‘ਬਾਬਾ’ ਰੁਤਬੇ ਦੀ ਸਿੱਖ ਜਗਤ ’ਚ ਮਹੱਤਤਾ

0
765

 ‘ਬਾਬਾ’ ਰੁਤਬੇ ਦੀ ਸਿੱਖ ਜਗਤ ’ਚ ਮਹੱਤਤਾ

ਗਿਆਨੀ ਅਮਰੀਕ ਸਿੰਘ ਚੰਡੀਗੜ੍ਹ

ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਮਹਾਨਕੋਸ਼ ਵਿੱਚ, ਬਾਬਾ, ਸ਼ਬਦ ਦਾ ਅਰਥ ਕਰਦਿਆਂ ਇਸ ਨੂੰ ਫਾਰਸੀ ਪਿਛੋਕੜ ਦਾ ਦੱਸਿਆ ਹੈ। ਬਾਬਾ ਸ਼ਬਦ ਕਿਸੇ ਬਜ਼ੁਰਗ ਲਈ ਵਰਤਿਆ ਜਾਂਦਾ ਸੀ। ਬਜ਼ੁਰਗ ਦਾ ਅਰਥ ਵਡੇਰੀ ਉਮਰ ਵਾਲਾ ਜਾਂ ਸਿਆਣਾ ਹੁੰਦਾ ਹੈ। ਬਜ਼ੁਰਗ ਸ਼ਬਦ ਦਾ ਪਿਛੋਕੜ ਵੀ ਫਾਰਸੀ ਵਿੱਚੋਂ ਹੀ ਆਇਆ ਹੈ ਸ਼ਾਇਦ ਇਸ ਕਰ ਕੇ ਹੀ ਬਜ਼ੁਰਗ ਨੂੰ ਬਾਬਾ ਕਿਹਾ ਜਾਂਦਾ ਹੋਵੇ ਭਾਵ ਹੈ ਕਿ ਬਾਬਾ ਅਤੇ ਬਜ਼ੁਰਗ ਦੋਵੇਂ ਇੱਕੋ ਤਰ੍ਹਾਂ ਦੇ ਸ਼ਬਦ ਹਨ। ਸਾਡੀ ਸਮਾਜਿਕ ਜ਼ਿੰਦਗੀ ਵਿੱਚ ਬਾਬਾ ਸ਼ਬਦ ਆਮ ਕਰ ਕੇ ਪਿਤਾ ਦੇ ਪਿਤਾ ਨੂੰ ਕਿਹਾ ਜਾਂਦਾ ਹੈ ਜਾਂ ਹਰ ਇੱਕ ਰਿਸ਼ਤੇਦਾਰੀ ਦਾ ਆਖਰੀ ਪੜਾਅ ਬਾਬੇ ਦੇ ਰਿਸ਼ਤੇ ਵਿੱਚ ਬਦਲ ਜਾਂਦਾ ਹੈ। ਬਾਬੇ ਦੀ ਸਾਡੀਆਂ ਨਜ਼ਰਾਂ ਵਿੱਚ ਜਿਹੜੀ ਤਸਵੀਰ ਅਕਸਰ ਹੁੰਦੀ ਹੈ ਉਹ ਸਫੈਦ ਦਾੜਾ, ਚਾਂਦੀ ਰੰਗੇ ਕੇਸ ਤੇ ਵਡੇਰੀ ਉਮਰ ਵਿੱਚ ਕਮਜ਼ੋਰ ਜਿਹਾ ਸਰੀਰ ਹੁੰਦੀ ਹੈ ਪਰ ਗੁਰਮਤਿ ਨੇ ਬਾਬਾ ਸ਼ਬਦ ਨੂੰ ਕੇਵਲ ਸ਼ਕਲ ਨਾਲ ਹੀ ਨਹੀਂ ਸਗੋਂ ਅਕਲ ਨਾਲ ਜੋੜ ਕੇ ਦੇਖਿਆ ਹੈ।

ਜ਼ਮਾਨੇ ਨੇ ਅਕਲਾਂ ਵਾਲਿਆਂ ਨੂੰ ਹਮੇਸ਼ਾਂ ਹੀ ਸਨਮਾਨ ਬਖ਼ਸ਼ਿਸ਼ ਕੀਤਾ ਹੈ, ਸੋ ਬਾਬਾ ਸ਼ਬਦ ਸਤਿਕਾਰਯੋਗ ਬਣ ਗਿਆ। ਗੁਰਬਾਣੀ ਵਿੱਚ ਬਾਬਾ ਸ਼ਬਦ, ਰੱਬ ਲਈ ਆਇਆ ਹੈ; ਜਿਵੇਂ

ਆਦੇਸੁ ਬਾਬਾ ਆਦੇਸੁ ॥ ਆਦਿ ਪੁਰਖ  ! ਤੇਰਾ ਅੰਤੁ ਨ ਪਾਇਆ; ਕਰਿ ਕਰਿ ਦੇਖਹਿ ਵੇਸ ॥ (ਮ: ੧/੪੧੭)

ਬਾਬਾ  ! ਜਿਸੁ ਤੂ ਦੇਹਿ; ਸੋਈ ਜਨੁ ਪਾਵੈ ॥ ਪਾਵੈ ਤ ਸੋ ਜਨੁ, ਦੇਹਿ ਜਿਸ ਨੋ; ਹੋਰਿ ਕਿਆ ਕਰਹਿ ਵੇਚਾਰਿਆ ॥ (ਮ: ੩/੯੧੮)

ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਸਤਿਗੁਰੂ ਜੀ ਲਈ ਵੀ ਬਾਬਾ ਸ਼ਬਦ ਕਈ ਥਾਵਾਂ ’ਤੇ ਵਰਤਿਆ ਹੋਇਆ ਹੈ; ਜਿਵੇਂ

ਪਹਿਲਾ ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ।

ਰੇਤੁ ਅਕੁ ਆਹਾਰੁ ਕਰਿ; ਰੋੜਾ ਕੀ ਗੁਰ ਕਰੀ ਵਿਛਾਈ।

ਭਾਰੀ ਕਰੀ ਤਪਸਿਆ; ਵਡੇ ਭਾਗੁ ਹਰਿ ਸਿਉ ਬਣਿ ਆਈ।

ਬਾਬਾ ਪੈਧਾ ਸਚਖੰਡਿ; ਨਉ ਨਿਧਿ ਨਾਮੁ ਗਰੀਬੀ ਪਾਈ।

ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ।

ਬਾਝਹੁ ਗੁਰੂ, ਗੁਬਾਰ ਹੈ; ਹੈ, ਹੈ, ਕਰਦੀ ਸੁਣੀ ਲੁਕਾਈ।

ਬਾਬੇ ਭੇਖ ਬਣਾਇਆ; ਉਦਾਸੀ ਕੀ ਰੀਤਿ ਚਲਾਈ।

ਚੜ੍ਹਿਆ ਸੋਧਣਿ; ਧਰਤਿ ਲੁਕਾਈ ॥੨੪॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)

ਇਸ ਤੋਂ ਬਾਅਦ ਵੀਚਾਰਦੇ ਹਾਂ ਤਾਂ ਸਿੱਖਾਂ ਲਈ ਜਾਂ ਜਗਿਆਸੂਆਂ ਲਈ ਵੀ ਗੁਰਬਾਣੀ ਵਿੱਚ ਬਾਬਾ ਸ਼ਬਦ ਵਰਤਿਆ ਗਿਆ ਹੈ।

ਬਾਬਾ  ! ਅਲਹੁ ਅਗਮ ਅਪਾਰੁ ॥ ਪਾਕੀ ਨਾਈ, ਪਾਕ ਥਾਇ; ਸਚਾ ਪਰਵਦਿਗਾਰੁ ॥ (ਮ: ੧/੫੩)

ਬਾਬਾ  ! ਮਾਇਆ ਰਚਨਾ ਧੋਹੁ ॥ ਅੰਧੈ, ਨਾਮੁ ਵਿਸਾਰਿਆ; ਨਾ ਤਿਸੁ ਏਹ, ਨ ਓਹੁ ॥ (ਮ: ੧/੧੫)

ਤਿਚਰੁ ਮੂਲਿ ਨ ਥੁੜਂੀਦੋ; ਜਿਚਰੁ ਆਪਿ ਕ੍ਰਿਪਾਲੁ ॥ ਸਬਦੁ ਅਖੁਟੁ ਬਾਬਾ ਨਾਨਕਾ  ! ਖਾਹਿ ਖਰਚਿ ਧਨੁ ਮਾਲੁ ॥ (ਮ: ੫/੧੪੨੬), ਆਦਿਕ।

ਇਤਿਹਾਸਿਕ ਪੰਨਿਆਂ ’ਤੇ ਝਾਤ ਮਾਰੀਏ ਤਾਂ ਬਾਬਾ ਸ਼ਬਦ ਸਤਿਗੁਰੂ ਜੀ ਦੀ ਔਲਾਦ ਵਾਸਤੇ ਸੰਗਤਾਂ ਵਰਤਦੀਆਂ ਸਨ। ਬਾਬਾ ਸ਼ੀ੍ਰ ਚੰਦ ਜੀ, ਬਾਬਾ ਦਾਤੂ ਜੀ, ਬਾਬਾ ਮੋਹਣ ਜੀ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਰਾਮਰਾਇ ਜੀ, ਬਾਬਾ ਅਜੀਤ ਸਿੰਘ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਲਈ ਸ਼ਰਧਾਲੂ ਪ੍ਰੇਮ ਨਾਲ ਆਖਦੇ ਹਨ। ਇਨ੍ਹਾਂ ਵਿੱਚੋਂ ਕੁਝ ਉਹ ਸਨ ਜਿਨ੍ਹਾਂ ਨੇ ਗੁਰੂ ਆਸ਼ੇ ਨੂੰ ਸੰਭਾਲ ਕੇ ਰੱਖਿਆ ਅਤੇ ਬਾਬਾ ਸ਼ਬਦ ਦੀ ਕਦਰ ਕੀਮਤ ਗੁਆਚਣ ਨਾ ਦਿੱਤੀ ਪਰ ਕੁਝ ਗੁਰੂ ਆਸ਼ੇ ਤੋਂ ਥਿੜਕੇ ਹੋਏ ਗੁਰੂ ਪੁੱਤਰਾਂ ਨੇ ਵੀ ਉਹੋ ਹੀ ਅਦਬ ਸਤਿਕਾਰ ਦੀ ਭਾਲ ਕੀਤੀ ਜੋ ਸੱਚ ਨਾਲ ਜੁੱੜੇ ਬਾਬਿਆਂ ਦੀ ਸੀ, ਜਿਹੜੀ ਕਿ ਕਈ ਤਰ੍ਹਾਂ ਦੇ ਕਰਮਕਾਂਡ ਕਰ ਕੇ ਵੀ ਪ੍ਰਾਪਤ ਨਾ ਹੋਈ। ਗੁਰੂ ਸਾਹਿਬ ਜੀ ਦੀਆਂ ਮਿਹਰਬਾਨੀਆਂ ਤੋਂ ਸਦਕੇ ਜਾਈਏ ਜਿਨ੍ਹਾਂ ਨੇ ਹਰ ਕਿਸਮ ਦੇ ਹਨ੍ਹੇਰੇ ਵਿੱਚੋਂ ਸਾਨੂੰ ਬਾਹਰ ਕੱਢਿਆ ਹੋਇਆ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿੱਖੇ ਜੋਤੀ ਜੋਤਿ ਸਮਾਉਣ ਲੱਗੇ ਤਾਂ ਉਨ੍ਹਾਂ ਨੇ ਸਿੱਖ ਜਗਤ ਦੀ ਅਗਵਾਈ ਲਈ ਨਾਵੇਂ ਗੁਰੂ ਜੀ ਦੀ ਚੋਣ ਲਈ ਸਿਰਫ਼ ਇਹ ਬਚਨ ਕਹੇ ਸਨ ਕਿ ਬਾਬਾ ਬਕਾਲੇ ਇਹ ਸ਼ਬਦ ਹਰ ਪਾਸੇ ਫੈਲ ਗਏ। ਇਨ੍ਹਾਂ ਸ਼ਬਦਾਂ ਦੇ ਓਟ ਆਸਰੇ ਵਿੱਚ ਕੁਝ ਨਕਲੀ ਬਾਬਿਆਂ ਨੇ ਆਪਣੇ ਆਪ ਨੂੰ ਸਹੀ ਬਾਬਾ ਸਿੱਧ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਬਾਈ ਬਾਬਿਆਂ ਨੇ ਆਪੋ ਆਪਣੀਆਂ ਕੂੜ ਦੀਆਂ ਦੁਕਾਨਾਂ ਬਕਾਲੇ ਦੀ ਧਰਤੀ ’ਤੇ ਖੋਲ੍ਹ ਲਈਆਂ ਜਿਨ੍ਹਾਂ ਨੂੰ ਬਾਈ ਨਕਲੀ ਮੰਜੀਆਂ ਦੇ ਨਾਂ ਨਾਲ ਇਤਿਹਾਸ ਨੇ ਯਾਦ ਰੱਖਿਆ ਹੋਇਆ ਹੈ।

ਬਾਬਾ ਮੱਖਣ ਸ਼ਾਹ ਲੁਬਾਣਾ ਨੇ ਇਨ੍ਹਾਂ ਬਾਈ ਹੀ ਮੰਜੀਆਂ ਵਿੱਚੋਂ ਅਸਲ ਬਾਬਾ (ਗੁਰੂ ਤੇਗ ਬਹਾਦਰ ਸਾਹਿਬ ਜੀ) ਲੱਭ ਕੇ ਗੁਰੂ ਲਾਧੋ ਰੇ ਦਾ ਹੋਕਾ ਲਾਇਆ ਸੀ। ਹੈਰਾਨ ਹੋ ਜਾਈਦਾ ਹੈ ਕਿ ਭਾਵੇਂ ਬਕਾਲੇ ਦੀ ਧਰਤੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਮਾਤਾ ਗੰਗਾ ਜੀ ਨਾਲ ਭਾਈ ਮਿਹਰੇ ਸਿੱਖ ਦੇ ਘਰ ਕੁਝ ਸਮਾਂ ਰਹਿ ਚੁੱਕੇ ਸਨ, ਗੁਰੂ ਤੇਗ ਬਹਾਦਰ ਸਾਹਿਬ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਪ੍ਰਸਥਾਨ ਤੋਂ ਮਗਰੋਂ ਕਾਫ਼ੀ ਸਮਾਂ ਇੱਥੇ ਰਹਿ ਚੁੱਕੇ ਸਨ। ਇਸ ਧਰਤੀ ਨੂੰ ਇਹ ਮਾਣ ਪਹਿਲਾਂ ਵੀ ਹਾਸਿਲ ਸੀ, ਪਰ ਫਿਰ ਵੀ ਇਸ ਨੂੰ ਬਕਾਲੇ ਦੇ ਨਾਂ ਨਾਲ ਹੀ ਪੁਕਾਰਿਆ ਜਾਂਦਾ ਸੀ। ਬਾਬਾ ਮੱਖਣ ਸ਼ਾਹ ਜੀ ਨੇ ਜਦੋਂ ਇਨ੍ਹਾਂ ਬਾਈ ਮੰਜੀਆਂ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਚਾਣ ਕਰ ਕੇ ਹੋਕਾ ਲਾਇਆ ਸੀ ਤਾਂ ਉਸ ਤੋਂ ਬਾਅਦ ਇਸ ਦਾ ਨਾਂ ਹੀ ਬਕਾਲੇ ਦੀ ਥਾਂ ’ਤੇ ਬਾਬਾ ਬਕਾਲਾ ਪੈ ਗਿਆ ਸੀ। ਇਹ ਸ਼ਾਇਦ ਇਸ ਲਈ ਸੀ ਕਿ ਨਕਲੀ ਬਾਬੇ ਤਾਂ ਪੈਦਾ ਹੁੰਦੇ ਹੀ ਰਹਿਣੇ ਹਨ ਬਾਬੇ ਬਕਾਲੇ ਦੀ ਧਰਤੀ ਸਾਨੂੰ ਦੱਸੇਗੀ ਕਿ ਨਕਲੀ ਬਾਬਿਆਂ ਵਿੱਚੋਂ ਅਸੀਂ ਅਸਲੀ ਬਾਬਾ ਕਿਵੇਂ ਲੱਭਣਾ ਹੈ। ਸਾਨੂੰ ਆਪਣੀ ਹੀ ਬ੍ਰਿਤੀ ਮੱਖਣ ਸ਼ਾਹ ਵਰਗੀ ਬਣਾਉਣੀ ਚਾਹੀਦੀ ਹੈ। ਧੋਖਾ ਦੇਣ ਵਾਲੇ ਤਾਂ ਹਮੇਸ਼ਾਂ ਹੀ ਤਤਪਰ ਰਹਿੰਦੇ ਹਨ ਪਰ ਧੋਖੇ ਤੋਂ ਬਚਣਾ ਸਾਡਾ ਆਪਣਾ ਹੀ ਫਰਜ਼ ਹੈ। ਬਾਬਾ ਸ਼ਬਦ ਮਾੜਾ ਨਹੀਂ ਪਰ ਇਸ (ਬਾਬਾ) ਸ਼ਬਦ ਦੀ ਪਵਿੱਤਰ ਬੁੱਕਲ ਦਾ ਸਹਾਰਾ ਲੈ ਕੇ ਮਾੜੇ ਕੰਮ ਕਰਨਾ ਮਾੜਾ ਹੈ। ਜਿਸ ਨਾਲ ਬਾਬਾ ਸ਼ਬਦ ਦੀ ਮਹਾਨਤਾ ਨੂੰ ਵੀ ਮੈਲਾ ਕਰ ਦਿੱਤਾ ਹੈ।

ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸ਼ਬਦ ਬਹੁਤ ਪਸੰਦ ਹੋਵੇਗਾ ਤਦ ਹੀ ਉਨ੍ਹਾਂ ਨੇ ਆਪਣੇ ਮੁਖਾਰਬਿੰਦ ਤੋਂ ਸਿੱਖਾਂ ਨੂੰ ਬਖ਼ਸ਼ਿਸ਼ ਕੀਤਾ ਸੀ। ਜਿਸ ਵਿੱਚੋਂ ਬਾਬੇ ਬੁੱਢੇ ਦੀ ਮਿਸਾਲ ਇੱਕ ਨਿਰਾਲੀ ਜਿਹੀ ਮਿਸਾਲ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਮਗਰੋਂ ਵੀ ਇਸ ਸ਼ਬਦ ਨੂੰ ਇਤਿਹਾਸ ਨੇ ਖਾਸ ਥਾਂ ਦਿੱਤੀ ਹੈ। ਬਾਬਾ ਦੀਪ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ, ਆਦਿਕ ਅਤਿ ਸਤਿਕਾਰਿਤ ਹਸਤੀਆਂ ਹਨ ਜਿੰਨ੍ਹਾਂ ਨਾਲ ਜੁੜਿਆ ਬਾਬਾ ਸ਼ਬਦ ਪੂਰਨ ਤੌਰ ’ਤੇ ਪੂਰੀ ਮਹਾਨਤਾ ਦਾ ਮਾਲਿਕ ਹੈ। ਬਾਬਾ ਬੁੱਢਾ ਜੀ ਨੇ ਇਹ ਸ਼ਬਦ ਇੱਕ ਸੌ ਤੇਰਾਂ ਸਾਲ ਹੰਢਾਇਆ ਸੀ। ਕੇਵਲ ਨਾਂ ਦੇ ਹੀ ਬਾਬਾ ਜੀ ਨਹੀਂ ਸਨ ਸਗੋਂ ਹਰ ਕੰਮ ਵੀ ਬਾਬਿਆਂ ਵਾਲਾ ਹੀ ਕੀਤਾ ਸੀ। ਜਦੋਂ ਹਾਲੇ ਉਮਰ ਵੀ 33 ਸਾਲ ਦੀ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਘੋਖ ਪੜਤਾਲ ਕਰ ਕੇ ਬਾਬਾ ਲਹਿਣਾ ਜੀ ਨੂੰ ਗੁਰਗੱਦੀ ਲਈ ਚੁਣਿਆ ਸੀ ਤਾਂ ਗੁਰਗੱਦੀ ਦੀ ਰਸਮ ਅਦਾ ਕਰਨ ਲਈ ਵੀ ਬਹੁਤ ਗਹਿਰੀ ਸੋਚ ਨਾਲ ਬਾਬਾ ਬੁੱਢਾ ਜੀ ਦੀ ਚੋਣ ਕੀਤੀ ਗਈ ਸੀ। ਉਸ ਵਕਤ ਗੁਰੂ ਨਾਨਕ ਸਹਿਬ ਜੀ ਦੀ ਉਮਰ 70 ਸਾਲ, ਗੁਰੂ ਅੰਗਦ ਸਾਹਿਬ ਜੀ ਦੀ ਉਮਰ35 ਸਾਲ ਸੀ।

ਗੁਰੂ ਨਾਨਕ ਸਾਹਿਬ ਜੀ ਦੀ ਇਸ ਗਹਿਰ ਗੰਭੀਰ ਚੋਣ ਨੂੰ ਬਾਕੀ ਗੁਰੂ ਸਾਹਿਬਾਨ ਜੀ ਨੇ ਵੀ ਬਰਕਰਾਰ ਰੱਖਿਆ ਸੀ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨ ਜੀ ਨੂੰ ਗੁਰੁਗੱਦੀ ਦੇਣ ਵੇਲੇ ਰਸਮ ਨਿਭਾਈ ਸੀ। ਸਭ ਤੋਂ ਵੱਡੀ ਗੱਲ ਹੈ ਕਿ ਆਪਣੀ ਜ਼ਿੰਦਗੀ ਦੇ ਆਖਰੀ ਸਮੇਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣੇ ਚਾਰੇ ਪੁੱਤਰਾਂ ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਅਤੇ ਭਾਈ ਭਾਨਾ ਜੀ (ਪ੍ਰਿੰਸੀਪਲ ਸਤਿਬੀਰ ਸਿੰਘ ਜੀ ਪੁਰਾਤਨ ਇਤਿਹਾਸਿਕ ਜੀਵਨੀਆਂ ਪੰਨਾ 47 ’ਚ ਵਿੱਚੋਂ), ਭਾਈ ਭਾਨਾ ਜੀ ਦੀ ਬਾਂਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਪਕੜਾ ਕੇ ਕਿਹਾ ਸੀ ਕਿ ਦਾਤਾ ਜੀਓ ! ਮੇਰੀ ਨਿਭਾ ਦਿੱਤੀ ਹੈ ਇਸ ਤਰ੍ਹਾਂ ਹੀ ਮੇਰੇ ਪੁੱਤਰ ਦੀ ਨਿਭਾ ਦੇਣਾ ਜੀ। ਭਾਈ ਭਾਨਾ ਜੀ ਦੀ ਉਮਰ ਉਸ ਵਕਤ 95 ਸਾਲ ਦੀ ਸੀ। ਭਾਈ ਭਾਨਾ ਜੀ ਸੰਨ 1536ਤੋਂ 1644ਤੱਕ ਸਰੀਰਕ ਹਯਾਤੀ ਵਿੱਚ ਰਹੇ ਹਨ। ਭਾਈ ਭਾਨਾ ਜੀ ਨੇ ਵੀ ਅੱਗੇ ਆਪਣੇ ਪੋਤਰੇ ਭਾਈ ਝੰਡਾ ਜੀ ਦੀ ਬਾਂਹ ਪਕੜਾ ਕੇ ਇਹੋ ਹੀ ਬੇਨਤੀ ਫਿਰ ਕੀਤੀ ਸੀ ਕਿ ਸਾਡਾ ਪਰਿਵਾਰ ਤੁਹਾਡੇ ਦਰ ਦਾ ਸੇਵਕ ਰਿਹਾ ਹੈ ਤੇ ਸਾਨੂੰ ਲੋਕ ਬਾਬੇ ਦੀ ਅੋਲਾਦ ਕਰ ਕੇ ਯਾਦ ਕਰਦੇ ਹਨ, ਅਸੀਂ ਬਾਬਿਆਂ ਵਾਗੂੰ ਹੀ ਰਹੀਏ ਇਸ ਲਈ ਮੇਰੇ ਪੋਤਰੇ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣਾ ਜੀ !

ਭਾਈ ਝੰਡਾ ਜੀ ਭਾਈ ਸਵਰਣ ਜੀ ਦੇ ਪੁੱਤਰ ਅਤੇ ਭਾਈ ਭਾਨਾ ਜੀ ਦੇ ਪੋਤਰੇ ਤੇ ਬਾਬਾ ਬੁੱਢਾ ਜੀ ਦੇ ਪੜਪੋਤਰੇ ਸਨ। ਭਾਈ ਝੰਡਾ ਜੀ ਨੇ ਵੀ ਆਪਣੀ ਬਾਬਿਆਂ ਵਾਲੀ ਰੀਤ ਨੂੰ ਜਿਉਂਦਿਆਂ ਰੱਖਦਿਆਂ ਹੋਇਆਂ ਅੱਗੇ ਆਪਣੇ ਪੁੱਤਰ ਭਾਈ ਗੁਰਦਿੱਤਾ ਜੀ ਦੀ ਬਾਂਹ ਪਕੜਾਈ ਸੀ। ਭਾਈ ਗੁਰਦਿੱਤਾ ਜੀ ਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਦੇਣ ਵੇਲੇ ਸਾਰੀ ਰਸਮ ਨਿਭਾਈ ਸੀ। ਜਦੋਂ ਗੁਰ ਤੇਗ ਬਹਾਦਰ ਸਾਹਿਬ ਜੀ ਦਿੱਲੀ ਵਿਖੇ ਸ਼ਹਾਦਤ ਦਾ ਜਾਮ ਪੀਣ ਲਈ ਗਏ ਸਨ ਤਾਂ ਭਾਈ ਗੁਰਦਿੱਤਾ ਜੀ ਨੇ ਆਪਣੇ ਨਿਕੜੇ ਜਿਹੇ ਪੁੱਤਰ ਭਾਈ ਰਾਮਕੁੰਵਰ ਦੀ ਬਾਂਹ ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਾ ਦਿੱਤੀ ਸੀ। ਇਹੋ ਹੀ ਭਾਈ ਰਾਮਕੁੰਵਰ ਜੀ ਅਮ੍ਰਿਤ ਛੱਕ ਕੇ ਭਾਈ ਗੁਰਬਖਸ਼ ਸਿੰਘ ਬਣ ਕੇ ਸਿੱਖ ਸੰਗਤਾਂ ਦੀ ਸੇਵਾ ਕਰਦੇ ਰਹੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਇਹੋ ਹੀ ਗੁਰੂ ਘਰ ਦੀ ਕਥਾ ਦੀ ਸੇਵਾ ਨਿਭਾਉਂਦੇ ਸਨ। ਇਹ ਸੀ ਅਸਲ ਬਾਬਿਆਂ ਵਾਲਾ ਕੰਮ, ਆਪਣੇ ਪੁੱਤਰਾਂ, ਧੀਆਂ ਨੂੰ ਲੋਕੀਂ ਧੰਨ ਦੌਲਤ ਤਾਂ ਬਹੁਤ ਦਿੰਦੇ ਹਨ ਪਰ ਆਪਣੇ ਜਿਉਂਦੇ ਜੀਅ ਹੀ ਆਪਣੀ ਔਲਾਦ ਨੂੰ ਗੁਰੂ ਲੜ੍ਹ ਲਾ ਜਾਣਾ ਇਹ ਕਿਸੇ ਦਾਨੀ ਸੋਚ ਵਾਲੇ ਦਾ ਹੀ ਕੰਮ ਹੋ ਸਕਦਾ ਹੈ। ਇਨ੍ਹਾਂ ਸਾਰਿਆਂ ਨੇ ਹੀ ਦੁਨੀਆਂ ਤੋਂ ਆਪਣਾ ਚੋਲਾ ਤਿਆਗਣ ਲੱਗਿਆਂ ਵੀ ਬਾਬਿਆਂ ਵਾਲਾ ਕੰਮ ਕੀਤਾ ਸੀ। (ਇਹ ਸਾਰੀ ਜਾਣਕਾਰੀ ਡਾ: ਰਤਨ ਸਿੰਘ ਜੱਗੀ ਜੀ ਦੇ ਸਿੱਖ ਪੰਥ ਵਿਸ਼ਵਕੋਸ਼ ਵਿੱਚ ਆਪੋ ਆਪਣੇ ਨਾਮਾਂ ਥੱਲੇ ਅੰਕਿਤ ਕੀਤੀ ਹੋਈ ਹੈ ਜਿਵੇਂ ਭਾਨਾ ਜੀ, ਝੰਡਾ ਜੀ ਆਦਿਕ)

ਸਾਡੀਆਂ ਅੱਖਾਂ ’ਤੇ ਬੰਨ੍ਹੀ ਹੋਈ ਅਗਿਆਨਤਾ ਦੀ ਜਾਂ ਸੁਆਰਥ ਦੀ ਪੱਟੀ ਨੇ ਸਾਨੂੰ ਸੱਚ ਨਾ ਹੀ ਦਿੱਸਣ ਦਿੱਤਾ ਅਤੇ ਨਾ ਹੀ ਸੱਚ ਨੂੰ ਸਮਝਣ ਦਿੱਤਾ ਹੈ। ਅਸੀਂ ਉਹ ਬਾਬੇ ਇਤਿਹਾਸ ਵਿੱਚੋਂ ਦੇਖ ਹੀ ਨਹੀਂ ਸਕੇ ਜਿਹੜੇ ਅਸਲ ਵਿੱਚ ਬਾਬਾ ਕਹਾਉਣ ਦੇ ਹੱਕਦਾਰ ਹਨ। ਅਸੀਂ ਦ੍ਰਿੜ੍ਹਤਾ ਨਾਲ ਪਰਖ ਕਰਨ ਦੀ ਥਾਂ ’ਤੇ ਸਗੋਂ ਨਿੰਦਾ ਦਾ ਡਰ ਬਹੁਤ ਮੰਨਦੇ ਹਾਂ। ਜਿਸ ਦਾ ਲਾਭ ਉੱਠਾ ਕੇ ਕੂੜ ਨੇ ਸੱਚ ਨੂੰ ਕਿਨਾਰੇ ਕਰ ਦਿੱਤਾ ਹੈ।

ਆਓ, ਪਹਿਲਾਂ ਇੱਕ ਪਰਖ ਲਈ ਦਲੇਰੀ ਦੀ ਮਿਸਾਲ ਦੇਖੀਏ। ਭਾਈ ਰਣਧੀਰ ਸਿੰਘ ਜੀ, ਜਦੋਂ ਪੜ੍ਹ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਇੱਕ ਗੁਰਬਾਣੀ ਦਾ ਗੁਟਕਾ ਭੇਜ ਕੇ ਹਦਾਇਤ ਕੀਤੀ ਕਿ ਪੁੱਤਰ ਜੀ  ! ਤੁਸੀਂ ਦੋ ਤਰ੍ਹਾਂ ਦੇ ਇਮਤਿਹਾਨ ਦੀ ਤਿਆਰੀ ਕਰ ਰਹੇ ਹੋ, ਇੱਕ ਬੀ ਏ ਦੀ ਦੂਜੀ ਵਕਾਲਤ ਲਈ ਵੀ ਤਿਆਰੀ ਕਰ ਰਹੇ ਹੋ। ਸੋ, ਤੁਸੀਂ ਧਿਆਨ ਨਾਲ ਪੜ੍ਹਦਿਆਂ ਹੋਇਆਂ ਨਾਲ ਨਾਲ ਸਵੇਰੇ ਜਪੁ ਜੀ ਸਾਹਿਬ ਤੇ ਸ਼ਾਮੀ ਰਹਰਾਸਿ ਸਾਹਿਬ ਜੀ ਦਾ ਪਾਠ ਵੀ ਜ਼ਰੂਰੀ ਕਰਨਾ ਹੈ ਤਾਂ ਕਿ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਕਾਮਯਾਬੀ ਮਿਲ ਜਾਵੇ। ਭਾਈ ਰਣਧੀਰ ਸਿੰਘ ਜੀ ਦੇ ਪਿਤਾ ਜੀ ਨਾਭਾ ਦੇ ਹਾਈ ਕੋਰਟ ਦੇ ਜੱਜ ਸਨ, ਇਸ ਲਈ ਉਹ ਆਪਣੇ ਪੁੱਤਰ ਦੀ ਕਾਮਯਾਬੀ ਦੇਖਣਾ ਚਾਹੁੰਦੇ ਸਨ। ਭਾਈ ਸਾਹਿਬ ਜੀ ਨੇ ਹਰ ਰੋਜ਼ ਨੇਮ ਨਾਲ ਜਪੁ ਜੀ ਸਾਹਿਬ ਤੇ ਰਹਰਾਸਿ ਦਾ ਪਾਠ ਕਰਨਾ। ਅਚਾਨਕ ਇੱਕ ਦਿਨ ਉਨ੍ਹਾਂ ਦਾ ਖਿਆਲ ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨) ਬਚਨਾਂ ਵੱਲ ਚਲਾ ਗਿਆ, ਕੇਵਲ ਖਿਆਲ ਹੀ ਨਹੀਂ ਗਿਆ ਬਲਕਿ ਇਨ੍ਹਾਂ ਸ਼ਬਦਾਂ ਨੇ ਅੰਦਰ ਨੂੰ ਹੀ ਹਿਲਾ ਕੇ ਰੱਖ ਦਿੱਤਾ। ਭਾਈ ਸਾਹਿਬ ਜੀ ਦੇ ਅੰਦਰ ‘‘ਗੋਬਿੰਦ ਮਿਲਣ ਕੀ ’’ ਤਾਂਘ ਪੈਦਾ ਹੋ ਗਈ। ਇਸ ਤੜਫ ਦੀ ਪੂਰਤੀ ਲਈ, ਜਿਵੇਂ ਆਮ ਲੋਕਾਂ ਦੀ ਧਾਰਨਾ ਹੈ ਕਿ ਕਿਸੇ ਦਰਵੇਸ਼ ਦੀ ਮਦਦ ਲਈ ਜਾਵੇ, ਭਾਈ ਸਾਹਿਬ ਜੀ ਵੀ ਇੱਕ ਦਰਵੇਸ਼ ਤੋਂ ਬਹੁਤ ਪ੍ਰਭਾਵਿਤ ਹੋਏ। ਉਸ ਦੇ ਪ੍ਰਭਾਵ ਅਧੀਨ ਹੀ ਧਰਮ ਦੀ ਕਮਾਈ ਕਰਨ ਦਾ ਮਨ ਬਣਾ ਲਿਆ ਅਤੇ ਕੂੜੀ ਧਾਰਨਾ ਅਧੀਨ ਹੀ ਇੱਕ ਬਾਬੇ ਨੂੰ ਆਪਣਾ ਆਦਰਸ਼ ਮੰਨ ਕੇ ਚੱਲ ਪਏ, ਪਰ ਕੁਝ ਹੀ ਦਿਨਾਂ ਵਿੱਚ ਇਹ ਸਾਰਾ ਭਰਮ ਟੁੱਟ ਗਿਆ ਤੇ ਅਸਲੀਅਤ ਸਾਹਮਣੇ ਆ ਗਈ।

ਇਹ ਬਾਬਾ ਇੱਕ ਦਿਨ ਚਿਲਮ ਮੂੰਹ ਨੂੰ ਲਾ ਕੇ ਤਮਾਕੂ ਦੇ ਸੂਟੇ ਲਾ ਰਿਹਾ ਸੀ। ਭਾਈ ਸਾਹਿਬ ਜੀ ਨੇ ਜਦੋਂ ਦੇਖਿਆ ਤਾਂ ਬਹੁਤ ਦੁੱਖ ਮਨਾਇਆ ਇੱਥੋਂ ਤੱਕ ਕਿ ਬੇਹੋਸ਼ੀ ਦੀ ਹਾਲਤ ਹੋ ਗਈ। ਬਾਬੇ ਨੇ ਕਿਹਾ ਕਿ ਬੱਸ ਇਤਨੀ ਹੀ ਸ਼ਰਧਾ ਭਾਵਨਾ ਸੀ ਤਾਂ ਭਾਈ ਸਾਹਿਬ ਜੀ ਨੇ ਬੜਾ ਸਪਸ਼ਟ ਜਵਾਬ ਦਿੱਤਾ ਕਿ ਭਲਿਆ  ! ਮੈਂ ਸਮਝਿਆ ਕੁਝ ਹੋਰ ਸੀ ਪਰ ਤੂੰ ਨਿਕਲਿਆ ਕੁਝ ਹੋਰ ਹੀ ਹੈਂ।

ਮੈ ਜਾਨਿਆ ਵਡ ਹੰਸੁ ਹੈ; ਤਾ ਮੈ ਕੀਆ ਸੰਗੁ ॥ ਜੇ ਜਾਣਾ ਬਗੁ ਬਪੁੜਾ; ਤ ਜਨਮਿ ਨ ਦੇਦੀ ਅੰਗੁ ॥ (ਮ: ੩/੫੮੫)

ਭਾਈ ਸਾਹਿਬ ਜੀ ਨੇ ਉਸ ਦਿਨ ਹੀ ਪ੍ਰਣ ਕਰ ਲਿਆ ਕਿ ਗੁਰਬਾਣੀ ਤੋਂ ਬਿਨਾਂ ਇਨ੍ਹਾਂ ਝੂਠੇ ਬਾਬਿਆਂ ਦਾ ਲੜ ਨਹੀਂ ਪਕੜਨਾ। ਉਨ੍ਹਾਂ ਨੇ ਗੁਰਬਾਣੀ ਨਾਲ ਆਪਣੇ ਹੀ ਅੰਦਰ ਦੀ, ‘‘ਗੋਬਿੰਦ ਮਿਲਣ ਕੀ’’ ਤਾਂਘ ਪੂਰੀ ਹੀ ਨਹੀਂ ਕੀਤੀ ਬਲਕਿ ਭੁੱਲੜੇ ਲੋਕਾਂ ਨੂੰ ਵੀ ਸਮਝਾ ਦਿੱਤਾ ਕਿ ‘‘ਚਤੁਰਥਿ ਚਾਰੇ ਬੇਦ ਸੁਣਿ; ਸੋਧਿਓ ਤਤੁ ਬੀਚਾਰੁ ॥ ਸਰਬ ਖੇਮ ਕਲਿਆਣ ਨਿਧਿ; ਰਾਮ ਨਾਮੁ ਜਪਿ ਸਾਰੁ ॥ ਨਰਕ ਨਿਵਾਰੈ ਦੁਖ ਹਰੈ; ਤੂਟਹਿ ਅਨਿਕ ਕਲੇਸ ॥ ਮੀਚੁ ਹੁਟੈ, ਜਮ ਤੇ ਛੁਟੈ; ਹਰਿ ਕੀਰਤਨ ਪਰਵੇਸ ॥ ਭਉ ਬਿਨਸੈ, ਅੰਮ੍ਰਿਤੁ ਰਸੈ; ਰੰਗਿ ਰਤੇ ਨਿਰੰਕਾਰ ॥ ਦੁਖ, ਦਾਰਿਦ, ਅਪਵਿਤ੍ਰਤਾ; ਨਾਸਹਿ, ਨਾਮ ਅਧਾਰ ॥ ਸੁਰਿ ਨਰ, ਮੁਨਿ ਜਨ ਖੋਜਤੇ; ਸੁਖ ਸਾਗਰ ਗੋਪਾਲ ॥ ਮਨੁ ਨਿਰਮਲੁ, ਮੁਖੁ ਊਜਲਾ ਹੋਇ; ਨਾਨਕ  ! ਸਾਧ ਰਵਾਲ ॥’’ (ਮ: ੫/੨੯੭)

ਗੁਰਬਾਣੀ ਹੀ ਅਸਲ ਵਿੱਚ ਸਾਨੂੰ ਪ੍ਰਮੇਸ਼ਰ ਦੇ ਚਰਨਾਂ ਵਿੱਚ ਜੋੜ ਸਕਦੀ ਹੈ। ਇਹ ਨਕਲੀ ਬਾਬੇ ਤਾਂ ਮਨੁੱਖਾ ਜੀਵਨ ਦਾ ਖਲਵਾੜ ਹੀ ਕਰਦੇ ਹਨ ਤੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਜੀਵਨ ਬਰਬਾਦ ਕਰ ਦਿੰਦੇ ਹਨ। (ਸਿੱਖ ਮਿਸ਼ਨਰੀ ਕਾਲਜ਼, ਚੋਣਵੀਆਂ ਜੀਵਨੀਆਂ ਪੰਨਾ 1)

ਇੱਥੇ ਹੀ ਬੱਸ ਨਹੀਂ ਸਿੱਖ ਇਤਿਹਾਸਿਕ ਪੰਨਿਆਂ ’ਤੇ ਕਰਨੀ ਵਾਲੇ ਅਨੇਕਾਂ ਹੀ ਬਾਬਿਆਂ ਦੀਆਂ ਸੱਚੀਆਂ ਕਥਾ ਕਹਾਣੀਆਂ ਅੰਕਿਤ ਹਨ। ਉਨ੍ਹਾਂ ਵਿੱਚੋਂ ਆਪਾਂ ਬਾਬਾ ਖੜਕ ਸਿੰਘ ਜੀ ਦੀ ਜੀਵਨੀ ਵਿੱਚੋਂ ਕੁਝ ਕੁ ਅੰਸ਼ ਦੇ ਦਰਸ਼ਨ ਕਰਦੇ ਹਾਂ। ਬਾਬਾ ਖੜਕ ਸਿੰਘ ਜੀ ਨੇ ਕਰੀਬ 15ਵਾਰੀ ਜ਼ੇਲ ਯਾਤਰਾ ਕੀਤੀ ਅਤੇ ਕਰੀਬ ਆਪਣੀ ਹਯਾਤੀ ਦੇ 20 ਸਾਲ ਜ਼ੇਲ ਵਿੱਚ ਗੁਜ਼ਾਰੇ ਸਨ। ਸੰਨ 1915 ਵਿੱਚ ਤਰਨ ਤਾਰਨ ਸਾਹਿਬ ਜੀ ਵਿੱਖੇ ਸਾਲਾਨਾ ਐੇਜ਼ੁਕੇਸ਼ਨਲ ਕਾਨਫਰੰਸ ਹੋ ਰਹੀ ਸੀ। ਉਸ ਵਕਤ ਬਾਕੀ ਸਾਰੇ ਹੀ ਲੀਡਰਾਂ ਨਾਲੋਂ ਬਾਬਾ ਖੜਕ ਸਿੰਘ ਜੀ ਦਾ ਵਕਾਰ ਬਹੁਤ ਹੀ ਸਾਫ਼ ਸੁੱਥਰਾ ਤੇ ਸੱਚਾ ਸੁੱਚਾ ਸੀ। ਇਸ ਲਈ ਸਰਬ ਸੰਮਤੀ ਨਾਲ ਇਨ੍ਹਾਂ ਨੂੰ ਕਾਨਫਰੰਸ ਦੀ ਪ੍ਰਧਾਨਗੀ ਲਈ ਚੁਣ ਲਿਆ ਗਿਆ। ਜਦੋਂ ਬਾਬਾ ਖੜਕ ਸਿੰਘ ਜੀ ਦੀ ਰੇਲ ਗੱਡੀ ਤਰਨ ਤਾਰਨ ਸਾਹਿਬ ਸਟੇਸ਼ਨ ’ਤੇ ਆਈ ਤਾਂ ਸਾਰੀ ਸੰਗਤ ਪਹਿਲਾਂ ਹੀ ਬਹੁਤ ਸਾਰੀ ਤਿਆਰੀ ਕਰ ਕੇ ਸਟੇਸ਼ਨ ’ਤੇ ਪਹੁੰਚੀ ਹੋਈ ਸੀ। ਸਿੱਖ ਸੰਗਤ ਨੇ ਇੱਕ ਛੇ ਘੋੜਿਆਂ ਵਾਲੀ ਬੱਘੀ ਵੀ ਬਾਬਾ ਖੜਕ ਸਿੰਘ ਜੀ ਵਾਸਤੇ ਲਿਆਂਦੀ ਹੋਈ ਸੀ। ਸਾਰੀਆਂ ਸੰਗਤਾਂ ਵਿੱਚ ਅਥਾਹ ਪਿਆਰ ਅਤੇ ਜੋਸ਼ ਭਰਿਆ ਪਿਆ ਸੀ ਸਾਰਾ ਅਸਮਾਨ ਹੀ ਜੈਕਾਰਿਆਂ ਨਾਲ ਗੂੰਜਣ ਲਾ ਦਿੱਤਾ ਸੀ। ਬਾਬਾ ਖੜਕ ਸਿੰਘ ਜੀ ਨੇ ਉਸ ਛੇ ਘੋੜਿਆਂ ਵਾਲੀ ਬੱਘੀ ਵਿੱਚ ਬੈਠਣ ਦੀ ਥਾਂ ’ਤੇ ਸਗੋਂ ਬਹੁਤ ਹੀ ਨਿਮ੍ਰਤਾ ਨਾਲ ਸਿੱਖ ਸੰਗਤ ਨੂੰ ਸਮਝਾਇਆ ਕਿ ਮੈਂ ਵੀ ਗੁਰੂ ਅਰਜਨ ਪਾਤਿਸ਼ਾਹ ਜੀ ਦੇ ਦਰ ਦਾ ਹੀ ਇੱਕ ਅਦਨਾ ਜਿਹਾ ਸੇਵਕ ਹਾਂ। ਮੈਂ ਇਸ ਬੱਘੀ ਵਿੱਚ ਬੈਠ ਕੇ ਨਹੀਂ ਬਲਕਿ ਸਿੱਖ ਸੰਗਤ ਨਾਲ ਰਲ ਕੇ ਪੈਦਲ ਹੀ ਚੱਲ ਕੇ ਜਾਵਾਂਗਾ। ਬਾਬਾ ਜੀ ਦੇ ਸੱਚੇ ਸੁੱਚੇ ਜੀਵਨ ਦੀ ਚੰਗੀ ਛਾਪ ਤਾਂ ਪਹਿਲਾਂ ਹੀ ਲੋਕਾਂ ਦੇ ਮਨਾਂ ਵਿੱਚ ਲੱਗੀ ਹੋਈ ਸੀ ਪਰ ਇਸ ਘਟਨਾ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਕਿ ਬਾਬਾ ਅਸਲ ਵਿੱਚ ਅਜਿਹੀ ਕਰਨੀ ਦਾ ਨਾਂ ਹੈ। ਇਸ ਬਾਬੇ ਦੀ ਹੀ ਮਹਾਨ ਕੁਰਬਾਨੀ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਹੀ ਸੀ। (ਉਹੀ ਪੰਨਾ 1)

ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦਾ ਵੀ ਇੱਕ ਸੁਨੇਹਾ ਸਾਨੂੰ ਚੰਗੀ ਤਰ੍ਹਾਂ ਆਪਣੀ ਯਾਦ ਦੇ ਲੜ ਬੰਨ੍ਹ ਲੈਣਾ ਚਾਹੀਦਾ ਹੈ ਕਿ ਇਹ ਦੁਨੀਆਂ ਅਤੇ ਮਾਇਆ ਦੇ ਵੇਸ, ਰੰਗ ਰਸ ਸਭ ਨਾਸ਼ਵਾਨ ਹਨ ਅਤੇ ਇਨ੍ਹਾਂ ਦੀ ਪਕੜ ਵਿੱਚ ਹੌਲ਼ਾਪਣ ਹੈ।

ਈਂ ਲਿਬਾਸਿ ਦੁਨਯਵੀ ਫਾਨੀ ਬਵੱਦ। ਬਰ ਖੁਦਵੰਦੀਸ਼ ਅਰਜ਼ਾਨੀ ਬਵੱਦ॥ (ਜ਼ਿੰਦਗੀਨਾਮਾ 40)

ਇੱਕ ਕੁਦਰਤੀ ਅਸੂਲ ਹੈ ਕਿ ਸੰਸਾਰ ਅੰਦਰ ਦੋ ਚੀਜ਼ਾਂ ਬਰਾਬਰ ਹੀ ਚੱਲਦੀਆਂ ਹਨ ‘ਸੱਚ ਤੇ ਕੂੜ’, ਹਨ੍ਹੇਰਾ ਤੇ ਚਾਨਣ, ਨੇਕੀ ਤੇ ਬਦੀ, ਫੁੱਲ ਤੇ ਕੰਡਾ, ਇਸ ਤਰ੍ਹਾਂ ਹੀ ਧਰਮੀ ਵੀ ਹਨ ਅਤੇ ਅਧਰਮੀ ਵੀ ਹਨ। ਬਾਬੇ ਬਕਾਲੇ ਨੂੰ ਫਿਰ ਯਾਦ ਕਰੀਏ ਇੱਥੇ ਨਕਲੀ ਬਾਬੇ ਵੀ ਹਨ ਅਤੇ ਅਸਲੀ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਵੀ ਹੈ। ਇਨ੍ਹਾਂ ਦੋ ਚੀਜ਼ਾਂ ਨੇ ਚੱਲਦਿਆਂ ਹੀ ਰਹਿਣਾ ਹੈ ਪਰ ਸਾਨੂੰ ਪਹਿਚਾਣ ਕਰਨੀ ਆਉਣੀ ਚਾਹੀਦੀ ਹੈ। ਦੁੱਖ ਇਹ ਨਹੀਂ ਕਿ ਇਹ ਨਕਲੀ ਬਾਬੇ ਕਿਉਂ ਹਨ ? ਦੁੱਖ ਇਹ ਹੈ ਕਿ ਸਿੱਖ ਹੀ ਪਹਿਚਾਣ ਭੁੱਲ ਗਿਆ ਹੈ। ਸਿੱਖ ਨੂੰ ਸਮੁੱਚੇ ਪਿਉ ਦਾਦੇ ਦੇ ਬਖਸ਼ੇ ਗੁਰਬਾਣੀ ਦੇ ਖਜ਼ਾਨੇ ਨਾਲੋਂ ਤੋੜ ਕੇ ਕੇਵਲ ਇੱਕ ਸੁਖਮਨੀ ਸਾਹਿਬ ਨਾਲ ਜੋੜ ਦਿੱਤਾ ਹੈ ਅਤੇ ਸੁਖਮਨੀ ਸਾਹਿਬ ਜੀ ਵਰਗੀ ਮਹਾਨ ਬਾਣੀ ਦਾ ਪਰਦਾ ਬਣਾ ਕੇ ਨਕਲੀ ਪਾਖੰਡੀ ਲੋਕ ਸਿੱਖੀ ਨੂੰ ਉਜਾੜਨ ਲੱਗੇ ਹੋਏ ਹਨ। ਸੁਖਮਨੀ ਸਾਹਿਬ ਪੜ੍ਹ ਕੇ ਸੰਤ ਦੀ ਨਿੰਦਾ ਵਾਲੀ ਵਿਚਾਰ ਦੇ ਨਾਲ ਨਾਲ ਇੱਹ ਵੀ ਸਿਖੀਏ ਕਿ ਸੰਤ ਕਿਹੋ ਜਿਹਾ ਹੁੰਦਾ ਹੈ ਜਾਂ ਸੰਤ ਕਿਸ ਨੂੰ ਕਿਹਾ ਗਿਆ ਹੈ। ਸੁਖਮਨੀ ਸਾਹਿਬ ਵਿੱਚ ਦਰਸਾਇਆ ਸੰਤ ਜਾਂ ਬਾਬਾ, ਬਾਬੇ ਬਕਾਲੇ ਵਿੱਚ ਬਿਰਾਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗਾ ਹੀ ਹੋ ਸਕਦਾ ਹੈ। ਪੂਰਾ ਗੁਰੂ ਤਾਂ ਪਰਖ ਕਰਨੀ ਦੱਸਦਾ ਹੈ ਅਤੇ ਜੀਵਨ ਨੂੰ ਚਾਨਣ ਬਖ਼ਸ਼ਿਸ਼ ਕਰਦਾ ਹੈ। ਉਸ ਚਾਨਣ ਵਿੱਚ ਹੀ ਸਿੱਖ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਸਾਹਿਬ ਦੀ ਬਰਾਬਰੀ ਹੋਰ ਕੋਈ ਵੀ ਨਹੀਂ ਕਰ ਸਕਦਾ, ‘‘ਗੁਰੁ ਪੂਰਾ ਭੇਟਿਓ ਵਡਭਾਗੀ; ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ; ਅਪੁਨੇ ਸਾਹਿਬ ਕਾ ਭਰਵਾਸਾ ॥’’ (ਮ: ੫/੬੦੯)

ਆਓ, ਇੱਕ ਪ੍ਰਣ ਕਰੀਏ ਕਿ ਮੈਂ ਕੂੜ ਦੀ ਪਾਲਿ ਵਿਚੋਂ ਨਿਕਲ ਕੇ ਸਚਿਆਰਾ ਹੋਣ ਲਈ ਨਿਰਮਲ ਪੰਥ ਦਾ ਪਾਂਧੀ ਬਣਨਾ ਹੈ। ਮੇਰੇ ਲਈ ਤਾਂ ਜ਼ਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਸਾਹਿਬ ਜੀ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਇੱਕ ਕਵਿਤਾ ਦੇ ਬੋਲ ਹਨ :

ਦੇਹਧਾਰੀ ਨੂੰ ਆਖਦੇ ਲੋਕ ਬਾਬਾ, ਮਰ ਜਾਏ ਤਾਂ ਨਵਾਂ ਬਣਾਵਦੇ ਨੇ।

ਗੁਰੂ ਗ੍ਰੰਥ ਸਾਹਿਬ ਭਾਵੇਂ ਪ੍ਰਕਾਸ਼ ਹੋਵੇ, ਬਾਬੇ ਬਿਨਾਂ ਨਾ ਓਸ ਥਾਂ ਜਾਂਵਦੇ ਨੇ,

ਆਪਾਂ ਭਰਮ ਇਹ ਦਿਲਾਂ ’ਚੋਂ ਦੂਰ ਕਰਨਾ, ਅਸੀਂ ਪੰਥ ਦੇ ਤੇ ਖਾਲਸਾ ਪੰਥ ਸਾਡਾ।

ਭਾਵੇਂ ਲੋਕਾਂ ਦੇ ਹੋਣ ਪਏ ਲੱਖ ਬਾਬੇ, ਬਾਬਾ ਇੱਕੋ ਏ ਗੁਰੂ ਗ੍ਰੰਥ ਸਾਡਾ।

ਗੁਰੂ ਗ੍ਰੰਥ ਜਿਹਾ ਬਾਬਾ ਜਹਾਨ ਉੱਤੇ, ਨਾ ਕੋਈ ਹੋਏਗਾ ਨਾ ਕੋਈ ਲੱਭਦਾ ਏ।

ਬਾਬੇ ਲੋਕਾਂ ਦੇ ਆਪੋ ਆਪਣੇ ਨੇ, ਸਾਡਾ ਬਾਬਾ ਤਾਂ ਸਾਰੇ ਜੱਗ ਏ। (ਸ : ਕਸ਼ਮੀਰਾ ਸਿੰਘ ਬਰਨਾ ਵਾਲਾ, ਅਣਖੀਲਾ ਪੰਥ, ਪੰਨਾ44)

ਇਤਿਹਾਸਿਕ ਤੌਰ ’ਤੇ ਨਿਰਮਲ ਕਰਨੀ ਵਾਲੇ ਬਾਬੇ ਚਾਰੇ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਬਾਬਾ ਦੀਪ ਸਿੰਘ ਜੀ ਜਾਂ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਵਰਗੇ ਹੀ ਅਸਲ ਵਿਚ ਬਾਬੇ ਹਨ ਮੈਂ ਤਾਂ ਉਨ੍ਹਾਂ ਨੂੰ ਸਿਜਦਾ ਕਰਦਾ ਹਾਂ ਅਤੇ ਉਨ੍ਹਾਂ ’ਤੇ ਹੀ ਸਿਦਕ ਰੱਖਦਾ ਹਾਂ। ਦੇਖੋ ! ! ! ਇਸ ਲੇਖ ਨੂੰ ਪੜ੍ਹ ਕੇ ਕਿੰਨੇ ਕੁ ਆਪਣੀ ਜ਼ਮੀਰ ਦੀ ਅਵਾਜ਼ ਸੁਣ ਕੇ ਸਤਿਗੁਰੂ ਜੀ ਦੀ ਬਖ਼ਸ਼ਿਸ਼ ਦਾ ਪੱਲਾ ਪਕੜਦੇ ਹਨ।