਪਣੇ ਪਰਿਵਾਰ ਸਾਂਭ ਸੰਭਾਲ਼ ਕੇ ਮਾਲਵੇ ਪਹੁੰਚਾ ਸਕਣ। ਖਾਲਸੇ ਦਾ ਵਹੀਰ ਅਜੇ ਕੁੱਪਰਹੀੜੇ ਦੇ ਮੈਦਾਨ ਵਿੱਚ ਹੀ ਜਾ ਰਿਹਾ ਸੀ ਜਦੋਂ ਕਿ 3 ਫਰਵਰੀ ਨੂੰ ਲਾਹੌਰ ਤੋਂ ਚੱਲ ਕੇ ਦੁਰਾਨੀ ਫੋਰਨ 5 ਫਰਵਰੀ 1762 ਨੂੰ ਕੁੱਪਰਹੀੜੇ ਪੁੱਜ ਗਿਆ।  ਅਗੋਂ ਮੂਹਰਿਓਂ ਜੈਨ ਖ਼ਾਂ ਹਾਕਮ ਸਰਹੰਦ ਅਤੇ ਭੀਖਨ ਖ਼ਾਂ ਨਵਾਬ ਮਲੇਰ ਕੋਟਲੇ ਦੀਆਂ ਫੌਜਾਂ ਖਾਲਸਾਈ ਵਹੀਰ ਨੂੰ ਘੇਰ ਕੇ ਲੜ ਰਹੀਆਂ ਸਨ ਤੇ ਪਿੱਛੋਂ ਦੁਰਾਨੀ 50 ਹਜ਼ਾਰ ਫੌਜ 20-25 ਹਜ਼ਾਰ ਮੁਸਲਿਮ ਮੁਲਖਈਆ ਲੈ ਕੇ ਚੜ੍ਹ ਆਇਆ। ਸਿੰਘਾਂ ਦੀ ਗਿਣਤੀ ਵੀ ਬੱਚਿਆਂ, ਸਿੰਘਣੀਆਂ ਸਮੇਤ 50 ਹਜ਼ਾਰ ਤੋਂ ਉੱਪਰ ਹੀ ਸੀ। ਬਹੁਤ ਭਾਰਾ ਖ਼ੂਨੀ ਜੰਗ ਹੋਇਆ। ਕੋਈ ਸਿੰਘ ਨਾ ਬਚਿਆ ਜੋ ਜ਼ਖਮੀ ਨਾ ਹੋਇਆ ਹੋਵੇ, ਸ. ਸੰਗੂ ਸਿੰਘ ਤੇ ਸ਼ੇਖੂ ਸਿੰਘ ਹੰਬਲਵਾਲ ਵਹੀਰ ਨੂੰ ਬਚਾ ਕੇ ਬਰਨਾਲੇ ਵੱਲ ਲਿਜਾ ਰਹੇ ਸਨ ਉਧਰੋਂ ਸ਼ਾਹ ਵਲੀ ਖ਼ਾਨ 10 ਹਜ਼ਾਰ ਫੌਜ ਲੈ ਕੇ ਹਿਸਾਰ ਵੱਲੋਂ ਆ ਗਿਆ, ਜਿਸ ਨੇ ਸਿੰਘਣੀਆਂ ਤੇ ਬੱਚਿਆਂ ਦਾ ਬਹੁਤ ਨੁਕਸਾਨ ਕੀਤਾ।

ਸ. ਜੱਸਾ ਸਿੰਘ ਜੀ ਨੂੰ 22 ਅਤੇ ਸ. ਚੜ੍ਹਤ ਸਿੰਘ ਨੂੰ 16 ਜ਼ਖਮ ਹੋ ਗਏ ਸਨ, ਸਿੰਘ ਪਿੱਛੇ ਹਟਦੇ-ਹਟਦੇ ਕੁਤਬੇ ਬਾਹਮਣੀ ਤੋਂ ਅੱਗੇ ਹਠੂਰ ਦੀ ਢਾਬ ਉੱਤੇ ਪੁੱਜੇ ਇੱਥੋਂ ਦੋਹਾਂ ਥੱਕੀਆਂ ਫੌਜਾਂ ਨੇ ਪਾਣੀ ਪੀਤਾ।  ਸਿੰਘਾਂ ਦੀ ਗੁਪਤ ਮਦਦ ਕਰਨ ਵਾਲੇ ਸ. ਆਲਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਬਦਾਲੀ ਨੇ ਹੁਕਮ ਕੀਤਾ ਕਿ ਸ. ਆਲਾ ਸਿੰਘ ਦਾ ਸਿਰ ਮੁੰਨ ਕੇ ਮੇਰੇ ਕੋਲ ਪੇਸ਼ ਕਰੋ।  ਸ. ਆਲਾ ਸਿੰਘ ਨੇ ਕਿਹਾ ਕਿ ਮੈਂ ਸਵਾ ਲੱਖ ਨਜ਼ਰਾਨਾ ਦੇਵਾਂਗਾ ਪਰ ਮੇਰੇ ਕੇਸ ਨਾ ਕੱਟੇ ਜਾਣ, ਇਵੇਂ ਹੀ ਹੋਇਆ, ਸ. ਆਲਾ ਸਿੰਘ ਨੇ ਪੰਜ ਲੱਖ ਨਜ਼ਰਾਨਾ ਅਤੇ ਸਵਾ ਲੱਖ ਕੇਸਾਂ ਦਾ ਦੇ ਕੇ ਰਿਹਾਈ ਪਾਈ।  15 ਫਰਵਰੀ 1762 ਨੂੰ ਅਬਦਾਲੀ ਸਰਹੰਦ ਤੋਂ ਲਾਹੌਰ ਨੂੰ ਮੁੜਿਆ ਤੇ ਉਸ ਨੇ ਆਪਣੇ ਨਾਲ ਪੰਜਾਹ ਗੱਡੇ ਸਿੰਘਾਂ ਦੇ ਸਿਰਾਂ ਦੇ ਲੱਦੇ ਹੋਏ ਸਨ।  ਰਸਤੇ ਵਿੱਚ ਉਸ ਨੇ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਨੂੰ ਬਾਰੂਦ ਨਾਲ ਉੱਡਾ ਦਿੱਤਾ, ਇਸ ਸਮੇਂ ਇੱਕ ਇੱਟ ਉਸ ਦੇ ਨੱਕ ਉੱਤੇ ਵੱਜੀ, ਜਿਸ ਨਾਲ ਜ਼ਿੰਦਗੀ ਭਰ ਨਸੂਰ ਵੱਗਦਾ ਰਿਹਾ, ਸਰੋਵਰ ਮਿੱਟੀ ਨਾਲ ਪੂਰ ਦਿੱਤਾ ਗਿਆ।  3 ਮਾਰਚ 1762 ਨੂੰ ਦੁਰਾਨੀ ਲਾਹੌਰ ਪੁੱਜਾ, ਉੱਥੇ ਸ਼ਹਿਰ ਦੇ ਦਰਵਾਜ਼ਿਆਂ ਤੇ ਸਿੰਘਾਂ ਦੇ ਸਿਰਾਂ ਦੇ ਮੀਨਾਰ ਬਣਾ ਕੇ ਖੜ੍ਹੇ ਕੀਤੇ ਗਏ ਤਾਂ ਕਿ ਦੁਨੀਆਂ ਦੇਖੇ ਕਿ ਸਿੰਘ ਮਾਰ ਮੁਕਾ ਦਿੱਤੇ ਗਏ ਹਨ, ਇਸ ਸਮੇਂ ਘੱਲੂਘਾਰੇ ਵਿੱਚ 12 ਹਜ਼ਾਰ ਤੋਂ ਵੱਧ ਸਿੰਘ ਸ਼ਹੀਦ ਹੋਏ।  ਤਾਰੀਖ ਅਹਿਮਦਸ਼ਾਹੀ ਤੇ ਇਬਰਨਾਮੇ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਗਿਣਤੀ 30 ਹਜ਼ਾਰ ਅਤੇ ਸਯਦ ਮੁਹੰਮਦ ਲਤੀਫ਼ ਤੇ ਕਨ੍ਹਈਆ ਲਾਲ ਨੇ 24 ਹਜ਼ਾਰ ਗਿਣਤੀ ਦਿੱਤੀ ਹੈ।  ਪ੍ਰਾਚੀਨ ਪੰਥ ਪ੍ਰਕਾਸ਼ ਅਨੁਸਾਰ ਸ. ਰਤਨ ਸਿੰਘ ਭੰਗੂ ਲਿਖਦੇ ਹਨ :

ਲੋਕ ਕਹੈਂ ਸਿੰਘ ਇੱਕ ਲੱਖ ਸਾਰਾ,

ਪਚਾਸ ਬਚਯੋ ਅੋਰ ਸਭ ਗਯੋ ਮਾਰਾ।

ਪਿਤਾ ਹਮਾਰੇ ਤੀਸ ਬਤਾਏ, ਰਹੇ ਸੁ ਮਰ ਔਰ ਬਚ ਕਰ ਆਏ।

ਪਿਤਾ ਚਾਚੋ ਦੁਇ ਹਮਥੇ ਸਾਥ, ਉਨ ਸੁਨੀ ਹਮ ਆਖੀ ਬਾਤ।

ਇਸ ਗਿਣਤੀ ਵਿੱਚ ਵਧੇਰੇ ਸੰਖਿਆ ਵਹੀਰ ਦੇ ਬਾਲ-ਬੱਚੇ, ਬਜ਼ੁਰਗਾਂ ਤੇ ਬੀਬੀਆਂ ਆਦਿ ਹੀ ਸਨ, ਜੋ ਚਹੁਂ ਪਾਸਿਓਂ ਘਿਰ ਜਾਣ ਕਾਰਨ ਕਤਲੇਆਮ ਦਾ ਸ਼ਿਕਾਰ ਹੋਏ, ਜਿਸ ਦਾ ਵੱਡਾ ਕਾਰਨ ਇਹ ਸੀ ਕਿ ਸਿੰਘਾਂ ਨੂੰ ਅਬਦਾਲੀ ਦੇ ਇਤਨੀ ਜਲਦੀ ਪੁੱਜ ਜਾਣ ਦੀ ਉਮੀਦ ਵੀ ਨਹੀਂ ਸੀ।  ਦੂਜਾ ਅਬਦਾਲੀ ਕੋਲ ਕੇਵਲ ਫ਼ੌਜ ਹੀ ਸੀ, ਪਰਿਵਾਰਾਂ ਦੀ ਰਾਖੀ ਦੀ ਜ਼ਿੰਮੇਦਾਰੀ ਨਹੀਂ ਸੀ।  ਸਿੰਘਾਂ ਨੇ ਚਹੁਂ ਤਰਫ਼ੀਂ ਵੈਰੀ ਦੇ ਆਹੂ ਵੀ ਲਾਹੇ ਅਤੇ ਨਾਲ-ਨਾਲ ਆਪਣੇ ਵਹੀਰ ਨੂੰ ਵੀ ਬਚਾ ਕੇ ਕੱਢਿਆ। ਐਸੀ ਮੁਸੀਬਤ ਸਮੇਂ ਦਿਲ ਤਕੜਾ ਕਰ ਕੇ ਹੀ ਅਜਿਹੀ ਕਠਿਨ ਜ਼ਿੰਮੇਵਾਰੀ ਨਿਭਾਈ ਜਾ ਸਕਦੀ ਹੈ, ਇਹ ਕਿਸੇ ਹਾਰੀ-ਸਾਰੀ ਦਾ ਕੰਮ ਨਹੀਂ ਹੁੰਦਾ।

ਇੰਨਾ ਜਾਨੀ ਨੁਕਸਾਨ ਹੋਣ ਦੇ ਬਾਵਜੂਦ ਸਿੰਘ ਆਖ ਰਹੇ ਸਨ ਕਿ ‘ਖੋਟ ਸੋ ਗਯੋ, ਤਤ ਸੁ ਲਹਯੋ’ ਭਾਵ ਖ਼ਾਲਸਾ ਘੱਲੂਘਾਰੇ ਦੀ ਅੱਗ ਵਿੱਚ ਸ਼ੁੱਧ ਕੁੰਦਨ ਹੋ ਗਿਆ ਹੈ। ਮਾਲਵੇ ਦੇ ਸਿੱਖਾਂ ਨੇ ਆਪਣੇ ਜ਼ਖਮੀ ਭਰਾਵਾਂ ਦੀਆਂ ਮਲ੍ਹਮ ਪੱਟੀਆਂ ਕੀਤੀਆਂ। ਸਿੰਘ ਘਬਰਾਏ ਨਹੀਂ ਅਬਦਾਲੀ ਅਜੇ ਲਾਹੌਰ ਵਿੱਚ ਹੀ ਸੀ ਕਿ ਸਿੰਘਾਂ ਨੇ ਮਈ 1762 ਨੂੰ ਸਰਹੰਦ ’ਤੇ ਧਾਵਾ ਕਰ ਦਿੱਤਾ, ਦੋਖੀਆਂ ਨੂੰ ਸੋਧਿਆ, ਜੈਨ ਖ਼ਾਂ ਨੇ 50 ਹਜ਼ਾਰ ਰੁਪਏ ਦੇ ਕੇ ਖਹਿੜਾ ਛੁਡਾਇਆ।  ਸਿੰਘਾਂ ਅੰਦਰ ਜੋਸ਼ ਉਬਾਲੇ ਲੈ ਰਿਹਾ ਸੀ ਕਿ ਅਬਦਾਲੀ ਤੋਂ ਬਦਲਾ ਲਿਆ ਜਾਏ।  17 ਅਕਤੂਬਰ 1762 ਦੀ ਦੀਵਾਲੀ ਮੌਕੇ 60 ਹਜ਼ਾਰ ਸਿੰਘਾਂ ਦਾ ਇਕੱਠ ਅੰਮ੍ਰਿਤਸਰ ਵਿਖੇ ਹੋਇਆ।  ਦੁਰਾਨੀ ਨੇ ਸੰਧੀ ਕਰਨ ਲਈ ਦੂਤ ਭੇਜਿਆ, ਪਰ ਸਿੰਘਾਂ ਨੇ ਕਰਾਰੇ ਹੱਥ ਵਿਖਾ ਕੇ ਸਖ਼ਤ ਭਾਂਜ ਦਿੱਤੀ।  ਉਹ ਲਾਹੌਰ ਨੂੰ ਮੁੜ ਗਿਆ, ਸਿੰਘ ਲੱਖੀ ਜੰਗਲ ਵੱਲ ਆ ਗਏ। ਨਵੰਬਰ 1762 ਵਿੱਚ ਉਸ ਨੇ ਲੱਖੀ ਜੰਗਲ ਵੱਲ ਵੀ ਫ਼ੌਜ ਭੇਜੀ ਪਰ ਸਿੰਘਾਂ ਦਾ ਕੁਝ ਨਾ ਵਿਗਾੜ ਸਕਿਆ।  ਅਖੀਰ ਪ੍ਰੇਸ਼ਾਨ ਹੋ ਕੇ 10-11 ਮਹੀਨੇ ਟੱਕਰਾਂ ਮਾਰ ਕੇ ਤੇ 40 ਲੱਖ ਸਲਾਨਾ ਲੈਣਾ ਕਰ ਕੇ ਜਾਂਦੀ ਵਾਰੀ ਆਲਮਗੀਰ ਸਾਨੀ ਦੇ ਬੇਟੇ ਗੌਹਰ ਨੂੰ ਤਖ਼ਤ ’ਤੇ ਬਿਠਾ ਕੇ ਨਜੀਬੁਦੌਲਾ ਨੂੰ ਉਸ ਦਾ ਵਜ਼ੀਰ ਥਾਪ ਕੇ ਅਤੇ ਖੁਆਜਾ ਅਬੀਦ ਖ਼ਾਂ ਨੂੰ ਲਾਹੌਰ ਦਾ ਹਾਕਮ ਬਣਾ ਕੇ ਕਾਬਲੀਮਲ ਨੂੰ ਉਸ ਦਾ ਦੀਵਾਨ ਥਾਪ ਕੇ 12 ਦਸੰਬਰ 1762 ਨੂੰ ਆਪਣੇ ਵਤਨ ਅਫ਼ਗਾਨਿਸਤਾਨ ਨੂੰ ਮੁੜ ਗਿਆ। ਸਿੰਘਾਂ ਨੇ ਉਸ ਨੂੰ ਝਨਾ ਤੱਕ ਲੁਟਿਆ ਦੋ ਲੱਖ ਮਰਾਠਿਆਂ ਨੂੰ ਕੁੱਟ ਕੁੱਟ ਕੇ ਭਜਾ ਦੇਣ ਵਾਲਾ ਅਬਦਾਲੀ ਹੈਰਾਨ ਸੀ ਕਿ ਹੁਣੇ ਹੀ ਕੁੱਪਰਹੀੜੇ ਦੇ ਸਥਾਨ ’ਤੇ ਕਰਾਰੀ ਸੱਟ ਮਾਰ ਕੇ ਮੁੜਿਆ ਹਾਂ ਪਰ ਇਹ ਫਿਰ ਵੀ ਚੜ੍ਹ-ਚੜ੍ਹ ਪੈਂਦੇ ਹਨ। ਦਲ ਖ਼ਾਲਸੇ ਨੇ ਪਹਿਲੇ ਵਾਂਗ ਫਿਰ ਦਿਨਾਂ ਵਿੱਚ ਹੀ ਸਾਰਾ ਪੰਜਾਬ ਆਪਣੇ ਕਬਜ਼ੇ ਵਿੱਚ ਕਰ ਲਿਆ।

ਆਓ, ਆਪਣੇ ਅੰਦਰ ਝਾਤ ਮਾਰੀਏ ਕਿ ਕਿਵੇਂ ਅੱਜ ਸਾਰੀ ਕੌਮ ਪਾਟੋ ਧਾੜ ਹੋ ਕੇ ਆਪਣੀ ਆਤਮਕ ਮੌਤ ਮਰ ਰਹੀ ਹੈ।  ਸਰੀਰਕ ਮੌਤ ਦਾ ਡਰ ਨਹੀਂ, ਪਰ ਜ਼ਮੀਰ ਮਰਨ ’ਤੇ ਕੌਮਾਂ ਨੇਸਤੋ ਨਬੂਦ ਹੋ ਜਾਂਦੀਆਂ ਹਨ। ਅੱਜ ਦਾ ਦੁਰਾਨੀ ਜਾਂ ਅਹਿਮਦ ਸ਼ਾਹ ਅਬਦਾਲੀ ਨਸ਼ਾ, ਪਤਿਤਪੁਣਾ, ਪਾਖੰਡੀ, ਡੇਰਾਵਾਦ, ਸਮੇਂ ਦੀ ਹਾਕਮ ਸ਼੍ਰੇਣੀ, ਆਦਿ ਹੈ।  ਇਨ੍ਹਾਂ ਤੋਂ ਕੌਮ ਨੂੰ ਸੁਰੱਖਿਅਤ ਕਰਨ ਲਈ ਇਕ ਸੁਰ, ਇੱਕ ਜੁਟ ਹੋਣ ਦੀ ਲੋੜ ਹੈ ਤਾਂ ਕਿ ਅੱਜ ਵੀ ਪੰਥ ਦੀ ਸ਼ਾਨ, ਮੁੜ ਬਰਕਰਾਰ ਹੋ ਸਕੇ; ਜਿਵੇਂ ਪੰਥ ਪ੍ਰਕਾਸ਼ ਦੇ ਕਰਤਾ ਨੇ ਆਪਣੀ ਰਚਨਾ ਵਿੱਚ ਅੰਕਿਤ ਕੀਤਾ ਹੈ :

ਵਾਹਨ ਸ਼ਿੰਗਾਰੇ ਰਹੈਂ, ਬਾਜਤੇ ਨਗਾਰੇ ਰਹੈਂ; ਵੈਰੀ ਭੁਮਿ ਡਾਰੇ ਰਹੈਂ, ਮੂੰਡਯੁਤ ਤਾਜ ਕੇ।

ਸੰਗਤੇ ਆਬਾਦ ਰਹੈਂ, ਆਵਤੇ ਪ੍ਰਸ਼ਾਦ ਰਹੈਂ; ਬਾਢੇ ਅਹਿਲਾਦ ਰਹੈਂ, ਧਰਮ ਸੁ ਕਾਜ ਕੇ।

ਗੱਦੀਆਂ ਅਟੱਲ ਰਹੈਂ, ਚੌਂਕੀਆਂ ਅਚੱਲ ਰਹੈਂ; ਬੁੰਗੇ ਝਲਾ ਝਲ ਰਹੈਂ, ਸਹਿਤ ਸਮਾਜ ਕੇ।

ਲਾਗਤੇ ਦੀਵਾਨ ਰਹੈਂ, ਗਾਵਤੇ ਸੁਜਾਨ ਰਹੈਂ; ਝੂਲਤੇ ਨਿਸ਼ਾਨ ਰਹੈਂ, ਪੰਥ ਮਹਾਰਾਜ ਕੇ। (ਪੰਥ ਪ੍ਰਕਾਸ਼ ਅਧਿਆਏ 97)