‘ਅੰਮ੍ਰਿਤ’ ਦੀ ਮਨੁੱਖਾ ਜੂਨੀ ਲਈ ਮਹੱਤਤਾ
ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)
ਕੁਦਰਤਿ ਦੀ ਗੋਦ ’ਚ ਆ ਕੇ ਜਦੋਂ ਮਨੁੱਖ ਨੇ ਅੱਖ ਖੋਲ੍ਹੀ ਤਾਂ ਸੁਹੱਪਣ ਨੇ ਇਸ ਨੂੰ ਮੋਹਿਆ ਅਤੇ ‘‘ਹੁਕਮਿ ਰਜਾਈ ਚਲਣਾ.. ॥’’ (ਜਪੁ) ਨੂੰ ਭੁੱਲ ਕੇ ‘‘ਆਕੀ ਮਰਹਿ ਅਫਾਰੀ ॥’’ (ਮਹਲਾ ੧/੯੯੨) ਦੇ ਮਾਰਗ ’ਤੇ ਚੱਲ ਪਿਆ। ਹੁਕਮ ਤੋਂ ਬਾਗੀ ਹੋ ਗਿਆ ‘‘ਪਹਿਲਾ ਮਰਣੁ ਕਬੂਲਿ.. ॥’’ ਕਰ ਕੇ ਆਇਆ ਮਾਨਵ ‘‘ਮਰਣੁ ਮਨਹੁ ਵਿਸਾਰਿਆ ॥’’ (ਮਹਲਾ ੩/੯੧੯) ਹੋ ਗਿਆ। ਇਸ ਦਾ ਜੀਵਨ ‘‘ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥’’ (ਮਹਲਾ ੧/੧੨੫੪) ਵਾਲਾ ਹੋ ਗਿਆ। ਮਨੁੱਖ ਇਸੇ ਕੋਸ਼ਿਸ਼ ਵਿੱਚ ਲੱਗ ਗਿਆ ਕਿ ਮੈਂ ਦੁਨੀਆਂ ਤੋਂ ਨਾ ਜਾਵਾਂ, ਕਦੇ ਨਾ ਮਰਾਂ, ਜ਼ਿੰਦਗੀ ਅੰਦਰ ਮ੍ਰਿਤੂ ਜਾਂ ਮੌਤ ਇਸ ਨੂੰ ਸਭ ਤੋਂ ਵੱਡੀ ਦੁਸ਼ਮਣ ਜਾਪਣ ਲੱਗ ਪਈ। ਮ੍ਰਿਤੂ ਦੀ ਯਾਦ ਕਰਵਾਣ ਵਾਲੇ ਜਾਂ ਮ੍ਰਿਤੂ ਦੇ ਕਾਰਨ ਹਰ ਦੁੱਖ-ਦਰਦ, ਹਥਿਆਰ ਸਭ ਦੁਸ਼ਮਣ ਜਾਪਣ ਲੱਗੇ। ਜੀਵਨ ਇਸੇ ਖੋਜ ਵਿੱਚ ਲਗਾ ਦਿੱਤਾ ਕਿ ਕਿਸੇ ਵਸਤੂ ਦੀ ਭਾਲ ਕਰਾਂ ਜੋ ਮ੍ਰਿਤੂ ਤੋਂ ਮੇਰੀ ਰਾਖੀ ਕਰੇ, ਮੈਨੂੰ ਜੀਵਨ ਦੇਣ ਵਾਲੀ ਬਣ ਜਾਵੇ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਉਪਰਾਲੇ ਕੀਤੇ। ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਅਜਿਹੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲ੍ਹਿਆਂ ਦੀ ਉਸਾਰੀ। ਕਦੇ ਅਮਰ ਔਸ਼ਧੀਆਂ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਮੌਤ ਜਿੱਤਦੀ ਰਹੀ ਤੇ ਲੰਮੀ ਲੜਾਈ ਲੜਦਿਆਂ ਲੜਦਿਆਂ ਮਾਨਵੀ ਜ਼ਿੰਦਗੀ ਹਾਰਦੀ ਰਹੀ। ਇਹ ਲੜਾਈ ਅੱਜ ਵੀ ਜਾਰੀ ਹੈ। ਇਸ ਵਿੱਚੋਂ ਜੀਵਨ ਜਿਊਣ ਦੀ ਭਾਵਨਾ ਦੀ ਵਿਆਖਿਆ ਕਰਦਾ ਅਜੋਕੀ ਭਾਸ਼ਾ ਦਾ ‘ਅੰਮ੍ਰਿਤ’ ਸ਼ਬਦ ਪੁੰਗਰਿਆ। ਅੰਮ੍ਰਿਤ ਦਾ ਅਰਥ ‘ਅ’ ਅਗੇਤਰ ਹੋਣ ਕਰਕੇ ਮ੍ਰਿਤੂ ਨੂੰ ਨਾਹ ਵਾਚਕ ਸ਼ਬਦ ਵਿੱਚ ਬਦਲ ਦਿੰਦਾ ਹੈ ਭਾਵ ਜਿੱਥੇ ਮੌਤ ਨਹੀਂ ਹੈ, ਜਿੱਥੇ ਮ੍ਰਿਤੂ ਨਹੀਂ ਹੈ; ਇਸ ਦੀ ਹੋਂਦ ਦਾ ਪ੍ਰਗਟਾਵਾ ਮਹਾਂਭਾਰਤ, ਰਿਗ ਵੇਦ ਅਤੇ ਪੁਰਾਣਾ ਵਿੱਚ ਵੀ ਹੈ। ਕਈ ਤਰ੍ਹਾਂ ਦੀਆਂ ਕਹਾਣੀਆਂ ਵੀ ਜੋੜੀਆਂ ਗਈਆਂ। ਭਾਈ ਗੁਰਦਾਸ ਜੀ ਨੇ ਵਾਰ ਨੰਬਰ 26 ਦੀ ਪਉੜੀ ਨੰਬਰ 23 ਵਿੱਚ ਅੰਮ੍ਰਿਤ ਪ੍ਰਾਪਤੀ ਦਾ ਜ਼ਿਕਰ ਕੀਤਾ ਹੈ ‘‘ਖੀਰ ਸਮੁੰਦੁ ਵਿਰੋਲਿ ਕੈ; ਕਢਿ ਰਤਨ ਚਉਦਹ ਵੰਡਿ ਲੀਤੇ। ਮਣਿ ਲਖਮੀ ਪਾਰਜਾਤ ਸੰਖੁ; ਸਾਰੰਗ ਧਣਖੁ ਬਿਸਨੁ ਵਸਿ ਕੀਤੇ। ਕਾਮਧੇਣੁ ਤੇ ਅਪਛਰਾਂ; ਐਰਾਪਤਿ ਇੰਦ੍ਰਾਸਣਿ ਸੀਤੇ। ਕਾਲਕੂਟ ਤੇ ਅਰਧ ਚੰਦੁ; ਮਹਾਂਦੇਵ ਮਸਤਕਿ ਧਰਿ ਪੀਤੇ। ਘੋੜਾ ਮਿਲਿਆ ਸੂਰਜੈ; ਮਦੁ ਅੰਮਿਤ੍ਰੁ ਦੇਵ ਦਾਨਵ ਰੀਤੇ। ਕਰੇ ਧਨੰਤਰੁ ਵੈਦਗੀ; ਡਸਿਆ ਤੱਛਕਿ ਮਤਿ ਬਿਪਰੀਤੇ। ਗੁਰ ਉਪਦੇਸੁ ਅਮੋਲਕਾ; ਰਤਨ ਪਦਾਰਥ ਨਿਧਿ ਅਗਣੀਤੇ। ਸਤਿਗੁਰ ਸਿਖਾ, ਸਚੁ ਪਰੀਤੇ ॥੨੩॥’’ (ਭਾਈ ਗੁਰਦਾਸ ਜੀ/ ਵਾਰ ੨੬ ਪਉੜੀ ੨੩)
ਪੁਰਾਤਨ ਬੰਦਗੀ ਦਾ ਮਕਸਦ ਵੀ ਹਰਨਾਕਸ਼, ਰਾਵਣ ਜਾਂ ਦੇਵ ਦੈਂਤਾਂ ਆਦਿਕ ਬਾਰੇ ਪੜ੍ਹ ਕੇ ਇਹ ਹੀ ਸਮਝ ਆਉਂਦੀ ਹੈ ਕਿ ਹਰੇਕ ਦੀ ਚਾਹਨਾ ਸੀ ਕਿ ‘ਮੈਂ ਕਦੇ ਮਰਾਂ ਹੀ ਨਾ’ ਪਰ ਹਰ ਵਾਰੀ ਮੌਤ ਹਰ ਇੱਕ ਨੂੰ ਆਪਣੀ ਗੋਦ ਵਿੱਚ ਸਦਾ ਦੀ ਨੀਂਦ ਸੁਆ ਹੀ ਦੇਂਦੀ ਹੈ। ਧਾਰਮਿਕ ਦੁਨੀਆਂ ਵਿੱਚ ਆਪੋ ਆਪਣੇ ਅਕੀਦੇ ਅਨੁਸਾਰ (ਉਨ੍ਹਾਂ ਦੇ ਨਾਂ ਭਲੇ ਵੱਖੋ ਵੱਖਰੇ ਹਨ) ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਆਖੇ ਭਾਵੇਂ ਕੋਈ ਅੰਮ੍ਰਿਤ ਆਖਦਾ ਹੈ ਪਰ ਸਾਰਿਆਂ ਪਿੱਛੇ ਇੱਕੋ ਵਿਚਾਰ ਕੰਮ ਕਰਦੀ ਹੈ ਕਿ ਮੌਤ ਤੋਂ ਬਚਾਅ ਕਿਵੇਂ ਹੋਵੇ ?
ਗੁਰਮਤਿ ਦੀ ਰੌਸ਼ਨੀ ਅੰਦਰ ਜਿੱਥੇ ਹਰ ਅਸੂਲ ਰੱਬੀ ਰਜ਼ਾ ਨੂੰ ਮੁੱਖ ਰੱਖ ਕੇ ਘੜਿਆ ਗਿਆ ਹੋਵੇ, ਉੱਥੇ ਅੰਮ੍ਰਿਤ ਦੀ ਵਿਚਾਰਧਾਰਾ ਵੀ ਵਖਰੀ ਕਿਸਮ ਦੀ ਹੈ। ਜਦੋਂ ਸਿੱਖ ਅੰਮ੍ਰਿਤ ਦੀ ਦਾਤ ਲੈਣ ਲਈ ਗੁਰੂ ਚਰਨਾਂ ਵਿੱਚ ਪੁਜਦਾ ਹੈ ਤਾਂ ਇਸ ਨੂੰ ਪਹਿਲਾ ਵਾਕ ਹੀ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮਹਲਾ ੫/੧੧੦੨) ਦ੍ਰਿੜ੍ਹ ਕਰਵਾਇਆ ਜਾਂਦਾ ਹੈ ਭਾਵ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ (ਆਵਾਗਮਣ) ਮੁਕ ਜਾਏ, ਇਸ ਨੂੰ ਮੌਤ ਨਹੀਂ ਸਗੋਂ ਸਿੱਖੀ ਜਾਂ ਗੁਰਮਤਿ ਭਾਸ਼ਾ ਵਿੱਚ ‘ਨਿਜ ਘਰ’ ਜਾਣਾ ਕਿਹਾ ਗਿਆ ਹੈ। ਜੁਗਾਂ ਜੁਗਾਂ ਤੋਂ ਅੰਮ੍ਰਿਤ ਦੀ ਖੋਜ ਹੋ ਰਹੀ ਹੈ। ਮਨੁੱਖ ਹੀ ਨਹੀਂ ਬਲਕਿ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ.. ॥’’ ਫਿਰਦੇ ਹਨ, ਪਰ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ ॥’’ (ਮਹਲਾ ੩/੯੧੮) ਅਨੁਸਾਰ ਜੀਵਨ ਵਿੱਚੋਂ ਮੌਤ ਨੂੰ ਦੂਰ ਕਰਨ ਦਾ ਸੰਕਲਪ ਰੂਪੀ ਅੰਮ੍ਰਿਤ ਗੁਰੂ ਕੋਲੋਂ ਹੀ ਪ੍ਰਾਪਤ ਹੁੰਦਾ ਹੈ। ਪਾਤਸ਼ਾਹੀ ਪਹਿਲੀ ਦੇ ਬਚਨ ਹਨ ‘‘ਜਿਸੁ ਜਲ ਨਿਧਿ ਕਾਰਣਿ, ਤੁਮ ਜਗਿ ਆਏ; ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥’’ (ਮਹਲਾ ੧/੫੯੮) ਇਸ ਦੀ ਪ੍ਰਾਪਤੀ ਲਈ ਗੁਰੂ ਦਾ ਪਾਵਨ ਸੰਦੇਸ਼ ਹੈ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ॥’’ (ਮਹਲਾ ੧/੫੯੮) ਚੇਤੇ ਰੱਖਣਯੋਗ ਹੈ ਕਿ ਹਜ਼ੂਰ ਨੇ ਅੰਮ੍ਰਿਤ ਖੋਜੀਆਂ ਲਈ ਅੰਮ੍ਰਿਤ ਦੇ ਟਿਕਾਣੇ ਦੱਸਣ ਦੀ ਵੀ ਬਖ਼ਸ਼ਸ਼ ਕੀਤੀ ਹੈ ਅਤੇ ਉਸ ਟਿਕਾਣੇ ਤੋਂ ਅੰਮ੍ਰਿਤ ਕਿਵੇਂ ਹਾਸਲ ਕਰੀਦਾ ਹੈ, ਬਾਰੇ ਗਿਆਨ ਪ੍ਰਦਾਨ ਕੀਤਾ ਹੈ; ਜਿਵੇਂ ਕਿ ‘‘ਨਉ ਨਿਧਿ ਅੰਮ੍ਰਿਤੁ; ਪ੍ਰਭ ਕਾ ਨਾਮੁ ॥ ਦੇਹੀ ਮਹਿ, ਇਸ ਕਾ ਬਿਸ੍ਰਾਮੁ ॥ (ਮਹਲਾ ੫/੨੯੩), ਕਾਇਆ ਨਗਰ ਮਹਿ, ਰਾਮ ਰਸੁ ਊਤਮੁ; ਕਿਉ ਪਾਈਐ ਉਪਦੇਸੁ ਜਨ ਕਰਹੁ ?॥ (ਮਹਲਾ ੪/੮੦੦), ਸਤਿਗੁਰੁ ਸੇਵਿ ਸਫਲ ਹਰਿ ਦਰਸਨੁ; ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥’’ (ਮਹਲਾ ੪/੮੦੦) ਭਾਵ ਸਾਡੇ ਸਰੀਰ ਵਿੱਚ ਹੀ ਪ੍ਰਭੂ ਨਾਮ ਦਾ ਅੰਮ੍ਰਿਤ ਮੌਜੂਦ ਹੈ ਪਰ ਸਤਿਗੁਰੂ ਅਨੁਸਾਰੀ ਹੋ ਕੇ ਹੀ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।
‘‘ਅੰਮ੍ਰਿਤ ਬਾਣੀ ਤਤੁ ਵਖਾਣੀ॥’’ (ਮਹਲਾ ੨/੧੨੪੩) ਅਨੁਸਾਰ ਗੁਰਬਾਣੀ; ਅੰਮ੍ਰਿਤ ਜੀਵਨ ਦੇਣ ਵਾਲੀ ਹੈ ਕਿਉਂਕਿ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮਹਲਾ ੪/੯੮੨) ਦਾ ਹੁਕਮ ਹੈ। ਗੁਰੂ ਦੀ ਬਾਣੀ ਜੀਵਨ ਦੇਣ ਵਾਲਾ ਅੰਮ੍ਰਿਤ ਹੈ, ਜੋ ਵੀ ਗੁਰਬਾਣੀ ਨੂੰ ਜਪਦਾ ਹੈ ਉਹ ‘‘ਅੰਮ੍ਰਿਤ ਬਚਨ; ਸਾਧ ਕੀ ਬਾਣੀ ॥ ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥’’ (ਮਹਲਾ ੫/੭੪੪) ਅਨੁਸਾਰ ਪਰਮ ਅਵਸਥਾ ਪ੍ਰਾਪਤ ਕਰ ਕੇ ਸਦਾ ਰੱਬੀ ਨਾਮ ਦਾ ਵਖਿਆਨ ਕਰਦਾ ਰਹਿੰਦਾ ਹੈ।
ਯਾਦ ਰਹੇ ਨਾਮ, ਗੁਰੂ ਤੋਂ ਬਿਨਾਂ ਨਹੀਂ ਮਿਲਦਾ ਤੇ ਗੁਰੂ ਵਾਲੇ ਬਣਨ ਦਾ ਕੋਈ ਵਿਧੀ-ਵਿਧਾਨ ਹੁੰਦਾ ਹੈ। ਸਿੱਖ ਇਤਿਹਾਸ ਵਿੱਚ ਗੁਰੂ ਧਾਰਨ ਕਰਨ ਦੀ ਮਰਯਾਦਾ ਦੋ ਤਰ੍ਹਾਂ ਦੀ ਰਹੀ ਹੈ ‘‘ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ।’’ (ਭਾਈ ਗੁਰਦਾਸ ਜੀ /ਵਾਰ ੧ ਪਉੜੀ ੨੩) ਅਨੁਸਾਰ ਇਸ ਨੂੰ ਚਰਨ ਪਾਹੁਲ ਆਖਿਆ ਜਾਂਦਾ ਸੀ। ਸਾਹਿਬ ਜੀ ਨੇ ਗੁਰੂ ਚਰਨਾਂ ਬਾਰੇ ਸਪਸ਼ਟ ਕੀਤਾ ਹੈ ‘‘ਹਿਰਦੈ ਚਰਣ ਸਬਦੁ ਸਤਿਗੁਰ ਕੋ; ਨਾਨਕ ! ਬਾਂਧਿਓ ਪਾਲ ॥’’ (ਮਹਲਾ ੫/੬੮੦) ਜਿਹੜਾ ਵੀ ਗੁਰੂ ਦਾ ਸ਼ਿਸ਼ ਬਣਦਾ ਸੀ, ਉਸ ਲਈ ਜ਼ਰੂਰੀ ਹੁੰਦੀ ਸੀ ਕਿ ਉਹ ਚਰਨ ਪਾਹੁਲ ਦਾ ਧਾਰਨੀ ਹੋਵੈ। ਐਸਾ ਜਨਮ ਸਾਖੀਆਂ ਅਤੇ ਭਾਈ ਗੁਰਦਾਸ ਜੀ ਦੇ ਹਵਾਲੇ ਦਰਸਾਉਂਦੇ ਹਨ। ਮਗਰੋਂ ਦਸਵੇਂ ਜਾਮੇ ਵਿੱਚ ਸੰਨ 1699 ਦੀ ਵਿਸਾਖੀ ਨੂੰ ਸਾਹਿਬ ਜੀ ਨੇ ਚਰਨ ਪਾਹੁਲ ਨੂੰ ਖੰਡੇ ਬਾਟੇ ਦੀ ਪਾਹੁਲ ਵਿੱਚ ਤਬਦੀਲ ਕਰ ਦਿੱਤਾ ਤਾਂ ਕਿ ਸਮੁੱਚੀ ਕੌਮ ਅੰਦਰ ਇੱਕ ਮਰਯਾਦਾ ਰਹੇ।
ਸਿੱਖੀ ਨਿਯਮਾਂ ਅਨੁਸਾਰ ਸਿੱਖੀ ਧਾਰਨ ਕਰਨ ਵਾਸਤੇ ਖੰਡੇ ਬਾਟੇ ਦੀ ਪਾਹੁਲ ਪੰਜਾਂ ਪਿਆਰਿਆਂ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੈਣੀ ਹੈ। ਫਿਰ ਅੰਮ੍ਰਿਤਧਾਰੀ ਇਨ੍ਹਾਂ ਸਾਰੇ ਪੜਾਵਾਂ ਨੂੰ ਪਾਰ ਕਰ ‘‘ਅੰਮ੍ਰਿਤੁ ਪੀਵੈ, ਅਮਰੁ ਸੋ ਹੋਇ ॥ (ਮਹਲਾ ੫/੨੮੭), ਪੀ ਅੰਮ੍ਰਿਤੁ ਆਘਾਨਿਆ; ਗੁਰਿ ਅਮਰੁ ਕਰਾਇਆ ॥’’ (ਮਹਲਾ ੫/੮੦੮) ਦੀ ਪਦਵੀ ਹਾਸਲ ਕਰਦਾ ਹੈ।
ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਗੁਰਬਾਣੀ ਵਿਚਲੇ ਅੰਮ੍ਰਿਤ ਦੇ ਸੰਕਲਪ ਨੂੰ ਇਸ ਤਰ੍ਹਾਂ ਅੰਕਿਤ ਕੀਤਾ ਹੈ ‘ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ, ਤਾ ਕੋ ਸਿਰ ਧਰ ਛਕ ਪੁਨ ਲੇਵੈ। ਪੁਨ ਮਿਲਿ ਪਾਂਚਹੁ ਰਹਿਤ ਜੋ ਭਾਖੈਂ, ਤਾ ਕੋ ਮਨ ਮਹਿ ਦ੍ਰਿੜ ਕਰਿ ਰਾਖੈ।’
ਦੇਹੀ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨ ਲਈ ਨਾਮ ਅੰਮ੍ਰਿਤ ਦਾ ਅਭਿਆਸ ਜ਼ਰੂਰੀ ਹੈ। ਨਾਮ ਅੰਮ੍ਰਿਤ ਦੀ ਪ੍ਰਾਪਤੀ ਲਈ ਗੁਰੂ ਦੀ ਲੋੜ ਹੈ। ਗੁਰੂ; ਗੁਰਬਾਣੀ ਹੀ ਹੈ, ਇਸ ਨੂੰ ਧਾਰਨ ਕਰਨ ਲਈ ਇਸ ਗੁਰਬਾਣੀ ਦੀ ਹਜ਼ੂਰੀ ਵਿੱਚ ਹੀ ਪੰਜਾਂ ਪਿਆਰਿਆਂ ਕੋਲੋਂ ਖੰਡੇ ਦੀ ਪਾਹੁਲ ਛਕ ਕੇ ਅੰਮ੍ਰਿਤ ਤੇ ਅੰਮ੍ਰਿਤਮਈ ਜੀਵਨ ਦੀ ਪ੍ਰਾਪਤੀ ਕਰਨੀ ਹੈ। ਇਸ ਪੜਾਅ ’ਤੇ ਪੁੱਜ ਕੇ ਜਗਿਆਸੂ ਆਖਦਾ ਹੈ ‘‘ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥ ਅਵਰੁ ਨ ਜਾਣਾ ਦੂਆ ਤੀਆ ॥ (ਮਹਲਾ ੧/੧੦੩੪), ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ॥’’ (ਮਹਲਾ ੩/੯੧੮)
ਸੋ ਕੀਮਤੀ ਮਨੁੱਖਾ ਜ਼ਿੰਦਗੀ ਨੂੰ ਸਫਲ ਕਰਨ ਲਈ ਅਮਰ ਹੋਣਾ ਪੈਣਾ ਹੈ। ਅਮਰ; ਮਨ ’ਚ ਪ੍ਰਭੂ ਪ੍ਰਾਪਤੀ ਦੇ ਟੀਚੇ ਨਾਲ ਹੋਈਦਾ ਹੈ। ਜਿਸ ਮਨ ਅੰਦਰ ਇਹ ਇੱਛਾ ਪੈਦਾ ਹੋ ਗਈ ਉਹ ਜ਼ਿੰਦਗੀਭਰ ਪਰਮ ਅਨੰਦ ਮਾਣਦਾ ਹੈ ਤਾਂ ਤੇ ਸਾਨੂੰ ਪੂਰਨ ਸਤਿਗੁਰੂ ਦੀ ਸ਼ਰਨ ਲੈਣੀ ਚਾਹੀਦੀ ਹੈ। ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਦਾਤ ਲੈਣੀ ਹੀ ਪੂਰਨ ਗੁਰੂ ਦੀ ਸ਼ਰਨ ਲੈਣਾ ਹੈ।