ਬਿਮਾਰੀਆਂ ਤੋਂ ਬਚਣ ਲਈ ਜੀਵਨ ਢੰਗ ਨੂੰ ਜ਼ਰੂਰ ਬਦਲਣਾ ਪਵੇਗਾ
-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ 98146-99446
ਅੱਜ ਦਾ ਮਨੁੱਖ ਇੱਕ ‘ਮਸ਼ੀਨ’ ਬਣ ਕੇ ਰਹਿ ਗਿਆ ਹੈ। ਸਵੇਰ ਤੋਂ ਸ਼ਾਮ ਤੱਕ ਕੰਮ ਹੀ ਕੰਮ, ਪਰ ਇਸ ਦੇ ਬਾਵਜੂਦ ਸਮੱਸਿਆਵਾਂ ਅਤੇ ਸਿਰਦਰਦੀਆਂ ਦੁੱਗਣੀਆਂ-ਚੌਗੁਣੀਆਂ ਹੋ ਗਈਆਂ ਹਨ। ਇੱਕ ਸਮਾਂ ਸੀ, ਜਦੋਂ ਥੋੜ੍ਹਾ ਕਰ ਕੇ ਬਹੁਤਾ ਬਚ ਜਾਂਦਾ ਸੀ ਪਰ ਹੁਣ ਦਾ ਮਨੁੱਖ ਸਾਰਾ-ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਦਾ ਹੈ ਪਰ ਉਸ ਦੇ ਪੱਲੇ ਫਿਰ ਵੀ ਕੁਝ ਨਹੀਂ ਪੈਂਦਾ। ਜਿਹੜੇ ਤਾਂ ਵਿਹਲੇ ਹਨ, ਉਹ ਬਿਲਕੁਲ ਹੀ ਵਿਹਲੇ ਹਨ ਪਰ ਜਿਹੜੇ ਕੰਮ ਵਾਲੇ ਹਨ, ਉਨ੍ਹਾਂ ਕੋਲ ਸਿਰ ਖੁਰਕਣ ਦੀ ਵੀ ਵਿਹਲ ਨਹੀਂ। ਅਜਿਹੀ ਭੱਜ-ਨੱਠ ਕਰ ਕੇ ਹੀ ਮਨੁੱਖ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਅਸੀਂ ਜਿਸ ਰੋਟੀ ਖ਼ਾਤਰ ਭੱਜੇ ਫਿਰਦੇ ਹਾਂ, ਉਸ ਨੂੰ ਖਾਣ ਦੀ ਵਿਹਲ ਤੱਕ ਵੀ ਸਾਨੂੰ ਨਸੀਬ ਨਹੀਂ ਹੁੰਦੀ। ਅਸੀਂ ਪੈਸੇ ਕਮਾਉਣ ਦੇ ਲਾਲਚ ਵਿੱਚ ਇਸ ਕਦਰ ਖੁਭ ਜਾਂਦੇ ਹਾਂ ਕਿ ਸਾਡਾ ਖਾਣ-ਪੀਣ ਬੇ-ਟਾਈਮ ਹੋ ਜਾਂਦਾ ਹੈ। ਵੇਖਣ ਵਿੱਚ ਆਇਆ ਹੈ ਕਿ ਨੌਕਰੀਪੇਸ਼ਾ ਲੋਕ, ਜੋ ਬਿਨਾਂ ਕੁਝ ਖਾਧੇ-ਪੀਤੇ ਘਰੋਂ ਨਿਕਲ ਜਾਂਦੇ ਹਨ, ਦੁਪਹਿਰ ਲੰਚ ਤੱਕ ਕਈ-ਕਈ ਕੱਪ ਚਾਹ ਦੇ ਡਕਾਰ ਜਾਂਦੇ ਹਨ। ਜਦੋਂ ਭੁੱਖ ਲਗਦੀ ਹੈ ਤਾਂ ਉਨ੍ਹਾਂ ਲਈ ਚਾਹ ਹੀ ਭੁੱਖ ਮਿਟਾਉਣ ਦਾ ਸਭ ਤੋਂ ਸਸਤਾ ਸਾਧਨ ਹੈ ਜਾਂ ਫਿਰ ਦਫ਼ਤਰਾਂ ਵਿੱਚ ਆਏ-ਗਏ ਮਹਿਮਾਨਾਂ ਦਾ ਮਾਣ-ਤਾਣ ਕਰਨ ਲਈ ਚਾਹ ਹੀ ਤਾਂ ਰਹਿ ਜਾਂਦੀ ਏ। ਨਹੀਂ ਤਾਂ ਆਉਣ ਵਾਲਾ ਇਹੀ ਮਿਹਣਾ ਮਾਰ ਦਿੰਦਾ ਹੈ ਕਿ ‘ਫਲਾਣੇ ਨੇ ਤਾਂ ਚਾਹ ਹੀ ਨਹੀਂ ਪੁੱਛੀ ਸਾਨੂੰ।’ ਜਾਂ ਫਿਰ ਚਾਹ ਦੇ ਬਦਲ ਵਿੱਚ ਠੰਢੇ ਰਹਿ ਜਾਂਦੇ ਹਨ, ਜੋ ਸਿਹਤ ਲਈ ਜ਼ਿਆਦਾ ਨੁਕਸਾਨ ਦਾਇਕ ਹੁੰਦੇ ਹਨ। ਚਾਹ ਜਾਂ ਠੰਢੇ ਪੀ ਕੇ ਭੁੱਖ ਮਰ ਜਾਂਦੀ ਹੈ। ਕਈ ਲੋਕ ਤਾਂ ਸਵੇਰ ਤੋਂ ਸ਼ਾਮ ਤੱਕ ਕੁਝ ਵੀ ਨਹੀਂ ਖਾਂਦੇ। ਜਦ ਆਥਣ ਵੇਲਾ ਹੋ ਜਾਂਦੈ ਤਾਂ ਪੈੱਗ ਦਾ ਸਮਾਂ ਆ ਜਾਂਦੈ। ਖਾਲੀ ਪੇਟ ਜਦੋਂ ਸ਼ਰਾਬ ਅੰਦਰ ਜਾਂਦੀ ਹੈ ਤਾਂ ਆਂਦਰਾਂ ਬਦਅਸੀਸ ਦਿੰਦੀਆਂ ਹਨ ਤੇ ਰੌਸ਼ਨ ਦਿਮਾਗ ਵਾਲੇ ਮਨੁੱਖ ਨੂੰ ਲਾਹਨਤਾਂ ਪਾਉਦੀਆਂ ਹਨ। ਇੱਥੋਂ ਹੀ ਬਿਮਾਰੀਆਂ ਦਾ ਮੁੱਢ ਬੱਝਦਾ ਹੈ।
ਜਿਹੜੇ ਮੀਆਂ-ਬੀਵੀ ਦੋਵੇਂ ਮੁਲਾਜ਼ਮ ਹੁੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਤਾਂ ਰੱਬ ਹੀ ਰਾਖਾ। ਬੀਵੀ ਵਿਚਾਰੀ ਅੱਕ-ਥੱਕ ਕੇ ਸਵੇਰੇ ਉੱਠਦੀ ਹੈ। ਚਾਹ-ਪਾਣੀ ਧਰਦੀ ਜਲਦੀ-ਜਲਦੀ ਕੰਮ ਨੂੰ ਨੇਪਰੇ ਚਾੜ੍ਹਨਾ ਚਾਹੁੰਦੀ ਹੈ। ਇਸੇ ਕਾਹਲੀ-ਕਾਹਲੀ ਵਿੱਚ ਕਈਆਂ ਨੇ ਸੱਟਾਂ ਵੀ ਖਾਂਧੀਆਂ ਨੇ, ਜਿਵੇਂ ਬਾਥਰੂਮ ਵਿੱਚ ਪੈਰ ਤਿਲ੍ਹਕਣਾ ਜਾਂ ਜਲਦੀ ਵਿੱਚ ਪੌੜੀਆਂ ’ਚ ਅੜ੍ਹਕਣਾ ਆਮ ਗੱਲਾਂ ਹਨ। ਜਿਸ ਕਰ ਕੇ ਕਈਆਂ ਦੀਆਂ ਡਿਸਕਾਂ ਹਿੱਲੀਆਂ ਅਜੇ ਤੱਕ ਰਾਸ ਨਹੀਂ ਆਈਆਂ। ਗੱਲ ਕੀ ਅੱਧਾ ਜਾਂ ਪੌਣਾ ਘੰਟਾ ਪਹਿਲਾਂ ਉੱਠਣ ਨਾਲ ਹੀ ਅਜਿਹੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਕੁਰਸੀ ’ਤੇ ਬੈਠਣ ਵਾਲੇ ਮੁਲਾਜ਼ਮਾਂ ਲਈ ਸੈਰ ਦਾ ਸਮਾਂ ਕੱਢਣਾ ਔਖਾ ਹੋ ਜਾਂਦਾ ਹੈ। ਬੈਠਕ ਮਨੁੱਖ ਨੂੰ ਖਾ ਜਾਂਦੀ ਹੈ। ਜਦ ਅਸੀਂ ਸਮੇਂ ਸਿਰ ਖਾ-ਪੀ ਨਹੀਂ ਸਕਦੇ ਤਾਂ ਪੇਟ ਦੇ ਰੋਗ ਸਾਨੂੰ ਚਿੰਬੜ ਕੇ ਹੀ ਰਹਿਣਗੇ। ਕਬਜ਼, ਬਵਾਸੀਰ, ਪੇਟ ਦੇ ਰੋਗ, ਜੋੜਾਂ ਦੇ ਦਰਦ, ਯੂਰਿਕ ਏਸਿਡ, ਬਲੱਡ ਪ੍ਰੈਸ਼ਰ ਇਹ ਸਭ ਮਾਡਰਨ ਮਨੁੱਖ ਦੇ ਸਹੇੜੇ ਹੋਏ ਰੋਗ ਹਨ।
ਪੜ੍ਹਨ ਵਾਲੇ ਬੱਚਿਆਂ ਵਿੱਚ ਵੀ ਬਿਮਾਰੀਆਂ ਦਾ ਚੋਖਾ ਵਾਧਾ ਹੋ ਰਿਹਾ ਹੈ। ਇੱਕ ਵੇਲਾ ਸੀ, ਜਦੋਂ ਵਿਦਿਆਰਥੀ ਰਾਤ ਨੂੰ ਜਲਦੀ ਸੌਂ ਜਾਂਦੇ ਸਨ ਅਤੇ ਸਵੇਰੇ ਜਲਦੀ ਉੱਠਦੇ ਸਨ। ਅੰਮ੍ਰਿਤ ਵੇਲੇ ਪੜ੍ਹਾਈ ਕਰਨ ਨਾਲ ਦਿਮਾਗ ਵਿੱਚ ਗੱਲ ਆਸਾਨੀ ਨਾਲ ਪੈ ਜਾਂਦੀ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਵਿਦਿਆਰਥੀ ਸਾਰੀ-ਸਾਰੀ ਰਾਤ ਪੜ੍ਹਦੇ ਹਨ ਅਤੇ ਦਿਨ ਵੇਲੇ ਸੁੱਤੇ ਰਹਿੰਦੇ ਹਨ। ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਤਾਂ ਚੰਗਾ ਖਾਣ-ਪੀਣ ਵੀ ਨਸੀਬ ਨਹੀਂ ਹੁੰਦਾ। ਜਿਸ ਕਾਰਨ ਉਹ ਪੜ੍ਹਦੇ-ਪੜ੍ਹਦੇ ਹੀ ਰੋਗੀ ਹੋ ਜਾਂਦੇ ਹਨ। ਤੁਰਨਾ-ਫਿਰਨਾ, ਖੇਡਣਾ ਤਾਂ ਅੱਜ ਕੱਲ੍ਹ ਵਿਦਿਆਰਥੀ ਵਰਗ ’ਚੋਂ ਮਨਫ਼ੀ ਹੁੰਦਾ ਜਾ ਰਿਹਾ ਹੈ। ਅੱਜ ਕੱਲ੍ਹ ਤਾਂ ਬੱਚੇ, ਵੱਡੇ ਪਿੱਛੋਂ ਹੁੰਦੇ ਹਨ, ਪਹਿਲਾਂ ਸਕੂਟਰ ਜਾਂ ਮੋਟਰਸਾਈਕਲ ਦੀ ਮੰਗ ਕਰ ਲੈਂਦੇ ਹਨ।
‘ਤੰਦਰੁਸਤੀ ਸਭ ਤੋਂ ਵੱਡੀ ਦੌਲਤ’ ਦਾ ਨਾਅਰਾ ਤਾਂ ਸਿਰਫ਼ ਪੜ੍ਹਨ ਅਤੇ ਸੁਣਨ ਨੂੰ ਹੀ ਰਹਿ ਗਿਆ ਹੈ। ਅੱਜ ਕੱਲ੍ਹ ਕੋਈ ਵੀ ਮਨੁੱਖ (ਬੱਚੇ ਤੋਂ ਬੁੱਢੇ ਤੱਕ) ਸੌ ਪ੍ਰਤੀਸ਼ਤ ਠੀਕ ਨਹੀਂ ਹੈ। ਪੰਜਾਬ ਦੇ ਬਾਂਕੇ ਗੱਭਰੂ ਜਿਹੜੇ ਬੂਰੀਆਂ ਚੁੰਘ ਜਾਂਦੇ ਸੀ, ਹੁਣ ਦੁੱਧ ਦਾ ਗਲਾਸ ਪੀਣ ਲੱਗੇ ਹੀ ਵੱਤ ਲੈਣ ਲੱਗ ਪੈਂਦੇ ਨੇ। ਅਖੇ ਮਿਹਦਾ ਝਲਦਾ ਨਹੀਂ। ਸ਼ਰਾਬ ਭਾਵੇਂ ਜਿੰਨੀ ਮਰਜ਼ੀ ਪਿਲਾ ਦਿਓ। ਪੰਜਾਬਣ ਮੁਟਿਆਰਾਂ ਜਿਨ੍ਹਾਂ ਦੇ ਰੂਪ ਦੀ ਦੁਹਾਈ ਦੁਨੀਆਂ ’ਚ ਸੀ, ਅੱਜ ਕੱਲ੍ਹ ਛਾਹੀਆਂ ਅਤੇ ਝੁਰੜੀਆਂ ਨਾਲ ਭਰੇ ਚਿਹਰੇ ਲੈ ਕੇ ਘੁੰਮ ਰਹੀਆਂ ਹਨ ਕਿਉਕਿ ਨੌਜਵਾਨ ਵਰਗ ਖ਼ੁਰਾਕੀ ਚੀਜ਼ਾਂ ਦੀ ਥਾਂ ਤਲੀਆਂ ਅਤੇ ਮਸਾਲੇਦਾਰ ਚੀਜ਼ਾਂ ਖਾਣੀਆਂ ਜ਼ਿਆਦਾ ਪਸੰਦ ਕਰਦਾ ਹੈ, ਜੋ ਉਨ੍ਹਾਂ ਦੀ ਸਿਹਤ ਦਾ ਸੱਤਿਆਨਾਸ਼ ਕਰਦਾ ਹੈ।
ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਵੀ ਹੁਣ ਸਚਿਆਰੀਆਂ ਨਹੀਂ ਰਹੀਆਂ, ਸਗੋਂ ਕੰਮ ਨੂੰ ਸੁਚੱਜੇ ਢੰਗ ਨਾਲ ਕਰਨ ਦੀ ਥਾਂ ਫਾਹਾ ਵੱਢਣ ਲੱਗ ਪਈਆਂ ਹਨ। ਗੋਹਾ ਕੂੜਾ ਕਰਨ ਲੱਗੀਆਂ ਭਾਰੇ-ਭਾਰੇ ਬੱਠਲ ਜਾਂ ਟੋਕਰੇ ਸਿਰ ’ਤੇ ਚੁਕਦੀਆਂ ਹਨ। ਓਨਾ ਆਪਣੇ ’ਚ ਜ਼ੋਰ ਨਹੀਂ ਹੁੰਦਾ, ਜਿੰਨਾ ਸਿਰ ’ਤੇ ਟੋਕਰਾ ਚੁੱਕ ਲੈਂਦੀਆਂ ਹਨ। ਕਾਰਨ ਇਹ ਹੈ ਕਿ ਕਿਤੇ ਦੋ ਗੇੜੇ ਨਾ ਲਾਉਣੇ ਪੈਣ। ਇਹੀ ਕਾਰਨ ਹੈ ਕਿ ਪਿੰਡਾਂ ਦੀਆਂ ਜ਼ਿਆਦਾਤਰ ਔਰਤਾਂ ਜਾਂ ਭਾਰ-ਬੋਝ ਦਾ ਕੰਮ ਕਰਨ ਵਾਲੇ ਮਰਦ ਆਪਣਾ ਢਿੱਡ ਫੜੀ ਨਜ਼ਰ ਆਉਦੇ ਹਨ। ‘ਮਰਦ ਕੇ ਕਭੀ ਦਰਦ ਨਹੀਂ ਹੋਤਾ’ ਵਾਲਾ ਨਾਅਰਾ ਹੁਣ ਵਾਜਬ ਨਹੀਂ ਰਿਹਾ। ਮਰਦ ਤਾਂ ਸਗੋਂ ਦਰਦਾਂ ਤੋਂ ਜ਼ਿਆਦਾ ਪੀੜਤ ਹੋ ਗਏ ਹਨ ਕਿਉਕਿ ਅੱਜ ਕੱਲ੍ਹ ਦੇ ਮਰਦਾਂ ਦੀਆਂ ਜਾਨਾਂ ਤਾਂ ਨਸ਼ਿਆਂ ਨੇ ਕੱਢ ਲਈਆਂ ਹਨ। ਮਣ ਕੁ ਵਜ਼ਨ ਚੁੱਕਣ ਨਾਲ ਗੱਭਰੂਆਂ ਦੇ ਧਰਨ ਪੈ ਜਾਂਦੀ ਹੈ ਜਾਂ ਡਿਸਕਾਂ ਹਿੱਲ ਜਾਂਦੀਆਂ ਹਨ। ਇੱਕ ਸਮਾਂ ਸੀ, ਲੋਕ ਸਿਰ ’ਤੇ ਇੰਜਣ ਚੁੱਕ ਕੇ ਮੀਲ-ਮੀਲ ਵਾਟ ਤੁਰ ਕੇ ਜਾਇਆ ਕਰਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਸਮੇਂ ਦੇ ਬਦਲਣ ਨਾਲ ਖ਼ੁਰਾਕਾਂ ਵੀ ਬਦਲ ਗਈਆਂ। ਜਿਹੜੇ ਪਸ਼ੂਆਂ ਦਾ ਅਸੀਂ ਦੁੱਧ ਪੀਂਦੇ ਹਾਂ, ਉਨ੍ਹਾਂ ਨੂੰ ਨਾ ਤਾਂ ਕੋਈ ਵੜੇਵੇਂ ਪਾਉਦਾ ਏ, ਨਾ ਸਰ੍ਹੋਂ ਦੀ ਖਲ਼ ਜਾਂ ਛੋਲੇ। ਬੱਸ ਸੁੱਕੀ ਤੂੜੀ ਜਾਂ ਸਪਰੇਅ ਵਾਲੀ ਬਰਸੀਮ ਜਾਂ ਟੀਕੇ ਲਾ ਕੇ ਚੋਇਆ ਦੁੱਧ ਪੀਣ ਨਾਲ ਸਿਹਤਾਂ ਕਿਵੇਂ ਬਣਨਗੀਆਂ ?
ਸੋ ਆਓ, ਆਪਣੀਆਂ ਜ਼ਿੰਦਗੀਆਂ ਦੀ ਸੰਭਾਲ਼ ਕਰੀਏ ਅਤੇ ਜੀਵਨ ਢੰਗ ਨੂੰ ਬਦਲ ਕੇ ਬਿਮਾਰੀਆਂ ਤੋਂ ਬਚੀਏ।