ਅਖੰਡ ਤੋਂ ਪਾਖੰਡ ਦਾ ਸਫ਼ਰ
ਹਰਪ੍ਰੀਤ ਸਿੰਘ (ਐਮ.ਏ ਇਤਿਹਾਸ) ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ (ਰਜਿ) (ਸਰਹਿੰਦ) 88475 46903
ਹਰ ਸਿੱਖ ਦਾ ਇਹ ਫਰਜ ਬਣਦਾ ਹੈ ਕਿ ਉਹ ਆਪਣੇ ਜੀਵਨ ਕਾਲ ’ਚ ਆਪਣੀ ਕਿਰਤ ਕਾਰ ਕਰਦਿਆਂ-ਕਰਦਿਆਂ ਕੁੱਝ ਨ ਕੁੱਝ ਗੁਰਬਾਣੀ ਅਤੇ ਗੁਰੂ ਇਤਿਹਾਸ ਬਾਰੇ ਖੋਜ ਪੜਤਾਲ ਕਰਦਾ ਰਹੇ ਤਾਂ ਜੋ ਕੋਈ ਅਣਪੜ੍ਹ ਬਾਬਾ, ਸਾਧ ਜਾਂ ਸ਼ਰਾਰਤੀ ਲਿਖਾਰੀ ਸਾਨੂੰ ਮੂਰਖ ਨਾ ਬਣਾ ਜਾਵੇ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ 1604 ਈ: ਵਿੱਚ ਆਦਿ ਗ੍ਰੰਥ ਸਾਹਿਬ (ਜਿਸ ਨੂੰ ਉਸ ਸਮੇਂ ਪੋਥੀ ਸਾਹਿਬ ਕਿਹਾ ਜਾਦਾ ਸੀ) ਦੀ ਸੰਪਾਦਨਾ ਕੀਤੀ ਤੇ ਇਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ ਸੀ। ਤਦ ਇਸ ਵਿਚਲੀ ਬਾਣੀ ਦਾ ਕਦੇ ਵੀ ਅਖੰਡ ਪਾਠ ਨਹੀਂ ਕੀਤਾ ਜਾਂਦਾ ਸੀ। ਉਸ ਤੋਂ ਬਾਅਦ 1606 ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਹਰਗੋਬਿੰਦ ਪਤਾਸ਼ਾਹ ਜੀ ਨੇ ਕੋਈ ਵੀ ਅਖੰਡ ਪਾਠ, ਗੁਰੂ ਜੀ ਦੀ ਸ਼ਹੀਦੀ ਤੋਂ ਬਾਅਦ ਨਾ ਕਰਵਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਚਾਦਨੀ ਚੌਂਕ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ; ਆਦਿ ਗ੍ਰੰਥ ਵਿੱਚ ਦਰਜ ਕਰਕੇ ਵੀ ਕੋਈ ਅਖੰਡ ਪਾਠ ਨਹੀਂ ਕਰਵਾਉਦੇ। ਇਤਿਹਾਸ ਗਵਾਹ ਹੈ ਕਿ ਸੰਨ 1604 ਤੋਂ 1708 ਤੱਕ ਪੰਜ ਗੁਰੂ ਸਾਹਿਬਾਨ (ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਤੱਕ) ਕਦੇ ਵੀ ਕੋਈ ਅਖੰਡ ਪਾਠ ਨਹੀਂ ਹੋਇਆ। ਕੇਵਲ ਗੁਰ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਦਰਜ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਗੁਰੂ ਅਰਜਨ ਪਾਤਸ਼ਾਹ ਜੀ ਨਮਿਤ ਪਾਠ ਕਰਵਾਇਆ ਸੀ, ਪਰ ਇਸ ਪੁਸਤਕ ਦੇ ਲਿਖਾਰੀ ਦਾ ਕੋਈ ਅਤਾ ਪਤਾ ਨਹੀਂ ਕਿ ਇਹ ਕੌਣ ਸੀ।
ਇਸ ਪੁਸਤਕ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬਾਰੇ ਅਜਿਹੀਆਂ ਮਨਘੜਤ ਕਹਾਣੀਆਂ ਦਰਜ ਹਨ, ਜੋ ਪਾਠਕਾਂ ਨਾਲ ਸਾਂਝੀਆ ਵੀ ਨਹੀਂ ਕੀਤੀਆ ਜਾ ਸਕਦੀਆਂ। ਵਧੇਰੇ ਜਾਣਕਾਰੀ ਲਈ ਪਾਠਕ, ਸਰਦਾਰ ਗੁਰਬਖਸ ਸਿੰਘ ਕਾਲਾ ਅਫਗਾਨਾ ਜੀ ਦੀ ਪੁਸਤਕ ਗੁਰ ਬਿਲਾਸ ਪਾਤਸ਼ਾਹੀ 6ਵੀਂ ਪੜ੍ਹ ਸਕਦੇ ਹਨ, ਜਿਸ ਦਾ ਝੂਠ ਉਜਾਗਰ ਕਰਨ ਬਦਲੇ ਹੀ ਉਨ੍ਹਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ। ਇਹ ਪੁਸਤਕ ਉਸ ਸਮੇਂ ਦੇ ਜਥੇਦਾਰ ਰਹੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੁਆਰਾ ਛਪਾਈ ਗਈ ਸੀ।
ਜੇਕਰ ਸਿੱਖ; ਗੁਰਬਾਣੀ ਨੂੰ ਸਮਝ ਹੋਏ ਪਾਠ ਕਰਦੇ ਜਾਂ ਕਰਵਾਉਦੇ ਹੋਣ ਤਾਂ ਕੁਝ ਵੀ ਗਲਤ ਨਹੀਂ ਹੁੰਦਾ, ਪਰ ਜੇ ਗੁਰਬਾਣੀ ਨੂੰ ਕਰਮਕਾਂਡ ਜਾਂ ਨਿਜੀ ਸੁੱਖ ਪ੍ਰਾਪਤੀ ਲਈ ਵਰਤੀਏ ਤਾਂ ਗੁਰਬਾਣੀ ਦੀ ਬੇਅਦਬੀ ਕਰਨ ਵਾਲਾ ਆਰੋਪ ਸਾਡੇ ’ਤੇ ਲੱਗੇਗਾ ਹੀ। ਇਕ ਪਾਸੇ ਹਿੰਦੂ ਵੀਰ ਕਿਸੇ ਦੇ ਮਰਨ ਤੋਂ ਬਾਅਦ ਗਰੁੜ ਪੁਰਾਣ ਦਾ ਪਾਠ ਕਰਵਾਉਂਦੇ ਹਨ ਤੇ ਦੂਸਰੇ ਪਾਸੇ ਅਸੀਂ ਵੀ ਕਿਸੇ ਦੇ ਮਰਨ ਤੋਂ ਬਾਅਦ ਸਹਿਜ ਪਾਠ ਅੱਜ ਕੱਲ੍ਹ ਅਖੰਡ ਪਾਠ ਕਰਵਾ ਲੈਂਦੇ ਹਾਂ, ਸਮਝੋ ਦੋਵਾਂ ਵਿੱਚ ਕੀ ਫਰਕ ਹੈ ਜਦਕਿ ਗੁਰਬਾਣੀ ਦੇ ਵਚਨ ਹਨ ‘‘ਕਬੀਰ ! ਜਿਹ ਮਾਰਗਿ (’ਤੇ) ਪੰਡਿਤ ਗਏ; ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ; ਤਿਹ ਚੜਿ ਰਹਿਓ ਕਬੀਰ ॥’’ (ਭਗਤ ਕਬੀਰ/੧੩੭੩) ਅਸਲ ਵਿੱਚ ਗੁਰੂ ਸਾਹਿਬਾਨ ਜੀ ਦਾ ਉਦੇਸ਼ ਸੀ ਕਿ ਗੁਰਬਾਣੀ ਨੂੰ ਸਮਝ ਕੇ, ਵੀਚਾਰ ਕੇ ਪੜ੍ਹਿਆ ਜਾਵੇ ਅਤੇ ਆਪਣੇ ਜੀਵਨ ਵਿੱਚ ਲਾਗੁ ਕੀਤਾ ਜਾਵੇ, ਪਰ ਅਸੀਂ ਤਾਂ ਪਾਠਾਂ ਦੀਆਂ ਲੜੀਆਂ ਨੂੰ ਰੋਜ਼ਗਾਰ ਬਣਾ ਲਿਆ। ਇਕ ਸਰਵੇਖਣ ਅਨੁਸਾਰ 20ਵੀਂ ਸਦੀ ਵਿੱਚ ਸਿੱਖਾਂ ਨੇ ਚਾਲੀ ਕਰੋੜ ਅਖੰਡ ਪਾਠ ਕਰਵਾਏ ਹਨ ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ‘‘ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥’’ (ਮਹਲਾ ੧/੪੬੭) ਅਸੀਂ ਗੁਰੂ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਹਰ ਖ਼ੁਸ਼ੀ ਤੇ ਗ਼ਮੀ ਸਮੇਂ ਅਖੰਡ ਪਾਠ ਕਰਵਾਉਣੇ ਸ਼ੁਰੂ ਕਰ ਰੱਖੇ ਹਨੇ।
ਅਖੰਡ ਪਾਠ ਕੀ ਹੈ ਅਤੇ ਕਿੰਨੇ ਸਮੇਂ ਅੰਦਰ ਮੁਕੰਮਲ ਹੋਣਾ ਜਾਣਾ ਚਾਹੀਦਾ ਹੈ ? : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਨਾਂ ਰੱੁਕੇ ਲਗਾਤਾਰ ਪਾਠ ਕਰਨ ਨੂੰ ਅਖੰਡ ਪਾਠ ਕਿਹਾ ਜਾਂਦਾ ਹੈ, ਜੋ ਅਕਸਰ 48 ਘੰਟਿਆਂ ਵਿੱਚ ਸੰਪੂਰਨ ਹੁੰਦਾ ਹੈ। ਇਤਿਹਾਸ ’ਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਅਖੰਡ ਪਾਠ 13 ਪਹਿਰ ਭਾਵ 39 ਘੰਟਿਆਂ ਵਿੱਚ ਸੰਪੂਰਨ ਕੀਤਾ ਜਾਂਦਾ ਸੀ, ਜਿਸ ਨੂੰ ਪੰਜ ਪਾਠੀ ਰਲ ਕੇ ਪੂਰਾ ਕਰਦੇ ਸਨ। ਇੱਕ ਅਖੰਡ ਪਾਠ 9 ਪਹਿਰ ਭਾਵ 27 ਘੰਟਿਆਂ ਵਿੱਚ ਵੀ ਪੁਰਨ ਕੀਤੇ ਜਾਣ ਦਾ ਜ਼ਿਕਰ ਹੈ, ਜਿਸ ਨੂੰ ਕੇਵਲ ਇੱਕ ਪਾਠੀ, ਬਿਨਾਂ ਕੱੁਝ ਖਾਧੇ ਪੀਤੇ ਸੰਪੂਰਨ ਕਰਦਾ ਸੀ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਵਿੱਚ ਦਰਜ ਹੈ ਕਿ ‘ਪਾਠ ਸਾਫ ਤੇ ਸ਼ੁੱਧ ਪੜ੍ਹਿਆ ਜਾਵੇ, ਬਹੁਤਾ ਤੇਜ ਨਾ ਪੜ੍ਹਿਆ ਜਾਵੇ। ਭਾਵੇਂ ਸਮਾਂ ਵਧੀਕ ਲੱਗ ਜਾਵੇ’। ਇਸ ਤੋਂ ਸਪਸ਼ਟ ਹੈ ਕਿ ਅਖੰਡ ਪਾਠ ਕਰਨ ਲਈ 48 ਘੰਟਿਆਂ ਦੀ ਬੰਦਸ਼ ਵੀ ਸਾਡੇ ਮਨ ਦਾ ਭਰਮ ਹੀ ਹੈ।
ਅਖੰਡ ਪਾਠ ਦੀ ਅਰੰਭਤਾ : ਉਕਤ ਕੀਤੀ ਗਈ ਵਿਚਾਰ ਕਿ ਗੁਰੂ ਕਾਲ ਦੌਰਾਨ ਕਦੇ ਭੀ ਅਖੰਡ ਪਾਠ ਨਹੀਂ ਹੋਇਆ। ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਅਖੰਡ ਪਾਠ; ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਤਿਹਾਸ ’ਚ ਜ਼ਿਕਰ ਹੈ ਕਿ 18ਵੀਂ ਸਦੀ ਵਿੱਚ ਸਿੰਘ ਸਰਕਾਰੀ ਜ਼ੁਲਮਾਂ ਦਾ ਮੁਕਾਬਲਾ ਕਰਦੇ ਹੋਏ ਜੰਗਲ਼ਾਂ ਪਹਾੜਾਂ ਨੂੰ ਚਲੇ ਗਏ ਸਨ ਤਾਂ ਜਿੱਥੇ ਕਿਤੇ ਸਮਾਂ ਮਿਲਦਾ ਸਿੱਖ ਇਕੱਠੇ ਹੋ ਕੇ ਹੱਥ ਲਿਖਤ ਬੀੜਾਂ ਵਿੱਚੋਂ ਲਗਾਤਾਰ ਪਾਠ ਕਰ ਲੈਂਦੇ ਸਨ। ਐਸੇ ਹਾਲਾਤਾਂ ’ਚ ਕੀਤਾ ਜਾਂਦਾ ਪਾਠ ਕਰਮਕਾਂਡ ਨਹੀਂ ਅਖਵਾ ਸਕਦਾ ਸਗੋਂ ਗੁਰੂ ਦੀ ਸਿੱਖਿਆ ਨੂੰ ਤਰੋਤਾਜ਼ਾ ਕਰਨਾ ਹੁੰਦਾ ਸੀ। ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਬੁੱਢਾ ਦਲ ਦੀ ਇਹ ਰੀਤ ਸੀ ਕਿ ਜਦ ਮੁਹਿਮ ’ਤੇ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਕੇ ਅਰਦਾਸਾ ਸੋਧ ਕੇ ਜਾਣਾ। ਬੁੱਢਾ ਦਲ ਤੋਂ ਇਹ ਰੀਤ ਤਰਨਾ ਦਲ ਨੇ ਆਪਣਾਅ ਲਈ, ਜਿਸ ਤੋਂ ਬਾਅਦ ਇਹ ਰੀਤ; ਪੰਥ ਪ੍ਰਵਾਣਿਤ ਮਰਿਆਦਾ ਰਾਹੀਂ ਪ੍ਰਚਲਿਤ ਹੋ ਗਈ। ਅਖੰਡ ਪਾਠ ਭਾਵੇਂ 39 ਘੰਟਿਆਂ ਵਿੱਚ ਸੰਪੂਰਨ ਹੁੰਦਾ ਜਾਂ 27 ਘੰਟਿਆਂ ਵਿੱਚ; 48 ਘੰਟਿਆਂ ਵਾਲਾ ਅਜੋਕਾ ਭਰਮ ਨਹੀਂ ਹੁੰਦਾ ਸੀ।
ਅੱਜ ਦੇ ਸਮੇਂ ਅਖੰਡ ਪਾਠਾਂ ਦੀ ਹੁੰਦੀ ਦੁਰਵਰਤੋਂ ਅਤੇ ਇਸ ਦੀਆਂ ਕਿਸਮਾਂ : ਇੱਕ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਅੱਜ ਦੇ ਅਕਸਰ ਸਿੱਖ (ਇੱਕ ਦੋ ਫ਼ੀਸਦੀ ਤੋਂ ਇਲਾਵਾ) ਅਖੰਡ ਪਾਠ ਕੇਵਲ ਰਸਮ ਮਾਤਰ ਜਾਂ ਖ਼ਾਨਾ ਪੂਰਤੀ (ਯਾਨੀ ਕਿ ਕਰਮਕਾਂਡ) ਵਜੋਂ ਕਰਵਾਉਂਦੇ ਹਨ। ਅੱਜ ਅਖੰਡ ਪਾਠ ਦੀਆਂ 15 ਤੋਂ ਵੱਧ ਕਿਸਮਾਂ ਪ੍ਰਚਲਿਤ ਹਨ, ਜੋ ਗੁਰੂ ਸਾਹਿਬਾਨ ਦੇ ਹੁਕਮਾਂ ਵਿਰੁਧ ਹਨ। ਅਣਪੜ੍ਹ ਡੇਰੇਦਾਰ, ਸਾਧ, ਆਪੂੰ ਬਣੇ ਸੰਤ ਆਦਿ; ਭੋਲੇ ਭਾਲੇ ਸਿੱਖਾਂ ਦੀ ਹੱਕ ਹਲਾਲ ਕਮਾਈ ਨੂੰ ਅਖੰਡ ਪਾਠਾਂ ਦੇ ਨਾਂ ’ਤੇ ਲੁੱਟ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਇਤਿਹਾਸਕ ਗੁਰਦੁਆਰਿਆਂ ਵਿੱਚ ਤਾਂ 5-5 ਸਾਲ ਦੀ ਐਡਵਾਂਸ ਬੁਕਿੰਗ ਚੱਲ ਰਹੀ ਹੈ। ਭਾਵੇਂ ਕੋਈ ਪਾਠ ਸੁਣਨ ਲਈ ਪਹੁੰਚੇ ਜਾਂ ਨਾ ਪਹੁੰਚੇ; ਹੁਕਮਨਾਮਾ ਵੀ ਡਾਕ ਰਾਹੀਂ ਘਰ ਵਿੱਚ ਭੇਜ ਦਿੱਤਾ ਜਾਂਦਾ ਹੈ। ਡੇਰਿਆਂ ਵਿੱਚ ਵੀ ਐਸਾ ਹੀ ਹਾਲ ਹੈ। ਭੋਰਿਆਂ ਵਿੱਚ, ਕਮਰਿਆਂ ਵਿੱਚ ਮੂੰਹ ਬੰਨ੍ਹ ਕੇ ਲਗਾਤਾਰ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਹਨ। ਅਖੰਡ ਪਾਠ; ਕਮਾਈ ਦਾ ਬੜਾ ਵੱਡਾ ਸਰੋਤ ਬਣ ਚੁੱਕਾ ਹੈ।
ਕਸੂਰਵਾਰ ਕੌਣ : ਇਸ ਗ਼ਲਤ ਰੀਤ ਲਈ ਜਿੱਥੇ ਧਾਰਮਿਕ ਅਦਾਰੇ ਕਸੂਰਵਾਰ ਹਨ ਓਥੇ ਉਨ੍ਹਾਂ ਨੂੰ ਬਢਾਵਾ ਦੇਣ ਵਾਲੇ ਸਿੱਖ ਵੀ ਦੋਸ਼ੀ ਹਨ। ਸਿੱਖਾਂ ਨੇ ਇਹ ਸਮਝਣਾ ਸੀ ਕਿ ਗੁਰਬਾਣੀ; ਰੂਹਾਨੀਅਤ ਚਾਨਣ ਦਾ ਨਾਂ ਹੈ, ਜਿਸ ਨੂੰ ਵਿਚਾਰ ਕੇ ਜਿੱਥੇ ਸਵੈ ਪੜਚੋਲ ਕਰਨੀ ਸੀ ਓਥੇ ਵਿਕਾਰਾਂ ’ਤੇ ਜਿੱਤ ਪ੍ਰਾਪਤ ਕਰਨ ਲਈ ਗੁਰੂ ਅਤੇ ਰੱਬ ਅੱਗੇ ਫ਼ਰਿਆਦ ਭੀ ਆਪ ਕਰਨੀ ਹੁੰਦੀ ਹੈ ਤਾਂ ਜੋ ਮਾਲਕ ਵੱਲੋਂ ਪਈ ਸਾਡੀ ਦੂਰੀ ਮਿਟ ਸਕੇ, ਪਰ ਅੱਜ ਜ਼ਿਆਦਾਤਰ ਅਖੰਡ ਪਾਠ ਇਸ ਲਈ ਕਰਵਾਏ ਜਾਂਦੇ ਹਨ ਤਾਂ ਜੋ ਸਾਇਦ ਕੋਈ ਚਮਤਕਾਰ ਹੋ ਜਾਵੇ ਤੇ ਸਾਡੇ ਘਰ ਵੀ ਪੁੱਤਰ ਜਨਮ ਲੈ ਲਵੇ। ਬੱਚਾ ਚੰਗਾ ਪੜ੍ਹ ਲਿਖ ਜਾਵੇ। ਚੰਗੀ ਨੌਕਰੀ ’ਤੇ ਲੱਗ ਜਾਵੇ ਜਾਂ ਵਾਪਾਰ ਵਿੱਚ ਵਾਧਾ ਹੋਵੇ। ਚੰਗਾ ਰਿਸ਼ਤਾ ਮਿਲ ਜਾਵੇ। ਬੁਢੇਪੇ ’ਚ ਚੰਗਾ ਸਹਾਰਾ ਮਿਲ ਜਾਵੇ ਜਾਂ ਸਰੀਰਕ ਦੁੱਖਾਂ ਤੋਂ ਛੁਟਕਾਰਾ ਹੋ ਜਾਵੇ। ਸਾਡੇ ਬੱਚੇ ਵਿਦੇਸ਼ ਵਿੱਚ ਪਹੁੰਚ ਜਾਣ ਆਦਿ ਆਦਿ। ਸਿੱਖਾਂ ਦੀ ਅਜਿਹੀ ਨਿਘਾਰ ਸੋਚ ਦਾ ਲਾਭ ਉੱਠਾ ਕੇ ਕਈ ਸਾਧ ਆਪਣੇ ਮਰੇ ਹੋਏ ਬਾਬਿਆਂ ਦੀਆਂ ਬਰਸੀਆਂ ਦੇ ਨਾਂ ’ਤੇ 101 ਅਖੰਡ ਪਾਠ ਰਖਵਾ ਲੈਂਦੇ ਹਨ ਕਿਉਂਕਿ ਇੱਕ ਜਾਂ ਦੋ ਅਖੰਡ ਪਾਠਾਂ ਨਾਲ ਬਹੁਤੀ ਮਾਇਆ ਨਹੀਂ ਮਿਲਦੀ। ਇਸ ਤਰ੍ਹਾਂ ਸਿੱਖਾਂ ਅੰਦਰ ਗੁਰਬਾਣੀ ਦਾ ਕੇਵਲ ਬਾਹਰੀ ਸਤਿਕਾਰ ਬਣਿਆ ਵੇਖੀਦਾ ਹੈ। ਇਸ ਵਿੱਚ ਕੀ ਦਰਜ ਹੈ ? ਰੂਹਾਨੀਅਤ ਸ਼ਕਤੀ ਦਾ ਕੀ ਲਾਭ ਹੈ ? ਵਿਕਾਰਾਂ ਦੇ ਪ੍ਰਭਾਵ ਨਾਲ਼ ਅਜਾਈਂ ਜਾਂਦਾ ਕੀਮਤੀ ਮਨੁੱਖਾ ਜਨਮ; ਕਿੰਨਾ ਨੁਕਸਾਨ ਦਾਇਕ ਹੈ ? ਮਾਲਕ ਨਾਲ਼ ਸਾਡਾ ਕੀ ਸੰਬੰਧ ਹੈ ? ਗੁਰੂ ਜੀ ਦਾ ਕੀ ਮਨੋਰਥ ਰਿਹਾ ਹੈ ? ਬਾਰੇ ਬਹੁਤਾਤ ਸਿੱਖਾਂ ਨੂੰ ਕੋਈ ਸਮਝ ਨਹੀਂ ਕਿਉਂਕਿ ਅਖੰਡ ਪਾਠ ਸਮੇਂ ਕੋਈ ਵੀ ਪਰਿਵਾਰਕ ਮੈਂਬਰ ਗੁਰਬਾਣੀ ਨੂੰ ਸੁਣਨ ਜਾਂ ਸਮਝਣ ਲਈ ਕਮਰੇ ਵਿੱਚ ਆ ਕੇ ਨਹੀਂ ਬੈਠਦਾ। ਬਿਨਾਂ ਸਮਝੇ ਪਾਠ ਕਰਨ ਜਾਂ ਕਰਾਉਣ ਦੇ ਸੰਬੰਧ ’ਚ ਗੁਰੂ ਸਾਹਿਬਾਨ ਦੇ ਵਚਨ ਹਨ ‘‘ਹਠੁ ਅਹੰਕਾਰੁ ਕਰੈ ਨਹੀ ਪਾਵੈ ॥ ਪਾਠ ਪੜੈ ਲੇ ਲੋਕ ਸੁਣਾਵੈ ॥ ਤੀਰਥਿ ਭਰਮਸਿ ਬਿਆਧਿ ਨ ਜਾਵੈ ॥ ਨਾਮ ਬਿਨਾ ਕੈਸੇ ਸੁਖੁ ਪਾਵੈ ॥ (ਮਹਲਾ ੧/੯੦੬) ਗੁਰਬਾਣੀ ਵਿੱਚ ਅਨੇਕਾਂ ਹੀ ਅਜਿਹੇ ਫ਼ੁਰਮਾਨ ਹਨ, ਜਿਨ੍ਹਾਂ ਵਿੱਚ ਗੁਰੂ ਸਾਹਿਬਾਨ ਨੇ ਵਿਚਾਰਹੀਣ ਪਾਠਾਂ ਨੂੰ ਨਿਰਮੂਲ ਦੱਸਿਆ ਹੈ ‘‘ਵਾਚਹਿ ਪੁਸਤਕ ਵੇਦ ਪੁਰਾਨਾਂ ॥ ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥ ਅਜਗਰ ਕਪਟੁ ਕਹਹੁ ਕਿਉ ਖੁਲ੍ੈ; ਬਿਨੁ ਸਤਿਗੁਰ ਤਤੁ ਨ ਪਾਇਆ ॥’’ (ਮਹਲਾ ੧/੧੦੪੩)
ਕੀ ਅਖੰਡ ਪਾਠ ਕਰਵਾਉਣੇ ਚਾਹੀਦੇ ਹਨ ਜਾਂ ਨਹੀਂ ? : ਉਪਰੋਕਤ ਸਾਰੀ ਵੀਚਾਰ ਬ੍ਰਾਹਮਣੀ ਤਰਜ ’ਤੇ ਕੀਤੇ ਕਰਵਾਏ ਅਖੰਡ ਪਾਠਾਂ ਲਈ ਮਨਾਹੀ ਕਰਦੀ ਹੈ ਤੇ ਅੱਜ ਹੋ ਵੀ ਇੰਝ ਹੀ ਰਿਹਾ ਹੈ। ਇਸ ਤਰ੍ਹਾਂ ਦੇ ਅਖੰਡ ਪਾਠ ਨਾ ਹੀ ਹੋਣ ਤਾਂ ਚੰਗੀ ਗੱਲ ਹੈ। ਅਜਿਹੇ ਪਾਠ ਕਰਵਾਉਣ ਦਾ ਕੋਈ ਲਾਭ ਨਹੀਂ ਹੈ, ਜਿਸ ਤੋਂ ਪਰਵਾਰ ਵਾਲਿਆਂ ਨੇ ਕੋਈ ਸੇਧ ਨਾ ਲਈ ਹੋਵੇ। ਇਹ ਕੇਵਲ ਤੇ ਕੇਵਲ ਰਸਮੀ ਪਾਠ ਅਖਵਾ ਸਕਦੇ ਹਨ, ਨਾ ਕਿ ਗੁਰਬਾਣੀ ਮੁਤਾਬਕ ਪਾਠ। ਸੋਚਣਾ ਬਣਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਉਦੇਸ਼ ਸੀ ਕਿ ਗੁਰਬਾਣੀ ਨੂੰ ਸਿੱਖ ਰਸਮਾਂ ਨਿਭਾਉਣ ਲਈ ਪੜ੍ਹਿਆ ਕਰਨ ਜਾਂ ਕਿਸੇ ਖ਼ੁਸ਼ੀ-ਗ਼ਮੀ ’ਤੇ ਭਾਈਚਾਰਕ ਸਾਂਝ ਤੱਕ। ਹਿੰਦੂ ਧਰਮ ਵਿੱਚ ਬ੍ਰਾਹਮਣ ਨੇ ਕਈ ਮੰਤਰਾਂ ਦੇ ਜਾਪ ਕਰਨ ਨੂੰ ਮਨ ਇੱਛਤ ਕਾਮਨਾਵਾਂ ਪੁਰੀਆਂ ਕਰਨ ਵਾਲੇ ਦੱਸਿਆ ਹੈ। ਕੀ ਸਿੱਖ ਵੀ ਅੱਜ ਇਹੀ ਕੁੱਝ ਤਾਂ ਨਹੀਂ ਕਰੀ ਜਾ ਰਹੇ ? ਅੰਮ੍ਰਿਤਸਰ ਸਾਹਿਬ ਵਿਖੇ ਦੁੱਖ ਭੰਜਨੀ ਬੇਰੀ ਹੇਠ ਅਨੇਕਾਂ ਹੀ ਸਿੱਖ ਆਪਣੇ ਦੁੱਖਾਂ ਨੂੰ ਦੂਰ ਕਰਨ ਲਈ ਅਰਦਾਸਾ ਕਰਵਾਉਂਦੇ ਹਨ ਜਦੋਂ ਕਿ ਗਰਬਾਣੀ ਵਚਨ ਹਨ ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਨ ਦੀਜੈ ਅਵਰ ਜਨਾ ॥’’ (ਮਹਲਾ ੧/੪੩੩) ਸੋ ਅਜਿਹੇ ਅਖੰਡ ਪਾਠ, ਜੋ ਬਿਨਾਂ ਸਮਝੇ, ਵੀਚਾਰੇ ਕੀਤੇ ਜਾਂਦੇ ਹਨ, ਨਹੀਂ ਹੋਣੇ ਚਾਹੀਦੇ।
ਕੀ ਸਿੱਖ ਆਲਸੀ ਜਾਂ ਅਣਪੜ੍ਹ ਹਨ : ਇਹ ਵੀਚਾਰ ਕਰਨੀ ਭੀ ਸਹੀ ਹੈ ਕਿ ਕੀ ਸਿੱਖ ਆਲਸੀ ਜਾਂ ਅਣਪੜ੍ਹ ਹਨ, ਜੋ ਇਸ ਤਰ੍ਹਾਂ ਕਿਸੇ ਡੇਰੇਦਾਰ ਕੋਲੋਂ ਆਪਣਾ ਮਾਨਸਿਕ, ਸਰੀਰਕ ਤੇ ਆਰਥਿਕ ਸ਼ੋਸ਼ਣ ਕਰਵਾ ਰਹੇ ਹਨ। ਅਸਲ ਵਿੱਚ ਜ਼ਿਆਦਾਤਰ ਸਿੱਖ ਕੇਵਲ ਆਪਣੇ ਧਰਮ ਪ੍ਰਤੀ ਹੀ ਆਲਸੀ ਹਨ। ਸਿੱਖ; ਗੁਰਬਾਣੀ, ਗੁਰ ਇਤਿਹਾਸ, ਸਿੱਖ ਇਤਿਹਾਸ ਪ੍ਰਤੀ ਬਹੁਤ ਹੀ ਜ਼ਿਆਦਾ ਆਲਸੀ ਹਨ। ਗੁਰਬਾਣੀ ਨੂੰ ਸਮਝਣ ਲਈ ਸਮਾਂ ਚਾਹੀਦਾ ਹੈ। ਇਤਿਹਾਸ ਪੜ੍ਹਨ ਲਈ ਵੀ ਸਮਾਂ ਚਾਹੀਦਾ ਹੈ, ਪਰ ਇਸ ਕੰਮ ਲਈ ਸਿੱਖਾਂ ਕੋਲ ਸਮਾਂ ਨਹੀਂ ਹੈ। ਕੁੱਝ ਸਿੱਖਣਾ ਹੋਵੇ ਤਾਂ ਉਦਮ ਤਾਂ ਕਰਨਾ ਹੀ ਪੈਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਸਮਝਣ ਅਤੇ ਗੁਰ ਇਤਿਹਾਸ ਨੂੰ ਜਾਣਨ ਲਈ ਉਦਮ ਕਰਨ ਦੀ ਲੋੜ ਹੈ। ਗੁਰਬਾਣੀ ਦੇ ਵਚਨ ਹਨ ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥’’ (ਮਹਲਾ ੫/੫੨੨) ਹੁਣ ਫ਼ੈਸਲਾ ਸਿੱਖਾਂ ਦੇ ਹੱਥ ਹੈ ਕਿ ਉਨ੍ਹਾਂ ਨੇ ਗੁਰੂ ਉਪਦੇਸ਼ ਸਮਝਣਾ ਹੈ ਜਾਂ ਬ੍ਰਾਹਮਣਾਂ ਮੁਤਾਬਕ ਭਾੜੇ ’ਤੇ ਪਾਠ ਕਰਾਉਣੇ ਹਨ।
ਅਸਲ ’ਚ ਹੋਣਾ ਕੀ ਚਾਹੀਦਾ ਹੈ : ਅਸਲ ਵਿੱਚ ਬ੍ਰਾਹਮਣ (ਚਤੁਰ ਚਲਾਕ ਭੇਖੀ ਹੈ; ਜਿਵੇਂ ਕਿ ਕਈ ਡੇਰੇਦਾਰ, ਨਕਲੀ ਸੰਤ ਆਦਿ) ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇ ਲੋਕਾਈ ਨੂੰ ਗਿਆਨਹੀਣ ਕਰ ਵਹਿਮ, ਭਰਮ, ਪਾਖੰਡ ਆਦਿ ਵੱਲ ਨਾ ਪ੍ਰੇਰਿਆ ਤਾਂ ਚੜਾਵਾ ਕਿਵੇਂ ਇਕੱਠਾ ਹੋਵੇਗਾ। ਇਉਂ ਹੀ ਬ੍ਰਾਹਮਣ ਨੇ ਧਾਰਮਿਕ ਗਿਆਨ ਲੈਣਾ ਅਤੇ ਦੇਣਾ; ਆਪਣੇ ਅਧਿਕਾਰ ’ਚ ਰੱਖਿਆ ਹੈ। ਭੋਲੇ ਭਾਲੇ ਸਿੱਖਾਂ ਨੂੰ ਆਖ ਦਿੱਤਾ ਗਿਆ ਕਿ ਗੁਰਬਾਣੀ ਗ਼ਲਤ ਪੜ੍ਹਨ ਨਾਲ ਪਾਪ ਲੱਗਦਾ ਹੈ ਯਾਨੀ ਗਿਆਨ ਲੈਣ ਤੋਂ ਦੂਰ ਹੀ ਰਹਿਣਾ । ਵਿਚਾਰੇ ਭੋਲੇ ਸਿੱਖ ਐਨੇ ਡਰ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਹੱਥ ਲਾਉਣ ਲੱਗਿਆਂ ਵੀ ਸੋ ਵਾਰ ਸੋਚਦੇ ਹਨ ਕਿ ਕਿਤੇ ਸਾਡੇ ਕੋਲੋਂ ਕੋਈ ਪਾਪ ਹੀ ਨਾ ਹੋ ਜਾਵੇ। ਜਦੋਂ ਕਿ ਗੁਰਬਾਣੀ ਦੇ ਵਚਨ ਹਨ ‘‘ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ! ਗਾਵਹੁ ਸਚੀ ਬਾਣੀ ॥’’ (ਮਹਲਾ ੩/੯੨੦)
ਸਿੱਖ ਪਰਵਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਵਿੱਚ ਇੱਕ ਵੱਖਰੀ ਜਗ੍ਹਾ ’ਤੇ ਗੁਰੂ ਗੰ੍ਰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ। ਜੇ ਜਗ੍ਹਾ ਘੱਟ ਹੈ ਤਾਂ ਘਰ ਵਿੱਚ ਗੁਰਬਾਣੀ ਦੀਆਂ ਸੈਂਚੀਆਂ ਜ਼ਰੂਰ ਰੱਖਣ। ਸਮਾਂ ਮਿਲਦਿਆਂ ਹੀ ਉਸ ਤੋਂ ਆਪ ਪਾਠ ਕਰਿਆ ਕਰਣ। ਹੋ ਸਕੇ ਤਾਂ ਪ੍ਰੋ. ਸਾਹਿਬ ਸਿੰਘ ਜੀ ਦੁਆਰਾ ਕੀਤਾ ਟੀਕਾ ‘ਗੁਰਬਾਣੀ ਦਰਪਣ’ ਅਰਥਾਂ ਸਮੇਤ ਘਰ ਵਿੱਚ ਜ਼ਰੂਰ ਰੱਖਿਆ ਜਾਵੇ। ਗੁਰਬਾਣੀ ਹਮੇਸ਼ਾਂ ਹੀ ਅਰਥ ਭਾਵ ਸਮਝ ਕੇ ਪੜ੍ਹੀ ਜਾਵੇ। ਭੇਟਾ ਦੇ ਕੇ ਪਾਠ ਉਸ ਸਮੇਂ ਕਰਾਏ ਜਾਣ ਜਦ ਘਰ ਵਿੱਚ ਕੋਈ ਮਾਤਰ ਭਾਸ਼ਾ ਪੰਜਾਬੀ ਪੜ੍ਹਨ ਵਾਲਾ ਹੀ ਨਾ ਹੋਵੇ। ਪੁੱਤਰ, ਧੀ ਦੇ ਵਿਆਹ ਜਾਂ ਖ਼ੁਸ਼ੀ ਗ਼ਮੀ ਮੌਕੇ ਅਖੰਡ ਪਾਠ ਇੱਕ ਮਹੀਨਾ ਜਾ ਇੱਕ ਹਫਤਾ ਪਹਿਲਾਂ ਹੀ ਅਰੰਭ ਕਰ ਲਿਆ ਜਾਵੇ, ਜਿਸ ਨੂੰ ਸਾਰੇ ਪਰਵਾਰਕ ਮੈਂਬਰ ਵਿਚਾਰ ਵਿਚਾਰ ਕੇ ਪੜ੍ਹਨ ਕਿਉਂਕਿ ਜਦ ਰਿਸ਼ਤੇਦਾਰ, ਸਾਕ ਸੰਬੰਧੀ ਆਦਿ ਇਸ ਮੌਕੇ ’ਤੇ ਆ ਜਾਂਦੇ ਹਨ ਤਾਂ ਧਿਆਨ ਉਨ੍ਹਾਂ ਦੇ ਚਾਹ ਪਾਣੀ ਤੇ ਸੇਵਾ ਸੰਭਾਲ ਵਿੱਚ ਲੱਗ ਜਾਂਦਾ ਹੈ। ਘਰ ਵਿੱਚ ਚੰਗੀਆਂ ਪੁਸਤਕਾਂ ਦੀ ਇੱਕ ਛੋਟੀ ਜਿਹੀ ਲਾਇਬ੍ਰੇਰੀ ਹੋਵੇ। ਬੱਚਿਆਂ ਨੂੰ ਬਚਪਨ ਤੋਂ ਹੀ ਇਸ ਪਾਸੇ ਵੱਲ ਪ੍ਰੇਰਿਆਂ ਜਾਵੇ। ਸਾਰਾ ਪਰਵਾਰ ਰਲ਼ ਕੇ ਖ਼ੁਦ ਇੱਕ ਸਹਿਜ ਪਾਠ ਹਰ ਵਖ਼ਤ ਚਾਲੂ ਰੱਖੇ। ਮੁੱਕਦੀ ਗੱਲ ਆਪਣਾ ਜੀਵਨ ਅੱਖਾਂ ਖੋਲ੍ਹ ਕੇ ਜੀਵਿਆ ਜਾਵੇ ਤੇ ਉਸ ਵਿੱਚ ਗੁਰਬਾਣੀ ਗਿਆਨ ਦਾ ਸੁਰਮਾ ਰੋਜ਼ ਪਾਇਆ ਜਾਵੇ।