‘ਸਿਮਰਨ’ ਤੇ ‘ਅਰਦਾਸ’ ਦਾ ਮਹੱਤਵ

0
1360

‘ਸਿਮਰਨ’ ਤੇ ‘ਅਰਦਾਸ’ ਦਾ ਮਹੱਤਵ

ਹੱਥਲੇ ਲੇਖ ਦਾ ਵਿਸ਼ਾ (‘ਸਿਮਰਨ’ ਤੇ ‘ਅਰਦਾਸ’); ਗੁਰਮਤਿ ਵਿੱਚ ਇੱਕ ਗੁਰਸਿੱਖ ਲਈ ਅਤਿ ਜ਼ਰੂਰੀ ਮੰਨਿਆ ਗਿਆ ਹੈ ਕਿਉਂਕਿ ਇਨ੍ਹਾਂ ਤੋਂ ਬਿਨਾ ਮਨੁੱਖ ਦੀ ਸੋਚ; ਜਾਨਵਰ ਜਾਂ ਪਸ਼ੂ ਵਾਲੀ ਬਿਰਤੀ ਤੋਂ ਉੱਪਰ ਉੱਠਣੀ ਅਸੰਭਵ ਹੈ ਭਾਵ ‘ਸਿਮਰਨ ਵਿਹੂਣਾ’ ਮਨੁੱਖ ਜਾਂ ਪਸ਼ੂ; ਦਾਤਾਰ ਮਾਲਕ ਦੀਆਂ ਕੇਵਲ ਦਾਤਾਂ ਨੂੰ ਭੋਗਣ ਉਪਰੰਤ (ਇੱਕ ਦਿਨ) ਸਮਾਜ ’ਚੋਂ ਕੂਚ ਕਰਨ ਤੱਕ ਹੀ ਸੀਮਤ ਰਹਿ ਜਾਂਦਾ ਹੈ।

‘ਸਿਮਰਨ ਵਿਹੂਣੇ’ ਮਨੁੱਖਾ ਜੀਵਨ ਦੀ ਤੁਲਨਾ ਗੁਰਬਾਣੀ ’ਚ ‘ਪਸ਼ੂ, ਕੁੱਤੇ, ਗਧੇ, ਸੱਪ’ ਆਦਿ ਨਾਲ ਕੀਤੀ ਹੋਈ ਮਿਲਦੀ ਹੈ; ਜਿਵੇਂ ਕਿ: ‘‘ਬਿਨੁ ਸਿਮਰਨ, ਜੈਸੇ ਸੀਙ ਛਤਾਰਾ ॥, ਬਿਨੁ ਸਿਮਰਨ, ਗਰਧਭ ਕੀ ਨਿਆਈ (ਗਧੇ ਵਾਙ) ॥, ਬਿਨੁ ਸਿਮਰਨ, ਕੂਕਰ ਹਰਕਾਇਆ (ਹਲਕਿਆ ਕੁੱਤਾ) ॥, ਬਿਨੁ ਸਿਮਰਨ, ਜੈਸੇ ਸਰਪ ਆਰਜਾਰੀ (ਸੱਪ ਦੀ ਉਮਰ) ॥’’ ਆਦਿ, ਇਸ ਲਈ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਪਾਸ ਮਾਲਕ ਦਾ ‘ਸਿਮਰਨ’ ਹੈ, ਉਹੀ ਅਸਲ ’ਚ ‘ਮਨੁੱਖਾ ਜੀਵਨ’ ਦਾ ਸਾਰਥਕ ਲਾਭ ਉਠਾ ਰਿਹਾ ਹੈ; ਜਿਵੇਂ: ‘‘ਜੀਵਨ ਰੂਪੁ; ਸਿਮਰਣੁ ਪ੍ਰਭ ! ਤੇਰਾ ॥’’ (ਮ: ੫/੭੪੩) ਭਾਵ ਹੇ ਪ੍ਰਭੂ! ਤੇਰਾ ਸਿਮਰਨ ਹੀ ਮਨੁੱਖ ਨੂੰ ਇੱਕ ਆਦਰਸ਼ ਜੀਵਨ ’ਚ ਬਦਲ ਸਕਦਾ ਹੈ ਕਿਉਂਕਿ ‘ਸਿਮਰਨ’; ਮਨੁੱਖ ਦੇ ਆਤਮਕ ਜੀਵਨ ਨੂੰ ਪ੍ਰਫੁਲਿਤ ਕਰ ਦਿੰਦਾ ਹੈ ਇਸ ਲਈ ਗੁਰਸਿੱਖ ਵਾਸਤੇ ‘‘ਪ੍ਰਭ ਕਾ ਸਿਮਰਨੁ; ਸਭ ਤੇ ਊਚਾ ॥’’ (ਮ: ੫/੨੬੩) ਬਿਆਨਿਆ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸਭ ਤੋਂ ਲੰਬੀ ਰਚਨਾ ‘ਸੁਖਮਨੀ’ ਸਾਹਿਬ ਦੀ ਭੂਮਕਾ ਲਈ ਵੀ ਆਰੰਭਕ ਪੂਰੀ ਅਸਟਪਦੀ ਨੂੰ ‘ਸਿਮਰਨ’ ਦੀਆਂ ਬਰਕਤਾਂ ਦੇ ਅਧਾਰ ’ਤੇ ਰੂਪਮਾਨ ਕੀਤਾ ਗਿਆ ਹੈ; ਜਿਵੇਂ ਕਿ: ‘‘ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥, ਪ੍ਰਭ ਕੈ ਸਿਮਰਨਿ; ਨਾਹੀ ਜਮ ਤ੍ਰਾਸਾ (ਜਮ ਦਾ ਡਰ)॥, ਪ੍ਰਭ ਕੈ ਸਿਮਰਨਿ; ਮਨ ਕੀ ਮਲੁ ਜਾਇ ॥’’ (ਮ: ੫/੨੬੩) ਆਦਿ।

‘ਸਿਮਰਨ’ ਦੇ ਮੁਕਾਬਲੇ ‘ਗੁਰਬਾਣੀ’ ’ਚ ਦੂਸਰਾ ਵਿਸ਼ਾ ‘ਅਰਦਾਸ’ ਵੀ ਮਨੁੱਖ ਲਈ ਅਤਿ ਜ਼ਰੂਰੀ ਹੈ, ਜਿਸ ਦੀ ਵਰਤੋਂ ਮਨੁੱਖ ਕਿਸੇ ਸ਼ੁਕਰਾਨੇ ਵਜੋਂ ਜਾਂ ਕੋਈ ਦਿਲੀ ਉਮੰਗ ਨੂੰ ਮੁੱਖ ਰੱਖ ਕੇ ਕਰਦਾ ਹੈ। ‘ਸਿਮਰਨ’ ਤੇ ‘ਅਰਦਾਸ’ ਦਾ ਗੁਰਬਾਣੀ ’ਚ ਅਟੁੱਟ ਸਬੰਧ ਹੈ ਕਿਉਂਕਿ ਦੋਵੇਂ ਵਿਸ਼ਿਆਂ ਦਾ ਸਬੰਧ ਸਿੱਧੇ ਤੌਰ ’ਤੇ ‘ਗੁਰੂ’ ਜਾਂ ‘ਨਿਰਾਕਾਰ ਮਾਲਕ’ ਨੂੰ ਸੰਬੋਧਨ ਰੂਪ ’ਚ ਬਿਆਨ ਕਰਨਾ ਹੁੰਦਾ ਹੈ, ਇਨ੍ਹਾਂ ਦੋਵਾਂ ’ਚ ਭਿੰਨਤਾ ਕੇਵਲ ਇਹੀ ਰਹਿ ਜਾਂਦੀ ਹੈ ਕਿ ‘ਸਿਮਰਨ’ ਨਿਰੋਲ ਕਾਮਨਾ ਰਹਿਤ ਕੀਤਾ ਜਾਂਦਾ ਹੈ; ਜਿਵੇਂ: ‘‘ਸੇਵਾ ਕਰਤ, ਹੋਇ ਨਿਹਕਾਮੀ ॥ ਤਿਸ ਕਉ ਹੋਤ; ਪਰਾਪਤਿ ਸੁਆਮੀ ॥’’ (ਮ: ੫/੨੮੭) ਜਦਕਿ ‘ਅਰਦਾਸ’ ਦੇ ਪਿਛੋਕੜ ’ਚ ਕਾਮਨਾ ਅਤਿ ਜ਼ਰੂਰੀ ਹੈ; ਜਿਵੇਂ ਕਿ: ‘‘ਬਿਖੁ ਭਉਜਲ ਡੁਬਦੇ ਕਢਿ ਲੈ; ਜਨ ਨਾਨਕ ਕੀ ਅਰਦਾਸਿ ॥’’ (ਮ: ੪/੪੦), ‘‘ਜੀਅ ਕੀ ਬਿਰਥਾ ਹੋਇ; ਸੁ, ਗੁਰ ਪਹਿ ਅਰਦਾਸਿ ਕਰਿ ॥’’ (ਮ: ੫/੫੧੯) ਆਦਿ, ਬੇਸ਼ਕ ‘ਅਰਦਾਸ’ ’ਚ ਸ਼ਾਮਲ ਇਹ ਕਾਮਨਾ ‘ਆਕਾਰ (ਸਮਾਜ) ਨਾਲ ਸਬੰਧਿਤ’ ਹੋਵੇ ਜਾਂ ‘ਨਿਰਾਕਾਰ ਨਾਲ ਸਬੰਧਿਤ’।

ਸਿਮਰਨ:-ਇਸ ਸ਼ਬਦ ਦਾ ਅਰਥ ਸਾਡੀ ‘ਯਾਦਾਸ਼ਤ’ ਨਾਲ ਸਬੰਧਿਤ ਹੈ, ਜਿਸ ਵਿੱਚੋਂ ‘ਚੇਤਾ ਕਰਨਾ, ਧਿਆਨ ਇਕਾਗਰਤਾ’ ਆਦਿ ਵਿਸ਼ੇ ਲੈਣੇ ਦਰੁਸਤ ਹਨ; ਜਿਵੇਂ ਕਿ: ‘ਮਾਤਾ ਆਪਣੇ ਬੱਚੇ ਨੂੰ ਹਮੇਸ਼ਾਂ ‘ਯਾਦ’ ਰੱਖਦੀ ਹੈ ਭਾਵ ਉਸ ਦਾ ਨਿਰੰਤਰ ‘ਸਿਮਰਨ’ ਕਰਦੀ ਹੈ।, ਪਤਨੀ; ਆਪਣੇ ਵਿਦੇਸ਼ ਗਏ ਪਤੀ ਨੂੰ ਹਮੇਸ਼ਾਂ ਚੇਤੇ ਰੱਖਦੀ ਹੈ ਭਾਵ ਉਸ ਦਾ ‘ਸਿਮਰਨ’ ਕਰਦੀ ਹੈ।, ਗੁਰੂ ਅਰਜਨ ਸਾਹਿਬ ਜੀ ਅਨੁਸਾਰ ਕੂੰਜ ਆਪਣੇ ਬੱਚਿਆਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਆਪਣਾ ਧਿਆਨ ਉਨ੍ਹਾਂ ’ਚ ਨਿਰੰਤਰ ਜੋੜੀ ਰੱਖਦੀ ਹੈ ਭਾਵ ਉਨ੍ਹਾਂ ਦਾ ‘ਸਿਮਰਨ’ ਕਰਦੀ ਰਹਿੰਦੀ ਹੈ: ‘‘ਊਡੇ, ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥ ਤਿਨ ਕਵਣੁ ਖਲਾਵੈ, ਕਵਣੁ ਚੁਗਾਵੈ; ਮਨ ਮਹਿ ‘ਸਿਮਰਨੁ’ ਕਰਿਆ ॥’’ (ਮ: ੫/੧੦), ਇੱਕ ਗੁਰਸਿੱਖ; ਆਪਣਾ ਨਿਤਨੇਮ (ਪਾਠ) ਕਰਦਿਆਂ ਜਦ ਉਸ ਦਾ ਧਿਆਨ ਗੁਰਬਾਣੀ ਦੇ ਭਾਵਾਰਥਾਂ ’ਚ ਸਥਿਰ ਹੋਣ ਦੀ ਬਜਾਏ ਕਿਸੇ ਦੁਨਿਆਵੀ ਕਾਰਜ ਵੱਲ ਚਲਾ ਜਾਵੇ ਤਾਂ ਉਸ ਸਮੇਂ ਗੁਰਸਿੱਖ ਦੁਨਿਆਵੀ ਕਾਰਜ ਨੂੰ ‘ਯਾਦ’ ਕਰ ਰਿਹਾ ਹੁੰਦਾ ਹੈ ਭਾਵ ਦੁਨਿਆਵੀ ਕਾਰਜ ਨੂੰ ‘ਸਿਮਰ’ ਰਿਹਾ ਹੁੰਦਾ ਹੈ ਬੇਸ਼ੱਕ ਵੇਖਣ ’ਚ ਉਹ ਆਪਣਾ ਨਿਤਨੇਮ ਦਾ ਫ਼ਰਜ਼ ਹੀ ਨਿਭਾ ਰਿਹਾ ਹੋਵੇ, ਆਦਿ।

ਗੁਰਬਾਣੀ ਅਨੁਸਾਰ ਕੁਦਰਤ ਦਾ ਮਾਲਕ ‘ਕਰਤਾਰ’; ਆਪਣੀ ਤਮਾਮ ਰਚਨਾ ਵਿੱਚੋਂ ਹਰ ਉਸ ਜੀਵ ਦਾ ਅਧਿਆਤਮਕ ਪੱਖ ਤੋਂ ਵਿਸ਼ੇਸ਼ ਧਿਆਨ ਰੱਖਦਾ ਹੈ ਜੋ ਉਸ ਨੂੰ ਨਿਰੰਤਰ ਯਾਦ ਕਰਦੇ ਰਹਿੰਦੇ ਹਨ ਭਾਵ ਜੋ ਉਸ ਦਾ ‘ਸਿਮਰਨ’ ਕਰਦੇ ਰਹਿੰਦੇ ਹਨ। ਭਗਤ ਨਾਮਦੇਵ ਜੀ ਦਾ ਇਤਿਹਾਸ ’ਚ ਕਈ ਵਾਰ ਜ਼ਿਕਰ ਆਉਂਦਾ ਹੈ ਕਿ ਉਨ੍ਹਾਂ ‘ਸਿਮਰਨ’ ਕਰਦਿਆਂ ਪ੍ਰਮਾਤਮਾ ਨਾਲ ਪ੍ਰਤੱਖ ਤੌਰ ’ਤੇ ਵਾਰਤਾਲਾਪ ਕੀਤੀ; ਜਿਵੇਂ ਕਿ: ‘‘ਤੂ ਕੁਨੁ ਰੇ ॥ ਮੈ ਜੀ ॥ ਨਾਮਾ ॥’’ (ਭਗਤ ਨਾਮਦੇਵ/੬੯੪) ਭਾਵ ਮੁੜ ਮੁੜ ਕਰਤਾਰ ਨੂੰ ਯਾਦ ਕਰਨ ਨਾਲ ‘ਕੁਦਰਤ ਦੇ ਮਾਲਕ’ ਨੂੰ ਕਹਿਣਾ ਪਿਆ ਕਿ ਤੂੰ ਕੌਣ ਹੈਂ? ਜਿਸ ਦੇ ਜਵਾਬ ’ਚ ਭਗਤ ਜੀ ਨੇ ਆਪਣਾ ਨਾਂ ‘ਨਾਮਾ’ ਆਖ ਕੇ ਬਾਤ ਚੀਤ ਨੂੰ ਜਾਰੀ ਰੱਖਿਆ। ਇੱਕ ਹੋਰ ਘਟਨਾ ਰਾਹੀਂ ਪ੍ਰਮਾਤਮਾ ਜੀ ਕਹਿ ਰਹੇ ਹਨ ਕਿ ਮੇਰੇ ਵੱਲੋਂ ਪਾਈ ਗਈ ਮਨੁੱਖ ਨੂੰ ਮਾਇਆ ਮੋਹ ਦੀ ਸੰਗਲ਼ੀ (ਜ਼ੰਜੀਰ) ਮੇਰਾ ਭਗਤ ਮੈਨੂੰ ਯਾਦ ਕਰਕੇ (ਮੇਰਾ ‘ਸਿਮਰਨ’ ਕਰਕੇ) ਖੋਲ੍ਹ ਲੈਂਦਾ ਹੈ ਪਰ ਜਦ ਮੇਰਾ ‘ਸਿਮਰਨ’ ਕਰਨ ਵਾਲਾ ਮੈਨੂੰ ਆਪਣੇ ਪਿਆਰ ਦੀ ਸੰਗਲ਼ੀ ਨਾਲ ਬੰਨ੍ਹ ਲੈਂਦਾ ਹੈ ਤਾਂ ਮੇਰੇ ਕੋਲ ਕੋਈ ਅਜਿਹੀ ਸ਼ਕਤੀ ਨਹੀਂ ਰਹਿ ਜਾਂਦੀ ਜੋ ਉਸ ਤੋਂ ਛੁਟਕਾਰਾ ਪਾ ਸਕਾਂ: ‘‘ਮੇਰੀ ਬਾਂਧੀ ਭਗਤੁ ਛਡਾਵੈ; ਬਾਂਧੈ ਭਗਤੁ, ਨ ਛੂਟੈ ਮੋਹਿ ॥’’ (ਭਗਤ ਨਾਮਦੇਵ/੧੨੫੨)

‘ਰੱਬੀ ਸਿਮਰਨ’ ਰਾਹੀਂ ਵਿਸ਼ਵਾਸ ’ਚ ਆਇਆ ਭਗਤ, ਰਾਮ ਭਰੋਸੇ ਰਹਿਣ ਕਾਰਨ ਮਸਤੀ ’ਚ ਆਉਂਦਾ ਆਖਦਾ ਹੈ ਕਿ ‘‘ਆਦਿ ਅੰਤਿ ਪ੍ਰਭੁ ਸਦਾ ਸਹਾਈ; ਧੰਨੁ ਹਮਾਰਾ ਮੀਤੁ ॥’’ (ਮ: ੫/੬੮੨) ਗੁਰੂ ਅਰਜਨ ਸਾਹਿਬ ਜੀ ਅਨੁਸਾਰ ਜਿਸ ਮਨੁੱਖ ਦੇ ਧਿਆਨ ’ਚ: ‘‘ਸੰਗਿ ਸਹਾਈ; ਸੁ ਆਵੈ ਨ ਚੀਤਿ ॥’’ (ਮ: ੫/੨੬੭) ਭਾਵ ਜੋ ਸਦੀਵੀ ਮਦਦਗਾਰ ਹੈ ਜਦ ਉਹੀ ਚਿੱਤ ’ਚ ਨਹੀਂ ਆਇਆ ਭਾਵ ਉਸ ਦਾ ‘ਸਿਮਰਨ’ ਨਹੀਂ ਕੀਤਾ ਤਾਂ ਮਨੁੱਖ ਲਈ ਛੋਟੀ ਤੋਂ ਛੋਟੀ ਦੁਨਿਆਵੀ ਮੁਸੀਬਤ ਵੀ ਪਹਾੜ ਬਣ ਜਾਂਦੀ ਹੈ: ‘‘ਬਿਪਤਿ ਤਹਾ; ਜਹਾ ਹਰਿ ਸਿਮਰਨੁ ਨਾਹੀ ॥’’ (ਮ: ੫/੧੯੭), ‘‘ਰਾਮ ਨਾਮ ਕਾ ਸਿਮਰਨੁ ਛੋਡਿਆ; ਮਾਇਆ ਹਾਥਿ ਬਿਕਾਨਾ॥’’ (ਮ: ੯/੬੮੪) ਭਾਵ ‘ਸਿਮਰਨ ਵਿਹੂਣਾ’ ਜੀਵਨ ਮਾਇਆ ਦੇ ਹੱਥ ’ਚ ਵਿਕ ਜਾਂਦਾ ਹੈ, ਇਸ ਲਈ ‘‘ਜਹ; ਮਾਤ, ਪਿਤਾ, ਸੁਤ, ਮੀਤ ਨ ਭਾਈ ॥ ਮਨ ! ਊਹਾ, ਨਾਮੁ ਤੇਰੈ ਸੰਗਿ, ਸਹਾਈ ॥’’ (ਮ: ੫/੨੬੪) ਇਸ ਪਾਵਨ ਵਾਕ ’ਚ ‘ਨਾਮੁ’ ਦਾ ਅਰਥ ‘ਸਿਮਰਨ’ ਵਧੇਰੇ ਦਰੁਸਤ ਜਾਪਦਾ ਹੈ ਕਿਉਂਕਿ ‘ਸੁਖਮਨੀ’ ਬਾਣੀ ’ਚ ਇਸ ਤੋਂ ਪਹਿਲੀ ਅਸਟਪਦੀ ’ਚ ‘ਸਿਮਰਨ’ ਸ਼ਬਦ ਰਾਹੀਂ ਵਿਸ਼ੇ ਦੀ ਭੂਮਕਾ ਬਣਾਈ ਗਈ ਹੈ।

ਭਗਤ ਕਬੀਰ ਜੀ ਬਚਨ ਕਰਦੇ ਹਨ ਕਿ ਹੇ ਮਨੁੱਖ! ਅਗਰ ਤੈਂ ‘ਰੱਬ ਦਾ ਸਿਮਰਨ’ (ਭਜਨ) ਨਾ ਕੀਤਾ ਤੇ ਕਰਤਾਰ ਦੀ ਰਚਨਾ ਨੂੰ ਉਸ ਦੀ ਔਲਾਦ (ਸੰਤਾਨ) ਸਮਝ ਕੇ ਉਸ ਨਾਲ ਪ੍ਰੇਮ ਨਾ ਬਣਾਇਆ ਤਾਂ ‘‘ਸੰਗਿ ਸਹਾਈ’’ ਮਾਲਕ; ਕਦੇ ਵੀ ਤੇਰੀ ਸਹਾਇਤਾ ਨਹੀਂ ਕਰੇਗਾ, ਜਿਸ ਕਾਰਨ ਤੂੰ ਸਦਾ ਮਾਇਆ ਦੀਆਂ ਚੋਟਾਂ ਖਾਏਂਗਾ: ‘‘ਸਿਮਰਨੁ, ਭਜਨੁ, ਦਇਆ ਨਹੀ ਕੀਨੀ; ਤਉ ਮੁਖਿ ਚੋਟਾ ਖਾਹਿਗਾ ॥’’ (ਭਗਤ ਕਬੀਰ/੧੧੦੬)

ਗੁਰੂ ਅਰਜਨ ਸਾਹਿਬ ਜੀ ਅਨੁਸਾਰ ‘ਹਰੀ’ ਜਾਂ ‘ਗੁਰੂ’ ਦਾ ‘ਸਿਮਰਨ’ ਸਹੀ ਮਾਅਨਿਆਂ ’ਚ ਬਹੁਤਿਆਂ ਵਿੱਚੋਂ ਕੋਈ ਵਿਰਲਾ ਹੀ ਕਰਦਾ ਹੈ: ‘‘ਹਰਿ ‘ਸਿਮਰਨੁ’, ਬਹੁ ਮਾਹਿ ਇਕੇਲਾ ॥’’ (ਮ: ੫/੧੧੫੦), ਗੁਰੂ ਅਮਰਦਾਸ ਜੀ ਅਨੁਸਾਰ ‘ਗੁਰੂ ਉਪਦੇਸ਼ ਦੀ ਕਮਾਈ’ ਲਈ ਧਿਆਨ ਦੀ ਇਕਾਗਰਤਾ (ਨੇੜਤਾ) ਜ਼ਰੂਰੀ ਹੈ, ਨਾ ਕਿ ਸਰੀਰ ਦੀ: ‘‘ਗੁਰ ਸਭਾ ਏਵ ਨ ਪਾਈਐ; ਨਾ ਨੇੜੈ, ਨਾ ਦੂਰਿ ॥ ਨਾਨਕ ! ਸਤਿਗੁਰੁ ਤਾਂ ਮਿਲੈ; ਜਾ ਮਨੁ ਰਹੈ ਹਦੂਰਿ (ਅੰਗ ਸੰਗ) ॥’’ (ਮ: ੩/੮੪), ਰਸਤੇ ’ਚ ਚੱਲਦਿਆਂ ਵੀ ‘ਹਰੀ ਸਿਮਰਨ’ ਕੀਤਾ ਜਾ ਸਕਦਾ ਹੈ: ‘‘ਮਾਰਗਿ ਚਲਤ; ਹਰੇ ਹਰਿ ਗਾਈਐ ॥’’ (ਮ: ੫/੩੮੬) ਭਾਵ ‘‘ਹਰਿ ਸਿਮਰਨ ਕੀ, ਸਗਲੀ ਬੇਲਾ ॥’’ (ਮ: ੫/੧੧੫੦)

‘ਗੁਰੂ ਗ੍ਰੰਥ ਸਾਹਿਬ’ ਜੀ ਦੀ ਆਰੰਭਕ ਬਾਣੀ ਦਾ ਸਿਰਲੇਖ ‘ਜਪੁ’ ਭਾਵ ‘ਸਿਮਰਨ’ ਵੀ ਇਸ ਵਿਸ਼ੇ ਦੀ ਮਨੁੱਖਾਂ ਲਈ ਅਹਿਮੀਅਤ ਨੂੰ ਦਰਸਾਉਂਦਾ ਹੈ। ਉਕਤ ਕੀਤੀ ਗਈ ਵੀਚਾਰ ਕਿ ‘ਅਰਦਾਸ’ ’ਚ ਕਾਮਨਾ ਜ਼ਰੂਰ ਸ਼ਾਮਲ ਹੁੰਦੀ ਹੈ ਤੇ ‘ਸਿਮਰਨ’ ਕਾਮਨਾ ਰਹਿਤ ਹੁੰਦਾ ਹੈ ਅਤੇ ਦੋਵੇਂ ਵਿਸ਼ੇ ਇੱਕ ਦੂਸਰੇ ਨਾਲ ਸਬੰਧਿਤ ਹੁੰਦੇ ਹਨ। ਭਗਤ ਕਬੀਰ ਜੀ ਅਨੁਸਾਰ ‘ਰੱਬੀ ਸਿਮਰਨ’ ਗੁਰੂ ਦੇ ਦਰ ਤੋਂ ਹੀ ਮਿਲਦਾ ਹੈ; ਜਿਵੇਂ ਕਿ: ‘‘ਇਹੁ ‘ਸਿਮਰਨੁ’; ਸਤਿਗੁਰ ਤੇ ਪਾਈਐ ॥’’ (ਭਗਤ ਕਬੀਰ/੯੭੦) ਇਸ ਤਰ੍ਹਾਂ ਹੀ ‘ਜਪੁ’ ਬਾਣੀ ਦੀਆਂ ਆਰੰਭਕ ਪਉੜੀਆਂ ਰਾਹੀਂ ‘ਗੁਰੂ’ ਦਰ ਤੋਂ ਦਾਤਾਰ ਦੇ ‘ਸਿਮਰਨ’ ਦੀ ਦਾਤ ਮੰਗੀ ਗਈ ਹੈ; ਜਿਵੇਂ ਕਿ: ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ (ਜਪੁ) ਅਤੇ ਇਸ ਕਾਮਨਾ ਭਰਪੂਰ ‘ਅਰਦਾਸ’ ਉਪਰੰਤ ਕੁਦਰਤ ਦੇ ਮਾਲਕ ਦੇ ਸਨਮੁਖ ਕਾਮਨਾ ਰਹਿਤ ‘ਸਿਮਰਨ’ ਜਾਂ ‘ਧਿਆਨ ਦੀ ਇਕਾਗਰਤਾ’ ਵਿਸ਼ੇ ਨੂੰ (ਅਗਲੀਆਂ ਪਉੜੀਆਂ ’ਚ) ਨਿਰੰਤਰ ਜਾਰੀ ਰੱਖਿਆ ਗਿਆ ਹੈ; ਜਿਵੇਂ: ‘‘ਪੰਚਾ ਕਾ, ਗੁਰੁ ਏਕੁ ਧਿਆਨੁ ॥, ਕੇਤਾ ਤਾਣੁ; ਸੁਆਲਿਹੁ ਰੂਪੁ ॥ ਕੇਤੀ ਦਾਤਿ; ਜਾਣੈ ਕੌਣੁ ਕੂਤੁ (ਅੰਦਾਜ਼ਾ)?॥, ਤੂ ਸਦਾ ਸਲਾਮਤਿ; ਨਿਰੰਕਾਰ ! ॥, ਅਸੰਖ ਕਹਹਿ; ਸਿਰਿ ਭਾਰੁ ਹੋਇ ॥, ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥, ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’ ਭਾਵ ‘ਸਿਮਰਨ’ ਕੀਤਿਆਂ ਤੇਰੇ ’ਚ ਮਨੁੱਖਾ ਸੁਰਤ ਇਉਂ ਲੀਨ ਹੋ ਜਾਂਦੀ ਹੈ ਜਿਵੇਂ ਨਦੀਆਂ ਤੇ ਨਾਲੇ ਸਮੁੰਦਰ ਵਿੱਚ ਪੈ ਕੇ ਆਪਾ ਭਾਵ ਗਵਾ ਲੈਂਦੇ ਹਨ।, ‘‘ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥ ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ ਊਚਾ; ਨਾਉ ॥, ਜਿਸ ਨੋ ਬਖਸੇ, ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥, ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥, ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ..॥, ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥, ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ, ਲਖ ਵੀਸ ॥ ਲਖੁ ਲਖੁ ਗੇੜਾ ਆਖੀਅਹਿ; ਏਕੁ ਨਾਮੁ ਜਗਦੀਸ ॥, ਤਿਥੈ, ਸੀਤੋ ਸੀਤਾ; ਮਹਿਮਾ ਮਾਹਿ ॥’’ ਭਾਵ ‘ਸਿਮਰਨ’ ਕੀਤਿਆਂ ਰੱਬੀ ਮਹਿਮਾ ’ਚ ਮਨੁੱਖਾ ਸੁਰਤ ਇਉਂ ਇੱਕ ਮਿੱਕ ਹੋ ਜਾਂਦੀ ਹੈ ਜਿਵੇਂ ਦੋ ਫਟੇ ਹੋਏ ਕੱਪੜੇ ਸਿਲਾਈ ਕੀਤਿਆਂ ਇੱਕ ਰੂਪ ਹੋ ਜਾਂਦੇ ਹਨ, ਆਦਿ ਪੰਕਤੀਆਂ ’ਚ ਮਨੁੱਖੀ ਕਾਮਨਾ ਰੱਤੀ ਭਰ ਵੀ ਦਰਜ ਨਹੀਂ ਹੈ ਕਿਉਂਕਿ ਇਸ ਬਾਣੀ ਦਾ ਸਿਰਲੇਖ ‘ਸਿਮਰਨ’ (ਜਪੁ) ਹੈ, ਜਿਸ ਦੀ ਸਮਾਪਤੀ ਵੀ ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ॥ ਨਾਨਕ ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥’’ ਭਾਵ ‘ਨਾਮ’ (ਸਿਮਰਨ) ਕਾਮਨਾ ਰਹਿਤ ਵਿਸ਼ੇ ਰਾਹੀਂ ਕੀਤੀ ਗਈ ਹੈ।

‘ਅਰਦਾਸ’-ਗੁਰਮਤਿ ਅਨੁਸਾਰ ‘ਗੁਰੂ ਦੇ ਦਰ ਉੱਤੇ’ ਜਾਂ ‘ਰੱਬੀ ਦਰ ਉੱਤੇ’ ਕੀਤੀ ਗਈ ਪੁਕਾਰ ਹੀ ‘ਅਰਦਾਸ’ ਅਖਵਾਉਂਦੀ ਹੈ ਪਰ ਇਸ ‘ਅਰਦਾਸ’ ਰਾਹੀਂ ਸਰੀਰਕ ਖ਼ੁਰਾਕ ਵਾਸਤੇ ਮੰਗ ਕਰਨ ਦੀ ਬਜਾਏ ਅਧਿਆਤਮਕ ਖ਼ੁਰਾਕ ਲਈ ਪੁਕਾਰ ਕਰਨੀ, ਵਧੇਰੇ ਦਰੁਸਤ ਮੰਗ ਮੰਨੀ ਗਈ ਹੈ; ਜਿਵੇਂ: ‘‘ਮਾਗਨਾ ਮਾਗਨੁ ਨੀਕਾ (ਸ੍ਰੇਸ਼ਟ); ‘ਹਰਿ ਜਸੁ’ ਗੁਰ ਤੇ ਮਾਗਨਾ ॥’’ (ਮ: ੫/੧੦੧੮) ਭਾਵ ‘ਰੱਬੀ ਸਿਮਰਨ’; ਗੁਰੂ ਦੇ ਦਰ ਤੋਂ ਮੰਗਣਾ ਹੀ ਉਚਿਤ ਮੰਗ ਹੈ। ਗੁਰੂ ਨਾਨਕ ਸਾਹਿਬ ਜੀ ਇਸ ਦੀ ਪੁਸਟੀ ਇਉਂ ਕਰਦੇ ਹਨ: ‘‘ਸਤਿਗੁਰ ਅਗੈ ਅਰਦਾਸਿ ਕਰਿ; ਸਾਜਨੁ ਦੇਇ ਮਿਲਾਇ ॥’’ (ਮ: ੧/੫੫) ਭਾਵ ਹੇ ਮਨੁੱਖ! ਗੁਰੂ ਅੱਗੇ ਅਰਦਾਸ ਕਰ ਜੋ ‘ਰੱਬੀ ਸਿਮਰਨ’ ਦੀ ਦਾਤ ਬਖ਼ਸ਼ਸ਼ ਕਰਕੇ ਤੈਨੂੰ ਸਦੀਵੀ ਮਦਦਗਾਰ ਕਰਤਾਰ ਨਾਲ ਮਿਲਾ ਦੇਵੇਗਾ ਪਰ ਦੁਨਿਆਵੀ ਲਾਲਸਾ ਅਧੀਨ ਵਿਚਰਨ ਵਾਲਾ ਮਨੁੱਖ ਇਸ ਯੋਗ ਮੰਗ ਦੀ ਬਜਾਏ ਸਰੀਰਕ ਦੁੱਖਾਂ ਦੀ ਨਵਿਰਤੀ ਤੇ ਸਰੀਰਕ ਸੁੱਖਾਂ ਦੀ ਪ੍ਰਾਪਤੀ ਵਾਲੀ ਮੰਗ ਨੂੰ ਹੀ ਹਮੇਸ਼ਾਂ ਤਰਜੀਹ ਦੇਣਾ ਉਚਿਤ ਸਮਝਦਾ ਹੈ ਤੇ ਇਸ ਮਨਸਾ ਅਧੀਨ ਕੀਤੀ ਗਈ ‘ਅਰਦਾਸ’ ਗੁਰੂ ਨਾਨਕ ਸਾਹਿਬ ਜੀ ਅਨੁਸਾਰ ਕੇਵਲ ਝੱਖ ਮਾਰਨਾ ਹੈ; ਜਿਵੇਂ ਕਿ: ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥ ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯) ਇਸ ਪੰਕਤੀ ’ਚ ਦਰਜ ‘ਝਖਣਾ’ ਸ਼ਬਦ ਦਾ ਮਤਲਬ, ਉਸ ਭਿਖਾਰੀ ਦੀ ਪੁਕਾਰ ਵਾਙ ਹੈ ਜੋ ਕਿਸੇ ਦੇ ਦਰ ’ਤੇ ਪੁਕਾਰਾਂ ਕਰਦਾ ਕਰਦਾ ਆਪਣਾ ਸਮਾਂ ਬਰਬਾਦ ਕਰ ਰਿਹਾ ਹੁੰਦਾ ਹੈ ਕਿਉਂਕਿ ਸਾਮ੍ਹਣੇ ਤੋਂ ਮਾਲਕ ਉਸ ਦੀ ਫ਼ਰਿਆਦ ਵੱਲ ਕੋਈ ਧਿਆਨ ਹੀ ਨਹੀਂ ਦੇਣ ਵਾਲਾ ਹੁੰਦਾ।

ਗੁਰੂ ਨਾਨਕ ਸਾਹਿਬ ਜੀ ਨੇ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਨੂੰ ‘‘ਜਿਥੈ ਬੋਲਣਿ ਹਾਰੀਐ’’ ਭਾਵ ‘‘ਬੋਲਣੁ ਝਖਣਾ’’ ਬਿਆਨ ਕਰਕੇ ‘‘ਤਿਥੈ ਚੰਗੀ ਚੁਪ ॥’’ ਵਾਲੀ ਨਸੀਹਤ ਦੇਣੀ ਉਚਿਤ ਸਮਝੀ ਕਿਉਂਕਿ ਦੁੱਖ-ਸੁੱਖ ਰੱਬੀ ਦਰ ਤੋਂ ਮਿਲੇ ਦੋ ਕੱਪੜੇ ਹੁੰਦੇ ਹਨ ਜਿਨ੍ਹਾਂ ਨੂੰ ਮਨੁੱਖਾ ਜਾਮੇ ’ਚ ਪਹਿਨਣਾ ਹੀ ਪਹਿਨਣਾ ਹੁੰਦਾ ਹੈ। ਗੁਰਸਿੱਖ ਨੂੰ ਹਮੇਸ਼ਾਂ ਧਿਆਨ ’ਚ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਸਰੀਰਕ ਦੁੱਖਾਂ ਦਾ ਨਾਸ਼ ਨਹੀਂ ਕਰਦੀ ਬਲਕਿ ਦੁੱਖਾਂ ਨਾਲ ਲੜਨ ਦੀ ਸ਼ਕਤੀ (‘ਕਰਤਾਰ ਦੇ ਸਿਮਰਨ’ ਰਾਹੀਂ) ਉਪਲਬਧ ਕਰਵਾਉਂਦੀ ਹੈ ਕਿਉਂਕਿ ‘ਸੁਖਮਨੀ’ ਸਾਹਿਬ ਦੇ ਰਚੇਤਾ ਵੀ ਤੱਤੀ ਤਵੀ ’ਤੇ ਬੈਠ ਕੇ ‘‘ਤੇਰਾ ਕੀਆ ਮੀਠਾ ਲਾਗੈ ॥’’ (ਮ: ੫/੩੯੪) ਉਚਾਰਨ ਕਰ ਰਹੇ ਸਨ।

ਗੁਰੂ ਨਾਨਕ ਸਾਹਿਬ ਜੀ ਨੇ ‘ਜਪੁ’ (ਨਿਤਨੇਮ) ਰਾਹੀਂ ਵੀ ‘ਗੁਰੂ’ ਦਰ ’ਤੇ ਕੀਤੀ ਗਈ ਪੁਕਾਰ ਕਿ ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ ਭਾਵ ‘ਦਾਤੇ ਦੇ ਸਿਮਰਨ’ ਬਾਰੇ ਸਮਝਾਉਂਦਿਆਂ ‘ਦੂਖ, ਭੂਖ ਤੇ ਵਿਕਾਰਾਂ ਦੀ ਸਦਾ ਮਾਰ’ ਨੂੰ ਰੱਬੀ ਦਾਤ ਵਜੋਂ ਬਿਆਨ ਕੀਤਾ ਹੈ; ਜਿਵੇਂ ਕਿ: ‘‘ਕੇਤਿਆ; ਦੂਖ, ਭੂਖ, ਸਦ ਮਾਰ ॥ ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਪਰ ਦੁਨਿਆਵੀ ਸੋਚ (ਮਨੁੱਖ) ਨੇ ‘‘ਦੂਖ, ਭੂਖ, ਸਦ ਮਾਰ ॥’’ ਨਾਲ ਸਬੰਧਿਤ ਵਾਕ ‘‘ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਨੂੰ ਸਰੀਰਕ ਕਸ਼ਟ ਨਾਲ ਪ੍ਰਵਾਨ ਕਰਨ ਦੀ ਬਜਾਏ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਨਾਲ ਜੋੜ ਕੇ ‘ਗੁਰਮਤਿ’ ਮੰਨ ਲਿਆ, ਇਸ ਉਦਾਹਰਨ ਵਜੋਂ ‘‘ਏਹਿ ਭਿ; ਦਾਤਿ ਤੇਰੀ, ਦਾਤਾਰ ! ॥’’ ਪਾਵਨ ਵਾਕ ਨੂੰ ਸਰੀਰਕ ਸੁਖਦਾਈ ਦਾਤ ਰੂਪ ’ਚ ਸਵੀਕਾਰ ਕਰਕੇ ਗੱਡੀਆਂ ਆਦਿ ’ਤੇ ਲਿਖਣਾ ਆਰੰਭ ਕਰ ਦਿੱਤਾ।

ਸਿੱਖ ਸਮਾਜ ’ਚ ‘ਚੌਪਈ, ਦੁੱਖ ਭੰਜਨੀ, ਸੁਖਮਨੀ’ ਆਦਿ ਬਾਣੀਆਂ ਦਾ ਨਿਰੰਤਰ ਪਾਠ ਤੇ ਦੁੱਖ ਭੰਜਨੀ ਬੇਰੀ (ਦਰਬਾਰ ਸਾਹਿਬ) ਹੇਠਾਂ ਸਰੀਰਕ ਇਸਨਾਨ ਕਰਨ ਵਾਲੀ ਧਾਰਨਾ ਉਕਤ ਸੋਚ ‘‘ਦੁਖ ਛਡਿ, ਮੰਗੀਅਹਿ ਸੁਖ ॥’’ ਵਿੱਚੋਂ ਹੀ ਉਪਜੀ ਪ੍ਰਤੀਤ ਹੁੰਦੀ ਜਾਪਦੀ ਹੈ, ਅਜਿਹੀ ਸੋਚ ਕਦੇ ਵੀ ‘‘ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥’’ (ਮ: ੧/੧੨੮੮), ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ (ਮ: ੧/੧੪੧੨), ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ॥ ਪੁਰਜਾ, ਪੁਰਜਾ ਕਟਿ ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਆਦਿ ਪਾਵਨ ਵਾਕਾਂ ’ਤੇ ਪਹਿਰਾ ਨਹੀਂ ਦੇ ਸਕਦੀ ਕਿਉਂਕਿ ਉਹ ‘ਰੱਬੀ ਸਿਮਰਨ’ ਰਾਹੀਂ ਸਰੀਰਕ ਦੁੱਖਾਂ ਤੋਂ ਉੱਪਰ ਨਹੀਂ ਉੱਠ ਸਕੀ ਭਾਵ ‘‘ਊਚੇ ਉਪਰਿ ਊਚਾ; ਨਾਉ ॥’’ ਨਾਲ ਧਿਆਨ ਲਗਾ ਕੇ ‘‘ਏਵਡੁ ਊਚਾ.. ॥’’ ਨਹੀਂ ਹੋ ਸਕੀ।

ਦੁੱਖ-ਸੁੱਖ ਜਾਂ ਪਾਪ-ਪੁੰਨ ਰੂਪ ਧਾਰਨਾ ਨੂੰ ਜੀਵਨ ਸਾਥੀ ਬਣਾਉਣ ਵਾਲਾ ‘ਰੱਬੀ ਸਿਮਰਨ’ ਦੀ ਮੰਗ ਲਈ ਕਿਵੇਂ ‘ਅਰਦਾਸ’ ਕਰ ਸਕਦਾ ਹੈ? ‘‘ਕਿਆ ਮੁਹੁ ਲੈ, ਕੀਚੈ ਅਰਦਾਸਿ ? ॥ ਪਾਪੁ ਪੁੰਨੁ ਦੁਇ, ਸਾਖੀ ਪਾਸਿ ॥’’ (ਮ: ੧/੩੫੧) ਭਾਵ ਹੇ ਮਾਲਕ! ਜਦ ਜੀਵਨ ਦੇ ਗਵਾਹ (ਆਰਜੀ ਹਮਦਰਦ) ਪਾਪ ਤੇ ਪੁੰਨ (ਭਾਵ ਦੁੱਖ-ਸੁੱਖ) ਦੋਵੇਂ ਹੀ ਬਣੇ ਹੋਏ ਹੋਣ ਤਾਂ ਕਿਹੜਾ ਮੂੰਹ ਲੈ ਕੇ (ਸਥਾਈ ਸਹਾਇਤਾ ਲਈ) ਤੇਰੇ ਦਰ ’ਤੇ ਪੁਕਾਰ ਕੀਤੀ ਜਾਵੇ? (ਕਿਉਂਕਿ ਪਾਪ-ਪੁੰਨ ਅਧੀਨ ਤਾਂ ਦੁਨਿਆਵੀ ਜਾਂ ਸਰੀਰਕ ਮੰਗ ਹੀ ਮੰਗੀ ਜਾ ਸਕਦੀ ਹੈ।)

ਇਸ ਲਈ ਅਗਰ ਅੰਮਿ੍ਰਤ ਵੇਲੇ ਉੱਠ ਕੇ ਵੀ ਮਨੁੱਖ ਉਕਤ (ਦੁਖ ਛਡਿ, ਮੰਗੀਅਹਿ ਸੁਖ ॥) ਧਾਰਨਾ ਅਧੀਨ ਹੀ ਪਾਠ ਕਰ ਰਿਹਾ ਹੈ ਤਾਂ ‘‘ਹਰਿ ਸਿਮਰਨ ਕੀ ਵੇਲਾ; ਬਜਰ ਸਿਰਿ ਪਰੈ ॥’’ (ਮ: ੫/੧੧੪੩) ਕਹਿਣਾ ਵੀ ਅਣਉਚਿਤ ਨਹੀਂ ਹੋਵੇਗਾ। ਇਸ ਪੰਕਤੀ ’ਚ ‘ਬਜਰ’ ਦਾ ਅਰਥ ਅਸਮਾਨੀ ਬਿਜਲੀ ਦੀ ਗਾਜ ਭਾਵ ਭਿਆਨਕ ਚੋਟ ਨਾਲ ਸਬੰਧਿਤ ਹੈ।

(ਨੋਟ:– ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਜਿਸ ਦੇ ਘਰ ’ਚ ਅਤਿ ਦਰਜੇ ਦੀ ਆਰਥਿਕ ਤੰਗੀ ਹੋਵੇ ਉਸ ਦਾ ਧਿਆਨ ਇਕਾਗਰ ਨਹੀਂ ਰਹਿ ਸਕਦਾ; ਜਿਵੇਂ: ‘‘ਜਿਸੁ ਗਿ੍ਰਹਿ ਥੋਰੀ; ਸੁ ਫਿਰੈ ਭ੍ਰਮੰਤਾ ॥’’ (ਮ: ੫/੧੦੧੯) ਇਸ ਲਈ ਗੁਰਬਾਣੀ ’ਚ ਜਦ ਦੁਨਿਆਵੀ ਪਦਾਰਥਾਂ ਦੀ ਮੰਗ ਦੇ ਸਬੰਧ ’ਚ ‘ਅਰਦਾਸ’ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਦਾ ਮਤਲਬ ਕੇਵਲ ਲੋੜ ਅਨੁਸਾਰ ਜੀਵਨ ਨਿਰਬਾਹ ਦੀਆਂ ਵਸਤੂਆਂ ਪ੍ਰਾਪਤ ਕਰਨਾ ਹੁੰਦਾ ਹੈ ਤਾਂ ਜੋ ਨਿਸਚਿੰਤਤਾ ਸਹਿਤ ਦੁਨਿਆਵੀ ਫ਼ਰਜ਼ ਨਿਭਾਉਂਦੇ ਹੋਏ ‘ਰੱਬੀ ਸਿਮਰਨ’ ਕੀਤਾ ਜਾ ਸਕੇ; ਜਿਵੇਂ ਕਿ ਤਤਕਾਲੀਨ ਲੋੜਾਂ ਅਨੁਸਾਰ ਭਗਤ ਧੰਨਾ ਜੀ ਬਿਆਨ ਕਰ ਰਹੇ ਹਨ: ‘‘ਦਾਲਿ, ਸੀਧਾ (ਆਟਾ) ਮਾਗਉ ਘੀਉ ॥ ਹਮਰਾ ਖੁਸੀ ਕਰੈ; ਨਿਤ ਜੀਉ ॥.. ਘਰ ਕੀ ਗੀਹਨਿ (ਔਰਤ) ਚੰਗੀ ॥ ਜਨੁ ਧੰਨਾ ਲੇਵੈ ਮੰਗੀ ॥’’ (ਭਗਤ ਧੰਨਾ ਜੀ/੬੯੫)

ਉਕਤ ਪਦਾਰਥ ਮੰਗ ਦਾ ਮਤਲਬ ਇਹ ਹਰਗਿਜ਼ ਨਹੀਂ ਕਿ ਭਗਤ ਧੰਨਾ ਜੀ ਖੇਤੀ ਨਹੀਂ ਬਲਕਿ ਭੀਖ ਮੰਗ ਕੇ ਜੀਵਨ ਬਸਰ ਕਰਦੇ ਸਨ ਤੇ ਇਸ ਮੰਗ ਦੇ ਪਿਛੋਕੜ ’ਚ ਸ਼ਬਦ ਦਾ ਕੇਂਦਰੀ ਭਾਵ ਇਉਂ (‘ਭਗਤੀ , ਸਿਮਰਨ’ ਦੇ ਸਬੰਧ ’ਚ) ਦਰਜ ਹੈ: ‘‘ਗੋਪਾਲ ! ਤੇਰਾ ਆਰਤਾ ॥ ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥’’)

‘ਗੁਰਮਤਿ’ ਅਨੁਸਾਰ ਇਹ ਵੀ ਸੱਚ ਹੈ ਕਿ ‘ਗੁਰੂ’ ਜਾਂ ‘ਕਰਤਾਰ’ ਦੇ ਦਰ ’ਤੇ ਕੀਤੀ ਗਈ ‘ਸਿਮਰਨ’ ਦੀ ਮੰਗ ਲਈ ‘ਅਰਦਾਸ’ ਕਦੇ ਵੀ ਵਿਅਰਥ ਨਹੀਂ ਜਾਂਦੀ: ‘‘ਬਿਰਥੀ ਕਦੇ ਨ ਹੋਵਈ; ਜਨ ਕੀ ਅਰਦਾਸਿ ॥’’ (ਮ: ੫/੮੧੯) ਕਿਉਂਕਿ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ਕਿ ਭਗਤਾਂ ਦਾ ਸਦਾ ਹਮਾਇਤੀ (‘‘ਸੰਤਾ ਕੇ ਕਾਰਜਿ, ਆਪਿ ਖਲੋਇਆ; ਹਰਿ, ਕੰਮੁ ਕਰਾਵਣਿ ਆਇਆ ਰਾਮ ॥’’ (ਮ: ੫/੭੮੩) ਮਾਲਕ ਹੋਣ ਕਾਰਨ ਹਰ ਦੁਨਿਆਵੀ ਰੁਕਾਵਟ ਨਾਲ ਲੜਨ ਦੀ ਸ਼ਕਤੀ ਬਖ਼ਸ਼ਸ਼ ਕਰ ਦਿੰਦਾ ਹੈ: ‘‘ਤਾ ਕਉ ਬਿਘਨੁ ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥’’ (ਮ: ੫/੭੧੪) ਇਸ ਲਈ ਹੀ ਭੱਟ ਕੀਰਤ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ’ਤੇ ਫ਼ਰਿਆਦੀ ਬਣ ਕੇ ਬੇਨਤੀ ਕਰ ਰਹੇ ਹਨ: ‘‘ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬) ਇਸ ਵਾਕ (ਅਰਦਾਸ) ਰਾਹੀਂ ਵੀ ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ਕੋਈ ਵੀ ਦੁਨਿਆਵੀ (ਸਰੀਰਕ) ਮੰਗ ਭੱਟ ਕੀਰਤ ਜੀ ਗੁਰੂ ਦਰ ’ਤੇ ਨਹੀਂ ਰੱਖ ਰਹੇ ਹਨ।

ਉਕਤ ਤਮਾਮ ਵੀਚਾਰ ਦਾ ਸਾਰ ਇਹ ਹੈ ਕਿ ‘ਸਿਮਰਨ’ ਰੱਬੀ ਬਖ਼ਸ਼ਸ਼: ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥’’ ਹੋਣ ਕਾਰਨ ਇਸ ਦੀ ਪ੍ਰਾਪਤੀ ‘ਅਰਦਾਸ’ ਤੋਂ ਬਿਨਾ ਅਸੰਭਵ ਹੈ ਤੇ ‘ਸਿਮਰਨ’ ਦੀ ਮੰਗ ਤੋਂ ਵਿਹੂਣੀ ‘ਅਰਦਾਸ’ ਝੱਖ ਮਾਰਨਾ ਹੈ। ‘ਪ੍ਰਭੂ ਦਾ ਸਿਮਰਨ’ ਮਨੁੱਖਾ ਜੀਵਨ ਨੂੰ ਅਨੰਦਮਈ ਤੇ ਨਿਡਰ ਬਣਾਉਣ ਲਈ ਅਤਿ ਜ਼ਰੂਰੀ ਹੈ; ਜਿਸ ਦੀ ਪ੍ਰਾਪਤੀ, ‘ਗੁਰੂ’ ਦਰ ’ਤੇ ‘ਅਰਦਾਸ’ ਕੀਤਿਆਂ ਹੁੰਦੀ ਹੈ। ‘ਸਿਮਰਨ’ ਕਰਨ ਉਪਰੰਤ ਭੁੱਲ ਚੁੱਕ ਤੇ ਸ਼ੁਕਰਾਨੇ ਵਜੋਂ ਵੀ ‘ਅਰਦਾਸ’ ਕਰਨ ਦੀ ਵਿਸ਼ੇਸ਼ ਮਹੱਤਤਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਸੰਪੂਰਨਤਾ ਉਪਰੰਤ ‘ਅਰਦਾਸ’ ਕਰ ਰਹੇ ਹਨ: ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮ: ੫/੧੪੨੯)

ਸੋ, ਗੁਰੂ ਨਾਨਕ ਸਾਹਿਬ ਜੀ ਦੇ ਗੁਰਸਿੱਖ ਨੂੰ ਹਮੇਸ਼ਾਂ ਹੀ ਚੇਤੇ ਰਹਿੰਦਾ ਹੈ ਕਿ ਦੁਨਿਆਵੀ ਸੋਚ ਵਾਲੇ ਲੋਕ ਭਗਤ ਕਬੀਰ ਜੀ ਦੇ ਇਸ ਪਾਵਨ ਵਾਕ ਵਾਙ ਆਪਣਾ ਕੀਮਤੀ ਸਮਾਂ ਅਜਾਈਂ (ਜਾਨਵਰ ਜਾਂ ਪਸ਼ੂ ਦੀ ਤਰ੍ਹਾਂ) ਗਵਾਉਂਦੇ ਰਹਿੰਦੇ ਹਨ: ‘‘ਕਬੀਰ ! ਹਰਿ ਕਾ ਸਿਮਰਨੁ ਛਾਡਿ ਕੈ; ਪਾਲਿਓ ਬਹੁਤੁ ਕੁਟੰਬੁ ॥ ਧੰਧਾ ਕਰਤਾ ਰਹਿ ਗਇਆ; ਭਾਈ ਰਹਿਆ ਨ ਬੰਧੁ ॥’’ (ਭਗਤ ਕਬੀਰ ਜੀ/੧੩੭੦) ਭਾਵ ਕੀਮਤੀ ਮਨੁੱਖਾ ਜੀਵਨ ਰਾਹੀਂ ਹਰੀ ਦਾ ਸਿਮਰਨ ਕਰਨ ਤੋਂ ਮਨੁੱਖ ਸੱਖਣਾ ਰਹਿ ਗਿਆ ਕਿਉਂਕਿ ਪਰਵਾਰਿਕ ਜ਼ਿੰਮੇਵਾਰੀਆਂ ਨੇ ਇਸ ਪਾਸੇ ਸੋਚਣ ਹੀ ਨਹੀਂ ਦਿੱਤਾ ਤੇ ਅਖੀਰ ’ਚ ਮਦਦ ਲਈ ਨਾ ਭਰਾ ਰਿਹਾ, ਨਾ ਕੋਈ ਰਿਸ਼ਤੇਦਾਰ; ਜਿਨ੍ਹਾਂ ਲਈ ਕੀਮਤੀ ਮਨੁੱਖਾ ਜਨਮ ਬਰਬਾਦ ਕੀਤਾ ਸੀ।

ਗੁਰੂ ਨਾਨਕ ਸਾਹਿਬ ਦੀ ਦੁਆਰਾ ‘ਸਿਮਰਨ ਵਿਹੂਣੇ’ ਅਜਿਹੇ ਮਨੁੱਖਾਂ ਨੂੰ ‘ਕਮਜ਼ਾਤ, ਅਤਿ ਨੀਚ, ਖੋਟੀ ਮੱਤ ਵਾਲੇ’ ਆਦਿ ਵਰਨਣ ਕੀਤਾ ਗਿਆ ਹੈ; ਜਿਵੇਂ: ‘‘ਖਸਮੁ ਵਿਸਾਰਹਿ; ਤੇ ਕਮਜਾਤਿ ॥ ਨਾਨਕ ! ਨਾਵੈ ਬਾਝੁ; ਸਨਾਤਿ ॥’’ (ਮ: ੧/੧੦)