ਗੁਰਬਾਣੀ ਰਚਨ ਦਾ ਮੰਤਵ (ਭਾਗ 1)

0
329

ਗੁਰਬਾਣੀ ਰਚਨ ਦਾ ਮੰਤਵ (ਭਾਗ 1)

ਗਿਆਨੀ ਅਵਤਾਰ ਸਿੰਘ

ਕੁਦਰਤ ’ਚ ਜਾਨਵਰਾਂ ਵਾਙ ਮਨੁੱਖ ਭੀ ਇੱਕ ਪ੍ਰਜਾਤੀ ਹੈ, ਨਸਲ ਹੈ, ਜੋ ਭੋਜਨ ਲਈ ਤੇ ਵੰਸ਼ਜ ਪੈਦਾ ਕਰਨ ’ਚ ਮਗਨ ਹੈ। ਇਸ ਤੋਂ ਵੱਧ ਗਿਆਨ; ਨਾ ਪਸ਼ੂ-ਪੰਛੀਆਂ ਕੋਲ਼ ਹੈ ਤੇ ਨਾ ਹੀ ਮਨੁੱਖ ਕੋਲ਼ ਹੈ। ਪ੍ਰਭੂ ਵੱਲੋਂ ਮਿਲੀ ਇਹ ਚੇਤਨਾ ਸਭ ਅੰਦਰ ਪਾਈ ਹੁੰਦੀ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ (ਕੀਤਾ) ’’ (ਮਹਲਾ /੨੫) ਜੇ ਇਹ ਚੇਤਨਾ ਨਾ ਪਾਈ ਹੁੰਦੀ ਤਾਂ ਕੁੱਤੀ; ਕਤੂਰਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਰੱਖਿਆ ਲਈ ਘੋਰਨਾ ਨਾ ਪੁੱਟਦੀ। ਪੰਛੀ; ਅੰਡੇ ਦੇਣ ਤੋਂ ਪਹਿਲਾਂ ਆਲ੍ਹਣਾ ਨਾ ਬਣਾ ਸਕਦੇ। ਇਹੀ ਚੇਤਨਾ; ਮਨੁੱਖ ਪਾਸੋਂ ਘਰ, ਦੁਕਾਨ ਦਾ ਨਿਰਮਾਣ ਕਰਾਉਂਦੀ ਹੈ। ਭਾਵੇਂ ਕਿ ਇਹ ਜ਼ਿੰਦਗੀ ਭੀ ਮਾਲਕ ਦੇ ਹੁਕਮ ’ਚ ਗੁਜ਼ਰ ਰਹੀ ਹੁੰਦੀ ਹੈ, ਪਰ ਧਰਮ ਦੀ ਨਜ਼ਰ ਤੋਂ ਇਹ, ਸੁਖਦਾਈ ਤੇ ਸਫਲ ਜ਼ਿੰਦਗੀ ਨਹੀਂ ਹੈ।

ਸਵਾਲ : ਧਰਮ ਕੀ ਹੈ ? ਜਵਾਬ : ਪੂਰਨ ਸੱਚ ਦਾ ਰੂਪ ਹੋਣਾ ਹੀ ਮਨੁੱਖ ਦਾ ‘ਧਰਮ’ ਹੈ। ਹਿੰਦੂ, ਮੁਸਲਿਮ, ਈਸਾਈ, ਸਿੱਖ, ਪਾਰਸੀ, ਜੈਨੀ, ਬੋਧੀ, ਆਦਿ ਧਰਮ ਨਹੀਂ ਹਨ ਬਲਕਿ ਆਪਣੇ ਆਪਣੇ ‘ਮੱਤ’ ਹਨ। ‘ਮੱਤ’ ਤੋਂ ਭਾਵ ਨਿਜੀ ਸੋਚ, ਜੋ ਇਨ੍ਹਾਂ ਦੇ ਕਬੀਲਿਆਂ ’ਚ ਪੈਦਾ ਹੋਏ ਕਿਸੇ ਇੱਕ ਪੈਗ਼ੰਬਰ, ਦੇਵਤੇ, ਗੁਰੂ, ਮਹਾਂ ਪੁਰਸ਼ ਆਦਿ ਦੀ ਸੋਚ ਰਹੀ ਹੁੰਦੀ ਹੈ। ਉਸ ਨੂੰ ਹੀ ਅਗਾਂਹ ਇਨ੍ਹਾਂ ਪੈਰੋਕਾਰਾਂ ਨੇ ਅਪਣਾਅ ਰੱਖਿਆ ਹੁੰਦਾ ਹੈ। ਇਸ ਤਰ੍ਹਾਂ ਹਰ ਕੋਈ ਆਪਣੀ ਮੱਤ ਨੂੰ ‘ਧਰਮ’ ਸਮਝਦਾ ਹੈ। ਹਰ ਕੋਈ ਦਾਅਵਾ ਕਰਦਾ ਹੈ ਕਿ ਸਾਡੇ ਵਰਗ, ਸਾਡੀ ਜਾਤ ਦੀ ਸੋਚ ਹੀ ‘ਅਸਲ ਸੱਚ’ ਹੈ। ਹਿੰਦੂ ਕਹਿੰਦਾ ਹੈ ਕਿ ‘ਸੱਚ’ ਸਾਡੇ ਪੁਰਖਿਆਂ ਨੇ ਜਾਣਿਆ ਹੈ। ਈਸਾਈ ਕਹਿੰਦਾ ਹੈ ਕਿ ‘ਸੱਚ’; ਸਾਡੇ ਪੁਰਖੇ ਹੀ ਸਮਝ ਸਕੇ ਹਨ। ਧਰਮ ਦੇ ਨਾਂ ’ਤੇ ਬਣੀ ਇਹ ਧਾਰਨਾ; ਸਮਾਜਕ ਝਗੜਿਆਂ ਦਾ ਕਾਰਨ ਬਣਦੀ ਹੈ। ਮਨੁੱਖਤਾ ਅੰਦਰ ਨਫ਼ਰਤ ਭਰਦੀ ਹੈ ਜਦਕਿ ਸੱਚ; ਸਭ ਨੂੰ ਜੋੜਦਾ ਹੈ। ਸਾਰਿਆਂ ਅੰਦਰ ਭਾਈਚਾਰਕ ਸਾਂਝ ਸਿਰਜਦਾ ਹੈ; ਜਿਵੇਂ ਕਿ ਗੁਰਬਾਣੀ ਦੇ ਬੋਲ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭)

ਧਰਮ ਦੇ ਨਾਂ ’ਤੇ ਹੁੰਦੇ ਭੇਦ-ਭਾਵ, ਝਗੜਿਆਂ ਨੂੰ ਵੇਖ ਕੇ ਬਹੁਤੇ ਲੋਕ; ਧਰਮ ਬਾਰੇ ਜਾਣਨ ਤੇ ਮੰਨਣ ਤੋਂ ਹੀ ਇਨਕਾਰੀ ਹੋ ਗਏ ਹਨ। ਐਸੇ ਹਾਲਾਤਾਂ ’ਚ ਸੱਚ ਬੋਲਿਆ; ਦੋ ਤਰ੍ਹਾਂ ਦੇ ਲੋਕਾਂ ਨੂੰ ਨਹੀਂ ਭਾਉਂਦਾ (1). ਜੋ ਝੂਠ ਨੂੰ ਸੱਚ ਮੰਨ ਬੈਠੇ ਹਨ (ਪਾਖੰਡੀ, ਕਰਮਕਾਂਡੀ ਲੋਕ) (2). ਜੋ ਸੱਚ ਦੀ ਗੱਲ ਸੁਣਨ ਤੋਂ ਹੀ ਇਨਕਾਰੀ ਹਨ (ਨਾਸਤਿਕ ਲੋਕ)। ਇਹ ਦੋਵੇਂ; ਸੱਚੇ ਧਰਮੀ ਬੰਦਿਆਂ ਦੇ ਦਿਲੋਂ ਵਿਰੋਧੀ ਹਨ ਤੇ ਰਹਿਣਗੇ। ਉਨ੍ਹਾਂ ਨੂੰ ਖ਼ਤਮ ਕਰਨ ਦਾ ਹਰ ਹੀਲਾ (ਸ਼ਾਮ, ਦਾਮ, ਦੰਡ, ਭੇਦ) ਵਰਤਣਗੇ। ਜੇਕਰ ਕਿਸੇ ਮਹਾਂ ਪੁਰਸ਼, ਗੁਰੂ ਜਾਂ ਸੰਤ ਦੀ ਅਵਾਜ਼ ਦਾ ਅੱਜ ਕੋਈ ਵਿਰੋਧ ਨਹੀਂ ਕਰ ਰਿਹਾ ਤਾਂ ਸਮਝ ਲੈਣਾ ਕਿ ਉਹ ਸੱਚ ਦਾ ਪਹਿਰੇਦਾਰ ਨਹੀਂ ਬਲਕਿ ਸ਼ਰਧਾ ਦਾ ਨਜਾਇਜ਼ ਫ਼ਾਇਦਾ ਉੱਠਾ ਰਿਹਾ ਹੈ। ਐਸੀ ਜਗ੍ਹਾ ਜਾਣਾ, ਉਸ ਦੇ ਵਿਚਾਰ ਸੁਣਨਾ; ਆਪਣੇ ਜੀਵਨ ਨੂੰ ਅਜਾਈਂ ਗਵਾਉਣਾ ਹੈ।

ਧਰਮ ਦੀ ਵਿਆਖਿਆ 5 ਕੁ ਹਜ਼ਾਰ ਸਾਲ ਤੋਂ ਹੋਣ ਲੱਗੀ। ਫਿਰ ਇਸ ਵਿੱਚ ਹੋਰ ਹੋਰ ਸੁਧਾਰ ਹੁੰਦਾ ਰਿਹਾ। ਗੁਰੂ ਕਾਲ (1469-1708/239 ਸਾਲ) ਤੋਂ ਪਹਿਲਾਂ; ਪ੍ਰਾਚੀਨ ਵਿਆਖਿਆ ਨਾਲ਼ੋਂ ਉੱਨਤ ਸੂਫ਼ੀ ਮੱਤ; ਸੱਚ ਦੇ ਬਹੁਤ ਨੇੜੇ ਹੈ ਤਾਹੀਓਂ ਗੁਰੂ ਸਾਹਿਬਾਨ ਨੇ ਬਾਬਾ ਫ਼ਰੀਦ ਜੀ (1173-7 ਅਕਤੂਬਰ 1266/ਉਮਰ 93 ਸਾਲ) ਦੇ ਅੰਮ੍ਰਿਤਮਈ ਬਚਨਾਂ ਨੂੰ ਗੁਰੂ ਗ੍ਰੰਥ ਸਾਹਿਬ ’ਚ ਦਰਜ ਕੀਤਾ। ਭਗਤੀ ਲਹਿਰ ਦੇ ਮੋਢੀ ਰਹੇ ਭਗਤ ਰਾਮਾਨੰਦ ਜੀ (1360-1470/ਉਮਰ 110 ਸਾਲ) ਅਤੇ ਉਨ੍ਹਾਂ ਦੇ ਸਮਕਾਲੀ ਭਗਤ ਕਬੀਰ ਜੀ (1398-1518/ਉਮਰ 120 ਸਾਲ), ਭਗਤ ਰਵੀਦਾਸ ਜੀ (ਸੰਨ 1377-1520/ਉਮਰ 143 ਸਾਲ) ਸਮੇਤ 15 ਭਗਤਾਂ ਦੇ ਅੰਮ੍ਰਿਤਮਈ ਬਚਨ ਭੀ ਸੱਚ ਦੇ ਨੇੜੇ ਹਨ ਤਾਹੀਓਂ ਉਨ੍ਹਾਂ ਨੂੰ ਭੀ ਗੁਰਬਾਣੀ ਅੰਦਰ ਸੰਭਾਲ਼ਿਆ ਗਿਆ। ਐਸਾ ਕਰਦਿਆਂ ਗੁਰੂ ਸਾਹਿਬਾਨ ਨੇ ਕਿਸੇ ਅਖੌਤੀ ਜਾਤ ਜਾਂ ਭਾਸ਼ਾਈ ਵਿਤਕਰੇ ਨੂੰ ਨਾ ਅਹਿਮੀਅਤ ਦਿੱਤੀ, ਰੁਕਾਵਟ ਨਾ ਬਣਨ ਦਿੱਤਾ। ਦੁਨੀਆ ’ਚ ਐਸਾ ਕੋਈ ਧਾਰਮਿਕ ਗ੍ਰੰਥ ਨਹੀਂ, ਜਿਸ ਅੰਦਰ ਇੱਕ ਤੋਂ ਵੱਧ ਭਾਸ਼ਾਵਾਂ ਹੋਣ ਤੇ ਵੱਖ ਵੱਖ ਕਬੀਲਿਆਂ ਜਾਂ ਕਿੱਤਿਆਂ ਨਾਲ਼ ਸਬੰਧਿਤ ਮਹਾ ਪੁਰਸ਼ਾਂ ਦੇ ਵਿਚਾਰਾਂ ਨੂੰ ਇੱਕ ਗ੍ਰੰਥ ’ਚ ਸੰਭਾਲ਼ਿਆ ਗਿਆ ਹੋਵੇ। ਸਾਰੀ ਗੁਰਬਾਣੀ; 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਤੇ 3 ਗੁਰਸਿੱਖਾਂ ਦਾ ਅਨੁਭਵ ਹੈ, ਜਿਸ ਨੂੰ ਉਨ੍ਹਾਂ ਨੇ ਆਪ ਲਿਖਤੀ ਰੂਪ ’ਚ ਸੰਭਾਲ਼ਿਆ। ਇਹ ਭੀ ਇੱਕ ਅਨੋਖੀ ਮਿਸਾਲ ਹੈ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਭੀ ਪੀਰ, ਪੈਗ਼ੰਬਰ, ਦੇਵਤੇ, ਆਚਾਰੀਆ, ਆਦਿ ਨੇ ਆਪਣੇ ਅਨੁਭਵ ਨੂੰ ਆਪ ਲਿਖਤੀ ਰੂਪ ਨਹੀਂ ਦਿੱਤਾ। ਮਿਸਾਲ ਵਜੋਂ ਵੇਦਾਂ ਦਾ ਗਿਆਨ; ਬ੍ਰਹਮਾ ਦੇ ਬੋਲ ਮੰਨੇ ਜਾਂਦੇ ਹਨ। ਉਹ ਕਦੋਂ ਪੈਦਾ ਹੋਇਆ ਤੇ ਕਦੋਂ ਮਰਿਆ, ਇਸ ਦਾ ਕਿਤੇ ਜ਼ਿਕਰ ਨਹੀਂ, ਪਰ ਵੇਦਾਂ ਦਾ ਲਿਖਾਰੀ ਵੇਦ ਵਿਆਸ ਹੈ, ਜੋ 3000 ਤੋਂ 1500 ਈਸਾ ਪੂਰਵ ਰਿਹਾ, ਮੰਨਿਆ ਗਿਆ। ਭਗਵਦ ਗੀਤਾ; ਕ੍ਰਿਸ਼ਨ ਜੀ ਦੇ ਬੋਲ ਹਨ। ਖਗੋਲੀ ਘਟਨਾਵਾਂ ਅਨੁਸਾਰ ਇਨ੍ਹਾਂ ਦਾ ਜਨਮ; 18 ਜੁਲਾਈ 3228 ਈਸਵੀ ਪੂਰਵ ਕੱਢਿਆ ਹੈ ਜਦਕਿ ਗੀਤਾ ਨੂੰ ਲਿਖਣ ਦਾ ਸਮਾਂ 500 ਤੋਂ 200 ਈਸਾ ਪੂਰਵ ਹੈ। ਰਾਮਚੰਦਰ ਜੀ ਦਾ ਜਨਮ 5114 ਈਸਾ ਪੂਰਵ ਕੱਢਿਆ ਹੈ, ਪਰ ਇਨ੍ਹਾਂ ਦੀ ਜੀਵਨੀ (ਰਾਮਾਇਣ); ਤੁਲਸੀਦਾਸ ਨੇ ਲਿਖੀ, ਜਿਹੜਾ ਸੰਨ 1532 ਤੋਂ 1623 ਤੱਕ (ਉਮਰ 91 ਸਾਲ) ਰਿਹਾ। ਯਹੂਦੀ ਮੱਤ ਦੇ ਸੰਸਥਾਪਕ ਮੂਸਾ ਜੀ ਦਾ ਜਨਮ 1391 ਤੋਂ 1271 ਈਸਾ ਪੂਰਵ, ਮੰਨੀਦਾ ਹੈ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ ਨੂੰ ਪਹਿਲੀ ਬਾਈਬਲ (ਤੌਰਾਤ) ’ਚ 1200 ਤੋਂ 1000 ਈਸਾ ਪੂਰਵ, ਲਿਖਿਆ ਹੈ ਭਾਵ 200 ਤੋਂ 400 ਸਾਲ ਬਾਅਦ। ਈਸਾ ਮਸੀਹ; 6 ਤੋਂ 4 ਈਸਵੀ ਪੂਰਵ (25 ਦਸੰਬਰ) ਤੋਂ 7 ਅਪਰੈਲ 30 ਜਾਂ 3 ਅਪਰੈਲ 33 ਤੱਕ ਰਿਹਾ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ; ਦੂਜੀ ਬਾਈਬਲ ’ਚ ਪੌਲੁਸ ਨੇ 50 ਤੋਂ 52 ਈਸਵੀ ’ਚ ਲਿਖੀ ਹੈ ਯਾਨੀ 20-22 ਸਾਲ ਬਾਅਦ। ਚੇਤੇ ਰਹੇ ਕਿ ਪਹਿਲੀ ਬਾਈਬਲ (ਤੌਰਾਤ) ’ਚ ਮੂਸਾ ਪੈਗ਼ੰਬਰ ਦੇ ਬੋਲ ਹਨ ਤੇ ਦੂਜੀ ਬਾਈਬਲ ’ਚ ਈਸਾ ਮਸੀਹ ਦੇ ਬੋਲ ਹਨ। ਇਸਲਾਮ ਦੇ ਸੰਸਥਾਪਕ ਪੈਗ਼ੰਬਰ ਮੁਹੰਮਦ ਸਾਹਿਬ ਦਾ ਸਮਾਂ ਸੰਨ 570 ਤੋਂ 632 ਈਸਵੀ (63 ਸਾਲ) ਸੀ, ਪਰ ਇਨ੍ਹਾਂ ਨੂੰ ਸੁਣਾਈ ਦਿੱਤੀ ਅਕਾਸ਼ਬਾਣੀ ਨੂੰ ਖ਼ਲੀਫ਼ਾ ਅਬੂ ਬਕਰ ਨੇ ਸੰਨ 632 ਤੋਂ 634 ਵਿਚਕਾਰ ਅਤੇ ਖ਼ਲੀਫ਼ਾ ਉਸਮਾਨ ਨੇ ਸੰਨ 644 ਤੋਂ 656 ਵਿਚਕਾਰ ਇਕੱਠਾ ਕੀਤਾ, ਜੋ ਮੁਹੰਮਦ ਸਾਹਿਬ ਨੇ ਆਪਣੇ ਪੈਰੋਕਾਰਾਂ (ਚੇਲਿਆਂ) ਨੂੰ ਵੱਖ ਵੱਖ ਜਗ੍ਹਾ ਸੁਣਾਈ ਸੀ। ਇਨ੍ਹਾਂ ਤੋਂ ਭੀ ਬਾਅਦ ਤੀਜੇ ਖ਼ਲੀਫ਼ਾ ਉਸਮਾਨ ਬਿਨ ਅਫਾਨ ਨੇ ਸੰਨ 650 ਤੋਂ 653 ਵਿਚਕਾਰ (ਯਾਨੀ 21 ਸਾਲ ਬਾਅਦ) ਇੱਕ ਕਮੇਟੀ ਦੀ ਅਗਵਾਈ ’ਚ ਕੁਰਾਨ ਨੂੰ ਲਿਖਤੀ ਰੂਪ ’ਚ ਸੰਪਾਦਿਤ ਕੀਤਾ। ਮੁਹੰਮਦ ਸਾਹਿਬ ਆਪ ਪੜ੍ਹੇ ਲਿਖੇ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਅਨੁਭਵ ਨੂੰ ਲਿਖਤੀ ਰੂਪ ’ਚ ਨਹੀਂ ਸੰਭਾਲ਼ਿਆ ਜਦਕਿ ਗੁਰੂ ਨਾਨਕ ਸਾਹਿਬ; ਆਪਣਾ ਅਨੁਭਵ ਖ਼ੁਦ ਲਿਖਿਆ ਕਰਦੇ ਸਨ। ਇਸ ਦੀ ਇੱਕ ਮਿਸਾਲ ਭਾਈ ਗੁਰਦਾਸ ਜੀ ਦੀ ਰਚਨਾ ’ਚੋਂ ਮਿਲਦੀ ਹੈ, ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ’’ (ਵਾਰ ਪਉੜੀ ੩੨) ਭਾਵ ਜਦ ਗੁਰੂ ਜੀ ਮੱਕੇ ਗਏ ਤਾਂ ਉਨ੍ਹਾਂ ਨੇ ਨੀਲੇ ਰੰਗ ਦੇ ਕੱਪੜੇ ਪਹਿਨੇ ਸਨ। ਹੱਥ ’ਚ ਸੋਟਾ ਤੇ ਕੱਛ ’ਚ ਕਿਤਾਬ (ਪੋਥੀ) ਸੀ (ਜਿਸ ਵਿੱਚ ਨਾਲ਼-ਨਾਲ਼ ਬਾਣੀ ਲਿਖੀ ਜਾਂਦੀ ਸੀ)। ਲੋਟਾ ਤੇ (ਹੇਠਾਂ ਵਿਛਾ ਕੇ ਨਮਾਜ਼ ਪੜ੍ਹਨ ਵਾਲ਼ਾ) ਮੁਸੱਲਾ ਭੀ ਸੀ। ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਲਈ ਬਚਨ ਕਹੇ ਸਨ, ‘ਦੋਹਤਾ ਬਾਣੀ ਦਾ ਬੋਹਿਥਾ (ਜਹਾਜ਼)’। ਇਹ ਉਨ੍ਹਾਂ ਦੇ ਲਿਖਾਰੀ/ਕਵੀ ਹੋਣ ਵੱਲ ਸੰਕੇਤ ਹੈ।

ਧਰਮ (ਸੱਚ) ਦਾ ਮੂਲ ਹੁੰਦਾ ਹੈ ‘ਇੱਕ ਅਲੌਕਿਕ ਸ਼ਕਤੀ ਦੀ ਹੋਂਦ ਬਾਰੇ ਵਿਆਖਿਆ, ਜਿਸ ਨੇ ਪੂਰਾ ਬ੍ਰਹਿਮੰਡ ਰਚਿਆ ਹੈ’। ਬ੍ਰਾਹਮਣ ਅਨੁਸਾਰ ਬ੍ਰਹਮਾ ਨੇ ਜਗਤ ਨੂੰ ਪੈਦਾ ਕੀਤਾ, ਜੋ 5 ਸਿਰਾਂ ਵਾਲ਼ਾ ਦੇਵਤਾ ਹੈ। ਇੱਕ ਵਾਰ ਇਹ ਆਪਣੀ ਲੜਕੀ (ਸਰਸਵਤੀ) ’ਤੇ ਮੋਹਿਤ ਹੋ ਗਿਆ। ਸ਼ਿਵਜੀ ਨੇ ਇਸ ਦਾ 5ਵਾਂ ਸਿਰ ਵੱਡ ਦਿੱਤਾ ਸੀ। ਬਾਅਦ ’ਚ ਇਸ ਨੇ ਸਰਸਵਤੀ ਨਾਲ਼ ਸ਼ਾਦੀ ਕਰ ਲਈ। ਉਸ ਨੂੰ ਗਿਆਨ ਦੀ ਦੇਵੀ ਕਿਹਾ ਜਾਂਦਾ ਹੈ ਕਿਉਂਕਿ ਬ੍ਰਹਮਾ ਦੇ ਮੂੰਹੋਂ ਵੇਦ (ਗਿਆਨ) ਪ੍ਰਗਟ ਹੋਇਆ, ਮੰਨਿਆ ਜਾਂਦਾ ਸੀ।

ਯਹੂਦੀ, ਈਸਾਈ ਤੇ ਇਸਲਾਮ ਮੱਤਾਂ ਅਨੁਸਾਰ ਪ੍ਰਭੂ, ਅੱਲ੍ਹਾ; 7 ਅਕਾਸ਼ ਉੱਪਰ ਹੈ ਯਾਨੀ ਸਰਬ ਵਿਆਪਕ ਨਹੀਂ; ਜੈਸਾ ਕਿ ਗੁਰਮਤਿ ਸਿਧਾਂਤ ਹੈ, ‘‘ਘਟ ਘਟ ਮੈ ਹਰਿ ਜੂ ਬਸੈ; ਸੰਤਨ ਕਹਿਓ ਪੁਕਾਰਿ ’’ (ਮਹਾਲ /੧੪੨੭)  52 ਸਾਲ ਦੀ ਉਮਰ ’ਚ ਪੈਗ਼ੰਬਰ ਮੁਹੰਮਦ ਸਾਹਿਬ; 16 ਜੁਲਾਈ 622 ਈਸਵੀ (ਗ੍ਰੈਗੋਰੀਅਨ ਕੈਲੰਡਰ) ਨੂੰ ‘ਸ਼ਬੇ ਮਿਅਰਾਜ’ (ਯਾਨੀ ਅਕਾਸ਼ੀ ਸਫ਼ਰ) ’ਤੇ ਗਏ ਤੇ 7 ਅਕਾਸ਼ ਉੱਪਰ ਅੱਲ੍ਹਾ ਦੇ ਬਹੁਤ ਨੇੜੇ ਬਹਿ ਕੇ ਸੰਦੇਸ਼ ਪ੍ਰਾਪਤ ਕੀਤਾ। ਇਸ ਦਿਨ ਤੋਂ ਹੀ ਇਸਲਾਮ ’ਚ ‘ਹਿਜਰੀ ਕੈਲੰਡਰ’ ਲਾਗੂ ਹੋਇਆ ਹੈ। ‘ਹਿਜਰੀ’ ਤੋਂ ਭਾਵ ‘ਮੱਕੇ ਤੋਂ ਵਿਛੁੜਨਾ’ ਹੈ। ਸੋ ਹਿੰਦੂ, ਈਸਾਈ ਤੇ ਇਸਲਾਮ ਮੱਤ ਅਨੁਸਾਰ ਅਕਾਲ ਪੁਰਖ; ਸਰਬ ਵਿਆਪਕ ਨਹੀਂ ਹੈ। ਇਹੀ ਕਾਰਨ ਹੈ ਕਿ ਮੁਸਲਮਾਨ ਨੂੰ ਹਿੰਦੂ ਤੇ ਯਹੂਦੀਆਂ ’ਚ ਅੱਲ੍ਹਾ ਵੱਸਦਾ ਪ੍ਰਤੀਤ ਨਹੀਂ ਹੁੰਦਾ, ਨਹੀਂ ਹੋ ਸਕਦਾ। ਇਹ, ਗ਼ੈਰ ਮੁਸਲਿਮ ਨੂੰ ਕਾਫ਼ਰ (ਨਾਸਤਿਕ) ਮੰਨਦੇ ਹਨ ਤੇ ਹਿੰਦੂਆਂ ਨੂੰ ਮੁਸਲਮਾਨ ਅੰਦਰ ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ ਵੱਸਦਾ ਵਿਖਾਈ ਨਹੀਂ ਦਿੰਦਾ, ਨਹੀਂ ਦੇ ਸਕਦਾ ਜਦਕਿ ਬਾਣੀਕਾਰਾਂ ਦਾ ਮਾਨਵਤਾ ਲਈ ਸਪਸ਼ਟ ਸੰਦੇਸ਼ ਹੈ ਕਿ ਅਕਾਲ ਪੁਰਖ ਨੂੰ ਆਪਣੇ ਅੰਦਰੋਂ ਲੱਭਣਾ ਹੈ, ਅੰਗ ਸੰਗ ਮਹਿਸੂਸ ਕਰਨਾ ਹੈ। ਸਾਰੀ ਮਾਨਵਤਾ ਉਸ ਗ਼ੈਬੀ ਸ਼ਕਤੀ ਦਾ ਰੂਪ ਹੋਣ ਕਾਰਨ ਸਭ ਨੂੰ ਪਿਆਰ ਕਰਨਾ ਹੈ। ਇਹੀ ਕਾਰਨ ਸੀ ਕਿ ਸਿੱਖਾਂ ਨੇ ਭੱਜਦੇ ਦੁਸ਼ਮਣ ਦਾ ਕਦੇ ਪਿੱਛਾ ਨਾ ਕੀਤਾ। ਭਾਈ ਘਨੱਈਆ ਜੀ ਦੁਸ਼ਮਣਾਂ ਨੂੰ ਭੀ ਪਾਣੀ ਪਿਲਾਉਂਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਨ੍ਹਾਂ ਨੂੰ ਦੁਸ਼ਮਣ ਦੇ ਭੀ ਮੱਲ੍ਹਮ ਪੱਟੀ ਕਰਨ ਲਈ ਕਿਹਾ। ਗੁਰੂ ਸਾਹਿਬ ਦੀ ਸਪਸ਼ਟ ਹਦਾਇਤ ਸੀ ਕਿ ਯੁੱਧ ਦੇ ਮੈਦਾਨ ’ਚ ਫ਼ਤਿਹ ਕੀਤੇ ਇਲਾਕੇ ’ਚ ਹੋਰਾਂ ਦੀ ਧੀ-ਭੈਣ ਨੂੰ ਆਪਣੀ ਧੀ-ਭੈਣ ਸਮਝਣਾ ਹੈ ਜਦਕਿ ਮੁਸਲਮਾਨ ਅਤੇ ਹਿੰਦੂ ਕੱਟੜਵਾਦੀਆਂ ਅੰਦਰ ਐਸੀ ਸੋਚ ਬਿਲਕੁਲ ਭੀ ਵਿਕਸਿਤ ਨਹੀਂ ਹੋ ਸਕਦੀ।

ਧਰਮ (ਸੱਚ) ਨੂੰ ਅਪਣਾਉਣ ਤੋਂ ਪਹਿਲਾਂ ਇਹ ਜਾਣਨਾ ਭੀ ਬੜਾ ਜ਼ਰੂਰੀ ਹੈ ਕਿ ਉਸ ਰਹਿਬਰ ਜਾਂ ਗੁਰੂ ਨੂੰ ਇਹ ਪਤਾ ਉਮਰ ਦੇ ਕਿਸ ਪੜਾਅ ’ਚ ਲੱਗਾ ਕਿ ਕੋਈ ਗ਼ੈਬੀ ਸ਼ਕਤੀ ਹੈ। ਪੈਗ਼ੰਬਰ ਮੂਸਾ ਜੀ ਨੇ ਇਲਾਹੀ ਕੌਤਕ (ਪੈਗ਼ਾਮ); 80 ਸਾਲ ਦੀ ਉਮਰ ਤੋਂ ਬਾਅਦ ਸੁਣੇ ਹਨ ਤੇ ਉਹ ਡਰ ਕੇ 40 ਦਿਨ ਭੁੱਖਾ ਭੀ ਰਿਹਾ। ਈਸਾ ਮਸੀਹ ਨੇ ਬਚਪਨ ’ਚ ਯਹੂਦੀ ਮੱਤ ਅਨੁਸਾਰ ਆਪਣੀ ਸੁੰਨਤ ਕਰਾਈ ਸੀ।  33 ਤੋਂ 36 ਸਾਲ ਦੀ ਉਮਰ ’ਚ ਇਨ੍ਹਾਂ ਨੇ ਆਪਣੇ ਨਵੇਂ ਮੱਤ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਯਾਨੀ ਇਹ ਪੈਦਾਇਸ਼ ਤੋਂ ਈਸਾਈ ਨਹੀਂ ਸੀ। ਆਪਣੇ ਮੱਤ ਦਾ ਪ੍ਰਚਾਰ ਭੀ ਕੇਵਲ ਤਿੰਨ ਸਾਲ ਕੀਤਾ। ਜਦ ਇਨ੍ਹਾਂ ਨੂੰ ਸੂਲੀ ’ਤੇ ਚਾੜ੍ਹਿਆ ਜਾ ਰਿਹਾ ਸੀ ਤਾਂ ਇਸ ਦੇ 12 ਪ੍ਰਮੁੱਖ ਚੇਲਿਆਂ ਨੇ ਆਪਣੀ ਜਾਨ ਬਚਾਉਣ ਲਈ ਇਨ੍ਹਾਂ ਨੂੰ ਲਾਹਨਤਾਂ ਭੀ ਪਾਈਆਂ। ਇੱਕ ਚੇਲੇ ਯਹੂਦਾ ਅਸ਼ਕਰੂਤੀ ਨੇ ਤਾਂ ਈਸਾ ਨੂੰ ਗ੍ਰਿਫ਼ਤਾਰ ਕਰਾਉਣ ਬਦਲੇ 30 ਰੁਪਏ ਇਨਾਮ ਭੀ ਲਿਆ ਸੀ ਜਦਕਿ ਗ਼ੈਰ ਧਰਮ (ਹਿੰਦੂਆਂ) ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ਼ ਦਿੱਲੀ ’ਚ 11 ਨਵੰਬਰ 1675 ਨੂੰ ਸ਼ਹੀਦ ਹੋਣ ਵਾਲ਼ੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੇ ਤਸੀਹੇ ਸਹਾਰਦਿਆਂ ਸ਼ਹੀਦੀਆਂ ਪਾ ਲਈਆਂ, ਪਰ ਕਸ਼ਮੀਰੀ ਪੰਡਿਤਾਂ ਨਾਲ਼ ਗੁਰੂ ਜੀ ਦੇ ਕੀਤੇ ਬਚਨਾਂ ਦੀ ਹਾਰ ਨਾ ਹੋਣ ਦਿੱਤੀ, ਗੁਰੂ ਵੱਲ ਪਿੱਠ ਨਾ ਕੀਤੀ। ਇਹੀ, ਸੱਚ ਦੀ ਕੀਤੀ ਕਮਾਈ ਦਾ ਪੈਮਾਨਾ ਹੈ। ਹਿੰਦੂ ਫ਼ਲਸਫ਼ੇ ’ਚ ਤਾਂ ਦੇਵੀ-ਦੇਵਤਿਆਂ ਨੂੰ ਪਰਵਾਰਕ ਤੇ ਰਾਜਨੀਤਿਕ ਲੜਾਈਆਂ ਦੈਂਤਾਂ (ਦਰਾਵੜਾਂ, ਜੋ ਕਿ ਭਾਰਤ ਦੇ ਮੂਲ ਨਿਵਾਸੀ ਸਨ) ਨਾਲ਼ ਕਰਦੇ ਹੀ ਵਿਖਾਇਆ ਗਿਆ ਹੈ।

ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ; ਤਿੰਨ ਕੁ ਸਾਲ ਦੀ ਉਮਰ ’ਚ ਹੀ ਅਕਾਲ ਪੁਰਖ ਨਾਲ਼ ਧਿਆਨ ਜੋੜ ਕੇ ਕਈ ਕਈ ਘੰਟੇ ਇਕਾਗਰ ਚਿੱਤ ਬੈਠੇ ਰਹਿੰਦੇ ਸਨ। ਕਈ ਵਾਰ ਤਾਂ ਪਿਤਾ (ਮਹਿਤਾ ਕਾਲੂ ਜੀ); ਆਪ ਨੂੰ ਬਿਮਾਰ ਸਮਝ ਕੇ ਵੈਦ (ਹਰੀ ਦਾਸ) ਨੂੰ ਬੁਲਾ ਲਿਆਉਂਦੇ ਸਨ। ਵੈਦ ਨਾਲ਼ ਹੁੰਦੀ ਗੱਲ ਬਾਤ ਦਾ ਜ਼ਿਕਰ; ਆਪ ਨੇ ਬਾਣੀ ਅੰਦਰ ਖ਼ੁਦ ਕੀਤਾ ਹੈ, ‘‘ਵੈਦ ਭੋਲੇ ! ਦਾਰੂ ਲਾਇ   ਦਰਦੁ ਹੋਵੈ; ਦੁਖੁ ਰਹੈ ਸਰੀਰ   ਐਸਾ ਦਾਰੂ; ਲਗੈ ਬੀਰ  ! ਰਹਾਉ ’’ (ਮਹਲਾ /੧੨੫੬) ਆਪ ਨੇ 7-11 ਸਾਲ ਦੀ ਬਾਲਕ ਅਵਸਥਾ ’ਚ ਹੀ ਪਿਤਾ ਪੁਰਖੀ ਰੀਤ ਅਨੁਸਾਰ ਪੰਡਿਤ ਹਰਦਿਆਲ ਜੀ ਪਾਸੋਂ ਜਨੇਊ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਸਬੰਧ ’ਚ ਆਪ ਜੀ ਦੇ ਬਚਨ ਹਨ, ‘‘ਦਇਆ ਕਪਾਹ, ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ   ਏਹੁ ਜਨੇਊ ਜੀਅ ਕਾ; ਹਈ, ਪਾਡੇ ! ਘਤੁ   ਨਾ ਏਹੁ ਤੁਟੈ, ਮਲੁ ਲਗੈ; ਨਾ ਏਹੁ ਜਲੈ, ਜਾਇ   ਧੰਨੁ ਸੁ ਮਾਣਸ ਨਾਨਕਾ ! ਜੋ ਗਲਿ () ਚਲੇ ਪਾਇ (ਕੇ)’’ (ਮਹਲਾ /੪੭੧) ਆਪ ਨੇ ਜਨੇਊ ਧਾਰਨ ਕਰ ਈਸਾ ਮਸੀਹ ਵਾਙ ਪਿਤਾ ਪੁਰਖੀ ਰੀਤ (ਸੁੰਨਤ ਕਰਾਉਣ ਦਾ ਭਾਰ) ਸਾਰੀ ਉਮਰ ਨਹੀਂ ਉਠਾਇਆ ਤਾਹੀਓਂ ਆਪ ਜੀ ਬਾਰੇ ਭੱਟ ਮਥੂਰਾ ਜੀ ਲਿਖਦੇ ਹਨ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਯਾਨੀ ਹਰੀ ਆਪ ਹੀ ਜੋਤਿ ਰੂਪ ’ਚ ਗੁਰੂ ਨਾਨਕ ਸਾਹਿਬ ਜੀ ਹਨ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਭਾਵੇਂ 35 ਮਹਾਂ ਪੁਰਸ਼ਾਂ ਦੀ ਬਾਣੀ ਹੈ, ਪਰ ਇਸ (ਸੱਚ) ਨੂੰ ਇਕੱਤਰ ਕਰਨ ਤੇ ਸੰਭਾਲ਼ਣ ਦਾ ਪੈਮਾਨਾ; ਹਰੀ ਦੇ ਜੋਤਿ ਰੂਪ ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਨਿਰਧਾਰਿਤ ਕੀਤਾ ਹੋਇਆ ਹੈ। ਸੋ ਜੀਵਨ ਨੂੰ ਸਫਲ ਤੇ ਗੁਣਕਾਰੀ ਬਣਾਉਣ ਲਈ ਆਪਣੇ ਗੁਰੂ, ਪੈਗ਼ੰਬਰ ਬਾਰੇ ਇਹ ਜਾਣ ਲੈਣਾ ਭੀ ਬੜਾ ਜ਼ਰੂਰੀ ਹੈ ਕਿ ਉਸ ਨੂੰ ਬ੍ਰਹਮ ਗਿਆਨ ਉਮਰ ਦੇ ਕਿਸ ਪੜਾਅ ’ਚ ਕਿਸ ਪਾਸੋਂ ਤੇ ਕਿਵੇਂ ਮਿਲਿਆ ਹੈ ਕਿਉਂਕਿ ਗੁਰੂ; ਅਨੁਭਵ ਗਿਆਨ ਦਾ ਸਰੋਤ (ਝਰਨਾ, ਸਮੁੰਦਰ) ਹੁੰਦਾ ਹੈ ਤੇ ਉਸ ਦਾ ਪ੍ਰਚਾਰ-ਪ੍ਰਸਾਰ ਨਦੀਆਂ ਹੁੰਦੀਆਂ ਹਨ। ਜੇਕਰ ਝਰਨੇ ਨੂੰ ਗਹਿਰਾ ਖੋਦਿਆ ਜਾਏ ਤਾਂ ਹੇਠੋਂ ਗਿੱਲ (ਨਮੀ) ਨਿਕਲਦੀ ਰਹੇਗੀ ਜਦਕਿ ਨਦੀ ਨੂੰ ਗਹਿਰਾ ਖੋਦਣ ’ਤੇ ਉਸ ਅੰਦਰੋਂ ਸੁੱਕੀ ਮਿੱਟੀ ਆਉਣੀ ਸ਼ੁਰੂ ਹੋ ਜਾਂਦੀ ਹੈ; ਜਿਵੇਂ ਕਿ ਬਚਨ ਹਨ, ‘‘ਗੁਰੂ ਸਮੁੰਦੁ, ਨਦੀ ਸਭਿ ਸਿਖੀ; ਨਾਤੈ ਜਿਤੁ ਵਡਿਆਈ ’’ (ਮਹਲਾ /੧੫੦) ਭਾਵ ਗੁਰੂ ਸਮੁੰਦਰ ਹੈ, ਉਸ ਦੇ ਵਿਚਾਰਾਂ ਦਾ ਪ੍ਰਵਾਹ (ਭਾਵ ਲੈਣ-ਦੇਣ, ਪ੍ਰਚਾਰ-ਪ੍ਰਸਾਰ) ਸਾਰੀਆਂ ਨਦੀਆਂ ਹਨ, ਜਿਨ੍ਹਾਂ ’ਚ ਟੁੰਭੀ ਮਾਰਨ ਨਾਲ਼ ਇੱਜ਼ਤ ਮਿਲਦੀ ਹੈ, ਜੀਵਨ ਸਫਲ ਹੁੰਦਾ ਹੈ। ਅੱਜ ਵਥੇਰੇ ਬੰਦੇ; ਗੁਰਬਾਣੀ ’ਚੋਂ ਗਿਆਨ ਪ੍ਰਾਪਤ ਕਰ ਉਸ ਦੇ ਪ੍ਰਚਾਰ-ਪ੍ਰਸਾਰ ਕਰਨ ਬਦਲੇ ਹੀ ਗੁਰੂ ਬਣੇ ਬੈਠੇ ਹਨ, ਸੰਤ ਬਣ ਗਏ ਹਨ, ਰੱਬ ਅਖਵਾਉਂਦੇ ਹਨ। ਨਕਲੀ ਅਸਲੀ ਦੀ ਪਹਿਚਾਣ ਕਰਨ ਲਈ, ਉਨ੍ਹਾਂ ਨੂੰ ਪ੍ਰਾਪਤ ਹੋਏ ਇਸ ਗਿਆਨ ਦਾ ਉਮਰ ਦੇ ਪੜਾਅ-ਪੈਮਾਨੇ ਨਾਲ਼ ਮੁਲਾਂਕਣ ਕਰਨਾ ਹੀ ਢੁਕਵਾਂ ਸਾਧਨ ਹੈ। ਜੇਕਰ ਕੋਈ 25 ਸਾਲ ’ਚ ਜਾਂ 40 ਸਾਲ ’ਚ ਗੁਰੂ, ਸੰਤ ਜਾਂ ਰੱਬ ਬਣਿਆ ਹੈ ਤਾਂ ਉਹ ਸਮੁੰਦਰ ਨਹੀਂ, ਝਰਨਾ ਨਹੀਂ ਬਲਕਿ ਨਦੀ ਹੈ, ਅੰਦਰੋਂ ਸੁੱਕਿਆ ਹੋਇਆ ਹੈ, ਨਕਲੀ ਹੈ।

ਸੱਚ (ਧਰਮ) ਦੀ ਵਿਆਖਿਆ ’ਚ ਇਹ ਵਿਚਾਰ ਭੀ ਅਹਿਮ ਹੁੰਦੇ ਹਨ ਕਿ ਧਰਮ ਕਮਾਉਣ ਨਾਲ਼ ਮਿਲਦੀ ਮੁਕਤੀ ਤੋਂ ਕੀ ਭਾਵ ਹੈ। ਹਿੰਦੂ, ਈਸਾਈ, ਮੁਸਲਮਾਨ, ਆਦਿ ਮੱਤ ਅਨੁਸਾਰ ਹਰ ਸਰੀਰ ਅੰਦਰ ਰੂਹ ਹੈ, ਆਤਮਾ ਹੈ, ਜਿੰਦ ਹੈ। ਜਿਸ ਨੂੰ ਆਵਾਗਮਣ ਤੋਂ ਮੁਕਤ ਕਰਨਾ ਹੀ ਧਰਮ ਦੀ ਕੀਤੀ ਕਮਾਈ ਦਾ ਅਸਲ ਫਲ਼ ਹੈ, ਮੁਕਤੀ ਹੈ ਤਾਹੀਓਂ ਪੰਡਿਤ ਨੇ ਆਤਮਾ ਦੀ ਮੁਕਤੀ ਲਈ ਤੀਰਥ ਇਸਨਾਨ ਨਿਰਧਾਰਿਤ ਕੀਤੇ। ਮਰਨ ਉਪਰੰਤ ਇਸ ਨੂੰ ਵੈਤਰਣੀ (ਪੀਕ ਦੀ) ਨਦੀ ਤੋਂ ਪਾਰ/ਮੁਕਤ ਕਰਨ ਲਈ ਆਟੇ ਦੀ ਗਊ, ਚੌਲਾਂ ਦੇ ਪਿੰਡ ਪੱਤਲ ਆਦਿ ਕਿਰਿਆ ਸ਼ੁਰੂ ਕੀਤੀ ਗਈ। ਗੁਰੂ ਸਾਹਿਬ ਨੇ ਇਸ ਦਾ ਬਦਲ ਇਹ ਸਮਝਾਇਆ, ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ   ਐਥੈ ਓਥੈ, ਆਗੈ ਪਾਛੈ; ਏਹੁ ਮੇਰਾ ਆਧਾਰੁ ’’ (ਮਹਲਾ /੩੫੮) ਭਾਵ ਪੱਤਿਆਂ ਉੱਤੇ ਚੌਲਾਂ ਦੇ ਪਿੰਨ ਵੱਟ ਕੇ ਰੱਖਣੇ ਮੇਰੇ ਲਈ ਕਰਤਾਰ ਦਾ ਸੱਚਾ ਨਾਮ ਜਪਣਾ ਹੀ ਹੈ। ਇਹੀ ਲੋਕ ਪ੍ਰਲੋਕ ’ਚ ਮੇਰਾ ਆਸਰਾ ਹੈ, ਸਹਾਰਾ ਹੈ ਯਾਨੀ ਮੈਨੂੰ ਕਿਸੇ ਵੈਤਰਣੀ ਨਦੀ ਜਾਂ ਪੁਲਸਿਰਾਤ (ਪੁੱਲ) ਤੋਂ ਪਾਰ ਹੋਣ ਦਾ ਖ਼ਤਰਾ ਨਹੀਂ। ਇਸਲਾਮ ਮੱਤ ਅਨੁਸਾਰ ਨਰਕਾਂ ’ਚ ਇੱਕ ਪੁੱਲ ਹੈ, ਜੋ ਵੈਤਰਣੀ ਨਦੀ ਵਾਙ ਪਾਰ ਕਰਨਾ ਮੁਸ਼ਕਲ ਹੈ। ਬਾਬਾ ਫ਼ਰੀਦ ਜੀ ਇਸ ਬਾਰੇ ਜ਼ਿਕਰ ਕਰਦੇ ਹਨ, ‘‘ਜਿੰਦੁ ਨਿਮਾਣੀ ਕਢੀਐ; ਹਡਾ ਕੂ ਕੜਕਾਇ   ਸਾਹੇ ਲਿਖੇ ਚਲਨੀ; ਜਿੰਦੂ ਕੂੰ ਸਮਝਾਇ .. ਵਾਲਹੁ ਨਿਕੀ ਪੁਰਸਲਾਤ; ਕੰਨੀ ਸੁਣੀ ਆਇ   ਫਰੀਦਾ ਕਿੜੀ ਪਵੰਦੀਈ; ਖੜਾ ਆਪੁ ਮੁਹਾਇ ’’ (ਬਾਬਾ ਫਰੀਦ/੧੩੭੭) ਭਾਵ ਸਰੀਰ ਨੂੰ ਕਮਜ਼ੋਰ ਕਰਕੇ ਇਸ ਵਿੱਚੋਂ ਅੰਤ ਨੂੰ ਜਿੰਦ ਕੱਢ ਲਈਦੀ ਹੈ। ਜਿੰਦ ਨੂੰ ਹੁਣੇ ਹੀ ਸਮਝਾਓ ਕਿ ਮੌਤ ਦਾ ਸਮਾਂ ਨਿਸ਼ਚਿਤ ਹੈ, ਟਲ ਨਹੀਂ ਸਕਦਾ, ਜ਼ਰੂਰ ਆਉਣਾ ਹੈ (ਤੇ ‘ਪੁਲ ਸਿਰਾਤ’ ਕੋਲ਼ ਕੀਤੇ ਪਾਪਾਂ ਕਾਰਨ ਰੂਹ ਦੀਆਂ ਚੀਕਾਂ ਪੈਣੀਆਂ ਹਨ)। ਹੇ ਬੰਦੇ ! ਤੈਂ ਕਦੇ ‘ਪੁਲ ਸਿਰਾਤ’ ਦਾ ਨਾਂ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਾਰੀਕ ਹੈ। ਸੰਸਾਰ ’ਚ ਵਿਕਾਰਾਂ ਦੀਆਂ ਅਵਾਜ਼ਾਂ ਪੈਂਦੀਆਂ ਹਨ। ਆਪਣੇ ਆਪ ਨੂੰ ਇਨ੍ਹਾਂ ਦੇ ਹੱਥੋਂ ਨਾ ਲੁਟਾਈ ਜਾਹ ਵਰਨਾ ਅੰਤ ਭਿਆਨਕ ਹੋਣਾ ਹੈ। ‘ਵਿਕਾਰਾਂ ਦੇ ਹੱਥੋਂ ਲੁਟਾਉਣ’ ਤੋਂ ਭਾਵ ਸੁਆਸ-ਪੂੰਜੀ ਨੂੰ ਵਿਕਾਰਾਂ ’ਚ ਮਸਤ ਰਹਿ ਕੇ ਅਜਾਈਂ ਗਵਾਉਣਾ ਹੈ।

ਧਰਮ ਦੀ ਉਕਤ ਕੀਤੀ ਵਿਆਖਿਆ ਅਨੁਸਾਰ ਪ੍ਰਾਚੀਨ ਮੱਤਾਂ ਨੇ ਰੂਹ (ਆਤਮਾ, ਜਿੰਦ) ਨੂੰ ਮੁਕਤ ਕਰਨਾ ਹੀ ਭਗਤੀ/ਬੰਦਗੀ ਕਰਨ ਦਾ ਅਸਲ ਫਲ਼ ਮੰਨਿਆ ਹੈ ਜਦਕਿ ਗੁਰਬਾਣੀ ਅਨੁਸਾਰ ਇਹ, ਅਕਾਲ ਪੁਰਖ ਦੀ ਅੰਸ਼ ਹੈ, ਜੋਤਿ ਹੈ, ‘‘ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ/੮੭੧) ਭਾਵ ਜਿਵੇਂ ਕਾਗਜ਼ ’ਤੇ ਲਿਖੀ ਸਿਆਹੀ ਨਹੀਂ ਮਿਟਦੀ; ਉਸੇ ਤਰ੍ਹਾਂ ਆਤਮਾ (ਰੂਹ); ਪ੍ਰਭੂ ਤੋਂ ਭਿੰਨ ਨਹੀਂ ਹੋ ਸਕਦਾ। ਉਸ ਨੂੰ ਕਿਤੇ ਵੱਖਰੀ ਜਗ੍ਹਾ ਲੈ ਜਾ ਕੇ ਦੰਡ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਤਮਾ ਨਾ ਬ੍ਰਾਹਮਣ ਹੁੰਦਾ ਹੈ, ਨਾ ਖੱਤਰੀ, ਨਾ ਮਰਦਾ ਹੈ, ਨਾ ਜੰਮਦਾ ਹੈ, ‘‘ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ   ਨਾ ਇਹੁ ਤਪਾ; ਕਹਾਵੈ ਸੇਖੁ   ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ ’’ (ਭਗਤ ਕਬੀਰ/੮੭੧)

ਗੁਰਬਾਣੀ ਅਨੁਸਾਰ ਅੰਤਹਿਕਰਣ ਨੂੰ ਲੱਗੀ ਜਨਮਾਂ ਜਨਮਾਂ ਦੀ ਮੈਲ਼ (ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ.. ਮਹਲਾ /੬੫੧) ਨੂੰ ਖ਼ਤਮ ਕਰਨਾ ਹੀ ਮੁਕਤੀ ਹੈ। ਇਸੇ ਨੂੰ ‘ਕੂੜੈ ਪਾਲਿ’ ਕਿਹਾ ਹੈ, ‘‘ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ ? ’’ (ਜਪੁ) ਇਸ ਵਾਸਤੇ ਇੱਕੋ ਮਾਰਗ ਹੈ ਕਿ ਮਨੁੱਖ; ਜਿਸ ਅਕਾਲ ਪੁਰਖ ਦੇ ਹੁਕਮ ’ਚ ਚੱਲਦਾ ਪਿਆ ਹੈ, ਉਸ ਹੁਕਮ ਨੂੰ ਸਮਝੇ ਕਿ ਮੈ ਭੀ ਹੁਕਮ ’ਚ ਹਾਂ। ਹਰ ਕੰਮ ਲਈ ਮੈ ਕੀਤਾ, ਮੈ ਕਰ ਸਕਦਾ ਹਾਂ; ਨਾ ਕਹੇ ਯਾਨੀ ਕੀਤੇ ਕੰਮਾਂ ਦਾ ਮਹੱਤਵ ਆਪਣੇ ’ਤੇ ਨਾ ਲਵੇ। ਇਸ ਨਾਲ਼ ਅਹੰਕਾਰ ’ਚ ਵਾਧਾ ਹੁੰਦਾ ਹੈ। ਕੂੜ ਦੀ ਕੰਧ ਵੱਡੀ ਹੁੰਦੀ ਹੈ। ਹੁਕਮ ਦੇ ਮਾਲਕ ਨੂੰ ਪਹਿਚਾਣ ਕੇ ਉਸ ਦਾ ਸਿਮਰਨ ਕਰਨਾ ਹੈ। ਉਸ ਅੱਗੇ ਫ਼ਰਿਆਦੀ ਹੋਣਾ ਹੈ। ਬੇਨਤੀ ਕਰਨੀ ਹੈ ਤਾਂ ਕਿ ਅਖੌਤੀ ਵੈਤਰਣੀ ਨਦੀ ਤੇ ਅਖੌਤੀ ਪੁਲ ਸਿਰਾਤ ਦਾ ਡਰ ਨਾ ਰਹੇ ਤੇ ਨਾ ਹੀ ਸਾਡੇ ਮਰਨ ਪਿੱਛੋਂ ਪਿੰਡ ਪੱਤਲ ਕਿਰਿਆ ਦੇ ਨਾਂ ’ਤੇ ਕੋਈ ਸਾਡੇ ਬੱਚਿਆਂ ਦੀ ਮਿਹਨਤ ਦੀ ਕਮਾਈ ਨੂੰ ਲੁੱਟ ਕੇ ਲਿਜਾ ਸਕੇਗਾ।

ਇਹ ਕਹਿਣਾ ਕਿ ਸਾਰੇ ਮੱਤਾਂ ਨੇ ‘ਸੱਚ’ ਦੀ ਵਿਆਖਿਆ ਇਕ ਸਮਾਨ ਕੀਤੀ ਹੈ, ਆਪਣੀ ਅਗਿਆਨਤਾ ਤੇ ਮੂਰਖਤਾ ਨੂੰ ਉਜਾਗਰ ਕਰਨਾ ਹੈ। ਸਾਰੇ ਮੱਤਾਂ ’ਚ ਕੁੱਝ ਚੰਗੇ ਗੁਣ ਭੀ ਹਨ। ਕੋਈ ਭੀ ਮੱਤ ਕਿਸੇ ਨੂੰ ਪਾਪੀ ਜਾਂ ਬਲਾਤਕਾਰੀ ਬਣਨ ਲਈ ਨਹੀਂ ਪ੍ਰੇਰਦਾ, ਪਰ ਧਰਮ (ਸੱਚ) ਦੇ ਮੂਲ ਸਰੋਤ ਅਦ੍ਰਿਸ਼ ਸ਼ਕਤੀ ਨਾਲ਼ ਪਿਆਰ ਪਾਇਆਂ ਆਤਮ ਬਲ (ਆਤਮ-ਪ੍ਰਕਾਸ਼) ਵਧਦਾ ਹੈ, ਜੋ ਵਿਕਾਰਾਂ ਨਾਲ਼ ਲੜਨ ਸਮੇਂ, ਪਰਵਾਰਕ ਜ਼ਿੰਮੇਵਾਰੀਆਂ ਨਿਭਾਉਣ ’ਚ, ਸਮਾਜਿਕ ਸੇਵਾ ਕਰਨ ਅਤੇ ਕੌਮੀ ਕਾਰਜਾਂ ਲਈ ਤਤਪਰ ਕਰਦਾ ਹੈ, ਰੱਖਦਾ ਹੈ। ਐਨਾ ਸਾਹਸ; ਕਿਸੇ ਅਧਰਮੀ ਬੰਦੇ ਅੰਦਰ ਨਹੀਂ ਉਪਜ ਸਕਦਾ। ਧਰਮ ਨਾਲ਼ ਜੁੜਨ ਦਾ ਇਹੀ ਅਸਲ ਮਕਸਦ ਹੈ, ਮੰਤਵ ਹੈ। ਮਨੁੱਖ ਆਪਣਾ ਕੀਮਤੀ ਜਨਮ ਅਜਾਈਂ ਨਾ ਗਵਾ ਲਵੇ, ਇਸ ਲਈ ਪ੍ਰਭੂ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਨੂੰ ਰੋਲ ਮਾਡਲ ਬਣਾਇਆ ਹੈ। ਗੁਰਬਾਣੀ ਕਿਸੇ ਇੱਕ ਸਮੁਦਾਇ ਦਾ ਧਾਰਮਿਕ ਗ੍ਰੰਥ ਨਹੀਂ ਬਲਕਿ ਇਹ ਨਾਸਤਿਕ ਬੰਦੇ ਨੂੰ ਭੀ ਆਪਣੇ ਅੰਦਰਲੇ ਵਿਕਾਰ ਦੂਰ ਕਰਨ ਅਤੇ ਆਪਣੇ ਅੰਦਰੋਂ ਰੱਬ ਨੂੰ ਪ੍ਰਾਪਤ ਕਰਨ ਲਈ ਸੇਧ ਬਖ਼ਸ਼ਦੀ ਹੈ। ਬਦ ਨਸੀਬ ਹੁੰਦੇ ਹਨ, ਜੋ ਇਸ ਸੱਚ ਦਾ ਵਿਰੋਧ ਕਰਨ ਜਾਂ ਇਸ ਤੋਂ ਲਾਭ ਨਾ ਲੈਣ।

ਗੁਰਬਾਣੀ ਹੀ ਪ੍ਰਮਾਤਮਾ ਦੀ ਹੋਂਦ ਨੂੰ ਸਰਬ ਵਿਆਪਕ ਯਾਨੀ ਕਿ ਹਰ ਬੰਦੇ ਅੰਦਰ ਉਸ ਦੀ ਮੌਜੂਦਗੀ ਦਾ ਅਹਿਸਾਸ ਕਰਾਉਂਦੀ ਹੈ। ਸ਼ਰਧਾਵਾਨ ਮਨੁੱਖ; ਗੁਰੂ ਤੋਂ ਸੇਧ ਲੈਂਦਾ ਲੈਂਦਾ ਆਪਣੇ ਅੰਦਰਲੇ ਵਿਕਾਰਾਂ ਨਾਲ਼ ਲੜਦਾ ਲੜਦਾ ਰੱਬ ਦੀ ਪ੍ਰਾਪਤੀ ਕਰ ਲੈਂਦਾ ਹੈ। ਅਨੰਦਿਤ ਰਹਿੰਦਾ ਹੈ। ਹੋਰਾਂ ਲਈ ਚਾਨਣ ਮੁਨਾਰਾ ਬਣਦਾ ਹੈ। ਐਸਾ ਜੀਵਨ ਸਿਰਜਣ ਕਾਰਨ ਹੀ ਧਰਮ (ਪੂਰਨ ਸੱਚ); ਮਨੁੱਖ ਜਾਤੀ ਨੂੰ ਪਸ਼ੂ-ਪੰਛੀਆਂ ਦੀ ਰਹਿਣੀ ਤੋਂ ਵੱਖਰੇਪਣ ਦਾ ਅਹਿਸਾਸ ਕਰਾਉਂਦਾ ਹੈ।

ਗੁਰਬਾਣੀ ਰਚਨ ਦਾ ਮੰਤਵ (ਭਾਗ ਦੂਜਾ)