ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਜਾਂ ੧ ਵੈਸਾਖ  ? (ਭਾਗ ਪਹਿਲਾ)

0
241

ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਜਾਂ ਵੈਸਾਖ  ? (ਭਾਗ ਪਹਿਲਾ)

ਕਿਰਪਾਲ ਸਿੰਘ ਬਠਿੰਡਾ 98554-80797

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਤਿੰਨ ਤਾਰੀਖ਼ਾਂ ਕੱਤਕ ਦੀ ਪੂਰਨਮਾਸ਼ੀ, 15 ਅਪ੍ਰੈਲ ਅਤੇ ੧ ਵੈਸਾਖ ਮੰਨੀਆਂ ਜਾ ਰਹੀਆਂ ਹਨ। ਇੱਕ ਧਿਰ ਜੋ ਕੱਤਕ ਦੀ ਪੂਰਨਮਾਸ਼ੀ ਮੰਨਦੀ ਹੈ, ਉਨ੍ਹਾਂ ਦੇ ਸੋਮੇ, ਹੇਠ ਲਿਖੇ ਅਨੁਸਾਰ ਹਨ :

ਅਸਲ ਵਿੱਚ ਉਪਰੋਕਤ ਸੋਮਿਆਂ ਦੇ ਸਾਰੇ ਹੀ ਲੇਖਕਾਂ ਦਾ ਮੁੱਢਲਾ ਸ੍ਰੋਤ ਹੈ ‘ਭਾਈ ਬਾਲਾ ਵਾਲੀ ਜਨਮ ਸਾਖੀ’। ਭਾਈ ਬਾਲੇ ਵਾਲੀ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬, ੨੭ਵਾਂ ਨਛੱਤਰ (ਰੇਵਤੀ) ਲਿਖਿਆ ਹੈ; ਜੋ ਕਿ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਲੇਖਕ ਵੱਲੋਂ 27ਵਾਂ ਨਛੱਤਰ ਲਿਖੇ ਜਾਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਹ ਤਾਰੀਖ਼ ਗਲਤ ਅਤੇ ਕਾਲਪਨਿਕ ਹੈ; ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ 27ਵਾਂ ਨਛੱਤਰ ਕਦੇ ਆਉਂਦਾ ਹੀ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਕੇਵਲ ਪਹਿਲੇ 4 ਨਛੱਤਰ (ਅਸ਼ਵਨੀ, ਭਰਨੀ, ਕ੍ਰਿਤਿਕਾ ਅਤੇ ਰੋਹਿਣੀ) ’ਚੋਂ ਕੋਈ ਇੱਕ ਹੋ ਸਕਦਾ ਹੈ। ਕੱਤਕ ਸੁਦੀ ੧੫, ਸੰਮਤ ੧੫੨੬ ਦੀ ਪੜਤਾਲ ਕੀਤਿਆਂ ਉਸ ਦਿਨ ੨੧ ਕੱਤਕ, ਦਿਨ ਸ਼ੁੱਕਰਵਾਰ, ਅਸ਼ਵਨੀ ਨਛੱਤਰ, 20 ਅਕਤੂਬਰ 1469 ਜੂਲੀਅਨ ਬਣਦਾ ਹੈ। ਇਸ ਆਧਾਰ ’ਤੇ ਉਪਰੋਕਤ ਸਾਰੇ ਸੋਮਿਆਂ ਦੀਆਂ ਤਾਰੀਖ਼ਾਂ ਗਲਤ ਸਾਬਤ ਹੋ ਜਾਂਦੀਆਂ ਹਨ ਕਿਉਂਕਿ ਕਿਸੇ ਦਾ ਵੀ ਪ੍ਰਵਿਸ਼ਟਾ, ਦਿਨ ਅਤੇ ਨਛੱਤਰ; ਵਿਗਿਆਨਿਕ ਕਸਵੱਟੀ ’ਤੇ ਪੂਰਾ ਨਹੀਂ ਉਤਰਦਾ।

ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀਂ ਸੀ। ਆਪ ਪੜ੍ਹਨ ਅਤੇ ਪੜਚੋਲ ਕਰਨ ਦੀ ਬਜਾਇ, ਅਨਪੜ੍ਹ ਪ੍ਰਚਾਰਕਾਂ ਵੱਲੋਂ ਸੁਣਾਈਆਂ ਗਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ, ਪਰ ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਕੁਝ ਇਕ ਨੂੰ ਛੱਡ ਕੇ ਬਹੁਤਾਤ ਪ੍ਰਚਾਰਕਾਂ ਦੀ ਨਵੀਂ ਪੀੜੀ; ਪੜ੍ਹੀ-ਲਿਖੀ ਹੈ, ਜੋ ਇਤਿਹਾਸ ’ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਤੱਥਾਂ ਨਾਲ ਪਰਖ-ਪੜਚੋਲ ਕਰਕੇ ਪੇਸ਼ ਕਰਨਾ ਜਾਣਦੀ ਹੈ। ਜਨਮ ਸਾਖੀ ਦੀ ਪਰਖ-ਪੜਚੋਲ ਕਰਨ ਦਾ ਇਸ਼ਾਰਾ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ। ਸਿੰਘ ਸਭਾ ਲਹਿਰ ਸਮੇਂ (ਸੰਨ 1884 ਵਿਚ) ਪ੍ਰੋ: ਗੁਰਮੁਖ ਸਿੰਘ ਜੀ ਨੇ ਆਪਣੀ ਸੁਧਾਰਕ ਨਾਂ ਦੀ ਮਾਸਿਕ ਪਤ੍ਰਿਕਾ ’ਚ ‘ਜਨਮ ਕੁੰਡਲੀਆਂ’ ਲੇਖ ਛਾਪਿਆ ਸੀ। ਪਰ ਠੋਸ ਅਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਵਿਚ ਛਪੀ ਪੁਸਤਕ ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆ ਸੀ। ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, ‘ਭਾਈ ਬਾਲੇ ਵਾਲੀ ਜਨਮਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ, ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧, ਮੱਘਰ ਵਦੀ ਦਸਮੀ (ਭਾਵ 30 ਅਕਤੂਬਰ 1724 ਜੂਲੀਅਨ) ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕੋਈ ਹੋਰ ਕਾਪੀ ਨਹੀਂ ਮਿਲਦੀ’। (ਕੱਤਕ ਕਿ ਵੈਸਾਖ ਪੰਨਾ 115)

ਹੁਣ ਖੋਜੀ ਵਿਦਵਾਨਾਂ ਨੂੰ ਸੰਮਤ ੧੭੧੫/1658 ਈ: ਦੀ ਇੱਕ ਹੱਥ ਲਿਖਤ ਮਿਲੀ ਹੈ, ਜੋ ਸ੍ਰੀ ਪਿਆਰੇ ਲਾਲ ਕਪੂਰ, ਦਿੱਲੀ ਦੀ ਸੰਤਾਨ ਪਾਸ ਸੁਰੱਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ ’ਚੋਂ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ। ਇਸ ਸਾਖੀ ’ਚ ਲਿਖਿਆ ਹੈ ਕਿ ‘ਸੰਮਤ ੧੬੩੦ ਵਿਸਾਖ ਸੁਦੀ ਪੂਰਨਮਾਸ਼ੀ ਸਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ [ਇਸ ਤਾਰੀਖ਼ ਦੀ ਪੜਤਾਲ ਕੀਤਿਆਂ ਦਿਨ ਐਤਵਾਰ ਨਹੀਂ, ਸ਼ੁੱਕਰਵਾਰ ਬਣਦਾ ਹੈ] ਗੁਰੂ ਜੀ (ਭਾਵ ਹੰਦਾਲ) ਦਾ ਜਨਮ ਹੋਇਆ’ ਇਸ ਦੀ ਮੌਤ ਸੰਮਤ ੧੭੦੫/1648 ਈ: ਨੂੰ ਹੋਈ ਸੀ (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31)। ਡਾ. ਗੁਰਬਚਨ ਕੌਰ ਜੀ ਲਿਖਦੇ ਹਨ, ਹੰਦਾਲ ਦਾ ਵੱਡਾ ਪੁੱਤਰ ਬਾਲ ਚੰਦ ‘ਬਾਲਾ’, ਇਸ ਜਨਮਸਾਖੀ ਦਾ ਵਿਸ਼ੇਸ਼ ਪਾਤਰ ਹੈ, ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ, ਪਰ ਜਨਮਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਦੇ ਆਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ। (ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)

ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ – ਪੂਰਬਾਰਧ’ (1823 ਈ.) ਦੇ 37ਵੇਂ ਅਧਿਆਇ ‘ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ’ ਵਿੱਚ ਆਪਣੇ ਸ੍ਰੋਤਾਂ ਦਾ ਜ਼ਿਕਰ ਕਰਦੇ ਲਿਖਦੇ ਹਨ : ‘‘ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼੧੩’’ ਇਸ ਪੰਕਤੀ ਤੋਂ ਸਪਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਆਪਣੀ ਲਿਖਤ ਦਾ ਸ੍ਰੋਤ; ਭਾਈ ਬਾਲੇ ਵਾਲੀ ਜਨਮਸਾਖੀ ਮੰਨਦੇ ਹਨ। ਇਸ ਤੋਂ ਅੱਗੇ ਕਵੀ ਜੀ ਲਿਖਦੇ ਹਨ :

ਚੌਪਈ ਗੁਰੁ ਅੰਗਦ ਜੀ ਜੋ ਲਿਖਵਾਈ ਬਹੁ ਨਹਿਂ ਲਿਖੀ, ਰਹੀ ਇਕ ਥਾਈ

ਕਬੀਰ ਬੰਸੀ ਮਿਲਿ ਤਾਂਹੀ ਸੋ ਪੋਥੀ ਪਢਿ ਗੁਨ ਮਨ ਮਾਂਹੀ੨੨

ਅਰਥ : ਗੁਰੂ ਅੰਗਦ ਜੀ ਨੇ ਜੋ ਪੋਥੀ ਲਿਖਵਾਈ ਸੀ ਉਸ ਦੀਆਂ ਬਹੁਤ ਪੋਥੀਆਂ ਨਹੀਂ ਸਨ; ਕੇਵਲ ਇੱਕੋ ਹੀ ਸੀ। (ਹੰਦਾਲ ਦੇ ਘਰ ਪੈਦਾ ਹੋਏ ਨੀਚ ਨੇ) ਕਬੀਰ ਪੰਥੀ ਨਾਲ ਮਿਲ ਕੇ ਮਨ ’ਚ ਵੀਚਾਰ ਕੀਤਾ।22।

ਕਰਿ ਕੁਕਰਮ ਅਨਸੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ

ਬਚਨ ਅਨੁਚਿਤ ਲਿਖੇ ਸਮੁਦਾਏੇ ਜਿਨਕੇ ਪਢਨ ਸੁਨਨਿ ਅਘ ਪਾਏ੨੩

ਅਰਥ : ਗਲਤ ਤੇ ਬਨਾਵਟੀ ਪੋਥੀ ਬਣਾਉਣ ਦਾ ਕੁਕਰਮ ਕੀਤਾ; ਜਿਸ ’ਚ ਬਹੁਤ ਸਾਰੇ ਅਨਉਚਿਤ ਤੇ ਅਯੋਗ ਸ਼ਬਦ ਲਿਖ ਦਿੱਤੇ, ਜਿਸ ਦੇ ਪੜ੍ਹਨ ਸੁਣਨ ਨਾਲ ਪਾਪ ਲਗਦਾ ਹੈ।

ਅਪਨਾ ਵਡਾ ਜਾਨ ਹਿੰਦਾਲੂ ਤਿਹ ਕੀ ਕੀਰਤਿ ਲਿਖੀ ਬਿਸਾਲੂ

ਸ਼੍ਰੀ ਨਾਨਕ ਤੇ ਵਡੀ ਬਨਾਇ ਮਹਿਮਾ ਲਿਖਤ ਭਯੋ ਬਹੁ ਭਾਇ੨੪

ਅਰਥ : ਆਪਣੇ (ਪਿਤਾ) ਹਿੰਦਾਲ ਨੂੰ ਵੱਡਾ ਜਾਣ ਕੇ ਉਸ ਦੀ ਮਹਿਮਾ ਸ੍ਰੀ ਗੁਰੂ ਨਾਨਕ ਜੀ ਤੋਂ ਵੀ ਬਹੁਤ ਵੱਡੀ ਬਣਾ ਕੇ ਲਿਖ ਦਿੱਤੀ।੨੪।

ਅੱਗੇ ਲਿਖਦੇ ਹਨ ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ :

ਹਮਕੋ ਮਨਹਿਂਗੇ ਬਹੁ ਮਾਨਵ ਲਿਖੀ ਅਧਿਕਤਾ ਉਰ ਆਨਵ

ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ ੨੭

ਪੰਨੇ ਛੇਦੇ ਦਈ ਬਹਾਈ ਜੋ ਸ੍ਰੀ ਗੁਰੂ ਅੰਗਦ ਲਿਖਵਾਈ

ਤਿਹਕੋ ਤਾਤਪਰਜ ਸਭਿ ਚੀਨੇ ਅਧਿਕ ਬਚਨ ਅਪਨੇ ਲਿਖਿ ਦੀਨੇ ੨੮

ਅਰਥ: ਆਪਣੇ ਹਿਰਦੇ ’ਚ ਇਹ ਧਾਰ ਕੇ (ਹਿੰਦਾਲ ਦੀ) ਬਹੁਤ ਮਹਿਮਾ ਲਿਖ ਦਿੱਤੀ, ਜਿਸ ’ਚ ਬਹੁਤੇ ਬਚਨ ਆਪਣੇ ਲਿਖ ਦਿੱਤੇ, ਤਾ ਕਿ ਬਹੁਤੇ ਮਨੁੱਖ ਸਾਨੂੰ (ਗੁਰੂ) ਮੰਨਣ ਲੱਗ ਪੈਣਗੇ। (ਮੁੱਦਾ ਗਾਇਬ ਕਰਨ ਲਈ ਪਹਿਲੀ ਅਸਲ) ਪੋਥੀ, ਜੋ ਗੁਰੂ ਅੰਗਦ ਜੀ ਨੇ ਲਿਖਵਾਈ ਸੀ; ਉਸ ਦੇ ਪੰਨੇ ਫਾੜ ਕੇ ਬਿਆਸ ਦਰਿਆ ’ਚ ਡੁਬੋ ਦਿੱਤੀ।

ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਤੋਂ ਸਪਸ਼ਟ ਹੈ ਕਿ ਉਨ੍ਹਾਂ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਉਨ੍ਹਾਂ ਦਾ ਸ੍ਰੋਤ (ਹੰਦਾਲੀਆਂ ਵਾਲੀ ਜਨਮ ਸਾਖੀ) ਹੀ ਮਿਲਾਵਟੀ ਹੈ ਤਾਂ ਕਵੀ ਸੰਤੋਖ ਸਿੰਘ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵੀ ਕਿਵੇਂ ਸਹੀ ਮੰਨਿਆ ਜਾ ਸਕਦੀ ਹੈ  ? ਦੂਸਰਾ (ਲਾਹੌਰ ਤੋਂ ਸੰਮਤ ੧੮੮੩/1826 ਈ: ’ਚ ਛਪੀ) ਜਨਮ ਸਾਖੀ ਭਾਈ ਬਾਲਾ ਉੱਤੇ ਪੋਥੀ ਲਿਖਣ ਦੀ ਤਾਰੀਖ਼, ਵੈਸਾਖ ਸੁਦੀ ੫ ਸੰਮਤ ੧੫੮੨ (ਯਾਨੀ 1525 ਈ:) ਲਿਖੀ ਹੈ; ਜੋ ਕਦਾਚਿਤ ਮੰਨਣਯੋਗ ਨਹੀਂ ਕਿਉਂਕਿ ਭਾਈ ਲਹਿਣਾ ਜੀ; ਗੁਰੂ ਨਾਨਕ ਸਾਹਿਬ ਦੀ ਸ਼ਰਨ ’ਚ ਹੀ ਸੰਮਤ ੧੫੮੯/1532 ਈ: ’ਚ ਆਏ ਸਨ ਅਤੇ ੧੫੯੬/1539 ਈ: ’ਚ ਗੁਰੂ ਪਦ ਪ੍ਰਾਪਤ ਕੀਤਾ। ਫਿਰ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ 7 ਸਾਲ ਪਹਿਲਾਂ ਅਤੇ ਗੁਰੂ ਬਣਨ ਤੋਂ 14 ਸਾਲ ਪਹਿਲਾਂ ਹੀ ਭਾਈ ਬਾਲੇ ਕੋਲ਼ੋਂ ਸੁਣ ਕੇ ਜਨਮਸਾਖੀ ਲਿਖਵਾ ਦਿੱਤੀ ?

ਭਾਈ ਬਾਲੇ ਵਾਲੀ ਜਨਮ ਸਾਖੀ ਦੇ ਹਵਾਲੇ ਨਾਲ਼ ਨਾਨਕ ਪ੍ਰਕਾਸ਼ ਲਿਖਣ ਵਾਲੇ ਚੂੜਾਮਨੀ ਕਵੀ ਸੰਤੋਖ ਸਿੰਘ ਨੇ ਗੁਰੂ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਸੁਦੀ ੧੫, ਸੰਮਤ ੧੫੨੬; ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਅਤੇ ਜੋਤੀ ਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ। ਜੋਤੀ ਜੋਤ ਸਮਾਉਣ ਦੀ ਇਹੀ ਮਿਤੀ ਕਰਤਾਰਪੁਰੀ ਬੀੜ ’ਚ ਲਿਖੀ ਹੈ, ਜਿਸ ਕਾਰਨ ਇਸ ਮਿਤੀ ਨਾਲ਼ ਸਾਰਿਆਂ ਦੀ ਸਹਿਮਤੀ ਹੈ। ਹੁਣ ਜੇ ਇਸ (ਅੱਸੂ ਵਦੀ ੧੦, ਸੰਮਤ ੧੫੯੬) ਵਿੱਚੋਂ ਗੁਰੂ ਸਾਹਿਬ ਦੀ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦੇਈਏ ਤਾਂ ਗੁਰੂ ਸਾਹਿਬ ਦਾ ਜਨਮ; ਵੈਸਾਖ ਦੇ ਮਹੀਨੇ ਹੋਇਆ ਬਣਦਾ ਹੈ, ਨਾ ਕਿ ਕੱਤਕ ’ਚ। ਇਨ੍ਹਾਂ ਤੱਥਾਂ ਮੁਤਾਬਕ ਭੀ ਕੱਤਕ ਦੀ ਪੂਰਨਮਾਸ਼ੀ; ਗਲਤ ਸਾਬਤ ਹੁੰਦੀ ਹੈ।

ਐਸੇ ਕੁੱਝ ਉਕਤ ਕਾਰਨਾਂ ਕਰਕੇ ਹੀ ਸ: ਕਰਮ ਸਿੰਘ ਹਿਸਟੋਰੀਅਨ, ਸ. ਸ. ਪਦਮ (ਸੰਤ ਸਿੰਘ ਪਦਮ), ਡਾ: ਗੁਰਬਚਨ ਕੌਰ, ਡਾ: ਆਸਾ ਸਿੰਘ ਘੁੰਮਣ, ਡਾ: ਟਰੰਪ, ਡਾ: ਮਕਲੋਡ, ਐੱਮ.ਏ. ਮੈਕਾਲਿਫ਼, ਗਿਆਨੀ ਗਿਆਨ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਭਾਈ ਵੀਰ ਸਿੰਘ, ਪ੍ਰੋਫੈਸਰ ਯੋਧ ਸਿੰਘ, ਖ਼ੁਸ਼ਵੰਤ ਸਿੰਘ, ਗਿਆਨੀ ਸੋਹਨ ਸਿੰਘ ਸੀਤਲ ਆਦਿਕ ਸਾਰੇ ਹੀ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ਕੱਤਕ ਦੀ ਪੂਰਨਮਾਸ਼ੀ ਦੀ ਥਾਂ ਵੈਸਾਖ ’ਚ ਮੰਨਦੇ ਹਨ।

ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਬਿਨਾਂ ਬਾਕੀ ਸਾਰੀਆਂ ਜਨਮ ਸਾਖੀਆਂ ਅਤੇ ਬਹੁਤਾਤ ਲੇਖਕਾਂ ਨੇ ਗੁਰੂ ਜੀ ਦੀ ਜਨਮ ਮਿਤੀ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੈ। ਇਸ ਨੂੰ ਦੂਸਰੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਬਣਦਾ ਹੈ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ, ਦਿਨ ਸ਼ਨੀਵਾਰ, ਨਛੱਤਰ ਮ੍ਰਿਗਸ਼ਰ। ਇਨ੍ਹਾਂ ਤਾਰੀਖ਼ਾਂ ਦੇ ਸੋਮਿਆਂ ਦੀ ਹੇਠਾਂ ਬਣਾਈ ਸਾਰਣੀ ’ਤੇ ਨਜ਼ਰ ਮਾਰੀਏ ਤਾਂ ਵੇਖਿਆ ਕਿ ਵੈਸਾਖ ਸੁਦੀ ੩, ਸੰਮਤ ੧੫੨੬ ਲਿਖਣ ਵਾਲੇ ਗਿਆਨ ਰਤਨਾਵਲੀ, ਪੁਰਾਤਨ ਜਨਮ ਸਾਖੀ ਅਤੇ ਮਹਿਮਾ ਪ੍ਰਕਾਸ਼  ’ਚੋਂ ਕਿਸੇ ਨੇ ਭੀ ਉਸ ਦਿਨ ਦਾ ਪ੍ਰਵਿਸ਼ਟਾ, ਦਿਨ ਅਤੇ ਨਛੱਤਰ ਕੁਝ ਵੀ ਨਹੀਂ ਲਿਖਿਆ ਜਦਕਿ ਪੰਚਾਂਗ ਦੇ ਨਿਯਮਾਂ ਅਨੁਸਾਰ ਇਨ੍ਹਾਂ ਤਿੰਨਾਂ ’ਚੋਂ ਘੱਟੋ ਘੱਟ ਇਕ ਲਿਖਣਾ ਜ਼ਰੂਰੀ ਹੁੰਦਾ ਹੈ, ਜਿਸ ਤੋਂ ਬਗੈਰ ਤਿੱਥ ਦੀ ਪੜਤਾਲ ਨਹੀਂ ਹੋ ਸਕਦੀ।

ਸ੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤੀ ਸ਼ੁੱਧ ਗੁਰਪ੍ਰਣਾਲੀ ’ਚ ਵੈਸਾਖ ਸੁਦੀ ੩, ਸੰਮਤ ੧੫੨੫, ੨੯ ਵੈਸਾਖ, ਦਿਨ ਐਤਵਾਰ/25 ਅਪ੍ਰੈਲ 1468 ਲਿਖੇ ਹਨ ਜਦੋਂ ਕਿ ਵੈਸਾਖ ਸੁਦੀ ੩ ਸੰਮਤ ੧੫੨੫ ਨੂੰ ਤਬਦੀਲ ਕੀਤਿਆ ਬਣਦਾ ਹੈ ੩੧ ਵੈਸਾਖ ਸੰਮਤ ੧੫੨੫, 25 ਅਪ੍ਰੈਲ 1468 ਈ: ਦਿਨ ਸੋਮਵਾਰ। ਇਸ ਦਾ ਪ੍ਰਵਿਸ਼ਟਾ ਅਤੇ ਦਿਨ; ਦੋਵੇਂ ਗਲਤ ਹੋਣ ਕਾਰਨ ਕੈਲੰਡਰ ਵਿਗਿਆਨ ਮੁਤਾਬਕ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੂਸਰਾ ਇਸ ਵਿੱਚ ਦਰਸਾਈ ਸੰਮਤ ੧੫੨੫/1468ਈ: ਨਾਲ ਖ਼ੁਦ ਸ੍ਰੋਮਣੀ ਕਮੇਟੀ ਸਮੇਤ ਪੰਥ ਦੀ ਕੋਈ ਵੀ ਧਿਰ ਸਹਿਮਤ ਨਹੀਂ ਹੈ।

ਕਰਮ ਸਿੰਘ ਹਿਸਟੋਰੀਅਨ ਵੱਲੋਂ ਲਿਖੀਆਂ ਤਾਰੀਖ਼ਾਂ ਕੈਲੰਡਰ ਵਿਗਿਆਨ ਮੁਤਾਬਕ ਸਹੀ ਹਨ। ਕਰਮ ਸਿੰਘ ਜੀ ਦੀ ਇਸ ਖੋਜ ਤੋਂ ਬਾਅਦ ਤਕਰੀਬਨ ਸਾਰੇ ਹੀ ਲੇਖਕ; ਗੁਰੂ ਜੀ ਦੇ ਜਨਮ ਦੀ ਤਾਰੀਖ਼ 15 ਅਪ੍ਰੈਲ ਲਿਖਣ ਅਤੇ ਬੋਲਣ ਲੱਗ ਪਏ ਹਨ। ਪੜ੍ਹੇ ਲਿਖੇ ਸੂਝਵਾਨ ਸਿੱਖਾਂ ’ਚ, 15 ਅਪ੍ਰੈਲ ਹੀ ਤਕਰੀਬਨ ਪ੍ਰਚਲਿਤ ਹੋ ਚੁੱਕੀ ਹੈ। ਇੱਥੋਂ ਤੱਕ ਕਿ ਪ੍ਰੋ: ਕਰਤਾਰ ਸਿੰਘ ਐੱਮ.ਏ., ਜਿਨ੍ਹਾਂ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਸ੍ਰੋਮਣੀ ਕਮੇਟੀ ਨੇ ਛਪਵਾਇਆ ਹੈ; ਉਸ ਵਿਚ ਭੀ ਵੈਸਾਖ ਸੁਦੀ ੩, ਸੰਮਤ ੧੫੨੬, ੨੦ ਵੈਸਾਖ ਸੰਮਤ ੧੫੨੬/15 ਅਪ੍ਰੈਲ 1469 ਹੀ ਲਿਖਿਆ ਹੈ। ਸ੍ਰੋ. ਗੁ. ਪ੍ਰ. ਕਮੇਟੀ ਦੀ ਵੈੱਬਸਾਈਟ ’ਤੇ ਵੀ 15 ਅਪ੍ਰੈਲ 1469 ਹੀ ਲਿਖਿਆ ਹੋਇਆ ਹੈ।

ਇੱਥੇ ਕਰਮ ਸਿੰਘ ਤੋਂ ਵੀ ਦੋ ਉਕਾਈਆਂ ਹੋਈਆਂ ਹਨ। ਪਹਿਲੀ ਇਹ ਕਿ ਉਨ੍ਹਾਂ ਨੇ ਗਣਿਤ ਕਰਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼, ਪੁਰਾਤਨ ਜਨਮ ਸਾਖੀ (ਸੰਪਾਦਕ ਭਾਈ ਵੀਰ ਸਿੰਘ) ਅਤੇ ਗਿਆਨ ਰਤਨਾਵਲੀ (ਜਨਮ ਸਾਖੀ) ਲੇਖਕ ਭਾਈ ਮਨੀ ਸਿੰਘ ਜੀ ਤੋਂ ਅੱਸੂ ਸੁਦੀ ੧੦, ਸੰਮਤ ੧੫੯੬, ਨੋਟ ਕਰ ਲਈ। ਅਤੇ ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਸਰੀਰਕ ਉਮਰ 70 ਸਾਲ 5 ਮਹੀਨੇ 7 ਦਿਨ ਘਟਾਉਣ ਨਾਲ ਵੈਸਾਖ ਸੁਦੀ ੩, ਸੰਮਤ ੧੫੨੬ ਬਣਦਾ ਹੈ। ਇਨ੍ਹਾਂ ਦੋਵਾਂ ਹੀ ਜਨਮ ਸਾਖੀਆਂ ’ਚ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਸੁਦੀ ੩, ਸੰਮਤ ੧੫੨੬ ਲਿਖੀ ਹੋਣ ਕਾਰਨ ਕਰਮ ਸਿੰਘ ਜੀ ਨੇ ਆਪਣੀ ਖੋਜ ਨੂੰ ਸਹੀ ਮੰਨ ਲਿਆ। ਜਦਕਿ ਕਰਤਾਰਪੁਰੀ ਬੀੜ ’ਚ ਜੋਤੀ ਜੋਤ ਸਮਾਉਣ ਦੀ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਲਿਖੀ ਹੈ ਅਤੇ ਸਮੁੱਚਾ ਪੰਥ ਇਸ (ਅੱਸੂ ਵਦੀ ੧੦) ਨਾਲ ਸਹਿਮਤ ਹੈ। ਜੋਤੀ ਜੋਤ ਸਮਾਉਣ ਦੀ ਇਸ ਪੰਥ ਪ੍ਰਵਾਨਤ ਮਿਤੀ ’ਚੋਂ ਗੁਰੂ ਜੀ ਦੀ ਉਮਰ ਘਟਾਈ ਜਾਵੇ ਤਾਂ ਜਨਮ ਮਿਤੀ ਬਣਦੀ ਹੈ ਵੈਸਾਖ ਵਦੀ ੩, ੪ ਵੈਸਾਖ, ਸੰਮਤ ੧੫੨੬/30 ਮਾਰਚ 1469; ਗੁਰਪ੍ਰਣਾਲੀ ੯ ’ਚ ਗਿਆਨੀ ਗਿਆਨ ਸਿੰਘ ਨੇ ਵੀ ਬਿਲਕੁਲ ਇਹੋ ਤਾਰੀਖ਼ ਲਿਖੀ ਹੈ। ਇਸ ਨੂੰ ਦੂਜੀਆਂ ਪਧਤੀਆਂ ’ਚ ਤਬਦੀਲ ਕੀਤਿਆਂ ਗੁਰੂ ਜੀ ਦੀ ਜਨਮ ਤਾਰੀਖ਼ ਵੈਸਾਖ ਵਦੀ ੩, ਸੰਮਤ ੧੫੨੬ ਬਣਦਾ ਹੈ। ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫਰਕ ਹੁੰਦਾ ਹੈ।

ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਵੱਲੋਂ ਫ਼ਰਵਰੀ 2010 ’ਚ ਛਾਪੀ ਗਈ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ 759 ’ਤੇ ਜਨਮ ਸਾਖੀ ਦੀ ਭੂਮਿਕਾ ਵਿੱਚ ਲਿਖਿਆ ਹੈ : ‘ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਬਹੁਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਕੱਤਕ ਦੀ ਪੂਰਨਮਾਸ਼ੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ ਵਾਲੀ ਸਾਖੀ ਵਿਚ ਜਨਮ ਵੈਸਾਖ ਸੁਦੀ ਤੀਜ ਦਾ ਲਿਖਿਆ ਹੈ। ਇਸ ਦੀ ਅਸਲੀਅਤ ਜਿੱਥੋਂ ਤੱਕ ਵੇਖੀ ਜਾਂਦੀ ਹੈ ਤਾਂ ਸੁਦੀ ਵੈਸਾਖ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸ ਦਾ ਇਕੋ ਵਾਰੀ ਪਲਟ ਜਾਣਾ ਬਹੁਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਂਸਲਾ ਕਰਕੇ ਏਸ ਦੇ ਪਰਚਾਰ ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨੂੰ ਪੂਰੀ ਵਾਕਫੀਅਤ ਨਹੀਂ ਹੁੰਦੀ ਉਸ ਦਾ ਸਾਥ ਨਹੀਂ ਦੇਂਦੇ ਜਿਸ ਕਰਕੇ ਉਸ ਦੀ ਮਿਹਨਤ ਨਿਹਫਲ ਹੁੰਦੀ ਹੈ। ਪਰੰਤੂ ਅਸੀਂ ਭਰੋਸਾ ਰਖਦੇ ਹਾਂ ਕਿ ਜੇਕਰ ਸਿੰਘ ਸਭਾ ਵਾਲੇ ਲੋਕ ਇਕੱਤਰ ਹੋ ਕੇ ਇਸ ਦਾ ਨਿਰਨਾ ਕਰਕੇ ਪਰਚਾਰ ਕਰਨਾ ਚਾਹੁਣ ਤਾਂ ਇਹ ਗੱਲ ਕੋਈ ਮੁਸ਼ਕਲ ਨਹੀਂ ॥’  (ਦਾਸ-ਬੁਧ ਸਿੰਘ ਰਤਨਾ)

ਸੁਦੀ ਅਤੇ ਵਦੀ ’ਚ 15 ਦਿਨਾਂ ਦਾ ਫਰਕ ਹੁੰਦਾ ਹੈ। ਜਾਪਦਾ ਹੈ ਕਿ ਪੁਰਾਤਨ ਜਨਮ ਸਾਖੀਆਂ ਅਤੇ ਗਿਆਨ ਰਤਨਾਵਲੀ ਦੇ ਲੇਖਕਾਂ ਨੂੰ ਵਦੀ ਸੁਦੀ ਦਾ ਭੁਲੇਖਾ ਪਿਆ ਹੈ, ਜਿਹੜਾ ਅਕਸਰ ਪੈ ਭੀ ਜਾਂਦਾ ਹੈ। ਇਨ੍ਹਾਂ ਜਨਮ ਸਾਖੀਆਂ ਤੋਂ ਗਲਤ ਤਾਰੀਖ਼ਾਂ ਸ: ਕਰਮ ਸਿੰਘ ਹਿਸਟੋਰੀਅਨ ਨੇ ਨੋਟ ਕਰ ਲਈਆਂ।

ਵੈਸਾਖ ਵਦੀ ੩ ਸੰਮਤ ੧੫੨੬ ਨੂੰ ਦੂਜੀਆਂ ਪਧਤੀਆਂ ’ਚ ਬਦਲਣ ਨਾਲ ੪ ਵੈਸਾਖ, ਸੰਮਤ ੧੫੯੬/30 ਮਾਰਚ 1469 ਬਣਦਾ ਹੈ। ਕੇਵਲ ਇਸੇ ਪੱਖ ਨੂੰ ਵਿਚਾਰੀਏ ਤਾਂ ੨੦ ਵੈਸਾਖ ੧੫੯੬/15 ਅਪ੍ਰੈਲ 1469 ਨਾਲੋਂ ੪ ਵੈਸਾਖ ਸੰਮਤ ੧੫੯੬/30 ਮਾਰਚ 1469 ਵੱਧ ਠੀਕ ਹੈ।

ਕਰਮ ਸਿੰਘ ਹਿਸਟੋਰੀਅਨ ਦੀ ਦੂਸਰੀ ਉਕਾਈ ਇਹ ਹੈ ਕਿ ਉਨ੍ਹਾਂ ਨੇ ਗੁਰੂ ਜੀ ਦੀ ਉਮਰ ਚੰਦਰਮਾਂ ਦੀਆਂ ਤਿੱਥਾਂ ਨਾਲ ਵੈਸਾਖ ਸੁਦੀ ੩, ਸੰਮਤ ੧੫੯੬ ਕੱਢ ਕੇ ਫਿਰ ਉਸ ਨੂੰ ਪ੍ਰਵਿਸ਼ਟਿਆਂ ਵਿੱਚ ਤਬਦੀਲ ਕਰ ੨੦ ਵੈਸਾਖ/15 ਅਪ੍ਰੈਲ 1469 ਜਨਮ ਮਿਤੀ ਕੱਢੀ ਜਦ ਕਿ ਉਮਰ ਦੀ ਗਣਿਤ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਕਰਨੀ ਬਣਦੀ ਹੈ ਕਿਉਂਕਿ ਚੰਦਰ ਤਿੱਥਾਂ ਮੁਤਾਬਕ ਉਮਰ ਕਦੀ ਵੀ ਠੀਕ ਨਹੀਂ ਹੁੰਦੀ; ਜਿਵੇਂ ਕਿ ਹੇਠ ਲਿਖੀ ਸਾਰਣੀ ’ਚ ਚੰਦਰ ਤਿੱਥਾਂ ਮੁਤਾਬਕ ਵੱਖ ਵੱਖ ਸਾਲਾਂ ਦੀ ਲੰਬਾਈ ਵੱਖ ਵੱਖ ਆਉਂਦੀ ਹੈ।

ਉਕਤ ਸਮੱਸਿਆ ਨੂੰ ਹੱਲ ਕਰਨ ਲਈ ਪਾਲ ਸਿੰਘ ਪੁਰੇਵਾਲ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀਜੋਤ ਸਮਾਉਣ ਦੀ ਮਿਤੀ ਅੱਸੂ ਵਦੀ ੧੦, ਸੰਮਤ ੧੫੯੬ ਨੂੰ ਸਹੀ ਮੰਨ ਕੇ ਪਹਿਲਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਤਬਦੀਲ ਕਰ ਅੱਸੂ ਸੰਮਤ, ੧੫੯੬ ਬਣਾ ਲਿਆ, ਜਿਸ ਵਿੱਚੋਂ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਘਟਾ ਦਿੱਤੀ, ਜਿਸ ਨਾਲ਼ ਗੁਰੂ ਸਾਹਿਬ ਦੀ ਜਨਮ ਮਿਤੀ ਵੈਸਾਖ, ਸੰਮਤ ੧੫੨੬ ਬਣੀ ਇਸ ਨੂੰ ਦੂਸਰੀਆਂ ਪੱਧਤੀਆਂ ਤਬਦੀਲ ਕੀਤਿਆਂ ਚੇਤ ਸੁਦੀ ੧੫, ਸੰਮਤ ੧੫੨੬, ਦਿਨ ਸੋਮਵਾਰ, ਨਛੱਤਰ ਹਸਤ /27 ਮਾਰਚ 1469 ਜੂਲੀਅਨ ਬਣ ਗਈ

ਹੁਣ ਇਸ ਰੋਲ਼-ਘਚੋਲ਼ੇ ’ਚ ਸਭ ਤੋਂ ਸ਼ੁੱਧ ਤਾਰੀਖ਼ ਦਾ ਨਿਤਾਰਾ ਕਿਸ ਤਰ੍ਹਾਂ ਕੀਤਾ ਜਾਵੇ  ? ਸ: ਪਾਲ ਸਿੰਘ ਪੁਰੇਵਾਲ ਨੇ ਇਸ ਦਾ ਹੱਲ ਲੱਭਣ ਲਈ ਵੱਖ ਵੱਖ 34 ਸੋਮਿਆਂ ’ਚੋਂ 10 ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ, ਗੁਰਗੱਦੀ ਪੁਰਬ ਅਤੇ ਜੋਤੀ-ਜੋਤ ਪੁਰਬਾਂ ਦੀਆਂ ਤਾਰੀਖ਼ਾਂ ਵਾਲ਼ੀਆਂ ਵੱਖਰੀਆਂ ਵੱਖਰੀਆਂ ਸੂਚੀਆਂ ਬਣਾਈਆਂ। ਇਨ੍ਹਾਂ ਸੂਚੀਆਂ ’ਚੋਂ ਵੇਖਿਆ ਜਾ ਸਕਦਾ ਹੈ ਕਿ ਸਾਰੇ ਹੀ ਗੁਰੂ ਸਾਹਿਬਾਨ ਦੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ’ਚ ਤਕਰੀਬਨ ਇਕ ਸਮਾਨਤਾ ਹੈ, ਪਰ ਪ੍ਰਕਾਸ਼ ਪੁਰਬਾਂ ’ਚ ਬਹੁਤ ਅਸਮਾਨਤਾ ਹੈ। ਕਈ ਸਰੋਤਾਂ ’ਚ ਤਾਂ ਇੱਕ ਤੋਂ ਦਸ ਸਾਲ ਤੱਕ ਦਾ ਅੰਤਰ ਹੈ। ਇਸ ਦਾ ਕਾਰਨ ਇਹ ਹੈ ਕਿ ਜਨਮ ਸਮੇਂ ਕਿਸੇ ਨੂੰ ਕੋਈ ਇਲਮ ਨਹੀਂ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ‘ਗੁਰੂ’ ਜਾਂ ਕੋਈ ਵੱਡੀ ਇਤਿਹਾਸਕ ਸ਼ਖ਼ਸੀਅਤ ਬਣਨਾ ਹੁੰਦਾ ਹੈ ਤਾਹੀਓਂ ਉਨ੍ਹਾਂ ਦੇ ਜਨਮ ਦਿਨ ਦਾ ਸਹੀ ਸਹੀ ਰਿਕਾਰਡ ਸੰਭਾਲਿਆ ਨਹੀਂ ਜਾਂਦਾ। ਜਿਨ੍ਹਾਂ ਲਿਖਾਰੀਆਂ ਨੇ ਆਪਣੀ ਲਿਖਤ ’ਚ ਲਿਖਿਆ ਹੈ, ਉਹ ਅੰਦਾਜ਼ੇ ਨਾਲ ਹੀ ਲਿਖ ਦਿੱਤਾ ਜਾਂ ਇੱਧਰੋਂ ਓਧਰੋਂ ਨਕਲ ਕਰਕੇ ਲਿਖ ਦਿੱਤਾ।

ਜੋਤੀ-ਜੋਤ ਸਮਾਉਣ ਸਮੇਂ ਗੁਰੂ ਸ਼ਖ਼ਸੀਅਤ ਦੀ ਸਿੱਖੀ ਸੇਵਕੀ ਅਤੇ ਪ੍ਰਸਿੱਧਤਾ ਬਹੁਤ ਵਧ ਚੁੱਕੀ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਘਟਨਾਵਾਂ, ਵੇਰਵਿਆਂ ਨੂੰ ਸਹੀ ਸਹੀ ਨੋਟ ਕਰ ਲਿਆ ਜਾਂਦਾ ਹੈ ਤਾਹੀਓਂ ਜੋਤੀ ਜੋਤ ਸਮਾਉਣ ਦੀਆਂ ਤਾਰੀਖ਼ਾਂ ਸੰਬੰਧੀ ਕੋਈ ਵਿਵਾਦ ਨਹੀਂ। ਕਰਤਾਰਪੁਰੀ ਬੀੜ ਵਿੱਚ ਵੀ ਸਭ ਗੁਰੂ ਸਾਹਿਬਾਨ ਜੀ ਦੇ ਜੋਤੀ-ਜੋਤ ਸਮਾਉਣ ਦੇ ਦਿਵਸ ਸਹੀ ਅੰਕਿਤ ਹਨ (ਪਰ ਜਨਮ ਦਿਨ, ਕਿਸੇ ਦਾ ਭੀ ਦਰਜ ਨਹੀਂ), ਜੋ ਇਹ ਪ੍ਰੋੜ੍ਹਤਾ ਕਰਦੇ ਹਨ ਕਿ ਕਿਸੇ ਭੀ ਗੁਰੂ ਸਾਹਿਬ ਦੇ ਜਨਮ ਦਿਵਸ ਨੂੰ ਦਾਅਵੇ ਨਾਲ਼ ਸਹੀ ਨਹੀਂ ਠਹਿਰਾਇਆ ਜਾ ਸਕਦਾ। ਵਧੇਰੇ ਸਹੀ ਅਤੇ ਮੰਨਣਯੋਗ ਤਾਰੀਖ਼ਾਂ ਦਾ ਨਿਤਾਰਾ ਕਰਨ ਦਾ ਹੱਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸਵ: ਸ: ਪਾਲ ਸਿੰਘ ਪੁਰੇਵਾਲ ਨੇ ਦੱਸਿਆ ਕਿ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ’ਚ ਪੰਜ ਮੁੱਖ ਅੰਗ ਹੁੰਦੇ ਹਨ ‘ਤਿੱਥ, ਵਾਰ, ਨਛੱਤਰ, ਕਰਨ ਤੇ ਯੋਗ’। ਗੁਰ ਪੁਰਬਾਂ ਵਾਲੇ ਪੁਰਾਤਨ ਸੋਮਿਆਂ ’ਚ ਗੁਰ ਪੁਰਬ ਦਿਹਾੜਿਆਂ ’ਚ ਆਮ ਤੌਰ ’ਤੇ ਤਿੱਥ, ਵਾਰ, ਨਛੱਤਰ ਅਤੇ ਕਈ ਥਾਂ ਸੰਗਰਾਂਦ ਦੇ ਹਿਸਾਬ ਨਾਲ਼ ਸੂਰਜੀ ਤਾਰੀਖ਼ਾਂ ਲਿਖੀਆਂ ਮਿਲਦੀਆਂ ਹਨ। ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਸਾਰੇ ਇਤਿਹਾਸਕਾਰਾਂ ਨੇ ਜੂਲੀਅਨ ਕੈਲੰਡਰ ਦੀਆਂ ਤਾਰੀਖ਼ਾਂ ਨੂੰ ਮਹੱਤਵ ਦੇਣਾ ਸ਼ੁਰੂ ਕੀਤਾ। ਕਿਸੇ ਲਿਖਾਰੀ ਜਾਂ ਇਤਿਹਾਸਕਾਰ ਦੁਆਰਾ ਦਿੱਤੀਆਂ ਤਾਰੀਖ਼ਾਂ ਨੂੰ ਸਹੀ ਮੰਨਣ ਲਈ ਉਸ ਸਮੇਂ ਨਾਲ਼ ਸੰਬੰਧਿਤ ਜੰਤਰੀਆਂ ਦੀ ਟੇਕ ਲੈਣੀ ਪੈਣੀ ਹੈ ਤਾਂ ਜੋ ਵੇਖਿਆ ਜਾ ਸਕੇ ਕਿ ਕਿਸ ਤਾਰੀਖ਼ ਦੇ ਸਾਰੇ ਤੱਥ; ਪੰਚਾਂਗ ਨਾਲ ਮਿਲਦੇ ਹਨ। ਪੰਚਾਂਗ ਨਾਲ਼ ਮਿਲਣ ਵਾਲ਼ੇ ਸਾਰੇ ਅੰਗਾਂ ਵਾਲ਼ੀ ਤਾਰੀਖ਼, ਸਹੀ ਜਦਕਿ ਬਾਕੀ ਤਾਰੀਖ਼ਾਂ ਗ਼ਲਤ ਹੋਣਗੀਆਂ। ਐਨੀਆਂ ਪੁਰਾਣੀਆਂ ਜੰਤਰੀਆਂ ਭੀ ਮਿਲਣੀਆਂ ਮੁਸ਼ਕਲ ਹਨ, ਇਸ ਲਈ ਪਾਲ ਸਿੰਘ ਜੀ ਨੇ 1469 ਤੋਂ 2100 ਤੱਕ ਭਾਵ 632 ਸਾਲਾ ਜੰਤਰੀ ਬਣਾ ਲਈ। ਜਿਸ ਦੀ ਸਹਾਇਤਾ ਨਾਲ ਇੱਕ ਤੋਂ ਦੂਸਰੀ ਪੱਧਤੀ ’ਚ ਤਾਰੀਖ਼ਾਂ ਆਸਾਨੀ ਨਾਲ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਜਿਸ ਵੀ ਦਿਹਾੜੇ ਦੀ ਪੰਚਾਂਗ ਦੇ ਸਾਰੇ ਅੰਗ ਅਸਲ ਨਾਲ ਮੇਲ ਖਾਣ, ਉਸ ਨੂੰ ਠੀਕ ਮੰਨਿਆ ਗਿਆ ਤੇ ਜਿਨ੍ਹਾਂ ’ਚ ਅੰਤਰ ਹੈ, ਉਨ੍ਹਾਂ ਤਾਰੀਖ਼ਾਂ ਨੂੰ ਗ਼ਲਤ ਸਮਝ ਕੇ ਰੱਦ ਕਰ ਦਿੱਤਾ।

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲਿਖੀਆਂ ਤਾਰੀਖ਼ਾਂ ’ਚ ਇੱਕ ਨਵੀਂ ਸਮੱਸਿਆ ਇਹ ਭੀ ਹੈ ਕਿ ਪੁਰਾਤਨ ਜਨਮਸਾਖੀਆਂ/ਲੇਖਕਾਂ ਵੱਲੋਂ ਦਿੱਤੀਆਂ ਸਾਰੀਆਂ ਹੀ ਤਾਰੀਖ਼ਾਂ ’ਚੋਂ ਕੋਈ ਤਾਰੀਖ਼ ਇਸ ਕਸਵੱਟੀ ’ਤੇ ਪੂਰੀ ਨਹੀਂ ਉਤਰਦੀ। ਇ ਲਈ ਜੋਤੀਜੋਤ ਸਮਾਉਣ ਦੀ ਨਿਰਵਿਵਾਦ ਤਾਰੀਖ਼ਚੋਂ ਹੀ ਕੁੱਲ ਉਮਰ ਘਟਾ ਕੇ ਜਨਮ ਮਿਤੀ ਵੈਸਾਖ’ ਸਿੱਧ ਹੋ ਗਈ

ਗੁਰੂ ਸਾਹਿਬ ਜੀ ਦਾ ਜਨਮ ੧ ਵੈਸਾਖ ਦੀ ਪ੍ਰੋੜਤਾ ਭਾਈ ਗੁਰਦਾਸ ਜੀ ਭੀ ਆਪਣੀ ਪਹਿਲੀ ਵਾਰ ਦੀ ੨੭ਵੀਂ ਪਉੜੀ ’ਚ ਵਰਤਿਆ ਸ਼ਬਦ ਵਿਸੋਆ ਅਤੇ ਪੰਚ ਖ਼ਾਲਸਾ ਦੀਵਾਨ ਭਸੌੜ ਵੱਲੋਂ ਛਾਪੀ ‘ਖ਼ਾਲਸਾ ਰਹਿਤ ਪ੍ਰਕਾਸ਼’ ਨਾਮ ਦੀ ਪੁਸਤਕ ਦੇ ਪੰਨਾ ਨੰ: 63 ’ਤੇ ਲਿਖੀ ‘੧ ਵੈਸਾਖ’ ਤੋਂ ਵੀ ਹੁੰਦੀ ਹੈ [ਕਰਮ ਸਿੰਘ ਹਿਸਟੋਰੀਅਨ ਨੇ 1912 ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ਦੀ ਭੂਮਿਕਾ ’ਚ ਭੀ ਇਸ ਪੰਚ ਖ਼ਾਲਸਾ ਦੀਵਾਨ ਭਸੌੜ ਦਾ ਹਵਾਲਾ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਖ਼ਾਲਸਾ ਰਹਿਤ ਪ੍ਰਕਾਸ਼ ਪੁਸਤਕ 1912 ਤੋਂ ਬਹੁਤ ਪਹਿਲਾਂ ਛਪੀ ਹੈ]।

੧ ਵੈਸਾਖ ਸੰਮਤ ੧੫੨੬ ’ਚੋਂ ਜੇ ਕਵੀ ਸੰਤੋਖ ਸਿੰਘ ਸਮੇਤ ਕਈ ਹੋਰਨਾਂ ਵਿਦਵਾਨਾਂ ਵੱਲੋਂ ਲਿਖੀ ਗਈ ਕੁੱਲ ਉਮਰ 70 ਸਾਲ 5 ਮਹੀਨੇ 7 ਦਿਨ ਜੋੜ ਦੇਈਏ ਤਾਂ ਭੀ ਸਰਬ ਪ੍ਰਵਾਨਿਤ ਜੋਤੀ-ਜੋਤ ਤਾਰੀਖ਼ ਅੱਸੂ ਵਦੀ ੧੦, ਸੰਮਤ ੧੫੯੬ ਬਣ ਜਾਂਦੀ ਹੈ।

ਪ੍ਰਚਲਿਤ ਮਨੌਤ ਹੈ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੂਰਨਮਾਸ਼ੀ ਵਾਲੇ ਦਿਨ ਹੋਇਆ, ਇਹ ਭੀ ਸਹੀ ਸਿੱਧ ਹੋ ਜਾਂਦੀ ਹੈ ਕਿਉਂਕਿ ੧ ਵੈਸਾਖ, ਸੰਮਤ ੧੫੨੬ ਨੂੰ ਚੇਤ ਮਹੀਨੇ ਦੀ ਪੂਰਨਮਾਸ਼ੀ ਹੀ ਸੀ।

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਸੰਬੰਧੀ ਸਵਾਲ-ਜਵਾਬ (ਭਾਗ 2)