ਸ਼ਹਿਨਸ਼ਾਹ ਖੁਦ ਹੀ ਕਉ ਭਾਖਤ

0
638

ਸ਼ਹਿਨਸ਼ਾਹ ਖੁਦ ਹੀ ਕਉ ਭਾਖਤ

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-੯੫੯੨੦-੯੩੪੭੨

ਸੰਸਾਰ ਦੇ ਇਤਿਹਾਸ ਅੰਦਰ ਸਿੱਖ ਕੌਮ ਦੀ ਬਿਲਕੁਲ ਵਿਲੱਖਣ ਅਤੇ ਆਦਰਯੋਗ ਥਾਂ ਹੈ। ਗਿਣਤੀ ਪੱਖੋਂ ਸਿੱਖ ਕੌਮ ਬਹੁਤ ਥੋੜ੍ਹੀ ਹੈ। ਇਸ ਦਾ ਸਰੂਪ ਸਿਧਾਂਤ ਅਤੇ ਜੀਵਨ ਕਰਨੀ; ਨਿਰਮਲ, ਨਿਆਰੀ ਅਤੇ ਗੁਣਾਂ ਭਰਪੂਰ ਹੈ। ਜਿਸ ਤੋਂ ਸੰਸਾਰ ਦੇ ਦੂਜੇ ਭਾਈਚਾਰੇ ਪ੍ਰਭਾਵਤ ਹੁੰਦੇ ਰਹੇ ਹਨ। ਜਦੋਂ ਸਿੱਖ ਕੌਮ ਦੇ ਅਤਿ ਮਾਣਯੋਗ ਇਤਿਹਾਸ ਨੂੰ ਘੋਖਵੀਂ ਅੱਖ ਨਾਲ ਕੋਈ ਸੰਸਾਰ ਦਾ ਸਿੱਖ ਅਤੇ ਗ਼ੈਰਸਿੱਖ ਚਿੰਤਕ ਵੇਖਦਾ ਹੈ ਤਾਂ ਉਸ ਦਾ ਸਿਰ, ਗੁਰੂ ਸਾਹਿਬਾਨ ਦੀ ਨਿਰੰਤਰ ਘਾਲਣਾ ਅੱਗੇ ਮੱਲੋ ਮੱਲੀ ਝੁਕ ਜਾਂਦਾ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਕਾਲੀ ਜੋਤਿ-ਜੁਗਤਿ ਦੇ ਵਾਰਸ ਹੋ ਕੇ ਅਕਾਲ ਪੁਰਖ ਦੀ ਖ਼ੁਦਾਈ ਰਹਿਮਤ ਸਦਕਾ ਸੰਸਾਰ ਦੀ ਧਰਤੀ ਉੱਤੇ ਆਉਂਦੇ ਹਨ ਤਾਂ ਉਸ ਵਕਤ ਮਨੁੱਖੀ ਸਮਾਜ ਦੀ ਹਾਲਤ ਅਤਿ ਤਿੜਕੀ ਹੋਈ, ਜ਼ੋਰ-ਜ਼ੁਲਮ ਦਾ ਸੰਤਾਪ ਸਹਿੰਦੀ ਅਤੇ ਢਹਿੰਦੀ ਦਿਸ਼ਾ ਵਿੱਚ ਸੀ। ਸੰਸਾਰ ਦਾ ਉਹ ਖਿੱਤਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਉਂਦੇ ਹਨ, ਉਹ ਰਾਜਨੀਤਕ ਪੱਖੋਂ ਸਦੀਆਂ ਦੀ ਗ਼ੁਲਾਮੀ ਦੀ ਸੱਟ ਸਹਿੰਦਾ ਆ ਰਿਹਾ ਸੀ। ਮੁਗ਼ਲ-ਪਠਾਣਾਂ ਦੀ ਗ਼ੁਲਾਮੀ ਇਸ ਖਿੱਤੇ ਦੇ ਲੋਕਾਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਦਸ਼ਾ ਨੂੰ ਬੁਰੀ ਤਰ੍ਹਾਂ ਤਬਾਹ ਕਰ ਚੁੱਕੀ ਸੀ। ਭਾਰਤੀ ਖੱਤਰੀ ਰਾਜਪੂਤ ਮਰਾਠੇ ਅਤੇ ਹੋਰ ਲੜਾਕੂ ਭਾਈਚਾਰੇ ਇਨ੍ਹਾਂ ਬਾਹਰੋਂ ਆਏ ਜ਼ਰਵਾਣਿਆਂ ਦਾ ਪਾਣੀ ਭਰਨ ਲਈ ਮਜ਼ਬੂਰ ਹੋ ਚੁੱਕੇ ਸਨ। ਇਸ ਖਿੱਤੇ ਦੇ ਲੋਕਾਂ ਦੀ ਆਬਰੂ, ਬਹੁਤ ਬੁਰੀ ਤਰ੍ਹਾਂ ਲੁੱਟ ਕੇ ਪੈਰਾਂ ਹੇਠ ਮਸਲ ਦਿੱਤੀ ਗਈ ਸੀ।

ਬੇਸ਼ੱਕ ਕਹਿਣ ਨੂੰ ਉਸ ਮੌਕੇ ਤਿੰਨ ਮਜ਼੍ਹਬ ਆਪਣਾ ਆਪਣਾ ਪ੍ਰਭਾਵ ਰੱਖਦੇ ਸਨ। ਇਸਲਾਮ ਬਾਹਰੋਂ ਆਏ ਹਮਲਾਵਰਾਂ ਦਾ ਮੱਤ ਸੀ, ਜੋ ਬੜੇ ਜ਼ੋਰ-ਜ਼ੁਲਮ ਅਤੇ ਕਪਟੀ ਢੰਗਾਂ ਨਾਲ ਫੈਲਾਇਆ ਗਿਆ ਸੀ। ਰਾਜਿਆਂ ਦਾ ਮਤ ਹੋਣ ਕਰਕੇ ਮਨਮਾਨੀ ਦੇ ਸਾਰੇ ਸਾਧਨ ਝੋਕਣ ਤੋਂ ਰੱਤਾ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਸੀ। ਹਿੰਦੂ ਮਤ ਦਰਜਾ-ਬਦਰਜਾ ਮਨੁੱਖੀ ਸਮਾਜ ਨੂੰ ਜਾਤੀ ਵੰਡ ਦਾ ਸ਼ਿਕਾਰ ਬਣਾਉਣ ਦਾ ਆਪਣਾ ਸਦੀਆਂ ਪੁਰਾਣਾ ਵਤੀਰਾ ਜਿਉਂ ਦਾ ਤਿਉਂ ਜਾਰੀ ਰੱਖਣ ਵਾਸਤੇ ਬਜ਼ਿੱਦ ਸੀ। ਇਸ ਦੇ ਧਾਰਮਿਕ ਮੁਖੀ; ਸਮੇਂ ਦੇ ਜ਼ੋਰ ਜ਼ੁਲਮ ਦੇ ਖ਼ਿਲਾਫ ਅਤੇ ਹਿੰਦੂ ਧਾਰਮਿਕ ਮਾਨਤਾਵਾਂ ’ਤੇ ਕੀਤੇ ਜਾਂਦੇ ਹਮਲਿਆਂ ਦਾ ਜਵਾਬ ਦੇਣ ਲਈ ਕਿਸੇ ਵੀ ਤਰ੍ਹਾਂ ਹਿੰਮਤ ਜੁਟਾਉਣ ਦੇ ਯੋਗ ਨਹੀਂ ਸਨ। ਮਨੁੱਖੀ ਜੀਵਨ ਦੀ ਮਹਾਨਤਾ ਦਾ ਘੋਰ ਨਿਰਾਦਰ ਇਹ ਲੋਕ ਖ਼ੁਦ ਵੀ ਕਰਦੇ ਸਨ। ਤੀਜੀ ਜਮਾਤ ਜੋਗ ਮਤ ਦੀ ਸੀ, ਜੋ ਗ਼ੈਰ-ਸਮਾਜਿਕ ਸਰੋਕਾਰਾਂ ਦੇ ਧਾਰਨੀ ਸਨ। ਕੇਵਲ ਆਪਣੇ ਮੱਤ ਦੇ ਕਠਿਨ ਕਰਮਕਾਂਡਾਂ ਨਾਲ ਆਪਣਾ ਜਾਤੀ ਅੱਗਾ ਸੰਵਾਰਨ ਅਤੇ ਪੂਜਾ ਪ੍ਰਤਿਸ਼ਟਾ ਨੂੰ ਮੰਨਣ ਤੱਕ ਹੀ ਜੀਵਨ ਕਿਰਿਆ ਸੀਮਤ ਰੱਖੀ ਹੋਈ ਸੀ। ਆਮ ਸਮਾਜ ਦੇ ਸਿਰ ’ਤੇ ਇਹ ਲੋਕ ਇੱਕ ਭਾਰ ਤੋਂ ਸਿਵਾਏ ਕੁਝ ਵੀ ਐਸਾ ਨਹੀਂ ਸਨ ਜੋ ਮਨੁੱਖੀ ਜ਼ਿੰਦਗੀ ਨੂੰ ਸਮੇਂ ਦੀਆ ਬੁਰਾਈਆਂ ਜਾਂ ਜ਼ੋਰ-ਜ਼ੁਲਮ ਦੇ ਖ਼ਿਲਾਫ ਅਣਖੀ ਜ਼ਿੰਦਗੀ ਜੀਊਣ ਦਾ ਸਬਕ ਦੇ ਦੇਂਦੇ।

ਐਸੇ ਅਧੋਗਤੀ ਦੇ ਦੌਰ ਵਿੱਚ ਫਸੇ ਹੋਏ ਮਨੁੱਖੀ ਸਮਾਜ ਲਈ ਜ਼ਿੰਦਗੀ ਨੂੰ ਸਹੀ ਸਚਿਆਰ ਮਾਰਗ ਦੱਸਣ ਦਾ ਨਿਸ਼ਾਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਸ ਸੀ। ਉਨ੍ਹਾਂ ਨੇ ਪਹਿਲਾਂ ਫੈਲੀਆਂ ਕਮਜ਼ੋਰੀਆਂ, ਬੁਰਾਈਆਂ ਅਤੇ ਧੱਕੇਸ਼ਾਹੀਆਂ ਤਰਾਸਦੀਆਂ ਨੂੰ ਰੱਬੀ ਗਿਆਨ ਦੀ ਅੱਖ ਨਾਲ ਵੇਖਿਆ। ਭਾਈ ਗੁਰਦਾਸ ਜੀ ਅਨੁਸਾਰ, ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪) ਸੰਸਾਰ ਦੀ ਇਸ ਭਿਆਨਕ ਅਧੋਗਤੀ ਨੂੰ ਸੁਧਾਰਨ ਸੰਵਾਰਨ ਲਈ ਲੰਮੀ ਰਣਨੀਤੀ ਅਤੇ ਜੁਗਤਿ ਦੀ ਜ਼ਰੂਰਤ ਸੀ। ਗ਼ੁਲਾਮੀ ਦੀ ਰਸਾਤਲ ਵਿੱਚ ਧਸੇ ਹੋਏ ਮਨੁੱਖੀ ਸਮਾਜ ਨੂੰ ਜ਼ਿੰਦਗੀ ਦਾ ਵਡਮੁੱਲਾ ਮਕਸਦ ਸਮਝਾਉਣਾ ਅਤੇ ‘‘ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ’’ (ਮਹਲਾ /੪੭੪) ਦੀ ਆਤਮ-ਨਿਰਭਰਤਾ ਭਰਨਾ, ਉਸ ਵਕਤ ਸਭ ਤੋਂ ਔਖਾ ਕੰਮ ਸੀ। ਜਿਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵੀਕਾਰ ਕਰਕੇ ‘‘ਚੜ੍ਹਿਆ ਸੋਧਣਿ; ਧਰਤਿ ਲੁਕਾਈ ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪) ਅਤੇ ਅਕਾਲ ਪੁਰਖੀ ਸਿੰਘ ਨਾਦ ਵਜਾਇਆ। ਜਿਸ ਦੀ ਗਰਜ ਨੇ ਸਾਰੇ ਪਾਸੇ ਥਰ-ਥਰਾਹਟ ਪੈਦਾ ਕਰ ਦਿੱਤੀ। ਉਨ੍ਹਾਂ ਜੋ ਨਿਸ਼ਾਨਾ ਮਿੱਥਿਆ, ਉਹ ਪੜ੍ਹ ਸੁਣ ਕੇ ਉਂਗਲਾਂ ਮੂੰਹੀਂ ਆ ਜਾਂਦੀਆਂ ਹਨ। ਦਬੇ-ਕੁਚਲੇ ਅਤੇ ਸਾਹ-ਸਤ ਹੀਣ ਸਮਾਜ ਅੰਦਰ ਜ਼ਿੰਦਗੀ ਦਾ ਉੱਚਾ ਸੁੱਚਾ ਮਕਸਦ ਭਰਨ ਦਾ ਨਿਰਣਾ ਲਿਆ। ਦੋ ਅਹਿਮ ਸਵਾਲਾਂ ਰਾਹੀਂ ਇਸ ਮਕਸਦ (ਇਲਾਹੀ ਪੈਗਾਮ) ਬਾਰੇ ਚੇਤਨਾ ਪੈਦਾ ਕੀਤੀ ਗਈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੂਟੈ ਪਾਲਿ ?’’ ਇਨ੍ਹਾਂ ਦੋਵੇਂ ਸਵਾਲਾਂ ਅੰਦਰ ਕ੍ਰਾਂਤੀ-ਇਨਕਲਾਬ ਦੀਆਂ ਮਜ਼ਬੂਤ ਜੜ੍ਹਾਂ ਹਨ। ਬੇ-ਅਰਥੀ ਤੇ ਬੇ-ਰਸੀ ਜ਼ਿੰਦਗੀ ਜੀਊਣ ਵਾਲੀ ਲੁਕਾਈ ਨੂੰ ਇਨ੍ਹਾਂ ਦੋਵੇਂ ਸਵਾਲਾਂ ਦਾ ਉੱਤਰ ਵੀ ਬਖਸ਼ਿਆ ਕਿ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ’’ (ਜਪੁ/ਮਹਲਾ ) ਬੜਾ ਸਪਸ਼ਟ ਸੰਦੇਸ਼ ਹੈ ਕਿ ਐ ਮਨੁੱਖ ! ਗ਼ੁਲਾਮੀ ਤੋਂ ਆਜ਼ਾਦੀ ਵੱਲ ਜਾਣ ਲਈ (ਭਾਵ ਸਮੇਂ ਦੀਆਂ ਬਾਦਸ਼ਾਹੀਆਂ ਨੂੰ ਵੰਗਾਰਨ ਲਈ) ਅਰਥਹੀਣ ਰੂੜ੍ਹੀਵਾਦੀ ਧਾਰਮਿਕ ਰਵਾਇਤਾਂ ਅਤੇ ਵਕਤੀ ਰਾਜਿਆਂ ਦੀ ਤਾਨਾਸ਼ਾਹੀ ਅੱਗੇ ਸਿਰ ਝੁਕਾਉਣਾ; ਛੱਡ ਕੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜੋ ਇੱਕੋ ਇੱਕ ਹਨ, ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੇ ਭਗਤੀ ਕਰਨ ਲੱਗ ਜਾਓ। ਜ਼ਿੰਦਗੀ ਸਚਿਆਰ ਹੋ ਜਾਵੇਗੀ। ਕੂੜ-ਗ਼ੁਲਾਮੀ ਦੀ ਕੰਧ ਢਹਿ-ਢੇਰੀ ਹੋ ਜਾਵੇਗੀ। ਮਨੁੱਖ ਦੇ ਅੰਦਰ ਸੁੱਤੀਆਂ ਕਲਾਂ ਜਗਾਉਣ ਦੇ ਵੱਡੇ ਮਕਸਦ ਲਈ ਉਨ੍ਹਾਂ ਆਵਾਜ਼ ਕੀਤੀ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨)

ਹਰ ਪ੍ਰਕਾਰ ਦੀ ਗ਼ੁਲਾਮੀ ਤੋਂ ਆਜ਼ਾਦੀ ਵੱਲ ਵੱਡੀ ਪੁਲਾਂਘ ਪੁੱਟਣ ਦੇ ਮੁਤਲਾਸ਼ੀ (ਖੋਜੀ); ਜਿਵੇਂ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਗਿਰਦੇ ਇਕੱਠੇ ਹੋਏ ਉਹ ਇਤਿਹਾਸ ਦੇ ਪੰਨੇ ਬਾਖ਼ੂਬੀ ਦੱਸ ਰਹੇ ਹਨ। ਗੁਰੂ ਜੀ ਨੇ ਇੱਕ ਅਹਿਮ ਖ਼ੁਦਾਈ ਬਖ਼ਸ਼ਿਸ਼ ਦੇ ਰਾਜ਼ ਦੀ ਗੱਲ ਹੋਰ ਵੀ ਸਮਝਾਈ ਕਿ ਦੁਨਿਆਵੀ ਤਖ਼ਤਾਂ ਤਾਜਾਂ ਦੇ ਮਗਰ ਭੱਜਣ ਦੀ ਥਾਂ ਪਹਿਲਾਂ ਉਸ ਪਾਤਸ਼ਾਹੀ ਨੂੰ ਪ੍ਰਾਪਤ ਕਰਨ ਲਈ ਖ਼ੁਦਾਈ ਹੁਕਮ ਅੰਦਰ ਜੀਊਣਾ ਲਾਜ਼ਮੀ ਹੈ। ਜਿੱਥੇ ਬੰਦਿਆਂ ਦੀ ਤਾਰੀਫ਼ ਦੀ ਥਾਂ ਇੱਕੋ ਇੱਕ ਖ਼ੁਦਾ ਦੀ ਸਿਫ਼ਤੋਂ ਸਾਲਾਹ ਦੀ ਬਖ਼ਸ਼ਿਸ਼ ਮਿਲਦੀ ਹੈ। ਇਸ ਬਖ਼ਸ਼ਿਸ਼ ਵਿੱਚ ਕਾਦਰ ਦੀ ਆਪਣੀ ਪਾਤਸ਼ਾਹੀ ਭਰੀ ਹੋਈ ਹੈ। ਗੁਰੂ ਗਿਆਨ ਦੇ ਅੰਮ੍ਰਿਤ ਬੋਲ ਹਨ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ ! ਪਾਤਿਸਾਹੀ ਪਾਤਿਸਾਹੁ ’’ (ਜਪੁ) ਇੱਥੇ ਸਾਰੀਆਂ ਬਾਦਸ਼ਾਹੀਆਂ ਝੁਕਦੀਆਂ ਹਨ। ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਬਾਬਰ ਨੂੰ ਸੰਸਾਰ ਨੇ ਖ਼ੁਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਅੱਗੇ ਹਾਰਦਾ ਵੇਖਿਆ। ਇੱਥੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਅੰਦਰ ਰੂਹਾਨੀਅਤ ਦੀਆਂ ਸਿਖ਼ਰਾਂ ਛੂਹਣ ਵਾਲੀ ਅਮਲੀ ਕਮਾਈ ਦੀ ਜਿੱਥੇ ਪ੍ਰਬਲ ਲਾਲਸਾ ਪੈਦਾ ਹੁੰਦੀ ਹੈ, ਉੱਥੇ ਖ਼ੁਦ ਨੂੰ ਦੁਨਿਆਵੀ ਬਾਦਸ਼ਾਹ ਦੀਆਂ ਕੂੜੀਆਂ ਗ਼ੁਲਾਮੀਆਂ ਨਾ ਮੰਨਣ ਦੀ ਹਿੰਮਤ ਪੈਦਾ ਹੁੰਦੀ ਹੈ।

ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਤੋਂ ਅਸ਼ੀਰਵਾਦ ਲੈਣ ਹਮਾਯੂੰ ਵਰਗਾ ਪਾਤਸ਼ਾਹ ਵੀ ਆਉਂਦਾ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਅਕਬਰ ਬਾਦਸ਼ਾਹ ਹਾਜ਼ਰੀ ਭਰਨੀ ਗ਼ਨੀਮਤ ਸਮਝਦਾ ਹੈ। ਸਮੇਂ ਦੀਆਂ ਹਕੂਮਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਦੀ ਅਹਿਮੀਅਤ ਦੀ ਬੇਬਾਕ ਜਾਣਕਾਰੀ ਭਾਈ ਜੇਠਾ ਜੀ, ਜੋ ਸਮੇਂ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੋ ਕੇ ਰੱਬੀ ਫ਼ਰਜ਼ ਪਾਲ਼ਦੇ ਪ੍ਰਸਾਰਦੇ ਹਨ, ਲਾਹੌਰ ਜਾ ਕੇ ਦੇਂਦੇ ਹਨ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਪਾਸੋਂ ਸਮੇਂ ਦੇ ਜਰਵਾਣੇ (ਬਲਵਾਨ) ਬਾਦਸ਼ਾਹ ਦਾ ਕਰਿੰਦਾ ‘ਬੀਰਬਲ’ ਹਕੂਮਤੀ ਜਜ਼ੀਆ-ਟੈਕਸ ਮੰਗਦਾ ਹੈ ਤਾਂ ਗੁਰੂ ਸਾਹਿਬ ਜੀ ਦਾ ਸਪਸ਼ਟ ਜਵਾਬ ਸੀ ਕਿ ਇਹ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੀ ਕੌਮ ਹੈ, ਤੀਰਥ-ਅਸਥਾਨਾਂ ’ਤੇ ਭਰਮਣ ਕਰਨ ਵਾਲੀ ਨਹੀਂ । ਇਹ ਕੇਵਲ ਅਕਾਲ ਪੁਰਖ ਸ਼ਹਿਨਸ਼ਾਹ ਦਾ ਹੁਕਮ ਮੰਨਦੀ ਹੈ, ਇਸ ਲਈ ਹਕੂਮਤੀ ਜਜ਼ੀਆ ਨਹੀਂ ਭਰਿਆ ਜਾਵੇਗਾ। ਸਮੇਂ ਦੇ ਹਾਕਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਅੰਦਰ ਨਿਰਭਉ-ਨਿਰਵੈਰ ਖ਼ੁਦਾਈ ਗੁਣਾਂ ਵਾਲੇ ਤਿਆਰ ਹੋ ਰਹੇ ਸਚਿਆਰ ਮਨੁੱਖਾਂ ਨੂੰ ਤਖ਼ਤੋ ਤਾਜਾਂ ਲਈ ਵੰਗਾਰ ਵਜੋਂ ਲੰਮੇ ਸਮੇਂ ਤੋਂ ਦੇਖ ਰਹੇ ਸਨ। ਇਸੇ ਲਈ ਇਨਕਲਾਬ ਦੀ ਅਦੁੱਤੀ ਖਾਣ ਦੇ ਮਾਲਕ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਅਣਮਨੁੱਖੀ ਤਸੀਹੇ ਦੇਂਦੇ ਹਨ। ਗੁਰੂ ਪਾਤਸ਼ਾਹ ਦੀ ਸ਼ਹਾਦਤ ਨੇ ਸਮੇਂ ਦੀਆਂ ਸਲਤਨਤਾਂ (ਹੁਕੂਮਤਾਂ) ਦੇ ਥੰਮ੍ਹਾਂ ਨੂੰ ਹਿਲਾਉਣ ਦਾ ਕੰਮ ਕੀਤਾ। ਦੁਨਿਆਵੀ ਬਾਦਸ਼ਾਹੀ ਦੀ ਗ਼ੁਲਾਮੀ ਤੋਂ ਸੁਤੰਤਰ ਹੋ ਕੇ ਕੇਵਲ ਖ਼ੁਦਾਈ ਪਾਤਸ਼ਾਹੀ ਅੱਗੇ ਸਿਜਦਾ ਕਰਨ ਵਾਲੇ ਸਚਿਆਰ ਸਿੱਖਾਂ ਦਾ ਕਾਫ਼ਲਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਹਿਨੁਮਾਈ ਹੇਠ, ਜ਼ੋਰ ਅਤੇ ਜ਼ੁਲਮ ਢਾਹੁਣ ਵਾਲੇ ਜ਼ਰਵਾਣਿਆਂ ਨਾਲ ਖੰਡੇ ਨਾਲ ਖੰਡਾ ਖੜਕਾ ਅਜਿੱਤ ਹੋ ਵਕਤੀ ਹਾਕਮਾਂ ਦੀਆਂ ਦੰਦੀਆਂ ਜੋੜ ਦੇਂਦਾ ਹੈ। ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦੇ ਵੱਡੇ ਅਰਥ; ਗੁਰੂ ਜੀ ਨੇ ਖ਼ੁਦ ਸਮਝਾਏ ਸਨ ਕਿ ਮੀਰੀ ਕਿਰਪਾਨ ਨਾਲ ਮੀਰਾਂ (ਜ਼ਰਵਾਣਿਆਂ) ਦੀ ਮੀਰੀ ਖਿੱਚ ਲੈਣੀ ਹੈ ਅਤੇ ਪੀਰੀ ਕਿਰਪਾਨ ਨਾਲ ਅੰਧਵਿਸ਼ਵਾਸ ਦੇ ਭਰਮ-ਭੁਲੇਖੇ ਖਿੱਚ ਲੈਣੇ ਹਨ। ਇੱਥੋਂ ਤੱਕ ਆਪਾਂ ਦੇਖ ਲਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਤਿਆਰ ਹੋਣ ਵਾਲੇ ਸਚਿਆਰ ਮਨੁੱਖਾਂ ਅੰਦਰ ਦੁਨਿਆਵੀ ਬਾਦਸ਼ਾਹੀ ਦੀ ਸਰਦਾਰੀ ਕਬੂਲਣ ਦਾ ਕਿਧਰੇ ਲੇਸ ਮਾਤਰ ਅੰਸ਼ ਵੀ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਸੱਚੀ ਪਾਤਸ਼ਾਹੀ ਗੁਰੂ ਦਰ-ਘਰ ਦਾ ਡੰਕਾ ਉਦੋਂ ਹੋਰ ਉੱਚਾ ਹੋ ਗਿਆ ਜਦੋਂ ਇਸ ਪਾਤਸ਼ਾਹੀ ਨੇ ਕੈਦੀ ਰਾਜਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ।

ਧੰਨ ਗੁਰੂ ਹਰਿਰਾਇ ਪਾਤਸ਼ਾਹ ਜੀ ਨੇ ਨਿਰਭਉ-ਨਿਰਵੈਰ ਵਿਚਰਦਿਆਂ 2200 ਘੋੜ ਸਵਾਰ ਤਿਆਰ-ਬਰ-ਤਿਆਰ ਹਰ ਵਕਤ ਨਾਲ ਰੱਖ ਕੇ ਸਮੇਂ ਦੀ ਬਾਦਸ਼ਾਹੀ ਦਾ ਕੋਈ ਅਸਰ ਨਹੀਂ ਕਬੂਲਿਆ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ‘ਨਹਿ ਦਰਸਹਿ, ਨਹਿ ਦਰਸਾਵਹਿ ਦਰਸ਼ਨ’ ਵਾਕ ਕਹਿ ਕੇ ਔਰੰਗਜ਼ੇਬ ਵਰਗੇ ਜ਼ਾਬਰ ਨੂੰ ਚਕਨਾਚੂਰ ਕਰ ਸੱਚੀ ਪਾਤਸ਼ਾਹੀ ਦਾ ਜਾਹੋ-ਜਲਾਲ ਬਰਕਰਾਰ ਰੱਖਿਆ। ਧੰਨ ਗੁਰੂ ਤੇਗ਼ ਬਹਾਦਰ ਪਾਤਸ਼ਾਹ ਜੀ ਨੇ ਦੁਨਿਆਵੀ ਬਾਦਸ਼ਾਹੀਆਂ ਨੂੰ ਸੱਚੀ ਪਾਤਸ਼ਾਹੀ ਦਾ ਲੋਹਾ ਮੰਨਵਾਉਣ ਲਈ ਮਜਬੂਰ ਕੀਤਾ। ਵਕਤ ਆਉਣ ’ਤੇ ਦੁਨਿਆਵੀ ਤਖ਼ਤੋ ਤਾਜ ਤੋਂ ਮਿਲੇ ਮੌਤ ਵਰਗੇ ਡਰਾਵਿਆਂ ਨੂੰ ਵਗਾਹ ਮਾਰਿਆ। ਜਿਨ੍ਹਾਂ ਪੰਡਿਤਾਂ ਦੇ ਮਜ਼੍ਹਬੀ ਅਕੀਦੇ ਅੰਦਰ ਗੁਰੂ ਨਾਨਕ ਜੀ ਦੇ ਫ਼ਲਸਫ਼ੇ ਪ੍ਰਤੀ ਪੂਰਨ ਯਕੀਨ ਵੀ ਨਹੀਂ ਸੀ, ਉਨ੍ਹਾਂ ਦੀ ਰੱਖਿਆ ਲਈ ਅਤੇ ਜਰਵਾਣੇ ਹਾਕਮਾਂ ਦੀ ਜ਼ੁਲਮ ਕਰਦੀ ਤਲਵਾਰ ਨੂੰ ਖੁੰਢਿਆਂ ਕਰਨ ਲਈ ਦਿੱਲੀ ਆ ਵੰਗਾਰਿਆ। ਸਿਰ ਦੇ ਕੇ ਸੱਚੀ ਪਾਤਸ਼ਾਹੀ ਨੂੰ ਸੰਸਾਰ ਅੰਦਰ ਉਜਾਗਰ ਕੀਤਾ। ਸ਼ਰੇਆਮ ਜਿਸ ਚੜ੍ਹਦੀ ਕਲਾ ਅੰਦਰ ਗੁਰੂ ਕੇ ਤਿੰਨ ਸਚਿਆਰ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ) ਨੇ ਦੁਨਿਆਵੀ ਤਖ਼ਤ ਦੁਰਕਾਰਦਿਆਂ ਸਿਰ ਵਾਰੇ, ਏਥੋਂ ਸਚਿਆਰ ਸਿੱਖਾਂ ਅੰਦਰ ਭਰੇ ਜਾ ਚੁੱਕੇ ਸੱਚੀ ਪਾਤਸ਼ਾਹੀ ਦੇ ਮਹਾਨ ਸੰਕਲਪ ਦਾ ਭਵਿੱਖ ਉਭਰਦਾ ਹੈ।

ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਸਚਿਆਰ ਮਨੁੱਖਾਂ ਦਾ ਜਥੇਬੰਦ ਕਾਫ਼ਲਾ; ਦੁਨਿਆਵੀ ਬਾਦਸ਼ਾਹੀਆਂ ਤੋਂ ਪੂਰੀ ਤਰ੍ਹਾਂ ਸਦੀਵੀ ਮੁਕਤ ਕਰਨ ਲਈ ਅਕਾਲ ਪੁਰਖ ਜੀ ਦੇ ਅਨੁਸਾਰ ‘ਸਚਿਆਰ ਖ਼ਾਲਸਾ’ ਪ੍ਰਗਟ ਕੀਤਾ। ਸੰਨ 1699 ਦੀ ਵੈਸਾਖੀ ਨੂੰ ‘‘ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ’’ ਨੇ ਸਮੇਂ ਦੀਆਂ ਬਾਦਸ਼ਾਹੀਆਂ ਦੇ ਜ਼ੁਲਮ-ਸਿਤਮ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਕਿੰਨੀਆਂ ਹੀ ਲੜਾਈਆਂ ਲੜੀਆਂ ਤੇ ਜਿੱਤੀਆਂ। ਅਕਾਲ ਪੁਰਖ ਕੀ ਖ਼ਾਲਸਾ ਫ਼ੌਜ, ਸੰਸਾਰ ਦੇ ਬਾਦਸ਼ਾਹੀ ਘਰਾਂ ਅੰਦਰ ਇੱਕ ਅਜੀਬੋ ਗ਼ਰੀਬ ਘਬਰਾਹਟ ਖੜ੍ਹੀ ਕਰ ਦੇਂਦੀ ਹੈ। ਸਮਰੱਥ ਗੁਰੂ ਪਾਤਸ਼ਾਹ ਜੀ ਦੀ ਸ਼ਹਿਨਸ਼ਾਹਤ ਹੇਠ ਰੱਬੀ ਰੰਗ ’ਚ ਰੱਤੇ ਹੋਏ ਦੂਲੇ ਖ਼ਾਲਸੇ; ਦੁਨਿਆਵੀ ਸੁੱਖਾਂ ਅਤੇ ਸਭ ਲਾਲਸਾਵਾਂ ਤੋਂ ਪੂਰਨ ਤੌਰ ’ਤੇ ਮੁਕਤ ਸਨ। ਰੂਹਾਂ ਵਿੱਚੋਂ ਇਹ ਗੁਰੂ ਵਾਕ ਆਪ ਮੁਹਾਰੇ ਪ੍ਰਗਟ ਹੁੰਦਾ ਹੈ ‘‘ਰਾਜੁ ਚਾਹਉ, ਮੁਕਤਿ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ’’ (ਮਹਲਾ /੫੩੪)

ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਜੋ ‘ਜੋਤਿ ਜੁਗਤਿ’ ਪਹਿਲੀ ਪਾਤਸ਼ਾਹੀ ਨੂੰ ਬਖ਼ਸ਼ੀ ਗਈ ਸੀ, 1708 ਈਸਵੀ ਅੰਦਰ ਉਸ ਦੇ ਵਾਰਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ। ਉਨ੍ਹਾਂ ਨੇ ਆਪਣੀ ‘ਨਾਨਕ ਜੋਤਿ’; ਧੰਨ ਗੁਰੂ ਗਰੰਥ ਸਾਹਿਬ ਜੀ ਅੰਦਰ ਸਥਾਪਿਤ ਕਰ ਗੁਰਤਾ ਗੱਦੀ ਬਖ਼ਸ਼ ਦਿੱਤੀ ਅਤੇ ਆਪਣੀ ‘ਨਾਨਕ ਜੁਗਤਿ’; ਅਕਾਲ ਪੁਰਖ ਕੀ ਫ਼ੌਜ ਖ਼ਾਲਸਾ ’ਚ ਸਥਾਪਿਤ ਕਰ ਗੁਰੂ ਗਰੰਥ ਸਾਹਿਬ ਪਾਤਸ਼ਾਹ ਜੀ ਅਨੁਸਾਰੀ ਵਰਤਣ ਦਾ ਆਦੇਸ਼ ਦਿੱਤਾ। ਖ਼ਾਲਸੇ ਦੀ ਤੇਗ਼ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਮੁੱਚੇ ਭਾਰਤ ’ਚੋਂ ਦੁਨਿਆਵੀ ਬਾਦਸ਼ਾਹੀ ਦਾ ਸਾਹ-ਸਤ (ਘਮੰਡ) ਸੂਤ (ਖਿੱਚ) ਲਿਆ ਸੀ, ਜਿਸ ਨਾਲ ਬਾਦਸ਼ਾਹੀ ਤਖ਼ਤ ਡੱਕੇ ਡੋਲੇ ਖਾਣ ਲੱਗ ਪਿਆ ਸੀ। ਅਜਿਹੀ ਸੱਚੀ ਪਾਤਸ਼ਾਹੀ ਦਾ ਵਾਰਸ ਸਚਿਆਰ ਖ਼ਾਲਸਾ; ਵਕਤ ਦੇ ਤਖ਼ਤੋ ਤਾਜਾਂ ਵਾਲਿਆਂ ਨੂੰ ਭਾਜੜ ਪਾਉਣ ਲਈ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਦੀ ਸਰਪ੍ਰਸਤੀ ਹੇਠ ਭਾਈ ਗੁਰਬਖਸ਼ ਸਿੰਘ ਜੀ (ਬਾਬਾ ਬੰਦਾ ਸਿੰਘ ਬਹਾਦਰ) ਨੂੰ ਥਾਪੜਾ ਦੇ ਕੇ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਤੋਰਿਆ।

ਸਚਿਆਰ ਮਨੁੱਖ/ਖ਼ਾਲਸੇ ਦੀ ਵਿਰਾਸਤ ਵਿੱਚ ਗ਼ੁਲਾਮੀ ਸ਼ਬਦ ਨਹੀਂ ਹੈ ਭਾਵੇਂ ਕਿ ਸਦੀਆਂ ਤੋਂ ਜਰਵਾਣੇ ਰਾਜੇ; ਲੋਕਾਂ ਦੇ ਗਲ਼ੀਂ ਜ਼ੰਜੀਰਾਂ ਪਾ ਕੇ ਮਨਮਰਜ਼ੀਆਂ ਕਰਵਾਉਂਦੇ ਆ ਰਹੇ ਸਨ। ਖ਼ਾਲਸੇ ਅੰਦਰ ਕੇਵਲ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ ਵਿਸ਼ਵਾਸ ਬਣਾਏ ਰੱਖਣਾ ਹੀ ਇੱਕੋ ਇੱਕ ਗ਼ੁਲਾਮੀ ਸੀ, ਇਹੀ ਰੂਹਾਨੀਅਤ ਵਰਤਾਰਾ ਸੀ। ਇਸ ਦੇ ਵਾਸਤੇ ਆਪਣਾ ਤਨ, ਮਨ, ਧਨ ਸੌਂਪਣ ਨੂੰ ਤਤਪਰ ਰਹਿੰਦੇ। ਇਸ ਉੱਤਮ ਜੀਵਨ ਰਹੱਸ ਨੂੰ ਮਾਨਣ ਵਾਲੇ ਖ਼ਾਲਸੇ; ਗੁਰੂ ਜੀ ਦੇ ਸਚਿਆਰ ਸਿੱਖ; ਆਪਣੇ ਆਪੇ ਨੂੰ ਵਧੇਰੇ ਸੰਵਾਰਨ ਲਈ ਆਪਣੇ ਸਤਿਸੰਗੀਆਂ ਦੀ ਗ਼ੁਲਾਮੀ (ਸੇਵਾ) ਮੰਗਦੇ ਰਹਿੰਦੇ, ‘‘ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨ੍ਾ ਅਨਦਿਨੁ, ਹਰਿ ਪ੍ਰਭੁ ਪੁਰਖੁ ਧਿਆਇਆ ’’ (ਮਹਲਾ /੪੯੩)

ਦੁਨਿਆਵੀ ਬਾਦਸ਼ਾਹੀ ਅੱਗੇ ਸਿਰ ਝੁਕਾਉਣ ਦਾ ਵਰਤਾਰਾ; ਸਿੱਖ ਜ਼ਮੀਰ ਨੇ ਨੇੜੇ ਨਹੀਂ ਫਟਕਣ ਦਿੱਤਾ ਗਿਆ। ਸੰਨ 1708 ਤੋਂ ਬਾਅਦ ਅਕਾਲ ਪੁਰਖ ਕੀ ਫ਼ੌਜ (ਖ਼ਾਲਸਾ); ਲੰਮਾ ਸਮਾਂ ਕੂੜੀਆਂ ਬਾਦਸ਼ਾਹੀਆਂ ਦੇ ਅਣਸੁਖਾਵੇ ਵਰਤਾਰਿਆਂ ਨੂੰ ਰੋਕਣ ਲਈ ਸੰਘਰਸ਼ ਕਰਦਾ ਹੈ। ਖ਼ਾਲਸਈ ਰਾਜ-ਭਾਗ ਦੀ ਵਿਆਖਿਆ; ਗੁਰੂ ਗਿਆਨ ਦੇ ਝਰੋਖੇ (ਰੌਸ਼ਨਦਾਨ), ‘‘ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਮਹਲਾ ੫/੭੪) ’ਚੋਂ ਹੁੰਦੀ ਹੈ। ਸੰਸਾਰ; ਖ਼ਾਲਸੇ ਦੇ ਹਲੇਮੀ ਰਾਜ ਨੂੰ ਸਭ ਤੋਂ ਵੱਧ ਲੋਕ-ਰਾਜੀ, ਲੋਕ-ਹਿਤੂ, ਲੋਕ ਹੱਕੀ ਸਮਝਦਾ ਆ ਰਿਹਾ ਹੈ। ਅੱਜ ਸੰਸਾਰਭਰ ਅੰਦਰ ਕੌਮ ਆਜ਼ਾਦ ਹੈ। ਇਸ ਕੋਲ਼ ਜ਼ਿੰਦਗੀ ਜੀਊਣ ਦਾ ਗੁਰੂ ਬਖ਼ਸ਼ਿਆ ਮਕਸਦ, ‘‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ (ਮਹਲਾ /੧੨) ਅਤੇ ‘‘ਵਿਚਿ ਦੁਨੀਆ ਸੇਵ ਕਮਾਈਐ   ਤਾ ਦਰਗਹ ਬੈਸਣੁ ਪਾਈਐ   ਕਹੁ ਨਾਨਕ  ! ਬਾਹ ਲੁਡਾਈਐ ’’ (ਮਹਲਾ /੨੬) ਮੌਜੂਦ ਹੈ।

ਖ਼ਾਲਸਾ; ਗੁਰੂ ਬਖ਼ਸ਼ੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਨੂੰ ਕਿਸੇ ਵੀ ਹਕੂਮਤ ਦੀ ਗ਼ੁਲਾਮੀ ਕਰਨੀ ਪਰਵਾਨ ਨਹੀਂ। ਆਪਣੀ ਨਿਵੇਕਲੀ ਪਹਿਚਾਣ ਅਤੇ ਗੁਰੂ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ; ਹਰ ਕੀਮਤ ਤਾਰਨ ਲਈ ਤਿਆਰ-ਬਰ-ਤਿਆਰ ਹੈ। ਖ਼ਾਲਸਾ ਹੋ ਕੇ ਅਮਲੀ ਜ਼ਿੰਦਗੀ ਜੀਊਣ ਦਾ ਮਾਣ ਹਾਸਲ ਕਰਨ ਵਾਲਾ; ਸ੍ਵੈਮਾਣ ਦੇ ਉਸ ਮੁਕਾਮ ’ਤੇ ਵੱਸਦਾ ਹੈ, ਜਿਸ ਲਈ ਸ਼ਹਿਨਸ਼ਾਹ ਖੁਦ ਹੀ ਕੋ ਭਾਖਤ ਬੋਲ ਉਚਾਰੇ ਗਏ ਹਨ। ਅੱਜ ਵੀ ਸੰਸਾਰਕ ਪੱਧਰੀ ਰਾਜ ਸਥਾਪਤ ਕਰਨ ਵਾਲਾ; ਖ਼ਾਲਸੇ ਅੰਦਰ ਵੱਡਾ ਆਤਮਿਕ ਗੁਣ ‘ਸਰਬੱਤ ਦਾ ਭਲਾ’ ਸੰਕਲਪ ਜੀਊਂਦਾ ਹੈ। ਇਸ ਦਾ ਜੀਊਂਦੇ ਰਹਿਣਾ ਹੀ ਖ਼ਾਲਸਾ ਹੋਣ ਦਾ ਪ੍ਰਮਾਣ ਹੈ। ਸਮੇਂ ਦੀਆਂ ਸਭ ਪ੍ਰਕਾਰ ਦੀਆਂ ਬੁਰਾਈਆਂ ਨਾਲ ਜੂਝਣ ਵਾਸਤੇ ਇੱਕ ਰਾਜੇ ਵਾਂਗ ਸ੍ਵੈ ਫ਼ੈਸਲੇ ਲੈਣ ਦਾ ਅਧਿਕਾਰ; ਅਕਾਲ ਪੁਰਖ ਪਾਤਸ਼ਾਹ ਦੇ ਡਰ-ਅਦਬ ਵਿੱਚ ਹੁੰਦਾ ਹੈ। ਇਸ ਪਾਤਸ਼ਾਹੀ ਦਾਹਵੇ ਦਾ ਆਧਾਰ; ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ, ਜਿਨ੍ਹਾਂ ਦੁਆਰਾ ‘ਹੁਕਮਿ ਰਜਾਈ’ ਚੱਲ ਕੇ ਕਥਨੀ ਤੇ ਕਰਣੀ ਨੂੰ ਇੱਕ ਸਮਾਨ ਰੱਖਦਿਆਂ ਸੱਚੇ ਸੁਚੇ ਸਚਿਆਰ ਮਨੁੱਖ ਬਣੀਦਾ ਹੈ। ਇਸੇ ਆਚਾਰਣਿਕ ਬੁਨਿਆਦ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ੧੬’’ (ਮਹਲਾ /੧੪੨੭)