‘ਤਿੰਨ ਸਕੀਆਂ ਭੈਣਾਂ ਨੇ ਯੂਜੀਸੀ ਨੈੱਟ ਪਾਸ ਕਰਕੇ ਰਚਿਆ ਇਤਿਹਾਸ’

1
281

‘ਤਿੰਨ ਸਕੀਆਂ ਭੈਣਾਂ ਨੇ ਯੂਜੀਸੀ ਨੈੱਟ ਪਾਸ ਕਰਕੇ ਰਚਿਆ ਇਤਿਹਾਸ’

ਮੇਜਰ ਸਿੰਘ ਬੁਢਲਾਡਾ- 94176-42327

 ‘ਹਿੰਮਤ-ਏ-ਮਰਦਾਂ, ਮਦਦ-ਏ-ਖੁਦਾ’ ਜੇਕਰ ਇਨਸਾਨ ਹਿੰਮਤ ਕਰਦਾ ਹੈ ਤਾਂ ਸਭ ਕੁਝ ਸੰਭਵ ਹੋ ਸਕਦਾ ਹੈ। ਕਦੇ ਵੀ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।

ਇਹ ਸੱਚ ਕਰ ਵਿਖਾਇਆ ਹੈ ਮਾਨਸਾ ਜ਼ਿਲ੍ਹੇ ਦੇ ਸ਼ਹਿਰ ਬੁਢਲਾਡਾ ਦੇ ਵਾਰਡ ਨੰਬਰ 6 ’ਚ ਰਹਿਣ ਵਾਲੀਆਂ ਗਰੀਬ ਪਰਵਾਰ ’ਚੋਂ ਤਿੰਨ ਸਕੀਆਂ ਭੈਣਾਂ ਨੇ। ਗੁਰੂ ਨਾਨਕ ਕਾਲਜ ਬੁਢਲਾਡਾ ’ਚ ਪੜ੍ਹਦਿਆਂ ਜੂਨ-2025 ਦੀ ਯੂਜੀਸੀ ਨੈੱਟ ਪਾਸ ਕਰਕੇ ਉਨ੍ਹਾਂ ਨੇ ਆਪਣੀ ਸਫਲਤਾ ’ਚ ਗਰੀਬੀ ਨੂੰ ਅੜਿਕਾ ਨਾ ਬਣਨ ਦਿੱਤਾ।

ਇਨ੍ਹਾਂ ਕੁੜੀਆਂ ਦਾ ਪਿਤਾ ਬੜੇ ਹੀ ਸਾਊ ਸੁਭਾਅ ਦਾ ਮਾਲਕ ਸ੍ਰ. ਬਿੱਕਰ ਸਿੰਘ ਖ਼ਾਲਸਾ, ਗੁਰਦੁਆਰਾ ਸਾਹਿਬ ਵਿਖੇ ਅਤੇ ਲੋਕਾਂ ਦੇ ਘਰਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਆਪਣਾ ਪਰਵਾਰ ਪਾਲਦਾ ਹੈ। ਇਨ੍ਹਾਂ ਦੀ ਸੁਪਤਨੀ ਸ੍ਰੀਮਤੀ ਮਨਜੀਤ ਕੌਰ ਖੇਤ ਮਜ਼ਦੂਰੀ ਕਰਦੀ ਹੈ। ਕੰਮ ਦੇ ਸੀਜ਼ਨ ਦੌਰਾਨ ਇਹ ਕੁੜੀਆਂ ਵੀ ਆਪਣੀ ਮਾਂ ਨਾਲ ਸਖ਼ਤ ਮਿਹਨਤ ਕਰਦੀਆਂ ਹਨ। ਇਹ ਤਿੰਨ ਭੈਣਾਂ ਨੇ ਸਾਬਤ ਕਰ ਦਿੱਤਾ ਕਿ ਕੁੜੀਆਂ ਨਾ ਸਿਰਫ ਘਰ ਦੀ ਜ਼ਿਮੇਂਵਾਰੀ ਨਿਭਾ ਸਕਦੀਆਂ ਹਨ ਸਗੋਂ ਗਿਆਨ ਅਤੇ ਸਿੱਖਿਆ ਦੇ ਖੇਤਰ ’ਚ ਵੀ ਇਤਿਹਾਸਕ ਮਿਸਾਲਾਂ ਕਾਇਮ ਕਰ ਸਕਦੀਆਂ ਹਨ।

ਘਰ ਦੇ ਕੰਮ ਮੁਕਾ ਕੇ ਤੇ ਮਜ਼ਦੂਰੀ ਦੀ ਥਕਾਵਟ ਭਰੀਆਂ ਰਾਤਾਂ ’ਚ, ਇਹ ਭੈਣਾਂ ਜਿਸ ਦਿਨ ਕੰਮ ਤੋਂ ਥੱਕ ਕੇ ਜਲਦੀ ਸੌਂ ਜਾਣ ਤਾਂ ਉਸ ਦਿਨ ਸਵੇਰੇ 2-3 ਵਜੇ ਉੱਠ ਕੇ, ਅਕਸਰ ਅੱਧੀ ਰਾਤ ਤੋਂ ਵੱਧ, ਗਰਾਊਂਡ ਲੈਵਲ ਤੋਂ ਤਿੰਨ ਫੁੱਟ ਨੀਵੇਂ ਛੋਟੇ ਜਿਹੇ ਕਮਰੇ ’ਚ ਬੈਠ ਕੇ ਪੜ੍ਹਦੀਆਂ। ਕਿਸੇ ਵੀ ਟਿਊਸ਼ਨ ਜਾਂ ਮਹਿੰਗੀ ਕੋਚਿੰਗ ਤੋਂ ਬਿਨਾਂ ਸਿਰਫ਼ ਆਪਣੇ ਅਡੋਲ ਜਜ਼ਬੇ ਤੇ ਗੁਰੂ ਦੀ ਕਿਰਪਾ ਨਾਲ ਹਰਦੀਪ ਕੌਰ ਨੇ ਪੰਜਾਬੀ ਵਿਸ਼ੇ ’ਚ, ਬੇਅੰਤ ਕੌਰ ਨੇ ਇਤਿਹਾਸ ’ਚ ਅਤੇ ਰਿੰਪੀ ਕੌਰ ਨੇ ਕੰਪਿਊਟਰ ਸਾਇੰਸ ’ਚ ਯੂਜੀਸੀ ਨੈੱਟ ਪਾਸ ਕਰਕੇ ਪ੍ਰਾਪਤੀ ਦਾ ਨਵਾਂ ਇਤਿਹਾਸ ਰਚਿਆ।

ਰਿੰਪੀ ਕੌਰ ਨੇ ਪਹਿਲਾਂ ਸਾਲ 2024 ’ਚ ਵੀ ਪ੍ਰੀਖਿਆ ਦਿੱਤੀ ਸੀ, ਪਰ ਉਹ ਰੱਦ ਹੋ ਗਈ ਸੀ। ਰਿੰਪੀ ਕੌਰ ਕੋਲ ਐੱਮਸੀਏ (MCA) ਦੀ ਡਿਗਰੀ ਹੈ। ਬੇਅੰਤ ਕੌਰ ਨੇ ਐੱਮਏ (MA) ਇਤਿਹਾਸ ਤੱਕ ਪੜ੍ਹਾਈ ਕੀਤੀ ਹੈ ਤੇ ਹਰਦੀਪ ਕੌਰ ਨੇ ਪੰਜਾਬੀ ਭਾਸ਼ਾ ’ਚ ਐੱਮਏ (MA) ਕੀਤੀ ਹੈ।

ਰਿੰਪੀ ਕੌਰ ਨੇ ਦੱਸਿਆ ਕਿ ਆਰਥਿਕ ਮੰਦਹਾਲੀ ਕਾਰਨ ਉਨ੍ਹਾਂ ਨੂੰ ਨੈੱਟ ਦੀ ਪ੍ਰੀਖਿਆ ਸਬੰਧੀ ਤਿਆਰੀ ਕਰਨ ਦੇ ਲਈ ਬੁਢਲਾਡਾ ਜਾਂ ਕਈ ਵਾਰ ਪੂਰੇ ਮਾਨਸਾ ਜ਼ਿਲ੍ਹੇ ’ਚ ਵੀ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਨਹੀਂ ਮਿਲਦੀਆਂ ਸਨ, ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ। ਫਿਰ ਵੀ ਹੌਸਲਾ ਰੱਖਿਆ, ਕਿਵੇਂ ਨਾ ਕਿਵੇਂ ਮਸਲੇ ਹੱਲ ਕਰਦੀਆਂ ਰਹੀਆਂ।

ਜਦੋਂ ‘ਯੂਜੀਸੀ’ ਦੀ ਪੜ੍ਹਾਈ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ ਤਾਂ ਉਸ ਵੇਲੇ ਦੇ ਕਾਲਜ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਵੱਲੋਂ ਉਨ੍ਹਾਂ ਦੀ ਫੀਸ ਮੁਆਫ ਕਰਵਾਈ ਗਈ।

 ਘਰ ਦੇ ਹਾਲਾਤ ਜ਼ਿਆਦਾ ਵਧੀਆ ਨਾ ਹੋਣ ਦਾ ਕਾਰਨ ਜਿੱਥੇ ਜਿਆਦਾ ਵੱਡੀ ਕਮਾਈ ਜਾਂ ਪੱਕੀ ਕਮਾਈ ਨਾ ਹੋਣਾ ਹੈ, ਉੱਥੇ ਤਿੰਨੋਂ ਭੈਣਾਂ ਦਾ ਇਕੋ ਇਕ ਭਰਾ ਜੋ 12ਵੀਂ ਪਾਸ ਹੈ, ਦੀ ਲੰਮੇ ਸਮੇਂ ਤੋਂ ਮਹਿੰਗੀ ਦਵਾਈ ਵੀ ਹੈ। ਜਿਸ ਕਰਕੇ ਇਨ੍ਹਾਂ ਕੁੜੀਆਂ ਨੇ ਆਪਣੀ ਅਤੇ ਘਰ ਦੀ ਹਾਲਤ, ਆਪਣੇ ਮਾਂ-ਪਿਉ ਦੀ ਖੱਜਲ ਖੁਆਰੀ ਖਤਮ ਕਰਨ ਲਈ ਚੰਗਾ ਪੜ੍ਹ ਲਿਖ ਕੇ ਉੱਚੀ ਪੋਸਟ ’ਤੇ ਲੱਗਣ ਨੂੰ ਚੁਣਿਆਂ ਅਤੇ ਸਖਤ ਮਿਹਨਤ ਕੀਤੀ। ਹੁਣ ਇਨ੍ਹਾਂ ਬੱਚੀਆਂ ਨੇ ਇਸ ਤੋਂ ਬਾਅਦ ਪੀਐੱਚਡੀ (PhD.) ਕਰਨ ਦੀ ਠਾਣ ਲਈ ਹੈ। ਜਿਸ ਦੀ ਪੂਰੀ ਉਮੀਦ ਹੈ ਕਿ ਇਹ ਸਿਰੜ ਦੀਆਂ ਪੱਕੀਆਂ ਕੁੜੀਆਂ ਇਹ ਮੋਰਚਾ ਵੀ ਫਤਿਹ ਕਰ ਲੈਣਗੀਆਂ। ਇਹ ਤਿੰਨੇ ਭੈਣਾਂ ਮਿਹਨਤਕਸ਼ ਵਿਦਿਆਰਥੀਆਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਹੋਈਆਂ ਹਨ।

‘ਪੜ੍ਹੀਆਂ, ਮਾਂ ਨਾਲ ਕਰ ਦਿਹਾੜੀਆਂ’

 ਗਰੀਬ ਪਾਠੀ ਬਿੱਕਰ ਸਿੰਘ ਖਾਲਸੇ ਦੀਆਂ, ਤਿੰਨ ਧੀਆਂ ਨੇ ਮੱਲਾਂ ਮਾਰੀਆਂ ਜੀ।

‘ਯੂਜੀਸੀ ਨੈੱਟ’ ਦੀ ਪ੍ਰਿਖਿਆ ਪਾਸ ਕਰਕੇ, ਬਿਨਾਂ ਟਿਊਸ਼ਨ ਭਰੀਆਂ ਉਡਾਰੀਆਂ ਜੀ।

ਕਾਫ਼ੀ ਨੀਵਾਂ ਸੀ ਕਮਰਾ ਪੜ੍ਹਨ ਵਾਲਾ, ਜਿਥੇ ਕਰਦੀਆਂ ਬੈਠ ਤਿਆਰੀਆਂ ਜੀ।

ਗਰੀਬੀ ਨੂੰ ਰੁਕਾਵਟ ਨਾ ਬਣਨ ਦਿੱਤਾ, ਪੜ੍ਹੀਆਂ, ਮਾਂ ਨਾਲ ਕਰ ਦਿਹਾੜੀਆਂ ਜੀ।

ਰਿੰਪੀ, ਬੇਅੰਤ, ਹਰਦੀਪ ਦੀ ਹੋ ਰਹੀ ਚਰਚਾ, ਕਰ ਰਹੇ ਨੇ ਸਾਰੇ ਸਨਮਾਨ ਲੋਕੋ  !

‘ਮੇਜਰ’ ਅੱਜ ਖ਼ੁਸ਼ੀਆਂ ’ਚ ਪਰਵਾਰ ਸਾਰਾ, ਧੀਆਂ ਨੂੰ ਮਿਲ ਰਿਹਾ ਹੈ ਬੜਾ ਮਾਣ ਲੋਕੋ !

       *****

ਜੇ ਬੰਦੇ ਰਹਿਣ ਬੰਦੇ ਦੇ ਪੁੱਤ ਬਣ ਕੇ, ਕਾਇਮ ਰੱਖਣ ਦੂਜਿਆਂ ਦੀ ‘ਪੱਤ’ ਲੋਕੋ !

ਪੁੱਤਾਂ ਵਾਂਗ ਧੀਆਂ ਨੂੰ ਲੈਣ ਸੁਖ ਕੇ, ਲੋਕ ਰੱਖਣ ਇਹਨਾਂ ਲਈ ‘ਵਰਤ’ ਲੋਕੋ !

‘ਧੀਆਂ’ ਵੱਡੀਆਂ ਮੱਲਾਂ ਮਾਰ ਰਹੀਆਂ, ਨਹੀਂ ਮੁੰਡਿਆਂ ਤੋਂ ਇਹ ਘੱਟ ਲੋਕੋ !

ਹੋਵੇ ਸਵਾਗਤ ਜੱਗ ’ਤੇ ਆਉਣ ਉੱਤੇ, ਵੇਖ ਕੋਈ ਨਾ ਪਾਵੇ ਮੱਥੇ ਵਟ ਲੋਕੋ !

1 COMMENT

  1. This is great. These three sisters have set an example that everything is possible in this World with determination and hard work …..

LEAVE A REPLY

Please enter your comment!
Please enter your name here