ਅੰਨਦਾਤਾ ਬਨਾਮ ਆਤਮ-ਹੱਤਿਆਵਾਂ

0
406

ਅੰਨਦਾਤਾ ਬਨਾਮ ਆਤਮ-ਹੱਤਿਆਵਾਂ

ਅਮਰਜੀਤ ਸਿੰਘ (ਵਾਇਸ ਚੇਅਰਮੈਨ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਰੋਪੜ)-98157-03806

ਕਿਸੇ ਟੀ ਵੀ ਚੈਨਲ ਨੂੰ ਚਲਾਈਏ ਜਾਂ ਕਿਸੇ ਅਖ਼ਬਾਰ ਨੂੰ ਖੋਲ੍ਹ ਕੇ ਵੇਖੀਏ, ਲੰਬੇ ਸਮੇਂ ਤੋਂ ਬਸ ਇੱਕ ਖ਼ਬਰ ਪ੍ਰਮੁੱਖਤਾ ਨਾਲ ਛਪਦੀ ਆ ਰਹੀ ਹੈ ਕਿ ਅੱਜ ਪੰਜਾਬ ਦੇ ਇਸ ਇਲਾਕੇ ’ਚ 3, ਕਦੇ 4 ਜਾਂ ਕਦੇ 5 ਕਿਸਾਨਾਂ ਨੇ ਕਰਜ਼ੇ ਦੇ ਬੋਝ ਨੂੰ ਨਾ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ ਹੈ। ਗੁਰੂ ਪੀਰਾਂ ਦੀ ਇਸ ਧਰਤੀ ਉੱਤੇ ਬੰਦਾ ਇਨ੍ਹਾਂ ਨਿਰਬਲ ਹੋ ਗਿਆ, ਜੋ ਕਿ ਸਮਾਜਿਕ ਚੁਣੌਤੀਆਂ ਨੂੰ ਵੀ ਸਹਾਰਨ ਦੀ ਸ਼ਕਤੀ ਗੁਰੂ ਉਪਦੇਸ਼ ਰਾਹੀਂ ਆਪਣੇ ਅੰਦਰ ਇਕੱਠੀ ਨਾ ਕਰ ਸਕਿਆ, ਜਦੋਂ ਕਿ ਗੁਰੂ ਸਾਹਿਬਾਨ ਨੇ ਸਾਡੇ ਅੰਦਰ ਸਵਾ ਲੱਖ ਨਾਲ ਜੂਝਣ ਦੀ ਹਿੰਮਤ ਭਰੀ ਸੀ। ਸਾਡਾ ਇਤਿਹਾਸ ਵੀ ਬਹੁਤਾ ਪੁਰਾਣਾ ਨਹੀਂ, ਜਿਸ ਨੂੰ ਸਮਝਣਾ ਤੇ ਸਮਝਾਉਣਾ ਸਾਡੇ ਲਈ ਮੁਸ਼ਕਲ ਹੋ ਗਿਆ ਹੋਵੇ। ਅਜਿਹੀ ਜ਼ਮੀਨੀ ਸਥਿਤੀ ਨੂੰ ਵੇਖਦਿਆਂ ਹਰ ਪੰਥ ਦਰਦੀ ਨੂੰ ਚਿੰਤਤ ਹੋਣਾ ਤੇ ਇਸ ਦਾ ਹੱਲ ਲੱਭਣ ਵਾਸਤੇ ਸੋਚਣਾ ਸਮੇਂ ਦੀ ਮੁੱਖ ਮੰਗ ਹੈ।

ਸਾਡੀ ਜਵਾਨੀ (ਮੁੰਡੇ-ਕੁੜੀਆਂ) ਨਸ਼ਿਆਂ ਨਾਲ ਮਰ ਰਹੇ ਹਨ ਅਤੇ ਸਿਆਣੇ ਖ਼ੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ। ਆਖ਼ਿਰ ਹੋ ਕੀ ਗਿਆ ਹੈ ਪੰਜਾਬੀਆਂ ਨੂੰ  ? ਜਿਹੜਾ ਪੰਜਾਬ ਗੁਰੂਆਂ ਦੇ ਨਾਮ ’ਤੇ ਜਿਉਂਦਾ ਸੀ, ਜਿਸ ਪੰਜਾਬ ਦਾ ਦੇਸ਼ ਵਿਚ ਆਰਥਿਕ ਤੇ ਸਰੀਰਕ ਬਲ ਪੱਖੋਂ ਪਹਿਲਾ ਸਥਾਨ ਸੀ, ਉਸ ਪੰਜਾਬ ਦਾ ਮਾਣ ਹੀ ਨਹੀਂ ਖੁਸਿਆ, ਸਗੋਂ ਗੁਰਮਤਿ ਅਨੁਸਾਰੀ ਪ੍ਰਚਲਿਤ ਰਹੁ ਰੀਤਾਂ ਹੀ ਗੁਆਚ ਗਈਆਂ ਹਨ।

ਫ਼ਸਲਾਂ ਦੇ ਝਾੜ ਵੀ ਅੱਗੇ ਨਾਲੋਂ ਕਈ ਗੁਣਾਂ ਜ਼ਿਆਦਾ ਹੋ ਗਏ ਹਨ, ਦੁੱਧ ਦੀਆਂ ਬਾਲਟੀਆਂ ਵੀ ਭਰੀਆਂ ਵੇਖੀਦੀਆਂ ਹਨ, ਖਰਚਿਆਂ ਵੱਲ ਵੀ ਵੇਖੀਏ ਤਾਂ ਬਹੁਤਿਆਂ ਘਰਾਂ ਵਿਚ ਗੋਬਰ ਗੈਸ ਪਲਾਂਟ ਵੀ ਲੱਗੇ ਹੋਏ ਹਨ, ਘਰ ਦੀ ਸਬਜ਼ੀ, ਘਰ ਦੇ ਦਾਣੇ, ਘਰ ਦਾ ਦੁੱਧ, ਘਰ ਦੇ ਚਾਵਲ, ਫਿਰ ਵੀ ਸਿਰਾਂ ’ਤੇ ਕਰਜ਼ੇ ਦਿਨੋਂ-ਦਿਨ ਵਧ ਰਹੇ ਹਨ। ਮਰਨ ਵਾਲਾ ਇਕੱਲਾ ਆਪ ਹੀ ਨਹੀਂ ਮਰਦਾ, ਸਗੋਂ ਪਿੱਛਲੇ ਸਾਰੇ ਟੱਬਰ ਦਾ ਲੱਕ ਤੋੜ ਜਾਂਦਾ ਹੈ। ਇੰਨਾ ਸਮਝਦਿਆਂ ਹੋਇਆ ਵੀ ਸਾਡੇ ਕਿਸਾਨ ਭਰਾ ਹਰ ਰੋਜ਼ ਖ਼ੁਦਕੁਸ਼ੀਆਂ ਕਰ ਰਹੇ ਹਨ ਤੇ ਪਰਿਵਾਰ ਨੂੰ ਪਿੱਛੇ ਰੱਬ ਆਸਰੇ ਛੱਡ ਜਾਂਦੇ ਹਨ।

ਕਿਸੇ ਕੌਮ ਦਾ ਸਰਮਾਇਆ ਉਸ ਦੀ ਜੁਆਨੀ ਹੁੰਦੀ ਹੈ, ਜੋ ਪਿਤਾ-ਪੁਰਖੀ ਸੰਸਕਾਰਾਂ ਨੂੰ ਅਗਾਂਹ ਵਧਾਉਣ ਵਿਚ ਅਹਿਮ ਰੋਲ ਅਦਾ ਕਰਦੀ ਹੈ ਕਿਉਂਕਿ ਸਮਾਜ ਵਿੱਚ ਇਕ ਸਮੇਂ ਤਿੰਨ ਪੀੜੀਆਂ ਜੀਵਤ ਰਹਿੰਦੀਆਂ ਹਨ; ਬਜ਼ੁਰਗ ਪਿਤਾ, ਜੁਆਨ (ਸ਼ਾਦੀ ਸੁਦਾ) ਲੜਕਾ ਤੇ ਅਗਾਂਹ ਉਸ ਦੀ ਔਲਾਦ। ਅਜੋਕਾ ਯੁਗ ਤਕਨੀਕੀ ਯੁਗ ਹੈ, ਜਿੱਥੇ ਸਰੀਰਕ ਤਾਕਤ ਦੀ ਬਜਾਇ ਦਿਮਾਗ਼ ਦੀ ਵਧੇਰੇ ਜ਼ਰੂਰਤ ਹੈ। ਵਿੱਦਿਆ ਅਤੇ ਰੁਜ਼ਗਾਰ ਪਰਿਵਾਰ ਦੀ ਆਰਥਿਕਤਾ ਨੂੰ ਪ੍ਰਭਾਵਤ ਕਰਦੇ ਹਨ, ਜੋ ਖ਼ੁਸ਼ਹਾਲ ਜੀਵਨ ਲਈ ਅਤਿ ਜ਼ਰੂਰੀ ਹੁੰਦਾ ਹੈ।

ਭਗਤ ਕਬੀਰ ਜੀ ਜੁਲਾਹਾ ਜਾਤੀ (ਕਿੱਤੇ) ਨਾਲ ਸੰਬੰਧਿਤ ਸਨ, ਜਿਨ੍ਹਾਂ ਦੇ ਘਰ ਆਉਣ ਵਾਲੇ ਸਤਸੰਗੀਆਂ ਦੇ ਸਤਿਕਾਰ ਲਈ ਜ਼ਰੂਰੀ ਲੋੜਾਂ ਦੀ ਅਪੂਰਤੀ ਵੀ ਨਹੀਂ ਹੋ ਰਹੀ ਸੀ, ਉਨ੍ਹਾਂ ਆਪਣੀ ਜ਼ਰੂਰਤ ਅਨੁਸਾਰ ਮਾਇਆ ਦੀ ਲੋੜ ਨੂੰ ਘਰ ਦੀ ਸ਼ੋਭਾ (ਇੱਜ਼ਤ) ਕਹਿ ਕੇ ਬਿਆਨ ਕੀਤਾ ਜੋ ਘਰ ਆਏ ਮਹਿਮਾਨਾਂ ਸਾਹਮਣੇ ਪਰਿਵਾਰਕ ਆਰਥਿਕ ਤੰਗੀ ਨੂੰ ਜ਼ਾਹਰ ਨਹੀਂ ਹੋਣ ਦਿੰਦੀ। ਉਨ੍ਹਾਂ ਬਚਨ ਕੀਤੇ, ਕਿ ਜਿਸ ਘਰ ਆਰਥਿਕ ਤੰਗੀ ਹੋਵੇ ਉੱਥੇ ਆਉਣ ਵਾਲੇ ਪ੍ਰਾਹੁਣੇ (ਸਤਿਸੰਗੀ) ਵੀ ਭੁੱਖੇ ਵਾਪਸ ਪਰਤ ਜਾਂਦੇ ਹਨ, ਇਸ ਲਈ ਮਾਇਆ ਲੋੜ ਮੁਤਾਬਕ ਹੋਣਾ ਅਤਿ ਜ਼ਰੂਰੀ ਹੈ ਤਾਂ ਜੋ ਜੀਵਨ ’ਚ ਸਬਰ-ਸੰਤੋਖ ਬਣਿਆ ਰਹੇ ‘‘ਗ੍ਰਿਹਿ ਸੋਭਾ ਜਾ ਕੈ, ਰੇ  ! ਨਾਹਿ॥ ਆਵਤ ਪਹੀਆ; ਖੂਧੇ ਜਾਹਿ ॥ ਵਾ ਕੈ ਅੰਤਰਿ; ਨਹੀ ਸੰਤੋਖੁ ॥ ਬਿਨੁ ਸੋਹਾਗਨਿ; ਲਾਗੈ ਦੋਖੁ ॥’’ (ਭਗਤ ਕਬੀਰ/੮੭੨)

ਮਹਿੰਗੀ ਵਿੱਦਿਆ ਲੈਣ ਉਪਰੰਤ ਵੀ ਨੌਕਰੀ ਮਿਲਣੀ ਮੁਸ਼ਕਲ ਹੈ, ਕਰਜ਼ਾ ਚੁੱਕ ਕੇ ਪ੍ਰਾਪਤ ਕੀਤੀ ਅਜਿਹੀ ਵਿੱਦਿਆ ਵੀ ਸਮਾਜਕ ਲੋੜਾਂ ਨੂੰ ਪੂਰਾ ਕਰਨ ਦੀ ਬਜਾਇ ਆਰਥਿਕ ਤੰਗੀ ਨੂੰ ਹੋਰ ਵਧਾ ਦਿੰਦੀ ਹੈ। ਅਜਿਹੀ ਬੇਚੈਨ ਜ਼ਿੰਦਗੀ ਨੂੰ ‘‘ਰਾਜੇ ਸੀਹ ਮੁਕਦਮ ਕੁਤੇ॥’’ (ਮ: ੧/੧੨੮੮) ਨਸ਼ਿਆਂ ਦੀ ਦਲਦਲ ਵਿੱਚ ਫਸਾ ਲੈਂਦੇ ਹਨ ਕਿਉਂਕਿ ਇੱਥੇ ਵੀ ਉਨ੍ਹਾਂ ਦਾ ਹੀ ਵਾਪਾਰ ਕਾਰਜਸ਼ੀਲ ਹੁੰਦਾ ਹੈ। ਤੰਗੀ ਦੇ ਮਾਰੇ ਬਜ਼ੁਰਗ ਪਿਤਾ ਪਾਸ ਜਵਾਨ ਪੁੱਤਰ ਨੂੰ ਦੇਣ ਲਈ ਕੁਝ ਨਹੀਂ ਬਚਦਾ ਤੇ ਉਹ ਕਰਜ਼ੇ ਦੀ ਪੰਡ ਹੇਠ ਦਬਦਾ ਦਬਦਾ ਆਖ਼ਿਰ ਮੌਤ ਨੂੰ ਗਲੇ ਲਗਾ ਲੈਂਦਾ ਹੈ।

ਭਾਰਤੀ ਕਿਸਾਨ ਦੀ ਅਜਿਹੀ ਮੰਦਭਾਗੀ ਦਸ਼ਾ ਬਣਾਉਣ ਪਿੱਛੇ ਮੁੱਖ ਦੋਸ਼ੀ ਸਾਡੇ ਰਾਜਨੀਤਿਕ ਲੋਕ ਤੇ ਸਾਡੀਆਂ ਸਰਕਾਰੀ ਪਾਲਿਸੀਆਂ ਹਨ, ਜੋ ਅਮੀਰ ਨੂੰ ਗੱਡੀ ਖਰੀਦਣ ਲਈ ਕਾਰ ਲੋਨ 9% ਵਿਆਜ ਦਰ ’ਤੇ ਦਿੰਦਾ ਹੈ ਜਦੋਂ ਕਿ ਕਿਸਾਨ ਨੂੰ ਟਰੈਕਟਰ ਲੋਨ 16 ਤੋਂ 18% ਵਿਆਜ ਦਰ ਉੱਤੇ ਮਿਲਦਾ ਹੈ। ਫ਼ਸਲਾਂ ਦੀਆਂ ਕੀਮਤਾਂ ਮਿਲਣ ਨਾਲੋਂ ਉਸ ਉੱਤੇ ਕੀਤਾ ਗਿਆ ਖ਼ਰਚਾ (ਰੇਅ, ਸਪਰੇਅ, ਪਾਣੀ, ਆਦਿਕ) ਵਧ ਜਾਂਦਾ ਹੈ ਤੇ ਇਹ ਖ਼ਰਚਾ ਕਿਸਾਨ ਨੂੰ ਮੌਤ ਦੇ ਮੂੰਹ ਤਕ ਲੈ ਜਾਂਦਾ ਹੈ।

ਜਿਹੜਾ ਕਿਸਾਨ ਅੰਨਦਾਤਾ ਕਹਾਉਂਦਾ ਸੀ, ਜਿਹੜਾ ਕਿਸਾਨ ਪੂਰੇ ਦੇਸ਼ ਦੇ ਅੰਨ-ਭੰਡਾਰ ਵਿਚ 70-80% ਹਿੱਸਾ ਕੇਵਲ ਪੰਜਾਬ ਰਾਹੀਂ ਪਾਉਂਦਾ ਹੈ, ਜਿਸ ਦੇ ਦਰ ਤੋਂ ਗ਼ਰੀਬ ਤੇ ਲੋੜਵੰਦ ਖ਼ਾਲੀ ਨਹੀਂ ਸਨ ਜਾਂਦੇ, ਉਸ ਦਾਤੇ ਨੂੰ (ਸਰਕਾਰੀ ਰਿਆਇਤਾਂ ਰਾਹੀਂ) ਮੰਗਤਾ ਬਣਾ ਦਿੱਤਾ ਗਿਆ ਹੈ। ਸਰਕਾਰ ਕੋਈ ਵੀ ਆਏ, ਕਿਸਾਨਾਂ ਨੂੰ ਲਾਲਚ (ਮੁਫ਼ਤ ਬਿਜਲੀ, ਕਰਜ਼ੇ ਮਾਫ਼, ਆਦਿ) ਦਿੰਦੀਆਂ ਹਨ, ਇਨ੍ਹਾਂ ਰਿਆਇਤਾਂ ਲਈ ਕਿਸਾਨ ਅਗਲੇ ਪੰਜ ਸਾਲ ਤੱਕ ਊੱਠ ਦੇ ਬੁੱਲ੍ਹ ਡਿੱਗਣ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ। ਨਕਲੀ ਦਵਾਈਆਂ, ਨਕਲੀ ਬੀਜ ਵੇਚ ਕੇ ਕਿਸਾਨਾਂ ਦੀ ਮੌਤ ਲਈ ਰੱਸਾ ਵੱਟਣ ਵਾਲੇ ਹਰ ਸਰਕਾਰੀ ਵਿੱਚ ਭਾਈਵਾਲ ਬਣ ਬੈਠਦੇ ਹਨ। ਅਜਿਹੀ ਦੁਰਦਸ਼ਾ ਕਾਰਨ ਮਰੇ ਕਿਸਾਨ ਲਈ ਸਰਕਾਰ ਗਰਾਂਟ ਤਾਂ ਦਿੰਦੀ ਹੈ ਜੋ ਕਿ ਹੋਰਨਾ ਨੂੰ ਵੀ ਮਰਨ ਲਈ ਉਤਸ਼ਾਹਿਤ ਕਰਦੀ ਹੈ, ਪਰ ਕਿਸਾਨ ਦੇ ਮਸਲੇ ਹੱਲ ਕਰਨ ਲਈ ਕੋਈ ਠੋਸ ਨੀਤੀ ਜਾਂ ਪਾਲਿਸੀ ਫਿਰ ਵੀ ਨਹੀਂ ਬਣਾਈ ਜਾਂਦੀ।

ਕਿਸਾਨਾਂ ਨੂੰ ਵੀ ਥੋੜ੍ਹਾ ‘‘ਆਪਨੜੇ ਗਿਰੀਵਾਨ ਮਹਿ, ਸਿਰੁ ਨਂੀਵਾਂ ਕਰਿ ਦੇਖੁ ॥’’ (ਬਾਬਾ ਫਰੀਦ/੧੩੭੮) ਵਚਨਾਂ ਨੂੰ ਕਮਾਉਣ ਦੀ ਜ਼ਰੂਰਤ ਹੈ। ਜਿੰਨਾ ਪੰਜਾਬ ਦਾ ਕੁੱਲ ਵਾਹੀ ਯੋਗ ਰਕਬਾ ਹੈ, ਉਸ ਲਈ ਸਿਰਫ਼ 80,000 ਟਰੈਕਟਰ ਚਾਹੀਦੇ ਹਨ, ਪਰ ਅੱਜ ਤਕ 5 ਲੱਖ ਟਰੈਕਟਰਾਂ ਦਾ ਕਰਜ਼ਾ ਕੇਵਲ ਬੈਂਕਾਂ ਨੇ ਹੀ ਕਿਸਾਨਾਂ ਪਾਸੋਂ ਲੈਣਾ ਹੈ। ਮੋਗੇ ਸ਼ਹਿਰ ਵਿਚ ਲੱਗਣ ਵਾਲਾ ਨਵੇਂ ਖ਼ਰੀਦੇ ਗਏ ਟਰੈਕਟਰਾਂ ਦਾ ਮੇਲਾ (ਬਜ਼ਾਰ) ਇਹ ਦੱਸਦਾ ਹੈ ਕਿ ਨਵੇਂ ਟਰੈਕਟਰ ਵੇਚ ਕੇ ਇਨ੍ਹਾਂ ਪੈਸਿਆਂ ਦੀ ਵਰਤੋਂ ਕਿਸੇ ਧੀ ਦੇ ਵਿਆਹ ’ਤੇ ਜਾਂ ਨਵੀਂ ਕੋਠੀ ਬਣਾਉਣ ਲਈ ਕੀਤੀ ਜਾਣੀ ਹੈ। ਵਿਆਹ ’ਚ ਮਿਲਦੇ ਦਾਜ ਦੇ ਲਾਲਚ ਨਾਲ ਵੀ ਸਾਡੀ ਮਰਨ ਦਰ ਵਿਚ ਵਾਧਾ ਹੋਇਆ ਹੈ। ਗੱਡੀ ਨਾ ਦੇ ਸਕਣ ਵਾਲੇ ਮਾਪਿਆਂ ਦੀ ਧੀ ਕਿੰਨੀ ਔਖੀ ਵਸਦੀ ਹੈ, ਰੋਜ਼ ਖ਼ਬਰਾਂ ਦੱਸਦੀਆਂ ਹਨ ਅਤੇ ਨਵੀਂ ਗੱਡੀ ਲੈ ਕੇ ਆਈ ਧੀ ਕਿੰਨੀ ਔਖੀ ਵਸਦੀ ਹੈ, ਇਹ ਵੀ ਖਬਰਾਂ ਦੱਸਦੀਆਂ ਹਨ।

ਕਿਸਾਨ ਦੇ ਪੁੱਤਰ ਨੂੰ ਅੰਗਰੇਜ਼ੀ ਦੇ ਤਿੰਨ M ਲੈ ਬੈਠੇ ਹਨ: (1). ਮੋਬਾਇਲ (2). ਮੋਟਰ-ਸਾਇਕਲ (ਜਾਂ ਕਾਰ, ਗੱਡੀ) ਅਤੇ (3). ਮਿਊਜ਼ਿਕ (ਗੰਦੇ ਗੀਤ)। ਅੱਜ ਦਾ ਜਵਾਨ ਇਨ੍ਹਾਂ ਤਿੰਨੇ ਚੀਜ਼ਾਂ ਵਿਚ ਐਨਾ ਗ਼ਲਤਾਨ ਹੋ ਚੁੱਕਾ ਹੈ ਕਿ ਖੇਤੀ ਕਰਨੀ ਤਾ ਦੂਰ, ਮਾਤਾ-ਪਿਤਾ ਨੂੰ ਸਹਿਯੋਗ ਵੀ ਨਹੀਂ ਕਰਦਾ। ਅੱਜ ਜਿੰਨੇ ਮੋਟਰ-ਸਾਇਕਲ ਜਾਂ ਕਾਰਾਂ ਪੰਜਾਬ ਵਿਚ ਘੁੰਮਦੀਆਂ ਹਨ, ਓਨੇ ਹੀ ਐਕਸੀਡੈਂਟ ਵਧ ਗਏ ਹਨ, ਜੋ ਰਾਹ ਜਾਂਦੇ ਨਿਰਦੋਸ਼ਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ।

ਦੇਖਾ ਦੇਖੀ ਕਾਰਨ ਕੀਤੇ ਗਏ ਬੇਲੋੜੇ ਖ਼ਰਚਿਆਂ ਨੇ ਬਿਨਾਂ ਬੁਲਾਈ ਆਰਥਿਕ ਮੁਸੀਬਤ ਘਰ ਲੈ ਆਂਦੀ ਹੈ। ਦੇਖਾ ਦੇਖੀ ਆਪਣਾ ਰੁਤਬਾ ਉੱਚਾ ਚੁੱਕਣਾ, ਸ਼ਰੀਕੇ ਬਾਜ਼ੀ, ਮਹਿੰਗੇ ਵਿਆਹ, ਨਸ਼ਿਆਂ ਦੀ ਦੌੜ੍ਹ, ਮਹਿੰਗੀਆਂ ਗੱਡੀਆਂ, ਗ਼ਲਤ ਏਜੰਟਾਂ ਦੇ ਧੱਕੇ ਚੜ੍ਹ ਕੇ ਵਿਦੇਸ਼ਾਂ ਦੇ ਨਾਂ ’ਤੇ ਹੋ ਰਹੀ ਲੁੱਟ, ਸਾਨੂੰ ਦਿਨ-ਬ-ਦਿਨ ਢਹਿੰਦੀਆਂ ਕਲਾਂ ਵੱਲ ਲੈ ਜਾ ਰਹੀ ਹੈ । ਇਸ ਦੇਖਾ-ਦੇਖੀ ਨੇ ਜਿੱਥੇ ਬਜ਼ੁਰਗਾਂ ਦਾ ਸਤਿਕਾਰ ਘਟਾ ਦਿੱਤਾ ਉੱਥੇ ਸਮਾਜਿਕ ਡਰ ਨਾ ਹੋਣ ਕਾਰਨ ਮਾਤਾ-ਪਿਤਾ ਲਈ ਉਸ ਦਾ ਪੁੱਤਰ ਹੀ ਸਿਰਦਰਦ ਬਣ ਗਿਆ ਹੈ। ਪੰਜਾਬ ਦੇ ਬਿਰਧ ਆਸ਼ਰਮ, ਜੋ ਭਾਰਤ ’ਚ ਸਭ ਤੋਂ ਵਧ ਹਨ, ਅਜਿਹੀਆਂ ਕੁਰੀਤੀਆਂ ਦੀ ਇੱਕ ਭੱਦੀ ਮਿਸਾਲ ਹਨ।

ਸਾਡਾ ਸਮਾਜਿਕ ਅਤੇ ਆਰਥਿਕ ਤਾਣਾ-ਬਾਣਾ ਐਸਾ ਉਲਝ ਗਿਆ ਹੈ ਕਿ ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਤੇ ਕਾਰੋਬਾਰ ਦਾ ਆਧਾਰ ਲਾਲਚ (ਬੇਈਮਾਨੀ) ਹੀ ਰਹਿ ਗਿਆ ਹੈ । ਆਪਸੀ ਧੜੇ-ਬੰਦੀਆਂ, ਇਕ ਦੂਜੇ ਤੋਂ ਅੱਗੇ ਲੰਘਣ ਦੀ ਹੋੜ ਨੇ ਸੰਸਾਰ ਨੂੰ ਇਕ ਤੀਸਰੇ ਉਜਾੜੇ ਦੇ ਰਾਹ ਵੱਲ ਪਾ ਦਿੱਤਾ ਹੈ, ਉਹ ਹੈ ‘ਹਥਿਆਰਾਂ ਦੀ ਦੌੜ’ । ਅੱਜ ਛੋਟੇ-ਛੋਟੇ ਕਿਸਾਨ ਵੀ ਆਪਣੇ ਘਰ ਲੱਖ, ਸਵਾ ਲੱਖ ਦਾ ਰਿਵਾਲਵਰ ਜਾਂ ਬੰਦੂਕ ਰੱਖਦੇ ਵੇਖੇ ਗਏ ਹਨ। ਇੱਕ ਗੱਲ ਪੱਕੀ ਹੈ ਕਿ ਇਨ੍ਹਾਂ ਹਥਿਆਰਾਂ ਵਿੱਚੋਂ ਸਿਰਫ਼ ਹੰਕਾਰ ਤੇ ਦੁਸ਼ਮਣੀ ਦੀ ਗੋਲੀ ਹੀ ਨਿਕਲਣੀ ਹੈ, ਫੁੱਲਾਂ ਦੀ ਵਰਖਾ ਤਾਂ ਹੋਣੋ ਰਹੀ। ਕਿਉਂ ਅਸੀਂ ਦੁਸ਼ਮਣੀਆਂ ਵਧਾ ਰਹੇ ਹਾਂ  ? ਅਜਿਹੇ ਫੁਕਰੇ ਕਿਰਦਾਰਾਂ ਨੂੰ ਰਾਜਨੀਤਿਕ ਲੀਡਰਾਂ ਦੀ ਸ਼ਹਿ ਘਰ ਉਜਾੜਨ ਦੇ ਔਝੜੇ ਰਾਹਾਂ ਦਾ ਪਾਂਧੀ ਬਣਾ ਰਹੀ ਹੈ। ਅੱਜ ਦੀਆਂ ਗੈਂਗਵਾਰਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਵੀ ਦਾਅ ’ਤੇ ਲਗਾ ਦਿੱਤੀ ਹੋਈ ਹੈ।

ਅਜਿਹੀ ਅਧੋਗਤੀ ਦਾ ਮੂਲ ਕਾਰਨ ਹੈ, ‘ਗੁਰੂ ਨਾਨਕ ਸਾਹਿਬ ਦੇ ਦਰਸਾਏ ਰਾਹ ਤੋਂ ਬੇਮੁੱਖ ਹੋਣਾ’। ਗੁਰੂ ਜੀ ਨੇ ਸਾਨੂੰ ਕਿਰਤ ਕਰਨੀ, ਨਾਮ ਜਪਣਾ ਤੇ ਵੰਡ-ਛਕਣ, ਵਾਲੀ ਅਤਿ ਸੁਖਾਲੀ ਰਹਿਣੀ ਬਖ਼ਸ਼ੀ ਸੀ। ਸਮੁੱਚੀ ਲੁਕਾਈ ਲਈ ਬਾਬਾ ਜੀ ਨੇ ਹਰ ਮਨੁੱਖ ਦੇ ਕਿਤੇ ਨੂੰ ਅਧਾਰ ਬਣਾ ਕੇ ਨਸੀਹਤ ਦੇਣ ਦਾ ਯਤਨ ਕੀਤਾ ਹੈ ਤਾਂ ਜੋ ਸਿੱਖਿਆ ਨੂੰ ਆਸਾਨੀ ਨਾਲ ਸਮਝਿਆ ਜਾ ਸਕੇ। ਇਸੇ ਫ਼ਾਰਮੂਲੇ ਮੁਤਾਬਕ ਕਿਸਾਨ ਲਈ ਬਚਨ ਉਚਾਰੇ, ਕਿ ਆਪਣੇ ਮਨ ਨੂੰ (ਅਨੁਸ਼ਾਸਨ ’ਚ ਚੱਲਣ ਵਾਲਾ) ਕਿਸਾਨ ਬਣਾ, ਉੱਚੇ ਆਚਰਣ ਨੂੰ ਖੇਤੀ (ਫਲ਼), ਮਿਹਨਤ ਦਾ ਪਾਣੀ ਦੇਹ ਤੇ ਸਰੀਰ ਨੂੰ ਬੀ ਬੀਜਣ ਲਈ ਖੇਤ ਬਣਾ, ਜਿੱਥੇ ਨਾਮ (ਰੱਬੀ ਯਾਦ) ਦਾ ਬੀ ਬੀਜ, ਸਬਰ ਸੰਤੋਖ ਰੂਪ ਸੁਹਾਗਾ ਫੇਰ ਭਾਵ ਜੋ ਨਾਮ ਬੀਜਿਆ ਹੈ ਉਸ ਦੀ ਸੰਭਾਲ ਕਰ ਤੇ ਸਾਦਗੀ ਵਾਲਾ ਜੀਵਨ ਬਤੀਤ ਕਰ, ‘‘ਮਨੁ ਹਾਲੀ, ਕਿਰਸਾਣੀ ਕਰਣੀ; ਸਰਮੁ ਪਾਣੀ, ਤਨੁ ਖੇਤੁ ॥ ਨਾਮੁ ਬੀਜੁ, ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ॥’’ (ਮ: ੧/੫੯੫) ਇਹ ਵਚਨ ਗੁਰੂ ਜੀ ਨੇ ਕਿਸਾਨ ਦੀ ਬੋਲੀ ਵਿੱਚ ਕਿਸਾਨ ਲਈ ਹੀ ਕਹੇ ਹਨ, ਪਰ ਕੀ ਅਸੀਂ ‘‘ਆਪਨੜੇ ਗਿਰੀਵਾਨ ਮਹਿ, ਸਿਰੁ ਨਂੀਵਾਂ ਕਰਿ ਦੇਖੁ॥’’ ਵਾਲੇ ਜੀਵਨ ਬਣਾਏ ਹਨ ?

ਜਦ ਨਿਰਮਲ ਪਾਣੀ ਆਪਣੇ ਅਸਲੇ ਨਾਲੋਂ ਟੁੱਟ ਜਾਵੇ ਤਾਂ ਉਹ ਸੜਾਂਦ ਮਾਰਨ ਲੱਗ ਜਾਂਦਾ ਹੈ। ਨਦੀ ਦਾ ਨਿਰਮਲ ਜਲ ਵੀ ਛੱਪੜੀ ਬਣ ਜਾਂਦਾ ਹੈ। ਛੱਪੜ ਵਿੱਚ ਹਮੇਸ਼ਾਂ ਡੱਡਾਂ ਮਿਲਦੀਆਂ ਹਨ, ਹੀਰੇ ਮੋਤੀ ਨਹੀਂ, ਜੋ ਕਿ ਬਗਲਿਆਂ ਦੀ ਖ਼ੁਰਾਕ ਹਨ, ਹੰਸਾਂ ਦੀ ਨਹੀਂ; ਗੁਰੂ ਜੀ ਨੇ ਮਨੁੱਖ ਨੂੰ ਹੰਸ ਬਿਰਤੀ ਦਾ ਮਾਲਕ ਬਣਾਇਆ ਹੈ। ਬਗਲੇ ਤੇ ਹੰਸ ਦੀ ਸਰੀਰਕ ਪਹਿਚਾਣ ਕਰਨੀ ਮੁਸ਼ਕਲ ਹੁੰਦੀ ਹੈ ਕੇਵਲ ਉਨ੍ਹਾਂ ਦੀ ਖੁਰਾਕ ਹੀ ਉਨ੍ਹਾਂ ਨੂੰ ਪਹਿਚਾਨਣ ਵਿੱਚ ਮਦਦਗਾਰ ਹੁੰਦੀ ਹੈ। ਬਗਲਿਆਂ ਨੂੰ ਡੱਡਾਂ ਚਾਹੀਦੀਆਂ ਹਨ, ਜੋ ਹੰਸਾਂ ਦੀ ਖ਼ੁਰਾਕ ਨਹੀਂ ਹੁੰਦੀ ਤੇ ਇਨ੍ਹਾਂ (ਹੰਸਾਂ) ਦੀ ਖ਼ੁਰਾਕ (ਛੱਪੜ ’ਚ ਨਹੀਂ ਬਲਕਿ) ਸਰੋਵਰ ਵਿੱਚ ਹੈ, ‘‘ਸਰਵਰ ਅੰਦਰਿ ਹੀਰਾ ਮੋਤੀ; ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ, ਨ ਰਹਈ ਸਰਵਰਿ; ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ; ਓਨ੍ਾ ਹੋਰੋ ਖਾਣਾ ॥’’ (ਮ: ੧/੯੫੬)

ਅਤਿ ਕਠਿਨਾਈ ਸਹਿਨ ਕਰਦਿਆਂ ਗੁਰੂ ਸਾਹਿਬਾਨਾਂ ਨੇ ਮਾਨਵਤਾ ਲਈ ਰਚੇ ਇਨ੍ਹਾਂ ਬਹੁ ਕੀਮਤੀ ਵਚਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਭੁਲਾ ਚੁੱਕੇ ਹਾਂ। ਪਦਾਰਥਾਂ ਪਿੱਛੇ ਅੰਨ੍ਹੀ ਦੌੜ ਸਾਨੂੰ ਅਸੰਤੁਸ਼ਟੀ ਵੱਲ ਧਕੇਲ ਰਹੀ ਹੈ, ਜੋ ਆਤਮ-ਹੱਤਿਆ ਦਾ ਕਾਰਨ ਬਣਦੀ ਹੈ। ਦੁਨਿਆਂ ਦੇ ਕਿਸੇ ਵੀ ਖਿੱਤੇ ਵਿਚ ਬਿਪਤਾ ਵੇਲੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਸਿੱਖਾਂ ਦਾ ਖ਼ੁਦਕੁਸ਼ੀਆਂ ਦੇ ਰਾਹ ਪੈਣਾ, ਸਾਡੇ ਅੰਦਰੋਂ ਗੁਰੂ, ਗੁਰੂ ਪਿਆਰ ਅਤੇ ਸਿੱਖੀ ਸਿਧਾਂਤ ਨੂੰ ਮਨਫ਼ੀ ਹੋਇਆ ਬਿਆਨ ਕਰਦਾ ਹੈ।

ਅਜਿਹਾ ਵੀ ਨਹੀਂ ਕਿ ਅਸੀਂ ਗੁਰੂ ਦਾ ਆਸਰਾ ਭਾਵ ਦਰ ਨਹੀਂ ਲੈਂਦੇ। ਸਾਡੇ ਜੰਮਣ ਤੋਂ ਮਰਨ ਤੱਕ ਦੇ ਸਾਰੇ ਕਾਰਜ ਗੁਰੂ ਘਰਾਂ ਵਿੱਚ ਹੀ ਹੁੰਦੇ ਹਨ। ਸਾਡੇ ਖ਼ੁਸ਼ੀ ਗਮੀ ਦੇ ਹਰ ਤਿਉਹਾਰ ਵਿੱਚ ਵੀ ਗੁਰੂ ਆਸਰਾ ਲਿਆ ਜਾਂਦਾ ਹੈ ਪਰ ਇਹ ਸਭ ਕੁਝ ਆਪਣੇ ਜੀਵਨ ਨੂੰ ਉੱਚਾ ਚੁੱਕਣ ਲਈ ਨਹੀਂ ਬਲਕਿ ਲੋਕ ਵਿਖਾਵੇ ਲਈ ਇਹ ਰਸਮਾਂ ਕਰਨੀਆਂ ਜ਼ਰੂਰੀ ਬਣ ਗਈਆਂ ਹਨ ਤਾਂ ਜੋ ਲੋਕਾਂ ਨੂੰ ਇਕੱਠਾ ਕਰ ਕੇ ਆਪਣੀ ਹਉਮੈ ਦੀ ਪ੍ਰਦਰਸ਼ਨੀ ਲਗਾਈ ਜਾ ਸਕੇ। ਜਦ ਸਾਡਾ ਅੰਦਰਲਾ ਹੀ, ਗੁਰੂ ਉਪਦੇਸ਼ ਕਮਾਉਣ ਲਈ ਤਿਆਰ ਨਾ ਹੋਵੇ ਤਾਂ ਪਾਠੀ, ਗਰੰਥੀ, ਧਰਮ ਦੇ ਠੇਕੇਦਾਰਾਂ, ਆਦਿ ਨੂੰ ਕੀ ਪਈ ਹੈ ਕਿ ਸਾਡੇ ਨਾਲ ਮਗ਼ਜ਼ ਖਪਾਈ ਕਰਨ। ਇਨ੍ਹਾਂ ਵਿੱਚੋਂ ਬਹੁਤਿਆਂ ਲਈ ਧਰਮ ਪ੍ਰਚਾਰ ਕਰਨਾ ਇੱਕ ਆਰਥਿਕ ਮਜ਼ਬੂਰੀ ਹੈ। ਨੌਕਰੀ ਮਿਲਦੀ ਨਹੀਂ, ਪੜ੍ਹਾਈ ਮਹਿੰਗੀ ਹੈ ਤੇ ਕਿਰਤ ਕਰਨੀ ਔਖੀ ਹੈ, ਇਸ ਲਈ ਆਸਾਨ ਸਾਧਨ ਹੈ ਧਰਮ ਨੂੰ ਆਪਣੀ ਆਰਥਿਕਤਾ ਨਾਲ ਜੋੜ ਦਿਓ। ਨਾ ਟੈਕਸ ਭਰਨਾ, ਨਾ ਕਿਸੇ ਨੂੰ ਹਿਸਾਬ ਦੇਣਾ। ਡੇਰਿਆਂ ਵਿੱਚ ਅਣਗਿਣਤ ਗੁਰਮਤਿ ਵਿਰੋਧੀ ਕਾਰਜ ਹੁੰਦੇ ਹਨ, ਜੋ ਰੋਜ਼ਾਨਾ ਵੇਖਣ ਸੁਣਨ ਨੂੰ ਮਿਲਦੇ ਹਨ, ਪਰ ਆਰਥਿਕ ਤੰਗੀ ਕਾਰਨ ਆਤਮ ਹੱਤਿਆਂ ਕਰਨ ਵਾਲੇ ਮਨੁੱਖ ਪਾਸੋਂ ਕੀ ਉਮੀਦ ਰੱਖੀ ਜਾ ਸਕਦੀ ਹੈ ਕਿ ਉਹ ਅਜਿਹੀਆਂ ਬੁਰਿਆਈਆਂ ਨਾਲ ਲੜਨ ਲਈ ਸ਼ਕਤੀ ਇਕੱਤਰ ਕਰ ਸਕਦਾ ਹੈ, ਜੋ ਖ਼ੁਦ ਆਪਣੀ ਸਮਾਜਿਕ ਜ਼ਿੰਦਗੀ ਤੋਂ ਹੀ ਨਿਰਾਸ਼ ਹੋ ਚੁੱਕਾ ਹੈ।

ਮਨੁੱਖ; ਸਿੱਖੀ, ਸਿੱਦਕ, ਗੁਰੂ ਭਰੋਸੇ ਨੂੰ ਛੱਡ ਕੇ ਇਨ੍ਹਾਂ ਡੇਰੇਦਾਰਾਂ, ਸਾਧਾਂ ਦੇ ਪਿੱਛੇ ਲੱਗ ਕੇ ਆਪਣਾ ਅੰਦਰੂਨੀ ਬਲ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਜੋ ਜੀਵਨ ਕੁਝ ਸੁਖਾਲਾ ਹੋ ਸਕੇ, ਪਰ ਕਿੰਨਾ ਸੁਖਾਲਾ ਹੋਇਆ ਹੈ ਇਸ ਦਾ ਜਵਾਬ ਸਾਨੂੰ ਆਏ ਦਿਨ ਹੋ ਰਹੀਆਂ ਖ਼ੁਦਕੁਸ਼ੀਆਂ ਰਾਹੀਂ ਮਿਲ ਰਿਹਾ ਹੈ। ਫ਼ਸਲਾਂ ਪੱਕਣ ਤੋਂ ਪਹਿਲਾਂ ਹੀ ਸਾਡੇ ਘਰਾਂ ਵਿਚ ਖ਼ਾਲੀ ਬੋਰੀਆਂ ਸੁੱਟ ਜਾਣ ਵਾਲੇ ਅਖੌਤੀ ਸੇਵਾਦਾਰਾਂ ਨੂੰ ਇਸ ਗੱਲ ਨਾਲ ਕੋਈ ਸਰੋਕਾਰ ਨਹੀਂ ਕਿ ਸਾਡੇ ਭਰਾ ਕਿਉਂ ਖ਼ੁਦਕੁਸ਼ੀਆਂ ਕਰਨ ਲਈ ਮਜ਼ਬੂਰ ਹਨ। ਕਿਸੇ ਡੇਰੇ ਨੇ ਪਿੰਡਾਂ ’ਚ ਜਾ ਕੇ ਕਿਸਾਨਾਂ ਦਾ ਮਨੋਬਲ ਉੱਚਾ ਚੁੱਕਣ ਲਈ, ਉਨ੍ਹਾਂ ਨੂੰ ਖ਼ਰਚੇ ਘਟਾਉਣ ਲਈ, ਕਰਜ਼ਿਆਂ ਤੋਂ ਬਚਣ ਲਈ ਗੁਰਮਤਿ ਅਨੁਸਾਰੀ ਪ੍ਰੇਰਨਾ ਨਹੀਂ ਦਿੱਤੀ, ਜਿਸ ਦੀ ਅਤਿਅੰਤ ਜ਼ਰੂਰਤ ਸੀ। ਇਸ ਪ੍ਰਭਾਵਸ਼ਾਲੀ ਤੇ ਹਾਂ ਪੱਖੀ ਸਿੱਖਿਆ ਨੇ ਸਮਾਜ ਨੂੰ ਚੰਗੇ ਨਤੀਜੇ ਕੱਢ ਕੇ ਦੇਣੇ ਸਨ, ਪਰ ਅਜਿਹਾ ਕਰਨ ਲਈ ਕੇਵਲ ਬਾਹਰੀ ਪਹਿਰਾਵਾ ਨਹੀਂ ਬਲਕਿ ਪਹਿਲਾਂ ਆਪਣਾ ਕਿਰਦਾਰ ਵੀ ਉੱਚਾ ਚਾਹੀਏ, ਗੁਰੂ ਵਚਨ ਹਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥’’ (ਮ: ੫/੩੮੧) ਸ਼ਾਇਦ ਇਹ ਘਾਟ ਵੀ ਸਾਡੇ ਜੀਵਨ ਵਿੱਚ ਮੌਜੂਦ ਹੈ।

ਸਰਕਾਰਾਂ, ਯੂਨੀਵਰਸਟੀਆਂ; ਕਿਸਾਨਾਂ ਨੂੰ ਕਣਕ, ਚਾਵਲ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਵੱਡੇ-ਵੱਡੇ ਪ੍ਰੋਗਰਾਮ ਉਲੀਕਦੀਆਂ ਤੇ ਪ੍ਰਚਾਰਦੀਆਂ ਹਨ, ਪਰ ਜੋ ਕਿਸਾਨ; ਦਾਲਾਂ, ਸੂਰਜਮੁਖੀ, ਜਵੈਨ, ਆਲੂ, ਮਟਰਾਂ, ਆਦਿ ਦੀ ਖੇਤੀ ਕਰਦਾ ਹੈ, ਉਹਨਾਂ ਨੂੰ ਫ਼ਸਲ ਦਾ ਉਚਿਤ ਭਾਅ ਨਹੀਂ ਮਿਲਦਾ । ਬਾਜ਼ਾਰ ਵਿਚ 100-150 ਰੁਪਏ ਕਿੱਲੋ ਵਿੱਕਣ ਵਾਲੀਆਂ ਦਾਲਾਂ, ਕਿਸਾਨਾਂ ਪਾਸੋਂ 25 ਜਾਂ 26 ਰੁ: ਕਿੱਲੋਂ ਖਰੀਦੀਆਂ ਜਾਂਦੀਆਂ ਹਨ । ਪਿੱਛਲੇ ਸਾਲ ਆਲੂ ਤੇ ਮਟਰਾਂ ਦੇ ਖ਼ਰਚੇ ਵੀ ਪੂਰੇ ਨਾ ਹੁੰਦੇ ਦੇਖ ਕੇ ਕਿਸਾਨਾਂ ਨੇ ਫ਼ਸਲ ਖੇਤਾਂ ਵਿੱਚ ਹੀ ਵਾਹ ਦਿੱਤੀ ਸੀ।

ਉਕਤ ਕੀਤੀ ਗਈ ਸੰਖੇਪ ਵਿਚਾਰ-ਚਰਚਾ ਉਪਰੰਤ ਸਾਹਮਣੇ ਆਉਂਦਾ ਹੈ ਕਿ ਕਿਸਾਨ ਨੂੰ ਖ਼ੁਦਕੁਸ਼ੀਆਂ ਲਈ ਮਜ਼ਬੂਰ ਕਰਨ ਵਾਸਤੇ ਕੋਈ ਇੱਕ ਕਾਰਨ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਸਰਕਾਰ ਵੱਲੋਂ ਫ਼ਸਲਾਂ ਦਾ ਵਾਜਬ ਰੇਟ ਨਾ ਮਿਲਣਾ, ਧਰਮ ਤੋਂ ਮੁਨਕਰ ਹੋਣਾ, ਡੇਰੇਦਾਰਾਂ ਦੀ ਲੁੱਟ, ਨਸ਼ਿਆਂ ਦਾ ਬੋਲਬਾਲਾ, ਵਿਦੇਸ਼ ਜਾਣ ਦੀ ਲਾਲਸਾ, ਬੇਲੋੜਾ ਵਿਖਾਵਾ (ਮਹਿੰਗੇ ਹਥਿਆਰ, ਕਾਰਾਂ-ਗੱਡੀਆਂ, ਮੋਬਾਇਲ, ਆਦਿ), ਕਰਜ਼ਿਆਂ ਦੀ ਅਯੋਗ ਵਰਤੋਂ, ਪ੍ਰਵਾਸੀ ਮਜ਼ਦੂਰਾਂ ’ਤੇ ਨਿਰਭਰ ਹੋਣਾ, ਆਪਣੇ ਬੱਚਿਆਂ ਨੂੰ ਖੇਤੀਬਾੜੀ ਕਿੱਤੇ ਤੋਂ ਦੂਰ ਰੱਖਣਾ, ਆਦਿਕ (ਚੜ੍ਹਦੀਕਲਾ ਦੀ ਬਜਾਇ) ਢਹਿੰਦੀ ਕਲਾ ਵੱਲ ਲੈ ਜਾਣ ਵਾਲੀਆਂ ਸਕੀਮਾਂ ਹਨ, ਜੋ ਅਸੀਂ ਆਪ ਹੀ ਸਹੇੜੀਆਂ ਹਨ ਭਾਵ ਸਾਡੀਆਂ ਕਮਜ਼ੋਰੀਆਂ ਤੇ ਗ਼ਲਤੀਆਂ ਹਨ । ਇਹਨਾਂ ’ਚ ਸੁਧਾਰ ਕਰ ਕੇ ਹੀ ਅਸੀਂ ਚੜ੍ਹਦੀਕਲਾ ਵਾਲਾ ਜੀਵਨ ਬਤੀਤ ਕਰ ਸਕਦੇ ਹਾਂ । ਬੱਚਿਆਂ ਨੂੰ ਵਿੱਦਿਅਕ ਪੜ੍ਹਾਈ, ਖੇਤੀ (ਕਿੱਤੇ) ਨਾਲ ਜੁੜੇ ਵਿਸ਼ਿਆਂ ’ਚ ਕਰਾ ਕੇ ਵਧੇਰੇ ਲਾਹਾ ਲਿਆ ਜਾ ਸਕਦਾ ਹੈ। ਆਪਸੀ ਏਕਤਾ, ਸਹਿਕਾਰੀ ਗਰੁੱਪ ਬਣਾ ਕੇ ਇੱਕ ਦੂਜੇ ਦੀਆਂ ਬਾਹਵਾਂ (ਸਹਾਰਾ) ਬਣ ਸਕਦੇ ਹਾਂ। ਪੁਰਾਤਨ ਖੇਤੀ ਦਾ ਢੰਗ ‘ਮੰਗ ਪਾਉਣੀ’ ਭਾਵ ਖੇਤੀ ’ਚ ਇਕ ਦੂਜੇ ਦਾ ਹੱਥ ਵਟਾਉਣਾ ਸਾਨੂੰ ਫਿਰ ਤੋਂ ਅਪਣਾਉਣਾ ਪਵੇਗਾ, ਜੋ ਸਾਡੀ ਵਿਰਾਸਤ ਹੈ।

ਸਰਕਾਰਾਂ ਵਿੱਚ ਬੈਠੇ ਨੇਤਾਵਾਂ ਦਾ ਪਿਛੋਕੜ ਵੀ ਕਿਰਸਾਨੀ ਹੀ ਹੈ। ਜੇ ਉਹ ਇਮਾਨਦਾਰੀ ਨਾਲ ਕਿਸਾਨਾਂ ਦਾ ਦੁੱਖ ਵੰਡਣ ਤਾਂ ਕਿਸਾਨਾਂ ਨੂੰ (ਰਿਆਇਤਾਂ ਦੇ ਕੇ) ਮੰਗਤਾ ਨਾ ਬਣਾਉਣ ਬਲਕਿ ਉਨ੍ਹਾਂ ਲਈ ਰੋਜ਼ਗਾਰ ਦੇ ਸਾਧਨ ਪੈਦਾ ਕਰਨ। ਕਿਸਾਨਾਂ ਨੂੰ ਸਮਾਜਿਕ ਦਾਤਾ ਬਣਾਉਣ ਵਾਲੀਆਂ ਨੀਤੀਆਂ ਅਮਲ ਵਿੱਚ ਲਿਆਉਣ । ਕਿਸਾਨ ਦੇ ਵਧੇ ਖਰਚਿਆਂ ਨੂੰ ਧਿਆਨ ’ਚ ਰੱਖ ਕੇ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁੱਲ ਮਿਲੇ।

ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਜੇ ਆਪਣੇ ਮਨਾਂ ’ਤੇ ਦੁੱਖ ਭਾਰੂ ਵੀ ਹੋ ਜਾਏ ਤਾਂ ਉਸ ਨੂੰ ਸਤਿਗੁਰ ਜੀ ਦੇ ਚਰਨਾਂ ਦੀ ਓਟ (ਆਸਰਾ) ਲੈ ਕੇ ਉਸ ਵਿੱਚੋਂ ਬਾਹਰ ਨਿਕਲਣ ਦਾ ਯਤਨ ਕਰਨ, ਨਾ ਕਿ ਮੌਤ ਵਾਲੇ ਰਸਤੇ ਨੂੰ ਤਰਜੀਹ ਦੇਣ । ਇਹ ਮਨੁੱਖਾ ਦੇਹੀ ਵਾਰ-ਵਾਰ ਪ੍ਰਾਪਤ ਨਹੀਂ ਹੁੰਦੀ। ਇਸ ਮਨੁੱਖਾ ਸਰੀਰ ਨੂੰ ਹਾਸਲ ਕਰਨ ਲਈ ਦੇਵਤੇ ਵੀ ਤਰਸਦੇ ਹਨ ‘‘ਗੁਰ ਸੇਵਾ ਤੇ ਭਗਤਿ ਕਮਾਈ ॥ ਤਬ ਇਹ ਮਾਨਸ ਦੇਹੀ ਪਾਈ ॥ ਇਸ ਦੇਹੀ ਕਉ; ਸਿਮਰਹਿ ਦੇਵ ॥ ਸੋ ਦੇਹੀ; ਭਜੁ ਹਰਿ ਕੀ ਸੇਵ ॥’’ (ਭਗਤ ਕਬੀਰ/੧੧੫੯)

ਅੰਤ ’ਚ ਸਤਿਗੁਰ ਜੀ ਦੇ ਚਰਨਾਂ ’ਚ ਅਰਦਾਸ (ਬੇਨਤੀ) ਹੈ ਕਿ ਉਹ ਸਾਡੇ ਨਿਰਬਲ ਹੋਏ ਜੀਵਨ ਨੂੰ ਸਹਾਰਾ ਦੇ ਕੇ ਚੜ੍ਹਦੀ ਕਲਾ ਬਖਸ਼ਣ ਤਾਂ ਜੋ ਅਸੀਂ ਨਿਰਾਸ਼ਤਾ ਜਾਂ ਢਹਿੰਦੀ ਕਲਾ ਵੱਲ ਜਾਣ ਤੋਂ ਬਚ ਸਕੀਏ।

‘‘ਜਗਤੁ ਜਲੰਦਾ ਰਖਿ ਲੈ; ਆਪਣੀ ਕਿਰਪਾ ਧਾਰਿ ॥

ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ ॥’’ (ਮ: ੩/੮੫੩)

ਸੋ, ਧਰਮ ਦੇ ਖੇਤਰ ਵਿਚ ਵਿਚਰ ਰਹੇ ਪ੍ਰਚਾਰਕ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਥਕ ਤਾਲਮੇਲ ਸੰਗਠਨ ਤੇ ਹੋਰ ਸਭ ਜ਼ਿੰਮੇਵਾਰ ਸੰਸਥਾਵਾਂ ਨੂੰ ਆਪਣਾ ਬਣਦਾ ਰੋਲ ਨਿਭਾਣਾ ਚਾਹੀਦਾ ਹੈ। ਪਿੰਡ-ਪਿੰਡ ਜਾ ਕੇ ਉਚੇਚੇ ਪ੍ਰੋਗਰਾਮ ਉਲੀਕ ਕੇ, ਗਰੁਪ ਬਣਾ ਕੇ, ਕਿਸਾਨ ਵੀਰਾਂ ਦਾ ਹੌਂਸਲਾ ਉੱਚਾ ਚੁੱਕਣ ’ਚ ਸਹਾਇਤਾ ਕਰਨੀ ਚਾਹੀਦੀ ਹੈ। ਕੀਰਤਨ ਕਥਾ ਪ੍ਰੋਗਰਾਮਾਂ ਵਿਚ ਇਨ੍ਹਾਂ ਸਮਾਜਿਕ ਵਿਸ਼ਿਆਂ ਨੂੰ ਵੀ ਗੰਭੀਰਤਾ ਨਾਲ ਵਿਚਾਰ ਕੇ ਕਿਸਾਨਾਂ ਦੇ ਡਿੱਗ ਰਹੇ ਮਨੋਬਲ ਨੂੰ ਕਾਇਮ ਕਰਨਾ ਜ਼ਰੂਰੀ ਹੈ।