ਇਨਸਾਨੀਅਤ ਲਈ ਕਿਰਤ ਦਾ ਮਹੱਤਵ
ਵਾਇਸ ਪ੍ਰਿੰਸੀਪਲ ਮਨਿੰਦਰ ਪਾਲ ਸਿੰਘ-94175-86121
ਸਿੱਖੀ ਦੇ ਤਿੰਨ ਮੁੱਢਲੇ ਨਿਯਮਾਂ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਵਿੱਚ ਕਿਰਤ ਕਰਨਾ ਵੀ ਸ਼ਾਮਲ ਹੈ। ਮਨੁੱਖ ਦਾ ਮੁੱਖ ਨਿਸ਼ਾਨਾ ‘‘ਅਵਰਿ ਕਾਜ, ਤੇਰੈ ਕਿਤੈ ਨ ਕਾਮ ॥ ਮਿਲੁ ਸਾਧ ਸੰਗਤਿ; ਭਜੁ ਕੇਵਲ ਨਾਮ ॥’’ (ਸੋ ਪੁਰਖੁ ਆਸਾ, ਮਹਲਾ ੫, ਪੰਨਾ ੧੨) ਅਨੁਸਾਰ ਨਾਮ ਜਪਣਾ ਹੀ ਹੈ, ਪਰ ‘‘ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮਹਲਾ ੫, ਪੰਨਾ ੫੫੪) ਦਾ ਉਪਦੇਸ਼ ਇਹ ਚਾਨਣ ਬਖ਼ਸ਼ਦਾ ਹੈ ਕਿ ਨਾਮ ਜਪਣ ਲਈ ਸਰੀਰ ਦਾ ਕਾਇਮ ਹੋਣਾ ਵੀ ਜ਼ਰੂਰੀ ਹੈ। ਸਰੀਰ ਦੀਆਂ ਤਿੰਨ ਮੁੱਢਲੀਆਂ ਲੋੜਾਂ ਹੁੰਦੀਆਂ ਹਨ ‘ਕੁੱਲੀ, ਗੁੱਲੀ ਤੇ ਜੁੱਲੀ’, ਇਨ੍ਹਾਂ ਦੀ ਪ੍ਰਾਪਤੀ ਲਈ ਕਿਰਤ ਕਰਨੀ ਬੇਹੱਦ ਜ਼ਰੂਰੀ ਹੈ। ਗੁਰਮਤਿ ਇਹ ਸਿੱਖਿਆ ਦੇਂਦੀ ਹੈ ਕਿ ਹੇ ਬੰਦਿਆ ! ਤੂੰ ਰੱਜ ਕੇ ਮਿਹਨਤ ਕਰ, ਤਾਂ ਕਿ ਤੂੰ ਆਪਣਾ ਗੁਜ਼ਰਾਨ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕਰ ਸਕੇਂ। ਪਾਵਨ ਬਚਨ ਹਨ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮਹਲਾ ੧, ਪੰਨਾ ੧੨੪੫) ਗੁਰਮਤਿ ਜੀਵਨ ਦਾ ਸਹੀ ਮਾਰਗ ਦੱਸਦੀ ਹੈ ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮਹਲਾ ੫, ਪੰਨਾ ੫੨੨)
ਕਿਰਤ ਵੀ; ਸੁਕਿਰਤ ਹੋਣੀ ਚਾਹੀਦੀ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਜੀ ਨੇ ਧਰਮ ਦੀ ਕਿਰਤ ਨੂੰ ਹੀ ਮਾਨਤਾ ਦਿੱਤੀ ਹੈ। ਐਮਨਾਬਾਦ ਵਿਖੇ ਮਲਕ ਭਾਗੋ ਦੇ ਪਕਵਾਨਾ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਣੀ ਸੱਚੀ-ਸੁੱਚੀ ਕਿਰਤ ਸਮੇਤ ਇੱਕ ਕਿਰਤੀ ਨੂੰ ਮਾਣ ਬਖ਼ਸ਼ਣਾ ਹੈ। ਗੁਰਮਤਿ ਤਾਂ ਕਿਰਤ ਵਿੱਚੋਂ ਧਰਮ ਪੈਦਾ ਕਰਨ ਦੀ ਜਾਚ ਸਿਖਾਉਂਦੀ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਦੀ ਹੈ, ਜੋ ਧਰਮ ਨੂੰ ਕਿਰਤ ਬਣਾ ਲੈਂਦੇ ਹਨ। ਵਿਹਲੜ ਤੇ ਮਖੱਟੂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਭਾਵੇਂ ਉਸ ਦਾ ਪਹਿਰਾਵਾ ਧਾਰਮਿਕ ਹੀ ਕਿਉਂ ਨਾ ਹੋਵੇ। ਪਾਵਨ ਬਚਨ ਹਨ ‘‘ਗਿਆਨ ਵਿਹੂਣਾ; ਗਾਵੈ ਗੀਤ ॥ ਭੁਖੇ ਮੁਲਾਂ; ਘਰੇ ਮਸੀਤਿ ॥ ਮਖਟੂ ਹੋਇ ਕੈ; ਕੰਨ ਪੜਾਏ ॥ ਫਕਰੁ ਕਰੇ; ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ ਮੂਲਿ ਨ; ਲਗੀਐ ਪਾਇ ॥’’ (ਮਹਲਾ ੧, ਪੰਨਾ ੧੨੪੫) ਇਨ੍ਹਾਂ ’ਚ ਨਾਮ ਜਪਣ ਤੇ ਚੰਗੀ ਕਿਰਤ ਕਰਨ ਦਾ ਹੀ ਉਪਦੇਸ਼ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਜੀਵ ! ਨਰਕ (ਵਿਕਾਰਾਂ) ਤੋਂ ਬਚਣ ਦਾ ਇਹੀ ਇੱਕ ਢੰਗ ਹੈ ਕਿ ਸੁਕਿਰਤ ਕੀਤੀ ਜਾਏ ਅਤੇ ਰੱਬ ਦਾ ਨਾਮ ਜਪਿਆ ਜਾਏ ‘‘ਸੁ ਕ੍ਰਿਤੁ ਕੀਜੈ, ਨਾਮੁ ਲੀਜੈ; ਨਰਕਿ ਮੂਲਿ ਨ ਜਾਈਐ ॥’’ (ਮਹਲਾ ੫, ਪੰਨਾ ੪੬੧)
ਕਿਰਤ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਖੇਤੀ ਕਰਨੀ, ਮਜ਼ਦੂਰੀ ਕਰਨੀ, ਕੱਪੜੇ ਬੁਣਨਾ, ਕੱਪੜੇ ਰੰਗਣਾ, ਦੁਕਾਨਦਾਰੀ ਕਰਨੀ, ਵਪਾਰ ਕਰਨਾ, ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ, ਜੋ ਵੱਖ-ਵੱਖ ਕਿਰਤ ਕਰਦੇ ਸਨ ਪਰ ਇੱਕ ਵਿਸ਼ੇਸ਼ਤਾ ਸਾਂਝੀ ਹੈ ਕਿ ਮਨ ਅੰਦਰ ਰੱਬੀ ਭੈ-ਅਦਬ ਹੋਣ ਕਾਰਨ ਧਰਮ ਦੀ ਕਿਰਤ ਕੀਤੀ ਗਈ ਹੈ।
ਸੋ ਸਪੱਸ਼ਟ ਹੈ ਕਿ ਜੀਵ; ਕੋਈ ਵੀ ਕਿਰਤ ਕਰੇ, ਪਰ ਅੰਦਰੋਂ ਉਹ ਸੱਚਾ-ਸੁੱਚਾ ਕਿਰਤੀ ਹੋਵੇ। ਪੁਰਾਤਨ ਜਨਮ ਸਾਖੀ ਅਨੁਸਾਰ ਸੁਲਤਾਨਪੁਰ ਵਿਖੇ ਮੋਦੀਖ਼ਾਨੇ ਦੀ ਕਾਰ ਸੰਭਾਲਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੀ ਕਿਰਤ ਸਿਖਲਾਂਦੇ ਹੋਏ ਆਖਿਆ ‘ਅਸੀਂ ਠੂੰਗਾਂ ਕਿਉਂ ਮਾਰੀਏ, ਆਪਣੀ ਆਤਮਾ ਉੱਤੇ ਵੱਟੇ ਪੱਥਰ ਬਣ ਕੇ ਆਤਮਾ ਨੂੰ ਡੋਬ ਦਿੰਦੇ ਹਨ। ਪਾਸਕੂ ਕਿਉਂ ਰੱਖੀਏ ? ਇਖਲਾਕ ਵਿੱਚ ਕਾਣ ਪੈ ਜਾਂਦੀ ਹੈ। ਕਣਕ ਉਸ ਸਿਰਜਣਹਾਰ ਦੀ ਹੈ, ਅਸੀਂ ਕਿਉਂ ਗਿਣਤੀਆਂ ਦੀ ਉਧੇੜ ਬੁਣ ਵਿੱਚ ਪਈਏ? ਸ਼ੱਕਰ ਉਸ ਕਰਤਾਰ ਦੀ ਹੈ, ਸ਼ੱਕਰ ਤੋਲ ਕੇ ਅਸੀਂ ਕਿਉਂ ਕੌੜੇ ਬਣੀਏ ? ਘਾਟਾ ਪੈਂਦਾ ਹੈ ਉਸ ਨਾਲੋਂ ਟੁੱਟ ਜਾਣ ਵਿੱਚ ਤੇ ਵਾਧਾ ਹੁੰਦਾ ਹੈ ਉਸ ਨਾਲ ਜੁੜ ਜਾਣ ਵਿੱਚ। ਉਸ ਦੀਆਂ ਦਿੱਤੀਆਂ ਦਾਤਾਂ ਨਹੀਂ ਨਿਖੁਟਦੀਆਂ, ਖਾਣ ਵਾਲੇ ਮੁੱਕ ਜਾਂਦੇ ਹਨ।’
ਜੋ ਲੋਕ ਸੱਚੀ ਸੁੱਚੀ ਕਿਰਤ ਕਰਨ ਦੀ ਥਾਂ ਦੂਜਿਆਂ ਦਾ ਹੱਕ ਖੋਹ ਕੇ ਆਪਣੀਆਂ ਤਜੌਰੀਆਂ ਭਰਦੇ ਹਨ, ਸਤਿਗੁਰੂ ਜੀ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਦੌਲਤ ਦੀ ਖ਼ਾਤਰ ਆਪਣੇ ਆਪ ਨੂੰ ਖ਼ਵਾਰ (ਬਰਬਾਦ) ਨਹੀਂ ਕਰਨਾ ਚਾਹੀਦਾ। ਯਾਦ ਰੱਖੋ ਜਿਸ ਦੌਲਤ ਲਈ ਤੁਸੀਂ ਪਾਪ ਕਮਾ ਰਹੇ ਹੋ, ਉਹ ਤੁਹਾਡੇ ਨਾਲ ਨਹੀਂ ਜਾਣੀ। ਫ਼ੁਰਮਾਨ ਹੈ ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮਹਲਾ ੧, ਪੰਨਾ ੪੧੭)
ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਸੁਕਿਰਤ ਬਾਰੇ ਇਉਂ ਲਿਖਿਆ ਹੈ ‘ਖੇਤੀ ਵਣਜ ਵਾ ਸਿਲਪ ਬਨਾਵੇ॥ ਔਰ ਟਹਿਲ ਜੋ ਮਨ ਮੈ ਭਾਵੇ॥ ਦ੍ਰਿੜ ਹੋਇ, ਸੋਈ ਕਾਰ ਕਮਾਵੇ॥ ਚੋਰੀ ਡਾਕੇ ਕਬਹੂ ਨ ਜਾਵੇ॥’ ਭਾਵ ਕੋਈ ਕਿਰਤ ਮਨ੍ਹਾ ਨਹੀਂ। ਖੇਤੀ, ਵਪਾਰ, ਦਸਤਕਾਰੀ ਜਾਂ ਸੇਵਾ ਜੋ ਮਨ ਨੂੰ ਚੰਗੀ ਲੱਗੇ ਬੇਸ਼ੱਕ ਕਰੇ, ਦ੍ਰਿੜ੍ਹ ਹੋ ਕੇ ਅਣਖ ਨਾਲ ਕਰੇ, ਤਨਖ਼ਾਹ ਵਿੱਚ ਹੀ ਗੁਜਾਰਾ ਕਰੇ, ਰਿਸ਼ਵਤ ਨਹੀਂ ਲੈਣੀ। ਜੇ ਸਿਪਾਹੀਗਿਰੀ ਕਰੇ ਤਾਂ ਲੜਾਈ ਵਿੱਚ ਲੋੜ ਪੈਣ ’ਤੇ ਸੂਰਬੀਰਤਾ ਵਿਖਾਵੇ।
ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਇਕ ਸਿੱਖ (ਭਾਈ ਬਹੋੜੇ) ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਮੈਂ ਕਿਹੜੀ ਕਿਰਤ ਕਰਾਂ ? ਤਾਂ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ, ਕਿਰਤ ਕੋਈ ਵੀ ਕਰੋ ਜਿਸ ਨਾਲ ਜੀਵਨ ਦਾ ਨਿਰਬਾਹ ਹੋ ਸਕੇ। ਰੋਟੀ ਕਮਾਓ, ਪਰ ਕਪਟ ਰਹਿਤ ਹੋ ਕੇ, ਕਿਸੇ ਦੂਸਰੇ ਦਾ ਹੱਕ ਨਹੀਂ ਛੁਪਾਉਣਾ। ਆਪਣੀ ਕਮਾਈ ਵਿੱਚੋਂ ਜੋ ਪ੍ਰਭੂ ਹਿਤ ਵੰਡ ਕੇ ਛਕੇਗਾ ਉਸ ਦਾ ਮਨ ਨਿਰਮਲ ਹੋਵੇਗਾ। ਪਾਵਨ ਬਚਨ ਹਨ ‘ਸੁਨ ਗੁਰ ਕਹਯੋ ਕਿਰਤ ਕਰ ਸੋਈ॥ ਧਰਮ ਸਮੇਤ ਨਿਬਾਹਹੁ ਸੋਈ॥ ਕਪਟ ਬਿਹੀਨ ਜੀਵਕਾ ਕਰੇ॥ ਪਰ ਜੀ ਵਸਤੁ ਛੁਪਾਇ ਨ ਧਰੇ॥ ਤਿਸ ਮਹਿ ਬਾਂਟ ਪ੍ਰਭੂ ਹਿਤ ਖਾਵੇ॥ ਤਿਸ ਕੋ ਉਰ ਨਿਰਮਲ ਹੋਇ ਜਾਵੇ॥’
ਸਮੁੱਚਾ ਗੁਰੂ ਇਤਿਹਾਸ ਸੁਕਿਰਤ ਕਰਨ ਦੀ ਪ੍ਰੇਰਨਾ ਦੇਂਦਾ ਹੈ, ਇਸ ਵਿੱਚੋਂ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖੀ ਹਿਰਦੇ ਨੂੰ ਬੜੀ ਧੂਹ ਪਾਉਂਦਾ ਹੈ। ਬਚਪਨ ਵਿੱਚ ਮਾਤਾ, ਪਿਤਾ ਜੀ ਚੜ੍ਹਾਈ ਕਰ ਗਏ, ਰਿਸ਼ਤੇਦਾਰਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਬਹੁਤ ਛੋਟੀ ਉਮਰ ਹੈ, ਫਿਰ ਵੀ ਆਪਣਾ ਤੇ ਆਪਣੀ ਨਾਨੀ ਜੀ ਦਾ ਪੇਟ ਪਾਲਣ ਲਈ ਸਿਰ ’ਤੇ ਛਾਬੜੀ ਚੁੱਕ ਕੇ ਘੁੰਗਣੀਆਂ ਵੇਚਣ ਦੀ ਕਿਰਤ ਕੀਤੀ ਅਤੇ ਧਰਮ ਵੀ ਕਮਾਇਆ, ਜਦੋਂ ਇੱਕ ਫ਼ਕੀਰ ਨੇ ਆਪਣੀ ਕਈ ਦਿਨਾਂ ਦੀ ਭੁੱਖ ਮਿਟਾਉਣ ਲਈ ਇਨ੍ਹਾਂ ਅੱਗੇ ਆਪਣੀ ਝੋਲੀ ਅੱਡੀ ਤਾਂ ਸਤਿਗੁਰੂ ਜੀ ਨੇ ਆਪਣੀ ਸਾਰੀ ਛਾਬੜੀ ਹੀ ਉਸ ਦੀ ਝੋਲੀ ’ਚ ਉਲਟਾ ਦਿੱਤੀ, ਇਹ ਸੁਕਿਰਤ ਦੀ ਅਨੁਪਮ (ਉਪਮਾ ਰਹਿਤ) ਮਿਸਾਲ ਹੈ।