ਅਨੋਖਾ ਸਰੀਰਕ ਬਲ (ਗੁਰੂ ਅਰਜਨ ਸਾਹਿਬ)
ਗੁਰੂ ਸਾਹਿਬਾਨ ਦੇ ਜੀਵਨ ਕਾਲ ਸਮੇਂ ਸਿੱਖੀ ਦੇ ਪ੍ਰਚਾਰ ਤੇ ਸੰਭਾਲ ਲਈ ਜਿੱਥੇ ਗੁਰਬਾਣੀ ਦਾ ਪ੍ਰਚਾਰ ਭਰਪੂਰ ਹੁੰਦਾ ਸੀ ਉੱਥੇ ਨਾਲ-ਨਾਲ ਸਰੀਰਕ ਤਿਆਰੀ ਵੱਲ ਵੀ ਉਚੇਰਾ ਧਿਆਨ ਦਿੱਤਾ ਜਾਂਦਾ ਸੀ ਕਿਉਂਕਿ ਸਿੱਖ ਫ਼ਿਲਾਸਫੀ ਇਹ ਸਮਝਾਉਂਦੀ ਹੈ :
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥ (ਗੁ:ਗ੍ਰੰ:ਸਾ:ਅੰਕ 554) ਗੁਰਮਤਿ ਤਾਂ ਦ੍ਰਿੜ ਕਰਾਉਂਦੀ ਹੈ ਕਿ ਜਦ ਤੱਕ ਸਰੀਰਕ ਬਲ ਨਹੀਂ ਉਦੋਂ ਤੱਕ ਇਨਸਾਨ ਭਗਤੀ, ਸੇਵਾ, ਵੰਡ ਛਕਣਾ ਆਦਿਕ ਦੇ ਉੱਤਮ ਗੁਣਾਂ ਨੂੰ ਗ੍ਰਹਿਣ ਨਹੀਂ ਕਰ ਸਕਦਾ। ਗੁਰਮਤਿ ਨੇ ਇਹ ਦਰਸਾਇਆ ਹੈ ਕਿ ਮਰੀਅਲ ਸਰੀਰ ਕੁਝ ਨਹੀਂ ਕਰ ਸਕਣਗੇ ਇਸੇ ਲਈ ਹੀ ਗੁਰੂ ਅੰਗਦ
ਸਾਹਿਬ ਜੀ ਨੇ ਸਰੀਰਕ ਤਿਆਰੀ ਲਈ ਗੁਰਸਿੱਖਾਂ ਵਾਸਤੇ ਮੱਲ-ਅਖਾੜੇ ਪ੍ਰਾਰੰਭ ਕੀਤੇ ਅਤੇ ਇਹ ਗੁਰੂ ਘਰ ਵਿੱਚ ਆਮ ਪ੍ਰਚਲਿਤ ਹੋ ਗਏ।ਇਸੇ ਹੀ ਲੜੀ ਵਿੱਚ ਜਦੋਂ ਅਸੀਂ ਪੰਜਵੇਂ ਪਾਤਸ਼ਾਹ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਅਸਚਰਜ ਰਹਿ ਜਾਈਦਾ ਹੈ। ਗੁਰੂ ਅਰਜਨ ਸਾਹਿਬ ਜੀ ਦਾ ਵਿਆਹ (ਅਨੰਦ-ਕਾਰਜ) ਗੁਰੂ ਘਰ ਦੇ ਅਨਿਨ ਸਿੱਖ ਭਾਈ ਸੰਗਤ ਰਾਇ ਜੀ ਦੀ ਸਪੁੱਤਰੀ ਗੰਗਾ ਜੀ ਨਾਲ ਨੀਅਤ ਹੋਇਆ।ਭਾਈ ਕਿਸ਼ਨ ਚੰਦ ਜੀ ਫਿਲੌਰ ਦੇ ਨੇੜੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਉ ਦੇ ਰਹਿਣ ਵਾਲੇ ਸਨ। ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਆਪਣੇ ਮੁਖੀ ਗੁਰਸਿੱਖਾਂ ਨੂੰ ਨਾਲ ਲੈ ਪਿੰਡ ਮਉ ਜਾ ਪੁੱਜੇ।
ਪਿੰਡ ਦੇ ਬ੍ਰਾਹਮਣਾਂ ਅਤੇ ਜਾਤ ਅਭਿਮਾਨੀ ਖੱਤ੍ਰੀਆਂ ਨੇ ਜਦ ਵੇਖਿਆ ਕਿ ਗੁਰੂ ਸਾਹਿਬ ਜੀ ਨਾਲ ਹਰ ਸ਼੍ਰੇਣੀ (ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖੀ ਅੰਦਰ ਕੀ ਮੁਸਲਮਾਨ, ਕੀ ਹਿੰਦੂ ਤੇ ਕੀ ਨੀਚ-ਊਚ ਜਾਤ ਹਰ ਤਰ੍ਹਾਂ ਦੇ ਲੋਕ ਵਿੱਚ ਪ੍ਰਵੇਸ਼ ਕਰ ਚੁਕੇ ਸਨ ਭਾਵੇਂ ਉਹਨਾਂ ਦੇ ਨਾਂ ਨਹੀਂ ਸਨ ਬਦਲੇ ਜਾਂਦੇ। ਲੋਕਾਂ ਦੀ ਨਿਗਾਹ ਵਿੱਚ ਉਹ ਅਜੇ ਵੀ ਮੁਸਲਮਾਨ ਜਾਂ ਹਿੰਦੂ ਸਨ ਪਰ ਸਿੱਖੀ ਵਿੱਚ ਪ੍ਰਵੇਸ਼ ਉਪਰੰਤ ਉਹਨਾਂ ਨੇ ਸਿੱਖ ਧਰਮ ਅਪਣਾ ਲਿਆ ਹੁੰਦਾ ਸੀ) ਦੇ ਗੁਰਸਿੱਖ ਸਨ ਉਹ ਬਹੁਤ ਔਖੇ ਹੋਏ ਤੇ ਕਲਪੇ ਕਿ ਅਸੀਂ ਇਹ ਕਿਵੇਂ ਪ੍ਰਵਾਨ ਕਰੀਏ ਕਿ ਖੱਤ੍ਰੀ ਦੇ ਘਰ ਢੁਕਾਅ ਹੋਵੇ ਪਰ ਬਰਾਤ ਵਿੱਚ ਸ਼ੂਦਰ ਤੇ ਮੁਸਲਮਾਨ ਵੀ ਆਉਣ। ਇਸ ਉੱਤੇ ਪਿੰਡ ਵਾਲਿਆਂ ਨੇ ਪੰਚਾਇਤ ਦੀ ਮੀਟਿੰਗ ਕੀਤੀ। ਬਰਾਤ ਵਾਪਸ ਮੋੜ ਦੇਣ ਲਈ ਲਗੇ ਵਿਉਂਤਾਂ ਘੜਣ। ਆਖ਼ਿਰ ਇਹ ਵਿਉਂਤ ਬਣੀ ਕਿ ਇਹ ਕਿਹਾ ਜਾਵੇ ਕਿ ਸਾਡੇ ਪਿੰਡ ਦਾ ਰਿਵਾਜ਼ ਹੈ ਕਿ ਜਦ ਕੋਈ ਵਿਆਹ ਹੁੰਦਾ ਹੈ ਤਾਂ ਨੀਂਗਰ (ਲਾੜਾ) ਨੂੰ ਕਿੱਲਾ ਨੇਜ਼ੇ ਨਾਲ ਪੁੱਟਣਾ ਪੈਂਦਾ ਹੈ। ਪਰ ਸ਼ਰਾਰਤ ਉਹਨਾਂ ਇਹ ਕੀਤੀ ਕਿ ਇੱਕ ਜੰਡ ਦਾ ਦਰਖੱਤ ਇਸ ਨਿਸ਼ਚੇ ਨਾਲ ਉਤੋਂ ਵੱਢ ਛਿਲ-ਛਿਲਾ ਕੇ ਕਿੱਲੇ ਦੀ ਤਰ੍ਹਾਂ ਬਣਾ ਦਿੱਤਾ ਕਿ ਇਹ ਜੜ੍ਹਾਂ ਸਮੇਤ ਕਿਹੜਾ ਜੰਡ ਪੁੱਟਿਆ ਜਾ ਸਕਣਾ ਹੈ ? ਉਹਨਾਂ ਆ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਹੱਸ ਪਏ ਤੇ ਨੇਜ਼ਾ ਹੱਥ ਵਿੱਚ ਲੈ ਕੇ ਘੋੜੇ ਤੇ ਸਵਾਰ ਹੋ ਕੇ ਇੱਕੋ ਹੀ ਹੱਲੇ ਵਿੱਚ ਜੰਡ ਦੇ ਦਰਖ਼ਤ ਦਾ ਬਣਾਇਆ ਹੋਇਆ ਕਿੱਲਾ ਜੋ ਜੜ੍ਹਾਂ ਸਮੇਤ ਸੀ ਪੁੱਟ ਕੇ ਰੱਖ ਦਿੱਤਾ। ਪਿੰਡ ਦੇ ਸਾਰੇ ਚੌਧਰੀ ਤੇ ਬ੍ਰਾਹਮਣ ਆਪਣੀ ਇਸ ਸ਼ਰਾਰਤ ਉੱਤੇ ਬਹੁਤ ਘਬਰਾਏ ਤੇ ਦੌੜ ਗਏ।ਸਾਰਾ ਪਿੰਡ ਆ ਹਾਜ਼ਿਰ ਹੋਇਆ ਤੇ ਖ਼ਿਮਾ ਮੰਗੀ। ਇੱਥੋਂ ਤੱਕ ਕਿ ਮਾਤਾ ਗੰਗਾ ਜੀ ਆਪ ਹਾਜ਼ਿਰ ਹੋਏ ਅਤੇ ਬੇਨਤੀ ਕੀਤੀ ਕਿ “ਸੱਚੇ ਪਾਤਸ਼ਾਹ ! ਸਾਡਾ ਕੀ ਕਸੂਰ ਹੈ ਕਸੂਰ ਤਾਂ ਜਾਤ ਅਭਿਮਾਨੀਆਂ, ਪੰਡਿਤਾਂ ਤੇ ਪੁਰੋਹਿਤਾਂ ਦਾ ਹੈ ਜੋ ਗੁਰੂ ਘਰ ਨਾਲ ਮੁੱਢ ਤੋਂ ਖਹਿੰਦੇ ਆਏ ਹਨ।’ ਇਸ ਤੇ ਗੁਰੂ ਸਾਹਿਬ ਜੀ ਨੇ ਰਿਸ਼ਤਾ ਪ੍ਰਵਾਨ ਕਰ ਲਿਆ ਤੇ ਫਿਰ ਅਨੰਦ ਕਾਰਜ ਹੋਇਆ। ਬਾਬਾ ਬੁੱਢਾ ਜੀ ਨੇ ਲਾਵਾਂ ਪੜ੍ਹੀਆਂ ਤੇ ਭਾਈ ਗੁਰਦਾਸ ਜੀ ਨੇ ਸਾਰੀ ਅਨੰਦ ਕਾਰਜ ਦੀ ਕਾਰਵਾਈ ਕਰਵਾਈ। ਇਹ ਅਨੰਦ ਕਾਰਜ ਸੰਨ 1589 ਈਸਵੀ ਵਿੱਚ ਹੋਇਆ। ਇਹਨਾਂ ਦੇ ਹੀ ਗ੍ਰਹਿ ਵਿਖੇ ਮਹਾਂਬਲੀ ਯੋਧਾ (ਗੁਰੂ) ਹਰਿਗੋਬਿੰਦ ਸਾਹਿਬ ਜੀ 19 ਜੂਨ ਸੰਨ 1595 ਈਸਵੀ ਵਿੱਚ ਪ੍ਰਗਟੇ। ਸੋ ਇਸ ਸਾਖੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਿੱਥੇ ਗੁਰੂ ਅਰਜਨ ਸਾਹਿਬ ਜੀ ਆਤਮਿਕ ਗੁਣਾਂ ਨਾਲ ਭਰਪੂਰ ਇੱਕ ਮਹਾਨ ਸ਼ਖ਼ਸੀਅਤ ਅਤੇ ਗੁਰਬਾਣੀ ਦੇ ਪੁੰਜ ਸਨ ਉੱਥੇ ਨਾਲ ਹੀ ਨਾਲ ਉਹਨਾਂ ਨੂੰ ਘੋੜ-ਸਵਾਰੀ ਅਤੇ ਸ਼ਸਤਰ ਵਿਦਿਆ ਵਿੱਚ ਵੀ ਲਾਸਾਨੀ ਨਿਪੁੰਨਤਾ ਹਾਸਿਲ ਸੀ ਅਤੇ ਕਮਾਲ ਦੇ ਬਹਾਦਰ ਸਨ।