ਜੋ ਵੀਰ ਇਸ ਵੀਡੀਓ ’ਚ ਪੇਸ਼ ਕੀਤੇ ਵਿਚਾਰਾਂ ਨਾਲ ਸਹਿਮਤੀ ਜਤਾ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਤੋਂ ਹੇਠਲੇ ਸਵਾਲ ਪੁੱਛਣੇ ਬਣਦੇ ਹਨ :
(1). ਜਦ ਭਾਰਤ ਦੀ ਕੇਂਦਰ ਸਰਕਾਰ; ਸੂਬਿਆਂ ਦੇ ਅਧਿਕਾਰਾਂ ਨੂੰ ਸਮੇਟਦੀ ਜਾ ਰਹੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਵਿਦੇਸ਼ਾਂ ’ਚ ਆਪਣੀ ਜਿਨਸ ਕਿਵੇਂ ਬੇਚਣ ਦੇ ਸਕਦੀ ਹੈ ? ਕਿਉਂਕਿ ਹਰ ਇੱਕ ਨਾਗਰਿਕ ਦੀ ਆਮਦਨ ਦਾ ਲੇਖਾ-ਜੋਖਾ ਸਰਕਾਰੀ ਰਿਕਾਰਡ ’ਚ ਆਉਣਾ ਜ਼ਰੂਰੀ ਹੈ ਭਾਵੇਂ ਕਿ ਕਿਸਾਨਾਂ ਨੂੰ ਟੈਕਸ ’ਚ ਛੂਟ ਹੀ ਮਿਲਦੀ ਹੋਵੇ।
(2). ਜੇਕਰ ਕੋਈ ਅਰਬ ਵਪਾਰੀ ਕਿਸਾਨ ਦੀ ਜਿਨਸ ਖ਼ਰੀਦ ਕੇ ਰਕਮ ਨਹੀਂ ਦਿੰਦਾ ਤਾਂ ਉਸ ਦਾ ਕੇਸ ਕਿਸ ਅਦਾਲਤ ’ਚ ਲੜਿਆ ਜਾਵੇਗਾ ਕਿਉਂਕਿ (ੳ). ਭਾਰਤ ਦੀ ਸਰਕਾਰ ਦੀ ਵਿਚੋਲਗੀ ਸਾਡੀ ਮੰਗ ਮੁਤਾਬਕ ਖ਼ਤਮ ਹੋ ਜਾਣੀ ਹੈ। (ਅ). ਭਾਰਤ ’ਚ ਹੀ ਕਈ ਵਪਾਰੀ, ਕਿਸਾਨਾਂ ਦੇ ਪੈਸੇ ਮਾਰ ਗਏ ਤੇ ਕਿਸਾਨ ਆਪਣੀ ਬਣਦੀ ਰਕਮ ਨਾ ਲੈ ਸਕਿਆ ?
(3). ਪੰਜਾਬ ਦਾ 95% ਕਿਸਾਨ ਕਰਜ਼ੇ ’ਚ ਡੁੱਬਿਆ ਪਿਆ ਹੈ ਉਹ ਆਪਣੀ ਖੇਤੀ ਆੜਤੀਏ ’ਤੋ ਰਕਮ ਲੈ ਕੇ ਕਰਦਾ ਹੈ ਤੇ ਆਪਣੀ ਫ਼ਸਲ ਦੂਸਰੇ ਆੜਤੀਏ ਕੋਲ ਨਹੀਂ ਬੇਚ ਸਕਦਾ। ਅਰਬ ਦੇਸਾਂ ’ਚ ਬੇਚਣਾ ਉਸ ਅਣਪੜ੍ਹ ਅਤੇ ਕਰਜ਼ਦਾਰ ਲਈ ਕਿੰਨਾ ਮੁਸ਼ਕਲ ਹੋਵੇਗਾ ?
(4). ਜਦ ਪੰਜਾਬ ਦੀ ਜਿਨਸ (ਕਣਕ, ਚਾਵਲ) ਪੂਰੀ ਦੁਨੀਆ ਨਾਲੋਂ ਮਹਿੰਗੇ ਪੈ ਰਹੇ ਹਨ (ਇਸੇ ਕਾਰਨ ਕੇਂਦਰ ਸਰਕਾਰ ਵੀ ਹੱਥ ਖੜ੍ਹੇ ਕਰਦੀ ਪਈ ਹੈ ਤਾਂ) ਫਿਰ ਕਿਸਾਨ ਮਹਿੰਗੀ ਫ਼ਸਲ ਅਰਬ ਦੇਸਾਂ ਵਿੱਚ ਕਿਵੇਂ ਬੇਚੇਗਾ ਜਦ ਚੀਨ ਅਤੇ ਅਮਰੀਕਾ ਸਸਤੀ ਕਣਕ ਦਿੰਦਾ ਪਿਐ ?
(ਨੋਟ : ਚੇਤੇ ਰਹੇ ਕਿ ਭਾਰਤ ਸਰਕਾਰ ਇਰਾਨ ਤੋਂ ਤੇਲ ਲੈਂਦੀ ਸੀ, ਜਿਸ ਬਦਲੇ ਅਨਾਜ ਦਿੱਤਾ ਜਾਂਦਾ ਸੀ, ਪਰ ਹੁਣ ਅਮਰੀਕਾ ਦੁਆਰਾ ਲਗਾਏ ਗਏ ਇਰਾਨ ’ਤੇ ਪ੍ਰਤਿਬੰਧਾਂ ਉਪਰੰਤ ਭਾਰਤ; ਇਰਾਨ ਤੋਂ ਤੇਲ ਨਹੀਂ ਖ਼ਰੀਦ ਪਾ ਰਿਹਾ ਜਿਸ ਕਾਰਨ ਕਣਕ ਦਾ ਭੰਡਾਰ ਭਾਰਤ ’ਚ ਤਿੰਨ ਸਾਲ ਤੱਕ ਦਾ ਸਟੋਰ ਹੋ ਚੁੱਕਾ ਹੈ, ਜਿਸ ਨੂੰ ਸੰਭਾਲਣ ਲਈ ਹੀ ਮੋਦੀ ਸਰਕਾਰ ਅਡਾਨੀ/ਅਬਾਨੀ ਦੇ ਦਰ ’ਤੇ ਗਈ ਹੈ।)
(5). ਉਕਤ ਸੁਝਾਅ ਦੇਣ ਵਾਲਿਆਂ ਨੇ ਕਿਸਾਨਾਂ ਦੁਆਰਾ ਗਰਮ ਕੀਤੇ ਤਵੇ ’ਤੇ ਅਚਾਨਕ ਰੋਟੀ ਛੇਕਣ ਤੋਂ ਇਲਾਵਾ ਅੱਜ ਤੱਕ ਵਿਦੇਸਾਂ ’ਚ ਕਿਰਸਾਨੀ ਜਿਨਸ ਬੇਚਣ ਲਈ ਕਿਹੜੀ ਜ਼ਮੀਨ ਤਿਆਰ ਕੀਤੀ ਹੈ ਜਾਂ ਕਦੇ ਮੰਗ ਉਠਾਈ ਹੈ ?
ਪਰ ਹਾਂ, ਕੁਝ ਸਾਲ ਪਹਿਲਾਂ ਅਜਿਹਾ ਹੀ ਇੱਕ ਬਿਆਨ ਸਿਮਰਨਜੀਤ ਸਿੰਘ ਮਾਨ ਨੇ ਵੀ ਦਿੱਤਾ ਸੀ ਕਿ ਸਾਡੀ ਸਰਕਾਰ; ਪੰਜਾਬ ’ਚ ਆਉਣ ਤੋਂ ਬਾਅਦ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿੱਤਾ ਜਾਵੇਗਾ। ਅਸੀਂ ਆਪਣੀ ਜਿਨਸ ਪਾਕਿਸਤਾਨ ਦੀਆਂ ਮੰਡੀਆਂ ’ਚ ਬੇਚਾਂਗੇ, ਪਰ ਫਿਰ ਨਤੀਜਾ ਕੀ ਨਿਕਲਿਆ ? ਕੀ ਇਸ ਵੀਡੀਓ ਦੇ ਸੁਝਾਅ; ਮਾਨ ਸਾਹਿਬ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਮਾਤਰ ਹਨ ?
ਕੁਝ ਸਮੇਂ ਬਾਅਦ ਇਨ੍ਹਾਂ ਦਾ ਹਾਲ ਵੀ ਪੰਜਾਬ ’ਚ ਮਾਨ ਦਲ ਵਰਗਾ ਹੋਣਾ ਹੈ, ਪਰ ਤਦ ਤੱਕ ਕਿਸਾਨ ਸੰਘਰਸ਼ ਨੂੰ ਨੁਕਸਾਨ ਜ਼ਰੂਰ ਪਹੁੰਚਾ ਜਾਣਗੇ। ਸੰਨ 2015 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਚੋਂ ਪੈਦਾ ਹੋਇਆ ਸਰਬਤ ਖ਼ਾਲਸਾ ਇਕੱਠ ਵੀ ਅਜਿਹੇ ਹੀ ਬਰਬਾਦ ਕੀਤੇ ਜਨ ਅੰਦਲਨ ਨੂੰ ਗੁਮਰਾਹ ਕਰਨ ਮਾਤਰ ਸੀ।
ਸੋ ਇਸ ਵੀਡੀਓ ’ਚ ਬਿਆਨ ਕੀਤਾ ਗਿਆ ਤੱਥ; ਜ਼ਮੀਨੀ ਹਾਲਾਤਾਂ ਤੋਂ ਨਾ ਸਮਝੀ ਦਾ ਪ੍ਰਤੀਕ ਹੈ ਜਾਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਸ਼, ਜੋ ਪੰਜਾਬ ਦੀ ਜਜ਼ਬਾਤੀ ਨੌਜਵਾਨੀ ਨੂੰ ਅੱਗੇ ਕਰ ਅਸਲ ਮੁੱਦੇ (ਕਿਰਸਾਨੀ ਟੀਚੇ) ਤੋਂ ਧਿਆਨ ਭਟਕਾਉਣਾ ਹੈ। ਇਹ ਲੋਕ ਨਹੀਂ ਸਮਝਣ ਦੇਣਗੇ ਕਿ ਕਿਸਾਨ ਮਾਰੂ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਦਾ ਕਿੰਨਾ ਕੁ ਨੁਕਸਾਨ ਹੋ ਜਾਣਾ ਹੈ। ਅਫਸੋਸ ਕਿ ਇਸ ਲੱਤਾਂ ਖਿੱਚਣ ਵਾਲੀ ਜਮਾਤ ’ਚ ਕੁਝ ਸਿੱਖ ਪ੍ਰਚਾਰਕ ਵੀ ਆਪਣੀ ਨਾ ਸਮਝੀ ਦਾ ਸਬੂਤ ਦਿੰਦੇ ਪਏ ਹਨ।
ਗੁਰੂ ਨਾਨਕ ਜੀ ਦਾ ਧਰਮ ਵਿਚਾਰਕ ਮਤਭੇਦਾਂ ਦੌਰਾਨ ਵੀ ਹਿਰਦੇ ’ਚ ਕਿਸੇ ਪ੍ਰਤੀ ਨਫ਼ਰਤ ਪੈਦਾ ਨਹੀਂ ਹੋਣ ਦਿੰਦਾ ਕਿਉਂਕਿ ਸਭ ਕੁਝ ਰੱਬੀ ਭਾਣੇ ’ਚ ਹੋ ਰਿਹਾ ਹੁੰਦਾ ਹੈ, ਪਰ ਕਠੋਰਤਾ; ਗੁਰੂ ਨਾਨਕ ਜੀ ਦੇ ਧਰਮ ਦੇ ਨਾਂ ’ਤੇ ਹੀ ਦੂਸਰਿਆਂ ਨੂੰ ਅਧਰਮੀ ਸਿੱਧ ਕਰਨ ਲੱਗੀ ਹੈ, ਜ਼ਹਿਰੀਲੇ ਅਤੇ ਦਬਾਅ ਬਣਾਉਣ ਵਾਲੇ ਬੋਲ ਬੋਲਦੀ ਪਈ ਹੈ।
ਗਿਆਨੀ ਅਵਤਾਰ ਸਿੰਘ