ਸ. ਅਨੁਰਾਗ ਸਿੰਘ ਜੀ,
ਆਪਣੇ ਇਕ ਸਾਂਝੇ ਸੱਜਣ ਰਾਹੀ, ਤੁਹਾਡੀ ਨਵੀਂ Facebook Wall, “Trilochan Singh – Anurag Singh” ਬਾਰੇ ਅਤੇ ਉਥੇ ਮੇਰੇ ਨਾਮ ਤੇ ਪਾਈ ਗਈ ਪੋਸਟ ਦੀ ਜਾਣਕਾਰੀ ਮਿਲੀ ਹੈ। ਇਸ ਪਤੇ ਤੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕਿ ਇਥੇ ਤੁਸੀਂ ਮੇਰੇ ਤੇ ਅਜੇ ਪਾਬੰਦੀ ਨਹੀਂ ਲਾਈ । ਤੁਹਾਡੀ ਚਾਰ ਸਾਲ ਪੁਰਾਣੀ ਪੋਸਟ ਸਬੰਧੀ ਮੇਰਾ ਜਵਾਬ ਇਹ ਹੈ ਕਿ;
ਤੁਹਾਡੀ ਇਹ ਪੋਸਟ 8 ਜੁਲਾਈ 2017 ਈ: ਦੀ (ਕਿਸ਼ਤ 10 ) ਹੈ ਜੇ ਤੂਹਾਨੂੰ ਯਾਦ ਹੋਵੇ ਤਾਂ ਮੈਂ ਇਸ ਦਾ ਜਵਾਬ 9 ਜੁਲਾਈ 2017 ਈ: ਨੂੰ ( ਕਿਸ਼ਤ 4) ਦੇ ਦਿੱਤਾ ਸੀ। ਅਤੇ ਤੂਹਾਨੂੰ ਕੁਝ ਸਵਾਲ ਵੀ ਕੀਤੇ ਸਨ। ਜਿਨ੍ਹਾਂ ਦਾ ਜਵਾਬ ਤੁਸੀਂ ਅੱਜ ਤਾਂਈ ਨਹੀਂ ਦਿੱਤਾ। ਮੈਂ ਆਪਣੇ ਉਸੇ ਪੱਤਰ ਵਿੱਚ ਤੂਹਾਨੂੰ ਉਹ ਤਾਰੀਖਾਂ ਭੇਜਣ ਲਈ ਵੀ ਲਿਖਿਆ ਸੀ, ਜਿਹੜੀਆਂ ਤੁਹਾਡੇ ਦੱਸਣ ਮੁਤਾਬਕ 23 ਮਾਰਚ 2003 ਈ: ਦਿਨ ਐਤਵਾਰ ਨੂੰ, ਤੁਹਾਡੇ ਘਰ ਬੈਠ ਕੇ ਨਿਸ਼ਚਿਤ ਕੀਤੀਆਂ ਗਈਆਂ ਸਨ ਅਤੇ ਤੁਸੀਂ 2009 ਈ: ਵਿਚ ਅਕਾਲ ਤਖਤ ਸਾਹਿਬ ਨੂੰ ਭੇਜੀਆਂ ਸਨ। ਪਰ ਤੁਸੀਂ ਉਹ ਤਾਰੀਖਾਂ ਨਹੀਂ ਭੇਜੀਆਂ। ਫੇਰ ਤੁਸੀਂ ਆਪਣੇ ਇਕ ਪੱਤਰ (3 ਜਨਵਰੀ 2019) ਰਾਹੀ ਮੈਨੂੰ ਚੁਣੌਤੀ ਦਿੱਤੀ ਸੀ ਜਿਸ ਨੂੰ ਮੈਂ 6 ਜਨਵਰੀ 2019 ਈ: ਨੂੰ ਪ੍ਰਵਾਨ ਕਰ ਲਿਆ ਸੀ। ਪਰ ਤੁਸੀਂ ਚੁੱਪ ਰਹੇ। ਮੇਰੇ ਇਕ ਲੇਖ “ਅਨੁਰਾਗ ਸਿੰਘ ਦੇ ਕੌਤਕ” ਦੇ ਜਵਾਬ ਵਿੱਚ ਤੁਸੀਂ 1 ਜੁਲਾਈ 2019 ਨੂੰ ਫੇਰ ਮੈਨੂੰ ਚੁਣੌਤੀ ਦਿੱਤੀ ਸੀ ਜਿਸ ਨੂੰ ਮੈਂ 7 ਜੁਲਾਈ 2019 ਈ: ਨੂੰ ਪ੍ਰਵਾਨ ਕਰ ਲਿਆ ਸੀ। ਤੁਸੀਂ ਫੇਰ ਚੁੱਪ ਰਹਿਣ `ਚ ਹੀ ਭਲਾਈ ਸਮਝੀ। ਇਸ ਤੋਂ ਪਿਛੋਂ 27 ਜੁਲਾਈ 2019 ਈ: ਨੂੰ ਮੈਂ ਤੁਹਾਨੂੰ ਚੁਣੋਤੀ ਦਿੱਤੀ ਸੀ ਜਿਸ ਨੂੰ ਤੁਸੀਂ ਅੱਜ ਤਾਈ ਪ੍ਰਵਾਨ ਨਹੀਂ ਕੀਤਾ।
ਅਨੁਰਾਗ ਸਿੰਘ ਜੀ, ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਆਪਣੇ ਪੱਤਰ (12 ਅਗਸਤ 2009) ਵਿੱਚ ਤੁਸੀਂ ਲਿਖਿਆ ਹੈ, “ਇਹੀ ਤਾਰੀਖਾਂ ਮੇਰੇ ਘਰ ਬੈਠ ਕੇ 23 ਮਾਰਚ 2003 ਨੂੰ ਨਿਸ਼ਚਿਤ ਕੀਤੀਆਂ ਗਈਆਂ ਸਨ”। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਸਾਰੀਆਂ ਤਾਰੀਖਾਂ ਨਾਲ ਤੁਹਾਡੀ ਸਹਿਮਤੀ ਸੀ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਗਏ 2003 ਵਾਲੇ ਕੈਲੰਡਰ ਦੀਆਂ ਤਾਰੀਖਾਂ ਤਾਂ 1999 ਵਿੱਚ ਛਾਪੇ ਗਏ ਕੈਲੰਡਰ ਮੁਤਾਬਕ ਹੀ ਹਨ। 1999 ਵਾਲੀਆਂ ਤਾਰੀਖਾਂ `ਚ ਜੇ ਕੋਈ ਸੋਧ ਕੀਤੀ ਗਈ ਹੈ ਜਾਂ ਤਿੰਨ ਤਾਰੀਖਾਂ ਨੂੰ ਹੋਰ ਵਿਚਾਰਾਂ ਲਈ ਖੁੱਲੀਆਂ ਛੱਡੀਆਂ ਗਈਆਂ ਸਨ, ਉਹ ਤਾਂ ਉਸ ਮੀਟਿੰਗ ਵਿਚ ਹੋਈ ਸਹਿਮਤੀ ਦਰਸਾਉਂਦੀਆਂ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ 23 ਮਾਰਚ 2003 ਈ: ਦਿਨ ਐਤਵਾਰ ਨੂੰ ਪ੍ਰਵਾਨ ਕੀਤੀਆਂ ਗਈਆਂ ਤਾਰੀਖਾਂ ਨਾਲ ਤੁਹਾਡੀ ਸਹਿਮਤੀ ਸੀ ਤਾਂ ਅੱਜ ਇਤਰਾਜ਼ ਕਿਉ ? ਜੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕੇ ਮੇਰੇ ਘਰ ਹੋਈ ਮੀਟਿੰਗ ਤੋਂ ਪਿਛੋਂ, ਤਾਰੀਖਾਂ ਬਦਲ ਦਿੱਤੀਆਂ ਸਨ ਤਾਂ, ਤੂਹਾਨੂੰ ਤਾਂ ਕੋਠੇ ਚੱੜ ਕੇ ਢੋਲ ਬਜਾਉਣਾ ਚਾਹੀਦਾ ਦਾ ਸੀ। ਕੀ ਕਾਰਨ ਹੈ ਕਿ ਤੁਸੀਂ ਪਿਛਲੇ ਚਾਰ ਸਾਲਾਂ ਵਿੱਚ ਕਈ ਵਾਰ ਮੰਗ ਕਰਨ ਤੇ ਵੀ ਉਹ ਤਾਰੀਖਾਂ ਜਨਤਕ ਨਹੀਂ ਕੀਤੀਆਂ । (ਯਾਦ ਰਹੇ ਮੈਂ ਪਹਿਲੀ ਬੇਨਤੀ 9 ਜੁਲਾਈ 2017 ਈ: ਕੀਤੀ ਸੀ)। ਹੁਣ ਤੂਹਾਨੂੰ ਇਮਾਨਦਾਰ ਕਿਵੇਂ ਸਮਝਿਆ ਜਾਵੇ ?
ਸ. ਅਨੁਰਾਗ ਸਿੰਘ ਜੀ, ਚਲੋ ਛੱਡੋ ਪੁਰਾਣੀਆਂ ਗੱਲਾਂ। ਕਰੋ ਬੇਨਤੀ ਪ੍ਰਵਾਨ। ਜਿਹੜੀਆਂ ਤਾਰੀਖਾਂ 23 ਮਾਰਚ 2003 ਨੂੰ ਤੁਹਾਡੇ ਘਰ ਹੋਈ ਮੀਟਿੰਗ ਵਿਚ ਨਿਸ਼ਚਿਤ ਕੀਤੀਆਂ ਗਈਆਂ ਸਨ, ਉਹ ਤਾਰੀਖਾਂ ਸੰਗਤ ਦੀ ਕਚਿਹਰੀ ਵਿੱਚ ਰੱਖ ਦਿਓ ਤਾਂ ਜੋ ਉਨ੍ਹਾਂ ਤੇ ਵਿਚਾਰ ਕਰਕੇ ਕਿਸੇ ਨਤੀਜੇ ਤੇ ਪੁੱਜਿਆ ਜਾ ਸਕੇ। ਉਸ ਮੀਟਿੰਗ ਵਿੱਚ ਸ਼ਾਮਿਲ ਸੱਜਣਾ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਲੋੜ ਪੈਣ ਤੇ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕੇ।
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ (10 ਅਗਸਤ 2021)
—————————————————————————-
23 ਮਾਰਚ 2003 ਦੇ ਦਿਨ ਅਨੁਰਾਗ ਸਿੰਘ ਦੇ ਘਰ ਹੋਈ ਮੀਿਟਿੰਗ ਵਿਚ ਪੰਜ ਜਣੇ ਬੈਠੇ ਸਨ: ਡਾ. ਦਰਸ਼ਨ ਸਿੰਘ, ਡਾ, ਖੜਕ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ, ਪਾਲ ਸਿੰਘ ਪੁਰੇਵਾਲ ਅਤੇ ਅਨੁਰਾਗ ਸਿੰਘ।
ਇਸ ਮੀਟਿੰਗ ਵਿਚ ਗੁਰਪੁਰਬਾਂ ਤੇ ਹੋਰ ਦਿਹਾੜਿਆਂ ਦੀਆਂ ਤਾਰੀਖ਼ਾਂ ਨਿਸ਼ਚਤ ਕੀਤੀਆਂ ਗਈਆਂ ਸਨ। ਪਰ ਉਹ ਕਾਗ਼ਜ਼ ਪਾਲ ਪੁਰੇਵਾਲ ਅਪਣੇ ਨਾਲ ਲੈ ਗਿਆ ਸੀ।
ਉਸ ਨੇ ਮਗਰੋਂ ਆਪਣੀ ਮਰਜ਼ੀ ਨਾਲ ਉਸ ਵਿਚ ਤਬਦੀਲੀਆਂ ਕੀਤੀਆਂ ਸਨ ਕਿਉਂਕਿ ਉਸ ਨੇ ਸਾਨੂੰ ਬਾਕੀ ਚਾਰਾਂ ਨੂੰ ਮੁੜ ਕੇ ਕਦੇ ਉਹ ਲਿਸਟ ਦਿਖਾਈ ਤਕ ਨਹੀਂ ਸੀ।
ਸੋ ਪੁਰੇਵਾਲ ਦੀਆਂ ਤਾਰੀਖ਼ਾਂ ਉਸ ਦੇ ਝੂਠੇ ਕੈਲੰਡਰ ਵਾਂਙ ਝੂਠੀਆਂ ਹੋ ਸਕਦੀਆਂ ਹਨ।
(ਡਾ ਹਰਜਿੰਦਰ ਸਿੰਘ ਦਿਲਗੀਰ)
———————————————————————
ਡਾ ਦਿਲਗੀਰ ਜੀ,
ਤੁਸੀਂ ਲਿਖਿਆ ਹੈ, “ਇਸ ਮੀਟਿੰਗ ਵਿਚ ਗੁਰਪੁਰਬਾਂ ਤੇ ਹੋਰ ਦਿਹਾੜਿਆਂ ਦੀਆਂ ਤਾਰੀਖ਼ਾਂ ਨਿਸ਼ਚਤ ਕੀਤੀਆਂ ਗਈਆਂ ਸਨ। ਪਰ ਉਹ ਕਾਗ਼ਜ਼ ਪਾਲ ਪੁਰੇਵਾਲ ਅਪਣੇ ਨਾਲ ਲੈ ਗਿਆ ਸੀ। ਉਸ ਨੇ ਮਗਰੋਂ ਆਪਣੀ ਮਰਜ਼ੀ ਨਾਲ ਉਸ ਵਿਚ ਤਬਦੀਲੀਆਂ ਕੀਤੀਆਂ ਸਨ ਕਿਉਂਕਿ ਉਸ ਨੇ ਸਾਨੂੰ ਬਾਕੀ ਚਾਰਾਂ ਨੂੰ ਮੁੜ ਕੇ ਕਦੇ ਉਹ ਲਿਸਟ ਦਿਖਾਈ ਤਕ ਨਹੀਂ ਸੀ”।
ਡਾ ਹਰਜਿੰਦਰ ਸਿੰਘ ਦਿਲਗੀਰ ਜੀ, ਆਮ ਸਧਾਰਨ ਵਿਅਕਤੀ ਝੂਠ ਬੋਲਣ ਤੋਂ ਪਹਿਲ 100 ਵਾਰ ਸੋਚਦਾ, ਪਰ ਧੰਨ ਹੋ ਤੁਸੀਂ ਵਿਦਵਾਨ ( ?) ਲੋਕ, ਜੋ ਇੰਨੀ ਜੁਰਅਤ ਨਾਲ ਝੂਠ ਲਿਖ ਵੀ ਦਿੰਦੇ ਹੋ।
ਦੱਸੋ, ਗੁਰਪੁਰਬਾਂ ਦੀਆਂ ਕਿਹੜੀਆਂ ਤਾਰੀਖਾਂ ਤੇ ਤੁਹਾਡੀ ਸਹਿਮਤੀ ਹੋਈ ਸੀ ? ਤੁਸੀਂ ਜੂਲੀਅਨ ਤਾਰੀਖਾਂ ਤੇ ਅੜੇ ਹੋਏ ਹੋ ਅਤੇ ਅਨੁਰਾਗ ਸਿੰਘ ਵਦੀ-ਸੁਦੀ ਤੇ।
ਮਿਸਾਲ ਵਜੋ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਤਾਰੀਖ ਅਨੁਰਾਗ ਸਿੰਘ ਮੁਤਾਬਕ ਜੇਠ ਸੁਦੀ 4 ਹੈ ਅਤੇ ਤੁਹਾਡੇ ਮੁਤਾਬਕ 30 ਮਈ । ਦੱਸੋ, ਤੁਹਾਡੀ ਕਿਸ ਤਾਰੀਖ ਤੇ ਸਹਿਮਤੀ ਹੋਈ ?
ਪਰ ਤੁਹਾਡੇ ਦੋਵਾਂ ਦੀ ਸਾਝ ਵੇਖ ਕੇ ਹੈਰਾਨੀ ਹੋਈ ਹੈ, ਅਨੁਰਾਗ ਸਿੰਘ ਨੇ ਮੈਨੂੰ ਸੁਝਾਓ ਦਿੱਤਾ ਕਿ ਦਿਲਗੀਰ ਦਾ ਲੇਖ ਪੜ੍ਹੋ। ਦਿਲਗੀਰ ਕਹਿੰਦਾ ਅਨੁਰਾਗ ਦਾ “ਅੱਖਾਂ ਖੋਲਣ ਵਾਲਾ ਲੇਖ” ਲੇਖ ਪੜ੍ਹੋ ।
ਦਿਲਗੀਰ ਜੀ, ਇਹ ਲੇਖ ਪੜ੍ਹ ਕੇ ਤੁਹਾਡੀਆਂ ਅੱਖਾਂ ਕਿਉ ਨਹੀਂ ਖੁੱਲੀਆਂ ? ਅਨੁਰਾਗ ਸਿੰਘ ਦੇ ਲੇਖ (2003 ਈ:) ਪੜ੍ਹ ਕੇ ਤੁਸੀਂ ਆਪਣੀ ਰਾਏ (2005 ਈ) ਕਿਉ ਨਾ ਬਦਲੀ ? ਇਕ ਪਾਸੇ ਲਿਖਦੇ ਹੋ ਕਿ 23 ਮਾਰਚ 2003 ਈ: ਨੂੰ ਸਾਡੀ ਸਹਿਮਤੀ ਹੋ ਗਈ ਸੀ ਦੂਜੇ ਪਾਸੇ ਅੱਜ ਤਾਂਈ ਦੋਵੇਂ ਆਪੋ-ਆਪਣੀ ਅੜੀ (ਵਦੀ-ਸਦੀ ਅਤੇ ਜੂਲੀਅਨ ਤਾਰੀਖਾਂ) ਤੇ ਕਾਇਮ ਹੋ।
ਦਿਲਗੀਰ ਜੀ, ਜੋ ਤੁਸੀਂ ਲਿਖਿਆ ਹੈ, “ਉਸ ਨੇ ਸਾਨੂੰ ਬਾਕੀ ਚਾਰਾਂ ਨੂੰ ਮੁੜ ਕੇ ਕਦੇ ਉਹ ਲਿਸਟ ਦਿਖਾਈ ਤਕ ਨਹੀਂ ਸੀ” । ਇਸ ਬਾਰੇ ਤੂਹਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ । ਪੜਦੇ ਦੀ ਗਲ ਹੈ ਅੱਗੇ ਨਾ ਕਰਿਓ, ਉਹ ਤਾਰੀਖਾਂ ਅਨੁਰਾਗ ਸਿੰਘ ਕੋਲ ਹੈਗੀਆਂ। “ਇਹ ਸਾਰੀਆਂ ਹੀ ਤਾਰੀਖਾਂ ਮੈਂ ਆਪਣੇ ਕੋਲ ਆਪਣੀ ਡਾਇਰੀ ਵਿੱਚ ਨੋਟ ਕਰ ਲਈਆਂ ਅਤੇ ਉਸ ਦੀ ਇਕ ਕਾਪੀ ਸ. ਪਾਲ ਸਿੰਘ ਜੀ ਪੁਰੇਵਾਲ ਨੂੰ ਦੇ ਦਿੱਤੀ”। ਇਹੀ ਸੂਚੀ ਅਨੁਰਾਗ ਸਿੰਘ ਨੇ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ (ਜਿਸ ਨੂੰ ਤੁਸੀਂ ਜਥੇਦਾਰ ਕਹਿਣ ਨੂੰ ਤਿਆਰ ਨਹੀਂ) 12 ਅਗਸਤ 2009 ਈ: ਨੁੰ ਭੇਜੀ ਸੀ। ਇਸ ਤੋਂ ਇਹ ਸੂਚੀ ਮੰਗਵਾ ਲਓ। ਤੂਹਾਨੂੰ ਇਨਕਾਰ ਨਹੀਂ ਕਰੇਗਾ। ਮੈਨੂੰ ਤਾਂ ਚਾਰ ਸਾਲ ਹੋ ਗਏ ਇਹ ਸੂਚੀ ਮੰਗਦੇ ਨੂੰ, ਅਨੁਰਾਗ ਸਿੰਘ ਨੇ ਕੋਈ ਹੁੰਗਾਰਾ ਨਹੀਂ ਭਰਿਆ। ਮੈਂ ਤੁਹਾਨੂੰ ਉਸ ਸੂਚੀ ਦਾ ਅਤਾ-ਪਤਾ ਦੱਸਿਆ ਹੈ ਇਸ ਲਈ ਆਸ ਕਰਦਾ ਹਾਂ ਕਿ ਉਸ ਦੀ ਕਾਪੀ ਮੈਨੂੰ ਭੇਜ ਕੇ ਧੰਨਵਾਦ ਕਰਨ ਦਾ ਮੌਕਾ ਜਰੂਰ ਦਿਓਗੇ।
ਦਿਲਗੀਰ ਜੀ ਜੇ ਇਜਾਜ਼ਤ ਦਿਓ ਤਾਂ ਇਕ ਗੱਲ ਪੁੱਛਾਂ, ਤੁਹਾਡੀ ਦੋਵਾਂ ਦੀ, ਜਿਹੜੀ ਸਾਂਝ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਹੈ, ਇਹੀ ਸਾਂਝ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਸਾਬਕਾ ਨਿਰਦੇਸ਼ਕ ਹੋਣ ਦੇ ਨਾਤੇ, ਪੰਥ ਦਾ ਗੁਆਚਿਆ ਖਜਾਨ ਲੱਭਣ ਲਈ ਕਿਉ ਨਹੀ ?
ਧੰਨਵਾਦ
ਸਰਵਜੀਤ ਸਿੰਘ ਸੈਕਰਾਮੈਂਟੋ