ਇਤਿਹਾਸ ਵਿੱਚ ਪੋਹ ਦਾ ਮਹੀਨਾ

0
487

ਇਤਿਹਾਸ ਵਿੱਚ ਪੋਹ ਦਾ ਮਹੀਨਾ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 99155-15436

ਹਰ ਸਾਲ ਜਦੋਂ ਪੋਹ ਦਾ ਮਹੀਨਾ ਚੜ੍ਹਦਾ ਹੈ ਤਾਂ ਮਨ ਵਿੱਚ ਜਿੱਥੇ ਬੀਰ ਰਸ ਪੈਦਾ ਹੁੰਦਾ ਹੈ, ਉੱਥੇ ਮਨ ਉਦਾਸੀ ਵਿੱਚ ਵੀ ਗਵਾਚ ਜਾਂਦਾ ਹੈ। ਜਿਸ ਚਾਅ ਤੇ ਮਲ੍ਹਾਰ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ) ਚਮਕੌਰ ਦੀ ਗੜ੍ਹੀ ਵਿੱਚ ਲੜ ਕੇ ਸ਼ਹਾਦਤ ਦਾ ਜਾਮ ਪੀ ਗਏ। ਇਹ ਦੁਨੀਆਂ ਦੇ ਇਤਿਹਾਸ ਦੀ ਇੱਕ ਵਿਲੱਖਣ ਘਟਨਾ ਹੈ। ਇਸ ਘਟਨਾ ਤੋਂ 4-5 ਦਿਨ ਬਾਅਦ, ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਸ਼ਹੀਦ ਕੀਤਾ ਗਿਆ, ਇਹ ਵੀ ਸੰਸਾਰ ਭਰ ਦੇ ਇਤਿਹਾਸ ਦੀ ਇੱਕੋ ਇੱਕ ਵਿਲੱਖਣ ਮਿਸਾਲ ਹੈ। ਜ਼ਰਾ ਉਸ ਇਤਿਹਾਸ ਨੂੰ ਆਪਣੀਆਂ ਅੱਖਾਂ ਦੇ ਸਾਮ੍ਹਣੇ ਲਿਆ ਕੇ ਮਹਿਸੂਸ ਕਰੀਏ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਪਰਵਾਰ ਦੇ ਪੰਜ ਮੈਂਬਰ ਇੱਕ ਹਫਤੇ ਵਿੱਚ ਹੀ ਸ਼ਹੀਦ ਹੋ ਗਏ। ਗੁਰੂ ਸਾਹਿਬ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਉਸ ਦੇ ਅੱਗੇ ਸੀਸ ਵੀ ਨਿਵਾਇਆ ਹੈ ਯਾਨੀ ਫਿਰ ਵੀ ਕੋਈ ਗਿਲਾ-ਸ਼ਿਕਵਾ ਨਹੀਂ ਕੀਤਾ।

ਮੁਸਲਿਮ ਅਲੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਹਬੀਬ ਦਾ ਕਹਿਣਾ ਬਿਲਕੁਲ ਦਰੁਸਤ ਹੈ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਜ਼ਰੂਰ ਹੈ, ਪਰ ਇਸ ਦੀ ਸੰਭਾਲ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਲਗਭਗ 60-70 ਸਾਲਾਂ ਦਾ ਸਮਾਂ ਐਸਾ ਸੀ ਕਿ ਸਿੱਖਾਂ ਦਾ ਟਿਕਾਣਾ ਜੰਗਲਾਂ, ਬੀਆ ਬਾਨਾਂ ਵਿੱਚ ਸੀ ਤੇ ਉਨ੍ਹਾਂ ਦੇ ਘਰ; ਘੋੜੇ ਦੀਆਂ ਕਾਠੀਆਂ ਸਨ। ਉਸ ਸਮੇਂ ਸਿੱਖਾਂ ਲਈ ਆਪਣੀ ਹੋਂਦ ਬਰਕਰਾਰ ਰੱਖਣੀ ਵੀ ਬਹੁਤ ਵੱਡੀ ਪ੍ਰਾਪਤੀ ਸੀ। ਇਤਿਹਾਸ ਨੂੰ ਸੰਭਾਲਣਾ ਤਾਂ ਉਸ ਵੇਲੇ ਬਹੁਤ ਦੂਰ ਦੀ ਗੱਲ ਸੀ। ਇਤਿਹਾਸ; ਖੋਜ ਦਾ ਵਿਸ਼ਾ ਹੈ। ਜਿਵੇਂ ਜਿਵੇ ਇਤਿਹਾਸ ਦੀਆਂ ਪਰਤਾਂ ਨੂੰ ਫਰੋਲੀਏ ਤਾਂ ਬਹੁਤ ਸਾਰੇ ਨਵੇਂ ਤੱਥ ਸਾਮ੍ਹਣੇ ਪ੍ਰਗਟ ਹੁੰਦੇ ਹਨ। ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਹੀ ਅਸੀਂ ਹੁਣ ਤੱਕ ਇਹ ਸੁਣਦੇ ਆ ਰਹੇ ਹਾਂ ਕਿ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਖੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ। ਸਮੇਂ ਦੇ ਨਾਲ-ਨਾਲ ਨਵੀਨ ਖੋਜ ਕਰ ਕੇ ਇਤਿਹਾਸਕਾਰਾਂ ਨੇ ਇਨ੍ਹਾਂ ਸਾਕਿਆਂ ਦੀਆਂ ਗੁੰਝਲਾਂ ਖੋਲੀਆਂ ਹਨ ਅਤੇ ਅਸਲ ਤੱਤ ਸਾਡੇ ਸਾਮ੍ਹਣੇ ਰੱਖੇ ਹਨ।

ਅਨੰਦਪੁਰ ਸਾਹਿਬ ਦੇ ਘੇਰੇ ਨੂੰ ਜਦੋਂ ਲੰਮਾ ਸਮਾਂ ਹੋ ਗਿਆ ਤੇ ਰਸਦ ਪਾਣੀ ਦੀ ਤੋਟ ਆ ਗਈ ਤਾਂ ਕਿਲ੍ਹੇ ਦੇ ਅੰਦਰ ਸਿੰਘਾਂ ਦੀ ਹਾਲਤ ਦਿਨੋ ਦਿਨ ਨਾਜ਼ਕ ਹੋਣ ਲੱਗੀ। ਦੂਜੇ ਪਾਸੇ ਦੁਸ਼ਮਣ ਫੌਜ ਵੀ ਅੱਕੀ ਪਈ ਸੀ। ਇਸ ਲਈ ਪਹਾੜੀ ਰਾਜੇ ਤੇ ਮੁਸਲਿਮ ਫੌਜ ਨੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਲਈ ਸੰਦੇਸ਼ ਭੇਜਿਆ ਅਤੇ ਕਿਹਾ ਕਿ ਤੁਹਾਡੀਆਂ ਫੌਜਾਂ ਨੂੰ ਸੁਰੱਖਿਅਤ ਲੰਘਣ ਦਿੱਤਾ ਜਾਵੇਗਾ। ਇਸ ਮਕਸਦ ਲਈ ਉਨ੍ਹਾਂ ਨੇ ਕੁਰਾਨ ਅਤੇ ਗਊ ਦੀਆਂ ਕਸਮਾਂ ਵਾਲਾ ਇੱਕ ਪੱਤਰ ਵੀ ਲਿਖ ਕੇ ਕਿਲ੍ਹੇ ਅੰਦਰ ਭੇਜਿਆ। ਗੁਰੂ ਸਾਹਿਬ ਇਸ ਨੂੰ ਦੁਸ਼ਮਣ ਦੀ ਚਾਲ ਸਮਝਦੇ ਸਨ, ਪਰ ਬਹੁਤ ਸਾਰੇ ਸਿੱਖਾਂ ਦੇ ਕਹਿਣ ’ਤੇ ਗੁਰੂ ਸਾਹਿਬ ਨੇ ਕਿਲ੍ਹਾ ਖਾਲੀ ਕਰਨ ਦਾ ਮਨ ਬਣਾ ਲਿਆ। ਜਦੋਂ ਗੁਰੂ ਸਾਹਿਬ ਅਤੇ ਸਿੱਖਾਂ ਨੇ ਕਿਲ੍ਹਾ ਖਾਲੀ ਕੀਤਾ ਤਾਂ ਉਨ੍ਹਾਂ ਦਾ ਸ਼ੱਕ ਠੀਕ ਹੀ ਨਿੱਕਲਿਆ। ਦੁਸ਼ਮਣ ਫੌਜਾਂ ਨੇ ਅਚਨਚੇਤ ਹਮਲਾ ਕਰ ਦਿੱਤਾ। ਇਸ ਹਫੜਾ ਦਫੜੀ ਵਿੱਚ ਸਿੱਖ ਸਿਪਾਹੀ ਖਿੰਡ ਪੁੰਡ ਗਏ। ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰੇ ਸਿੰਘ ਸਰਸਾ ਨਦੀ ਵਿੱਚ ਹੀ ਸ਼ਹੀਦ ਹੋ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ (ਦੋਹਾਂ ਮਾਤਾਵਾਂ) ਨੂੰ ਪਹਿਲਾਂ ਹੀ ਭਾਈ ਜੇਠਾ ਸਿੰਘ ਤੇ ਬੀਬੀ ਤਾਰਾ ਕੌਰ ਦੇ ਨਾਲ ਬੁਰਾਹਨਪੁਰ ਵੱਲ ਟੋਰ ਦਿੱਤਾ ਗਿਆ ਸੀ। ਮਾਤਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਆਪਣੇ ਘਰ ਖੇੜੀ ਪਿੰਡ ਲੈ ਗਿਆ। ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਤੇ ਕੁੱਝ ਹੋਰ ਸਿੰਘ; ਰੋਪੜ ਵੱਲ ਨੂੰ ਚੱਲ ਪਏ। ਗੁਰੂ ਸਾਹਿਬ ਪਿੰਡ ਕੋਟਲੇ ਦੇ ਨਿਹੰਗ ਖਾਨ ਦੇ ਕਿਲ੍ਹੇ ਵਿੱਚ ਚਾਲੀ ਕੁ ਸਿੰਘਾਂ ਸਮੇਤ ਆ ਗਏ। ਇੱਥੇ ਜ਼ਖਮੀ ਹਾਲਤ ਵਿੱਚ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਖਾਨ ਦੇ ਸਪੁਰਦ ਕਰਕੇ ਆਪ ਚਮਕੌਰ ਸਾਹਿਬ ਵੱਲ ਚੱਲ ਪਏ। ਮੁਗਲ ਫੌਜਾਂ ਵੀ ਆਪ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਚਮਕੌਰ ਵਿੱਚ ਗੁਰੂ ਸਾਹਿਬ ਨੇ ਇੱਕ ਜ਼ਿੰਮੀਦਾਰ ਬੁੱਧੀ ਚੰਦ ਦੀ ਹਵੇਲੀ ਵਿੱਚ ਡੇਰਾ ਜਮਾ ਲਿਆ ਅਤੇ ਆਪਣੇ ਸੀਮਤ ਸਾਧਨਾਂ ਨਾਲ ਇਸ ਹਵੇਲੀ ਨੂੰ ਇੱਕ ਗੜ੍ਹੀ ਦਾ ਰੂਪ ਦਿੱਤਾ। ਇਹ ਹਵੇਲੀ ਇੱਕ ਉੱਚੇ ਟਿੱਬੇ ’ਤੇ ਬਣੀ ਹੋਈ ਸੀ। ਜਿਸ ਕਰਕੇ ਗੁਰੂ ਸਾਹਿਬ ਨੇ ਮੁੱਠੀ ਭਰ ਯੋਧਿਆਂ ਨਾਲ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨਾਲ ਡੱਟ ਕੇ ਮੁਕਾਬਲਾ ਕੀਤਾ। ਇਸ ਤਰ੍ਹਾਂ 22 ਦਸੰਬਰ 1704 ਨੂੰ ਸੰਸਾਰ ਦਾ ਇੱਕ ਅਨੋਖਾ ਜੰਗ ਸ਼ੁਰੂ ਹੋਇਆ (ਕੁੱਝ ਇਤਿਹਾਸਕਾਰ ਨੇ ਸੰਨ 1705 ਵੀ ਲਿਖਿਆ ਹੈ)। ਇੱਕ ਪਾਸੇ ਭੁੱਖਣ ਭਾਣੇ 40 ਸਿੰਘ ਤੇ ਦੂਜੇ ਪਾਸੇ 10 ਲੱਖ ਫੌਜੀ ਸੀ। ਜਿਹੜੇ ਸੂਰਮੇ ਇਸ ਜੰਗ ਵਿੱਚ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ, ਉਨ੍ਹਾਂ ਵਿੱਚ ਦੋਵੇਂ ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਵੀ ਸ਼ਾਮਲ ਸਨ। ਬਾਬਾ ਅਜੀਤ ਸਿੰਘ ਚੜ੍ਹਦੀ ਜਵਾਨੀ ਵਿੱਚ ਇਕ ਵਿਲੱਖਣ ਸੂਰਮਾ ਸੀ। ਪਿਤਾ ਗੁਰੂ ਤੋਂ ਆਗਿਆ ਲੈ ਕੇ 17 ਸਾਲ ਦੀ ਉਮਰ ਦਾ ਇਹ ਗੱਭਰੂ ਅਨੇਕਾਂ ਹੀ ਦੁਸ਼ਮਣ ਫੌਜੀਆਂ ਨੂੰ ਮਾਰਨ ਉਪਰੰਤ ਸ਼ਹੀਦੀ ਦਾ ਜਾਮ ਪੀ ਗਿਆ। ਦੂਜਾ ਸਾਹਿਬਜ਼ਾਦੇ (ਬਾਬਾ ਜੁਝਾਰ ਸਿੰਘ) ਦੀ ਉਮਰ ਕੇਵਲ 15 ਸਾਲ ਦੀ ਸੀ। ਉਹ ਵੀ ਪਿਤਾ ਗੁਰੂ ਤੋਂ ਆਗਿਆ ਲੈ ਕੇ ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਉੱਤੇ ਤੁੱਟ ਪਿਆ। ਬਹਾਦਰੀ ਨਾਲ ਲੜਦਾ ਹੋਇਆ ਕਈਆਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀ ਦਾ ਜਾਮ ਪੀ ਗਿਆ। ਗੁਰੂ ਸਾਹਿਬ ਨੇ ਆਪਣੀਆਂ ਅੱਖਾਂ ਦੇ ਸਾਮ੍ਹਣੇ ਦੋਵੇਂ ਸਪੁੱਤਰ ਸ਼ਹੀਦ ਹੁੰਦੇ ਦੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਇਸੇ ਲਈ ਯੋਗੀ ਅੱਲਾ ਯਾਰ ਖਾਨ ਲਿਖਦਾ ਹੈ ਕਿ ਜੇ ਹਿੰਦੋਸਤਾਨ ਵਿੱਚ ਕੋਈ ਤੀਰਥ ਹੈ ਤਾਂ ਉਹ ਚਮਕੌਰ ਹੈ, ਜਿੱਥੇ ਬਾਪ ਨੇ ਧਰਮ ਖਾਤਰ ਬੱਚਿਆਂ ਦੇ ਸੀਸ ਕਟਵਾਏ। ਉਹ ਲਿਖਦਾ ਹੈ, ਬੱਸ, ਏਕ ਹਿੰਦ ਮੇਂ ਤੀਰਥ ਹੈ, ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ

ਉਹ ਇਸ ਧਰਤੀ ਨੂੰ ਸਿਜਦਾ ਕਰਦਾ ਹੋਇਆ ਲਿਖਦਾ ਹੈ, ‘ਚਮਕ ਹੈ ਮਿਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ’। ਉਹ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚੰਦ ਨਾਲ ਤੁਲਨਾ ਕਰਦੇ ਹੋਏ ਲਿਖਦੇ ਹਨ ਕਿ ਅਸਮਾਨ ਵਿੱਚ ਇੱਕ ਚੰਦਰਮਾ ਹੈ ਪਰ ਚਮਕੌਰ ਦੀ ਧਰਤੀ ਉੱਪਰ ਦੋ ਚੰਦਰਮਾ ਇੱਕ ਸਮੇਂ ਚਮਕਦੇ ਹਨ ਉਹ ਹਨ ‘ਅਜੀਤ ਸਿੰਘ ਤੇ ਜੁਝਾਰ ਸਿੰਘ’।

ਗੁਰੂ ਗੋਬਿੰਦ ਕੇ ਲਖਤਿ-ਜਿਗਰ ਅਜੀਤ ਜੁਝਾਰ।

ਫ਼ਲਕ ਪਿ ਇੱਕ ਯਹਾਂ, ਦੋ ਚਾਂਦ ਜ਼ਿਯਾ (ਰੌਸ਼ਨੀ) ਕੇ ਲਿਯੇ।

ਯੋਗੀ ਜੀ ਖਾਲਸੇ ਦੀ ਇਸ ਚਮਕੌਰ ਦੀ ਧਰਤੀ ਨੂੰ ਇਸਲਾਮ ਦੇ ਸਭ ਤੋਂ ਪਵਿੱਤਰ ਅਸਥਾਨ ਕਾਅਬੇ ਨਾਲ ਤੁਲਨਾ ਕਰਦੇ ਹਨ। ਉਹ ਲਿਖਦੇ ਹਨ –

ਭਟਕਤੇ ਫਿਰਤੇ ਹੋ ਕਿਉਂ ? ਹਜ ਕਰੇ ਯਹਾਂ ਆ ਕਰ,

ਯਹ ਕਾਬਾ ਪਾਸ ਹੈ ਹਰ ਇਕ ਖਾਲਸਾ ਕੇ ਲਿਯੇ।

ਇਸ ਤਰ੍ਹਾਂ ਯੋਗੀ ਜੀ ਚਮਕੌਰ ਦੀ ਧਰਤੀ ਨੂੰ ਗੰਜਿ-ਸ਼ਹੀਦਾਂ ਲਿਖਦੇ ਹਨ ਭਾਵ ਉਹ ਥਾਂ, ਜਿੱਥੇ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਹੋਈਆਂ ਹੋਣ। ਫ਼ਰਿਸ਼ਤੇ ਵੀ ਐਸੀ ਧਰਤੀ ਦੀ ਖਾਕ ਨੂੰ ਲੋਚਦੇ ਹਨ। ਉਹ ਲਿਖਦੇ ਹਨ :

ਮਿਜ਼ਾਰ ਗੰਜ ਸ਼ਹੀਦਾਂ ਹੈ, ਉਨ ਸ਼ਹੀਦੋਂ ਕਾ।

ਫਰਿਸ਼ਤੇ ਜਿਨ ਕੀ ਤਰਸਤੇ ਬੇ ਖਾਕਿ-ਪਾ ਕੇ ਲਿਯੇ।

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਤੋਂ ਕੂਚ ਕੀਤਾ ਤਾਂ ਦੋਵੇਂ ਛੋਟੇ ਸਾਹਿਬਜ਼ਾਦੇ, ਜਿਨ੍ਹਾਂ ਦੀ ਉਮਰ 7 ਤੋਂ 9 ਸਾਲ ਦੀ ਸੀ, ਆਪਣੀ ਦਾਦੀ ਮਾਂ ਗੁਜਰੀ ਜੀ ਦੀ ਦੇਖ-ਰੇਖ ਵਿੱਚ ਪਲੇ ਸਨ। ਅਨੰਦਪੁਰ ਛੱਡਣ ਵੇਲੇ ਮਾਤਾ ਗੁਜਰੀ ਜੀ ਨੇ ਹੀ ਬੱਚਿਆਂ ਦੀ ਦੇਖਭਾਲ ਖੁਦ ਸੰਭਾਲੀ ਸੀ। ਜਦੋਂ ਇਹ ਕਾਫ਼ਲਾ ਥੋੜ੍ਹੀ ਦੂਰ ਹੀ ਪੁੱਜਾ ਤਾਂ ਰਾਹ ਵਿੱਚ ਸਰਸਾ ਨਦੀ ਪਾਰ ਕਰਨੀ ਪਈ। ਇਸ ਦੌਰਾਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ; ਗੁਰੂ ਜੀ ਦੇ ਸੰਗ-ਸਾਥ ਤੋਂ ਵਿੱਛੜ ਗਏ। ਨਦੀ ਪਾਰ ਕਰਨ ਤੋਂ ਬਾਅਦ ਜਦੋਂ ਮਾਤਾ ਜੀ ਤੇ ਸਾਹਿਬਜ਼ਾਦੇ ਜਾ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਗੰਗੂ ਰਸੋਈਏ ’ਤੇ ਪਈ। ਗੰਗੂ ਨੇ ਜਦੋਂ ਮਾਤਾ ਜੀ ਤੇ ਬੱਚਿਆਂ ਨੂੰ ਦੇਖਿਆ ਤਾਂ ਉਹ ਉਨ੍ਹਾਂ ਨੂੰ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਜਦੋਂ ਗੰਗੂ ਨੂੰ ਇਹ ਪਤਾ ਲੱਗਾ ਕਿ ਮਾਤਾ ਜੀ ਕੋਲ ਸੋਨੇ ਦੀਆਂ ਮੋਹਰਾਂ ਤੇ ਗਹਿਣਿਆਂ ਦੀ ਭਰੀ ਹੋਈ ਖੁਰਜੀ ਹੈ ਤਾਂ ਉਸ ਦਾ ਮਨ ਬੇਈਮਾਨ ਹੋ ਗਿਆ, ਉਹ ਇਸ ਤਾਕ ਵਿੱਚ ਰਿਹਾ ਕਿ ਕਦੋਂ ਮਾਤਾ ਜੀ ਸੌਣ ਤੇ ਮੈਂ ਇਹ ਖੁਰਜੀ ਚੁਰਾ ਲਵਾਂ। ਜਦੋਂ ਸਵੇਰੇ ਮਾਤਾ ਜੀ ਉੱਠੇ ਤਾਂ ਉਨ੍ਹਾਂ ਨੇ ਖੁਰਜੀ ਨਾ ਦੇਖੀ ਤਾਂ ਗੰਗੂ ਨੂੰ ਇਸ ਬਾਰੇ ਪੁੱਛਿਆ। ਗੰਗੂ ਅੱਗੋਂ ਮਾਤਾ ਜੀ ਨਾਲ ਹੋਛਾ ਹੋ ਕੇ ਬੋਲਿਆ ਤੇ ਉਸ ਨੇ ਆਪਣਾ ਪਾਪ ਛੁਪਾਉਣ ਲਈ ਸਰਕਾਰ ਕੋਲ ਮਾਤਾ ਜੀ ਤੇ ਬੱਚਿਆਂ ਦੀ ਮੁਖਬਰੀ ਕਰਕੇ ਤੇ ਸਰਕਾਰ ਤੋਂ ਇਨਾਮ ਲੈਣ ਲਈ ਵਿਉਂਤ ਬਣਾਈ। ਕੁੱਝ ਸਮੇਂ ਬਾਅਦ ਸਿਪਾਹੀਆਂ ਨੇ ਆ ਕੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਤਾ ਗੁਜਰੀ ਜੀ ਨਾਲੋਂ ਵਿਛੜੇ ਇੱਕ ਸਿੱਖ (ਭਾਈ ਦੋਨਾ ਸਿੰਘ ਹੰਡੂਰੀਆ) ਦੀ ਬ੍ਰਿਜ ਭਾਸ਼ਾ ਵਿੱਚ ਲਿਖੀ ਕਿਤਾਬ ‘ਕਥਾ ਗੁਰੂ ਸੁਤਨ ਜੀ ਕੀ’ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਨੂੰ ਹੱਥ ਕੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਦੇ ਥਾਨੇ ਲਿਆਂਦਾ ਗਿਆ। 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮੋਰਿੰਡਾ ਦੀ ਕਾਲ ਕੋਠੜੀ ਵਿੱਚ ਭੁੱਖੇ ਰੱਖਿਆ ਗਿਆ ਅਤੇ ਕੋਈ ਕੱਪੜਾ ਵੀ ਨਹੀਂ ਦਿੱਤਾ ਗਿਆ। ਇਸ ਤਰ੍ਹਾਂ ਸਾਰੀ ਰਾਤ ਠੰਡ ਵਿੱਚ ਜ਼ਮੀਨ ’ਤੇ ਹੀ ਲੇਟੇ ਰਹੇ। ਉਸ ਤੋਂ ਬਾਅਦ 10 ਪੋਹ ਨੂੰ ਸਰਹਿੰਦ ਲਿਆਂਦਾ ਗਿਆ, ਜਿੱਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਮੇ ਸਮੇਂ ਤੋਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਹੋ ਕੇ ਪਰਤਿਆ ਸੀ। ਜਦੋਂ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸੋਚਿਆ ਕਿ ਮਾਂ ਤੇ ਪੁੱਤਰਾਂ ਦਾ ਮੋਹ ਗੁਰੂ ਗੋਬਿੰਦ ਸਿੰਘ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਅਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ।

ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਉਸ ਸਮੇਂ ਠੰਡੇ ਬੁਰਜ ਦੇ ਥਲਿਉਂ ਪਾਣੀ ਵਗਦਾ ਸੀ, ਜਿਸ ਨਾਲ ਹਵਾ ਟਕਰਾ ਕੇ ਉਪਰ ਵੱਲ ਆਉਂਦੀ ਸੀ ਅਤੇ ਅੱਤ ਦੀ ਗਰਮੀ ਵਿੱਚ ਵੀ ਕੰਬਨੀ ਛੇੜ ਦਿੰਦੀ ਸੀ। ਪੋਹ ਦੇ ਮਹੀਨੇ ਵਿੱਚ ਕੀ ਹਾਲ ਹੁੰਦਾ ਹੋਵੇਗਾ, ਇਸ ਦਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਪੰਥ ਦੋਖੀਆਂ ਵੱਲੋਂ ਹੁਣ ਇਹ ਬੁਰਜ ਢਾਹ ਕੇ ਨਵਾਂ ਬਣਾ ਦਿੱਤਾ ਗਿਆ ਹੈ। ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ। ਉਸ ਰਾਤ ਵੀ ਉਨ੍ਹਾਂ ਨੂੰ ਖਾਣ ਲਈ ਕੁੱਝ ਨਾ ਦਿੱਤਾ ਗਿਆ। ਦੋ ਦਿਨਾਂ ਬਾਅਦ ਬੱਚਿਆਂ ਨੂੰ ਕਚਿਹਰੀ ਵਿੱਚ ਪੇਸ਼ ਕੀਤਾ ਗਿਆ। ਡਾਕਟਰ ਗੰਡਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆਂ ਲਾਲ ਹੋ ਗਈਆਂ ਸਨ ਤੇ ਬੁੱਲ੍ਹ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ।

ਜਦੋਂ ਸਾਹਿਬਜ਼ਾਦੇ ਕਿਸੇ ਵੀ ਲਾਲਚ ਵਿੱਚ ਆ ਕੇ ਨਾ ਮੰਨੇ ਤਾਂ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਇਕ ਖਮਚੀ (ਤੂਤ ਦੀ ਪਤਲੀ ਸੋਟੀ) ਲੈ ਕੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਦੇ ਡਰ ’ਤੇ ਇਸਲਾਮ ਕਬੂਲ ਕਰ ਲੈਣਗੇ। ਇਸ ਨਾਲ ਉਨ੍ਹਾਂ ਦਾ ਮਾਸ ਉੱਭਰ ਗਿਆ ਅਤੇ ਕੋਮਲ ਸਰੀਰਾਂ ’ਤੇ ਨਿਸ਼ਾਨ ਪੈ ਗਏ। ਭਾਈ ਦੋਨਾ ਸਿੰਘ ਹੰਡੂਰੀਆ ਲਿਖਦੇ ਹਨ :

ਖਮਚੀ ਸਾਥ ਜੁ ਲਗੈ ਤਬੈ ਦੁਖ ਦੇਵਨੰ, ਏਹ ਸੁ ਬਾਲਕ ਫੂਲ ਧੂਪ ਨਾ ਖੇਵਨੰ।

ਇਸ ਸਜ਼ਾ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ। ਅਗਲੇ ਦਿਨ ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ।

ਰਜ ਕੋ ਪਾਇ ਪੀਪਲਹਿ ਬਾਂਧੇ। ਦੁਸ਼ਟ ਗੁਲੇਲ ਤੀਰ ਸੁ ਗਾਂਧੇ। (ਰਜ ਤੋਂ ਭਾਵ ਰੱਸਾ)

ਇਤਿਹਾਸ ਵਿੱਚ ਇਹ ਵੀ ਜਿਕਰ ਆਉਂਦਾ ਹੈ ਕਿ ਗੁਲੇਲ ਰਾਹੀਂ ਚਲਾਇਆ ਇੱਕ ਪੱਥਰ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਦੀ ਖੱਬੀ ਅੱਖ ’ਤੇ ਲੱਗਾ ਤੇ ਖੂਨ ਵਹਿਣ ਲੱਗ ਪਿਆ। ਅੰਤਾਂ ਦੀ ਠੰਡ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਿਰ ਇਸਲਾਮ ਕਬੂਲ ਕਰਨ ਲਈ ਪੁੱਛਿਆ ਗਿਆ। ਉਨ੍ਹਾਂ ਨੇ ਸਿਰ ਹਿਲਾ ਕੇ ਨਾਂਹ ਕਰ ਦਿੱਤੀ। ਡਾਕਟਰ ਗੰਡਾ ਸਿੰਘ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਉਂਗਲਾਂ ਵਿੱਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਤਾਂ ਜੋ ਚਮੜੀ ਦੇ ਸੜਨ ਨਾਲ ਡੋਲ ਜਾਣਗੇ, ਪਰ ਸਾਹਿਬਜ਼ਾਦਿਆਂ ਨੇ ਈਨ ਨਹੀਂ ਮੰਨੀ।

ਅਖੀਰ 12 ਪੋਹ ਨੂੰ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਗਿਆ, ਪਰ ਸਾਹਿਬਜ਼ਾਦਿਆਂ ਦਾ ਕੋਈ ਕਸੂਰ ਨਾ ਮਿਲਿਆ। ਇਸ ਵਾਰ ਫਿਰ ਸੁੱਚਾ ਨੰਦ ਨੇ ਆਪਣਾ ਰੋਲ ਨਿਭਾਇਆ ਤੇ ਸਾਹਿਬਜ਼ਾਦਿਆਂ ਨੂੰ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਕੀ ਕਰੋਗੇ ? ਉਨ੍ਹਾਂ ਨੇ ਕਿਹਾ ਕਿ ਆਪਣੇ ਪਿਤਾ ਕੋਲ ਜਾਵਾਂਗੇ, ਸਿੰਘ ਇਕੱਠੇ ਕਰਾਂਗੇ ਕਿ ਸੂਬਾ ਸਰਹੰਦ ਦਾ ਸਿਰ ਲਾਹਵਾਂਗੇ ਅਤੇ ਜਿੰਨਾ ਚਿਰ ਇਸ ਜ਼ੁਲਮੀ ਰਾਜ ਦੀ ਨੀਂਹ ਨਹੀਂ ਪੁੱਟੀ ਜਾਂਦੀ ਅਸੀਂ ਲੜਦੇ ਰਹਾਂਗੇ। ਸਾਰਿਆਂ ਪਾਸੋਂ ਇਹ ਅਵਾਜ਼ ਆਈ ਬਾਗੀ…ਬਾਗੀ…। ਕਾਜ਼ੀ ਨੇ ਫ਼ੈਸਲਾ ਸੁਣਾ ਦਿੱਤਾ ਕਿ ਇਨ੍ਹਾਂ ਹਕੂਮਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ।

ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ, ਜੋ ਨੇਕ ਦਿਲ ਇਨਸਾਨ ਸੀ, ਨੂੰ ਵਜੀਰ ਖਾਨ ਨੇ ਕਿਹਾ ਕਿ ਤੇਰਾ ਭਰਾ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਾਰਿਆ ਗਿਆ ਹੈ, ਤੂੰ ਸਾਹਿਬਜ਼ਾਦਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ। ਪਰ ਉਸ ਨੇ ਅੱਗੋ ਉੱਤਰ ਦਿੱਤਾ ਕਿ ਜੇ ਮੈਂ ਬਦਲਾ ਲੈਣਾ ਹੋਇਆ ਤਾਂ ਜੰਗ ਦੇ ਮੈਦਾਨ ਵਿੱਚ ਹੀ ਲਵਾਂਗਾ। ਮੈਂ ਇਨ੍ਹਾਂ ਬੱਚਿਆਂ ਨੂੰ ਮਾਰ ਕੇ ਅੱਲ੍ਹਾ ਨੂੰ ਕੀ ਮੂੰਹ ਦਿਖਾਵਾਂਗਾ। ਨਾਲ ਇਹ ਵੀ ਕਿਹਾ ਕਿ ਜਦ ਬੱਚਿਆਂ ਦਾ ਕਸੂਰ ਹੀ ਕੋਈ ਨਹੀਂ ਤਾਂ ਫਿਰ ਇਨ੍ਹਾਂ ਨੂੰ ਸਜ਼ਾ ਕਿਸ ਕਸੂਰ ਦੀ ਦਿੱਤੀ ਜਾ ਰਹੀ ਹੈ। ਅੱਲ੍ਹਾ ਤਾਲਾ ਤੈਨੂੰ ਕਦੀ ਮਾਫ਼ ਨਹੀਂ ਕਰੇਗਾ। ਉਸ ਨੇ ਬੜੇ ਤਰਲੇ ਪਾਏ ਕਿ ਕਿਸੇ ਤਰ੍ਹਾਂ ਬੱਚਿਆ ਨੂੰ ਸਜ਼ਾ ਨਾ ਦਿੱਤੀ ਜਾਵੇ, ਪਰ ਵਜੀਰ ਖਾਨ ਨੇ ਉਸ ਦੀ ਇੱਕ ਨਾ ਸੁਣੀ। ਸਿੱਖ ਕੌਮ ਅਜੇ ਤੱਕ ਨਵਾਬ ਮਲੇਰਕੋਟਲੇ ਦੀ ਅਹਿਸਾਨਮੰਦ ਹੈ। ਯੋਗੀ ਜੀ ਨੇ ਨਵਾਬ ਮਲੇਰਕੋਟਲੇ ਦੇ ਜਵਾਬ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ :

ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।

ਮਹਿਫੂਜ਼ ਰਖੇ ਹਮ ਕੋ ਖੁਦਾ ਐਸਾ ਪਾਪ ਸੇ।

ਜੋਗੀ ਜੀ ਲਿਖਦੇ ਹਨ – ਝਾੜੂ ਖਾ ਕਰ ਦੋਨੋ ਸ਼ਰਮਸਾਰ ਹੋ ਗਏ। ਜਲਾਦ ਸਾਰੇ ਕਤਲ ਸੇ ਬੇਜ਼ਾਰ ਹੋ ਗਏ।

ਇਸ ਤੋਂ ਬਾਅਦ ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਕੰਧ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਹੋਸ਼ ਵਿੱਚ ਆਉਣ ’ਤੇ ਖੰਜਰ ਤਿੱਖੇ ਕਰ ਰਹੇ ਜਲਾਦਾਂ ਨੇ ਫਿਰ ਪੁੱਛਿਆ ਕਿ ਇਸਲਾਮ ਕਬੂਲ ਕਰ ਲਵੋ। ਉਸ ਵਕਤ ਅਵਾਜ਼ ਆਈ :

ਸੱਚ ਕੋ ਮਿਟਾਉਗੇ ਤੋ ਮਿਟੋਗੇ ਜਹਾਨ ਸੇ।

ਡਰਤਾ ਨਹੀ ਹੈ ਅਕਾਲ ਕਿਸੀ ਸਹਿਨਸ਼ਾਹ ਸੇ।

ਉਪਦੇਸ਼ ਆਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ।

ਕਹਿ ਰਹੇ ਹੈ ਹਮ ਤੁਮੇ ਖੁਦਾ ਕੀ ਜ਼ੁਬਾਨ ਸੇ।

ਸਾਹਿਬਜ਼ਾਦਿਆਂ ਨੂੰ ਸਜ਼ਾ ਦੇਣ ਲਈ ਕੋਈ ਜਲਾਦ ਤਿਆਰ ਨਾ ਹੋਇਆ ਤਾਂ ਵਜੀਰ ਖਾਨ ਦਾ ਧਿਆਨ ਸਾਸ਼ਲਬੇਗ ਤੇ ਬਾਸ਼ਲ ਬੇਗ ਵੱਲ ਗਿਆ, ਜਿਨ੍ਹਾਂ ਦਾ ਮੁਕੱਦਮਾ ਸਰਹਿੰਦ ਦੀ ਕਚਿਹਰੀ ਵਿੱਚ ਚੱਲ ਰਿਹਾ ਸੀ। ਉਹ ਇਸ ਸ਼ਰਤ ’ਤੇ ਸਜ਼ਾ ਦੇਣ ਲਈ ਤਿਆਰ ਹੋ ਗਏ ਕਿ ਉਨ੍ਹਾਂ ਦਾ ਮੁਕੱਦਮਾ ਖਾਰਜ ਕੀਤਾ ਜਾਵੇ। ਇਸ ਤਰ੍ਹਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਜਲਾਦਾਂ ਨੇ ਆਪਣੇ ਗੋਡਿਆਂ ਥੱਲੇ ਲਿਆ ਅਤੇ ਉਨ੍ਹਾਂ ਦੀ ਸਾਹ ਨਾਲੀ ਕੱਟ ਦਿੱਤੀ। ਇਤਿਹਾਸਕ ਗ੍ਰੰਥ ਬੰਸਾਵਲੀਨਾਮੇ ਵਿੱਚ ਲਿਖਿਆ ਹੈ ਕਿ ਬਾਬਾ ਜ਼ੋਰਾਵਰ ਸਿੰਘ ਢਾਈ ਮਿੰਟਾਂ ਵਿੱਚ ਹੀ ਸ਼ਹੀਦ ਹੋ ਗਏ ਤੇ ਬਾਬਾ ਫ਼ਤਹਿ ਸਿੰਘ ਲਗਭਗ ਅੱਧੀ ਘੜੀ ਭਾਵ 12 ਮਿੰਟ ਪੈਰ ਮਾਰਦੇ ਰਹੇ ਤੇ ਖੂਨ ਨਿੱਕਲਦਾ ਰਿਹਾ, ਹੌਲੀ ਹੌਲੀ ਚਰਨ ਹਿੱਲਣੇ ਬੰਦ ਹੋ ਗਏ ਤੇ ਸ਼ਹੀਦ ਹੋ ਗਏ। ਕੁੱਝ ਇਤਿਹਾਸਕ ਸਰੋਤ ਇਹ ਵੀ ਲਿਖਦੇ ਹਨ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਮਾਤਾ ਗੁਜਰੀ ਜੀ ਨੂੰ ਦੀਵਾਨ ਟੋਡਰ ਮੱਲ ਨੇ ਜਾ ਕੇ ਦਿੱਤੀ। ਇਸ ਤੋਂ ਬਾਅਦ ਉਹ ਵੀ ਸਰੀਰ ਤਿਆਗ ਗਏ। ਕੁੱਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਮਾਤਾ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਸ਼ਹੀਦ ਕਰਨ ਤੋਂ ਪਹਿਲਾਂ ਇਕ ਬਜ਼ਾਰ ਸਜਾਇਆ ਗਿਆ, ਜਿਸ ਵਿੱਚ ਮਠਿਆਈ ਦੀਆਂ ਦੁਕਾਨਾਂ, ਖਿਡੌਣਿਆਂ ਦੀਆਂ ਦੁਕਾਨਾਂ ਅਤੇ ਸ਼ਸਤਰਾਂ ਦੀਆਂ ਦੁਕਾਨਾਂ ਲਗਾਈਆਂ ਗਈਆਂ। ਬੱਚਿਆਂ ਨੂੰ ਉੱਥੇ ਭੇਜਿਆ ਗਿਆ। ਬੱਚਿਆਂ ਨੇ ਮਠਿਆਈਆਂ ਤੇ ਖਿਡੌਣਿਆਂ ਦੀਆਂ ਦੁਕਾਨਾਂ ਵੱਲ ਵੇਖਿਆ ਤੱਕ ਵੀ ਨਹੀਂ ਤੇ ਬਾਰ ਬਾਰ ਸ਼ਸਤਰਾਂ ਦੀਆਂ ਦੁਕਾਨਾਂ ਤੇ ਜਾ ਕੇ ਉਨ੍ਹਾਂ ਨੂੰ ਹੀ ਵੇਖਦੇ ਰਹੇ। ਇਸ ਤੋਂ ਵਜੀਰ ਖਾਨ ਨੇ ਅੰਦਾਜ਼ਾ ਲਾਇਆ ਕਿ ਜੇ ਇਨ੍ਹਾਂ ਨੂੰ ਛੱਡ ਦਿੱਤਾ ਤਾਂ ਵੱਡੇ ਹੋ ਕੇ ਇਹ ਸਾਡੇ ਵਿਰੁੱਧ ਜੰਗ ਲੜਨਗੇ।

ਸ਼ਹਾਦਤ ਤੇ ਸਮੇਂ ਬਾਰੇ ਸ: ਬੀਰਦਵਿੰਦਰ ਪਾਲ ਸਿੰਘ ਜੀ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਲਿਖਦੇ ਹਨ ਕਿ ਬੜੀ ਖੋਜ ਕਰਨ ਤੋਂ ਬਾਅਦ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ ਗੁਲਾਬ ਸਿੰਘ ਵਿੱਚੋਂ ਹੀ ਮਿਲਿਆ ਹੈ ਜੋ ਸਵੇਰੇ ਲਗਭਗ ਪੌਣੇ ਦਸ ਤੋਂ ਗਿਆਰਾਂ ਵਜੇ ਦਾ ਬਣਦਾ ਹੈ। ਉਹ ਲਿਖਦੇ ਹਨ : ‘ਸਵਾ ਪਹਿਰ ਦਿਨ ਚੜ੍ਹੇ ਕਾਮ ਭਯੋ ਹੈ।’

ਵਜੀਰ ਖਾਨ ਛਾਤਰ ਦਿਮਾਗ ਦਾ ਮਾਲਕ ਸੀ। ਉਸ ਨੇ ਸਾਹਿਬਜ਼ਾਦਿਆਂ ਦੀ ਕਚਿਹਰੀ ਵਿੱਚ ਪੇਸ਼ੀ ਸਮੇਂ ਕਚਿਹਰੀ ਦਾ ਛੋਟਾ ਦਰਵਾਜ਼ਾ ਖੋਲਿਆ ਅਤੇ ਆਪ ਦਰਵਾਜ਼ੇ ਦੇ ਪਿੱਛੇ ਤਖ਼ਤ ਲਾ ਕੇ ਬੈਠ ਗਿਆ। ਉਸ ਦਾ ਵਿਚਾਰ ਸੀ ਜਦੋਂ ਬੱਚੇ ਛੋਟੇ ਦਰਵਾਜ਼ੇ ਰਾਹੀਂ ਅੰਦਰ ਆਉਣਗੇ ਤਾਂ ਉਨ੍ਹਾਂ ਨੂੰ ਸਿਰ ਝੁਕਾ ਕੇ ਲੰਘਣਾ ਪਵੇਗਾ ਤੇ ਇਸ ਤਰ੍ਹਾਂ ਮੇਰੇ ਅੱਗੇ ਉਨ੍ਹਾਂ ਦਾ ਸਿਰ ਝੁਕ ਜਾਵੇਗਾ, ਪਰ ਦੂਰ ਅੰਦੇਸ਼ ਬੱਚਿਆਂ ਨੇ ਦਰਵਾਜ਼ੇ ਦੇ ਅੱਗੇ ਆਪਣਾ ਪੈਰ, ਜੁੱਤੀ ਸਮੇਤ ਅੰਦਰ ਕੀਤਾ ਤੇ ਸਾਬਤ ਕਰ ਦਿੱਤਾ ਕਿ ਸੂਬਿਆ! ਅਸੀਂ ਤੈਨੂੰ ਜੁੱਤੀ ਦੀ ਠੋਕਰ ਨਿਆਈਂ ਸਮਝਦੇ ਹਾਂ। ਇਹ ਵੇਖ ਕੇ ਸੂਬਾ ਅੱਗ ਭਬੂਲਾ ਹੋ ਗਿਆ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਕਾਹਲਾ ਪੈ ਗਿਆ।

ਏਨਾ ਜ਼ੁਲਮ ਕਰਕੇ ਵੀ ਵਜੀਰ ਖਾਨ ਦਾ ਗੁੱਸਾ ਠੰਡਾ ਨਹੀਂ ਸੀ ਹੋਇਆ। ਉਸ ਨੇ ਤਿੰਨਾ ਲਾਸ਼ਾਂ ਨੂੰ ਲਾਵਾਰਸ ਹਾਲਤ ਵਿੱਚ ਰੋਲਣ ਦੇ ਖ਼ਿਆਲ ਨਾਲ ਕਿਲ੍ਹੇ ਦੀਆਂ ਦੀਵਾਰਾਂ ਦੇ ਬਾਹਰ ਹੰਸਲਾ ਨਦੀ ਦੇ ਕਿਨਾਰੇ ਉਜਾੜ ਥਾਂ ’ਤੇ ਸੁਟਵਾ ਦਿੱਤਾ। ਦਹਿਸ਼ਤ ਦਾ ਮਹੌਲ ਏਨਾ ਜ਼ਿਆਦਾ ਸੀ ਕਿ ਕੋਈ ਕੁੱਝ ਬੋਲ ਨਹੀਂ ਸੀ ਸਕਦਾ। ਕਿਸੇ ਵਿੱਚ ਵੀ ਲਾਸ਼ਾਂ ਨੂੰ ਵੇਖਣ ਤੱਕ ਦੀ ਜੁਰਅਤ ਨਹੀਂ ਸੀ। ਜਦੋਂ ਸ਼ਹਰ ਵਿੱਚ ਵੱਸਦੇ ਗੁਰੂ ਪਿਆਰ ਵਾਲਿਆਂ ਨੂੰ ਵਜ਼ੀਰਖਾਨ ਦੇ ਇਸ ਕੁਕਰਮ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਖੂਨ ਦੇ ਹੰਝੂ ਵਹਾਏ, ਪਰ ਸਰਕਾਰੀ ਕਹਿਰ ਤੋਂ ਡਰਦਿਆਂ ਕਿਸੇ ਦੀ ਹਿੰਮਤ ਨਾ ਪਈ ਕਿ ਸਤਿਕਾਰ ਸਹਿਤ ਸਸਕਾਰ ਕੀਤਾ ਜਾਵੇ।

ਇਸ ਪਰਖ ਦੀ ਘੜੀ ਵਿੱਚ ਦੀਵਾਨ ਟੋਡਰ ਮੱਲ ਨੇ ਜੁਰਅਤ ਦੀ ਮਿਸਾਲ ਪੈਦਾ ਕੀਤੀ (ਕੁੱਝ ਇਤਿਹਾਸਕਾਰਾਂ ਦਾ ਇਹੀ ਭੀ ਮੰਨਣਾ ਹੈ ਕਿ ਦੀਵਾਨ ਟੋਡਰ ਮੱਲ ਇਸ ਘਟਨਾ ਤੋਂ 40 ਸਾਲ ਪਹਿਲਾਂ ਸੰਨ 1665-66 ’ਚ ਹੀ ਮਰ ਗਿਆ ਸੀ। ਉਸ ਦੇ ਪਰਵਾਰ (ਪੁੱਤ ਜਾਂ ਪੋਤਿਆਂ) ਨੇ ਬੱਚਿਆਂ ਦਾ ਸਸਕਾਰ ਕੀਤਾ)। ਉਸ ਨੇ ਸਸਕਾਰ ਕਰਨ ਲਈ ਵਜੀਰ ਖਾਨ ਅੱਗੇ ਅਰਜ਼ੋਈ ਕੀਤੀ। ਦੀਵਾਨ ਟੋਡਰ ਮੱਲ, ਵਜ਼ੀਰ ਖਾਨ ਤੋਂ ਪਹਿਲਾਂ ਸੂਬਾ ਸਰਹੰਦ ਦੇ ਬਰਾਬਰ ਦਾ ਰੁਤਬਾ ਰੱਖਣ ਵਾਲਾ ਇੱਕ ਉੱਚ ਅਧਿਕਾਰੀ ਸੀ। ਨਾਹ ਨੁੱਕਰ ਕਰਨ ਤੋਂ ਬਾਅਦ ਉਸ ਦਾ ਦਿੱਲੀ ਦਰਬਾਰ ਵਿੱਚ ਚੰਗਾ ਅਸਰ ਰਸੂਖ ਵੇਖ ਕੇ ਉਸ ਨੇ ਸਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ। ਸਸਕਾਰ ਕਰਨ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਗ੍ਹਾ ਬਾਰੇ ਗੱਲ ਛਿੜੀ ਤਾਂ ਹਰ ਪਾਸੇ ਪਾਬੰਦੀਆਂ ਲੱਗੀਆਂ ਹੋਈਆਂ ਸਨ। ਵਜ਼ੀਰ ਖਾਨ ਦੇ ਸ਼ਾਤਰ ਦਿਮਾਗ ਨੇ ਟੋਡਰ ਮੱਲ ਨੂੰ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦਨ ਦੀ ਪੇਸ਼ਕਸ਼ ਕੀਤੀ। ਵਜ਼ੀਰ ਖਾਨ ਦਾ ਖ਼ਿਆਲ ਸੀ ਕਿ ਟੋਡਰ ਮੱਲ ਏਨੀ ਮਹਿੰਗੀ ਜ਼ਮੀਨ ਖਰੀਦ ਨਹੀਂ ਸਕੇਗਾ, ਪਰ ਉਸ ਮੂਰਖ ਨੂੰ ਇਹ ਨਹੀਂ ਸੀ ਪਤਾ ਕਿ ਕਿਸ ਕਦਰ ਨੇਕ ਹਿੰਦੂ ਤੇ ਮੁਸਲਮਾਨ ਗੁਰੂ ਸਾਹਿਬ ਨਾਲ ਪਿਆਰ ਰੱਖਦੇ ਹਨ। ਗੁਰੂ ਪਿਆਰ ਵਿੱਚ ਭਿੱਜੇ ਹੋਏ ਟੋਡਰ ਮੱਲ ਨੇ ਆਪਣੀ ਪਤਨੀ ਦੇ ਗਹਿਣੇ, ਆਪਣਾ ਘਰ ਬਾਰ, ਜ਼ਮੀਨ ਜਾਇਦਾਦ ਸਭ ਕੁੱਝ ਵੇਚ ਕੇ ਸੋਨੇ ਦੀਆਂ ਮੋਹਰਾਂ ਇਕੱਠੀਆਂ ਕਰਕੇ ਜ਼ਮੀਨ ’ਤੇ ਵਿਛਾ ਕੇ ਸਸਕਾਰ ਲਈ ਜਗ੍ਹਾ ਖਰੀਦੀ। ਇਹ, ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਬਣ ਗਈ, ਜੋ ਅੱਜ ਦੇ ਸਮੇਂ ਸਾਢੇ ਤਿੰਨ ਅਰਬ ਰੁਪਏ ਬਣਦੀ ਹੈ। ਇਸ ਤਰ੍ਹਾਂ ਮਾਤਾ ਜੀ ਅਤੇ ਦੋਵੇਂ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ। ਸਸਕਾਰ ਲਈ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਬਾਬਾ ਮੋਤੀ ਰਾਮ ਜੀ ਮਹਿਰਾ ਨੇ ਕੀਤੀ।

ਦੂਜੇ ਪਾਸੇ ਜਿਸ ਧਨ ਦੇ ਲਾਲਚ ਵਿੱਚ ਗੰਗੂ ਨੇ ਐਡਾ ਵੱਡਾ ਪਾਪ ਕੀਤਾ ਸੀ, ਉਹੀ ਧਨ ਉਸ ਦੀ ਮੌਤ ਦਾ ਕਾਰਨ ਬਣਿਆ। ਇੱਕ ਰਿਪੋਰਟ ਦੇ ਆਧਾਰ ’ਤੇ ਜਾਨੀ ਖਾਂ ਅਤੇ ਮਾਨੀ ਖਾਂ ਨੇ ਨਵਾਬ ਵਜੀਰ ਖਾਂ ਨੂੰ ਦੱਸਿਆ ਕਿ ਮਾਤਾ ਗੁਜਰੀ ਜੀ, ਜੋ ਮੋਹਰਾਂ ਦੀ ਖੁਰਜੀ ਨਾਲ ਲੈ ਕੇ ਆਏ ਸਨ, ਉਹ ਗੰਗੂ ਕੋਲ ਹੈ। ਵਜ਼ੀਰ ਖਾਂ ਨੇ ਉਹ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਉਣ ਲਈ ਕਿਹਾ। ਗੰਗੂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਹਾਕਮਾਂ ਵੱਲੋਂ ਉਸ ਦੀ ਮਾਰ-ਕੁਟਾਈ ਸ਼ੁਰੂ ਕੀਤੀ ਗਈ। ਕੁੱਟ ਦਾ ਮਾਰਿਆ ਗੰਗੂ ਮੋਹਰਾਂ ਦੇਣੀਆਂ ਮੰਨ ਗਿਆ। ਉਸ ਨੇ ਕਈ ਥਾਵਾਂ ਵਿਖਾਈਆਂ, ਜਿੱਥੇ ਉਸ ਨੇ ਮੋਹਰਾਂ ਦੱਬੀਆਂ ਸਨ, ਪਰ ਉਹ ਕਿਤੋਂ ਵੀ ਨਾ ਮਿਲੀਆਂ ਕਿਉਂਕਿ ਉਹ ਹੜ੍ਹ ਦੇ ਪਾਣੀ ਨਾਲ ਰੁੜ੍ਹ ਗਈਆਂ ਸਨ। ਹਾਕਮਾਂ ਨੇ ਸਮਝਿਆ ਕਿ ਗੰਗੂ ਜਾਣ-ਬੁੱਝ ਕੇ ਉਨ੍ਹਾਂ ਨੂੰ ਧੋਖਾ ਦੇ ਰਿਹਾ ਹੈ। ਸਿਪਾਹੀਆਂ ਨੇ ਫਿਰ ਗੰਗੂ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।

ਸਾਕਾ ਸਰਹਿੰਦ ਦੀ ਘਟਨਾ ਮੁਗਲ ਹਕੂਮਤ ਵੱਲੋਂ ਤਾਕਤ ਦੇ ਨਸ਼ੇ ਵਿੱਚ ਕੀਤੀ ਅਜਿਹੀ ਗ਼ਲਤੀ ਸੀ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਪ੍ਰਸਿੱਧ ਇਤਿਹਾਸਕਾਰ ਬ੍ਰਾਊਨ ਖਿਲਦਾ ਹੈ ਕਿ ਨਵੇਂ ਧਾਰਮਿਕ ਅਸੂਲਾਂ ਦਾ ਪ੍ਰਚਾਰ ਕਰਨ ਵਾਲਿਆਂ ਉੱਤੇ ਢਾਏ ਜੁਲਮਾਂ ਦੀਆਂ ਸਾਰੀਆਂ ਮਿਸਾਲਾਂ ਵਿੱਚੋਂ ਇਹ ਸਾਕਾ ਸਭ ਤੋਂ ਜ਼ਿਆਦਾ ਕਠੋਰ, ਉਪੱਦਰ, ਨਿਰਦਈ ਅਤੇ ਅੱਤਿਆਚਾਰੀ ਹੈ। ਆਮ ਤੌਰ ’ਤੇ ਧਾਰਮਿਕ ਕ੍ਰੋਧ ਤੋਂ ਬੱਚੇ ਅਤੇ ਨਿਰਬਲ ਇਸਤਰੀਆਂ ਬਚੀਆਂ ਰਹਿੰਦੀਆਂ ਹਨ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਜੇਕਰ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਵੀ ਇਤਨਾ ਹੀ ਸਖਤ ਸੀ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਕਿ ਤਿੰਨ ਸਦੀਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਇਸ ਘਟਨਾ ਪ੍ਰਤੀ ਸਿੱਖਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਪਿਆ।

ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਕਿ ਸਾਕਾ ਸਰਹਿੰਦ ਦੀ ਘਟਨਾ ਤੋਂ ਬਾਅਦ ਸਿੱਖ ਕੌਮ ਤਾਜੋ ਤਖ਼ਤ ਦੀ ਪ੍ਰਾਪਤੀ ਵੱਲ ਵਧਣ ਲੱਗੀ। ਉਹ ਲਿਖਦਾ ਹੈ :

ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ।

ਗੱਦੀ ਸੇ ਤਾਜੋ-ਤਖਤ ਬਸ ਅਬ ਕੌਮ ਪਾਏਗੀ।

ਦੁਨੀਆਂ ਸੇ ਜ਼ਾਲਿਮੋਂ ਕਾ ਨਿਸ਼ਾਂ ਤਕ ਮਿਟਾਏਗੀ।

ਸੋ ਇਹ ਸਰਹਿੰਦ ਤੇ ਚਮਕੌਰ ਸਾਹਿਬ ਦੇ ਸਾਕਿਆਂ ਦੇ ਤਿੱਖੇ ਪ੍ਰਤੀਕਰਮ ਵਜੋਂ ਹੀ ਸੰਭਵ ਹੋ ਸਕਿਆ ਹੈ ਕਿ ਸਿੱਖਾਂ ਨੇ ਮੁਗਲਾਂ ਤੇ ਫ਼ਤਹਿ ਹਾਸਲ ਕਰਕੇ ਗਜਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤੀ। ਗੱਲ ਕੀ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਅਦੁੱਤੀ ਘਟਨਾਵਾਂ ਨੇ ਇਤਿਹਾਸ ਨੂੰ ਨਵੀਆਂ ਲੀਹਾਂ ’ਤੇ ਤੁਰਨ ਲਈ ਮਜਬੂਰ ਕੀਤਾ। ਇਤਿਹਾਸ ਕੁੱਝ ਸਮੇਂ ਲਈ ਸਿੱਖਾਂ ਦੇ ਹੱਥਾਂ ਵਿੱਚ ‘ਪਾਲਤੂ’ ਬਣ ਗਿਆ ਅਤੇ ਉਹ ਆਪਣੀ ਮਰਜ਼ੀ ਨਾਲ ਇਤਿਹਾਸ ਦੀ ਸਿਰਜਣਾ ਕਰਨ ਲੱਗੇ। ਅਸਲ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਹੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਬੰਨ੍ਹਿਆ।

ਸਰਹਿੰਦ ਅਤੇ ਚਮਕੌਰ ਦੇ ਸਾਕਿਆਂ ’ਤੇ ਅਨੇਕਾਂ ਕਵੀਆਂ ਅਤੇ ਲਿਖਾਰੀਆਂ ਨੇ ਆਪਣੀ ਕਲਮ ਚਲਾਈ ਹੈ। ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਵਿੱਚ ਵੀ ਸਾਹਿਤ ਰਚਿਆ ਗਿਆ। ਹਿੰਦੀ ਦਾ ਕਵੀ ਮੈਥਲੀ ਸ਼ਰਨ ਗੁਪਤਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਲਿਖਦਾ ਹੈ :

ਜਿਸ ਕੁਲ ਜਾਤਿ ਦੇਸ ਕੇ ਬੱਚੇ ਦੇ ਸਕਤੇ ਹੈ ਯੋਂ ਬਲਿਦਾਨ।

ਉਸ ਕਾ ਵਰਤਮਾਨ ਕੁਛ ਭੀ ਹੋ, ਪਰ ਭਵਿਸਯ ਹੈ ਮਹਾਂ ਮਹਾਨ।

ਵੀਹਵੀ ਸਦੀ ਦੇ ਉਰਦੂ ਦੇ ਕਵੀ ਮਿਰਜ਼ਾ ਮੁਹੰਮਦ ਅਬਦੁਲ ਗਨੀ ‘ਜ਼ੋਹਿਰ ਤੇਗ’ ਨਾਂ ਦੀ ਆਪਣੀ ਨਜ਼ਮ ਵਿੱਚ ਚਮਕੌਰ ਦੀ ਜੰਗ ਦਾ ਦਿਲ ਟੁੰਬਵਾ ਵਰਣਨ ਹਾਸਲ ਕਰਕੇ ਬਹੁਤ ਹੀ ਲੋਕ ਪ੍ਰਿਯਤਾ ਹਾਸਲ ਕੀਤੀ ਹੈ। ਬਾਬਾ ਅਜੀਤ ਸਿੰਘ ਬਾਰੇ ਉਹ ਲਿਖਦਾ ਹੈ :

ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਂਗਾ। ਜੀਤਾ ਤੋ ਖੈਰ ਹਾਰ ਕੇ ਜੀਤਾ ਨਾ ਆਊਂਗਾ।

ਲੜਕੇ ਨੇ ਲੜ ਕੇ ਜਾਨ ਦੀ ਆਖਰ ਕੋ ਜੰਗ ਮੇ। ਆਯਾ ਬਾ ਹੌਸਲੇ ਸੇ ਧਰਮ ਕੀ ਉਮੰਗ ਮੇ।

ਸਾਹਿਬਜ਼ਾਦੇ ਦੇ ਸ਼ਹੀਦ ਹੋ ਜਾਣ ’ਤੇ ਗੁਰੂ ਸਾਹਿਬ ਦੇ ਪ੍ਰਤੀਕਰਮ ਨੂੰ ਸ਼ਾਇਰ ਇਸ ਤਰ੍ਹਾਂ ਬਿਆਨ ਕਰਦਾ ਹੈ :

ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੁਈ।

ਬੇਟੇ ਕੀ ਜਾਂ ਧਰਮ ਕੀ ਖਾਤਰ ਫ਼ਿਦਾ ਹੂਈ।

ਸੋ ਜੇਕਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਾਰੇ ਹੁਣ ਤੱਕ ਲਿਖੀਆਂ ਗਈਆਂ ਰਚਨਾਵਾਂ ਨੂੰ ਵਾਚਿਆ ਜਾਵੇ ਤਾਂ ਨਿਸ਼ਚੇ ਹੀ ਇਹ ਤੱਥ ਸਾਮ੍ਹਣੇ ਉਭਰ ਕੇ ਆਵੇਗਾ ਕਿ ਜਿਨ੍ਹਾਂ ਸਿਖਰਾਂ ਨੂੰ ਅੱਲਾ ਯਾਰ ਖਾਨ ਜੋਗੀ ਨੇ ਛੋਹਿਆ ਹੈ, ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ।

ਕਿਸੇ ਉਰਦੂ ਦੇ ਸ਼ਾਇਰ ਨੇ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਦਾ ਜ਼ਿਕਰ ਕਰਦੇ ਲਿਖਿਆ ਹੈ :

ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ।

ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ।

ਸ: ਬੀਰਦਵਿੰਦਰ ਸਿੰਘ ਜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਲਿਖਦੇ ਹਨ ਕਿ ਉਨ੍ਹਾਂ ਨੂੰ 2003 ਸੰਨ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਵਿੱਚ ‘ਅੰਤਰ ਧਰਮ ਇਕ ਅਨੁਭਵ’ ਵਿਸ਼ੇ ’ਤੇ ਵਿਚਾਰ ਪਰਗਟ ਕਰਨ ਦਾ ਮੌਕਾ ਮਿਲਿਆ। ਆਡੀਟੋਰੀਅਮ ਦੀ ਸਟੇਜ ਦੇ ਪਿੱਛੇ ਇੱਕ ਵੱਡੇ ਅਕਾਰ ਦੀ ਹਜ਼ਰਤ ਈਸਾ ਦੀ ਫੋਟੋ ਲੱਗੀ ਹੋਈ ਸੀ। ਉਸ ਦੇ ਪੈਰਾਂ ਤੇ ਹੱਥਾਂ ਵਿੱਚ ਕਿੱਲ ਗੱਡੇ ਹੋਏ ਸਨ ਤੇ ਲਹੂ ਸਿੰਮ ਰਿਹਾ ਸੀ। ਉਹ ਕਹਿਣ ਲੱਗੇ ਕਿ ਮੈਂ ਆਪਣਾ ਭਾਸ਼ਨ ਇਸ ਫੋਟੋ ਤੋਂ ਹੀ ਸ਼ੁਰੂ ਕਰਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੱਲ ਰੁੱਖ ਕੀਤਾ। ਸਾਰੇ ਸਰੋਤੇ ਸਾਹ ਸੂਤ ਕੇ ਇਸ ਖੌਫ਼ਨਾਕ ਇਤਿਹਾਸ ਨੂੰ ਸੁਣਦੇ ਰਹੇ। ਕਈਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਹਾਲ ਵਿੱਚ ਇਕ ਤਰ੍ਹਾਂ ਦਾ ਸਨਾਟਾ ਛਾ ਗਿਆ। ਮੈਂ ਵੀ ਕਾਫੀ ਦੇਰ ਚੁੱਪ ਰਹਿਣ ਤੋਂ ਬਾਅਦ ਕਿਹਾ ਕਿ ਜੇ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੈ ਤਾਂ ਉਹ ਪੁੱਛ ਸਕਦਾ ਹੈ। ਸਵਾਲਾਂ ਦੀ ਝੜੀ ਲੱਗ ਗਈ। ਮੈਂ ਹਰ ਸੁਆਲ ਦਾ ਜੁਆਬ ਦੇ ਕੇ ਉਨ੍ਹਾਂ ਦੀ ਤਸੱਲੀ ਕਰਾ ਦਿੱਤੀ, ਪਰ ਇੱਕ ਪ੍ਰਸ਼ਨ ਨੇ ਤਾਂ ਮੈਨੂੰ ਸ਼ਰਮਸਾਰ ਹੀ ਕਰ ਦਿੱਤਾ ਤੇ ਮੈਂ ਉਸ ਦਾ ਕੋਈ ਜਵਾਬ ਨਾ ਦੇ ਸਕਿਆ। ਉਹ ਪ੍ਰਸ਼ਨ ਸੀ ਕਿ ਜਦੋਂ ਸ਼ਹਾਦਤ ਦਾ ਦਿਨ ਹਰ ਸਾਲ ਆਉਂਦਾ ਹੈ ਤਾਂ ਤੁਹਾਡੀ ਕੌਮ ਇਸ ਪੀੜਾ ਨੂੰ ਕਿਵੇਂ ਅਨੁਭਵ ਕਰਦੀ ਹੈ ? ਮੈ ਉਨ੍ਹਾਂ ਨੂੰ ਕੀ ਦੱਸਦਾ ਕਿ ਸਾਡੀ ਕੌਮ ਤਾਂ ਇਸ ਨੂੰ ਮੇਲੇ ਦੇ ਰੂਪ ਵਿੱਚ ਲੈਂਦੀ ਹੈ। ਉਨ੍ਹਾਂ ਦਿਨਾਂ ਵਿੱਚ ਹੀ ਵਿਆਹ ਸ਼ਾਦੀਆਂ ਹੁੰਦੀਆਂ ਹਨ। ਫ਼ਤਹਿਗੜ੍ਹ ਸਾਹਿਬ ਦੀ ਧਰਤੀ ’ਤੇ ਭਾਂਤ ਭਾਂਤ ਦੇ ਲੰਗਰ, ਲੱਡੂ, ਜਲੇਬੀਆਂ ਤੇ ਖੀਰ ਪੂੜੇ ਵਰਤਦੇ ਹਨ। ਸਿਆਸੀ ਕਾਨਫਰੰਸਾਂ ਹੁੰਦੀਆਂ ਹਨ। ਸ਼ਰਾਬ ਦੇ ਠੇਕੇ ਵੀ ਖੁੱਲ੍ਹੇ ਰਹਿੰਦੇ ਹਨ। ਉਹ ਲਿਖਦੇ ਹਨ ਕਿ ਅਮਰੀਕਾ ਤੋਂ ਵਾਪਸ ਆ ਕੇ ਮੈਂ ਸ਼੍ਰੋਮਣੀ ਕਮੇਟੀ ਨਾਲ ਵਿਚਾਰ ਸਾਂਝੇ ਕੀਤੇ ਤੇ ਉਸ ਸਮੇਂ ਦੇ ਪ੍ਰਧਾਨ ਸ: ਗੁਰਚਰਨ ਸਿੰਘ ਟੌਹੜਾ ਨੇ ਸੁਣ ਕੇ ਕੁੱਝ ਸਾਰਥਕ ਉਪਰਾਲੇ ਵੀ ਅਰੰਭ ਕਰ ਦਿੱਤੇ। ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਅਸੀਂ ਸਾਰੇ 12 ਪੋਹ ਭਾਵ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ 11 ਵਜੇ ਤੱਕ ਇੱਕ ਘੰਟਾ ਹਰ ਸਿੱਖ ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਵਾਹਿਗੁਰੂ ਦਾ ਜਾਪ ਤੇ ਸਿਮਰਨ ਕਰੋ।

ਡਾ: ਹਰਚੰਦ ਸਿੰਘ ਸਰਹੰਦੀ ਲਿਖਦੇ ਹਨ ਸਰਹਿੰਦ ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ ਭਿੱਜਾ ਕਾਂਡ ਸਾਡੇ ਜਿਹਨ ਵਿੱਚ ਉਭਰ ਆਉਂਦਾ ਹੈ। ਸਰਹੰਦ ਦੀ ਖੂਨੀ ਦੀਵਾਰ ਸਾਡੀ ਚੇਤਨਾ ਦਾ ਵਿਹੜਾ ਮੱਲ ਲੈਂਦੀ ਹੈ। ਫਿਰ ਇਸ ਦੁਖਾਂਤ ਤੋਂ ਉਪਜਿਆ ਦਰਦ, ਜੋ ਹਰ ਪੰਜਾਬੀ ਨੂੰ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਵਿੱਚ ਮਿਲਦਾ ਹੈ। ਇੱਕ ਲੰਮਾ ਹਉਕਾ ਬਣ ਕੇ ਹਿੱਕ ਨੂੰ ਚੀਰਦਾ ਹੋਇਆ ਬਾਹਰ ਨਿੱਕਲਦਾ ਹੈ।

ਦਰਅਸਲ ਕੁੱਝ ਘਟਨਾਵਾਂ ਅਜਿਹੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦਾ ਦੁਖਾਂਤ ਸਮੁੱਚੀ ਕੌਮ ਦਾ ਦੁਖਾਂਤ ਹੋ ਨਿੱਬੜਦਾ ਹੈ ਅਤੇ ਉਸ ਦੁਖਾਂਤ ਨਾਲ ਹੋਏ ਜ਼ਖਮ ਹਮੇਸ਼ਾਂ ਰਿਸਦੇ ਰਹਿੰਦੇ ਹਨ। ਸਾਕਾ ਸਰਹਿੰਦ ਵੀ ਇੱਕ ਅਜਿਹਾ ਦੁਖਾਂਤ ਹੈ, ਜਿਸ ਨੇ ਸਿੱਖਾਂ ਦੇ ਮਨਾਂ ’ਤੇ ਡੂੰਘਾ ਪੱਛ ਮਾਰਿਆ ਹੈ। ਇਕ ਵੇਰ ਤਾਂ ਸਮੁੱਚਾ ਸਿੱਖ ਜਗਤ ਝੰਜੋੜਿਆ ਗਿਆ। ਉਹ ਕਿਹੋ ਜਿਹਾ ਵਕਤ ਤੇ ਭਿਆਨਕ ਸਮਾਂ ਹੋਵੇਗਾ, ਜਿਸ ਦਾ ਹਾਲ ਸੁਣ ਕੇ ਅੱਜ ਵੀ ਮਨ ਬੇਚੈਨ ਹੋ ਜਾਂਦਾ ਹੈ। ਕਲੇਜਾ ਮੂੰਹ ਨੂੰ ਆਉਂਦਾ ਹੈ ਤੇ ਦਿਲ ਲਹੂ ਦੇ ਅੱਥਰੂ ਕੇਰਨ ਲੱਗ ਜਾਂਦਾ ਹੈ।

ਲਾਲਾ ਦੌਲਤ ਰਾਏ ਆਰੀਆ ‘ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ’ ਪੁਸਤਕ ਦੇ ਪੰਨਾ 179 ’ਤੇ ਲਿਖਦੇ ਹਨ :

ਸਿੱਖ ਸੁਭਾਅ ਨੂੰ ਨੇੜਿਉਂ ਵੇਖਣ ਤੇ ਸਮਝਣ ਵਾਲਾ ਵਿਅਕਤੀ ਇਸ ਘਟਨਾ ਦੇ ਸਿੱਖ ਮਨਾਂ ’ਤੇ ਉਭਰੇ ਗੂੜ੍ਹੇ ਜ਼ਖਮਾਂ ਦੀ ਚੀਸ ਨੂੰ ਅੱਜ ਵੀ ਮਹਿਸੂਸ ਕਰ ਰਿਹਾ ਹੈ। ਸਾਕਾ ਸਰਹੰਦ ਸਿੱਖਾਂ ਨੂੰ ਅਣਖ ਤੇ ਗ਼ੈਰਤ ਨਾਲ ਜੀਊਣ ਦਾ ਬਲ ਪ੍ਰਦਾਨ ਕਰਦਾ ਹੈ।

ਸਾਕਾ ਸਰਹਿੰਦ ਜ਼ੁਲਮ ਉੱਤੇ ਨਿਆਂ ਦੀ ਫ਼ਤਹਿ, ਝੂਠ ਉੱਤੇ ਸੱਚ ਦੀ ਫ਼ਤਹਿ ਅਤੇ ਲਾਲਚ ਉੱਤੇ ਤਿਆਗ ਦੀ ਫ਼ਤਹਿ ਦਾ ਪ੍ਰਤੀਕ ਹੈ। ਅਜਿਹੀਆਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਜਦੋਂ ਕੌਮਾਂ ਕਰਵਟ ਲੈਂਦੀਆਂ ਹਨ ਤਾਂ ਇਤਿਹਾਸ ਵੀ ਥਰਥਰਾਉਣ ਲੱਗਦਾ ਹੈ। ਇਸ ਘਟਨਾ ਤੋਂ ਕੇਵਲ ਪੰਜ ਸਾਲ ਬਾਅਦ ਇਤਿਹਾਸ ਨੇ ਮੋੜ ਲਿਆ ਤੇ ਸਰਹੰਦ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ।