ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ; ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ

0
707

ਰਾਜੋਆਣਾ ਖੁਰਦ ਦੀ ਸੰਗਤ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਿਰਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਰਾਜੋਆਣਾ ਖੁਰਦ, 15 ਅਪ੍ਰੈਲ (ਰਜਿੰਦਰ ਸਿੰਘ ਕੋਟਲਾ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਿਰਜਨਾ ਦਿਵਸ; ਗੁਰਦੁਆਰਾ ਦੇਗਸਰ ਪਿੰਡ ਰਾਜੋਆਣਾ ਖੁਰਦ ਵਿਖੇ ਬੀਤੇ ਐਤਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੂਰਨ ਗੁਰ ਮਰਿਆਦਾ ’ਚ ਬਹੁਤ ਹੀ ਉਤਸ਼ਾਹ ਜਨਕ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਸਮੁੱਚਾ ਪ੍ਰੋਗਰਾਮ ਭਾਈ ਅਤਿੰਦਰਪਾਲ ਸਿੰਘ ਸਾਬਕਾ ਐੱਮ. ਪੀ., ਦੀ ਪ੍ਰੇਰਣਾ ਅਤੇ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਨਿਸ਼ਕਾਮ ਜਥੇਬੰਦੀ ‘ਕਰ ਸੇਵਾ ਭਾਈ’ ਦੇ ਮੁਖੀ ਭਾਈ ਅਜਮੇਰ ਸਿੰਘ, ਨੌਜਵਾਨ ਕਲੱਬ ਦੇ ਪ੍ਰਧਾਨ ਭਾਈ ਗਗਨਦੀਪ ਸਿੰਘ ਵੱਲੋਂ ਉਲੀਕਿਆ ਤੇ ਨਿਭਾਇਆ ਗਿਆ।

ਅੱਜ ਕੱਲ੍ਹ ਆਮ ਗੁਰਦੁਆਰਿਆਂ ਦੇ ਪ੍ਰਬੰਧਕ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਹੋਣ ਦੇ ਬਾਵਜੂਦ ਵੀ ਆਪਣੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਿਆਂ ਅੰਦਰ ਨਾਨਕਸ਼ਾਹੀ ਕੈਲੰਡਰ ਹੂ-ਬਹੂ ਲਾਗੂ ਕਰਨ ਲਈ ਅੱਗੇ ਨਹੀਂ ਆਉਂਦੇ। ਅਜਿਹੇ ਹਾਲਾਤਾਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਮਨਾਉਣਾ ਵਾਕਿਆ ਹੀ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਲਈ ਵਿਸ਼ੇਸ ਤੌਰ ’ਤੇ ਭਾਈ ਅਤਿੰਦਰ ਪਾਲ ਸਿੰਘ ਜੀ ਅਤੇ ਉਕਤ ਗੁਰਦੁਆਰਾ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇਸ ਪ੍ਰੋਗਰਾਮ ਦੀ ਵਰਣਨਯੋਗ ਖ਼ਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਸਾਡੇ ਗੁਰਦੁਆਰਿਆਂ ਦੇ ਸਮਾਗਮਾਂ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਉੱਥੇ ਭਾਈ ਸਤਿਨਾਮ ਸਿੰਘ ਫਲੌਰ ਦੀ ਅਗਵਾਈ ਹੇਠ ‘ਕਰ ਸੇਵਾ ਭਾਈ ਗੁਰਮਤਿ ਵਿਦਿਆਲਾ ਅਤੇ ਪ੍ਰਿੰਸੀਪਲ ਭਾਈ ਹਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਸਿਖਲਾਈ ਪ੍ਰਾਪਤ ਬੱਚਿਆਂ ਵੱਲੋਂ ਨਿਭਾਈ ਗਈ ਕੀਰਤਨ ਅਤੇ ਕਥਾ ਦੀ ਸੇਵਾ ਵੀ ਸਲਾਹੁਣਯੋਗ ਰਹੀ; ਜਿਸ ਨੂੰ ਸੰਗਤਾਂ ਵੱਲੋਂ ਬਹੁਤ ਸਲਾਹਿਆ ਗਿਆ। ਸੰਗਤ ਵਿੱਚ ਸਿਖਲਾਈ ਪ੍ਰਾਪਤ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਇੱਕ ਮਿਸਾਲ ਸੀ।

ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਵਿਦਿਆ ਦੇਣ ਵਾਲੇ ਅਧਿਆਪਕਾਂ ਤੋਂ ਇਲਾਵਾ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਕਿਰਪਾਲ ਸਿੰਘ (ਬਠਿੰਡਾ) ਨੇ ਕੈਲੰਡਰਾਂ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਤੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਸੰਮਤ 1526 ਨੂੰ ਹੋਇਆ ਹੈ, ਜੋ ਅੰਗਰੇਜੀ ਕੈਲੰਡਰ ਮੁਤਾਬਕ 27 ਮਾਰਚ 1469 ਬਣਦੀ ਹੈ; ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਵਿਖੇ 1 ਵੈਸਾਖ ਬਿਕ੍ਰਮੀ ਸੰਮਤ 1756 ਨੂੰ ਖ਼ਾਲਸਾ ਪੰਥ ਦੀ ਸਿਰਜਨਾ ਵੀ ਕੀਤੀ, ਜੋ ਅੰਗਰੇਜ਼ੀ ਕੈਲੰਡਰ ਅਨੁਸਾਰ 29 ਮਾਚਚ 1699 ਬਣਦੀ ਹੈ, ਪਰ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਵੈਸਾਖੀ ਆ ਰਹੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ ਤੋਂ 550 ਸਾਲਾਂ ਵਿੱਚ ਹੀ 17/18 ਦਿਨਾਂ ਦਾ ਫ਼ਰਕ ਪੈ ਗਿਆ ਅਤੇ ਜੇ ਅਸੀਂ ਹੁਣ ਵੀ ਸ: ਪਾਲ ਸਿੰਘ ਪੁਰੇਵਾਲ ਜੀ ਵੱਲੋਂ ਸੁਝਾਇਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਇਸੇ ਤਰ੍ਹਾਂ ਵੈਸਾਖੀ; ਅੱਗੇ ਤੋਂ ਅੱਗੇ ਖਿਸਕਦੀ ਜਾਵੇਗੀ, ਜਿਸ ਕਾਰਨ ਬਾਕੀ ਦੀਆਂ ਤਾਰੀਖ਼ਾਂ ਵੀ ਖਿਸਕਦੀਆਂ ਜਾਣਗੀਆਂ ਅਤੇ ਸਾਡੇ ਸਕੂਲੀ ਅਤੇ ਯੂਨੀਵਰਸਿਟੀਆਂ ਦੀਆਂ ਪੁਸਤਕਾਂ ਵਿੱਚ ਲਿਖੀਆਂ ਤਾਰੀਖ਼ਾਂ ਨਾਲੋਂ ਭਿੰਨ ਹੁੰਦੀਆਂ ਜਾਣਗੀਆਂ ਜਿਸ ਨਾਲ ਇਤਿਹਾਸ ਨੂੰ ਸਮਝਣ ’ਚ ਭਾਰੀ ਮੁਸ਼ਕਲ ਆਵੇਗੀ ਤੇ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਵੀ ਗੁਰਬਾਣੀ ’ਚ ਦਰਜ ਮੌਸਮੀ ਮਹੀਨਿਆਂ ਦੀਆਂ ਰੁੱਤਾਂ ਨਾਲੋਂ ਟੁੱਟ ਜਾਵੇਗਾ।

ਭਾਵੇਂ ਸਿਹਤ ਠੀਕ ਨਾ ਹੋਣ ਕਾਰਨ ਭਾਈ ਅਤਿੰਦਰਪਾਲ ਸਿੰਘ ਜੀ ਦੀ ਸਮਾਗਮ ਵਿੱਚ ਗ਼ੈਰ ਹਾਜ਼ਰੀ ਰੜਕਦੀ ਰਹੀ ਪਰ ਉਨ੍ਹਾਂ ਦੀ ਜੀਵਨ ਸਾਥਨ ਬੀਬੀ ਕਮਲਜੀਤ ਕੌਰ ਜੀ ਅਤੇ ਅਮਰੀਕਾ ਰਹਿੰਦੀ ਬੇਟੀ ਬੀਬੀ ਰਕਿੰਦ ਕੌਰ ਜੀ ਨੇ ਉਹ ਘਾਟ ਪੂਰੀ ਕਰ ਦਿੱਤੀ। ਬੀਬੀ ਰਕਿੰਦ ਕੌਰ ਜੀ ਨੇ ਬ੍ਰਹਿਮੰਡੀ ਜੈਂਡਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ ਦੀ ਵਿਆਖਿਆ ਕੀਤੀ। ਬਠਿੰਡਾ ਤੋਂ ਪਹੁੰਚੇ ਭਾਈ ਜੀਤ ਸਿੰਘ ਖਾਲਸਾ ਨੇ ਵੀ ਗੁਰਮਤਿ ਵੀਚਾਰਾਂ ਕੀਤੀਆਂ।

ਸਟੇਜ ਸਕੱਤਰ ਦੀ ਸੇਵਾ ਸੀ-5 ਯੂ-ਟਿਊਬ ਚੈਨਲ ਦੇ ਭਾਈ ਜੁਝਾਰ ਸਿੰਘ ਨੇ ਨਿਭਾਈ। ਇਸ ਕ੍ਰਾਂਤੀਕਾਰੀ ਉਦਮੀ ਪ੍ਰੋਗਰਾਮ ਦੇ ਪੋਸਟਰ ਸੋਸ਼ਲ ਮੀਡੀਆਤੇ ਸਰਕੂਲੇਟ ਹੋਣਤੇ ਦੇਸ਼ ਵਿਦੇਸ਼ ਦੇ ਸਿੱਖਾਂ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਦੀ ਮਿਸਾਲ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਨਿਰਮਾਤਾ ਕੈਨੇਡਾ ਨਿਵਾਸੀ ਭਾਈ ਪਾਲ ਸਿੰਘ ਪੁਰੇਵਾਲ ਨੇ 11 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਦੋ ਦੋਸਤ ਭਾਈ ਅਜੈਬ ਸਿੰਘ ਮਾਨ ਤੇ ਭਾਈ ਕੁਲਵੰਤ ਸਿੰਘ ਢਿੱਲੋਂ ਨੇ ਸਾਢੇ 5-5 ਹਜਾਰ ਰੁਪਏ ਲੰਗਰ ਦੀ ਸੇਵਾ ਲਈ ਭੇਜਣ ਤੋਂ ਇਲਾਵਾ ਪ੍ਰਬੰਧਕਾਂ ਨੂੰ ਵਧਾਈਆਂ ਵੀ ਭੇਜੀਆਂ

ਗ੍ਰੰਥੀ ਸਿੰਘ ਭਾਈ ਬਘੇਲ ਸਿੰਘ, ਡਾ: ਸੁਰਜੀਤ ਸਿੰਘ ਖ਼ਾਲਸਤਾਨੀ, ਭਾਈ ਸੁਖਵਿੰਦਰ ਸਿੰਘ ਨਾਥੇਵਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।