ਪੰਜਵੇਂ ਨਾਨਕ ਦਾ ਦੁਨਿਆਵੀ ਸਫ਼ਰ
ਗਿਆਨੀ ਅਵਤਾਰ ਸਿੰਘ
ਗੁਰੂ ਅਰਜਨ ਸਾਹਿਬ ਜੀ ਦਾ ਜਨਮ 15 ਅਪਰੈਲ 1563 ਈਸਵੀ ਨੂੰ ਬੀਬੀ ਭਾਨੀ ਜੀ ਅਤੇ ਭਾਈ ਜੇਠਾ ਜੀ (ਮਗਰੋਂ ਨਾਂ ਗੁਰੂ ਰਾਮਦਾਸ ਜੀ) ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ । ਆਪ ਜੀ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀਚੰਦ ਜੀ (ਸੰਨ 1558-1618 ਈ.) ਅਤੇ ਬਾਬਾ ਮਹਾਂਦੇਵ ਜੀ (ਸੰਨ 1560-1605 ਈ.) ਸਨ। ਆਪ ਜੀ ਦਾ ਬਚਪਨ ਗੋਇੰਦਵਾਲ ਵਿਖੇ ਪਿਤਾ ਗੁਰੂ ਰਾਮਦਾਸ ਜੀ ਅਤੇ ਨਾਨਾ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਬੀਤਿਆ, ਇਸ ਕਾਰਨ ਆਪ ਜੀ ਵਿੱਚ ਨਾਨਾ ਜੀ ਅਤੇ ਪਿਤਾ ਜੀ ਵਾਲ਼ੀਆਂ ਸਾਰੀਆਂ ਖ਼ੂਬੀਆਂ ਸਨ। ਸੇਵਾ, ਸਿਮਰਨ, ਸਿਆਣਪ, ਇੰਤਜ਼ਾਮ ਦੇ ਗੁਣ ਸਿੱਖਣ ਦੇ ਨਾਲ਼-ਨਾਲ਼ ਆਪ ਨੇ ਚੰਗੀ ਤਾਲੀਮ ਵੀ ਹਾਸਲ ਕੀਤੀ। ਗੁਰੂ ਅਮਰਦਾਸ ਜੀ ਕੋਲ਼ ਸੰਭਾਲ਼ਿਆ ਹੋਇਆ ਸਮੁੱਚਾ ਗੁਰਬਾਣੀ ਸੰਗ੍ਰਹਿ, ਭਗਤ ਬਾਣੀ ਫ਼ਲਸਫ਼ਾ ਆਦਿ ਆਪ ਜੀ ਨੇ ਸਭ ਵਿਚਾਰ-ਵਿਚਾਰ ਸਮਝ ਲਏ ਸਨ। 11 ਕੁ ਸਾਲ ਦੀ ਉਮਰ ਵਿੱਚ ਹੀ ਆਪ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ। ਗੁਰੂ ਅਮਰਦਾਸ ਜੀ ਨੇ ਆਪ ਜੀ ਦੀ ਬਾਲਪਣ ’ਚ ਗਹਿਰੀ ਸਾਹਿਤਕ ਰੁਚੀ ਵੇਖਦਿਆਂ ‘ਦੋਹਤਾ ਬਾਣੀ ਕਾ ਬੋਹਿਥਾ’ ਸ਼ਬਦਾਂ ਨਾਲ਼ ਆਪ ਨੂੰ ਨਿਵਾਜਿਆ ਸੀ।
ਪਹਿਲੀ ਸਤੰਬਰ 1574 ਨੂੰ ਗੁਰੂ ਅਮਰਦਾਸ ਜੀ; ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਜੀ ਨੂੰ ਸੌਂਪ ਕੇ ਆਪ ਜੋਤਿ ਜੋਤ ਸਮਾ ਗਏ। ਇਸ ਤੋਂ ਛੇਤੀ ਹੀ ਬਾਅਦ ਗੁਰੂ ਰਾਮਦਾਸ ਜੀ (ਪਰਿਵਾਰ ਸਮੇਤ) ਗੋਇੰਦਵਾਲ ਤੋਂ ਗੁਰੂ ਕੇ ਚੱਕ (ਅੰਮ੍ਰਿਤਸਰ ਸਾਹਿਬ) ਆ ਗਏ। ਪਿਤਾ ਜੀ ਅੰਗ ਸੰਗ ਰਹਿੰਦਿਆਂ ਆਪ ਜੀ ਨੇ ਨਗਰ ਦੀ ਉਸਾਰੀ ’ਚ ਵਿਸ਼ੇਸ਼ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਜਾਂਦੀ ਆਪਸੀ ਗੱਲਬਾਤ ਨੂੰ ਆਪ ਨੇ ਬਹੁਤ ਨੇੜਿਓਂ ਸੁਣਿਆ ਸੀ। 19 ਜੂਨ 1589 ਦੇ ਦਿਨ (ਉਮਰ 26 ਸਾਲ 2 ਮਹੀਨੇ 5 ਦਿਨ) ਆਪ ਜੀ ਦਾ ਵਿਆਹ ਲਾਹੌਰ ਦੇ ਭਾਈ ਸੰਗਤ ਰਾਓ ਦੀ ਬੇਟੀ (ਮਾਤਾ) ਗੰਗਾ ਜੀ ਨਾਲ਼ ਹੋਇਆ, ਜਿਨ੍ਹਾਂ ਦੇ ਉਦਰ ਤੋਂ 19 ਜੂਨ 1595 ਦੇ ਦਿਨ (ਗੁਰੂ) ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ।
47 ਸਾਲ ਦੀ ਸੰਸਾਰਕ ਯਾਤਰਾ ਸਫਲ ਕਰ ਅਤੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਂਪ ਕੇ ਗੁਰੂ ਰਾਮਦਾਸ ਜੀ 1 ਸਤੰਬਰ 1581 ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ। ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਮਿਲਣ ਉਪਰੰਤ ਆਪ ਜੀ ਦੇ ਸਭ ਤੋਂ ਵੱਡੇ ਭਰਾ ਪ੍ਰਿਥੀਚੰਦ ਅੰਦਰ ਦਿਨ ਪ੍ਰਤੀ ਦਿਨ ਸੜਨ ਵਧਦੀ ਗਈ, ਜਿਸ ਦਾ ਸਭ ਤੋਂ ਪਹਿਲਾ ਮੋਹਰਾ ਬਣਿਆ ਮੁਗ਼ਲ ਜਰਨੈਲ ਸੁਲਹੀ ਖ਼ਾਨ, ਜੋ ਪ੍ਰਿਥੀਚੰਦ ਦੁਆਰਾ ਕੰਨ ਭਰੇ ਜਾਣ ’ਤੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਆ ਰਿਹਾ ਸੀ, ਪਰ ਅਕਾਲ ਪੁਰਖ ਦੀ ਰਹਿਮਤ ਸਦਕਾ ਰਸਤੇ ਵਿੱਚ ਹੀ ਘੋੜੇ ਦੇ ਬੇਕਾਬੂ ਹੋ ਜਾਣ ’ਤੇ ਇੱਕ ਬਲਦੇ ਭੱਠੇ ਵਿੱਚ ਡਿੱਗ ਕੇ ਜਿਊਂਦਾ ਸੜ ਗਿਆ। ਮੁਸਲਮਾਨ ਲਈ ਅੱਗ ’ਚ ਸੜ ਕੇ ਮਰਨਾ ਬਦਕਿਸਮਤੀ ਮੰਨਿਆ ਜਾਂਦਾ ਹੈ ਭਾਵੇਂ ਕਿ ਪ੍ਰਿਥੀਚੰਦ ਨੂੰ ਫਿਰ ਨਾ ਅਕਲ ਆਈ। ਹੁਣ ਉਹ, ਸੁਲਹੀ ਖ਼ਾਨ ਦੇ ਭਤੀਜੇ ਸੁਲਭੀ ਖ਼ਾਨ ਨੂੰ ਨਾਲ਼ ਲੈ ਕੇ ਗੁਰੂ ਕੇ ਚੱਕ ’ਤੇ ਹਮਲਾ ਕਰਨ ਲਈ ਚੱਲ ਪਿਆ। ਉਹ ਵੀ ਰਸਤੇ ਵਿੱਚ ਆਪਣੇ ਹੀ ਇੱਕ ਸਿਪਾਹੀ ਨਾਲ਼ ਝਗੜਾ ਕਰਦਿਆਂ ਗੋਲ਼ੀ ਲੱਗਣ ਨਾਲ਼ ਮਰ ਗਿਆ। ਗੁਰੂ ਘਰ ’ਤੇ ਹਮਲਾਵਰ ਹੋ ਕੇ ਆਏ ਇਨ੍ਹਾਂ ਦੁਸ਼ਮਣਾਂ ਨਾਲ਼ ਗੱਲਬਾਤ ਕਰਨ ਜਾਂ ਮੁਕਾਬਲਾ ਕਰਨ ਲਈ ਮੁਖੀ ਸਿੱਖਾਂ ਨੇ ਗੁਰੂ ਜੀ ਨਾਲ਼ ਸਲਾਹ ਮਸ਼ਵਰਾ ਕੀਤਾ, ਜਿਸ ਦਾ ਜਵਾਬ ਆਪ ਨੇ ਇਉਂ ਦਿੱਤਾ ‘‘ਪ੍ਰਥਮੇ ਮਤਾ (ਪਹਿਲੀ ਸਲਾਹ); ਜਿ ਪਤ੍ਰੀ ਚਲਾਵਉ ॥ ਦੁਤੀਏ ਮਤਾ; ਦੁਇ ਮਾਨੁਖ ਪਹੁਚਾਵਉ ॥ ਤ੍ਰਿਤੀਏ ਮਤਾ; ਕਿਛੁ ਕਰਉ ਉਪਾਇਆ ॥ ਮੈ ਸਭੁ ਕਿਛੁ ਛੋਡਿ; ਪ੍ਰਭ ! ਤੁਹੀ ਧਿਆਇਆ ॥’’ (ਆਸਾ, ਮਹਲਾ ੫, ਅੰਕ ੩੭੧)
ਪ੍ਰਿਥੀਚੰਦ ਨੇ 1585 ਈਸਵੀ ’ਚ ਇੱਕ ਵਾਰ ਫਿਰ ਅਕਬਰ ਬਾਦਸ਼ਾਹ (1556-1605) ਦੇ ਵਜ਼ੀਰ ਮਹੇਸ਼ ਚੰਦਰ ਭੱਟ (ਪ੍ਰਸਿੱਧ ਨਾਂ ਬੀਰਬਲ 1528-1586) ਨਾਲ਼ ਗੰਢ-ਸੰਢ ਕੀਤੀ, ਜੋ ਅਕਬਰ ਦੀ ਰਾਜਪੂਤ ਬੀਬੀ ਅਤੇ ਜੋਧਪੁਰ ਦੇ ਹਿੰਦੂ ਰਾਜਪੂਤ ਰਾਜੇ ਦੀ ਧੀ, ਨਾਲ਼ ਦਾਜ ਵਿੱਚ ਆਇਆ ਸੀ। ਅਕਬਰ ਨੇ ਬੀਰਬਲ ਨੂੰ ਦਿੱਲੀ ਤੋਂ ਸਰਹੱਦੀ ਸੂਬੇ (ਲਾਹੌਰ) ਵੱਲ ਭੇਜਿਆ ਜਿੱਥੇ ਪਠਾਣਾਂ ਨੇ ਬਗ਼ਾਵਤ ਕਰ ਰੱਖੀ ਸੀ। ਚੱਲਣ ਤੋਂ ਪਹਿਲਾਂ ਬੀਰਬਲ ਨੇ ਅਕਬਰ ਬਾਦਸ਼ਾਹ ਪਾਸੋਂ ਰਸਤੇ ਦਾ ਖ਼ਰਚ ਕੱਢਣ ਲਈ ਸਾਰੇ ਖੱਤਰੀਆਂ ਤੋਂ ਟੈਕਸ ਵਸੂਲਣ ਦੀ ਅਨੁਮਤੀ ਲੈ ਲਈ। ਗੋਇੰਦਵਾਲ ਦੇ ਪੱਤਣ ਤੋਂ ਲੰਘਦਿਆਂ ਪ੍ਰਿਥੀਚੰਦ ਦੀ ਸ਼ਹਿ ’ਤੇ ਬੀਰਬਰ ਨੇ ਆਪਣੇ ਏਲਚੀ; ਗੁਰੂ ਜੀ ਪਾਸੋਂ ਟੈਕਸ ਲੈਣ ਲਈ ਗੁਰੂ ਕੇ ਚੱਕ ਭੇਜੇ। ਗੁਰੂ ਜੀ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਕਿ ਸਿੱਖ; ਹਿੰਦੂ ਨਹੀਂ ਹੁੰਦੇ। ਗੁਰੂ ਜੀ ਦਾ ਇਹ ਜਵਾਬ ਏਲਚੀਆਂ ਰਾਹੀਂ ਬੀਰਬਰ ਨੂੰ ਮਿਲਣ ’ਤੇ ਉਹ ਗੁੱਸੇ ਹੋਇਆ ਅਤੇ ਅਮਾਨਤ ਖ਼ਾਨ ਦੀ ਸਰ੍ਹਾਂ ਤੋਂ ਦੁਬਾਰਾ ਆਪਣੇ ਏਲਚੀ ਭੇਜ ਕੇ ਗੁਰੂ ਜੀ ਨੂੰ ਧਮਕੀ ਦਿੱਤੀ ਕਿ ਟੈਕਸ ਦੇਓ ਜਾਂ ਵਾਪਸੀ ’ਤੇ ਹਮਲਾ ਕਰ ਦਿਆਂਗਾ। ਅਕਾਲ ਪੁਰਖ ਦੀ ਮੁੜ ਰਹਿਮਤ ਹੋਈ ਕਿ ਬੀਰਬਲ ਵੀ ਇਨ੍ਹਾਂ ਪਠਾਣਾਂ ਨਾਲ਼ ਲੜਦਿਆਂ ਫ਼ਰਵਰੀ 1586 ’ਚ ਮਰ ਗਿਆ। ਪ੍ਰਿਥੀਚੰਦ ਦੀਆਂ ਕੋਝੀਆਂ ਸਾਜ਼ਸ਼ਾਂ ਇੱਕ ਵਾਰ ਰੁਕ ਗਈਆਂ ਤੇ ਉਹ ਆਪਣੇ ਸਹੁਰੇ ਘਰ ਜ਼ਿਲ੍ਹਾ ਲਾਹੌਰ ਚਲਾ ਗਿਆ।
ਗੁਰੂ ਸਾਹਿਬ ਨੇ ਇਸੇ ਸਾਲ (1586 ’ਚ) ਅੰਮ੍ਰਿਤਸਰ ਸਰੋਵਰ ਨੂੰ ਪੱਕਾ ਕੀਤਾ। ਦੋ ਸਾਲ ਬਾਅਦ ਸੰਤੋਖਸਰ ਸਰੋਵਰ ਪੱਕਾ ਕੀਤਾ ਗਿਆ। 3 ਜਨਵਰੀ 1588 ਨੂੰ ਆਪ ਨੇ ਅੰਮ੍ਰਿਤਸਰ ਸਰੋਵਰ ਵਿੱਚ ਦਰਬਾਰ ਸਾਹਿਬ ਦੀ ਨੀਂਹ ਰੱਖੀ।
(ਨੋਟ : ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ ਦਰਬਾਰ ਸਾਹਿਬ ਦੀ ਰੱਖੀ ਇਸ ਨੀਂਹ ਤੋਂ ਲਗਭਗ 200-250 ਸਾਲ ਬਾਅਦ ਭਾਵ 19ਵੀਂ ਸਦੀ ’ਚ ਲਿਖਾਰੀ ਬੂਟੇ ਸ਼ਾਹ ਨੇ ਪਹਿਲੀ ਵਾਰ ਸਾਈਂ ਮੀਆਂ ਮੀਰ ਜੀ ਪਾਸੋਂ ਦਰਬਾਰ ਸਾਹਿਬ ਦੀ ਨੀਂਹ ਰੱਖੇ ਜਾਣ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ।)
ਗੁਰੂ ਜੀ ਦੀ ਸ਼ਾਦੀ (19 ਜੂਨ 1589) ਨੂੰ ਹੋਣ ਤੋਂ ਬਾਅਦ ਸੰਨ 1590 ’ਚ ਆਪ ਨੇ ਤਰਨਤਾਰਨ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ। ਲੋਕਾਂ ਦੀ ਤਕਲੀਫ਼ ਨੂੰ ਵੇਖਦਿਆਂ ਸੰਨ 1592 ’ਚ ਗੁਰੂ ਕੀ ਵਡਾਲੀ ਲਾਗੇ ਛੇ ਹਰਟਾਂ ਵਾਲ਼ਾ ਖੂਹ ਲਵਾਇਆ । ਹੁਣ ਇਸ ਆਬਾਦੀ ਦਾ ਨਾਂ ਹੀ ਛੇਹਰਟਾ ਸਾਹਿਬ ਹੈ। ਸੰਨ 1593 ’ਚ ਆਪ ਨੇ ਕਰਤਾਰਪੁਰ (ਜਲੰਧਰ) ਦੀ ਨੀਂਹ ਰੱਖੀ। ਸੰਨ 1597 ’ਚ ਆਪ ਨੇ ਪਿੰਡ ਰੁਹੀਲਾ ਦੀ ਜਗ੍ਹਾ ਗੋਬਿੰਦਪੁਰ (ਹੁਣ ਹਰਿਗੋਬਿੰਦਪੁਰ) ਨਗਰ ਦੀ ਨੀਂਹ ਰੱਖੀ। ਸੰਨ 1599 ’ਚ ਲਾਹੌਰ ਵਿਖੇ ਗੁਰੂ ਰਾਮਦਾਸ ਸਾਹਿਬ ਜੀ ਦੇ ਜਨਮ ਸਥਾਨ (ਚੂਨਾ ਮੰਡੀ) ’ਚ ਬਾਉਲੀ ਬਣਵਾਈ ਗਈ। ਗੁਰੂ ਕਾ ਚੱਕ ਵਿਖੇ ਸੰਗਤਾਂ ਦੀ ਨਫ਼ਰੀ ਵਧਦੀ ਵੇਖ ਆਪ ਨੇ ਸੰਨ 1602 ’ਚ ਰਾਮਦਾਸ ਸਰੋਵਰ (ਤੀਸਰਾ ਸਰੋਵਰ) ਤਿਆਰ ਕਰਵਾਇਆ। ਪਿੰਡ ਘੁੰਕੇਵਾਲ਼ੀ ’ਚ ਇੱਕ ਬਾਗ਼ ਵੀ ਲਗਵਾਇਆ, ਜਿਸ ਨੂੰ ਹੁਣ ਗੁਰੂ ਕਾ ਬਾਗ਼ ਕਿਹਾ ਜਾਂਦਾ ਹੈ, ਇਸ ਦੀ ਆਜ਼ਾਦੀ ਲਈ ਸੰਨ 1922 ’ਚ ਮੋਰਚਾ ਵੀ ਲੱਗਾ ਸੀ। ਤਰਨਤਾਰਨ ਵਿੱਚ ਇਕ ਕੋਹੜੀ ਆਸ਼ਰਮ ਵੀ ਬਣਾਇਆ ਗਿਆ। ਇਉਂ ਗੁਰੂ ਜੀ ਤਕਰੀਬਨ 15 ਸਾਲ ਤੱਕ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਦੇ ਨਾਲ਼ ਨਾਲ਼ ਆਮ ਜਨਤਾ ਦੀਆਂ ਤਕਲੀਫ਼ਾਂ ਸੁਣਦਿਆਂ ਨਗਰ, ਬਾਉਲੀਆਂ, ਖੂਹ ਅਤੇ ਸਰੋਵਰ ਆਦਿ ਬਣਾਉਂਦੇ ਰਹੇ। ਸੰਨ 1595 ’ਚ ਰਾਵੀ ਅਤੇ ਝਨਾਂ ਵਿਚਕਾਰ ਕਾਲ ਪੈ ਗਿਆ, ਜਿੱਥੇ ਗੁਰੂ ਸਾਹਿਬ ਨੇ ਦਸਵੰਧ ਦੀ ਰਕਮ ਨਾਲ਼ ਲੰਗਰ ਲਗਾ ਕੇ ਲੋਕਾਂ ਦੀ ਬੜੀ ਮਦਦ ਕੀਤੀ। ਗੁਰੂ ਜੀ ਇੱਥੇ 8 ਮਹੀਨੇ ਰਹੇ ਤੇ ਇਨ੍ਹੀਂ ਦਿਨੀਂ ਅਕਬਰ ਬਾਦਸ਼ਾਹ ਵੀ ਇੱਧਰ (ਲਾਹੌਰ ਵੱਲ) ਆਇਆ ਹੋਇਆ ਸੀ। ਉਸ ਨੇ ਗੁਰੂ ਸਾਹਿਬ ਦਾ ਸ਼ੁਕਰੀਆ ਅਦਾ ਕੀਤਾ। ਸਾਰਾ ਮਾਝਾ, ਜੋ ਪਹਿਲਾਂ ਗੁੱਗੇ, ਸਖੀ ਸਰਵਰ, ਪੀਰਾਂ-ਫਕੀਰਾਂ, ਕਾਲਪਨਿਕ ਦੇਵਤਿਆਂ ਦਾ ਪੈਰੋਕਾਰ ਸੀ, ਹੁਣ ਗੁਰੂ ਕਾ ਮਾਝਾ ਬਣ ਗਿਆ ਸੀ।
2 ਨਵੰਬਰ 1598 ਨੂੰ ਅਕਬਰ ਦਿੱਲੀ ਤੋਂ ਦੁਬਾਰਾ ਪਿਸ਼ਾਵਰ ਵੱਲ ਜਾਂਦਾ ਹੋਇਆ ਗੁਰੂ ਜੀ ਦੇ ਦਰਸ਼ਨ ਕਰਨ ਲਈ ਦੂਜੀ ਵਾਰ ਗੋਇੰਦਵਾਲ ਆਇਆ (ਪਹਿਲੀ ਵਾਰ 1571 ’ਚ ਵੀ ਗੁਰੂ ਅਮਰਦਾਸ ਜੀ ਨੂੰ ਮਿਲਣ ਲਈ ਇੱਥੇ ਆਇਆ ਸੀ), ਜਿਸ ਦੇ ਨਾਲ਼ ਉਸ ਦਾ ਵਜ਼ੀਰ ਅਬੂ ਫ਼ਜ਼ਲ ਵੀ ਸੀ। ਅਹਿਲਕਾਰਾਂ ਨੇ ਬਾਦਸ਼ਾਹ ਦੇ ਬੈਠਣ ਲਈ ਗਲੀਚੇ ਵਿਛਾ ਦਿੱਤੇ, ਜੋ ਅਕਬਰ ਨੇ ਆਪਣੇ ਹੱਥੀਂ ਚੁੱਕਦਿਆਂ ਕਿਹਾ ਕਿ ਰੂਹਾਨੀਅਤ ਦਰਬਾਰ ਵਿੱਚ ਇਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ। ਬਾਦਸ਼ਾਹ ਨੇ ਆਮ ਸੰਗਤ ਨਾਲ਼ ਬੈਠ ਕੇ ਲੰਗਰ ਛਕਿਆ। ਜਾਣ ਲੱਗਿਆਂ ਗੁਰੂ ਕੇ ਲੰਗਰ ਲਈ ਕੁਝ ਜ਼ਮੀਨੀ ਪੱਟਾ ਦੇਣਾ ਚਾਹਿਆ ਪਰ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਸੰਗਤਾਂ ਦੇ ਦਸਵੰਧ ਨਾਲ਼ ਚੱਲਣ ਨੂੰ ਹੀ ਸਹੀ ਕਿਹਾ। ਇਹੀ ਪ੍ਰਥਾ ਹੁਣ ਤੱਕ ਗੁਰੂ ਘਰਾਂ ਵਿੱਚ ਪ੍ਰਚਲਿਤ ਹੈ ਜਦਕਿ ਦਰਬਾਰ ਸਾਹਿਬ (ਅੰਮ੍ਰਿਤਸਰ) ਦੀ ਤਰਜ਼ ’ਤੇ ਬਣਾਏ ਗਏ ਦੁਰਗਿਆਣਾ ਮੰਦਿਰ ’ਚ ਲੰਗਰ ਸਮੇਤ ਹਰ ਸੁਵਿਧਾ ਸਰਕਾਰੀ ਗ੍ਰਾਂਟਾਂ ਨਾਲ ਚੱਲਦੀ ਹੈ, ਇਸ ਲਈ ਹਿੰਦੂਆਂ ਦਾ ਵੀ ਵਧੇਰੇ ਰੁਝਾਨ ਗੁਰੂ ਘਰ (ਦਰਬਾਰ ਸਾਹਿਬ) ਵੱਲ ਹੁੰਦਾ ਹੈ। ਗੁਰੂ ਸਾਹਿਬ ਨੇ ਅਕਬਰ ਬਾਦਸ਼ਾਹ ਤੋਂ ਇਹ ਐਲਾਨ ਜ਼ਰੂਰ ਕਰਵਾਇਆ ਕਿ ਸਿੱਖ; ਹਿੰਦੂ ਨਹੀਂ, ਇਨ੍ਹਾਂ ’ਤੇ ਜਜ਼ੀਆ (ਧਾਰਮਿਕ ਟੈਕਸ) ਨਹੀਂ ਲੱਗਣਾ ਚਾਹੀਦਾ। ਕੁਝ ਸਮੇਂ ਬਾਅਦ ਅਕਬਰ ਨੇ ਹਿੰਦੂਆਂ ’ਤੇ ਲਗਾਇਆ ਜਜ਼ੀਆ ਕਾਨੂੰਨ ਵੀ ਹਟਾ ਲਿਆ।
ਦੂਜੇ ਧਰਮ ਦੇ ਆਗੂਆਂ ਨਾਲ਼ ਵੀ ਗੁਰੂ ਸਾਹਿਬ ਦੇ ਚੰਗੇ ਸੰਬੰਧ ਸਨ। ਸਾਈਂ ਮੀਆਂ ਮੀਰ ਜੀ (1550-11.8.1635), ਜੋ ਇਸਲਾਮ ਦੇ ਖ਼ਲੀਫ਼ੇ ਉਮਰ ਦੇ ਖ਼ਾਨਦਾਨ ਨਾਲ਼ ਸੰਬੰਧ ਰੱਖਦੇ ਸਨ ਤੇ ਉਨ੍ਹਾਂ ਦਾ ਪਿਛੋਕੜ ਸੀਸਤਾਨ (ਇਰਾਨ) ਦਾ ਸੀ, ਹੁਣ ਲਾਹੌਰ ਦੇ ਵਸਨੀਕ ਸਨ, ਨਾਲ਼ ਆਪ ਜੀ ਦੇ ਚੰਗੇ ਸੰਬੰਧ ਸਨ। ਸਾਈਂ ਮੀਆਂ ਜੀ ਅਤੇ ਗੁਰੂ ਜੀ ਵਿਚਕਾਰ ਅਕਸਰ ਹੀ ਰੂਹਾਨੀ ਨੁਕਤਿਆਂ ’ਤੇ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ। ਬਾਦਸ਼ਾਹ ਅਕਬਰ; ਸਾਈ ਮੀਆਂ ਮੀਰ ਜੀ ਤੋਂ ਬੜਾ ਪ੍ਰਭਾਵਤ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾਉਣ ’ਚ ਸਾਈਂ ਮੀਆਂ ਜੀ ਦਾ ਅਹਿਮ ਯੋਗਦਾਨ ਸੀ ਭਾਵੇਂ ਕਿ ਕੁਝ ਸਮੇਂ ਲਈ ਭਾਵ ਅਕਬਰ ਦੀ ਮੌਤ (16 ਅਕਤੂਬਰ 1605) ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਣ ਤੱਕ ਜਹਾਂਗੀਰ ਉੱਤੇ ਸ਼ੈਖ ਅਹਿਮਦ ਸਾਹਰਿੰਦੀ (ਸਹਰਿੰਦੀ) ਵਰਗੇ ਫਿਰਕੂ ਮੌਲਵੀਆਂ ਦਾ ਪ੍ਰਭਾਵ ਰਿਹਾ, ਇਸ ਦਾ ਇੱਕ ਕਾਰਨ ਜਹਾਂਗੀਰ ਦਾ ਰਾਜਸੀ ਹਿੱਤ ਵੀ ਸੀ, ਜਿਸ ਨੂੰ ਆਪਣੇ ਹੀ ਘਰੋਂ ਪੁੱਤਰ ਖੁਸਰੋ (ਜੋ ਨੇਕ ਇਨਸਾਨ ਸੀ) ਵੱਲੋਂ ਚੁਣੌਤੀ ਮਿਲ ਰਹੀ ਸੀ, ਇਸ ਕਾਰਨ ਜਹਾਂਗੀਰ ਨੂੰ ਵੀ ਫਿਰਕੂ ਮੌਲਵੀਆਂ ਦੀ ਮਦਦ ਦੀ ਲੋੜ ਸੀ, ਅਜਿਹੇ ਹਾਲਾਤਾਂ ’ਚ ਗੁਰੂ ਘਰ ਦੇ ਦੋਖੀ ਚੰਦੂ ਦੀ ਚੁਗ਼ਲੀ ਵੀ ਮਚਦੀ ’ਤੇ ਘੀ ਪਾਉਂਦੀ ਹੈ।
ਆਦਿ ਗ੍ਰੰਥ ਦੀ ਸੰਪਾਦਨਾ: ਗੁਰੂ ਗ੍ਰੰਥ ਸਾਹਿਬ ਅੰਦਰ ਕੁੱਲ 5869 ਸ਼ਬਦ ਹਨ, ਜਿਨ੍ਹਾਂ ’ਚੋਂ 2312 ਸ਼ਬਦ ਕੇਵਲ ਗੁਰੂ ਅਰਜਨ ਸਾਹਿਬ ਜੀ ਦੇ ਹਨ। ਨਾਵੇਂ ਪਾਤਿਸ਼ਾਹ ਜੀ ਦੁਆਰਾ ਰਚੇ 116 ਸ਼ਬਦ ਬਾਅਦ (ਸੰਨ 1679) ’ਚ ਦਸਮੇਸ਼ ਪਿਤਾ ਜੀ ਨੇ (ਦਮਦਮਾ ਸਾਹਿਬ ਅਨੰਦਪੁਰ ਸਾਹਿਬ ਵਿਖੇ) ਦਰਜ ਕੀਤੇ। ਸਮੁੱਚੀ ਗੁਰਬਾਣੀ ’ਚੋਂ ਬਾਕੀ ਰਹੀ ਪਹਿਲੇ ਚਾਰ ਗੁਰੂ ਸਾਹਿਬਾਨ ਦੀ ਬਾਣੀ, 11 ਭੱਟਾਂ ਦੀ ਬਾਣੀ, 15 ਭਗਤਾਂ ਦੀ ਬਾਣੀ, 3 ਗੁਰਸਿੱਖਾਂ ਦੀ ਬਾਣੀ ਦੇ ਸ਼ਬਦ ਸੰਗ੍ਰਹਿ (ਕੁੱਲ 5869-2312-116 =) 3441 ਸ਼ਬਦਾਂ ਦਾ ਬਾਰੀਕੀ ਨਾਲ਼ ਅਧਿਐਨ ਕਰਦਿਆਂ ਤੇ ਗੁਰਬਾਣੀ ਦਾ ਸੰਪਾਦਨ (ਖਰੜੇ ਦੀ ਸੁਧਾਈ ਤੇ ਤਰਤੀਬ ਦੇਣਾ) ਕਰਦਿਆਂ ਵੀ ਕੁਝ ਕੁ ਵਿਸ਼ਿਆਂ ਨੂੰ ਹੋਰ ਵਿਸਤਾਰ ਦੇਣ ਕਾਰਨ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ’ਚ ਕੁਝ ਵਾਧਾ ਹੋਇਆ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗੁਰਬਾਣੀ ਸੰਗ੍ਰਹਿ ਨੂੰ ਇੱਕ ਜਿਲਦ ’ਚ ਲਿਆਉਣ ਲੱਗਿਆਂ ਉਸ ਦੀ ਸ਼ਬਦ ਤਰਤੀਬ, ਵਿਸ਼ਾ ਤਰਤੀਬ, ਰਾਗ ਤਰਤੀਬ, ਮੂਲ ਮੰਤਰ ਤਰਤੀਬ, ਅੰਕ ਸੰਖਿਆ ਕ੍ਰਮ, ਆਦਿ ਪੱਖ ਵਾਚਨੇ ਬੜੀ ਵੱਡੀ ਅਤੇ ਮਹੱਤਵ ਪੂਰਨ ਜ਼ਿੰਮੇਵਾਰੀ ਹੁੰਦੀ ਹੈ। ਸੰਨ 1601 ’ਚ ਜਦ ਰਾਮਸਰ ਸਰੋਵਰ ਤਿਆਰ ਕੀਤਾ ਗਿਆ ਤਾਂ ਉਸ ਦੇ ਕਿਨਾਰੇ ਹੀ ਇੱਕ ਨਿਵੇਕਲਾ ਕਮਰਾ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਬਣਾਇਆ ਗਿਆ। ਇਹ ਮਹਾਨ ਕਾਰਜ ਭਾਈ ਗੁਰਦਾਸ ਜੀ ਦੀ ਮਦਦ ਨਾਲ਼ ਸੰਪੂਰਨ ਕੀਤਾ ਗਿਆ ਤੇ ਇਸ ਦੇ ਅੰਤ ਵਿੱਚ ਮੁੰਦਵਣੀ (ਮੋਹਰ) ਵੀ ਲਾਈ ਗਈ ਤਾਂ ਜੋ ਕਦੀਂ ਕੱਚੀ ਬਾਣੀ ਜੋੜਨ ਦੀ ਗੁਜਾਇਸ਼ ਨਾ ਬਚੇ। ਇਸੇ ਮੁੰਦਾਵਣੀ ਨੂੰ ਵੇਖਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਮੁੰਦਾਵਣੀ ਤੋਂ ਪਹਿਲਾਂ ਹੀ ਦਰਜ ਕੀਤੀ ਤਾਂ ਜੋ ਮੁੰਦਾਵਣੀ ‘ਆਦਿ ਗ੍ਰੰਥ ਸਾਹਿਬ’ ਦੇ ਅੰਤ ’ਚ ਹੀ ਰਹੇ। ਇਹ ਕਾਰਜ 31 ਜੁਲਾਈ 1604 ਤੱਕ ਮੁਕੰਮਲ ਹੋ ਗਿਆ। 16 ਅਗਸਤ 1604 ਨੂੰ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕੀਤਾ ਗਿਆ ਤੇ ਪਹਿਲਾ ਪਾਠ ਕਰਨ ਦਾ ਮਾਣ ਬਾਬਾ ਬੁੱਢਾ ਜੀ ਨੂੰ ਹਾਸਲ ਹੋਇਆ। ਗੁਰੂ ਗ੍ਰੰਥ ਸਾਹਿਬ ਦੀ ਦਾ ਅਰੰਭਕ ਨਾਂ ‘ਆਦਿ ਗ੍ਰੰਥ’ ਸੀ।
ਗੁਰੂ ਸਾਹਿਬ ਜੀ ਦੀ ਸ਼ਹੀਦੀ : ਗੁਰੂ ਜੀ ਨੇ ਸੰਨ 1581 ’ਚ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲ਼ੀ। 25 ਸਾਲ ਦੇ ਆਪਣੇ ਦੁਨਿਆਵੀ ਸਫਰ ਦੌਰਾਨ 4 ਨਵੇਂ ਨਗਰ ਵਸਾਏ, ਕਈ ਬਾਉਲੀਆਂ ਤੇ ਖੂਹ ਖੁਦਵਾਏ, ਕਈ ਸਮਾਜਕ ਸੇਵਾ ਦੇ ਪ੍ਰਾਜੈਕਟ (ਕੋੜੀ ਆਸ਼ਰਮ, ਦਵਾਖ਼ਾਨੇ, ਕਾਲ ਪੈ ਜਾਣ ’ਤੇ ਜਗ੍ਹਾ-ਜਗ੍ਹਾ ਲੰਗਰ ਆਦਿ ਲਗਾਉਣਾ) ਨੇਪਰੇ ਚਾੜ੍ਹੇ। ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਵੀ ਹੁੰਦਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਕਿਸੇ ਦੀ ਨੀਵੀਂ ਜਾਤ ਜਾਂ ਉੱਚ ਜਾਤ ਨਹੀਂ ਵੇਖੀ ਗਈ ਬਲਕਿ ਸਿਧਾਂਤ ਨੂੰ ਸਿਰਮੌਰਤਾ ਦਿੱਤੀ ਤਾਂ ਜੋ ਮਾਨਵਤਾ ਦੇ ਭਲੇ ਲਈ, ਸਮਾਜਕ ਸੇਵਾ ਵਿੱਚ ਸਾਰੇ ਹੀ ਇੱਕ ਦੂਸਰੇ ਦਾ ਸਾਥ ਦੇਣ ਅਤੇ ਆਪਸੀ ਪਿਆਰ ਵਧੇ। ਅਜਿਹੇ ਸਾਂਝੇ ਅਸੂਲਾਂ ਕਾਰਨ ਫ਼ਿਰਕੂ ਹਿੰਦੂ ਅਤੇ ਪੱਖਪਾਤੀ ਮੌਲਵੀਆਂ ਅੰਦਰ ਸੜਨ ਪੈਦਾ ਹੋਣਾ ਸੁਭਾਵਕ ਸੀ। 16 ਅਕਤੂਬਰ 1605 ਨੂੰ ਅਕਬਰ ਬਾਦਸ਼ਾਹ ਦੀ ਮੌਤ ਹੋ ਗਈ। ਅਕਬਰ ਦੀ ਸੁਲਹਕੁਲ ਪਾਲਿਸੀ ਛੱਡ ਜਹਾਂਗੀਰ; ਗ਼ੈਰ ਮੁਸਲਮਾਨਾਂ ਨਾਲ਼ ਧੱਕਾ ਕਰਨ ਲੱਗਾ। ਆਪਣੇ ਨਾਨਕੇ ਰਾਜਪੂਤਾਂ (ਜੋਧਪੁਰੀਆਂ) ਤੋਂ ਇਲਾਵਾ ਮੁੜ ਹਰ ਜਗ੍ਹਾ ਜਜ਼ੀਆ ਲਾ ਦਿੱਤਾ ਗਿਆ ਤੇ ਮੰਦਿਰ ਢਾਹੁਣੇ ਸ਼ੁਰੂ ਕਰ ਦਿੱਤੇ।
(ਨੋਟ : ਇਹ ਜੋਧਪੁਰੀਏ ਰਾਜਪੂਤ ਉਹੀ ਸਨ, ਜਿਨ੍ਹਾਂ ਦੀ ਅਕਬਰ ਨਾਲ਼ ਵਿਆਹੀ ਧੀ ਨਾਲ਼ ਬੀਰਬਲ ਦਹੇਜ ਵਜੋਂ ਆਇਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਰਸ਼ ਦੌਰਾਨ ਇਨ੍ਹਾਂ ਕੋਲ਼ ਆਪਸੀ ਸੁਲਹਾ ਲਈ ਭੇਜੇ ਸਿੱਖ-ਦੂਤਾਂ ਨੂੰ ਇਨ੍ਹਾਂ ਨੇ ਮਾਰ ਦਿੱਤਾ ਸੀ।)
ਜਹਾਂਗੀਰ ਦੀ ਥਾਂ ਮੁਗ਼ਲ ਹਾਕਮ ਆਪ ਬਣਨ ਲਈ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਜੀਵਦਿਆਂ ਅਕਬਰ ਵੀ ਚਾਹੁੰਦਾ ਸੀ ਕਿ ਉਸ ਤੋਂ ਬਾਅਦ ਮੁਗ਼ਲ ਬਾਦਸ਼ਾਹ ਪੋਤਰਾ ਖੁਸਰੋ ਹੀ ਤਖ਼ਤ ’ਤੇ ਬੈਠੇ ਕਿਉਂਕਿ ਜਹਾਂਗੀਰ ਅੱਯਾਸ਼ੀ ਸੀ, ਪਰ ਅਜਿਹਾ ਨਾ ਹੋ ਸਕਿਆ। ਜਹਾਂਗੀਰ, ਬਾਗ਼ੀ ਖੁਸਰੋ ਨੂੰ ਕੈਦ ਕਰਨਾ ਚਾਹੁੰਦਾ ਸੀ। ਉਹ ਮਥਰਾ ਤੋਂ ਆਪਣੀਆਂ ਫ਼ੌਜਾਂ ਸਮੇਤ ਲਾਹੌਰ ਵੱਲ ਨਿਕਲ ਪਿਆ। ਗੋਇੰਦਵਾਲ ਕੋਲ਼ੋਂ ਬਿਆਸ ਦਰਿਆ ਪਾਰ ਕਰਦਿਆਂ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਮਿਲਿਆ ਹੋਵੇ। ਉਹ ਲਾਹੌਰ ਦੇ ਕਿਲ੍ਹੇ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ ਪਰ ਸਫਲਤਾ ਨਾ ਮਿਲੀ ਤੇ ਆਖ਼ਿਰ ਪਹਿਲੀ ਮਈ 1606 ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਗ੍ਰਿਫ਼ਤਾਰੀ ਤੋਂ ਬਾਅਦ ਜਹਾਂਗੀਰ ਵੀ ਲਾਹੌਰ ਆ ਗਿਆ। ਖੁਸਰੋ ਦੀ ਮਦਦ ਕਰਨ ਵਾਲ਼ਿਆਂ ਦੀ ਤਲਾਸ਼ ਸ਼ੁਰੂ ਹੋਈ। ਕਈਆਂ ਨੇ ਬਦਲਾਖ਼ੋਰੀ ’ਚ ਝੂਠੀਆਂ ਸ਼ਿਕਾਈਤਾਂ ਵੀ ਕੀਤੀਆਂ। ਇਨੀਂ ਦਿਨੀਂ ਕਲਾਨੌਰ ਦਾ ਇੱਕ ਖੱਤਰੀ ਚੰਦੂ ਵੀ ਮੁਗ਼ਲਾਂ ਦਾ ਜੀਅ ਹਜ਼ੂਰ ਸੀ, ਜਿਸ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਇਆ ਸੀ, ਪਰ ਉਸ ਦੀ ਅਹੰਕਾਰੀ ਬਿਰਤੀ ਵੇਖ ਸੰਗਤਾਂ ਦੇ ਕਹਿਣ ’ਤੇ ਇਹ ਰਿਸ਼ਤਾ ਮੋੜ ਦਿੱਤਾ ਸੀ। ਚੰਦੂ ਨੇ ਇਸ ਈਰਖਾ ਕਾਰਨ ਗੁਰੂ ਸਾਹਿਬ ਜੀ ਵੱਲੋਂ ਖੁਸਰੋ ਨੂੰ ਅਸ਼ੀਰਵਾਦ ਦੇਣ ਬਾਰੇ ਝੂਠੀ ਚੁਗ਼ਲੀ ਜਹਾਂਗੀਰ ਪਾਸ ਕੀਤੀ। ਚੰਦੂ ਨੂੰ ਇਸ ਅਪਰਾਧ ਵਿੱਚੋਂ ਸੁਰਖ਼ਰੂ ਕਰਨ ਲਈ ਬਾਅਦ ’ਚ ਚੰਦੂ ਦੀ ਨੂੰਹ/ਧੀ ਦੇ ਨਾਂ ਹੇਠ ਇਹ ਕਹਾਣੀ ਘੜੀ ਗਈ ਕਿ ਜਦ ਗੁਰੂ ਸਾਹਿਬ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਸਨ, ਸਿਰ ’ਤੇ ਰੇਤ ਪਾਈ ਜਾ ਰਹੀ ਸੀ ਤਾਂ ਚੰਦੂ ਦੀ ਧੀ ਨੇ ਠੰਡਾ ਪਾਣੀ ਪਿਲਾਇਆ ਸੀ, ਇਸ ਕਾਰਨ ਹੀ ਅੱਜ ਛਬੀਲਾਂ ਲਾਈਆਂ ਜਾਂਦੀਆਂ ਹਨ, ਪਰ ਇਹ ਝੂਠ ਹੈ ਕਿਉਂਕਿ ਤਸੀਹੇ ਦੇਣ ਵੇਲ਼ੇ ਕੋਲ ਖੜ੍ਹਾ ਚੰਦੂ ਇਸ ਹੁਕਮ ਦਾ ਵਿਰੋਧ ਵੀ ਕਰ ਸਕਦਾ ਸੀ।
ਪਹਿਲੀ ਮਈ 1606 ਨੂੰ ਲਾਹੌਰ ਵਿਖੇ ਹੋਈ ਖੁਸਰੋ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 26 ਅਪਰੈਲ 1606 ਨੂੰ ਜਹਾਂਗੀਰ ਗੋਇੰਦਵਾਲ ਤੋਂ ਬਿਆਸ ਦਰਿਆ ਪਾਰ ਕਰਕੇ ਰਾਤ ਵੇਲ਼ੇ ਝਬਾਲ ਦੀ ਸਰਾਂ ਵਿੱਚ ਰੁਕਿਆ ਸੀ। ਇਸ ਵੇਲੇ ਤੱਕ ਉਸ ਨੇ ਗੁਰੂ ਸਾਹਿਬ ਦੇ ਖ਼ਿਲਾਫ਼ ਕੋਈ ਗੱਲ ਨਹੀਂ ਸੁਣੀ ਸੀ। ਹਾਲਾਂ ਕਿ ਉਹ ਖੁਸਰੋ ਦੀ ਜ਼ਰਾ-ਮਾਸਾ ਵੀ ਮਦਦ ਕਰਨ ਵਾਲ਼ੇ ਹਰ ਸ਼ਖ਼ਸ ਨੂੰ ਸਜ਼ਾ ਸੁਣਾ ਰਿਹਾ ਸੀ। ਅਜਿਹਾ ਜਾਪਦਾ ਹੈ ਕਿ ਗੁਰੂ ਜੀ ਦੇ ਖ਼ਿਲਾਫ਼ ਜਹਾਂਗੀਰ ਦੇ ਕੰਨ ਲਾਹੌਰ ’ਚ ਬੈਠੇ ਫ਼ਿਰਕੂ ਮੌਲਵੀਆਂ ਤੇ ਕਰਮਕਾਂਡੀ ਬ੍ਰਾਹਮਣਾਂ ਨੇ ਭਰੇ ਸਨ, ਇਨ੍ਹਾਂ ਵਿੱਚ ਚੰਦੂ ਤੇ ਸ਼ੈਖ਼ ਅਹਿਮਦ ਸਾਹਰਿੰਦੀ ਪ੍ਰਮੁੱਖ ਸਨ। 22 ਮਈ ਨੂੰ ਲਾਹੌਰ ਤੋਂ ਜਹਾਂਗੀਰ ਨੇ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਸੁਣਾਇਆ। ਗੁਰੂ ਸਾਹਿਬ ਨੂੰ ਇਸ ਦਾ ਪਤਾ ਅਗਲੇ ਹੀ ਦਿਨ ਲੱਗਾ। ਗੁਰੂ ਜੀ ਨੇ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਤੇ ਆਪ ਖ਼ੁਦ ਹੀ ਅਗਲੇ ਦਿਨ 26 ਮਈ ਨੂੰ ਲਾਹੌਰ ਪੁੱਜ ਗਏ, ਜਿੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਹਾਂਗੀਰ ਨੇ ਗੁਰੂ ਜੀ ਨੂੰ ਯਾਸਾ-ਓ-ਸਿਆਸਤ ਦੇ ਘੋਰ ਤਸੀਹੇ ਦੇ ਕੇ ਮਾਰਨ ਦੀ ਸਜ਼ਾ ਸੁਣਾਈ। ਕੇਸਰ ਸਿੰਘ ਛਿਬਰ, ਬੰਸਾਵਲੀਨਾਮਾ ਦਸਾਂ ਪਾਤਿਸ਼ਾਹੀਆਂ ਦਾ, ਮੁਤਾਬਕ ਗੁਰੂ ਜੀ ਨੂੰ ਚਾਰ ਦਿਨ ਰਾਵੀ ਨਦੀ ਦੇ ਕੰਢੇ ‘ਤੱਤੀ ਤਵੀ ਵਾਂਗ’ ਤਪਦੀ ਹੋਈ ਰੇਤ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ। ਮਗਰੋਂ, ਉਨ੍ਹਾਂ ਦੇ ਜਿਸਮ ਨੂੰ ਪੱਥਰਾਂ ਨਾਲ ਬੰਨ੍ਹ ਕੇ ਰਾਵੀ ਦਰਿਆ ਵਿੱਚ ਰੋੜ੍ਹ ਦਿੱਤਾ ਗਿਆ। (ਚੈਪਟਰ 5, ਬੰਦ 137-39), ਜਹਾਂਗੀਰ ‘ਤੁਜ਼ਕਿ-ਜਹਾਂਗੀਰ’ ਵਿੱਚ ਲਿਖਿਆ ਹੈ ਕਿ ਗੁਰੂ ਅਰਜਨ ਸਾਹਿਬ ਦਾ ਖੁਸਰੋ ਨਾਲ਼ ਮੇਲ਼ ਹੋਇਆ ਅਤੇ ਉਹ ਮੁਸਲਮਾਨਾਂ ਨੂੰ ਸਿੱਖ ਬਣਾ ਰਿਹਾ ਸੀ। ਇਸ ਲਈ ਜਹਾਂਗੀਰ ਨੇ ਗੁਰੂ ਘਰ ਨੂੰ ਝੂਠ ਦੀ ਦੁਕਾਨ ਵੀ ਕਿਹਾ ਸੀ।