ਮਿਸ਼ਨਰੀ ਲਹਿਰ ਦੀ ਵਿਲੱਖਣ ਸ਼ਖ਼ਸੀਅਤ- ਪ੍ਰਿੰਸੀਪਲ ਹਰਭਜਨ ਸਿੰਘ ਜੀ ਚੇਅਰਮੈਨ

0
358

ਮਿਸ਼ਨਰੀ ਲਹਿਰ ਦੀ ਵਿਲੱਖਣ ਸ਼ਖ਼ਸੀਅਤ- ਪ੍ਰਿੰਸੀਪਲ ਹਰਭਜਨ ਸਿੰਘ ਜੀ ਚੇਅਰਮੈਨ

ਪ੍ਰਿੰਸੀਪਲ ਸੁਰਿੰਦਰ ਸਿੰਘ ਜੀ (ਅਨੰਦਪੁਰ ਸਾਹਿਬ)

ਸਿੰਘ ਸਭਾ ਲਹਿਰ ਵਰਗੀ ਮਿਸ਼ਨਰੀ ਲਹਿਰ ਨੂੰ ਪੈਦਾ ਕਰਨ ਵਾਲੇ ਇਸ ਲਹਿਰ ਦੇ ਚਾਰ ਵੱਡੇ ਥੰਮ੍ਹ ਸ: ਮਹਿੰਦਰ ਸਿੰਘ ਜੋਸ਼ ਜੀ, ਸ: ਸੁਰਜੀਤ ਸਿੰਘ ਜੀ ਦਿੱਲੀ, ਸ: ਕੰਵਰ ਮਹਿੰਦਰ ਪ੍ਰਤਾਪ ਸਿੰਘ ਜੀ ਅਤੇ ਸ: ਹਰਭਜਨ ਸਿੰਘ ਜੀ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਸਨ। ਇਨ੍ਹਾਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਸ: ਹਰਭਜਨ ਸਿੰਘ ਜੀ ਦਾ ਜਨਮ 22 ਅਪ੍ਰੈਲ ਸੰਨ 1947 ਨੂੰ ਪਿੰਡ ਉਕਾੜਾ ਜ਼ਿਲ੍ਹਾ ਮਿੰਟ ਗੁਮਰੀ, ਪਾਕਿਸਤਾਨ ਵਿਖੇ ਭਾਈ ਪਿਆਰਾ ਸਿੰਘ ਜੀ ਦੇ ਗ੍ਰਹਿ ਵਿਖੇ ਹੋਇਆ।   7 ਮਈ 2021 ਤੱਕ ਪ੍ਰਿੰਸੀਪਲ ਸਾਹਿਬ ਨੇ ਭਾਵੇਂ 74 ਸਾਲ ਦੀ ਉਮਰ ਸੰਪੂਰਨ ਕਰ ਲਈ, ਪਰ ਇਸ ਵਿੱਚੋਂ ਆਪਣੇ ਜ਼ਿੰਦਗੀ ਦੇ 60 ਸਾਲ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਮਰਪਿਤ ਕੀਤੇ। ਅਜੇ ਦੋ ਤਿੰਨ ਮਹੀਨਿਆਂ ਦੇ ਹੀ ਸਨ ਕਿ 1947 ਵਿੱਚ ਦੇਸ਼ ਦੀ ਵੰਡ ਹੋ ਗਈ ਤੇ ਆਪ ਦੇ ਮਾਤਾ ਪਿਤਾ ਐਸੇ ਹਾਲਾਤਾਂ ਵਿੱਚ ਆਪਣਾ ਘਰ ਬਾਰ ਛੱਡ ਕੇ ਲੁਧਿਆਣੇ ਵਿਖੇ ਆ ਗਏ। ਬਦਲੇ ਹੋਏ ਹਾਲਾਤ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਰਸ਼ ਤੋਂ ਫਰਸ਼ ’ਤੇ ਲੈ ਆਂਦਾ। ਅੱਤ ਦੀ ਗਰੀਬੀ ਕਾਰਨ ਆਪ ਨੂੰ ਸਕੂਲੀ ਪੜ੍ਹਾਈ ਦੇ ਦਿਨਾਂ ਵਿੱਚ ਡਬਲ ਰੋਟੀਆਂ ਵੇਚ ਕੇ ਆਪਣੀ ਪੜ੍ਹਾਈ ਦਾ ਖ਼ਰਚਾ ਪੂਰਾ ਕਰਨਾ ਪਿਆ। ਪਤਾ ਲੱਗਣ ’ਤੇ ਇਨ੍ਹਾਂ ਦੇ ਅਧਿਆਪਕ ਨੇ ਆਪ ਨੂੰ ਤਿੰਨ ਟਿਊਸ਼ਨਾਂ ਦੇ ਦਿੱਤੀਆਂ। ਆਪ ਇੰਨੀ ਤੀਖਣ ਬੁੱਧੀ ਦੇ ਮਾਲਕ ਸਨ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਿਆਂ ਹੋਇਆਂ ਅੱਠਵੀਂ ਦੇ ਵਿਦਿਆਰਥੀਆਂ ਨੂੰ ਸਾਇੰਸ ਤੇ ਅੰਗਰੇਜ਼ੀ ਦੀ ਪੜ੍ਹਾਈ ਕਰਵਾਈ। ਘਰ ਦੇ ਸਿੱਖੀ ਵਾਤਾਵਰਨ ਕਾਰਨ ਇਨ੍ਹਾਂ ਨੇ 10 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ। ਸੰਨ 1961 ਵਿੱਚ ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਪੁਲਿਸ ਨੇ ਕਰਨਾਲ ਵਿਖੇ ਕਾਕਾ ਇੰਦਰਜੀਤ ਸਿੰਘ ਨੂੰ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਪੰਥ ਵਿੱਚ ਇਸ ਸ਼ਹੀਦੀ ਨੇ ਜੋਸ਼ ਭਰ ਦਿੱਤਾ ਤੇ ਇਹ ਮੋਰਚਾ ਹੋਰ ਪ੍ਰਚੰਡ ਹੋ ਗਿਆ। ਸ: ਹਰਭਜਨ ਸਿੰਘ ਜੀ 14 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨਾਲ ਲੁਧਿਆਣੇ ਵਿਖੇ ਰੋਸ ਮੁਜਾਹਰੇ ਵਿੱਚ ਸ਼ਾਮਲ ਹੋਏ ਅਤੇ 2 ਮਹੀਨੇ ਦੀ ਜੇਲ੍ਹ ਯਾਤਰਾ ਵੀ ਕੀਤੀ। ਸੰਨ 1963 ਵਿੱਚ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਤੋਂ ਦਸਵੀਂ ਕਲਾਸ ਪਾਸ ਕੀਤੀ ਅਤੇ ਪ੍ਰੀ ਇੰਜੀਨੀਅਰਿੰਗ ਗੌਰਮੈਂਟ ਕਾਲਜ ਤੋਂ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ 1969 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਐੱਸ.ਸੀ. ਕੀਤੀ ਅਤੇ ਗੋਲਡ ਮੈਡਲ ਪ੍ਰਾਪਤ ਕੀਤਾ। ਪ੍ਰਿੰ: ਸਾਹਿਬ ਹਾਕੀ ਦੇ ਵੀ ਚੰਗੇ ਖਿਡਾਰੀ ਸਨ। ਦੁਨੀਆਵੀ ਪੜ੍ਹਾਈ ਦੇ ਨਾਲ ਨਾਲ ਉਹ ਘਰੇਲੂ ਵਾਤਾਵਰਨ ਕਰਕੇ ਗੁਰਮਤਿ ਦਾ ਗਿਆਨ ਵੀ ਪ੍ਰਾਪਤ ਕਰਦੇ ਰਹੇ। ਸੰਨ 1960 ਤੋਂ ਲੈ ਕੇ 1964 ਤੱਕ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ਦੇ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੀ ਪ੍ਰੀਖਿਆ ’ਚੋਂ ਪੰਜਾਬ ਵਿੱਚੋਂ ਪਹਿਲੀ ਤੇ ਦੂਜੀ ਪੁਜੀਸ਼ਨ ਪ੍ਰਾਪਤ ਕਰਦੇ ਰਹੇ। ਧਾਰਮਿਕ ਸਰਗਰਮੀਆਂ ਵਿੱਚ ਸੰਨ 1968-69 ਵਿੱਚ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨਾਲ ਜੁੜੇ। ਸੰਨ 1969 ਵਿੱਚ ਗੁਰਮਤਿ ਸਿਖਲਾਈ ਕੇਂਦਰ ਆਰੰਭ ਕੀਤਾ ਅਤੇ ਬੱਚਿਆਂ ਨੂੰ ਗੁਰਬਾਣੀ ਦੇ ਸ਼ੁੱਧ ਪਾਠ ਤੇ ਕੀਰਤਨ ਦੀ ਸਿਖਲਾਈ ਦਿੱਤੀ। ਸੰਨ 1970 ਵਿੱਚ ਗੁਰਮਤਿ ਪ੍ਰਚਾਰ ਸੁਸਾਇਟੀ ਨਾਲ ਜੁੜ ਕੇ ਗੁਰਮਤਿ ਸੇਧਾਂ ਨਾਮ ਦੇ ਪਰਚੇ ਦੀ ਸੰਪਾਦਨਾ ਕਰਦੇ ਰਹੇ। ਸੰਨ 1975-76 ਵਿੱਚ ਗੁਰਮਤਿ ਮਿਸ਼ਨਰੀ ਕਾਲਜ ਦਿੱਲੀ ਦੇ ਮੈਂਬਰ ਬਣ ਕੇ ਗੁਰਮਤਿ ਪ੍ਰਚਾਰ ਵਿੱਚ ਡਟ ਗਏ। ਯੋਗਤਾ ਨੂੰ ਮੁੱਖ ਰੱਖ ਕੇ ਕੁੱਝ ਹੀ ਸਮੇਂ ਵਿੱਚ ਆਪ ਜੀ ਨੂੰ ਸਮੁੱਚੇ ਪੰਜਾਬ ਅਤੇ ਜੰਮੂ ਕਸ਼ਮੀਰ ਦੇ ਇਲਾਕੇ ਦਾ ਇੰਚਾਰਜ ਬਣਾ ਦਿੱਤਾ ਗਿਆ। ਜਦੋਂ ਦਿੱਲੀ ਵਾਲੀ ਸੰਸਥਾ ਵਿੱਚ ਮਤਭੇਦ ਪੈਦਾ ਹੋਣ ਕਰਕੇ ਸੰਨ 1980 ਵਿੱਚ ਲੁਧਿਆਣੇ ਤੋਂ ਹੀ ‘ਸਿੱਖ ਮਿਸ਼ਨਰੀ ਕਾਲਜ’ ਨਾਮ ਦੀ ਸੰਸਥਾ ਆਰੰਭ ਕੀਤੀ ਤਾਂ ਇਸ ਸੰਸਥਾ ਦੇ ਫਾਊਂਡਰ ਮੈਂਬਰਾਂ ਨੇ ਹਰਭਜਨ ਸਿੰਘ ਜੀ ਨੂੰ ਸੰਸਥਾ ਦਾ ਮੁਖੀ ਚੁਣ ਲਿਆ। ਮਾਸਕ ਪੱਤਰ ਸਿੱਖ ਫੁਲਵਾੜੀ ਦੇ ਸੰਪਾਦਕ ਵੀ ਬਣਾਏ ਗਏ। ਲਿਟਰੇਚਰ ਦੀ ਛਪਾਈ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ’ਤੇ ਆ ਪਿਆ। ਉਦੋਂ ਤੋਂ ਆਪ ਰੋਜ਼ਾਨਾ ਦਫ਼ਤਰ ਵਿੱਚ ਬਹਿ ਕੇ 16-16 ਜਾਂ 18-18 ਘੰਟਿਆਂ ਵਿੱਚ ਦਫ਼ਤਰ ਦੀ ਸੇਵਾ ਜਾਂ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਰਹੇ। ਉਨ੍ਹਾਂ ਨੇ 1980 ਤੋਂ ਲੈ ਕੇ 6 ਮਈ 2021 ਤੱਕ ਬਤੌਰ ਚੇਅਰਮੈਨ ਸਿੱਖ ਮਿਸ਼ਨਰੀ ਕਾਲਜ ਦੀ ਸੇਵਾ ਕਰਦਿਆਂ ਸੇਵਾ ਨਿਭਾਈ ਅਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੇ ਅਚਨਚੇਤ ਵਿਛੋੜੇ ਨਾਲ ਸੰਸਥਾ ਅਤੇ ਸਿੱਖ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜਿਸ ਘਾਟੇ ਨੂੰ ਪੂਰਾ ਕਰਨ ਲਈ ਹਰ ਮਿਸ਼ਨਰੀ ਵੀਰ ਤੇ ਭੈਣ ਨੂੰ ਸ: ਹਰਭਜਨ ਸਿੰਘ ਜੀ ਦਾ ਰੂਪ ਧਾਰਨ ਕਰਨਾ ਪਵੇਗਾ। ਸਤਿਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਕਿਸੇ ਸ਼ਖ਼ਸੀਅਤ ਨਾਲ ਨਹੀਂ ਜੋੜਿਆ ਸਗੋਂ ਸ਼ਬਦ ਗੁਰੂ ਜਾਂ ਸਿੱਖੀ ਸਿਧਾਂਤ ਨਾਲ ਜੁੜਨ ਦੀ ਹਦਾਇਤ ਕੀਤੀ ਹੈ। ਇਸ ਲਈ ਅਸੀਂ ਪ੍ਰਿੰ. ਹਰਭਜਨ ਸਿੰਘ ਜੀ ਦੇ ਗੁਣਾਂ ਦੇ ਧਾਰਨੀ ਬਣ ਕੇ ਸੰਸਥਾ ਅਤੇ ਸਿੱਖ ਕੌਮ ਦੀ ਸੇਵਾ ਵਿੱਚ ਉਨ੍ਹਾਂ ਵਰਗਾ ਹੀ ਵਡਮੁੱਲਾ ਯੋਗਦਾਨ ਪਾ ਸਕਦੇ ਹਾਂ। ਪ੍ਰਿੰਸੀਪਲ ਸਾਹਿਬ ਬਹੁਪੱਖੀ ਗੁਣਾਂ ਵਾਲੀ ਸ਼ਖ਼ਸੀਅਤ ਸਨ ਪਰ ਮੈਂ ਉਨ੍ਹਾਂ ਦੇ ਪੰਜ ਕੁ ਗੁਣਾਂ ਦਾ ਹੀ ਹੇਠ ਲਿਖੇ ਅਨੁਸਾਰ ਜ਼ਿਕਰ ਕਰਾਂਗਾ :

  1. ਪੰਥਕ ਏਕਤਾ ਦੇ ਮੁਦਈ ਪ੍ਰਿੰਸੀਪਲ ਸਾਹਿਬ ਪੰਥਕ ਏਕਤਾ ਦੇ ਬਹੁਤ ਵੱਡੇ ਮੁਦਈ ਸਨ। ਸਾਨੂੰ ਉਹ ਹਮੇਸ਼ਾ ਕਹਿੰਦੇ ਰਹੇ ਸਨ ਕਿ ਪੰਥ ਦੀਆਂ ਸਾਰੀਆਂ ਜਥੇਬੰਦੀਆਂ (ਨਿਹੰਗ ਸਿੰਘ, ਟਕਸਾਲਾਂ, ਸੇਵਾ ਪੰਥੀ, ਕਾਰ ਸੇਵਾ ਵਾਲੇ, ਮਹਾਂਪੁਰਸ਼ ਉਦਾਸੀ, ਨਿਰਮਲੇ, ਸਾਰੇ ਮਿਸ਼ਨਰੀ ਕਾਲਜ ਜਾਂ ਮੌਜੂਦਾ ਸਮੇਂ ਦੀਆਂ ਹੋਰ ਸਿੱਖ ਜਥੇਬੰਦੀਆਂ) ਜਦੋਂ ਤੱਕ ਇੱਕ ਮੰਚ ’ਤੇ ਇਕੱਠੀਆਂ ਨਹੀਂ ਹੋਣਗੀਆਂ ਤਦ ਤੱਕ ਪੰਥ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਦੋਂ ਇੱਕ ਸੰਪਰਦਾ ਦੀਆਂ ਕਾਰਵਾਈਆਂ ਬਾਰੇ ਮੇਰੇ ਵੱਲੋਂ ਇਤਰਾਜ਼ ਕੀਤਾ ਗਿਆ ਤਾਂ ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਕਿ ਸਿੱਖ ਮਿਸ਼ਨਰੀ ਕਾਲਜ ਦੇਣ ਹੀ ਉਸ ਸੰਪਰਦਾ ਦੀ ਹੈ। ਉਨ੍ਹਾਂ ਕਿਹਾ ਮੇਰੇ ਪਿਤਾ ਜੀ ਪਹਿਲਾਂ ਸਹਿਜਧਾਰੀ ਸਨ। ਇਸ ਸੰਪਰਦਾ ਦੇ ਸੰਪਰਕ ਵਿੱਚ ਆ ਕੇ ਉਹ ਸਿੱਖ ਬਣੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਅਤੇ ਮੇਰੇ ਪਿਤਾ ਜੀ ਤੋਂ ਮੈਨੂੰ ਆਲਮਗੀਰੀ ਸਿੱਖ ਮਤ ਦੀ ਸੋਝੀ ਪ੍ਰਾਪਤ ਹੋਈ ਹੈ। ਮੈਂ ਸਿੱਖ ਮਿਸ਼ਨਰੀ ਕਾਲਜ ਦੇ ਰਾਹੀਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਡਟ ਗਿਆ । ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗੁਣਾਂ ਦੀ ਸਾਂਝ ਕਰਨ ਦਾ ਹੁਕਮ ਕੀਤਾ ਹੈ। ਗੁਣਾਂ ਦੀ ਸਾਂਝ ਨਾਲ ਹੀ ਸਾਰੇ ਪੰਥ ਦੀ ਏਕਤਾ ਸੰਭਵ ਹੋ ਸਕਦੀ ਹੈ।
  2. ਸ਼ਬਦ ਗੁਰੂ ਦੀ ਸਰਵਉੱਚਤਾ ਪ੍ਰਿੰਸੀਪਲ ਸਾਹਿਬ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਕਾਇਮ ਰੱਖਣ ਲਈ ਹਮੇਸ਼ਾਂ ਪਹਿਰੇਦਾਰੀ ਕਰਦੇ ਰਹੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਵੀ ਗ੍ਰੰਥ ਦਾ ਪ੍ਰਕਾਸ਼ ਕਰਨ ਦਾ ਹਮੇਸ਼ਾਂ ਵਿਰੋਧ ਕਰਦੇ ਰਹੇ। ਉਹ ਹਮੇਸ਼ਾਂ ਕਹਿੰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਸਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਾਇਆ ਹੈ ਤੇ ਜੁਗੋ ਜੁਗ ਅਟੱਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦਾ ਮਾਲਕ ਬਣਾ ਦਿੱਤਾ ਹੈ। ਸਿੱਖ ਨੇ ਸ਼ਬਦ ਗੁਰੂ ਦੇ ਮੁਕਾਬਲੇ ਨਾ ਕਿਸੇ ਹੋਰ ਗ੍ਰੰਥ, ਮੂਰਤੀ ਜਾਂ ਕਿਸੇ ਸ਼ਖ਼ਸੀਅਤ ਆਦਿ ਨੂੰ ਮਾਨਤਾ ਨਹੀਂ ਦੇਣੀ ਹੈ।
  3. ਪੰਥਕ ਏਕਤਾ ਦਾ ਆਧਾਰ ਰਹਿਤ ਮਰਯਾਦਾ ਚੇਅਰਮੈਨ ਸਾਹਿਬ ਪੰਥਕ ਏਕਤਾ ਦਾ ਆਧਾਰ ਹਮੇਸ਼ਾ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਦੇ ਤੇ ਪ੍ਰਚਾਰਦੇ ਰਹੇ। ਉਹ ਕਹਿੰਦੇ ਸਨ ਕਿ ਦਸਮੇਸ਼ ਪਿਤਾ ਵੱਲੋਂ ਗੁਰੂ ਪੰਥ ਨੂੰ ਦਿੱਤੇ ਅਧਿਕਾਰਾਂ ਦੀ ਵਰਤੋਂ ਕੇਵਲ ਇੱਕ ਵਾਰ ਗੁਰੂ ਪੰਥ ਨੇ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਵੇਲੇ ਕੀਤੀ ਇਸ ਲਈ ਇਸ ਰਹਿਤ ਮਰਯਾਦਾ ਵਿੱਚ ਕਿਸੇ ਇੱਕ ਸੰਸਥਾ, ਇੱਕ ਵਿਅਕਤੀ, ਪੰਜ ਜਥੇਦਾਰ ਸਾਹਿਬਾਨ ਜਾਂ ਕਿਸੇ ਇੱਕ ਜਥੇਬੰਦੀ ਨੂੰ ਛੇੜਛਾੜ ਜਾਂ ਤਰਮੀਮ ਕਰਨ ਦਾ ਕੋਈ ਅਧਿਕਾਰ ਨਹੀਂ। ਜਿਸ ਤਰ੍ਹਾਂ ਇਸ ਰਹਿਤ ਮਰਯਾਦਾ ਨੂੰ ਬਣਾਉਣ ਸਮੇਂ 1912 ਤੋਂ ਲੈ ਕੇ 1952 ਤੱਕ ਲੰਬਾ ਸਮਾਂ ਵਿਚਾਰ-ਵਟਾਂਦਰਾ ਕਰ ਇਸ ਨੂੰ ਤਿਆਰ ਕੀਤਾ ਗਿਆ। ਉਸੇ ਤਰ੍ਹਾਂ ਹੀ ਸਮੁੱਚਾ ਗੁਰੂ ਪੰਥ ਇਸ ਵਿੱਚ ਮੁੜ ਤਰਮੀਮ ਕਰ ਸਕਦਾ ਹੈ। ਤਦ ਤੱਕ ਸਾਨੂੰ ਇਸ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ।
  4. ਦ੍ਰਿੜ੍ਹ ਇਰਾਦੇ ਦੇ ਮਾਲਕ ਸੰਨ 1981 ਵਿੱਚ ਉਨ੍ਹਾਂ ਦਾ ਇੱਕੋ ਇੱਕ ਬੇਟਾ ਪ੍ਰਭਜੋਤ ਸਿੰਘ 10 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ। ਭਾਈ ਭਿਖਾਰੀ ਜੀ ਵਾਂਗ ਉਨ੍ਹਾਂ ਨੇ ਇਸ ਅਸਹਿ ਸਦਮੇ ਨੂੰ ਸਹਿਜ ਵਿੱਚ ਰਹਿ ਕੇ ਸਹਾਰ ਲਿਆ, ਪਰ ਪ੍ਰਚਾਰਕ ਗਤੀਵਿਧੀਆਂ ’ਚ ਕੋਈ ਢਿੱਲ ਨਾ ਆਉਣ ਦਿੱਤੀ। ਉਨ੍ਹਾਂ ਨੂੰ ਦੋ ਵਾਰ ਦਿਲ ਦਾ ਦੌਰਾ ਪਿਆ ਅਤੇ ਬਾਈਪਾਸ ਸਰਜਰੀ ਵੀ ਹੋਈ। ਚਾਰ ਵਾਰ ਉਨ੍ਹਾਂ ਦਾ ਐਕਸੀਡੈਂਟ ਹੋਇਆ। ਦੋ ਵਾਰ ਲੱਤ ਫਰੈਕਚਰ ਹੋ ਗਈ ਤੇ ਇੱਕ ਵਾਰ ਗੁਰਦੁਆਰਾ ਖੇੜਾ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੇਂਦਰੀ ਸਮਾਗਮ ਦੌਰਾਨ ਰੀੜ੍ਹ ਦੀ ਹੱਡੀ ਦੇ ਚਾਰ ਮਣਕੇ ਵੀ ਸਲਿਪ ਹੋ ਗਏ। ਅਸਹਿ ਅਤੇ ਅਕਹਿ ਦਰਦ ਹੋਣ ਦੇ ਬਾਵਜੂਦ ਵੀ ਵੀਲ ਚੇਅਰ ’ਤੇ ਬੈਠ ਕੇ ਡੇਢ ਘੰਟਾ ਲਗਾਤਾਰ ਆਨੰਦ ਕਾਰਜ ਸਮੇਂ ਗੁਰਮਤਿ ਵਖਿਆਨ ਕੀਤਾ। ਅਨੇਕਾਂ ਪਰਿਵਾਰਕ ਮੁਸ਼ਕਲਾਂ ਵਿੱਚ ਘਿਰੇ ਰਹੇ ਪਰ ਸੰਸਥਾ ਦੀਆਂ ਧਰਮ ਪ੍ਰਚਾਰ ਸਰਗਰਮੀਆਂ ਵਿੱਚ ਕੋਈ ਬਿਘਨ ਨਾ ਪੈਣ ਦਿੱਤਾ।
  5. ਤਿਆਗ ਦੀ ਭਾਵਨਾ ਧਰਮ ਪ੍ਰਚਾਰ ਸਰਗਰਮੀਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਉਨ੍ਹਾਂ ਨੇ ਨਿੱਜੀ ਲਾਲਚ ਨੂੰ ਕਦੇ ਨੇੜੇ ਨਾ ਲੱਗਣ ਦਿੱਤਾ। ਸੰਨ 1969 ਵਿੱਚ ਆਪ ਨੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸਰਵਿਸ ਆਰੰਭ ਕਰ ਦਿੱਤੀ ਸੀ। ਆਪ ਨੂੰ ਪ੍ਰਮੋਸ਼ਨ ਦੇ ਕੇ ਟੈਕਨੀਕਲ ਆਫੀਸਰ ਬਣਾ ਕੇ ਤਿੰਨ ਮਹੀਨਿਆਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤਬਦੀਲ ਕਰ ਦਿੱਤਾ ਗਿਆ। ਰੋਜ਼ਾਨਾ ਆਉਣ ਜਾਣ ਦੇ ਸਫ਼ਰ ਵਿੱਚ ਇਨ੍ਹਾਂ ਨੇ ਸਿੱਖ ਧਰਮ ਫ਼ਿਲਾਸਫ਼ੀ ਦੇ ਪੰਜ ਭਾਗ ਲਿਖ ਕੇ ਕੌਮ ਨੂੰ ਸਮਰਪਿਤ ਕਰ ਦਿੱਤੇ। ਜਦੋਂ ਇਨ੍ਹਾਂ ਦੇ ਕੰਮ ਤੋਂ ਖ਼ੁਸ਼ ਹੋ ਕੇ ਇਨ੍ਹਾਂ ਦੇ ਮਹਿਕਮੇ ਨੇ ਪ੍ਰਮੋਟ ਕਰਨ ਲਈ ਇਨ੍ਹਾਂ ਦੀ ਰਜ਼ਾਮੰਦੀ ਮੰਗੀ ਤਾਂ ਇਨ੍ਹਾਂ ਨੇ ਪ੍ਰਮੋਸ਼ਨ ਲੈਣ ਤੋਂ ਇਨਕਾਰ ਕਰ ਦਿੱਤੀ ਅਤੇ ਸੰਨ 2001 ਵਿੱਚ ਬੈਂਕ ਤੋਂ ਅਗਾਊਂ ਸੇਵਾ ਮੁਕਤੀ ਲੈ ਕੇ ਸੰਸਥਾ ਨੂੰ 18-18 ਘੰਟੇ ਰੋਜ਼ਾਨਾ ਸਮਾਂ ਦੇ ਕੇ ਨਿਸ਼ਕਾਮ ਭਾਵਨਾ ਨਾਲ ਧਰਮ ਪ੍ਰਚਾਰ ਸਰਗਰਮੀਆਂ ਅੰਤਲੇ ਸੁਆਸਾਂ ਤੱਕ ਜਾਰੀ ਰੱਖੀਆਂ। ਜ਼ਿੰਦਗੀ ਦੇ ਲਗਭਗ 60 ਸਾਲ ਲਗਾਤਾਰ ਸੇਵਾ ਨਿਭਾ ਕਦੇ ਨਿੱਜੀ ਫਾਇਦਾ ਲੈਣ ਦੀ ਜਾਂ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਕੋਈ ਅਹੁਦਾ ਜਾਂ ਰੁਤਬਾ ਦੇਣ ਦੀ ਮੰਗ ਨਹੀਂ ਕੀਤੀ ਸਗੋਂ ਇਹ ਸਿੱਖਿਆ ਦਿੰਦੇ ਰਹੇ ਕਿ ਸੰਸਥਾਵਾਂ ਨੂੰ ਚੜ੍ਹਦੀ ਕਲਾ ਵਿੱਚ ਲਿਜਾਉਣ ਲਈ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਦੀਆਂ ਉਦਾਹਰਨਾਂ ਦੇ ਕੇ ‘‘ਤਖਤਿ ਬਹੈ ਤਖਤੈ ਕੀ ਲਾਇਕ ’’ (ਮਹਲਾ /੧੦੩੯) ਦਾ ਸਿਧਾਂਤ ਦ੍ਰਿੜ੍ਹ ਕਰਵਾਉਂਦੇ ਰਹੇ। ਉਨ੍ਹਾਂ ਦੇ ਅਚਨਚੇਤ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਦ੍ਰਿੜ੍ਹ ਕਰਵਾਈ ਹੋਈ ਸਿੱਖਿਆ ਦੇ ਮੁਤਾਬਕ ਹੀ ਸਿੱਖ ਮਿਸ਼ਨਰੀ ਕਾਲਜ ਦੀ ਸੁਪਰੀਮ ਕੌਂਸਲ ਨੇ ਸ: ਹਰਜੀਤ ਸਿੰਘ ਜੀ ਜਲੰਧਰ ਵਾਲਿਆਂ ਨੂੰ ਸੰਸਥਾ ਦਾ ਅਗਲਾ ਚੇਅਰਮੈਨ ਨਿਯੁਕਤ ਕਰ ਦਿੱਤਾ। ਪ੍ਰਿੰਸੀਪਲ ਸਾਹਿਬ ਦੇ ਪਰਿਵਾਰਕ ਮੈਂਬਰਾਂ (ਬੀਬੀ ਗੁਰਜੀਤ ਕੌਰ, ਦੋਵੇਂ ਧੀਆਂ ਉਨ੍ਹਾਂ ਦੇ ਦਾਮਾਦ, ਉਨ੍ਹਾਂ ਦੀ ਦੋਹਤੀ ਅਤੇ ਦੋਹਤ ਜਵਾਈ) ਨੇ ਵੀ ਸੁਪਰੀਮ ਕੌਂਸਲ ਦੇ ਕੀਤੇ ਇਸ ਫ਼ੈਸਲੇ ਨੂੰ ਸਿਰ ਮੱਥੇ ਮੰਨ ਕੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਸੁਭਾਅ ਅਤੇ ਸਿੱਖਿਆ ਮੁਤਾਬਕ ਪੂਰਨ ਸਹਿਯੋਗ ਦੇ ਕੇ ਸੁਪਰੀਮ ਕੌਂਸਲ ਨੂੰ ਆਪਣਾ ਧੰਨਵਾਦੀ ਬਣਾਇਆ ਹੈ।

ਕਹਿੰਦੇ ਹਨ ਸ਼ਾਮ ਨੂੰ ਸੂਰਜ ਨੇ ਅਸਤ ਹੋਣ ਸਮੇਂ ਸੰਸਾਰ ਦੇ ਜੀਵਾਂ ਨੂੰ ਪੁੱਛਿਆ ਸੀ ਕਿ ਮੈਂ 12 ਘੰਟਿਆਂ ਲਈ ਜਾ ਰਿਹਾ ਹਾਂ ਕੀ ਮੇਰੀ ਥਾਂ ’ਤੇ ਕੋਈ ਹੋਰ ਚਾਨਣ ਫੈਲਾਣ ਦੀ ਡਿਊਟੀ ਨਿਭਾਏਗਾ ਤਾਂ ਇਕ ‘ਜੁਗਨੂੰ’ ਨੇ ਇਸ ਗੱਲ ਦੀ ਹਾਮੀ ਭਰੀ ਕਿ ਜਿੰਨੀ ਸਮਰੱਥਾ ਮੈਨੂੰ ਰੱਬ ਨੇ ਦਿੱਤੀ ਹੈ, ਮੈਂ ਇਹ ਸੇਵਾ ਨਿਭਾਵਾਂਗਾ । ਜੰਗਲ਼ ਦੇ ਵਿੱਚ ਸਾਰੇ ਜੁਗਨੂੰ ਇਕੱਠੇ ਹੁੰਦੇ ਹਨ ਤਾਂ ਸੂਰਜ ਦੀ ਗ਼ੈਰਹਾਜ਼ਰੀ ਨੂੰ ਮਹਿਸੂਸ ਨਹੀਂ ਹੋਣ ਦਿੰਦੇ। ਇਸ ਲਈ ਆਓ ਸਾਰੇ ਰਲ਼ ਕੇ ਜੁਗਨੂੰਆਂ ਵਾਂਗ ਗੁਰਬਾਣੀ ਦਾ ਚਾਨਣ ਫੈਲਾਈਏ । ਸੰਸਥਾ ਅਤੇ ਕੌਮ ਵਿੱਚ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਘਾਟ ਨੂੰ ਰਲ਼ ਮਿਲ ਕੇ ਪੂਰਾ ਕਰੀਏ ਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀਆਂ ਖ਼ੁਸ਼ੀਆਂ ਦੇ ਪਾਤਰ ਬਣੀਏ।