‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਕਿਤਾਬ ਦਾ ਮੁੱਖ ਬੰਦ

0
155

‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਕਿਤਾਬ ਦਾ ਮੁੱਖ ਬੰਦ

ਪ੍ਰੋ: ਹਰਦੇਵ ਸਿੰਘ ਵਿਰਕ

ਸ. ਕਿਰਪਾਲ ਸਿੰਘ ਬਠਿੰਡਾ ਦੀ ਕੈਲੰਡਰ ਬਾਰੇ ਖੋਜ ਭਰਪੂਰ ਪੁਸਤਕ ‘ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ’ ਦਾ ਖਰੜਾ 24 ਅਗਸਤ ਨੂੰ ਪ੍ਰਾਪਤ ਹੋਇਆ। ਪਹਿਲਾਂ ਮੈਂ ਦੋਚਿੱਤੀ ਵਿਚ ਸਾਂ ਕਿ ਇਸ ਬਾਰੇ ਆਪਣੀ ਰਾਏ ਲਿਖਾਂ ਜਾਂ ਨਾ ਕਰ ਭੇਜਾਂ। ਜਦੋਂ ਖਰੜੇ ਦੀ ਭੂਮਿਕਾ ਪੜ੍ਹੀ ਤਾਂ ਮੈਂ ਇਸ ਦਾ ਮੁੱਖ ਬੰਦ ਲਿਖਣ ਦਾ ਮਨ ਬਣਾ ਲਿਆ। ਸਭ ਤੋਂ ਮਹੱਤਵਪੂਰਣ ਤੱਥ ਬਾਰੇ ਜ਼ਿਕਰ ਕਰਨਾ ਬਣਦਾ ਹੈ। ਜਦੋਂ ਗਿਆਰਾਂ ਮੈਂਬਰੀ ਕਮੇਟੀ ਦੀ ਆਖਰੀ ਫੈਸਲਾਕੁਨ ਮੀਟਿੰਗ ਹੋਣੀ ਸੀ ਤਾਂ ਕਿਸੇ ਮੈਂਬਰ ਨੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਹੋਰਾਂ ਨੂੰ ਸੁਝਾਉ ਦਿੱਤਾ ਕਿ ਪ੍ਰੋ. ਹਰਦੇਵ ਸਿੰਘ ਵਿਰਕ ਨੂੰ ਵਿਸ਼ੇਸ਼ ਮਾਹਰ ਵਜੋਂ ਬੁਲਾਇਆ ਜਾਣਾ ਚਾਹੀਦਾ ਹੈ। ਸੋ ਆਖਰੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਮੈਂ ਆਪਣੀ ਨਿੱਜੀ ਰਾਏ ਪੇਸ਼ ਕਰ ਸਕਿਆ ਜੋ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸੀ। ਇਹੋ ਕਾਰਨ ਹੈ ਕਿ ਮੁੱਖਬੰਦ ਲਿਖਣ ਤੋਂ ਮੈਂ ਕੰਨੀ ਕਤਰਾ ਨਹੀਂ ਸਕਿਆ।

ਨਾਨਕਸ਼ਾਹੀ ਕੈਲੰਡਰ ਦੀ ਆਖਰੀ ਅਤੇ ਸਭ ਤੋਂ ਅਹਿਮ ਮੀਟਿੰਗ ਵਿੱਚ ਸ਼ਮੂਲੀਅਤ ਹੋਣ ਕਰਕੇ ਮੈਂ ਇਸ ਦਾ ਸਮਰਥਕ ਤਾਂ ਬਣ ਗਿਆ ਪਰ ਮੇਰੇ ਵਿਚਾਰ ਕੁਝ ਇਸ ਤਰ੍ਹਾਂ ਸਨ ਅਤੇ ਹਨ। ਮੈਂ ਕੌਮੀ ਕੈਲੰਡਰ (ਸਾਕਾ ਕੈਲੰਡਰ) ਕਮੇਟੀ ਦੀ ਰਿਪੋਰਟ ਨਾਲ ਲੈ ਕੇ ਗਿਆ ਸੀ, ਜੋ ਭਾਰਤ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਪ੍ਰੋ. ਮੇਘਨਾਥ ਸਾਹਾ ਦੀ ਦੇਖ-ਰੇਖ ਵਿੱਚ ਤਿਆਰ ਕੀਤੀ ਗਈ ਸੀ। ਇਹ ਰਿਪੋਰਟ 1956 ਵਿੱਚ ਪਾਰਲੀਮੈਂਟ ਤੋਂ ਪ੍ਰਵਾਨ ਹੋਣ ਉਪਰੰਤ ਲਾਗੂ ਹੋ ਗਈ ਸੀ। ਮੇਰਾ ਵਿਚਾਰ ਸੀ (ਅਤੇ ਹੈ) ਕਿ ਦੁਨੀਆਂ ਵਿੱਚ ਕੋਈ ਵੀ ਕੈਲੰਡਰ ਸ਼ੁੱਧ ਨਹੀਂ ਹੋ ਸਕਦਾ ਕਿਉਂਕਿ ਧਰਤੀ ਦੀ ਗਤੀ ਹਮੇਸ਼ਾਂ ਸਥਿਰ ਨਹੀਂ ਰਹਿੰਦੀ। ਵਿਗਿਆਨੀ ਇਸ ਤੱਥ ਤੋਂ ਭਲੀ ਭਾਂਤ ਜਾਣੂ ਹਨ ਅਤੇ ਲੋੜ ਪੈਣ ’ਤੇ ਸੋਧ ਲਗਾ ਲੈਂਦੇ ਹਨ।

ਕਿਰਪਾਲ ਸਿੰਘ ਦੀ ਪੁਸਤਕ ਦਾ ਖਰੜਾ ਪੜ੍ਹ ਕੇ ਇਹ ਤੱਥ ਸਪਸ਼ਟ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਤੋਂ ਹੈ ਕਿ ਪੁਸਤਕ ਦਾ ਲੇਖਕ ਕੋਈ ਵਿਗਿਆਨੀ ਨਹੀਂ ਪਰੰਤੂ ਇਕ ਸਿਰੜੀ ਖੋਜੀ ਹੈ, ਜਿਸ ਨੇ ਦੁਨੀਆਂ ਭਰ ਦੇ ਕੈਲੰਡਰ ਵਾਚ ਕੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਫੈਸਲਾ ਲਿਆ ਹੈ। ਭਾਰਤ ਵਿੱਚ ਹਰ ਰਿਆਸਤ ਦਾ ਆਪਣਾ ਕੈਲੰਡਰ ਹੋਇਆ ਕਰਦਾ ਸੀ। ਲੇਖਕ ਨੇ 30 ਕੈਲੰਡਰਾਂ ਦਾ ਜ਼ਿਕਰ ਕੀਤਾ ਹੈ।

ਪਹਿਲੇ ਅਧਿਆਏ ਵਿੱਚ ਕੈਲੰਡਰਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਰਜ ਹੈ। ਪੁਸਤਕ ਦਾ ਇਹ ਸਭ ਤੋਂ ਮਹੱਤਵਪੂਰਣ ਅਧਿਆਏ ਹੈ। ਲੇਖਕ ਨੇ ਬੜੀ ਸੋਝੀ ਨਾਲ ਚੰਦਰ, ਸੂਰਜੀ, ਚੰਦਰ-ਸੂਰਜੀ ਮਿਸ਼ਰਤ, ਬਿਕ੍ਰਮੀ ਅਤੇ ਰੁੱਤੀ ਕੈਲੰਡਰਾਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ। ਚੰਦਰ ਕੈਲੰਡਰ ਸਭ ਤੋਂ ਪਹਿਲਾਂ ਘੜਿਆ ਗਿਆ ਕਿਉਂਕਿ ਇਸ ਨੂੰ ਸਮਝਣਾ ਸਭ ਤੋਂ ਸੌਖਾ ਹੈ। ਚੰਦਰਮਾ ਦੀ ਚਾਲ ਧਰਤੀ ਦਵਾਲੇ ਪੂਰਨਮਾਸ਼ੀ ਅਤੇ ਮੱਸਿਆ ਨੂੰ ਜਨਮ ਦਿੰਦੀ ਹੈ, ਜਿਸ ਤੋਂ ਕੈਲੰਡਰ ਦੀ ਧਾਰਨਾ ਕਾਇਮ ਹੋਈ। ਹੁਣ ਇਹ ਇਸਲਾਮ ਤੋਂ ਬਗੈਰ ਹੋਰ ਕਿਸੇ ਧਰਮ ਵਿੱਚ ਪ੍ਰਵਾਨ ਨਹੀਂ ਚੜ੍ਹਿਆ। ਇਹ ਅਸ਼ੁੱਧ ਹੈ, ਜਿਸ ਕਰਕੇ ਰੋਜ਼ੇ ਕਦੇ ਗਰਮੀਆਂ ਵਿੱਚ ਅਤੇ ਕਦੇ ਸਰਦੀਆਂ ਵਿੱਚ ਆ ਜਾਂਦੇ ਹਨ।

ਸੂਰਜੀ ਕੈਲੰਡਰ ਵੀ ਦੋ ਤਰ੍ਹਾਂ ਦੇ ਹਨ: ਪ੍ਰਕਰਮੀ (Sidereal) ਅਤੇ ਰੁੱਤੀ (Tropical) ਕੈਲੰਡਰ। ਲੇਖਕ ਨੇ ਦੋਹਾਂ ਕੈਲੰਡਰਾਂ ਦੇ ਗੁਣ-ਔਗੁਣ ਬਿਆਨ ਕੀਤੇ ਹਨ। ਆਪਣੀ ਰਾਏ ਦੀ ਪ੍ਰੋੜ੍ਹਤਾ ਵਿੱਚ ਸਾਰਣੀਆਂ ਦੀ ਵਰਤੋਂ ਕੀਤੀ ਗਈ ਹੈ। ਰੁੱਤੀ ਸਾਲ ਨੂੰ ਸਭ ਤੋਂ ਵੱਧ ਵਿਸ਼ੇਸ਼ਤਾ ਦਿੱਤੀ ਗਈ ਹੈ ਅਤੇ ਲੇਖਕ ਦੀ ਰਾਏ ਅਨੁਸਾਰ ਨਾਨਕਸ਼ਾਹੀ ਕੈਲੰਡਰ ਇਸ ਰੁੱਤੀ ਸਾਲ ਦੇ ਨਾਲ ਪੱਲਾ ਮੇਚ ਕੇ ਚੱਲਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚੋਂ ਤਿੰਨ ਤਿੱਥੀ ਬਾਣੀਆਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਇਨ੍ਹਾਂ ਤਿੰਨਾਂ ਹੀ ਬਾਣੀਆਂ ਦਾ ਕੈਲੰਡਰ ਨਾਲ ਕੋਈ ਸਬੰਧ ਨਹੀਂ। ਕੇਵਲ ਤਿੱਥਾਂ ਦੇ ਨਾਮ ’ਤੇ ਕੀਤੀ ਕਾਵਿ ਰਚਨਾ ਹੈ, ਜਿਸ ’ਚ ਨਿਰੋਲ ਅਕਾਲ ਪੁਰਖ ਦੇ ਗੁਣਾਂ ਦੀ ਵਿਆਖਿਆ ਕਰਕੇ ਉਸ ਦੀ ਯਾਦ ’ਚ ਹਮੇਸ਼ਾਂ ਜੁੜੇ ਰਹਿਣ ਦਾ ਸੰਦੇਸ਼ ਹੈ। ਦੋ ਬਾਰਹਮਾਹਾ (ਮਾਝ ਅਤੇ ਤੁਖਾਰੀ) ਅਤੇ ਰਾਮਕਲੀ ਰੁਤੀ ਬਾਣੀਆਂ ’ਚ 12 ਮਹੀਨਿਆਂ ਦੀਆਂ ਰੁੱਤਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਉਦਾਹਰਣਾਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲ ਸਮਕਾਲੀ ਸਥਿਤੀ ਵਿੱਚ ਰਹਿੰਦਾ ਹੈ। ਬਿਕਰਮੀ ਕੈਲੰਡਰ ਇਸ ਸ਼ਰਤ ਉੱਪਰ ਖਰਾ ਨਹੀਂ ਉਤਰਦਾ।

ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਵਾਉਣ ਵਿੱਚ ਸਭ ਤੋਂ ਵੱਡਾ ਰੋਲ ਡਾ. ਖੜਕ ਸਿੰਘ ਹੋਰਾਂ ਦਾ ਹੈ। ਉਹ ਧਰਮ ਪ੍ਰਚਾਰ ਕਮੇਟੀ ਦੇ ਸਲਾਹਕਾਰ ਸਨ ਅਤੇ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਦੇ ਸੈਕਟਰੀ। ਸ. ਗੁਰਚਰਨ ਸਿੰਘ ਟੌਹੜਾ, ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਸਨ। ਮੇਰੇ ਨਾਲ ਵੀ ਡਾ. ਖੜਕ ਸਿੰਘ ਦੇ ਚੰਗੇ ਸਬੰਧ ਸਨ। ਪਾਲ ਸਿੰਘ ਪੁਰੇਵਾਲ ਟੌਹੜਾ ਸਾਹਿਬ ਨੂੰ ਜ਼ਰੂਰ ਮਿਲਿਆ ਹੋਵੇਗਾ ਪਰੰਤੂ ਜੇਕਰ ਖੜਕ ਸਿੰਘ ਉਸ ਦੀ ਬਾਂਹ ਨਾ ਫੜਦੇ ਤਾਂ ਨਾਨਕਸ਼ਾਹੀ ਕੈਲੰਡਰ ਕਦੇ ਵੀ ਹੋਂਦ ਵਿੱਚ ਨਾ ਆਉਂਦਾ। ਖੜਕ ਸਿੰਘ ਹਮੇਸ਼ਾਂ ਦੱਸਿਆ ਕਰਦੇ ਕਿ ਗੁਰਬਾਣੀ ਵਿੱਚ ਆਈਆਂ ਰੁੱਤਾਂ ਦੀ ਤਰਤੀਬ ਕਾਇਮ ਰੱਖਣ ਲਈ ਬ੍ਰਿਕਰਮੀ ਕੈਲੰਡਰ ਤੋਂ ਨਜਾਤ ਪਾਉਣੀ ਜ਼ਰੂਰੀ ਹੈ। ਮੈਂ ਉਨ੍ਹਾਂ ਦੇ ਵਿਚਾਰ ਦੀ ਪ੍ਰੋੜ੍ਹਤਾ ਕਰਨ ਤੋਂ ਝਿਜਕ ਮਹਿਸੂਸ ਕਰਦਾ ਸਾਂ। ਮੇਰਾ ਵਿਚਾਰ ਸੀ ਕਿ ਚੰਦਰ-ਸੂਰਜੀ ਮਿਸ਼ਰਤ ਕੈਲੰਡਰ ਹਿੰਦੂ ਤਿਉਹਾਰਾਂ ਦਾ ਬੁੱਤਾ ਸਾਰ ਰਿਹਾ ਹੈ ਅਤੇ ਗੁਰਬਾਣੀ ਵਿੱਚ ਦਰਜ ਰੁੱਤਾਂ ਲਈ ਵੀ ਕੋਈ ਹੱਲ ਨਿਕਲ ਸਕਦਾ ਹੈ। ਕਿਰਪਾਲ ਸਿੰਘ ਦੀ ਪੁਸਤਕ ਨੇ ਮੇਰੇ ਭਰਮ-ਭੁਲੇਖੇ ਦੂਰ ਕਰ ਦਿੱਤੇ ਹਨ। ਨਾਨਕਸ਼ਾਹੀ ਕੈਲੰਡਰ ਹੀ ਇਸ ਤਰੁੱਟੀ ਨੂੰ ਦੂਰ ਕਰਨ ਦਾ ਇਕੋ ਇਕ ਸਾਧਨ ਬਣ ਸਕਿਆ ਹੈ।

ਕਿਰਪਾਲ ਸਿੰਘ ਨਾਨਕਸ਼ਾਹੀ ਕੈਲੰਡਰ ਦੀ ਸਿਫਤ-ਸਲਾਹ ਕਰਦਿਆਂ ਲਿਖਦੇ ਹਨ :

ਪਾਲ ਸਿੰਘ ਪੁਰੇਵਾਲ ਵੱਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ, ਜੋ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵੱਲੋਂ ਸਰਬ ਸੰਮਤੀ ਨਾਲ ਮਤਾ ਪਾਸ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ 2003 ਦੀ ਵੈਸਾਖੀ ਮੌਕੇ ਲਾਗੂ ਹੋਇਆ; ਉਹ ਗੁਰਬਾਣੀ, ਸਿੱਖ ਇਤਿਹਾਸ ਅਤੇ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲਾ ਕੈਲੰਡਰ ਹੈ।

ਲੇਖਕ ਨੇ ਭਾਰਤ ਵਿੱਚ ਵਰਤੇ ਜਾਂਦੇ ਸਾਰੇ ਕੈਲੰਡਰਾਂ ਦੀ ਵਿਥਿਆ ਬਿਆਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਵਰਤੇ ਜਾ ਰਹੇ ਮੌਜੂਦਾ ਕੈਲੰਡਰ ਦੇ ਨੁਕਸਾਂ ਬਾਰੇ ਵੀ ਚਰਚਾ ਕੀਤੀ ਹੈ। 2003 ਦੀ ਵਿਸਾਖੀ ਵਾਲੇ ਦਿਨ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਤੋਂ ਬਾਅਦ ਡੇਰੇਦਾਰਾਂ ਅਤੇ ਕੈਲੰਡਰ ਵਿਰੋਧੀਆਂ ਦੇ ਪ੍ਰਭਾਵ ਹੇਠ ਆ ਕੇ ਕਮੇਟੀ ਨੇ 2010 ਤੋਂ ਮਹੀਨਿਆਂ ਦੀਆਂ ਅਰੰਭਕ ਤਾਰੀਖ਼ਾਂ (ਸੰਗਰਾਂਦਾਂ) ਗੁਰ ਪੁਰਬਾਂ ਅਤੇ ਇਤਿਹਾਸਕ ਦਿਹਾੜਿਆਂ ਦੀਆਂ ਤਰੀਕਾਂ ਬਦਲ ਦਿੱਤੀਆਂ ਹਨ। ਜੋ ਰੇੜਕਾ ਪੁਰੇਵਾਲ ਦੇ ਕੈਲੰਡਰ ਨੇ ਹੱਲ ਕੀਤਾ ਸੀ, ਉਹ ਕਮੇਟੀ ਦੇ ਅਪਣਾਏ ਜਾਂ ਨਾਨਕਸ਼ਾਹੀ ਕੈਲੰਡਰ ਦੇ ਵਿਗਾੜੇ ਹੋਏ ਸਰੂਪ ਨੇ ਫਿਰ ਪਾ ਦਿੱਤਾ ਹੈ। ਕਿਰਪਾਲ ਸਿੰਘ ਨੇ ਸਿੱਧ ਕਰ ਵਿਖਾਇਆ ਹੈ ਕਿ ਸ੍ਰੋਮਣੀ ਕਮੇਟੀ ਦਾ ਮੌਜੂਦਾ ਕੈਲੰਡਰ ਮਸਲੇ ਦਾ ਹੱਲ ਨਹੀਂ ਕਰਦਾ।

ਨਾਨਕਸ਼ਾਹੀ ਕੈਲੰਡਰ ਦੀ ਰੂਪ ਰੇਖਾ ਕਿਵੇਂ ਤਿਆਰ ਹੋਈ, ਇਸ ਦਾ ਪੂਰਾ ਵੇਰਵਾ ਪਹਿਲੇ ਅਧਿਆਏ ਦੇ ਅਖੀਰ ਵਿੱਚ ਬਿਆਨ ਕੀਤਾ ਹੈ। ਨਾਨਕਸ਼ਾਹੀ ਕੈਲੰਡਰ ਦੇ ਨਿਯਮ ਅਤੇ ਵਿਲੱਖਣਤਾਵਾਂ ਦਾ ਲੇਖਾ-ਜੋਖਾ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਪਾਠਕ ਲਈ ਇਸ ਕੈਲੰਡਰ ਬਾਰੇ ਆਪਣੀ ਰਾਏ ਬਣਾਉਣ ਵਿੱਚ ਮਦਦ ਮਿਲ ਜਾਂਦੀ ਹੈ। ਵਿਰੋਧੀਆਂ ਨੂੰ ਨਿਰੁੱਤਰ ਕਰਨ ਲਈ ਖੰਡਨ ਅਤੇ ਮੰਡਨ ਦੀ ਵਿਧੀ ਦਾ ਪ੍ਰਯੋਗ ਕੀਤਾ ਗਿਆ ਹੈ। ਗੁਰਬਾਣੀ ਦੇ ਸ਼ਬਦਾਂ ਦੀ ਢੁਕਵੀਂ ਵਰਤੋਂ ਕਰ ਕੇ ਭਰਮ-ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਪੁਸਤਕ ਦੇ ਬਾਕੀ ਪੰਜ ਅਧਿਆਏ, ਪਹਿਲੇ ਅਧਿਆਏ ਦੀ ਪ੍ਰੋੜ੍ਹਤਾ ਲਈ ਲਿਖੇ ਗਏ ਹਨ। ਮਿਸਾਲ ਦੇ ਤੌਰ ’ਤੇ ਦੂਜੇ ਅਧਿਆਏ ਵਿੱਚ ਗੁਰਚਰਨ ਸਿੰਘ ਸੇਖੋਂ ਦੀ ਪੁਸਤਕ, ‘ਗੁਰੂ ਸਾਹਿਬਾਂ ਵਲੋਂ ਸਥਾਪਿਤ ਕੀਤਾ ਮੂਲ ਸਿੱਖ ਕੈਲੰਡਰ’, ਦਾ ਲੇਖਾ-ਜੋਖਾ ਕਰਕੇ ਇਸ ਨੂੰ ਨਕਾਰਿਆ ਗਿਆ ਹੈ। ਇਕ ਸਾਰਣੀ ਵਿੱਚ ਪੁਰੇਵਾਲ, ਕਰਨਲ ਸੁਰਜੀਤ ਸਿੰਘ ਨਿਸ਼ਾਨ ਅਤੇ ਗੁਰਚਰਨ ਸਿੰਘ ਸੇਖੋਂ ਦੀਆਂ ਪੁਸਤਕਾਂ ਵਿੱਚੋਂ ਗੁਰੂ ਸਾਹਿਬਾਨ ਦੇ ਜੋਤੀ ਜੋਤ ਸਮਾਉਣ ਦੀਆਂ ਤਾਰੀਖਾਂ ਦਾ ਵੇਰਵਾ ਦਰਜ ਹੈ। ਇਸ ਸਾਰਣੀ ਹੇਠ ਇਕ ਪ੍ਰਸ਼ਨੋਤਰੀ ਦਿੱਤੀ ਹੋਈ ਹੈ ਤਾਂ ਕਿ ਪੁਰੇਵਾਲ ਦੇ ਕੈਲੰਡਰ ਦੀ ਉਤਮਤਾ ਨੂੰ ਸਾਰਥਕ ਸਿੱਧ ਕੀਤਾ ਜਾ ਸਕੇ।

ਕਿਰਪਾਲ ਸਿੰਘ ਨੇ ਕੈਲੰਡਰਾਂ ਦੇ ਅਧਿਐਨ ਦੇ ਨਾਲ ਸਿੱਖ ਇਤਿਹਾਸ ਦੀਆਂ ਘਟਨਾਵਾ ਦਾ ਵੀ ਜ਼ਿਕਰ ਕੀਤਾ ਹੈ। ਉਸ ਨੇ ਕਰਮ ਸਿੰਘ ਹਿਸਟੋਰੀਅਨ ਅਤੇ ਗੰਡਾ ਸਿੰਘ ਦੁਆਰਾ ਨਿਰਧਾਰਿਤ ਤਾਰੀਖ਼ਾਂ ਉਪਰ ਵੀ ਕਿੰਤੂ-ਪਰੰਤੂ ਕੀਤਾ ਹੈ। ਪਾਲ ਸਿੰਘ ਪੁਰੇਵਾਲ ਦੀ ਖੋਜ ਦਾ ਉਹ ਮੁਦੱਈ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਨੂੰ ਉਹ ਆੜੇ-ਹੱਥੀਂ ਲੈਂਦਾ ਹੈ। ਇਨ੍ਹਾਂ ਵਿੱਚ ਤਿੰਨ ਨਾਮ ਵਾਰ ਵਾਰ ਲਏ ਜਾਂਦੇ ਹਨ : ਕਰਨਲ ਸੁਰਜੀਤ ਸਿੰਘ ਨਿਸ਼ਾਨ, ਹਰਜਿੰਦਰ ਸਿੰਘ ਦਿਲਗੀਰ ਅਤੇ ਅਨੁਰਾਗ ਸਿੰਘ। ਮੇਰੇ ਤਿੰਨਾਂ ਨਾਲ ਨਿੱਜੀ ਸਬੰਧ ਹਨ, ਪਰੰਤੂ ਕਰਨਲ ਨਿਸ਼ਾਨ ਤੋਂ ਇਲਾਵਾ ਬਾਕੀ ਦੋਹਾਂ ਨਾਲ ਨਾਨਕਸ਼ਾਹੀ ਕੈਲੰਡਰ ਬਾਰੇ ਕਦੇ ਵਿਚਾਰ-ਵਟਾਂਦਰਾਂ ਨਹੀਂ ਹੋਇਆ।

ਮੁੱਖ ਬੰਦ ਦੇ ਅਖੀਰ ਉਪਰ ਕੁਝ ਨਿੱਜੀ ਤਜ਼ਰਬੇ ਸਾਂਝੇ ਕਰ ਰਿਹਾ ਹਾਂ। ਮੇਰੇ ਜਨਮ ਦੀ ਕੋਈ ਅੰਗਰੇਜ਼ੀ ਤਾਰੀਖ਼ ਪਤਾ ਨਹੀਂ। ਮਾਤਾ ਜੀ ਨੇ ਦੱਸਿਆ ਸੀ ਕਿ ਮੇਰਾ ਜਨਮ ਰੱਖੜ ਪੁੰਨਿਆਂ ਦੇ ਦਿਨ ਹੋਇਆ। ਰੱਖੜੀ ਬਿਕਰਮੀ ਕੈਲੰਡਰ ਅਨੁਸਾਰ ਮਨਾਈ ਜਾਂਦੀ ਹੈ, ਜਿਸ ਕਰਕੇ ਮੇਰੇ ਜਨਮ ਦੀ ਅੰਗਰੇਜ਼ੀ ਤਾਰੀਖ਼ ਹਰ ਸਾਲ ਬਦਲਦੀ ਰਹਿੰਦੀ ਹੈ। ਹੋ ਸਕਦਾ ਹੈ ਨਾਨਕਸ਼ਾਹੀ ਕੈਲੰਡਰ ਮੇਰੀ ਮਦਦ ਕਰੇ ? ਪਰ ਮੈਂ ਬਿਕਰਮੀ ਕੈਲੰਡਰ ਦਾ ਮੁਰੀਦ ਬਣ ਕੇ ਜਨਮ ਦਿਨ ਮਨਾਈ ਜਾ ਰਿਹਾ ਹਾਂ।

ਪੁਸਤਕ ਵਿੱਚ ਮੇਰੇ ਮਿੱਤਰ ਡਾ. ਸ਼ਕਤੀਧਰ ਸ਼ਰਮਾ ਜੀ ਦਾ ਜ਼ਿਕਰ ਹੋਇਆ ਹੈ। ਅਸੀਂ ਦੋਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਕੋ ਇੰਟਰਵਿਯੂ ਦੌਰਾਨ ਚੁਣੇ ਗਏ ਸਾਂ। ਡਾ. ਸ਼ਕਤੀਧਰ ਕੁਰਾਲੀ ਵਾਲੇ ਰਾਜਜੋਤਸ਼ੀ ਪੰਡਿਤ ਮੁਕੰਦਵੱਲਭ ਮਿਸ਼ਰ (ਸ਼ਰਮਾ) ਜੋਤਿਸ਼ਚਾਰਯ ਦੇ ਸਪੁੱਤਰ ਸਨ। ਉਹ ਭੌਤਿਕ ਵਿਗਿਆਨ, ਜੋਤਿਸ਼ ਵਿਗਿਆਨ ਅਤੇ ਸੰਸਕ੍ਰਿਤ ਦੇ ਮੰਨੇ ਪ੍ਰਮੰਨੇ ਸਕਾਲਰ ਸਨ। ਪਾਲ ਸਿੰਘ ਪੁਰੇਵਾਲ ਨਾਲ ਮੇਰੀ ਪਹਿਲੀ ਜਾਣ-ਪਹਿਚਾਣ ਸ਼ਕਤੀਧਰ ਨੇ ਹੀ ਕਰਵਾਈ। ਪੁਰੇਵਾਲ ਦੇ ਸਮਰਥਿਕ ਮੰਨਣ ਜਾਂ ਨਾ ਮੰਨਣ ਪਰੰਤੂ ਮੇਰੀ ਨਿੱਜੀ ਰਾਏ ਹੈ ਕਿ ਪੁਰੇਵਾਲ ਦੇ ਨਾਨਕਸ਼ਾਹੀ ਕੈਲੰਡਰ ਵਿੱਚ ਸ਼ਕਤੀਧਰ ਦਾ ਯੋਗਦਾਨ ਵੀ ਸਵੀਕਾਰਿਆ ਜਾਣਾ ਚਾਹੀਦਾ ਹੈ।

ਹਥਲੀ ਪੁਸਤਕ ਦਾ ਸਵਾਗਤ ਕਰਨਾ ਬਣਦਾ ਹੈ। ਭਵਿੱਖ ਵਿੱਚ ਹੋਰ ਲੇਖਕ ਇਸ ਦਾ ਲੇਖਾ-ਜੋਖਾ ਕਰਨਗੇ। ਹਾਲ ਘੜੀ ਤਾਂ ਨਾਨਕਸ਼ਾਹੀ ਕੈਲੰਡਰ ਹੀ ਮੋਹਰੀ ਜਾਪਦਾ ਹੈ ਅਤੇ ਇਸ ਨੂੰ ਲਾਗੂ ਕਰਨਾ ਪੰਥਕ ਲੋੜ ਹੈ।

ਪ੍ਰੋ: ਹਰਦੇਵ ਸਿੰਘ ਵਿਰਕ (Ph.D. Nuclear Physics)

Professor of Eminence (Honorary),

Sri Guru Granth Sahib World University,

Fatehgarh Sahib (Punjab)