ਦਰਖ਼ਤ

0
811

ਦਰਖ਼ਤ

ਆਓ ! ਆਪੋ ਆਪਣਾ ਅਸੀਂ ਫ਼ਰਜ਼ ਨਿਭਾਈਏ।

ਘੱਟੋ ਘੱਟ ਇੱਕ ਦਰਖ਼ਤ ਤਾਂ ਜ਼ਰੂਰ ਲਗਾਈਏ।

ਉੱਚੇ ਲੰਮੇ ਦਰਖ਼ਤ ਹਨ ਭਾਈਵਾਲ ਸੁੱਖਾਂ ਦੇ,

ਇਨ੍ਹਾਂ ਤੋਂ ਬਿਨ, ਟੁੱਟਣੇ ਨਾ ਪਹਾੜ ਦੁੱਖਾਂ ਦੇ,

ਚਾਰ ਦਿਨਾਂ ਦੀ ਜ਼ਿੰਦਗੀ, ਨਾ ਦਿਨ ਘਟਾਈਏ।

ਘੱਟੋ ਘੱਟੋ ਇੱਕ ………………………….।

ਤਾਜ਼ੇ ਮਿੱਠੇ ਫਲ਼ ਤੇ ਨਾਲ ਠੰਢੀਆਂ ਛਾਵਾਂ,

ਦਰਖ਼ਤਾਂ ਕੋਲੇ ਇਨ੍ਹਾਂ ਦਾ ਹੁੰਦਾ ਸਿਰਨਾਵਾਂ,

ਬਿਨ ਸਿਰਨਾਵੇਂ, ਮੰਜ਼ਲੋਂ ਕਿਤੇ ਭਟਕ ਨਾ ਜਾਈਏ।

ਘੱਟੋ ਘੱਟ ਇੱਕ………………………..।

ਕੁਦਰਤ ਦਾ ਵਰਦਾਨ ਹੈ ਦਰਖ਼ਤਾਂ ਦਾ ਹੋਣਾ,

ਇਨ੍ਹਾਂ ਦੀ ਅਣਹੋਂਦ ਵਿੱਚ ਪੈ ਜੂ ਪਛਤਾਉਣਾ,

ਲਈਏ ਵਕਤ ਸੰਭਾਲ ਜੇ, ਫਿਰ ਨਾ ਪਛਤਾਈਏ।

ਘੱਟੋ ਘੱਟੋ ਇੱਕ……………………….।

ਤੂਤ, ਟਾਹਲੀਆਂ, ਬੋਹੜ, ਪਿੱਪਲ, ਛਾਂਦਾਰ ਬਕੈਣਾਂ,

ਇਨ੍ਹਾਂ ਤੋਂ ਬਿਨਾ ਕਿਸ ਦੀ ਹੈ ਛਾਵੇਂ ਬਹਿਣਾ?

ਜੇਠ ਹਾੜ ਦੀ ਧੁੱਪ ਵਿੱਚ ਕਿੱਥੇ ਠੰਢਿਆਈਏ।

ਘੱਟੋ ਘੱਟੋ ਇੱਕ………………………।

ਅੰਬ, ਅਨਾਰ, ਅਮਰੂਦ ਤੇ ਜਾਮੁਣ ਸ਼ਾਹ ਕਾਲੇ,

ਸੁਆਦ ਦੇ ਨਾਲ ਸਿਹਤ ਦੇ ਵੀ ਹਨ ਰੱਖਵਾਲੇ,

ਨਾ ਨੇੜ ਆਉਣ ਬਿਮਾਰੀਆਂ, ਜੇ ਨਿਯਮਿਤ ਖਾਈਏ।

ਘੱਟੋ ਘੱਟੋ ਇਕ……………………..।

ਅਕਸੀਜਨ ਦੇ ਭਰੇ ਹੋਏ ਭੰਡਾਰ ਇਨ੍ਹਾਂ ਵਿੱਚ,

ਜੀਅ ਜੰਤ ਦੇ ਜਿਊਣ ਦਾ ਆਧਾਰ ਇਨ੍ਹਾਂ ਵਿੱਚ,

ਇਸ ਵੱਡਮੁੱਲੀ ਦਾਤ ਨੂੰ, ਨਾ ਵੱਢ ਗਵਾਈਏ।

ਘੱਟੋ ਘੱਟ ਇਕ………………………..।

ਏ. ਸੀ, ਕੂਲਰ, ਪੱਖਿਆਂ ਦਾ ਪ੍ਰਬੰਧ ਬਣਾਉਟੀ,

ਵਿਰਸੇ ਨਾਲ ਹੈ ਇਨ੍ਹਾਂ ਦਾ ਸੰਬੰਧ ਬਣਾਉਟੀ,

ਜੋ ਵਰਤਾਰਾ ਕੁਦਰਤੀ ਉਸ ਨੂੰ ਅਪਨਾਈਏ।

ਘੱਟੋ ਘੱਟੋ ਇੱਕ………………………।

ਰਲ਼-ਮਿਲ਼ ‘ਚੋਹਲੇ’ ਵਾਲਿਆ ਕੋਈ ਕਰੀਏ ਚਾਰਾ,

ਦਰਖ਼ਤਾਂ ਬਾਝ ‘ਰਮੇਸ਼’ ਨਹੀਂ ਹੁਣ ਪਾਰ ਉਤਾਰਾ,

ਪਾਰ ਉਤਾਰਾ ਕਰਨ ਲਈ ਕੋਈ ਵਿਉਂਤ ਬਣਾਈਏ।

ਘੱਟੋ ਘੱਟ ਇੱਕ ਦਰਖ਼ਤ ਤਾਂ ਜ਼ਰੂਰ ਲਗਾਈਏ।   

– ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719